ਵਣਜ ਤੇ ਉਦਯੋਗ ਮੰਤਰਾਲਾ
ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਟੋਕੀਓ ਵਿੱਚ ਭਾਰਤ-ਜਪਾਨ ਸਟਾਰਟਅੱਪ ਗੋਲਮੇਜ਼ ਸੰਮੇਲਨ ਵਿੱਚ ਭਾਰਤ ਦੇ ਵਧਦੇ ਸਟਾਰਟਅੱਪ ਈਕੋਸਿਸਟਮ ਬਾਰੇ ਦੱਸਿਆ
ਭਾਰਤ ਅਤੇ ਜਪਾਨ ਨੇ ਸਟਾਰਟਅੱਪ, ਡੀਪ-ਟੈਕ, ਨਵੀਨਤਾ ਅਤੇ ਐੱਮਐੱਸਐੱਮਈ ਖੇਤਰ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ
ਭਾਰਤ-ਜਪਾਨ ਸਟਾਰਟਅੱਪ ਗੋਲਮੇਜ਼ ਸੰਮੇਲਨ ਵਿੱਚ ਲਗਭਗ 40 ਪ੍ਰਮੁੱਖ ਜਪਾਨੀ ਕੰਪਨੀਆਂ ਨੇ ਹਿੱਸਾ ਲਿਆ
Posted On:
26 AUG 2026 5:00PM by PIB Chandigarh
ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਟੋਕੀਓ ਵਿੱਚ ਆਯੋਜਿਤ ਭਾਰਤ-ਜਪਾਨ ਸਟਾਰਟਅੱਪ ਗੋਲਮੇਜ਼ ਸੰਮੇਲਨ ਵਿੱਚ ਦੱਸਿਆ ਕਿ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸਟਾਰਟਅੱਪ ਈਕੋਸਿਸਟਮ ਬਣ ਗਿਆ ਹੈ, ਜਿੱਥੇ ਪਿਛਲੇ ਦਹਾਕੇ ਵਿੱਚ ਲਗਭਗ 2,50,000 ਸਟਾਰਟਅੱਪ ਸ਼ੁਰੂ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਵੱਡਾ ਘਰੇਲੂ ਬਜ਼ਾਰ, STEM (ਸਾਇੰਸ, ਟੈਕਨਾਲੋਜੀ, ਇੰਜੀਨੀਅਰਿੰਗ ਅਤੇ ਮੈਥ) ਖੇਤਰ ਵਿੱਚ ਮਾਹਿਰ ਲੋਕਾਂ ਦਾ ਵੱਡਾ ਸਮੂਹ, ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਅਤੇ ਤੇਜ਼ੀ ਨਾਲ ਵਧਦਾ ਨਵੀਨਤਾ ਈਕੋਸਿਸਟਮ ਇਸ ਨੂੰ ਜਾਪਾਨੀ ਤਕਨਾਲੋਜੀ, ਨਿਵੇਸ਼ ਅਤੇ ਨਵੀਨਤਾ ਸਾਂਝੇਦਾਰੀ ਲਈ ਇੱਕ ਆਕਰਸ਼ਕ ਕੇਂਦਰ ਬਣਾਉਂਦਾ ਹੈ।
ਇਸ ਸੰਮੇਲਨ ਵਿੱਚ ਦੋਵਾਂ ਦੇਸ਼ਾਂ ਦੇ ਸੀਨੀਅਰ ਸਰਕਾਰੀ ਪ੍ਰਤੀਨਿਧੀ, ਨਿਵੇਸ਼ਕ, ਉਦਯੋਗ ਜਗਤ ਦੇ ਦਿੱਗਜ ਅਤੇ ਸਟਾਰਟਅੱਪ ਸ਼ਾਮਲ ਹੋਏ। ਇਸ ਵਿੱਚ ਸਟਾਰਟਅੱਪ, ਡੀਪ ਟੈਕਨਾਲੋਜੀ, ਨਵੀਨਤਾ ਅਤੇ ਐੱਮਐੱਸਐੱਮਈ ਦੇ ਖੇਤਰ ਵਿੱਚ ਸਹਿਯੋਗ ਵਧਾਉਣ ਲਈ ਭਾਰਤ ਅਤੇ ਜਪਾਨ ਦੀ ਸਾਂਝੀ ਵਚਨਬੱਧਤਾ ਨੂੰ ਮੁੜ ਦੁਹਰਾਇਆ ਗਿਆ। ਚਰਚਾ ਮੁੱਖ ਤੌਰ ‘ਤੇ ਤਕਨਾਲੋਜੀ ਭਾਈਵਾਲੀ ਨੂੰ ਮਜ਼ਬੂਤ ਕਰਨ, ਨਿਵੇਸ਼ ਵਧਾਉਣ ਅਤੇ ਦੋਵਾਂ ਦੇਸ਼ਾਂ ਦਰਮਿਆਨ ਨਵੀਨਤਾ ‘ਤੇ ਅਧਾਰਿਤ ਆਰਥਿਕ ਸਹਿਯੋਗ ਦੇ ਅਗਲੇ ਪੜਾਅ ਨੂੰ ਅੱਗੇ ਵਧਾਉਣ ‘ਤੇ ਕੇਂਦ੍ਰਿਤ ਰਹੀ।
ਪ੍ਰੋਗਰਾਮ ਵਿੱਚ ਸ਼ਾਮਲ ਲੋਕਾਂ ਦਾ ਸਵਾਗਤ ਕਰਦੇ ਹੋਏ, ਰਾਜਦੂਤ ਨਗਮਾ ਮੁਹੰਮਦ ਮਲਿਕ ਨੇ ਦੋਵਾਂ ਦੇਸ਼ਾਂ ਦਰਮਿਆਨ ਸਟਾਰਟਅੱਪ ਦੇ ਖੇਤਰ ਵਿੱਚ ਵਧਦੇ ਸਹਿਯੋਗ ‘ਤੇ ਜ਼ੋਰ ਦਿੱਤਾ। ‘ਇੰਡੀਆ-ਜਪਾਨ ਪਿਚਿੰਗ ਸੀਰੀਜ਼’ ਨੇ ਹੁਣ ਤੱਕ 65 ਭਾਰਤੀ ਸਟਾਰਟਅੱਪਸ ਨੂੰ ਲਗਭਗ 100 ਜਪਾਨੀ ਕੰਪਨੀਆਂ ਨਾਲ ਜੋੜਿਆ ਹੈ ਅਤੇ ਇਸ ਨਾਲ 30 ਤੋਂ ਵੱਧ ਵਪਾਰਕ ਭਾਈਵਾਲੀਆਂ ਕਰਨ ਵਿੱਚ ਮਦਦ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ 222 ਮੈਂਬਰਾਂ ਵਾਲੇ ਭਾਰਤੀ ਵਪਾਰਕ ਵਫ਼ਦ ਦੀ ਭਾਗੀਦਾਰੀ ਨਾਲ ਦੋਵਾਂ ਦੇਸ਼ਾਂ ਦੇ ਨਵੀਨਤਾ ਈਕੋਸਿਸਟਮ ਦਰਮਿਆਨ ਨਵੀਂ ਅਤੇ ਸਥਾਈ ਭਾਈਵਾਲੀ ਕਰਨ ਦਾ ਅਵਸਰ ਉਪਲਬਧ ਹੋਇਆ ਹੈ।
ਸ਼੍ਰੀ ਗੋਇਲ ਨੇ ਭਾਰਤ-ਜਪਾਨ ਸਟਾਰਟਅੱਪ ਸਹਿਯੋਗ ਦੇ ਅਗਲੇ ਪੜਾਅ ਲਈ ਚਾਰ ਥੰਮ੍ਹਾਂ ‘ਤੇ ਕੇਂਦ੍ਰਿਤ ਇੱਕ ਦੂਰਅੰਦੇਸ਼ੀ ਰੂਪਰੇਖਾ ਦਾ ਪ੍ਰਸਤਾਵ ਰੱਖਿਆ:ਸ਼ੁਰੂਆਤੀ ਪੜਾਅ ਦੇ ਖੋਜ, ਡੀਪ-ਟੈਕ ਨਵੀਨਤਾ ਅਤੇ ਵਪਾਰੀਕਰਣ ਲਈ ਲੰਬੇ ਸਮੇਂ ਤੱਕ ਨਿਵੇਸ਼ ਕੀਤੀ ਜਾਣ ਵਾਲੀ ਪੂੰਜੀ ਜੁਟਾਉਣ ਲਈ ਜਪਾਨ-ਭਾਰਤ ਡੀਪ-ਟੈਕ ਕੈਪੀਟਲ ਕੌਰੀਡੋਰ: ਦੋਵਾਂ ਦੇਸ਼ਾਂ ਦੀਆਂ ਯੂਨੀਵਰਸਿਟੀਆਂ, ਇਨਕਿਊਬੇਟਰਾਂ, ਖੋਜ ਅਤੇ ਵਿਕਾਸ ਸੰਸਥਾਵਾਂ, ਪ੍ਰਯੋਗਸ਼ਾਲਾਵਾਂ ਅਤੇ ਟੈਸਟਿੰਗ ਸਹੂਲਤਾਂ ਨੂੰ ਜੋੜਨ ਵਾਲਾ ਦੋ-ਤਰਫ਼ਾ ਨਵੀਨਤਾ ਸੇਤੂ (ਬ੍ਰਿਜ): ਮੈਨੂਫੈਕਚਰਿੰਗ ਅਤੇ ਤਕਨਾਲੋਜੀ ਏਕੀਕਰਣ: ਭਾਰਤ ਦੇ ਵੱਡੇ ਪੱਧਰ, ਇੰਜੀਨੀਅਰਿੰਗ ਹੁਨਰ ਅਤੇ ਉੱਦਮਸ਼ੀਲਤਾ ਦੀ ਊਰਜਾ ਨੂੰ ਜਪਾਨ ਦੀ ਸਟੀਕ ਇੰਜੀਨੀਅਰਿੰਗ, ਤਕਨਾਲੋਜੀ ਅਤੇ ਨਿਰਮਾਣ ਸਮਰੱਥਾਵਾਂ ਨਾਲ ਜੋੜਨਾ ਅਤੇ ਭਾਰਤੀ ਸੰਸਥਾਪਕਾਂ, ਜਪਾਨੀ ਕੰਪਨੀਆਂ, ਵੈਂਚਰ ਫੰਡਾਂ ਅਤੇ ਰਣਨੀਤਕ ਨਿਵੇਸ਼ਕਾਂ ਵਿਚਕਾਰ ਨਿਯਮਿਤ ਗੱਲਬਾਤ ਨੂੰ ਸੁਵਿਧਾਜਨਕ ਬਣਾਉਣ ਲਈ ਸਾਂਝਾ ਸਟਾਰਟਅੱਪ ਪਿਚਿੰਗ ਪਲੈਟਫਾਰਮ।
ਮੰਤਰੀ ਨੇ ਭਾਰਤ ਸਰਕਾਰ ਦੇ ਲਗਭਗ 1 ਬਿਲੀਅਨ ਅਮਰੀਕੀ ਡਾਲਰ ਦੇ ਪ੍ਰਸਤਾਵਿਤ ਦੂਜੇ ‘ਫੰਡ ਆਫ਼ ਫੰਡਜ਼’ ਦਾ ਵੀ ਜ਼ਿਕਰ ਕੀਤਾ, ਜਿਸ ਦਾ ਉਦੇਸ਼ ਡੀਪ-ਟੈਕ ਕੰਪਨੀਆਂ ਨੂੰ ਸਹਾਇਤਾ ਦੇਣਾ ਹੈ ਅਤੇ ਜਪਾਨੀ ਨਿਵੇਸ਼ਕਾਂ ਨੂੰ ਇਸ ਵਿੱਚ ਵੱਧ ਤੋਂ ਵੱਧ ਭਾਗੀਦਾਰੀ ਕਰਨ ਦੀ ਬੇਨਤੀ ਕੀਤੀ।
ਜਪਾਨੀ ਭਾਈਵਾਲਾਂ ਨੇ ਭਾਰਤ ਦੇ ਸਟਾਰਟਅੱਪ ਈਕੋਸਿਸਟਮ ਦੀ ਵਧਦੀ ਪਰਿਪੱਕਤਾ ਦਾ ਸਵਾਗਤ ਕੀਤਾ। ਜੇਆਈਸੀਏ (JICA) ਦੇ ਸੀਨੀਅਰ ਉਪ-ਪ੍ਰਧਾਨ ਸ਼ੋਹੇਈ ਹਾਰਾ ਨੇ ਦੋ-ਤਰਫ਼ਾ ਭਾਈਵਾਲੀ ਦੇ ਮਹੱਤਵ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਜਿੱਥੇ ਜਪਾਨ ਆਪਣੀਆਂ ਤਕਨੀਕੀ ਸਮਰੱਥਾਵਾਂ ਦਾ ਯੋਗਦਾਨ ਪਾ ਸਕਦਾ ਹੈ, ਉੱਥੇ ਹੀ ਭਾਰਤ ਦੀਆਂ ਸਮਾਜਿਕ ਅਤੇ ਵਿਕਾਸਾਤਮਕ ਚੁਣੌਤੀਆਂ ਨੂੰ ਵੱਡੇ ਪੱਧਰ ‘ਤੇ ਵਪਾਰਕ ਅਵਸਰਾਂ ਵਿੱਚ ਬਦਲਣ ਦੀ ਸਮਰੱਥਾ ਤੋਂ ਸਿੱਖ ਵੀ ਸਕਦਾ ਹੈ। ਜੇਆਈਸੀਏ ਨੇ ਭਾਰਤੀ ਬਜ਼ਾਰ ਵਿੱਚ ਉਪਲਬਧ ਅਵਸਰਾਂ ਨੂੰ ਵੱਧ ਤੋਂ ਵੱਧ ਜਪਾਨੀ ਸਟਾਰਟਅੱਪਸ ਦੇ ਸਾਹਮਣੇ ਲਿਆਉਣ ਦੀ ਆਪਣੀ ਇੱਛਾ ਵੀ ਪ੍ਰਗਟਾਈ।
ਗੋਲਮੇਜ਼ ਸੰਮੇਲਨ ਵਿੱਚ ਟੋਕੀਓ ਮੈਟਰੋਪੋਲੀਟਨ ਸਰਕਾਰ ਅਤੇ ਜੈਟਰੋ (JETRO) ਦੀ ਸੀਨੀਅਰ ਲੀਡਰਸ਼ਿਪ ਨੇ ਹਿੱਸੌ ਲਿਆ, ਜੈਟਰੋ ਨੇ ਇਸ ਸੈਸ਼ਨ ਵਿੱਚ ਜਪਾਨੀ ਕੰਪਨੀਆਂ ਨੂੰ ਲਿਆਉਣ ਦੇ ਮਿਸ਼ਨ ਨਾਲ ਭਾਈਵਾਲੀ ਕੀਤੀ ਸੀ। ਚਰਚਾ ਵਿੱਚ ਲਗਭਗ 40 ਪ੍ਰਮੁੱਖ ਜਪਾਨੀ ਕੰਪਨੀਆਂ ਦੇ ਪ੍ਰਤੀਨਿਧੀਆਂ ਨੇ ਵੀ ਹਿਸਾ ਲਿਆ, ਜਿਨ੍ਹਾਂ ਵਿੱਚ ਸਪਾਰਕਸ ਗਰੁੱਪ ਐੱਮਯੂਐੱਫਜੀ ਇਨੋਵੇਸ਼ਨ ਪਾਰਟਨਰਜ਼ , ਬਿਓਂਡ ਨੈਕਸਟ ਵੈਂਚਰਜ਼ ਇੰਕ, ਇਨਕਿਊਬੇਟ ਫੰਡ ਏਸ਼ੀਆ, ਮਿਜ਼ੂਹੋ ਫਾਈਨੈਂਸ਼ੀਅਲ ਗਰੁੱਪ, ਐੱਸਬੀਆਈ ਇਨਵੈਸਟਮੈਂਟ, ਫੁਜਿਤਸੂ ਲਿਮਿਟੇਡ, ਡੀਜੀ ਦਾਈਵਾ ਵੈਂਚਰਜ਼, ਐਸਟ੍ਰੋ ਗੇਟ ਇੰਕ, ਇਨਕਿਊਬੇਟ ਫੰਡ, ਇੰਸਟਾਲਿੰਬ ਇੰਕ, ਯੂਨੀਵਰਸਲ ਮਟੀਰੀਅਲਜ਼ ਇਨਕਿਊਬੇਟਰ ਕੰਪਨੀ ਲਿਮਿਟੇਡ , ਕਿਓਟੋ ਫਿਊਜ਼ੋਨੀਅਰਿੰਗ ਲਿਮਿਟੇਡ, ਏਰੋਸੈਂਸ ਇੰਕ ਸ਼ਾਮਲ ਸਨ। ਇਸ ਮੌਕੇ ਵੱਖ-ਵੱਖ ਖੇਤਰਾਂ ਦੇ ਸਟਾਰਟਅੱਪ, ਭਾਰਤੀ ਵਪਾਰਕ ਚੈਂਬਰ ਅਤੇ ਭਾਰਤੀ ਵਪਾਰਕ ਵਫ਼ਦ ਦੇ ਮੈਂਬਰ ਵੀ ਮੌਜੂਦ ਸਨ।
ਉਦਯੋਗ ਦੇ ਪ੍ਰਤੀਨਿਧੀਆਂ ਨੇ ਸਟਾਰਟਅੱਪ ਅਤੇ ਗਲੋਬਲ ਸਪਲਾਈ ਚੇਨਾਂ ਨਾਲ ਐੱਮਐੱਸਐੱਮਈ ਨੂੰ ਜੋੜਨ ਅਤੇ ਭਾਰਤ ਵਿੱਚ ਮੈਨੂਫੈਕਚਰਿੰਗ ਅਤੇ ਵਿਸਤਾਰ ਕਰਨ ਦੀਆਂ ਇੱਛੁਕ ਕੰਪਨੀਆਂ ਨੂੰ ਪਲੱਗ-ਐਂਡ-ਪਲੇ ਇਨਫ੍ਰਾਸਟ੍ਰਕਚਰ ਪ੍ਰਦਾਨ ਕਰਨ ਦੇ ਮਹੱਤਵ ‘ਤੇ ਜ਼ੋਰ ਦਿੱਤਾ।
ਸੰਯੁਕਤ ਉੱਦਮ ਪੂੰਜੀ ਨਿਵੇਸ਼ਕਾਂ ਨੇ ਭਵਿੱਖ ਵਿੱਚ ਭਾਰਤ-ਜਪਾਨ ਨਿਵੇਸ਼ ਲਈ ਏਆਈ (AI), ਸੈਮੀਕੰਡਕਟਰ, ਸਿਹਤ ਸੰਭਾਲ, ਪੁਲਾੜ, ਰੱਖਿਆ, ਐਡਵਾਂਸਡ ਮੈਨੂਫੈਕਚਰਿੰਗ ਅਤੇ ਡੀਪ ਟੈਕਨਾਲੋਜੀ ਵਰਗੇ ਮੁੱਖ ਖੇਤਰਾਂ ਦੀ ਪਛਾਣ ਕੀਤੀ। ਨਿਵੇਸ਼ਕਾਂ ਨੇ ਭਾਰਤ ਦੇ ਸਟਾਰਟਅੱਪ ਈਕੋਸਿਸਟਮ ਵਿੱਚ ਹੋ ਰਹੇ ਬਦਲਾਅ ‘ਤੇ ਵੀ ਧਿਆਨ ਦਿੱਤਾ, ਜੋ ਮੁੱਖ ਤੌਰ ‘ਤੇ ਇੰਟਰਨੈੱਟ ਅਤੇ ਸੌਫਟਵੇਅਰ ਵਪਾਰਾਂ ਤੋਂ ਹਟ ਕੇ ਮੈਨੂਫੈਕਚਰਿੰਗ ਅਤੇ ਤਕਨਾਲੋਜੀ-ਅਧਾਰਿਤ ਉੱਦਮਾਂ ਵੱਲ ਵਧ ਰਿਹਾ ਹੈ।
ਭਾਰਤੀ ਸਟਾਰਟਅੱਪਸ ਨੇ ਏਅਰੋਸਪੇਸ ਅਤੇ ਰੱਖਿਆ, ਡਰੋਨ, ਆਰਟੀਫਿਸ਼ੀਅਲ ਇੰਟੈਲੀਜੈਂਸ, ਸਿਹਤ ਸੰਭਾਲ, ਨਕਲੀ ਅੰਗ, ਰੋਬੋਟਿਕਸ, ਵੇਅਰਹਾਊਸ ਆਟੋਮੇਸ਼ਨ, ਮੋਬਿਲਿਟੀ ਅਤੇ ਡਿਜੀਟਲ ਹੈਲਥ ਵਰਗੇ ਖੇਤਰਾਂ ਵਿੱਚ ਆਪਣੀਆਂ ਸਮਰੱਥਾਵਾਂ ਦਾ ਪ੍ਰਦਰਸ਼ਨ ਕੀਤਾ। ਕਈ ਕੰਪਨੀਆਂ ਨੇ ਤਕਨਾਲੋਜੀ ਪ੍ਰਮਾਣਿਕਤਾ, ਸਟੀਕ ਨਿਰਮਾਣ, ਨਿਵੇਸ਼, ਬਜ਼ਾਰ ਪਹੁੰਚ ਅਤੇ ਜਪਾਨੀ ਅਤੇ ਗਲੋਬਲ ਸਪਲਾਈ ਚੇਨਸ ਵਿੱਚ ਸ਼ਾਮਲ ਹੋਣ ਲਈ ਜਪਾਨ ਨਾਲ ਭਾਈਵਾਲੀ ਦੀਆਂ ਸੰਭਾਵਨਾਵਾਂ ‘ਤੇ ਚਰਚਾ ਕੀਤੀ।
ਗੋਲਮੇਜ਼ ਬੈਠਕ ਵਿੱਚ ਭਾਰਤ ਅਤੇ ਜਪਾਨ ਦੀਆਂ ਇੱਕ-ਦੂਜੇ ਦੀਆਂ ਪੂਰਕ ਤਾਕਤਾਂ ਨੂੰ ਪਛਾਣਿਆ ਗਿਆ। ਜਿੱਥੇ ਭਾਰਤ ਵੱਡੇ ਪੱਧਰ ‘ਤੇ ਕੰਮ ਕਰਨ ਦੀ ਸਮਰੱਥਾ, ਹੁਨਰ, ਡਿਜੀਟਲ ਸਮਰੱਥਾਵਾਂ ਅਤੇ ਉੱਦਮਸ਼ੀਲਤਾ ਦੀ ਗਤੀ ਪ੍ਰਦਾਨ ਕਰਦਾ ਹੈ, ਉੱਥੇ ਹੀ ਜਪਾਨ ਲੰਬੇ ਸਮੇਂ ਲਈ ਪੂੰਜੀ, ਉੱਨਤ ਤਕਨਾਲੋਜੀ, ਮੈਨੂਫੈਕਚਰਿੰਗ ਉੱਤਮਤਾ ਅਤੇ ਗਲੋਬਲ ਗੁਣਵੱਤਾ ਮਾਪਦੰਡਾਂ ਨੂੰ ਲਿਆਉਂਦਾ ਹੈ। ਇਨ੍ਹਾ ਤਾਕਤਾਂ ਨੂੰ ਮਿਲਾ ਕੇ ਵਿਸ਼ਵ ਪੱਧਰ ‘ਤੇ ਮੁਕਾਬਲੇਬਾਜ਼ ਉੱਦਮਾਂ ਅਤੇ ਤਕਨਾਲੋਜੀਆਂ ਦਾ ਨਿਰਮਾਣ ਕੀਤਾ ਜਾ ਸਕਦਾ ਹੈ, ਜੋ ਭਾਰਤ, ਜਪਾਨ ਅਤੇ ਹੋਰ ਦੇਸ਼ਾਂ ਦੇ ਬਜ਼ਾਰਾਂ ਦੀਆਂ ਲੋੜਾਂ ਨੂੰ ਪੂਰਾ ਕਰ ਸਕਣ।
ਇਸ ਵਿਚਾਰ-ਵਟਾਂਦਰੇ ਦਾ ਸਮਾਪਨ ਇਸ ਗੱਲ ‘ਤੇ ਜ਼ੋਰ ਦਿੰਦਿਆਂ ਹੋਇਆ ਕਿ ਵੱਖ-ਵੱਖ ਪੱਧਰਾਂ ‘ਤੇ ਹੋਣ ਵਾਲੀ ਗੱਲਬਾਤ ਤੋਂ ਅੱਗੇ ਵਧ ਕੇ ਭਾਰਤ-ਜਪਾਨ ਦਰਮਿਆਨ ਸਟਾਰਟਅੱਪ ਅਤੇ ਨਵੀਨਤਾ ਲਈ ਇੱਕ ਸੰਸਥਾਗਤ ਭਾਈਵਾਲੀ ਬਣਾਈ ਜਾਵੇ। ਇਸ ਨੂੰ ਨਿਵੇਸ਼ਕ-ਸਟਾਰਟਅੱਪ ਵਿਚਕਾਰ ਨਿਯਮਿਤ ਗੱਲਬਾਤ, ਤਕਨਾਲੋਜੀ ਭਾਈਵਾਲੀ, ਸਹਿ-ਨਿਵੇਸ਼ ਪ੍ਰਣਾਲੀ ਅਤੇ ਦੋਵਾਂ ਦੇਸ਼ਾਂ ਦੀਆਂ ਯੂਨੀਵਰਸਿਟੀਆਂ, ਖੋਜ ਸੰਸਥਾਵਾਂ, ਇਨਕਿਊਬੇਟਰਾਂ ਅਤੇ ਉਦਯੋਗਾਂ ਦਰਮਿਆਨ ਮਜ਼ਬੂਤ ਸਬੰਧਾਂ ਨਾਲ ਉਤਸ਼ਾਹਿਤ ਕੀਤਾ ਜਾਵੇਗਾ।
********
ਅਭਿਸ਼ੇਕ ਦਿਆਲ / ਸ਼ੱਬੀਰ ਆਜ਼ਾਦ / ਇਸ਼ਿਤਾ ਬਿਸਵਾਸ
(Release ID: 2304044)
ਵਿਜ਼ੀਟਰ ਕਾਊਂਟਰ : 16