ਵਣਜ ਤੇ ਉਦਯੋਗ ਮੰਤਰਾਲਾ
ਭਾਰਤ ਅਤੇ ਰਵਾਂਡਾ ਨੇ ਦੁਵੱਲੇ ਵਪਾਰ ਅਤੇ ਨਿਵੇਸ਼ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਸਾਂਝੀ ਵਪਾਰ ਕਮੇਟੀ ਦੀ ਪਹਿਲੀ ਬੈਠਕ ਆਯੋਜਿਤ ਕੀਤੀ
ਭਾਰਤ ਅਤੇ ਰਵਾਂਡਾ ਨੇ ਦੁਵੱਲੇ ਵਪਾਰ ਦਾ ਵਿਸਤਾਰ ਕਰਨ ਅਤੇ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਵਚਨਬੱਧਤਾ ਪ੍ਰਗਟਾਈ
ਭਾਰਤ ਅਤੇ ਰਵਾਂਡਾ ਨੇ ਮਹੱਤਵਪੂਰਨ ਖਣਿਜਾਂ, ਸਿਹਤ ਸੰਭਾਲ ਅਤੇ ਡਿਜੀਟਲ ਤਕਨਾਲੋਜੀਆਂ ਵਿੱਚ ਸਹਿਯੋਗ ਲਈ ਤਰਜੀਹੀ ਖੇਤਰਾਂ ਦੀ ਪਛਾਣ ਕੀਤੀ
प्रविष्टि तिथि:
01 AUG 2026 12:19PM by PIB Chandigarh
ਭਾਰਤ-ਰਵਾਂਡਾ ਸਾਂਝੀ ਵਪਾਰ ਕਮੇਟੀ (JTC) ਦਾ ਪਹਿਲਾ ਸੈਸ਼ਨ 30 ਅਤੇ 31 ਜੁਲਾਈ 2026 ਨੂੰ ਨਵੀਂ ਦਿੱਲੀ ਵਿੱਚ ਆਯੋਜਿਤ ਕੀਤਾ ਗਿਆ ਸੀ। ਭਾਰਤੀ ਵਫ਼ਦ ਦੀ ਅਗਵਾਈ ਵਣਜ ਵਿਭਾਗ ਦੇ ਸੰਯੁਕਤ ਸਕੱਤਰ ਸ਼੍ਰੀ ਅਮਿਤ ਕੁਮਾਰ ਨੇ ਕੀਤੀ, ਜਦਕਿ ਰਵਾਂਡਾ ਦੇ ਵਫ਼ਦ ਦੀ ਅਗਵਾਈ ਰਵਾਂਡਾ ਗਣਰਾਜ ਦੇ ਵਿਦੇਸ਼ ਮਾਮਲੇ ਅਤੇ ਅੰਤਰਰਾਸ਼ਟਰੀ ਸਹਿਯੋਗ ਮੰਤਰਾਲੇ ਦੇ ਏਸ਼ੀਆ, ਪ੍ਰਸ਼ਾਂਤ ਅਤੇ ਮੱਧ ਪੂਰਬ ਮਾਮਲਿਆਂ ਦੇ ਡਾਇਰੈਕਟਰ ਜਨਰਲ ਸ਼੍ਰੀ ਵਰਜਿਲ ਰਵਾਨਯਾਗਟਾਰੇ (Mr. Virgile Rwanyagatare) ਨੇ ਕੀਤੀ।
ਵਣਜ ਵਿਭਾਗ ਦੇ ਵਧੀਕ ਸਕੱਤਰ ਸ਼੍ਰੀ ਯਸ਼ਵੀਰ ਸਿੰਘ ਨੇ ਉਦਘਾਟਨੀ ਭਾਸ਼ਣ ਦਿੰਦਿਆਂ ਕਿਹਾ ਕਿ ਇਹ ਉਦਘਾਟਨੀ ਸੈਸ਼ਨ ਦੁਵੱਲੇ ਵਪਾਰ ਦੀ ਸਮੀਖਿਆ ਕਰਨ, ਵਪਾਰ ਵਿੱਚ ਵਿਭਿੰਨਤਾ ਲਿਆਉਣ, ਦੋਵਾਂ ਦੇਸ਼ਾਂ ਦੇ ਵਿਚਕਾਰ ਨਿਵੇਸ਼ ਵਧਾਉਣ ਅਤੇ ਲੌਜਿਸਟਿਕਸ ਸਬੰਧੀ ਰੁਕਾਵਟਾਂ ਨੂੰ ਦੂਰ ਕਰਨ ਲਈ ਇੱਕ ਸਥਾਈ, ਸੰਗਠਿਤ ਅਤੇ ਸਮੇਂ-ਸਮੇਂ ‘ਤੇ ਕੰਮ ਕਰਨ ਵਾਲੀ ਅਪੈਕਸ ਮਕੈਨੀਜ਼ਮ ਦੀ ਸਥਾਪਨਾ ਕਰਦਾ ਹੈ।
ਦੋਵੇਂ ਧਿਰਾਂ ਨੇ ਵਸਤੂਆਂ ਅਤੇ ਸੇਵਾਵਾਂ ਦੇ ਦੁਵੱਲੇ ਵਪਾਰ ਦੀ ਮੌਜੂਦਾ ਸਥਿਤੀ ਦੀ ਸਮੀਖਿਆ ਕੀਤੀ। ਭਾਰਤ ਵੱਲੋਂ ਰਵਾਂਡਾ ਨੂੰ ਨਿਰਯਾਤ ਕੀਤੀਆਂ ਜਾਣ ਵਾਲੀਆਂ ਪ੍ਰਮੁੱਖ ਵਸਤੂਆਂ ਵਿੱਚ ਔਸ਼ਧੀ ਨਿਰਮਾਣ ਅਤੇ ਜੈਵਿਕ ਉਤਪਾਦ, ਦੋਪਹੀਆ ਅਤੇ ਤਿੰਨਪਹੀਆ ਵਾਹਨ, ਉਦਯੋਗਿਕ ਅਤੇ ਬਿਜਲੀ ਦੀਆਂ ਮਸ਼ੀਨਰੀ, ਤੇਲ ਖਲੀ ਅਤੇ ਲੋਹਾ ਅਤੇ ਸਟੀਲ ਉਤਪਾਦ ਸ਼ਾਮਲ ਹਨ; ਜਦਕਿ ਰਵਾਂਡਾ ਤੋਂ ਭਾਰਤ ਨੂੰ ਬਰਾਮਦ ਕੀਤੀਆਂ ਜਾਣ ਵਾਲੀਆਂ ਵਸਤੂਆਂ ਵਿੱਚ ਸਿੱਕਾ (lead), ਮਸਾਲੇ, ਜ਼ਰੂਰੀ ਤੇਲ , ਤਾਂਬਾ, ਕੀਮਤੀ ਅਤੇ ਅਰਧ-ਕੀਮਤੀ ਪੱਥਰ, ਪ੍ਰੋਸੈੱਸਡ ਖੇਤੀਬਾੜੀ ਉਤਪਾਦ ਅਤੇ ਖਣਿਜ ਸ਼ਾਮਲ ਹਨ। ਦੋਵੇਂ ਧਿਰਾਂ ਦੁਵੱਲੇ ਵਪਾਰ ਵਿੱਚ ਵਿਭਿੰਨਤਾ ਲਿਆਉਣ, ਵਪਾਰਕ ਸਬੰਧਾਂ ਨੂੰ ਸੁਚਾਰੂ ਬਣਾਉਣ ਅਤੇ ਬਜ਼ਾਰ ਪਹੁੰਚ ਸਬੰਧੀ ਮੁੱਦਿਆਂ ਨੂੰ ਹੱਲ ਕਰਨ ਲਈ ਮਿਲ ਕੇ ਯਤਨ ਕਰਨ ‘ਤੇ ਸਹਿਮਤ ਹੋਈਆਂ।
ਭਾਰਤ ਨੇ ਭਾਰੀ ਇੰਜੀਨੀਅਰਿੰਗ ਸਮਾਨ, ਫਾਰਮਾਸਿਊਟੀਕਲਜ਼ ਅਤੇ ਮੈਡੀਕਲ ਉਪਕਰਣ, ਸ਼ੁੱਧ ਪੈਟਰੋਲੀਅਮ ਉਤਪਾਦ, ਕੱਪੜੇ, ਸਮੁੰਦਰੀ ਉਤਪਾਦ, ਪਲਾਸਟਿਕ, ਖੇਡਾਂ ਦਾ ਸਮਾਨ ਅਤੇ ਖਿਡੌਣੇ, ਰਤਨ ਅਤੇ ਗਹਿਣੇ ਅਤੇ ਵਿਗਿਆਨਕ ਉਪਕਰਣਾਂ ਦੇ ਨਿਰਯਾਤ ਵਿੱਚ ਵਿਸਤਾਰ ਦੀਆਂ ਸੰਭਾਵਨਾਵਾਂ ਬਾਰੇ ਦੱਸਿਆ। ਇਹ ਦੱਸਿਆ ਗਿਆ ਕਿ ਭਾਰਤ ਰਵਾਂਡਾ ਦੇ ਫਾਰਮਾਸਿਊਟੀਕਲ ਆਯਾਤ ਦਾ ਸਭ ਤੋਂ ਵੱਡਾ ਸਰੋਤ ਬਣਿਆ ਹੋਇਆ ਹੈ। ਇਹ ਦੇਸ਼ ਦੇ ਫਾਰਮਾਸਿਊਟੀਕਲ ਆਯਾਤ ਦਾ ਲਗਭਗ 24.5 ਪ੍ਰਤੀਸ਼ਤ ਹੈ। ਰਵਾਂਡਾ ਨੇ ਮਿਰਚ, ਮੈਕਾਡਾਮੀਆ, ਫ੍ਰੈਂਚ ਬੀਨਜ਼, ਐਵਾਕਾਡੋ, ਜ਼ਰੂਰੀ ਤੇਲ, ਚਾਹ, ਕੌਫੀ, ਹੋਰ ਬਾਗਬਾਨੀ ਉਤਪਾਦ, ਖਣਿਜ ਅਤੇ ਕੀਮਤੀ ਪੱਥਰਾਂ ਨੂੰ ਭਾਰਤ ਨੂੰ ਪਹਿਲ ਦੇ ਅਧਾਰ ‘ਤੇ ਨਿਰਯਾਤ ਕਰਨ ਯੋਗ ਵਸਤੂਆਂ ਵਜੋਂ ਪਛਾਣਿਆ। ਦੋਵੇਂ ਧਿਰਾਂ ਨੇ ਮਾਪਦੰਡਾਂ ਦੇ ਸੁਮੇਲ ‘ਤੇ ਸਹਿਯੋਗ ਬਾਰੇ ਵੀ ਚਰਚਾ ਕੀਤੀ, ਜਿਸ ਵਿੱਚ ਭਾਰਤੀ ਮਿਆਰ ਬਿਊਰੋ ਅਤੇ ਰਵਾਂਡਾ ਮਿਆਰ ਬੋਰਡ ਵਿਚਕਾਰ ਸਮਰੱਥਾ ਵਿਕਾਸ ਸ਼ਾਮਲ ਹੈ।
ਰਵਾਂਡਾ ਨੇ ਨਿਵੇਸ਼ ਦੇ ਸੰਦਰਭ ਵਿੱਚ ਦੱਸਿਆ ਕਿ 2025 ਤੱਕ ਭਾਰਤ ਉਸ ਦਾ ਦੂਜਾ ਸਭ ਤੋਂ ਵੱਡਾ ਵਿਦੇਸ਼ੀ ਨਿਵੇਸ਼ਕ ਹੈ ਅਤੇ ਉਸ ਨੇ ਮਾਈਨਿੰਗ, ਐਗਰੋ-ਪ੍ਰੋਸੈੱਸਿੰਗ , ਕਿਫ਼ਾਇਤੀ ਰਿਹਾਇਸ਼, ਸੂਚਨਾ ਅਤੇ ਸੰਚਾਰ ਤਕਨਾਲੋਜੀ, ਮੈਨੂਫੈਕਚਰਿੰਗ, ਸਿਹਤ ਸੰਭਾਲ, ਸੈਰ-ਸਪਾਟਾ ਅਤੇ ਵਿੱਤੀ ਸੇਵਾਵਾਂ ਵਿੱਚ ਮੌਕਿਆਂ ਬਾਰੇ ਜਾਣਕਾਰੀ ਦਿੱਤੀ। ਦੋਵੇਂ ਧਿਰਾਂ ਨੇ JTC ਢਾਂਚੇ ਦੇ ਤਹਿਤ ਇਨਵੈਸਟ ਇੰਡੀਆ ਅਤੇ ਰਵਾਂਡਾ ਡਿਵੈਲਪਮੈਂਟ ਬੋਰਡ ਨੂੰ ਨਿਵੇਸ਼ ਕੇਂਦਰਾਂ ਵਜੋਂ ਨਾਮਜ਼ਦ ਕੀਤਾ ਅਤੇ ਵਪਾਰ ਮੇਲਿਆਂ, ਵਪਾਰਕ ਫੋਰਮਾਂ ਅਤੇ ਖਰੀਦਦਾਰ-ਵੇਚਣ ਵਾਲੇ ਦੀਆਂ ਬੈਠਕਾਂ ਦੇ ਕੈਲੰਡਰ ਦਾ ਅਦਾਨ-ਪ੍ਰਦਾਨ ਕਰਨ ‘ਤੇ ਸਹਿਮਤੀ ਪ੍ਰਗਟਾਈ। ਰਵਾਂਡਾ ਨੇ ਈਸਟ ਅਫਰੀਕਨ ਕਮਿਊਨਿਟੀ (EAC), ਕੌਮਨ ਮਾਰਕਿਟ ਫਾਰ ਈਸਟਰਨ ਐਂਡ ਸਾਊਦਰਨ ਅਫਰੀਕਾ (COMESA) ਅਤੇ ਅਫਰੀਕਨ ਕੌਂਟੀਨੈਂਟਲ ਫ੍ਰੀ ਟ੍ਰੇਡ ਏਰੀਆ (AfCFTA) ਦੇ ਗੇਟਵੇ ਵਜੋਂ ਆਪਣੀ ਰਣਨੀਤਕ ਸਥਿਤੀ ਬਾਰੇ ਵੀ ਦੱਸਿਆ ਅਤੇ ਭਾਰਤੀ ਵਪਾਰੀਆਂ ਨੂੰ ਇੱਕ ਵਿਆਪਕ ਖੇਤਰੀ ਬਜ਼ਾਰ ਤੱਕ ਪਹੁੰਚ ਪ੍ਰਦਾਨ ਕਰਨ ਦੀ ਪੇਸ਼ਕਸ਼ ਕੀਤੀ।
ਦੋਵੇਂ ਧਿਰਾਂ ਨੇ ਖੇਤਰੀ ਸਹਿਯੋਗ ਲਈ ਕਈ ਪਹਿਲ ਵਾਲੇ ਖੇਤਰਾਂ ਦੀ ਪਛਾਣ ਕੀਤੀ। ਭਾਰਤ ਨੇ ਮਹੱਤਵਪੂਰਨ ਖਣਿਜਾਂ ਦੇ ਖੇਤਰ ਵਿੱਚ ਰਵਾਂਡਾ ਦੇ ਟਿਨ, ਟੰਗਸਟਨ ਅਤੇ ਟੈਂਟਲਮ ਸਰੋਤਾਂ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਵਿੱਚ ਦਿਲਚਸਪੀ ਪ੍ਰਗਟਾਈ। ਇਸ ਵਿੱਚ ਭਾਰਤੀ ਭੂ-ਵਿਗਿਆਨਕ ਸਰਵੇਖਣ ਅਤੇ ਰਵਾਂਡਾ ਮਾਈਨਜ਼, ਪੈਟਰੋਲੀਅਮ ਅਤੇ ਗੈਸ ਬੋਰਡ ਵਿਚਕਾਰ ਸੰਸਥਾਗਤ ਸਹਿਯੋਗ ਸ਼ਾਮਲ ਹੈ। ਫਾਰਮਾਸਿਊਟੀਕਲਸ ਅਤੇ ਸਿਹਤ ਸੰਭਾਲ ਦੇ ਖੇਤਰ ਵਿੱਚ, ਦੋਵੇਂ ਧਿਰਾਂ ਨੇ ਦੱਸਿਆ ਕਿ ਦੋਵਾਂ ਦੇਸ਼ਾਂ ਦੇ ਸਿਹਤ ਅਧਿਕਾਰੀਆਂ ਵਿਚਕਾਰ ਸਹਿਮਤੀ ਪੱਤਰ ਦਸਤਖਤ ਕਰਨ ਦੇ ਅੰਤਿਮ ਪੜਾਅ ‘ਤੇ ਹੈ। ਭਾਰਤ ਨੇ ਭਾਰਤੀ ਫਾਰਮਾਕੋਪੀਆ ਨੂੰ ਮਾਨਤਾ ਦੇਣ ਅਤੇ ਰਵਾਇਤੀ ਚਿਕਿਤਸਾ ਵਿੱਚ ਸਹਿਯੋਗ ਵਧਾਉਣ ਦਾ ਵੀ ਪ੍ਰਸਤਾਵ ਰੱਖਿਆ।
ਚਰਚਾਵਾਂ ਵਿੱਚ ਖੇਤੀਬਾੜੀ ਅਤੇ ਖੇਤੀਬਾੜੀ-ਪ੍ਰੋਸੈੱਸਿੰਗ ਵਿੱਚ ਸਹਿਯੋਗ ਦੇ ਵਿਸ਼ੇ ਵੀ ਸ਼ਾਮਲ ਸਨ, ਜਿਨ੍ਹਾਂ ਵਿੱਚ ਐਵਾਕਾਡੋ; ਕੱਪੜੇ ਅਤੇ ਚਮੜਾ; ਗ੍ਰੀਨ ਮੋਬੀਲਿਟੀ, ਡਿਜੀਟਲ ਜਨਤਕ ਬੁਨਿਆਦੀ ਢਾਂਚਾ , ਫਿਨਟੈੱਕ ਅਤੇ ਸਾਈਬਰ ਸੁਰੱਖਿਆ; ਅਤੇ ਅਖੁੱਟ ਊਰਜਾ ਲਈ ਬਜ਼ਾਰ ਪਹੁੰਚ ਸ਼ਾਮਲ ਸੀ। ਭਾਰਤ ਨੇ ਭਾਰਤੀ ਤਕਨੀਕੀ ਅਤੇ ਆਰਥਿਕ ਸਹਿਯੋਗ (ITEC) ਪ੍ਰੋਗਰਾਮ, ‘ਸਟਡੀ ਇਨ ਇੰਡੀਆ’ ਪਹਿਲਕਦਮੀ ਅਤੇ ‘ਸਕਿੱਲ ਇੰਡੀਆ ਮਿਸ਼ਨ’ ਦੇ ਮਾਧਿਅਮ ਨਾਲ ਸਮਰੱਥਾ ਵਿਕਾਸ ਵਿੱਚ ਨਿਰੰਤਰ ਸਹਾਇਤਾ ਪ੍ਰਦਾਨ ਕਰਨ ਦਾ ਪ੍ਰਸਤਾਵ ਰੱਖਿਆ। ਇਸ ਵਿੱਚ ਰਵਾਂਡਾ ਦੇ ਤਕਨੀਕੀ ਅਤੇ ਵਪਾਰਕ ਸਿੱਖਿਆ ਅਤੇ ਸਿਖਲਾਈ ਢਾਂਚੇ ਨੂੰ ਮਜ਼ਬੂਤ ਕਰਨ ਲਈ ਸਹਿਯੋਗ ਵੀ ਸ਼ਾਮਲ ਹੈ।
ਇਹ ਚਰਚਾ ਹਮਦਰਦੀਪੂਰਨ ਅਤੇ ਉਸਾਰੂ ਮਾਹੌਲ ਵਿੱਚ ਸਮਾਪਤ ਹੋਈ। ਵਣਜ ਸਕੱਤਰ ਸ਼੍ਰੀ ਰਾਜੇਸ਼ ਅਗਰਵਾਲ ਨੇ ਦੁਵੱਲੀ ਵਪਾਰਕ ਭਾਈਵਾਲੀ ਨੂੰ ਅੱਗੇ ਵਧਾਉਣ ਲਈ ਦੋਵੇਂ ਵਫ਼ਦਾਂ ਨੂੰ ਵਧਾਈ ਦਿੱਤੀ ਅਤੇ ਸਹਿਮਤੀ ਦੇ ਕਾਰਜ-ਵੇਰਵੇ ਵਿੱਚ ਦਰਜ ਨਤੀਜਿਆਂ ਦੀ ਗੰਭੀਰ ਨਿਗਰਾਨੀ ਅਤੇ ਸਮੇਂ ਸਿਰ ਲਾਗੂ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ।
ਸਹਿਮਤੀ ਦੇ ਕਾਰਜ-ਵੇਰਵੇ ‘ਤੇ 31 ਜੁਲਾਈ, 2026 ਨੂੰ ਨਵੀਂ ਦਿੱਲੀ ਵਿੱਚ ਦਸਤਖਤ ਕੀਤੇ ਗਏ। ਦੋਵੇਂ ਧਿਰਾਂ ਕੂਟਨੀਤਕ ਚੈਨਲਾਂ ਰਾਹੀਂ ਆਪਸੀ ਸਹਿਮਤੀ ਨਾਲ ਤੈਅ ਕੀਤੀ ਗਈ ਮਿਤੀ ‘ਤੇ ਇੱਕ ਸਾਲ ਬਾਅਦ ਰਵਾਂਡਾ ਵਿੱਚ ਭਾਰਤ-ਰਵਾਂਡਾ ਸਾਂਝੀ ਵਪਾਰ ਕਮੇਟੀ ਦਾ ਦੂਜਾ ਸੈਸ਼ਨ ਆਯੋਜਿਤ ਕਰਨ ‘ਤੇ ਸਹਿਮਤ ਹੋਈਆਂ।

************
ਅਭਿਸ਼ੇਕ ਦਿਆਲ/ਗਰਿਮਾ ਸਿੰਘ/ਇਸ਼ਿਤਾ ਬਿਸਵਾਸ/ਏਕੇ
(रिलीज़ आईडी: 2293209)
आगंतुक पटल : 6