ਟੈਕਸਟਾਈਲ ਮੰਤਰਾਲਾ
ਰਾਸ਼ਟਰਪਤੀ 7 ਅਗਸਤ ਨੂੰ 12ਵੇਂ ਰਾਸ਼ਟਰੀ ਹੈਂਡਲੂਮ ਦਿਵਸ ਸਮਾਗਮ ਵਿੱਚ ਸਾਲ 2025 ਦੇ ਰਾਸ਼ਟਰੀ ਹੈਂਡਲੂਮ ਪੁਰਸਕਾਰ ਪ੍ਰਦਾਨ ਕਰਨਗੇ
ਭਾਰਤ ਦੇ ਹੈਂਡਲੂਮ ਖੇਤਰ ਵਿੱਚ ਸ਼ਾਨਦਾਰ ਕੰਮ ਲਈ 22 ਸੰਤ ਕਬੀਰ ਅਤੇ ਰਾਸ਼ਟਰੀ ਹੈਂਡਲੂਮ ਪੁਰਸਕਾਰ ਦਿੱਤੇ ਜਾਣਗੇ
प्रविष्टि तिथि:
06 AUG 2026 4:42PM by PIB Chandigarh
ਟੈਕਸਟਾਈਲ ਮੰਤਰਾਲਾ 7 ਅਗਸਤ 2026 ਨੂੰ ਨਵੀਂ ਦਿੱਲੀ ਦੇ ਰਾਸ਼ਟਰਪਤੀ ਭਵਨ ਸਭਿਆਚਾਰਕ ਕੇਂਦਰ (ਆਰ.ਬੀ.ਸੀ.ਸੀ.) ਵਿੱਚ 12ਵਾਂ ਰਾਸ਼ਟਰੀ ਹੈਂਡਲੂਮ ਦਿਵਸ ਮਨਾਏਗਾ। ਇਹ ਪ੍ਰੋਗਰਾਮ ਭਾਰਤ ਦੀ ਅਮੀਰ ਹੱਥਖੱਡੀ ਵਿਰਾਸਤ ਨੂੰ ਸੰਭਾਲਣ, ਉਤਸ਼ਾਹਿਤ ਕਰਨ ਅਤੇ ਮਜ਼ਬੂਤ ਕਰਨ ਦੇ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਏਗਾ। ਇਸ ਦੇ ਨਾਲ ਹੀ ਇਹ ਦੇਸ਼ ਦੇ ਸਭਿਆਚਾਰਕ ਅਤੇ ਆਰਥਿਕ ਵਿਕਾਸ ਵਿੱਚ ਹੱਥਖੱਡੀ ਬੁਣਕਰ ਭਾਈਚਾਰੇ ਦੇ ਅਣਮੁੱਲੇ ਯੋਗਦਾਨ ਨੂੰ ਮਾਨਤਾ ਦੇਵੇਗਾ।
ਭਾਰਤ ਦੇ ਮਾਨਯੋਗ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਮੁੱਖ ਮਹਿਮਾਨ ਵਜੋਂ ਸਮਾਗਮ ਦੀ ਸ਼ਾਨ ਵਧਾਉਣਗੇ। ਉਹ ਸਾਲ 2025 ਦੇ ਸੰਤ ਕਬੀਰ ਹੈਂਡਲੂਮ ਪੁਰਸਕਾਰ ਅਤੇ ਰਾਸ਼ਟਰੀ ਹੈਂਡਲੂਮ ਪੁਰਸਕਾਰ ਪ੍ਰਦਾਨ ਕਰਨਗੇ। ਇਸ ਸਮਾਗਮ ਵਿੱਚ ਕੇਂਦਰੀ ਟੈਕਸਟਾਈਲ ਮੰਤਰੀ ਸ਼੍ਰੀ ਗਿਰੀਰਾਜ ਸਿੰਘ, ਟੈਕਸਟਾਈਲ ਰਾਜ ਮੰਤਰੀ ਸ਼੍ਰੀ ਪਵਿੱਤਰ ਮਾਰਗੇਰੀਟਾ, ਸਕੱਤਰ (ਟੈਕਸਟਾਈਲ) ਸ਼੍ਰੀਮਤੀ ਨੀਲਮ ਸ਼ਮੀ ਰਾਓ, ਵਿਕਾਸ ਕਮਿਸ਼ਨਰ (ਹੱਥਖੱਡੀ) ਡਾ. ਐੱਮ. ਬੀਨਾ, ਸੰਸਦ ਮੈਂਬਰ, ਸੀਨੀਅਰ ਸਰਕਾਰੀ ਅਧਿਕਾਰੀ, ਹੱਥਖੱਡੀ ਉਦਯੋਗ ਦੇ ਨੁਮਾਇੰਦੇ, ਮਾਸਟਰ ਬੁਣਕਰ, ਡਿਜ਼ਾਈਨਰ, ਨਿਰਯਾਤਕ, ਕਾਰੀਗਰ, ਸੰਤ ਕਬੀਰ ਅਤੇ ਰਾਸ਼ਟਰੀ ਹੈਂਡਲੂਮ ਪੁਰਸਕਾਰ ਜੇਤੂ ਅਤੇ ਦੇਸ਼ ਭਰ ਤੋਂ ਹੋਰ ਪਤਵੰਤੇ ਮਹਿਮਾਨ ਸ਼ਾਮਲ ਹੋਣਗੇ।
ਸਮਾਗਮ ਦਾ ਮੁੱਖ ਆਕਰਸ਼ਣ 22 ਵੱਕਾਰੀ ਪੁਰਸਕਾਰਾਂ ਦੀ ਵੰਡ ਹੋਵੇਗੀ। ਇਸ ਵਿੱਚ 3 ਸੰਤ ਕਬੀਰ ਹੱਥਖੱਡੀ ਪੁਰਸਕਾਰ ਅਤੇ 19 ਰਾਸ਼ਟਰੀ ਹੱਥਖੱਡੀ ਪੁਰਸਕਾਰ ਸ਼ਾਮਲ ਹਨ। ਇਹ ਪੁਰਸਕਾਰ ਹੱਥਖੱਡੀ ਖੇਤਰ ਨਾਲ ਜੁੜੇ ਬੁਣਾਈ, ਨਵੀਨਤਾ, ਡਿਜ਼ਾਈਨ ਵਿਕਾਸ, ਮਾਰਕੀਟਿੰਗ ਪਹਿਲਕਦਮੀਆਂ, ਸਟਾਰਟ-ਅੱਪ ਉੱਦਮਾਂ ਅਤੇ ਉਤਪਾਦਕ ਕੰਪਨੀਆਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਨੂੰ ਮਾਨਤਾ ਦੇਣਗੇ। ਰਾਸ਼ਟਰੀ ਹੱਥਖੱਡੀ ਵਿਕਾਸ ਪ੍ਰੋਗਰਾਮ (ਐੱਨ.ਐੱਚ.ਡੀ.ਪੀ.) ਦੇ ਹੱਥਖੱਡੀ ਮਾਰਕੀਟਿੰਗ ਸਹਾਇਤਾ (ਐੱਚ.ਐੱਮ.ਏ.) ਹਿੱਸੇ ਅਧੀਨ ਸ਼ੁਰੂ ਕੀਤੇ ਗਏ ਇਹ ਪੁਰਸਕਾਰ ਭਾਰਤ ਦੇ ਹੱਥਖੱਡੀ ਈਕੋਸਿਸਟਮ ਵਿੱਚ ਉੱਤਮਤਾ ਲਈ ਸਰਵਉੱਚ ਰਾਸ਼ਟਰੀ ਸਨਮਾਨ ਦੀ ਨੁਮਾਇੰਦਗੀ ਕਰਦੇ ਹਨ।
ਸੰਤ ਕਬੀਰ ਹੈਂਡਲੂਮ ਪੁਰਸਕਾਰ, ਹੱਥਖੱਡੀ ਬੁਣਕਰਾਂ ਲਈ ਦੇਸ਼ ਦਾ ਸਰਵਉੱਚ ਸਨਮਾਨ ਹੈ। ਇਹ ਪੁਰਸਕਾਰ ਬੇਮਿਸਾਲ ਕਾਰੀਗਰੀ, ਜੀਵਨ ਭਰ ਦੇ ਸਮਰਪਣ ਅਤੇ ਭਾਰਤ ਦੀਆਂ ਬੁਣਾਈ ਪਰੰਪਰਾਵਾਂ ਨੂੰ ਸੰਭਾਲਣ ਅਤੇ ਉਤਸ਼ਾਹਿਤ ਕਰਨ ਵਿੱਚ ਨਿਰੰਤਰ ਯੋਗਦਾਨ ਨੂੰ ਮਾਨਤਾ ਦਿੰਦਾ ਹੈ। ਰਾਸ਼ਟਰੀ ਹੱਥਖੱਡੀ ਪੁਰਸਕਾਰ ਉਨ੍ਹਾਂ ਹੱਥਖੱਡੀ ਬੁਣਕਰਾਂ ਅਤੇ ਹੋਰ ਸਬੰਧਿਤ ਧਿਰਾਂ ਨੂੰ ਸਨਮਾਨਿਤ ਕਰਦਾ ਹੈ ਜਿਨ੍ਹਾਂ ਨੇ ਪਰੰਪਰਾਗਤ ਹੁਨਰਾਂ ਨੂੰ ਸੰਭਾਲਦੇ ਹੋਏ ਅਤੇ ਆਧੁਨਿਕ ਤਕਨੀਕਾਂ ਨੂੰ ਅਪਣਾਉਂਦੇ ਹੋਏ ਸ਼ਾਨਦਾਰ ਰਚਨਾਤਮਕਤਾ, ਗੁਣਵੱਤਾ, ਨਵੀਨਤਾ ਅਤੇ ਉੱਤਮਤਾ ਦਾ ਪ੍ਰਦਰਸ਼ਨ ਕੀਤਾ ਹੈ। ਪੁਰਸਕਾਰ ਜੇਤੂਆਂ ਦੀ ਚੋਣ ਸਖ਼ਤ ਬਹੁ-ਪੱਧਰੀ ਮੁਲਾਂਕਣ ਪ੍ਰਕਿਰਿਆ ਰਾਹੀਂ ਕੀਤੀ ਜਾਂਦੀ ਹੈ, ਜਿਸ ਵਿੱਚ ਮਾਹਰ ਕਮੇਟੀਆਂ ਸ਼ਾਮਲ ਹੁੰਦੀਆਂ ਹਨ। ਇਹ ਪ੍ਰਕਿਰਿਆ ਪਾਰਦਰਸ਼ਤਾ, ਨਿਰਪੱਖਤਾ ਅਤੇ ਹੱਥਖੱਡੀ ਖੇਤਰ ਦੇ ਸਾਰੇ ਵਰਗਾਂ ਵਿੱਚ ਉੱਤਮਤਾ ਦੀ ਪਛਾਣ ਯਕੀਨੀ ਬਣਾਉਂਦੀ ਹੈ।
ਇਸ ਸਮਾਗਮ ਵਿੱਚ ਭਾਰਤ ਦੀ ਅਮੀਰ ਅਤੇ ਵੰਨ-ਸੁਵੰਨੀ ਹੱਥਖੱਡੀ ਬੁਣਾਈ ਪਰੰਪਰਾਵਾਂ ਦਾ ਜਸ਼ਨ ਮਨਾਉਣ ਲਈ ਚਾਰ ਯਾਦਗਾਰੀ ਡਾਕ ਟਿਕਟਾਂ ਵੀ ਜਾਰੀ ਕੀਤੀਆਂ ਜਾਣਗੀਆਂ। ਪ੍ਰੋਗਰਾਮ ਦੌਰਾਨ ਦੋ ਪ੍ਰਕਾਸ਼ਨਾਂ - "ਅਰਥ. ਰੂਟ. ਥ੍ਰੈੱਡ - ਆਲ ਡਾਈਡ ਹੈਂਡਲੂਮ ਟੈਕਸਟਾਈਲਜ਼ ਆਫ਼ ਸੈਂਟਰਲ ਇੰਡੀਆ" ਅਤੇ "ਹੈਂਡਲੂਮ ਅਵਾਰਡਜ਼ ਬੁੱਕ 2025" - ਦਾ ਵੀ ਉਦਘਾਟਨ ਕੀਤਾ ਜਾਵੇਗਾ। ਪ੍ਰੋਗਰਾਮ ਦੇ ਨਾਲ-ਨਾਲ ਪੁਰਸਕਾਰ ਜੇਤੂ ਹੱਥਖੱਡੀ ਉਤਪਾਦਾਂ ਦੀ ਪ੍ਰਦਰਸ਼ਨੀ ਵੀ ਆਯੋਜਿਤ ਕੀਤੀ ਜਾਵੇਗੀ, ਜਦੋਂ ਕਿ ਪਰੰਪਰਾਗਤ ਕਾਨੀ ਬੁਣਾਈ ਅਤੇ ਵਾਲ ਹੈਂਗਿੰਗ ਬੁਣਾਈ ਦੇ ਲਾਈਵ ਪ੍ਰਦਰਸ਼ਨ ਦਰਸ਼ਕਾਂ ਨੂੰ ਭਾਰਤ ਦੀਆਂ ਹੱਥਖੱਡੀ ਪਰੰਪਰਾਵਾਂ ਦੀ ਵੰਨ-ਸੁਵੰਨਤਾ, ਕਲਾਤਮਕਤਾ ਅਤੇ ਕਾਰੀਗਰੀ ਦੀ ਝਲਕ ਦਿਖਾਉਣਗੇ।
ਰਾਸ਼ਟਰੀ ਸਮਾਗਮ ਤੋਂ ਇਲਾਵਾ ਰਾਸ਼ਟਰੀ ਹੱਥਖੱਡੀ ਦਿਵਸ ਮਨਾਉਣ ਅਤੇ ਦੇਸ਼ ਦੀਆਂ ਜੀਵਿਤ ਹੱਥਖੱਡੀ ਪਰੰਪਰਾਵਾਂ ਦਾ ਜਸ਼ਨ ਮਨਾਉਣ ਲਈ ਦੇਸ਼ ਭਰ ਵਿੱਚ ਪ੍ਰਦਰਸ਼ਨੀਆਂ, ਡਿਜ਼ਾਈਨਰ ਸੰਮੇਲਨ, ਆਈ.ਆਈ.ਐੱਚ.ਟੀ. ਸੰਮੇਲਨ ਅਤੇ ਹੋਰ ਪ੍ਰਚਾਰ ਗਤੀਵਿਧੀਆਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ।
ਭਾਰਤ ਦਾ ਹੈਂਡਲੂਮ ਖੇਤਰ ਦੇਸ਼ ਵਿੱਚ ਟਿਕਾਊ ਪੇਂਡੂ ਰੋਜ਼ਗਾਰ ਦੇ ਸਭ ਤੋਂ ਵੱਡੇ ਸਰੋਤਾਂ ਵਿੱਚੋਂ ਇੱਕ ਬਣਿਆ ਹੋਇਆ ਹੈ। ਇਹ 35 ਲੱਖ ਤੋਂ ਵੱਧ ਲੋਕਾਂ ਦੀ ਰੋਜ਼ੀ-ਰੋਟੀ ਦਾ ਸਮਰਥਨ ਕਰਦਾ ਹੈ, ਜਿਸ ਵਿੱਚ ਕਾਰਜਬਲ ਦਾ 70 ਪ੍ਰਤੀਸ਼ਤ ਤੋਂ ਵੱਧ ਹਿੱਸਾ ਮਹਿਲਾਵਾਂ ਹਨ। ਪੇਂਡੂ ਆਰਥਿਕਤਾ ਵਿੱਚ ਆਪਣੇ ਮਹੱਤਵਪੂਰਨ ਯੋਗਦਾਨ ਤੋਂ ਇਲਾਵਾ ਇਹ ਖੇਤਰ ਭਾਰਤ ਦੀ ਅਮੀਰ ਕੱਪੜਾ ਵਿਰਾਸਤ ਦਾ ਰਾਖਾ ਅਤੇ ਵਾਤਾਵਰਣ ਦੇ ਦ੍ਰਿਸ਼ਟੀਕੋਣ ਤੋਂ ਟਿਕਾਊ ਉਤਪਾਦਨ ਪ੍ਰਥਾਵਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਵਾਲਾ ਬਣਿਆ ਹੋਇਆ ਹੈ।
ਹਰ ਸਾਲ 7 ਅਗਸਤ ਨੂੰ ਮਨਾਇਆ ਜਾਣ ਵਾਲਾ ਰਾਸ਼ਟਰੀ ਹੈਂਡਲੂਮ ਦਿਵਸ 7 ਅਗਸਤ 1905 ਨੂੰ ਸ਼ੁਰੂ ਕੀਤੇ ਗਏ ਸਵਦੇਸ਼ੀ ਅੰਦੋਲਨ ਦੀ ਯਾਦ ਦਿਵਾਉਂਦਾ ਹੈ, ਜਿਸ ਨੇ ਸਵਦੇਸ਼ੀ ਉਦਯੋਗਾਂ ਅਤੇ ਭਾਰਤ ਦੇ ਹੱਥਖੱਡੀ ਖੇਤਰ ਨੂੰ ਨਵੀਂ ਗਤੀ ਦਿੱਤੀ ਸੀ। 2015 ਵਿੱਚ ਆਪਣੀ ਸ਼ੁਰੂਆਤ ਤੋਂ ਬਾਅਦ ਇਹ ਦਿਨ ਭਾਰਤ ਦੇ ਹੱਥਖੱਡੀ ਬੁਣਕਰਾਂ ਦੀ ਕਲਾ, ਹੁਨਰ ਅਤੇ ਸਮਰਪਣ ਦਾ ਜਸ਼ਨ ਮਨਾਉਂਦਾ ਆ ਰਿਹਾ ਹੈ ਅਤੇ ਨਾਲ ਹੀ ਹੱਥਖੱਡੀ ਖੇਤਰ ਦੀ ਸੰਭਾਲ, ਉਤਸ਼ਾਹ ਅਤੇ ਟਿਕਾਊ ਵਿਕਾਸ ਦੇ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਾ ਹੈ। (ਸਾਲ 2025 ਲਈ ਸੰਤ ਕਬੀਰ ਅਤੇ ਰਾਸ਼ਟਰੀ ਹੱਥਖੱਡੀ ਪੁਰਸਕਾਰ ਜੇਤੂਆਂ ਦੀ ਸੂਚੀ)
https://static.pib.gov.in/WriteReadData/specificdocs/documents/2026/aug/doc202686945601.pdf
***
ਐੱਮਏਐੱਮ/ਵੀਐੱਨ
(रिलीज़ आईडी: 2296962)
आगंतुक पटल : 30