ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਨੇ ਐੱਚਪੀਵੀ ਵੈਕਸੀਨ ਦੀਆਂ 80 ਲੱਖ ਖੁਰਾਕਾਂ ਦਿੱਤੀਆਂ, ਜੋ ਕਿ ਸਰਵਾਈਕਲ ਕੈਂਸਰ ਦੀ ਰੋਕਥਾਮ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹੈ
ਰਾਸ਼ਟਰੀ ਐੱਚਪੀਵੀ ਟੀਕਾਕਰਣ ਮੁਹਿੰਮ ਦੇ ਤਹਿਤ 80 ਲੱਖ ਤੋਂ ਵੱਧ ਐੱਚਪੀਵੀ ਵੈਕਸੀਨ ਦੀਆਂ ਖੁਰਾਕਾਂ ਦਿੱਤੀਆਂ ਗਈਆਂ
ਗੁਜਰਾਤ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਮਿਜ਼ੋਰਮ ਵਿੱਚ ਕਵਰੇਜ 100% ਰਹੀ; ਬਿਹਾਰ, ਆਂਧਰ ਪ੍ਰਦੇਸ਼ ਅਤੇ ਅਸਾਮ ਵਿੱਚ 90% ਦਾ ਅੰਕੜਾ ਪਾਰ
ਉੱਤਰ ਪ੍ਰਦੇਸ਼ ਵਿੱਚ ਸਭ ਤੋਂ ਵੱਧ 22 ਲੱਖ ਤੋਂ ਵੱਧ ਕਿਸ਼ੋਰੀਆਂ ਦਾ ਟੀਕਾਕਰਣ ਕੀਤਾ ਗਿਆ।
ਸਾਰੇ ਟੀਕਾਕਰਣ ਸੈਸ਼ਨ ਮੈਡੀਕਲ ਦੇਖਰੇਖ ਹੇਠ ਆਯੋਜਿਤ ਕੀਤੇ ਜਾਂਦੇ ਹਨ ਅਤੇ ਦੁਰਲੱਭ ਏਈਐੱਫਆਈ ਪ੍ਰਬੰਧਨ ਲਈ 24×7 ਵਿਵਸਥਾਵਾਂ ਉਪਲਬਧ ਹਨ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਨੇ ਫਰਵਰੀ 2026 ਵਿੱਚ ਰਾਸ਼ਟਰੀ ਐੱਚਪੀਵੀ ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਕੀਤੀ, ਜਿਸ ਦਾ ਉਦੇਸ਼ 14 ਵਰ੍ਹਿਆਂ ਦੀਆਂ ਕੁੜੀਆਂ ਨੂੰ ਮੁਫ਼ਤ, ਸਵੈ-ਇੱਛਤ ਸਿੰਗਲ ਖੁਰਾਕ ਟੀਕਾਕਰਣ ਪ੍ਰਦਾਨ ਕਰਨਾ ਹੈ
Posted On:
11 SEP 2026 2:12PM by PIB Chandigarh
ਭਾਰਤ ਨੇ ਸਰਵਾਈਕਲ ਕੈਂਸਰ ਦੀ ਰੋਕਥਾਮ ਦੇ ਯਤਨਾਂ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਹੈ। ਫਰਵਰੀ 2026 ਵਿੱਚ ਸ਼ੁਰੂ ਹੋਈ ਰਾਸ਼ਟਰੀ ਐੱਚਪੀਵੀ ਟੀਕਾਕਰਣ ਮੁਹਿੰਮ ਦੇ ਤਹਿਤ ਹਿਊਮਨ ਪੈਪਿਲੋਮਾਵਾਇਰਸ (ਐੱਚਪੀਵੀ) ਵੈਕਸੀਨ ਦੀਆਂ 80 ਲੱਖ (8 ਮਿਲੀਅਨ) ਤੋਂ ਵੱਧ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਇਹ ਉਪਲਬਧੀ ਜਨਤਕ ਸਿਹਤ ਪ੍ਰਣਾਲੀ ਰਾਹੀਂ ਐੱਚਪੀਵੀ ਟੀਕਾਕਰਣ ਦੀ ਵਧਦੀ ਪਹੁੰਚ ਨੂੰ ਦਰਸਾਉਂਦੀ ਹੈ ਅਤੇ ਕਿਸ਼ੋਰੀਆਂ ਲਈ ਨਿਵਾਰਕ ਸਿਹਤ ਸੰਭਾਲ ਨੂੰ ਮਜ਼ਬੂਤ ਕਰਨ ਦੇ ਪ੍ਰਤੀ ਭਾਰਤ ਦੀ ਵਚਨਬੱਧਤਾ ਦੀ ਪੁਸ਼ਟੀ ਕਰਦੀ ਹੈ।
ਰਾਸ਼ਟਰੀ ਐੱਚਪੀਵੀ ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਵੱਲੋਂ ਫਰਵਰੀ 2026 ਵਿੱਚ ਕੀਤੀ ਗਈ ਸੀ। ਇਸ ਮੁਹਿੰਮ ਦੇ ਤਹਿਤ, 14 ਸਾਲ ਦੀਆਂ ਕੁੜੀਆਂ ਨੂੰ ਮਾਤਾ-ਪਿਤਾ ਦੀ ਸਹਿਮਤੀ ਨਾਲ ਸਰਕਾਰੀ ਸਿਹਤ ਕੇਂਦਰਾਂ ‘ਤੇ ਸਵੈ-ਇੱਛਤ ਅਤੇ ਮੁਫ਼ਤ ਸਿੰਗਲ ਖੁਰਾਕ ਐੱਚਪੀਵੀ ਟੀਕਾਕਰਣ ਪ੍ਰਦਾਨ ਕੀਤੀ ਜਾਂਦੀ ਹੈ।
ਭਾਰਤ ਦੇ ਰਜਿਸਟਰਾਰ ਜਨਰਲ (ਆਰਜੀਆਈ) ਦੇ 2021 ਦੇ ਅਨੁਮਾਨ ਅਨੁਸਾਰ, ਲਗਭਗ 1.2 ਕਰੋੜ ਕੁੜੀਆਂ 14 ਸਾਲ ਦੀ ਉਮਰ ਸਮੂਹ ਦੇ ਉਸ ਸਲਾਨਾ ਸਮੂਹ ਦਾ ਹਿੱਸਾ ਹਨ, ਜਿਨ੍ਹਾਂ ਨੂੰ ਹਰ ਸਾਲ ਇਸ ਪਹਿਲਕਦਮੀ ਤੋਂ ਲਾਭ ਮਿਲਣ ਦੀ ਉਮੀਦ ਹੈ।
ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਐੱਚਪੀਵੀ ਟੀਕਾਕਰਣ ਕਵਰੇਜ ਦੇ ਵਿਸਥਾਰ ਵਿੱਚ ਮਹੱਤਵਪੂਰਨ ਪ੍ਰਗਤੀ ਕੀਤੀ ਅਤੇ ਕਈ ਰਾਜਾਂ ਨੇ ਆਪਣੇ ਟੀਚੇ ਵਾਲੇ ਸਮੂਹਾਂ ਦੀ ਪੂਰੀ ਕਵਰੇਜ ਹਾਸਲ ਕੀਤੀ।
ਗੁਜਰਾਤ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਮਿਜ਼ੋਰਮ ਨੇ ਆਪਣੇ-ਆਪਣੇ ਟੀਚੇ ਵਾਲੇ ਖੇਤਰਾਂ ਵਿੱਚ 100 ਫ਼ੀਸਦੀ ਕਵਰੇਜ ਹਾਸਲ ਕੀਤੀ। ਬਿਹਾਰ, ਆਂਧਰ ਪ੍ਰਦੇਸ਼ ਅਤੇ ਅਸਾਮ ਨੇ 90 ਫ਼ੀਸਦੀ ਤੋਂ ਵੱਧ ਕਵਰੇਜ ਪ੍ਰਾਪਤ ਕਰ ਲਈ ਹੈ, ਜਦਕਿ ਕਰਨਾਟਕ ਨੇ 85 ਫ਼ੀਸਦੀ ਤੋਂ ਵੱਧ ਕਵਰੇਜ ਹਾਸਲ ਕੀਤੀ ਹੈ। ਛੱਤੀਸਗੜ੍ਹ, ਸਿੱਕਮ, ਕੇਰਲ, ਤੇਲੰਗਾਨਾ ਅਤੇ ਓਡੀਸ਼ਾ ਨੇ 60 ਫ਼ੀਸਦੀ ਤੋਂ ਵੱਧ ਕਵਰੇਜ ਪ੍ਰਾਪਤ ਕੀਤੀ।
ਰਾਜਾਂ ਵਿੱਚ, ਉੱਤਰ ਪ੍ਰਦੇਸ਼ ਵਿੱਚ ਟੀਕਾਕਰਣ ਦੀ ਗਿਣਤੀ ਸਭ ਤੋਂ ਵੱਧ ਦਰਜ ਕੀਤੀ ਗਈ ਹੈ, ਜਿੱਥੇ ਇਸ ਮੁਹਿੰਮ ਦੇ ਤਹਿਤ 22 ਲੱਖ ਤੋਂ ਵੱਧ ਕਿਸ਼ੋਰੀਆਂ ਨੂੰ ਟੀਕਾ ਲਗਾਇਆ ਗਿਆ ਹੈ।

ਇਹ ਪ੍ਰਗਤੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਸੁਮੇਲ ਨਾਲ ਕੀਤੇ ਲਾਗੂਕਰਨ, ਲਗਾਤਾਰ ਭਾਈਚਾਰਕ ਸਹਿਯੋਗ ਅਤੇ ਜ਼ਿਲ੍ਹਾ ਪੱਧਰੀ ਸਿਹਤ ਟੀਮਾਂ ਦੀ ਸਰਗਰਮ ਭਾਗੀਦਾਰੀ ਨੂੰ ਦਰਸਾਉਂਦੀ ਹੈ। ਰਾਜਾਂ ਨੇ ਗ੍ਰਾਮੀਣ, ਸ਼ਹਿਰੀ, ਦੂਰ-ਦੁਰਾਡੇ ਅਤੇ ਭੂਗੋਲਿਕ ਤੌਰ ‘ਤੇ ਚੁਣੌਤੀਪੂਰਨ ਇਲਾਕਿਆਂ ਸਮੇਤ ਜਨਤਕ ਸਿਹਤ ਵੰਡ ਨੈੱਟਵਰਕ ਰਾਹੀਂ ਯੋਗ ਕਿਸ਼ੋਰੀਆਂ ਤੱਕ ਪਹੁੰਚਣ ਲਈ ਸੰਦਰਭ-ਵਿਸ਼ੇਸ਼ ਪਹੁੰਚ ਅਪਣਾਈ ਹੈ।
ਮੱਧ ਪ੍ਰਦੇਸ਼ ਅਤੇ ਗੁਜਰਾਤ ਨੇ ਲਗਾਤਾਰ ਭਾਈਚਾਰਕ ਸਹਿਯੋਗ, ਤਾਲਮੇਲ ਵਾਲੇ ਲਾਗੂਕਰਨ ਅਤੇ ਟੀਚੇ ਅਨੁਸਾਰ ਜ਼ਮੀਨੀ ਯਤਨਾਂ ਦੇ ਦਮ ‘ਤੇ ਆਪਣੇ ਟੀਚੇ ਵਾਲੇ ਸਮੂਹਾਂ ਵਿੱਚ 100 ਫ਼ੀਸਦੀ ਕਵਰੇਜ ਹਾਸਲ ਕੀਤੀ ਹੈ। ਅਸਾਮ ਅਤੇ ਹੋਰ ਉੱਤਰ-ਪੂਰਬੀ ਰਾਜਾਂ ਵਿੱਚ ਹੋਈ ਪ੍ਰਗਤੀ ਵੀ ਭੂਗੋਲਿਕ ਤੌਰ ‘ਤੇ ਵਿਭਿੰਨ ਖੇਤਰਾਂ ਵਿੱਚ ਸਿਹਤ ਸੇਵਾਵਾਂ ਦੀ ਪਹੁੰਚ ਵਧਾਉਣ ਵਿੱਚ ਏਕੀਕ੍ਰਿਤ ਭਾਈਚਾਰਕ ਸਿਹਤ ਨੈੱਟਵਰਕ ਅਤੇ ਤਾਲਮੇਲ ਵਾਲੀ ਜ਼ਮੀਨੀ ਕਾਰਵਾਈ ਦੀ ਭੂਮਿਕਾ ਨੂੰ ਦਰਸਾਉਂਦੀ ਹੈ।
ਇਸ ਮੁਹਿੰਮ ਵਿੱਚ ਭਾਈਚਾਰਕ ਭਾਗੀਦਾਰੀ ਅਤੇ ਭਰੋਸੇਯੋਗ ਜਾਣਕਾਰੀ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ, ਜਿਸ ਵਿੱਚ ਮਾਤਾ-ਪਿਤਾ, ਸਿਹਤ ਸੰਭਾਲ ਪ੍ਰੋਵਾਈਡਰ, ਅਧਿਆਪਕ ਅਤੇ ਮੋਹਰੀ ਲਾਈਨ ਦੇ ਸਿਹਤ ਕਰਮਚਾਰੀ ਐੱਚਪੀਵੀ ਟੀਕਾਕਰਣ ਨਾਲ ਸਬੰਧਿਤ ਚਿੰਤਾਵਾਂ ਨੂੰ ਦੂਰ ਕਰਨ ਅਤੇ ਗਲਤ ਜਾਣਕਾਰੀ ਦਾ ਮੁਕਾਬਲਾ ਕਰਨ ਲਈ ਸਰਗਰਮ ਰੂਪ ਵਿੱਚ ਸ਼ਾਮਲ ਹਨ।
ਬਾਲ ਰੋਗ ਮਾਹਰਾਂ, ਮਹਿਲਾਵਾਂ ਦੇ ਰੋਗ ਮਾਹਰਾਂ ਅਤੇ ਏਮਸ (AIIMS) ਵਰਗੇ ਸੰਸਥਾਨਾਂ ਦੇ ਮਾਹਰਾਂ ਸਮੇਤ ਸਿਹਤ ਸੰਭਾਲ ਪ੍ਰੋਵਾਈਡਰਾਂ ਦੇ ਨਾਲ-ਨਾਲ ਅਧਿਆਪਕਾਂ ਅਤੇ ਆਸ਼ਾ ਵਰਕਰਾਂ ਅਤੇ ਏਐੱਨਐੱਮ (ANM) ਸਮੇਤ ਮੋਹਰੀ ਲਾਈਨ ਵਿੱਚ ਸਭ ਤੋਂ ਅੱਗੇ ਸਿਹਤ ਕਰਮਚਾਰੀਆਂ ਨੇ ਰਾਜਾਂ ਅਤੇ ਜ਼ਿਲ੍ਹਿਆਂ ਵਿੱਚ ਜਾਗਰੂਕਤਾ ਅਤੇ ਲਾਮਬੰਦੀ ਦੇ ਯਤਨਾਂ ਵਿੱਚ ਸਹਿਯੋਗ ਦਿੱਤਾ ਹੈ।
ਇਸ ਮੁਹਿੰਮ ਨੇ ਯੂ-ਵਿਨ (U-WIN) ਪਲੈਟਫਾਰਮ ਰਾਹੀਂ ਭਾਰਤ ਦੇ ਡਿਜੀਟਲ ਹੈਲਥ ਇਨਫ੍ਰਾਸਟ੍ਰਕਚਰ ਦਾ ਵੀ ਲਾਭ ਉਠਾਇਆ ਹੈ, ਜਿਸ ਨਾਲ ਪ੍ਰੋਗਰਾਮ ਪ੍ਰਬੰਧਕਾਂ ਨੂੰ ਜ਼ਿਲ੍ਹਾ ਪੱਧਰ ‘ਤੇ ਟੀਕਾਕਰਣ ਕਵਰੇਜ ਦੀ ਨਿਗਰਾਨੀ ਕਰਨ, ਕਵਰੇਜ ਦੇ ਫਰਕ ਅਤੇ ਛੁੱਟ ਗਏ ਲਾਭਪਾਤਰੀਆਂ ਦੀ ਪਛਾਣ ਕਰਨ ਅਤੇ ਵਧੇਰੇ ਪ੍ਰਭਾਵਸ਼ਾਲੀ ਪ੍ਰੋਗਰਾਮ ਯੋਜਨਾ ਅਤੇ ਸਰੋਤਾਂ ਦੀ ਵੰਡ ਵਿੱਚ ਸਹਾਇਤਾ ਕਰਨ ਵਿੱਚ ਮਦਦ ਮਿਲੀ ਹੈ।
ਇਹ ਰਾਸ਼ਟਰੀ ਮੁਹਿੰਮ ਐੱਚਪੀਵੀ ਟੀਕਾਕਰਣ ਦੇ ਵਿਆਪਕ ਗਲੋਬਲ ਤਜਰਬੇ ‘ਤੇ ਅਧਾਰਿਤ ਹੈ। ਵਿਸ਼ਵ ਪੱਧਰ ‘ਤੇ ਐੱਚਪੀਵੀ ਵੈਕਸੀਨ ਦੀਆਂ 80 ਕਰੋੜ ਤੋਂ ਵੱਧ ਖੁਰਾਕਾਂ ਵੰਡੀਆਂ ਜਾ ਚੁੱਕੀਆਂ ਹਨ, ਜਿਸ ਨਾਲ ਇਨ੍ਹਾਂ ਦੀ ਵਰਤੋਂ ਅਤੇ ਸੁਰੱਖਿਆ ਦੇ ਸਬੰਧ ਵਿੱਚ ਠੋਸ ਵਿਵਹਾਰਕ ਤਜਰਬਾ ਮਿਲਿਆ ਹੈ।
ਐੱਚਪੀਵੀ ਟੀਕਾਕਰਣ, ਜਿਸ ਨੂੰ ਸ਼ੁਰੂ ਵਿੱਚ ਮੁੱਖ ਤੌਰ ‘ਤੇ ਵਧੇਰੇ ਆਮਦਨ ਵਾਲੇ ਦੇਸ਼ਾਂ ਵੱਲੋਂ ਅਪਣਾਇਆ ਗਿਆ ਸੀ, ਹੌਲੀ-ਹੌਲੀ ਹੋਰ ਆਮਦਨ ਪੱਧਰਾਂ ਵਾਲੇ ਦੇਸ਼ਾਂ ਦੇ ਰਾਸ਼ਟਰੀ ਟੀਕਾਕਰਣ ਪ੍ਰੋਗਰਾਮਾਂ ਵਿੱਚ ਵਿਸਥਾਰਿਤ ਹੋ ਗਿਆ। ਵਰਤਮਾਨ ਵਿੱਚ, 87 ਫ਼ੀਸਦੀ ਉੱਚ-ਮੱਧਮ ਆਮਦਨ ਵਾਲੇ ਦੇਸ਼ਾਂ, 78 ਫ਼ੀਸਦੀ ਹੇਠਲੇ-ਮੱਧਮ ਆਮਦਨ ਵਾਲੇ ਦੇਸ਼ਾਂ ਅਤੇ 54 ਫ਼ੀਸਦੀ ਘੱਟ ਆਮਦਨ ਵਾਲੇ ਦੇਸ਼ਾਂ ਨੇ ਆਪਣੇ ਰਾਸ਼ਟਰੀ ਟੀਕਾਕਰਣ ਪ੍ਰੋਗਰਾਮਾਂ ਵਿੱਚ ਐੱਚਪੀਵੀ ਟੀਕਿਆਂ ਨੂੰ ਸ਼ਾਮਲ ਕਰ ਲਿਆ ਹੈ।
ਵੱਖ-ਵੱਖ ਆਮਦਨ ਵਰਗਾਂ ਵਿੱਚ ਐੱਚਪੀਵੀ ਟੀਕਾਕਰਣ ਨੂੰ ਅਪਣਾਉਣ ਵਿੱਚ ਹੋ ਰਿਹਾ ਵਾਧਾ ਸਰਵਾਈਕਲ ਕੈਂਸਰ ਦੀ ਰੋਕਥਾਮ ਲਈ ਰਾਸ਼ਟਰੀ ਰਣਨੀਤੀਆਂ ਦੇ ਇੱਕ ਮਹੱਤਵਪੂਰਨ ਕੰਪੋਨੈਂਟ ਵਜੋਂ ਇਸ ਦੀ ਵਧਦੀ ਭੂਮਿਕਾ ਨੂੰ ਦਰਸਾਉਂਦਾ ਹੈ।
ਇਸ ਮੁਹਿੰਮ ਦੇ ਤਹਿਤ ਸਾਰੇ ਟੀਕਾਕਰਣ ਸੈਸ਼ਨ ਸਰਕਾਰੀ ਸਿਹਤ ਕੇਂਦਰਾਂ ਵਿੱਚ ਸਿਖਲਾਈ ਪ੍ਰਾਪਤ ਮੈਡੀਕਲ ਅਧਿਕਾਰੀਆਂ ਦੀ ਦੇਖਰੇਖ ਹੇਠ ਆਯੋਜਿਤ ਕੀਤੇ ਜਾਂਦੇ ਹਨ।
ਟੀਕਾਕਰਣ ਤੋਂ ਬਾਅਦ ਹੋਣ ਵਾਲੀਆਂ ਦੁਰਲੱਭ ਪ੍ਰਤੀਕੂਲ ਘਟਨਾਵਾਂ (AEFI) ਦੇ ਉਚਿਤ ਪ੍ਰਬੰਧਨ ਲਈ ਸਰਕਾਰੀ ਸਿਹਤ ਸਹੂਲਤਾਂ 24×7 ਸਿਹਤ ਸੰਭਾਲ ਸੁਵਿਧਾਵਾਂ ਨਾਲ ਵੀ ਜੁੜੀਆਂ ਹੋਈਆਂ ਹਨ। ਇਹ ਵਿਵਸਥਾ ਟੀਕਾਕਰਣ ਨਾਲ ਜੁੜੀ ਕਿਸੇ ਵੀ ਪ੍ਰਤੀਕੂਲ ਘਟਨਾ ਦਾ ਸਮੇਂ ਸਿਰ ਮੁਲਾਂਕਣ, ਨਿਗਰਾਨੀ ਅਤੇ ਪ੍ਰਬੰਧਨ ਯਕੀਨੀ ਬਣਾਉਂਦੀ ਹੈ।
ਮੁਹਿੰਮ ਆਪਣੇ ਅੰਤਿਮ ਪੜਾਅ ਵੱਲ ਵਧ ਰਹੀ ਹੈ, ਅਜਿਹੇ ਵਿੱਚ ਬਾਕੀ ਰਹਿੰਦੇ ਯੋਗ ਲਾਭਪਾਤਰੀਆਂ ਤੱਕ ਪਹੁੰਚਣ ਅਤੇ ਇਹ ਯਕੀਨੀ ਬਣਾਉਣ ‘ਤੇ ਧਿਆਨ ਕੇਂਦ੍ਰਿਤ ਕੀਤਾ ਜਾ ਰਿਹਾ ਹੈ ਕਿ ਕੋਈ ਵੀ ਯੋਗ ਕੁੜੀ ਪਿੱਛੇ ਨਾ ਛੁੱਟ ਜਾਵੇ।
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਐੱਚਪੀਵੀ ਟੀਕਾਕਰਣ ਮੁਹਿੰਮ ਬਾਰੇ ਜਾਗਰੂਕਤਾ ਵਧਾਉਣ, ਇਸਦੀ ਪਹੁੰਚ ਨੂੰ ਅਸਾਨ ਬਣਾਉਣ ਅਤੇ ਇਸਦੇ ਪ੍ਰਭਾਵਸ਼ਾਲੀ ਲਾਗੂਕਰਨ ਵਿੱਚ ਸਹਿਯੋਗ ਦੇਣ ਲਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਸਿਹਤ ਪੇਸ਼ੇਵਰਾਂ, ਮੋਹਰੀ ਲਾਈਨ ਦੇ ਸਿਹਤ ਕਰਮਚਾਰੀਆਂ ਅਤੇ ਭਾਈਚਾਰਿਆਂ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖੇ ਹੋਏ ਹੈ।
ਐੱਚਪੀਵੀ ਵੈਕਸੀਨ ਦੀਆਂ 80 ਲੱਖ ਖੁਰਾਕਾਂ ਦੇਣ ਦਾ ਟੀਚਾ ਭਾਰਤ ਵੱਲੋਂ ਨਿਵਾਰਕ ਸਿਹਤ ਸੰਭਾਲ ਨੂੰ ਮਜ਼ਬੂਤ ਕਰਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਸਰਵਾਈਕਲ ਕੈਂਸਰ ਦੇ ਵਿਰੁੱਧ ਲੰਬੇ ਸਮੇਂ ਦੀ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਦੇ ਯਤਨਾਂ ਵਿੱਚ ਇੱਕ ਮਹੱਤਵਪੂਰਨ ਕਦਮ ਹੈ।
************
ਪੀਕੇ/ਕੇਸੀ/ਐੱਮਐੱਮ/ਏਕੇ
(Release ID: 2309304)
ਵਿਜ਼ੀਟਰ ਕਾਊਂਟਰ : 5