ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਵਿਕਸਤ ਭਾਰਤ ਲਈ 'ਨਸ਼ਾ ਮੁਕਤ ਯੁਵਾ ਸੰਕਲਪ ਅਭਿਆਨ' ਦੀ ਸ਼ੁਰੂਆਤ 2 ਅਗਸਤ 2026 ਨੂੰ ਹੋਵੇਗੀ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੇ ਖ਼ਿਲਾਫ਼ 100 ਹਫ਼ਤਿਆਂ ਦੇ ਰਾਸ਼ਟਰਵਿਆਪੀ ਜਨ ਭਾਗੀਦਾਰੀ ਅਭਿਆਨ ਦੀ ਸ਼ੁਰੂਆਤ ਕਰਨਗੇ
ਲਗਭਗ 10,000 ਥਾਵਾਂ ’ਤੇ ਇੱਕੋ ਸਮੇਂ ਇੱਕ ਕਰੋੜ ਤੋਂ ਵੱਧ ਨੌਜਵਾਨ ਨਸ਼ਾ ਮੁਕਤੀ ਦੀ ਸਹੁੰ ਚੁੱਕਣਗੇ
प्रविष्टि तिथि:
29 JUL 2026 2:32PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਸ਼ਾ ਮੁਕਤ ਭਾਰਤ ਅਤੇ ਵਿਕਸਤ ਭਾਰਤ 2047 ਦੇ ਦ੍ਰਿਸ਼ਟੀਕੋਣ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ 2 ਅਗਸਤ 2026 ਨੂੰ "ਵਿਕਸਤ ਭਾਰਤ ਲਈ ਨਸ਼ਾ ਮੁਕਤ ਯੁਵਾ ਸੰਕਲਪ ਅਭਿਆਨ" ਦੀ ਸ਼ੁਰੂਆਤ ਕਰਨਗੇ। ਇਸ ਵਿੱਚ ਦੇਸ਼ ਦੇ ਨੌਜਵਾਨਾਂ ਨੂੰ ਜਨ ਭਾਗੀਦਾਰੀ ਦੀ ਭਾਵਨਾ ਰਾਹੀਂ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੇ ਖ਼ਿਲਾਫ਼ ਜਨ-ਅੰਦੋਲਨ ਦੀ ਅਗਵਾਈ ਕਰਨ ਦਾ ਸੱਦਾ ਦਿੱਤਾ ਜਾਵੇਗਾ।

ਪ੍ਰਧਾਨ ਮੰਤਰੀ ਦੇ ਸੱਦੇ ’ਤੇ 'ਮਾਈ ਭਾਰਤ' (MY Bharat) ਦੀ ਅਗਵਾਈ ਵਿੱਚ ਇੱਕ ਰਾਸ਼ਟਰਵਿਆਪੀ ਜਨ ਅੰਦੋਲਨ ਦੇ ਰੂਪ ਵਿੱਚ ਇਹ ਅਭਿਆਨ ਸ਼ੁਰੂ ਕੀਤਾ ਜਾਵੇਗਾ। ਇਸ ਵਿੱਚ ਦੇਸ਼ ਭਰ ਦੇ ਨੌਜਵਾਨਾਂ ਦੀ ਸਰਗਰਮ ਭਾਗੀਦਾਰੀ ਹੋਵੇਗੀ। ਇਸ ਪਹਿਲਕਦਮੀ ਦਾ ਉਦੇਸ਼ ਜਾਗਰੂਕਤਾ, ਭਾਈਚਾਰਕ ਭਾਗੀਦਾਰੀ ਅਤੇ ਨਿਰੰਤਰ ਜਨ ਭਾਗੀਦਾਰੀ ਨੂੰ ਉਤਸ਼ਾਹਿਤ ਕਰਕੇ ਨਸ਼ਾ ਮੁਕਤ ਭਾਰਤ ਦੇ ਨਿਰਮਾਣ ਲਈ ਯੁਵਾ ਨਾਗਰਿਕਾਂ ਨੂੰ ਇੱਕ ਸਾਂਝੇ ਰਾਸ਼ਟਰੀ ਮਿਸ਼ਨ ਵਿੱਚ ਇੱਕਜੁੱਟ ਕਰਨਾ ਹੈ।
ਪ੍ਰਧਾਨ ਮੰਤਰੀ ਦੇ ਸੰਬੋਧਨ ਤੋਂ ਪ੍ਰੇਰਿਤ ਹੋ ਕੇ, ਦੇਸ਼ ਭਰ ਵਿੱਚ ਲਗਭਗ 10,000 ਥਾਵਾਂ ’ਤੇ ਇੱਕੋ ਸਮੇਂ ਸਹੁੰ ਚੁੱਕ ਸਮਾਗਮ ਆਯੋਜਿਤ ਕੀਤੇ ਜਾਣਗੇ, ਜਿਸ ਵਿੱਚ ਇੱਕ ਕਰੋੜ ਤੋਂ ਵੱਧ ਨੌਜਵਾਨ ਨਸ਼ਾ ਮੁਕਤੀ ਦੀ ਸਹੁੰ ਚੁੱਕਣਗੇ, ਨਸ਼ਾ ਮੁਕਤ ਸਮਾਜ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਨਗੇ ਅਤੇ ਨਸ਼ਾ ਮੁਕਤ ਯੁਵਾ ਵਲੰਟੀਅਰਾਂ ਦੇ ਰੂਪ ਵਿੱਚ ਰਾਸ਼ਟਰ ਨਿਰਮਾਣ ਲਈ ਆਪਣੇ ਆਪ ਨੂੰ ਸਮਰਪਿਤ ਕਰਨਗੇ।
ਇਸ ਅਭਿਆਨ ਵਿੱਚ ਮਾਈ ਭਾਰਤ ਵਲੰਟੀਅਰਾਂ, ਰਾਸ਼ਟਰੀ ਸੇਵਾ ਯੋਜਨਾ (ਐੱਨਐੱਸਐੱਸ) ਵਲੰਟੀਅਰਾਂ, ਯੁਵਕ ਕਲੱਬਾਂ, ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਗੈਰ-ਸਰਕਾਰੀ ਸੰਗਠਨਾਂ, ਉਦਯੋਗਿਕ ਸੰਘਾਂ ਅਤੇ 125 ਤੋਂ ਵੱਧ ਅਧਿਆਤਮਿਕ ਸੰਗਠਨਾਂ ਦੀ ਸ਼ਾਨਦਾਰ ਭਾਗੀਦਾਰੀ ਦੇਖਣ ਨੂੰ ਮਿਲੇਗੀ, ਜਿਸ ਨਾਲ ਇਹ ਦੇਸ਼ ਵਿੱਚ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੇ ਖ਼ਿਲਾਫ਼ ਨੌਜਵਾਨਾਂ ਦੀ ਅਗਵਾਈ ਵਾਲੇ ਸਭ ਤੋਂ ਵੱਡੇ ਜਨ ਅੰਦੋਲਨਾਂ ਵਿੱਚੋਂ ਇੱਕ ਬਣ ਜਾਵੇਗਾ।
ਪਰੰਪਰਾਗਤ ਜਾਗਰੂਕਤਾ ਪ੍ਰੋਗਰਾਮਾਂ ਦੇ ਉਲਟ, 'ਵਿਕਸਤ ਭਾਰਤ ਲਈ ਨਸ਼ਾ ਮੁਕਤ ਯੁਵਾ ਸੰਕਲਪ ਅਭਿਆਨ' ਨੂੰ 100 ਹਫ਼ਤਿਆਂ ਦੇ ਨਿਰੰਤਰ ਜਨ ਭਾਗੀਦਾਰੀ ਅੰਦੋਲਨ ਦੇ ਰੂਪ ਵਿੱਚ ਉਲੀਕਿਆ ਗਿਆ ਹੈ। ਅਗਲੇ 100 ਹਫ਼ਤਿਆਂ ਤੱਕ ਹਰ ਐਤਵਾਰ ਨੂੰ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ, ਭਾਈਚਾਰਕ ਭਾਗੀਦਾਰੀ ਨੂੰ ਮਜ਼ਬੂਤ ਕਰਨ ਅਤੇ ਨੌਜਵਾਨਾਂ ਦੀ ਊਰਜਾ ਨੂੰ ਰਚਨਾਤਮਕ ਰਾਸ਼ਟਰ ਨਿਰਮਾਣ ਦੀ ਦਿਸ਼ਾ ਵਿੱਚ ਉਸਾਰੂ ਕਰਨ ਲਈ ਦੇਸ਼ ਭਰ ਵਿੱਚ ਨੌਜਵਾਨਾਂ ਦੀ ਅਗਵਾਈ ਹੇਠ ਗਤੀਵਿਧੀਆਂ ਆਯੋਜਿਤ ਕੀਤੀਆਂ ਜਾਣਗੀਆਂ।
ਹਫ਼ਤਾਵਾਰੀ ਗਤੀਵਿਧੀਆਂ ਵਿੱਚ ਖੇਡ ਮੁਕਾਬਲੇ, ਪੈਦਲ ਮਾਰਚ, ਧਿਆਨ ਸੈਸ਼ਨ, ਸਭਿਆਚਾਰਕ ਪ੍ਰੋਗਰਾਮ, ਕਲਾ ਅਤੇ ਰਚਨਾਤਮਕ ਮੁਕਾਬਲੇ, ਨੁੱਕੜ ਨਾਟਕ (ਸਟ੍ਰੀਟ ਪਲੇਅ), ਜਾਗਰੂਕਤਾ ਅਭਿਆਨ ਅਤੇ ਹੋਰ ਭਾਈਚਾਰਕ ਭਾਗੀਦਾਰੀ ਪਹਿਲਕਦਮੀਆਂ ਸ਼ਾਮਲ ਹੋਣਗੀਆਂ। ਇਨ੍ਹਾਂ ਦਾ ਉਦੇਸ਼ ਸਕਾਰਾਤਮਕ ਸਮਾਜਿਕ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਦੇ ਹੋਏ ਸਮਾਜ ਨੂੰ ਨਸ਼ੀਲੇ ਪਦਾਰਥਾਂ ਦੇ ਸੇਵਨ ਦੇ ਹਾਨੀਕਾਰਕ ਪ੍ਰਭਾਵਾਂ ਪ੍ਰਤੀ ਸੰਵੇਦਨਸ਼ੀਲ ਬਣਾਉਣਾ ਹੈ।
ਨਿਰੰਤਰ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਅਤੇ ਮਿਸਾਲੀ ਯਤਨਾਂ ਨੂੰ ਮਾਨਤਾ ਦੇਣ ਲਈ, ਅਭਿਆਨ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਵਾਲੇ ਵਲੰਟੀਅਰਾਂ ਅਤੇ ਸੰਗਠਨਾਂ ਨੂੰ 50ਵੇਂ, 75ਵੇਂ ਅਤੇ 100ਵੇਂ ਹਫ਼ਤੇ ਦੇ ਪੜਾਅ ’ਤੇ ਸਨਮਾਨਿਤ ਕੀਤਾ ਜਾਵੇਗਾ, ਜਿਸ ਨਾਲ ਜਨਤਕ ਸੇਵਾ ਅਤੇ ਸਮੂਹਿਕ ਜ਼ਿੰਮੇਵਾਰੀ ਦੀ ਭਾਵਨਾ ਨੂੰ ਬਲ ਮਿਲੇਗਾ।
ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਮਨਸੁਖ ਮਾਂਡਵੀਆ ਨੇ ਦੇਸ਼ ਭਰ ਦੇ ਨੌਜਵਾਨਾਂ ਅਤੇ ਸਮਾਜਿਕ ਸੰਗਠਨਾਂ ਨੂੰ ਰਾਸ਼ਟਰੀ ਹਿੱਤ ਵਿੱਚ ਪ੍ਰਧਾਨ ਮੰਤਰੀ ਦੀ ਅਪੀਲ ਦਾ ਸਮਰਥਨ ਕਰਨ ਅਤੇ ਇਸ ਇਤਿਹਾਸਕ ਅੰਦੋਲਨ ਵਿੱਚ ਸਰਗਰਮ ਭਾਗੀਦਾਰ ਬਣਨ ਦਾ ਸੱਦਾ ਦਿੱਤਾ ਹੈ। ਲੱਖਾਂ ਨੌਜਵਾਨਾਂ, ਸੰਸਥਾਵਾਂ ਅਤੇ ਭਾਈਚਾਰਕ ਸੰਗਠਨਾਂ ਦੇ ਸਮੂਹਿਕ ਯਤਨਾਂ ਨਾਲ, ਇਸ ਅਭਿਆਨ ਦਾ ਉਦੇਸ਼ ਇੱਕ ਰਾਸ਼ਟਰਵਿਆਪੀ ਸਮਾਜਿਕ ਅੰਦੋਲਨ ਦਾ ਨਿਰਮਾਣ ਕਰਨਾ ਹੈ ਜੋ ਲੋਕਾਂ ਨੂੰ ਨਸ਼ੇ ਦਾ ਸੇਵਨ ਛੱਡਣ ਅਤੇ ਇੱਕ ਸਿਹਤਮੰਦ, ਮਜ਼ਬੂਤ ਤੇ ਹੋਰ ਵਿਕਸਤ ਭਾਰਤ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰੇ।
'ਵਿਕਸਤ ਭਾਰਤ ਲਈ ਨਸ਼ਾ ਮੁਕਤ ਯੁਵਾ ਸੰਕਲਪ ਅਭਿਆਨ' ਪ੍ਰਧਾਨ ਮੰਤਰੀ ਦੇ ਉਸ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ ਜਿਸ ਵਿੱਚ ਨਸ਼ੀਲੇ ਪਦਾਰਥਾਂ ਦੇ ਵਿਰੁੱਧ ਲੜਾਈ ਨੂੰ ਨਾਗਰਿਕਾਂ ਦੀ ਸਰਗਰਮ ਭਾਗੀਦਾਰੀ ਨਾਲ ਚਲਾਏ ਜਾਣ ਵਾਲੇ ਜਨ-ਅੰਦੋਲਨ ਵਿੱਚ ਤਬਦੀਲ ਕਰਨ ਦੀ ਗੱਲ ਕਹੀ ਗਈ ਹੈ। "ਵਿਕਸਤ ਭਾਰਤ ਦੀ ਸਭ ਤੋਂ ਵੱਡੀ ਸ਼ਕਤੀ ਨਸ਼ਾ ਮੁਕਤ ਨੌਜਵਾਨ ਹਨ" ਦੇ ਸੰਦੇਸ਼ ਤੋਂ ਪ੍ਰੇਰਿਤ ਇਹ ਅਭਿਆਨ ਇਸ ਰਾਸ਼ਟਰੀ ਸੰਕਲਪ ਨੂੰ ਹਰ ਪਿੰਡ, ਕਸਬੇ ਅਤੇ ਸ਼ਹਿਰ ਤੱਕ ਪਹੁੰਚਾਉਣ ਦਾ ਯਤਨ ਹੈ ਤਾਂ ਜੋ ਵਿਕਸਤ ਭਾਰਤ 2047 ਵੱਲ ਦੇਸ਼ ਦੀ ਯਾਤਰਾ ਨੂੰ ਹੋਰ ਮਜ਼ਬੂਤੀ ਮਿਲ ਸਕੇ।
*****
ਪਵਨ ਸਿੰਘ ਫੌਜਦਾਰ
(रिलीज़ आईडी: 2291521)
आगंतुक पटल : 9
इस विज्ञप्ति को इन भाषाओं में पढ़ें:
Gujarati
,
English
,
Urdu
,
हिन्दी
,
Marathi
,
Bengali
,
Assamese
,
Tamil
,
Telugu
,
Kannada
,
Malayalam