ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਭਾਰਤ-ਉੱਤਰੀ ਮੈਸੇਡੋਨੀਆ ਵਪਾਰਕ ਫੋਰਮ ਨੂੰ ਸੰਬੋਧਨ ਕੀਤਾ
ਭਾਰਤ-ਉੱਤਰੀ ਮੈਸੇਡੋਨੀਆ ਆਰਥਿਕ ਅਤੇ ਵਪਾਰਕ ਸਬੰਧ ਇੱਕ ਅਜਿਹਾ ਨਵਾਂ ਖੇਤਰ ਹੈ, ਜਿਸ ਵਿੱਚ ਅੱਗੇ ਵਧਣ ਦੀਆਂ ਬੇਅੰਤ ਸੰਭਾਵਨਾਵਾਂ ਹਨ: ਰਾਸ਼ਟਰਪਤੀ ਦ੍ਰੌਪਦੀ ਮੁਰਮੂ
ਦੋਵਾਂ ਦੇਸ਼ਾਂ ਦੇ ਵਪਾਰਕ ਸੰਗਠਨਾਂ ਨੂੰ ਲਾਭਦਾਇਕ ਪ੍ਰੋਜੈਕਟਾਂ ਦੀ ਪਛਾਣ ਕਰਨ ਅਤੇ ਲੰਬੇ ਸਮੇਂ ਤੱਕ ਚੱਲਣ ਵਾਲੇ ਵਪਾਰਕ ਸਬੰਧ ਬਣਾਉਣ ਵਿੱਚ ਅੱਗੇ ਵਧ ਕੇ ਪਹਿਲ ਅਗਵਾਈ ਕਰਨੀ ਚਾਹੀਦੀ ਹੈ: ਰਾਸ਼ਟਰਪਤੀ ਦ੍ਰੌਪਦੀ ਮੁਰਮੂ
Posted On:
21 JUL 2026 10:16PM by PIB Chandigarh
ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ 21 ਜੁਲਾਈ, 2026 ਨੂੰ ਸਕੋਪਜੇ ਵਿੱਚ ਭਾਰਤ-ਉੱਤਰੀ ਮੈਸੇਡੋਨੀਆ ਵਪਾਰਕ ਫੋਰਮ ਵਿੱਚ ਉਦਘਾਟਨੀ ਭਾਸ਼ਣ ਦਿੱਤਾ। ਇਸ ਮੌਕੇ ਉੱਤਰੀ ਮੈਸੇਡੋਨੀਆ ਗਣਰਾਜ ਦੀ ਰਾਸ਼ਟਰਪਤੀ ਮਹਾਮਹਿਮ ਡਾ. ਗੋਰਦਾਨਾ ਸਿਲਜਾਨੋਵਸਕਾ-ਦਾਵਕੋਵਾ, ਉੱਤਰੀ ਮੈਸੇਡੋਨੀਆ ਸਰਕਾਰ ਦੇ ਮੈਂਬਰ, ਭਾਰਤ ਅਤੇ ਉੱਤਰੀ ਮੈਸੇਡੋਨੀਆ ਦੇ ਵਪਾਰਕ ਨੇਤਾ ਅਤੇ ਦੋਵਾਂ ਦੇਸ਼ਾਂ ਦੇ ਉਦਯੋਗ ਸੰਗਠਨਾਂ ਦੇ ਪ੍ਰਤੀਨਿਧੀ ਸ਼ਾਮਲ ਹੋਏ।

ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਇਹ ਉੱਤਰੀ ਮੈਸੇਡੋਨੀਆ ਵਿੱਚ ਕਿਸੇ ਭਾਰਤੀ ਰਾਸ਼ਟਰਪਤੀ ਦੀ ਪਹਿਲੀ ਦੁਵੱਲੀ ਯਾਤਰਾ ਹੈ। ਇਹ ਦੋਵਾਂ ਦੇਸ਼ਾਂ ਦੇ ਸਾਂਝੇ ਹਿੱਤਾਂ ਦੇ ਸਾਰੇ ਖੇਤਰਾਂ ਵਿੱਚ ਸਹਿਯੋਗ ਵਧਾਉਣ ਪ੍ਰਤੀ ਭਾਰਤ ਦੀ ਡੂੰਘੀ ਦਿਲਚਸਪੀ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਉੱਤਰੀ ਮੈਸੇਡੋਨੀਆ ਵਿਚਕਾਰ ਆਰਥਿਕ ਅਤੇ ਵਪਾਰਕ ਸਬੰਧ ਇੱਕ ਅਜਿਹਾ ਨਵਾਂ ਖੇਤਰ ਹੈ, ਜਿਸ ਵਿੱਚ ਅੱਗੇ ਵਧਣ ਦੀਆਂ ਬੇਅੰਤ ਸੰਭਾਵਨਾਵਾਂ ਹਨ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਲਗਾਤਾਰ ਵਧ ਰਿਹਾ ਹੈ, ਪਰ ਇਸਦਾ ਮੌਜੂਦਾ ਆਕਾਰ ਉਨ੍ਹਾਂ ਸੰਭਾਵਨਾਵਾਂ ਦਾ ਇੱਕ ਛੋਟਾ ਜਿਹਾ ਹਿੱਸਾ ਹੀ ਹੈ, ਜਿਨ੍ਹਾਂ ਨੂੰ ਅਜੇ ਹਾਸਲ ਕੀਤਾ ਜਾ ਸਕਦਾ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਵਪਾਰ ਤੋਂ ਅੱਗੇ ਵਧ ਕੇ ਇੱਕ ਸੱਚੀ ਆਰਥਿਕ ਭਾਈਵਾਲੀ ਵੱਲ ਵਧਣ ਲਈ ਸਾਨੂੰ ਇੱਕ ਦੂਜੇ ਦੇ ਦੇਸ਼ਾਂ ਵਿੱਚ ਨਿਵੇਸ਼ ਜ਼ਰੂਰ ਵਧਾਉਣਾ ਚਾਹੀਦਾ ਹੈ। ਨਵੇਂ ਨਿਵੇਸ਼ ਲਈ ਕਈ ਖੇਤਰਾਂ ਵਿੱਚ ਗੁੰਜਾਇਸ਼ ਹੈ ਜਿਨ੍ਹਾਂ ਵਿੱਚ ਡਿਜੀਟਲ ਨਵੀਨਤਾ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ), ਫਾਰਮਾਸਿਊਟੀਕਲ ਅਤੇ ਸਿਹਤ ਸੰਭਾਲ, ਖੇਤੀਬਾੜੀ-ਪ੍ਰੋਸੈਸਿੰਗ ਅਤੇ ਗ੍ਰੀਨ ਊਰਜਾ ਤਬਦੀਲੀ ਸ਼ਾਮਲ ਹਨ। ਉਨ੍ਹਾਂ ਨੇ ਉੱਤਰੀ ਮੈਸੇਡੋਨੀਆ ਨੂੰ ਅਗਲੇ ਸਾਲ ਭਾਰਤ ਵਿੱਚ ਹੋਣ ਵਾਲੇ ‘ਵਰਲਡ ਆਡੀਓ ਵਿਜ਼ੂਅਲ ਐਂਡ ਐਂਟਰਟੇਨਮੈਂਟ ਸਮਿਟ’ (ਵੇਵਸ) ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ।
ਰਾਸ਼ਟਰਪਤੀ ਨੇ ਸਟਾਰਟ-ਅੱਪਸ, ਯੂਨੀਵਰਸਿਟੀਆਂ, ਖੋਜ ਸੰਸਥਾਵਾਂ ਅਤੇ ਤਕਨਾਲੋਜੀ ਕੰਪਨੀਆਂ ਵਿਚਕਾਰ ਭਾਈਵਾਲੀ ਨੂੰ ਉਤਸ਼ਾਹਿਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ, ਸਾਈਬਰ ਸੁਰੱਖਿਆ ਅਤੇ ਡਿਜੀਟਲ ਨਵੀਨਤਾ ਵਰਗੇ ਖੇਤਰਾਂ ਵਿੱਚ ਦੀਆਂ ਸੰਭਾਵਨਾਵਾਂ ’ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਉਦਯੋਗ ਜਗਤ ਨੂੰ ਅੱਗੇ ਆ ਕੇ ਲਾਭਦਾਇਕ ਪ੍ਰੋਜੈਕਟਾਂ ਦੀ ਪਛਾਣ ਕਰਨ ਅਤੇ ਲੰਬੇ ਸਮੇਂ ਤੱਕ ਚੱਲਣ ਵਾਲੇ ਵਪਾਰਕ ਸਬੰਧ ਬਣਾਉਣ ਵਿੱਚ ਪਹਿਲ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਦੋਵਾਂ ਦੇਸ਼ਾਂ ਦੇ ਵਣਜ ਅਤੇ ਉਦਯੋਗ ਮੰਡਲਾਂ, ਨਿਵੇਸ਼ ਏਜੰਸੀਆਂ ਅਤੇ ਵਪਾਰਕ ਸੰਗਠਨਾਂ ਨੂੰ ਅਪੀਲ ਕੀਤੀ ਕਿ ਉਹ ਆਪਸ ਵਿੱਚ ਸੰਪਰਕ ਬਣਾਉਣ ਅਤੇ ਵਪਾਰਕ ਵਫ਼ਦਾਂ ਦੇ ਆਪਸੀ ਦੌਰਿਆਂ ਨੂੰ ਉਤਸ਼ਾਹਿਤ ਕਰਨ । ਉਨ੍ਹਾਂ ਕੰਪਨੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਸਿਰਫ ਤੁਰੰਤ ਹੋਣ ਵਾਲੇ ਵਪਾਰਕ ਸੌਦਿਆਂ ਤੱਕ ਸੀਮਤ ਨਾ ਰਹਿਣ, ਸਗੋਂ ਤਕਨਾਲੋਜੀ ਟ੍ਰਾਂਸਫਰ, ਸਾਂਝੇ ਉੱਦਮਾਂ, ਸਥਾਨਕ ਪੱਧਰ ’ਤੇ ਮੁੱਲ ਵਾਧੇ ਅਤੇ ਨੌਕਰੀਆਂ ਪੈਦਾ ਕਰਨ ’ਤੇ ਅਧਾਰਤ ਲੰਬੇ ਸਮੇਂ ਦੀਆਂ ਭਾਈਵਾਲੀਆਂ ਵਿੱਚ ਨਿਵੇਸ਼ ਕਰਨ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਇਹ ਵਪਾਰਕ ਮੰਚ ਨਵੇਂ ਵਿਚਾਰਾਂ ਨੂੰ ਜਨਮ ਦੇਵੇਗਾ ਅਤੇ ਭਾਰਤ ਅਤੇ ਉੱਤਰੀ ਮੈਸੇਡੋਨੀਆ ਵਿਚਕਾਰ ਸਹਿਯੋਗ ਲਈ ਨਵੇਂ ਮੌਕੇ ਅਤੇ ਰਾਹ ਖੋਲ੍ਹੇਗਾ।
ਰਾਸ਼ਟਰਪਤੀ ਦੇ ਭਾਸ਼ਣ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
*****
ਐੱਮਜੇਪੀਐੱਸ/ਐੱਸਐੱਸ/ਪੀਆਰਕੇ
(Release ID: 2288971)
ਵਿਜ਼ੀਟਰ ਕਾਊਂਟਰ : 51