ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ 12ਵੇਂ ਰਾਸ਼ਟਰੀ ਹੈਂਡਲੂਮ ਦਿਵਸ ਸਮਾਗਮ ਵਿੱਚ ਸ਼ਾਮਲ ਹੋਏ ਅਤੇ ਸੰਤ ਕਬੀਰ ਹੈਂਡਲੂਮਤ ਪੁਰਸਕਾਰ ਅਤੇ ਰਾਸ਼ਟਰੀ ਹੈਂਡਲੂਮ ਪੁਰਸਕਾਰ 2025 ਪ੍ਰਦਾਨ ਕੀਤੇ
ਹੈਂਡਲੂਮ ਖੇਤਰ ਦੇ ਸਥਾਈ ਵਿਕਾਸ ਲਈ ਨਵੀਂਆਂ ਤਕਨਾਲੋਜੀਆਂ ਦੀ ਉਚਿਤ ਵਰਤੋਂ ਜ਼ਰੂਰੀ ਹੈ: ਰਾਸ਼ਟਰਪਤੀ ਦ੍ਰੌਪਦੀ ਮੁਰਮੂ
ਨੌਜਵਾਨ ਉੱਦਮੀ, ਡਿਜ਼ਾਈਨਰ ਅਤੇ ਸਟਾਰਟਅੱਪਸ ਪਰੰਪਰਾਗਤ ਸ਼ਿਲਪ ਨੂੰ ਆਧੁਨਿਕ ਟ੍ਰੈਂਡਸ, ਬ੍ਰਾਂਡਾਂ ਅਤੇ ਗਲੋਬਲ ਵੈਲਿਊ ਚੇਨ ਨਾਲ ਜੋੜ ਕੇ ਇਸ ਖੇਤਰ ਵਿੱਚ ਨਵੇਂ ਮੌਕੇ ਪੈਦਾ ਕਰ ਸਕਦੇ ਹਨ: ਰਾਸ਼ਟਰਪਤੀ ਦ੍ਰੌਪਦੀ ਮੁਰਮੂ
Posted On:
07 AUG 2026 4:27PM by PIB Chandigarh
ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਅੱਜ (8 ਅਗਸਤ 2026) ਰਾਸ਼ਟਰਪਤੀ ਭਵਨ ਸਭਿਆਚਾਰਕ ਕੇਂਦਰ, ਨਵੀਂ ਦਿੱਲੀ ਵਿੱਚ ਆਯੋਜਿਤ 12ਵੇਂ ਰਾਸ਼ਟਰੀ ਹੈਂਡਲੂਮ ਦਿਵਸ ਸਮਾਗਮ ਵਿੱਚ ਸ਼ਾਮਲ ਹੋਏ ਅਤੇ ਸੰਤ ਕਬੀਰ ਹੈਂਡਲੂਮ ਪੁਰਸਕਾਰ ਅਤੇ ਰਾਸ਼ਟਰੀ ਹੈਂਡਲੂਮ ਪੁਰਸਕਾਰ 2025 ਪ੍ਰਦਾਨ ਕੀਤੇ। ਇਸ ਮੌਕੇ 'ਤੇ ਭਾਰਤ ਦੀ ਅਮੀਰ ਅਤੇ ਵਿਭਿੰਨ ਹੈਂਡਲੂਮ ਬੁਣਾਈ ਪਰੰਪਰਾਵਾਂ ਦੇ ਸਨਮਾਨ ਵਿੱਚ ਚਾਰ ਯਾਦਗਾਰੀ ਡਾਕ ਟਿਕਟ ਵੀ ਜਾਰੀ ਕੀਤੇ ਗਏ।

ਸਮਾਗਮ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਹੈਂਡਲੂਮ ਸਦੀਆਂ ਤੋਂ ਭਾਰਤ ਦੀ ਸਭਿਅਤਾ ਦੀ ਵਿਕਾਸ ਯਾਤਰਾ ਦਾ ਅਨਿੱਖੜਵਾਂ ਅੰਗ ਰਿਹਾ ਹੈ। ਇਸ ਵਿੱਚ ਸਾਡੇ ਰਾਸ਼ਟਰ ਦੀ ਅਸਧਾਰਨ ਵਿਭਿੰਨਤਾ ਦਿਖਾਈ ਦਿੰਦੀ ਹੈ ਅਤੇ ਇਸ ਨੇ ਸਾਡੀਆਂ ਖੇਤਰੀ ਵਿਸ਼ੇਸ਼ਤਾਵਾਂ ਨੂੰ ਸੰਭਾਲ ਕੇ ਵੀ ਰੱਖਿਆ ਹੈ। ਹੈਂਡਲੂਮ ਖੇਤਰ ਤੋਂ ਰੋਜ਼ਗਾਰ, ਮਹਿਲਾ ਸਸ਼ਕਤੀਕਰਨ, ਕਲਾ-ਸੱਭਿਆਚਾਰ ਅਤੇ ਕੁਦਰਤ-ਪ੍ਰੇਮ ਨੂੰ ਉਤਸ਼ਾਹ ਮਿਲਦਾ ਹੈ। ਹੈਂਡਲੂਮ ਭਾਰਤ ਦੇ ਆਜ਼ਾਦੀ ਸੰਗਰਾਮ ਅਤੇ ਆਤਮਨਿਰਭਰਤਾ ਨਾਲ ਵੀ ਜੁੜਿਆ ਰਿਹਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਸਵਦੇਸ਼ੀ ਅੰਦੋਲਨ ਦੀ ਸ਼ੁਰੂਆਤ 7 ਅਗਸਤ 1905 ਨੂੰ ਹੋਈ ਸੀ। ਬੰਗਾਲ ਵੰਡ ਦੇ ਵਿਰੋਧ ਵਿੱਚ ਸ਼ੁਰੂ ਹੋਏ ਇਸ ਅੰਦੋਲਨ ਦਾ ਉਦੇਸ਼ ਸਵਦੇਸ਼ੀ ਵਸਤੂਆਂ, ਸਵਦੇਸ਼ੀ ਉਦਯੋਗਾਂ ਅਤੇ ਵਿਸ਼ੇਸ਼ ਤੌਰ 'ਤੇ ਦੇਸ਼ ਦੇ ਹੱਥਖੱਡੀ ਬੁਣਕਰਾਂ ਨੂੰ ਉਤਸ਼ਾਹ ਦੇਣਾ ਸੀ। ਇਸੇ ਇਤਿਹਾਸਕ ਘਟਨਾ ਦੇ ਸਨਮਾਨ ਵਿੱਚ ਭਾਰਤ ਸਰਕਾਰ ਸਾਲ 2015 ਤੋਂ 7 ਅਗਸਤ ਨੂੰ ਰਾਸ਼ਟਰੀ ਹੈਂਡਲੂਮ ਦਿਵਸ ਵਜੋਂ ਮਨਾਉਂਦੀ ਆ ਰਹੀ ਹੈ। ਉਨ੍ਹਾਂ ਨੇ ਰਾਸ਼ਟਰੀ ਹੈਂਡਲੂਮ ਦਿਵਸ 'ਤੇ ਹੈਂਡਲੂਮ ਖੇਤਰ ਨਾਲ ਜੁੜੇ ਸਾਰੇ ਲੋਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਆਯੋਜਨ ਸਾਡੇ ਦੇਸ਼ ਦੀ ਵਿਭਿੰਨਤਾ ਦਾ ਉਤਸਵ ਹੈ ਜੋ ਸਾਡੀ ਸਭਿਆਚਾਰਕ ਇੱਕਜੁੱਟਤਾ ਨੂੰ ਦਰਸਾਉਂਦਾ ਹੈ। ਇਹ ਸਰਕਾਰ ਅਤੇ ਬੁਣਕਰ ਸਮਾਜ ਦੇ ਉਨ੍ਹਾਂ ਸਾਂਝੇ ਯਤਨਾਂ ਨੂੰ ਯਾਦ ਕਰਨ ਦਾ ਮੌਕਾ ਹੈ ਜੋ ਭਾਰਤ ਦੇ ਹੈਂਡਲੂਮ ਖੇਤਰ ਦੀ ਇੱਕ ਵਧੀਆ ਗੁਣਵੱਤਾ ਵਾਲਾ ਅਕਸ ਬਣਾ ਰਹੇ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਹੈਂਡਲੂਮ ਖੇਤਰ ਦੀ ਭਾਰਤ ਦੀ ਪੇਂਡੂ ਪ੍ਰੀਮੀਅਮ ਅਰਥਵਿਵਸਥਾ ਦਾ ਇੱਕ ਮੁੱਖ, ਮਨੁੱਖ-ਕੇਂਦਰਿਤ ਉਦਾਹਰਨ ਬਣਨ ਦੀਆਂ ਸੰਭਾਵਨਾਵਾਂ ਬਹੁਤ ਮਜ਼ਬੂਤ ਹੋਈਆਂ ਹਨ। ਮਹੱਤਵਪੂਰਨ ਹੈਂਡਲੂਮ ਕਲੱਸਟਰਾਂ ਨੂੰ ਆਧੁਨਿਕ ਤਕਨਾਲੋਜੀ ਅਤੇ ਆਧੁਨਿਕ ਸਿਖਲਾਈ ਵਿਧੀਆਂ ਨਾਲ ਜੋੜਿਆ ਜਾ ਰਿਹਾ ਹੈ। ਸਰਕਾਰ ਬੁਣਕਰਾਂ ਦੀ ਆਮਦਨ ਵਧਾਉਣ ਲਈ ਕਈ ਕਦਮ ਚੁੱਕ ਰਹੀ ਹੈ। ਉਨ੍ਹਾਂ ਨੇ ਇਹ ਜਾਣ ਕੇ ਸ਼ਲਾਘਾ ਕੀਤੀ ਕਿ ਸਰਕਾਰ ਦੇ ਯਤਨਾਂ ਨਾਲ ਭਾਰਤੀ ਹੈਂਡਲੂਮ ਖੇਤਰ ਦਾ ਅੰਤਰਰਾਸ਼ਟਰੀ ਅਕਸ ਨਿਖਰ ਰਿਹਾ ਹੈ ਅਤੇ ਇਹ ਖੇਤਰ ਇੱਕ 'ਪ੍ਰਮਾਣਿਤ ਸਭਿਆਚਾਰਕ ਅਰਥਵਿਵਸਥਾ' ਵਿੱਚ ਬਦਲ ਰਿਹਾ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਤਕਨਾਲੋਜੀ ਅਤੇ ਨਵੀਨਤਾਕਾਰੀ ਡਿਜ਼ਾਈਨਾਂ ਦੇ ਨਾਲ ਕਈ ਪ੍ਰਤਿਭਾਸ਼ਾਲੀ ਨੌਜਵਾਨ ਉੱਦਮੀ ਇਸ ਖੇਤਰ ਵਿੱਚ ਆ ਰਹੇ ਹਨ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਰਕਾਰੀ ਯੋਜਨਾਵਾਂ ਅਤੇ ਸੰਸਥਾਵਾਂ ਵੱਲੋਂ ਨੌਜਵਾਨਾਂ ਨੂੰ ਸਰਗਰਮ ਰੂਪ ਵਿੱਚ ਸਹਿਯੋਗ ਅਤੇ ਮਾਰਗਦਰਸ਼ਨ ਦਿੱਤਾ ਜਾਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦਾ ਉਤਸ਼ਾਹ ਅਤੇ ਹੁਨਰ ਇਸ ਖੇਤਰ ਦੀ ਲੰਬੇ ਸਮੇਂ ਦੀ ਬਹੁਪੱਖੀ ਸਫਲਤਾ ਨਿਸ਼ਚਿਤ ਕਰ ਸਕੇ। ਨੌਜਵਾਨ ਉੱਦਮੀ, ਡਿਜ਼ਾਈਨਰ ਅਤੇ ਸਟਾਰਟਅੱਪਸ ਪਰੰਪਰਾਗਤ ਸ਼ਿਲਪ ਨੂੰ ਆਧੁਨਿਕ ਟ੍ਰੈਂਡਸ, ਬ੍ਰਾਂਡਾਂ ਅਤੇ ਗਲੋਬਲ ਵੈਲਿਊ ਚੇਨ ਨਾਲ ਜੋੜ ਕੇ ਇਸ ਖੇਤਰ ਵਿੱਚ ਨਵੇਂ ਮੌਕੇ ਪੈਦਾ ਕਰ ਸਕਦੇ ਹਨ। ਉਨ੍ਹਾਂ ਨੂੰ ਇਹ ਜਾਣ ਕੇ ਖ਼ੁਸ਼ੀ ਹੋਈ ਕਿ ਭਾਰਤੀ ਹੈਂਡਲੂਮ ਤਕਨਾਲੋਜੀ ਸੰਸਥਾਨ ਅਤੇ ਬੁਣਕਰ ਸੇਵਾ ਕੇਂਦਰਾਂ ਦੀ ਸਰਪ੍ਰਸਤੀ ਹੇਠ ਡਿਜ਼ਾਈਨ ਸਰੋਤ ਕੇਂਦਰ ਨੌਜਵਾਨਾਂ ਨੂੰ ਇਸ ਖੇਤਰ ਨਾਲ ਜੋੜਨ ਦਾ ਇੱਕ ਮਹੱਤਵਪੂਰਨ ਕੰਮ ਕਰ ਰਹੇ ਹਨ।
ਰਾਸ਼ਟਰਪਤੀ ਨੇ ਕਿਹਾ ਕਿ ਇਸ ਖੇਤਰ ਦੇ ਸਥਾਈ ਵਿਕਾਸ ਲਈ ਨਵੀਂ ਤਕਨਾਲੋਜੀ ਦੀ ਉਚਿਤ ਵਰਤੋਂ ਜ਼ਰੂਰੀ ਹੈ। ਆਧੁਨਿਕ ਡਿਜੀਟਲ ਹੱਲਾਂ ਰਾਹੀਂ ਬਾਜ਼ਾਰ ਤੱਕ ਪਹੁੰਚ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ, ਈ-ਕਾਮਰਸ ਪਲੇਟਫ਼ਾਰਮਾਂ ਰਾਹੀਂ ਭਾਰਤੀ ਹੈਂਡਲੂਮ ਉਤਪਾਦਾਂ ਦੀ ਪਹੁੰਚ ਗਲੋਬਲ ਬਾਜ਼ਾਰਾਂ ਤੱਕ ਹੋਰ ਵੀ ਮਜ਼ਬੂਤ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਹੈਂਡਲੂਮ ਖੇਤਰ ਦੇਸ਼ ਦੇ ਸਰਬਪੱਖੀ ਵਿਕਾਸ ਅਤੇ ਆਤਮਨਿਰਭਰਤਾ ਦਾ ਇੱਕ ਮਜ਼ਬੂਤ ਆਧਾਰ ਬਣੇਗਾ।
ਸੰਤ ਕਬੀਰ ਹੈਂਡਲੂਮ ਪੁਰਸਕਾਰ ਹੱਥਖੱਡੀ ਬੁਣਕਰਾਂ ਨੂੰ ਦਿੱਤਾ ਜਾਣ ਵਾਲਾ ਦੇਸ਼ ਦਾ ਸਰਵਉੱਚ ਸਨਮਾਨ ਹੈ, ਜੋ ਉਨ੍ਹਾਂ ਦੀ ਸ਼ਾਨਦਾਰ ਕਾਰੀਗਰੀ, ਹੱਥਖੱਡੀ ਪ੍ਰਤੀ ਸਮਰਪਿਤ ਜੀਵਨ ਅਤੇ ਭਾਰਤ ਦੀਆਂ ਬੁਣਾਈ ਪਰੰਪਰਾਵਾਂ ਨੂੰ ਬਰਕਰਾਰ ਰੱਖਣ ਅਤੇ ਉਤਸ਼ਾਹਿਤ ਕਰਨ ਲਈ ਉਨ੍ਹਾਂ ਦੇ ਨਿਰੰਤਰ ਯੋਗਦਾਨ ਨੂੰ ਸਨਮਾਨਿਤ ਕਰਨ ਲਈ ਪ੍ਰਦਾਨ ਕੀਤਾ ਜਾਂਦਾ ਹੈ। ਰਾਸ਼ਟਰੀ ਹੈਂਡਲੂਮ ਪੁਰਸਕਾਰ ਉਨ੍ਹਾਂ ਹੱਥਖੱਡੀ ਬੁਣਕਰਾਂ ਅਤੇ ਹੋਰ ਹਿੱਸੇਦਾਰਾਂ ਨੂੰ ਸਨਮਾਨਿਤ ਕਰਨ ਲਈ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਪਰੰਪਰਾਗਤ ਹੁਨਰਾਂ ਦੀ ਸੰਭਾਲ ਕਰਨ ਅਤੇ ਆਧੁਨਿਕ ਤਕਨੀਕਾਂ ਨੂੰ ਅਪਣਾਉਣ ਦੇ ਨਾਲ-ਨਾਲ ਬੇਮਿਸਾਲ ਰਚਨਾਤਮਕਤਾ, ਗੁਣਵੱਤਾ, ਨਵੀਨਤਾ ਅਤੇ ਉੱਤਮਤਾ ਦਾ ਪ੍ਰਦਰਸ਼ਨ ਕੀਤਾ ਹੈ।
ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ।
************
ਐੱਮਜੇਪੀਐੱਸ/ਐੱਸਐੱਸ/ਪੀਆਰਕੇ
(Release ID: 2296953)
ਵਿਜ਼ੀਟਰ ਕਾਊਂਟਰ : 34
Read this release in:
Tamil
,
Telugu
,
Malayalam
,
English
,
Urdu
,
हिन्दी
,
Marathi
,
Bengali
,
Assamese
,
Gujarati
,
Odia
,
Kannada