ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਸਾਲ 2024 ਅਤੇ 2025 ਲਈ ਸੰਗੀਤ ਨਾਟਕ ਅਕਾਦਮੀ ਫੈਲੋਸ਼ਿਪ ਅਤੇ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਪ੍ਰਦਾਨ ਕੀਤੇ
ਭਾਰਤੀ ਪਰੰਪਰਾ ਦੇ ਵਾਹਕ ਸਾਡੇ ਕਲਾਕਾਰ ਦੇਸ਼ ਦੀ ਸਮੂਹਿਕ ਯਾਦ ਦੇ ਸਰਪ੍ਰਸਤ ਅਤੇ ਭਵਿੱਖ ਦੀ ਕਲਪਨਾ ਦੇ ਸਿਰਜਣਹਾਰ ਹਨ: ਰਾਸ਼ਟਰਪਤੀ ਦ੍ਰੌਪਦੀ ਮੁਰਮੂ
प्रविष्टि तिथि:
13 AUG 2026 3:23PM by PIB Chandigarh
ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (13 ਅਗਸਤ 2026) ਨਵੀਂ ਦਿੱਲੀ ਵਿੱਚ ਨਾਮਵਰ ਕਲਾਕਾਰਾਂ ਨੂੰ ਸਾਲ 2024 ਅਤੇ 2025 ਲਈ ਸੰਗੀਤ ਨਾਟਕ ਅਕਾਦਮੀ ਫੈਲੋਸ਼ਿਪ ਅਤੇ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਪ੍ਰਦਾਨ ਕੀਤੇ।

ਇਸ ਮੌਕੇ ਆਪਣੇ ਸੰਬੋਧਨ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਅੱਜ ਸਨਮਾਨਿਤ ਕੀਤੇ ਗਏ ਕਲਾਕਾਰ ਮਿਲ ਕੇ ਭਾਰਤ ਦਾ ਇੱਕ ਅਜਿਹਾ ਸਭਿਆਚਾਰਕ ਨਕਸ਼ਾ ਪੇਸ਼ ਕਰਦੇ ਹਨ—ਜਿਸ ਵਿੱਚ ਇਸ ਦੇਸ਼ ਦੀ ਮਿੱਟੀ ਦੀਆਂ ਕਹਾਣੀਆਂ ਅਤੇ ਗੀਤ ਜੁੜੇ ਹੋਏ ਹਨ; ਅਜਿਹਾ ਨਕਸ਼ਾ ਜਿਸ ਵਿੱਚ ਵਿਭਿੰਨਤਾ ਨਾਲ ਭਰੀ ਇਸ ਧਰਤੀ ਦੇ ਨਾਚ ਅਤੇ ਉਤਸਵ ਸਮਾਏ ਹੋਏ ਹਨ ਅਤੇ ਸਦੀਆਂ ਤੋਂ ਵਿਕਸਿਤ ਹੋਈਆਂ ਇਸ ਦੀਆਂ ਭਾਸ਼ਾਵਾਂ ਅਤੇ ਬੋਲੀਆਂ ਦੀਆਂ ਯਾਦਾਂ ਸਮਾਈਆਂ ਹੋਈਆਂ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਦਾ ਸੱਭਿਆਚਾਰ ਜੜ੍ਹਾਂ ਨਾਲ ਜੁੜਿਆ ਹੋਇਆ ਹੈ। ਵੱਖ-ਵੱਖ ਖਾਣ-ਪੀਣ, ਪਹਿਰਾਵਾ, ਨਾਚ ਅਤੇ ਸੰਗੀਤ, ਕੁਦਰਤ ਤੋਂ ਪ੍ਰੇਰਿਤ ਹਨ। ਚਹਿਕਦੀਆਂ ਚਿੜੀਆਂ, ਕਲ-ਕਲ ਵਗਦੇ ਝਰਨਿਆਂ, ਰੁੱਖਾਂ-ਪੱਤਿਆਂ, ਬੱਦਲਾਂ ਅਤੇ ਨਦੀਆਂ ਤੋਂ ਪ੍ਰੇਰਨਾ ਲੈ ਕੇ ਕਲਾਕਾਰ ਆਪਣੇ ਨਾਚ ਅਤੇ ਸੰਗੀਤ ਦਾ ਪ੍ਰਦਰਸ਼ਨ ਕਰਦੇ ਹਨ। ਵਿਭਿੰਨਤਾ ਅਤੇ ਏਕਤਾ ਦਾ ਇਹ ਸੁਮੇਲ ਸਾਡੀਆਂ ਕਲਾਵਾਂ ਦੀਆਂ ਸਭ ਤੋਂ ਵੱਡੀਆਂ ਤਾਕਤਾਂ ਵਿੱਚੋਂ ਇੱਕ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਦੀਆਂ ਸਾਰੀਆਂ ਵੱਖ-ਵੱਖ ਕਲਾ ਸ਼ੈਲੀਆਂ ਵਿੱਚ ਗੁਰੂ-ਸ਼ਿਸ਼ ਪਰੰਪਰਾ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ। ਸਾਡੀਆਂ ਕਲਾਵਾਂ ਦੀ ਸਭ ਤੋਂ ਮਹੱਤਵਪੂਰਨ ਪੁਸਤਕ ਜਿਊਂਦੇ-ਜਾਗਦੇ ਗੁਰੂ ਹੀ ਹੁੰਦੇ ਹਨ। ਅੱਜ ਦੇ ਤੇਜ਼ੀ ਨਾਲ ਬਦਲਦੇ ਦੌਰ ਵਿੱਚ ਸਾਡੀਆਂ ਬਹੁਤ ਸਾਰੀਆਂ ਲੋਕ-ਕਲਾਵਾਂ 'ਤੇ ਅਲੋਪ ਹੋਣ ਦਾ ਖ਼ਤਰਾ ਮੰਡਰਾ ਰਿਹਾ ਹੈ। ਅਜਿਹੀਆਂ ਕਲਾ ਵੰਨਗੀਆਂ ਦਾ ਨਾ ਕੇਵਲ ਸਬੂਤ ਅਤੇ ਪ੍ਰਮਾਣ ਰੱਖਣਾ ਜ਼ਰੂਰੀ ਹੈ, ਸਗੋਂ ਇਹਨਾਂ ਨੂੰ ਜਿਊਂਦਾ ਰੱਖਣ ਲਈ ਵਿਸ਼ੇਸ਼ ਯਤਨ ਕਰਨੇ ਵੀ ਜ਼ਰੂਰੀ ਹੋ ਜਾਂਦੇ ਹਨ। ਉਹਨਾਂ ਨੇ ਇਹ ਜਾਣ ਕੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਕਿ ਸੰਗੀਤ ਨਾਟਕ ਅਕਾਦਮੀ ਇਸੇ ਮਕਸਦ ਨਾਲ 'ਕਲਾ-ਦੀਕਸ਼ਾ' ਪ੍ਰੋਗਰਾਮ ਦਾ ਆਯੋਜਨ ਕਰ ਰਹੀ ਹੈ। ਉਹਨਾਂ ਨੇ ਸੀਨੀਅਰ ਕਲਾਕਾਰਾਂ ਨੂੰ ਕਿਹਾ ਕਿ ਅਗਲੀ ਪੀੜ੍ਹੀ ਨੂੰ ਤਿਆਰ ਕਰਨ ਲਈ ਯੋਜਨਾਬੱਧ ਤਰੀਕੇ ਨਾਲ ਯਤਨ ਕਰਨ।

ਰਾਸ਼ਟਰਪਤੀ ਨੇ ਕਿਹਾ ਕਿ ਕਲਾ ਦੇ ਸੰਸਕਾਰਾਂ ਅਤੇ ਸਮਝ ਨਾਲ ਜੀਵਨ ਨੂੰ ਖ਼ੁਸ਼ਹਾਲ ਬਣਾਉਣ ਲਈ ਕੁਦਰਤ ਨੂੰ ਸਭ ਤੋਂ ਸੁਭਾਵਿਕ ਸਿਖਲਾਈ ਸੰਸਥਾ ਮੰਨਿਆ ਜਾਂਦਾ ਹੈ। ਲੋਕ ਅਤੇ ਕਬਾਇਲੀ ਕਲਾਵਾਂ ਵਿੱਚ ਜੀਵਨ ਦਾ ਕੁਦਰਤੀ ਉਤਸ਼ਾਹ ਅਤੇ ਪ੍ਰਕਿਰਤੀ ਨਾਲ ਡੂੰਘਾ ਸੰਵਾਦ ਦਿਖਾਈ ਦਿੰਦਾ ਹੈ। ਇਹਨਾਂ ਕਲਾ ਰੂਪਾਂ ਵਿੱਚ ਭਾਈਚਾਰੇ ਦੀ ਯਾਦ ਅਤੇ ਸਮੂਹਿਕ ਚੇਤਨਾ ਸੁਭਾਵਿਕ ਤੌਰ 'ਤੇ ਪ੍ਰਗਟ ਹੁੰਦੀ ਹੈ। ਇਹੋ ਕਾਰਨ ਹੈ ਕਿ ਲੋਕ ਕਲਾਵਾਂ ਭਾਰਤ ਦੀ ਸਭਿਆਚਾਰਕ ਪਛਾਣ ਦਾ ਬਹੁਤ ਮਹੱਤਵਪੂਰਨ ਆਧਾਰ ਹਨ।
ਰਾਸ਼ਟਰਪਤੀ ਨੇ ਸੰਗੀਤ ਨਾਟਕ ਅਕਾਦਮੀ ਫੈਲੋਸ਼ਿਪ ਅਤੇ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਪ੍ਰਾਪਤ ਕਰਨ ਵਾਲੇ ਕਲਾਕਾਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਭਾਰਤੀ ਪਰੰਪਰਾ ਦੇ ਵਾਹਕ ਸਾਡੇ ਕਲਾਕਾਰ ਦੇਸ਼ ਦੀ ਸਮੂਹਿਕ ਯਾਦ ਦੇ ਸਰਪ੍ਰਸਤ ਅਤੇ ਭਵਿੱਖ ਦੀ ਕਲਪਨਾ ਦੇ ਸਿਰਜਣਹਾਰ ਹਨ।
ਰਾਸ਼ਟਰਪਤੀ ਨੇ ਕਿਹਾ ਕਿ ਸੰਗੀਤ ਨਾਟਕ ਅਕਾਦਮੀ ਨੂੰ ਭਾਰਤ ਦੀ 'ਸੌਫ਼ਟ ਪਾਵਰ' ਦਾ ਇੱਕ ਮਹੱਤਵਪੂਰਨ ਕੇਂਦਰ ਮੰਨਿਆ ਜਾਂਦਾ ਹੈ। ਉਹਨਾਂ ਨੇ ਉਮੀਦ ਪ੍ਰਗਟਾਈ ਕਿ ਅਕਾਦਮੀ ਆਉਣ ਵਾਲੇ ਸਮੇਂ ਵਿੱਚ ਵੀ ਭਾਰਤ ਦੀ ਸਭਿਆਚਾਰਕ ਊਰਜਾ ਨਾਲ ਪੂਰੇ ਵਿਸ਼ਵ ਨੂੰ ਲਾਭ ਪਹੁੰਚਾਉਂਦੀ ਰਹੇਗੀ।
ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
*************
ਐੱਮਜੇਪੀਐੱਸ/ਐੱਸਐੱਸ/ਪੀਆਰਕੇ
(रिलीज़ आईडी: 2299014)
आगंतुक पटल : 9