ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਯੋਗ ਸੰਗਠਨਾਂ ਨੂੰ ਸਰਕਾਰੀ ਮਾਨਤਾ ਪ੍ਰਾਪਤ ਪ੍ਰੀਖਿਆ ਕੇਂਦਰਾਂ (ਜੀਏਟੀਸੀ) ਦੇ ਰੂਪ ਵਿੱਚ ਮਾਨਤਾ ਲਈ ਅਪਲਾਈ ਕਰਨ ਲਈ ਪ੍ਰੋਤਸਾਹਿਤ ਕੀਤਾ ਜਾਂਦਾ ਹੈ: ਐਪਲੀਕੇਸ਼ਨ 31 ਅਗਸਤ 2026 ਤੱਕ ਖੁੱਲ੍ਹੀਆਂ ਹਨ
51 ਜੀਏਟੀਸੀ ਨੂੰ ਪਹਿਲਾਂ ਹੀ ਮਾਨਤਾ ਮਿਲ ਚੁੱਕੀ ਹੈ। ਤਸਦੀਕ ਦਾ ਦਾਇਰਾ 23 ਸ਼੍ਰੇਣੀਆਂ ਤੱਕ ਵਿਸਤਾਰਿਤ ਕੀਤਾ ਗਿਆ ਹੈ
ਬਿਹਤਰ ਤਸਦੀਕ ਸਮਰੱਥਾ* ਤੇਜ਼ ਸੇਵਾਵਾਂ* ਬਿਹਤਰ ਖਪਤਕਾਰ ਸੰਭਾਲ
प्रविष्टि तिथि:
20 AUG 2026 12:24PM by PIB Chandigarh
ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਦੇ ਖਪਤਕਾਰ ਮਾਮਲੇ ਵਿਭਾਗ ਨੇ ਕਾਨੂੰਨੀ ਮੈਟਰੋਲੋਜੀ (ਸਰਕਾਰੀ ਪ੍ਰਮਾਣਿਤ ਟੈਸਟ ਸੈਂਟਰ) ਨਿਯਮ, 2013 ਦੇ ਤਹਿਤ ਸਰਕਾਰੀ ਪ੍ਰਮਾਣਿਤ ਟੈਸਟ ਸੈਂਟਰ (ਜੀਏਟੀਸੀ) ਦੇ ਰੂਪ ਵਿੱਚ ਮਾਨਤਾ ਪ੍ਰਾਪਤ ਕਰਨ ਲਈ ਯੋਗ ਉਦਯੋਗਾਂ, ਲੈਬਸ, ਇੰਜੀਨੀਅਰਿੰਗ, ਕਾਲਜਾਂ, ਪੌਲੀਟੈਕਨਿਕਾਂ, ਆਈਟੀਆਈ ਅਤੇ ਟੈਸਟ ਸੁਵਿਧਾਵਾਂ ਤੋਂ ਆਨਲਾਈਨ ਅਰਜ਼ੀਆਂ ਮੰਗੀਆਂ ਹਨ।
ਅਰਜ਼ੀ ਪ੍ਰਕਿਰਿਆ ਫਿਲਹਾਲ ਖੁੱਲ੍ਹੀ ਹੈ, ਇਸ ਲਈ ਯੋਗ ਸੰਗਠਨਾਂ ਨੂੰ ਵਿਭਾਗ ਦੇ ਆਨਲਾਈਨ ਪੋਰਟਲ emaap.gov.in/gatc ਰਾਹੀਂ 31 ਅਗਸਤ 2026 ਨੂੰ ਸ਼ਾਮ 5:00 ਵਜੇ ਤੱਕ ਅਰਜ਼ੀ ਜਮ੍ਹਾਂ ਕਰਨ ਲਈ ਪ੍ਰੋਤਸਾਹਿਤ ਕੀਤਾ ਜਾਂਦਾ ਹੈ। ਇਹ ਪੋਰਟਲ ਅਰਜ਼ੀ ਜਮ੍ਹਾਂ ਕਰਨ, ਫੀਸ ਭੁਗਤਾਨ, ਅਰਜ਼ੀ ਦੀ ਸਥਿਤੀ ਦੀ ਨਿਗਰਾਨੀ ਅਤੇ ਬਿਨੈਕਾਰਾਂ ਦੇ ਨਾਲ ਸੰਚਾਰ ਲਈ ਪੂਰੀ ਤਰ੍ਹਾਂ ਨਾਲ ਡਿਜੀਟਲ ਪ੍ਰਕਿਰਿਆ ਪ੍ਰਦਾਨ ਕਰਦਾ ਹੈ, ਜਿਸ ਨਾਲ ਪ੍ਰਕਿਰਿਆ ਸਰਲ, ਪਾਰਦਰਸ਼ੀ ਅਤੇ ਕਾਰੋਬਾਰ ਦੇ ਅਨੁਕੂਲ ਬਣ ਜਾਂਦੀ ਹੈ।
ਵਿਭਾਗ ਨੇ ਇਸ ਤੋਂ ਪਹਿਲਾਂ ਜੀਏਟੀਸੀ ਢਾਂਚੇ, ਇਸ ਦੇ ਵਿਸਥਾਰਿਤ ਦਾਇਰੇ ਅਤੇ ਤਸਦੀਕ ਸੇਵਾਵਾਂ ਤੱਕ ਵਿਆਪਕ ਪਹੁੰਚ ਦੇ ਲਾਭਾਂ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕੀਤੀ ਹੈ।
ਵਿਆਪਕ ਭਾਗੀਦਾਰੀ ਰਾਹੀਂ ਤਸਦੀਕ ਸਮੱਰਥਾ ਦਾ ਵਿਸਥਾਰ ਕਰਨਾ
ਜੀਏਟੀਸੀ ਦੀ ਇਸ ਪਹਿਲ ਦਾ ਉਦੇਸ਼ ਵਪਾਰ ਅਤੇ ਵਣਜ ਵਿੱਚ ਉਪਯੋਗ ਕੀਤੇ ਜਾਣ ਵਾਲੇ ਨਿਰਧਾਰਿਤ ਵਜ਼ਨ ਅਤੇ ਮਾਪ ਦੀ ਤਸਦੀਕ ਅਤੇ ਮੁੜ ਤਸਦੀਕ ਵਿੱਚ ਤਕਨੀਕੀ ਤੌਰ ‘ਤੇ ਸਮਰੱਥ ਨਿਜੀ ਖੇਤਰ ਦੇ ਸੰਸਥਾਨਾਂ ਦੀ ਭਾਗੀਦਾਰੀ ਨੂੰ ਸਮਰੱਥ ਬਣਾ ਕੇ ਭਾਰਤ ਦੀ ਤਸਦੀਕ ਵਿਧੀ ਦਾ ਵਿਸਥਾਰ ਕਰਨਾ ਹੈ।
ਅੱਜ ਦੀ ਮਿਤੀ ਤੱਕ, 51 ਜੀਏਟੀਸੀ ਨੂੰ ਮਾਨਤਾ ਦਿੱਤੀ ਜਾ ਚੁੱਕੀ ਹੈ। ਵਿਭਾਗ ਹੁਣ ਨੈੱਟਵਰਕ ਦਾ ਹੋਰ ਵਿਸਥਾਰ ਕਰ ਰਿਹਾ ਹੈ ਤਾਂ ਜੋ ਕਾਰੋਬਾਰਾਂ ਨੂੰ ਉਨ੍ਹਾਂ ਦੇ ਸਥਾਨਾਂ ਦੇ ਕਰੀਬ ਤਸਦੀਕ ਸੁਵਿਧਾਵਾਂ ਤੱਕ ਵਧੇਰੇ ਪਹੁੰਚ ਮਿਲ ਸਕੇ, ਜਿਸ ਨਾਲ ਪ੍ਰਕਿਰਿਆ ਵਿੱਚ ਲਗਣ ਵਾਲਾ ਸਮਾਂ ਘੱਟ ਹੋਵੇ ਅਤੇ ਪਾਲਣਾ ਵਿੱਚ ਤੇਜ਼ੀ ਆਵੇ।
ਇਹ ਪਹਿਲ ਰਾਜ ਦੇ ਕਾਨੂੰਨੀ ਮੈਟਰੋਲੋਜੀ ਵਿਭਾਗਾਂ ਦੇ ਯਤਨਾਂ ਨੂੰ ਵੀ ਬਲ ਦੇਵੇਗੀ। ਤਸਦੀਕ ਸੇਵਾਵਾਂ ਲਈ ਵਧੇਰੇ ਪ੍ਰਵਾਨਿਤ ਕੇਂਦਰ ਉਪਲਬਧ ਹੋਣ ਨਾਲ, ਰਾਜ ਦੇ ਕਾਨੂੰਨੀ ਮੈਟਰੋਲੋਜੀ ਅਧਿਕਾਰੀ ਬਜ਼ਾਰ ਨਿਗਰਾਨੀ, ਲਾਗੂਕਰਨ ਅਤੇ ਖਪਤਕਾਰ ਸ਼ਿਕਾਇਤ ਨਿਵਾਰਣ ‘ਤੇ ਵਧੇਰੇ ਧਿਆਨ ਕੇਂਦ੍ਰਿਤ ਕਰ ਸਕਣਗੇ।
ਹੁਣ ਤੋਲ ਅਤੇ ਮਾਪ ਦੀਆਂ 23 ਸ਼੍ਰੇਣੀਆਂ ਸ਼ਾਮਲ ਹਨ
ਹਾਲ ਹੀ ਵਿੱਚ ਜੀਏਟੀਸੀ ਨਿਯਮਾਂ ਵਿੱਚ ਕੀਤੇ ਗਏ ਸੰਸ਼ੋਧਨਾਂ ਤੋਂ ਬਾਅਦ, ਮਾਨਤਾ ਪ੍ਰਾਪਤ ਜੀਏਟੀਸੀ ਸਿਹਤ ਸੰਭਾਲ, ਊਰਜਾ, ਆਵਾਜਾਈ, ਪ੍ਰਚੂਨ, ਮੈਨੂਫੈਕਚਰਿੰਗ ਅਤੇ ਬੁਨਿਆਦੀ ਢਾਂਚਾ ਜਿਹੇ ਮਹੱਤਵਪੂਰਨ ਖੇਤਰਾਂ ਨੂੰ ਕਵਰ ਕਰਨ ਵਾਲੀਆਂ 3 ਸ਼੍ਰੇਣੀਆਂ ਦੇ ਤੋਲ ਅਤੇ ਮਾਪ ਦੀ ਤਸਦੀਕ ਅਤੇ ਮੁੜ ਤਸਦੀਕ ਕਰ ਸਕਦੇ ਹਨ। ਇਨ੍ਹਾਂ ਵਿੱਚ ਸ਼ਾਮਲ ਹਨ:
(i) ਪਾਣੀ ਦੇ ਮੀਟਰ
(ii) ਸਫਿਗਮੋਮੈਨੋਮੀਟਰ
(iii) ਕਲੀਨਿਕਲ ਥਰਮਾਮੀਟਰ
(iv) ਆਟੋਮੈਟਿਕ ਰੇਲ ਤੋਲ ਪੁੱਲ
(v) ਟੇਪ ਮਾਪ
(vi) ਤੀਜ਼ੀ ਸ਼੍ਰੇਣੀ (150 ਕਿਲੋਗ੍ਰਾਮ ਤੱਕ) ਦੇ ਨੌਨ-ਆਟੋਮੈਟਿਕ ਤੋਲਣ ਵਾਲੇ ਯੰਤਰ
(vii) ਸ਼ੁੱਧਤਾ ਵਰਗ III ਦੇ ਨੌਨ-ਆਟੋਮੈਟਿਕ ਤੋਲਣ ਵਾਲੇ ਯੰਤਰ
(viii) ਲੋਡ ਸੈੱਲ
(ix) ਬੀਮ ਸਕੇਲ
(x) ਕਾਊਂਟਰ ਮਸ਼ੀਨਾਂ
(xi) ਸਾਰੀਆਂ ਸ਼੍ਰੇਣੀਆਂ ਦਾ ਭਾਰ
(xii) ਗੈਸ ਮੀਟਰ
(xiii) ਊਰਜਾ ਮੀਟਰ
(xiv) ਨਮੀ ਮੀਟਰ
(xv) ਵਾਹਨ ਦੀ ਗਤੀ ਦੇ ਮੀਟਰ
(xvi) ਸਾਹ ਵਿਸ਼ਲੇਸ਼ਕ
(xvii) ਬਹੁ-ਆਯਾਮੀ ਮਾਪਣ ਵਾਲੇ ਉਪਕਰਣ
(xviii) ਫਲੋ ਮੀਟਰ
(xix) ਪੈਟਰੋਲ ਅਤੇ ਡੀਜ਼ਲ ਡਿਸਪੈਂਸਰ
(xx) ਸੀਐੱਨਜੀ ਡਿਸਪੈਂਸਰ
(xxi) ਐੱਲਪੀਜੀ ਡਿਸਪੈਂਸਰ
(xxii) ਐੱਲਐੱਨਜੀ ਡਿਸਪੈਂਸਰ
(xxiii) ਹਾਈਡ੍ਰੋਜ਼ਨ ਡਿਸਪੈਂਸਰ।
ਪੈਟਰੋਲ, ਡੀਜ਼ਲ, ਸੀਐੱਨਜੀ, ਐੱਲਪੀਜੀ, ਐੱਲਐੱਨਜੀ ਅਤੇ ਹਾਈਡ੍ਰੋਜਨ ਡਿਸਪੈਂਸਰਾਂ ਨੂੰ ਸ਼ਾਮਲ ਕਰਨਾ ਜੀਏਟੀਸੀ ਢਾਂਚੇ ਦੇ ਹਾਲੀਆ ਵਿਸਥਾਰ ਦਾ ਹਿੱਸਾ ਹੈ। ਇਸ ਨਾਲ ਈਂਧਣ ਵੰਡ ਪ੍ਰਣਾਲੀਆਂ ਦੀ ਤਸਦੀਕ ਸਮਰੱਥਾ ਨੂੰ ਮਜ਼ਬੂਤ ਕਰਨ ਅਤੇ ਈਂਧਣ ਲੈਣ-ਦੇਣ ਵਿੱਚ ਸਟੀਕ ਮਾਪ ਅਤੇ ਪਾਰਦਰਸ਼ਿਤਾ ਨੂੰ ਹੁਲਾਰਾ ਦੇਣ ਵਿੱਚ ਮਦਦ ਮਿਲੇਗੀ।
ਉਦਯੋਗ ਲਈ ਇੱਕ ਸਰਲ ਮਾਰਗ
ਜੀਏਟੀਸੀ ਦਾ ਵਿਸਥਾਰ ਵਪਾਰ ਕਰਨ ਵਿੱਚ ਪਹੁੰਚਯੋਗਤਾ ਲਿਆਉਣ ਵਾਲਾ ਇੱਕ ਮਹੱਤਵਪੂਰਨ ਸੁਧਾਰ ਹੈ। ਤਸਦੀਕ ਲਈ ਸੀਮਿਤ ਵਿਭਾਗੀ ਸੁਵਿਧਾਵਾਂ ‘ਤੇ ਨਿਰਭਰ ਰਹਿਣ ਦੀ ਬਜਾਏ, ਨਿਰਮਾਤਾ, ਵਪਾਰੀ ਅਤੇ ਉਪਭੋਗਤਾ ਵਿਸਤਾਰਿਤ ਜੀਏਟੀਸੀ ਨੈੱਟਵਰਕ ਰਾਹੀਂ ਪ੍ਰਵਾਨਿਤ ਤਕਨੀਕੀ ਸੁਵਿਧਾਵਾਂ ਤੱਕ ਵੱਧ ਤੋਂ ਵੱਧ ਪਹੁੰਚ ਪ੍ਰਾਪਤ ਕਰ ਸਕਦੇ ਹਨ।
ਡਿਜੀਟਲ ਐਪਲੀਕੇਸ਼ਨ ਸਿਸਟਮ ਬਿਨੈਕਾਰਾਂ ਨੂੰ ਆਨਲਾਈਨ ਅਪਲਾਈ ਕਰਨ, ਡਿਜੀਟਲ ਤੌਰ ‘ਤੇ ਭੁਗਤਾਨ ਕਰਨ ਅਤੇ ਸਰਕਾਰੀ ਦਫ਼ਤਰਾਂ ਵਿੱਚ ਵਾਰ-ਵਾਰ ਜਾਣ ਦੀ ਜ਼ਰੂਤਤ ਦੇ ਬਿਨਾਂ ਆਪਣੀਆਂ ਐਪਲੀਕੇਸ਼ਨਾਂ ਨੂੰ ਟ੍ਰੈਕ ਕਰਨ ਵਿੱਚ ਸਮਰੱਥ ਬਣਾ ਕੇ ਪ੍ਰਕਿਰਿਆ ਨੂੰ ਹੋਰ ਸਰਲ ਬਣਾਊਂਦੀ ਹੈ।
ਯੋਗ ਸੰਗਠਨਾਂ ਦੇ ਕੋਲ ਰਾਸ਼ਟਰੀ ਮਿਆਰਾਂ ਦੇ ਅਨੁਸਾਰ ਨਿਰਧਾਰਿਤ ਟੈਸਟਿੰਗ ਅਤੇ ਕੈਲੀਬ੍ਰੇਸ਼ਨ ਉਪਕਰਣ, ਯੋਗ ਤਕਨੀਕੀ ਕਰਮਚਾਰੀ ਅਤੇ ਜੀਏਟੀਸੀ ਨਿਯਮਾਂ ਦੇ ਤਹਿਤ ਨਿਰਧਾਰਿਤ ਬੁਨਿਆਦੀ ਢਾਂਚਾ ਹੋਣਾ ਜ਼ਰੂਰੀ ਹੈ।
ਮਜ਼ਬੂਤ ਕਾਨੂੰਨੀ ਮੈਟਰੋਲੋਜੀ ਸੇਵਾਵਾਂ ਲਈ ਸਾਂਝੇਦਾਰੀ
ਜੀਏਟੀਸੀ ਢਾਂਚਾ ਕਾਨੂੰਨੀ ਮੈਟਰੋਲੋਜੀ ਵਿੱਚ ਸਾਂਝੇਦਾਰੀ ਦਾ ਦ੍ਰਿਸ਼ਟੀਕੋਣ ਪੇਸ਼ ਕਰਦਾ ਹੈ। ਤਕਨੀਕੀ ਤੌਰ ‘ਤੇ ਸਮਰੱਥ ਲੈਬਸ, ਉਦਯੋਗਾਂ, ਵਿਦਿਅਕ ਅਤੇ ਟੈਸਟਿੰਗ ਸੰਸਥਾਨਾਂ ਨੂੰ ਤਸਦੀਕ ਪ੍ਰਣਾਲੀ ਵਿੱਚ ਸ਼ਾਮਲ ਕਰਕੇ, ਸਰਕਾਰ ਕਾਨੂੰਨੀ ਮੈਟਰੋਲੋਜੀ ਢਾਂਚੇ ਦੇ ਤਹਿਤ ਨਿਰਧਾਰਿਤ ਰੈਗੂਲੇਟਰੀ ਨਿਰੀਖਣ ਨੂੰ ਬਣਾਏ ਰੱਖਦੇ ਹੋਏ ਭਰੋਸੇਯੋਗ ਤਸਦੀਕ ਸੇਵਾਵਾਂ ਦੀ ਉਪਲਬਧਤਾ ਵਧਾ ਰਹੀ ਹੈ।
ਇਹ ਦ੍ਰਿਸ਼ਟੀਕੋਣ ਇੱਕ ਵੱਡਾ, ਵਧੇਰੇ ਪਹੁੰਚਯੋਗ ਅਤੇ ਜਵਾਬਦੇਹ ਤਸਦੀਕ ਨੈੱਟਵਰਕ ਬਣਾਉਣ ਵਿੱਚ ਮਦਦ ਕਰੇਗਾ, ਜਿਸ ਨਾਲ ਕਾਰੋਬਾਰਾਂ ਅਤੇ ਖਪਤਕਾਰਾਂ ਦੋਵਾਂ ਨੂੰ ਲਾਭ ਹੋਵੇਗਾ।
ਤੁਰੰਤ ਪਾਲਣਾ, ਭਰੋਸੇਯੋਗ ਮਾਪ ਅਤੇ ਖਪਤਕਾਰ ਸੁਰੱਖਿਆ
ਨਿਰਪੱਖ ਲੈਣ-ਦੇਣ ਅਤੇ ਖਪਤਕਾਰ ਵਿਸ਼ਵਾਸ ਲਈ ਸਹੀ ਵਜ਼ਨ ਅਤੇ ਮਾਪ ਜ਼ਰੂਰੀ ਹਨ। GATC ਦਾ ਵਿਆਪਕ ਨੈੱਟਵਰਕ ਤਸਦੀਕ ਅਤੇ ਮੁੜ ਤਸਦੀਕ ਸੇਵਾਵਾਂ ਨੂੰ ਵਧੇਰੇ ਪਹੁੰਚਯੋਗ ਅਤੇ ਸਮਾਂਬੱਧ ਬਣਾਉਣ ਵਿੱਚ ਮਦਦ ਕਰੇਗਾ, ਜਿਸ ਨਾਲ ਕਾਰੋਬਾਰਾਂ ਨੂੰ ਆਪਣੀਆਂ ਰੈਗੂਲੇਟਰੀ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਸਹਾਇਤਾ ਮਿਲੇਗੀ ਅਤੇ ਇਹ ਯਕੀਨੀ ਹੋਵੇਗਾ ਕਿ ਵਣਜ ਲੈਣ-ਦੇਣ ਵਿੱਚ ਉਪਯੋਗ ਕੀਤੇ ਜਾਣ ਵਾਲੇ ਮਾਪ ਸਟੀਕ ਅਤੇ ਭਰੋਸੇਯੋਗ ਬਣੇ ਰਹਿਣ।
ਇਸ ਲਈ, ਇਸ ਸੁਧਾਰ ਦਾ ਉਦੇਸ਼ ਵਪਾਰ ਕਰਨ ਵਿੱਚ ਅਸਾਨੀ ਅਤੇ ਖਪਤਕਾਰ ਸੁਰੱਖਿਆ ਦਰਮਿਆਨ ਸੰਤੁਲਨ ਸਥਾਪਿਤ ਕਰਨਾ ਹੈ, ਜਿਸ ਨਾਲ ਇਮਾਨਦਾਰ ਕਾਰੋਬਾਰਾਂ ਲਈ ਪਾਲਣਾ ਅਸਾਨ ਹੋ ਸਕੇ ਅਤੇ ਨਾਲ ਹੀ ਰੁਟੀਨ ਦੇ ਲੈਣ-ਦੇਣ ਵਿੱਚ ਉਪਯੋਗ ਕੀਤੇ ਜਾਣ ਵਾਲੇ ਮਾਪਦੰਡਾਂ ਵਿੱਚ ਵਿਸ਼ਵਾਸ ਮਜ਼ਬੂਤ ਹੋ ਸਕੇ।
ਵਿਭਾਗ ਦੇ ਜੀਏਟੀਸੀ ਸੁਧਾਰ ਡਿਜੀਟਲ ਸ਼ਾਸਨ, ਆਤਮਨਿਰਭਰ ਭਾਰਤ ਅਤੇ ਭਾਰਤ ਦੇ ਗੁਣਵੱਤਾਪੂਰਨ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਵਿਆਪਕ ਯਤਨਾਂ ਦੇ ਅਨੁਰੂਪ ਹਨ, ਜਿਸ ਵਿੱਚ ਅੰਤਰਰਾਸ਼ਟਰੀ ਪੱਧਰ ‘ਤੇ ਸਵੀਕ੍ਰਿਤ ਮਾਪ ਅਭਿਆਸਾਂ ਦੇ ਨਾਲ ਇਕਸਾਰਤਾ ਵੀ ਸ਼ਾਮਲ ਹੈ।
ਅਰਜ਼ੀਆਂ 31 ਅਗਸਤ 2026 ਤੱਕ ਖੁੱਲ੍ਹੀਆਂ ਰਹਿਣਗੀਆਂ।
ਸਰਕਾਰ ਦੁਆਰਾ ਪ੍ਰਵਾਨਿਤ ਟੈਸਟ ਸੈਂਟਰ ਬਣਾਉਣ ਦੇ ਇੱਛੁਕ ਯੋਗ ਸੰਗਠਨ emaap.gov.in/gatc ਰਾਹੀਂ ਆਨਲਾਈਨ ਅਰਜ਼ੀ ਜਮ੍ਹਾਂ ਕਰ ਸਕਦੇ ਹਨ।
ਅਰਜ਼ੀ ਦੀ ਮਿਆਦ: 17 ਅਗਸਤ 2026 ਤੋਂ 31 ਅਗਸਤ 2026 ਤੱਕ
ਅੰਤਿਮ ਮਿਤੀ/ਸਮਾਂ: 31 ਅਗਸਤ 2026, ਸ਼ਾਮ 5:00 ਵਜੇ ਤੱਕ
ਯੋਗਤਾ ਦੀ ਵਿਸਤ੍ਰਿਤ ਸ਼ਰਤਾਂ, ਨਿਰਧਾਰਿਤ ਜ਼ਰੂਰਤਾਂ ਅਤੇ ਅਪਲਾਈ ਪ੍ਰਕਿਰਿਆ ਪੋਰਟਲ ‘ਤੇ ਉਪਲਬਧ ਹਨ। ਯੋਗ ਸੰਗਠਨਾਂ ਨੂੰ ਸਮੇਂ ਸੀਮਾ ਤੋਂ ਪਹਿਲਾਂ ਅਪਲਾਈ ਪ੍ਰਕਿਰਿਆ ਪੂਰੀ ਕਰਨ ਲਈ ਪ੍ਰੋਤਸਾਹਿਤ ਕੀਤਾ ਜਾਂਦਾ ਹੈ। 51 ਜੀਏਟੀਸੀ ਨੂੰ ਪਹਿਲਾਂ ਹੀ ਮਾਨਤਾ ਮਿਲ ਚੁੱਕੀ ਹੈ ਅਤੇ ਤਸਦੀਕ ਦਾ ਦਾਇਰਾ 23 ਸ਼੍ਰੇਣੀਆਂ ਤੱਕ ਵਿਸਤਾਰਿਤ ਹੋ ਚੁੱਕਿਆ ਹੈ। ਵਿਭਾਗ ਭਾਰਤ ਦੇ ਮਾਪ ਤਸਦੀਕ ਨੈੱਟਵਰਕ ਨੂੰ ਹੋਰ ਵਿਆਪਕ ਬਣਾ ਰਿਹਾ ਹੈ ਤਾਂ ਜੋ ਉਦਯੋਗ ਨੂੰ ਸੇਵਾਵਾਂ ਤੱਕ ਅਸਾਨ ਪਹੁੰਚ, ਤੁਰੰਤ ਪਾਲਣਾ ਅਤੇ ਖਪਤਕਾਰਾਂ ਨੂੰ ਵਣਜ ਮਾਪਾਂ ਦੀ ਸ਼ੁੱਧਤਾ ‘ਤੇ ਵਧੇਰੇ ਭਰੋਸਾ ਮਿਲ ਸਕੇ।
*****
ਆਰਟੀ/ਐੱਸਬੀ/ਏਆਰਸੀ/ਏਕੇ
(रिलीज़ आईडी: 2301588)
आगंतुक पटल : 2