ਟੈਕਸਟਾਈਲ ਮੰਤਰਾਲਾ
ਭਾਰਤ ਟੈਕਸ 2026 ਵਿੱਚ ਬੇਮਿਸਾਲ ਕਾਰੋਬਾਰੀ ਸਫ਼ਲਤਾ ਅਤੇ ਲੋਕਾਂ ਦੀ ਭਾਰੀ ਆਮਦ ਦਰਜ ਕੀਤੀ ਗਈ
ਇਸਨੇ ਭਾਰਤ ਨੂੰ ਵਿਸ਼ਵ ਦੇ ਪ੍ਰਮੁੱਖ ਟੈਕਸਟਾਈਲ ਸਰੋਤ ਅਤੇ ਇਨੋਵੇਸ਼ਨ ਹੱਬ ਵਜੋਂ ਸਥਾਪਿਤ ਕੀਤਾ
प्रविष्टि तिथि:
17 JUL 2026 3:11PM by PIB Chandigarh
ਭਾਰਤ ਟੈਕਸ 2026 ਦੇ ਪਹਿਲੇ ਤਿੰਨ ਦਿਨਾਂ ਵਿੱਚ ਭਾਰਤ ਮੰਡਪਮ ਗਲੋਬਲ ਟੈਕਸਟਾਈਲ ਅਤੇ ਜ਼ਰਦੋਜ਼ੀ (ਜ਼ਰੀ ਦਾ ਕੰਮ) ਉਦਯੋਗ ਦਾ ਕੇਂਦਰ ਬਣ ਗਿਆ ਹੈ, ਜਿੱਥੇ ਘਰੇਲੂ ਅਤੇ ਅੰਤਰਰਾਸ਼ਟਰੀ ਹਿੱਸੇਦਾਰਾਂ ਵੱਲੋਂ ਉਤਸ਼ਾਹਜਨਕ ਹੁੰਗਾਰਾ ਦੇਖਣ ਨੂੰ ਮਿਲਿਆ ਹੈ। ਵਿਸ਼ਵ ਦੇ ਸਭ ਤੋਂ ਵੱਡੇ ਏਕੀਕ੍ਰਿਤ ਟੈਕਸਟਾਈਲ ਪ੍ਰੋਗਰਾਮ ਵਿੱਚ ਆਉਣ ਵਾਲੇ ਲੋਕਾਂ ਦੀ ਗਿਣਤੀ ਅਸਧਾਰਨ ਤੌਰ ’ਤੇ ਵਧੇਰੇ ਰਹੀ ਹੈ, ਕਾਰੋਬਾਰੀ ਗਤੀਵਿਧੀਆਂ ਜੀਵੰਤ ਰਹੀਆਂ ਹਨ, ਖ਼ਰੀਦਦਾਰਾਂ ਅਤੇ ਵੇਚਣ ਵਾਲਿਆਂ ਵਿਚਕਾਰ ਵਿਆਪਕ ਗੱਲਬਾਤ ਦੇਖਣ ਨੂੰ ਮਿਲੀ ਹੈ ਅਤੇ ਗਿਆਨ ਦਾ ਗਤੀਸ਼ੀਲ ਆਦਾਨ-ਪ੍ਰਦਾਨ ਹੋਇਆ। ਇਹ ਟੈਕਸਟਾਈਲ ਲਈ ਇੱਕ ਭਰੋਸੇਮੰਦ ਗਲੋਬਲ ਸਰੋਤ, ਨਿਰਮਾਣ, ਨਵੀਨਤਾ ਅਤੇ ਨਿਵੇਸ਼ ਦੇ ਕੇਂਦਰ ਵਜੋਂ ਭਾਰਤ ਦੇ ਉਭਾਰ ਦੀ ਪੁਸ਼ਟੀ ਕਰਦਾ ਹੈ।

16 ਲੱਖ ਵਰਗ ਫੁੱਟ ਤੋਂ ਵੱਧ ਖੇਤਰ ਵਿੱਚ ਫੈਲੇ ‘ਭਾਰਤ ਟੈਕਸ 2026’ ਵਿੱਚ 1,647 ਪ੍ਰਦਰਸ਼ਕ, ਲਗਭਗ 95,000 ਕਾਰੋਬਾਰੀ ਸੈਲਾਨੀ (ਜਿਨ੍ਹਾਂ ਵਿੱਚ 20,000 ਤੋਂ ਵੱਧ ਵਾਰ-ਵਾਰ ਆਉਣ ਵਾਲੇ ਸੈਲਾਨੀ ਸ਼ਾਮਲ ਹਨ), 11,315 ਖ਼ਰੀਦਦਾਰ (ਜਿਨ੍ਹਾਂ ਵਿੱਚ 6,090 ਅੰਤਰਰਾਸ਼ਟਰੀ ਖ਼ਰੀਦਦਾਰ ਸ਼ਾਮਲ ਹਨ), 3,461 ਡੈਲੀਗੇਟ ਅਤੇ 138 ਦੇਸ਼ਾਂ ਦੇ ਭਾਗੀਦਾਰ ਇਕੱਠੇ ਹੋਏ ਹਨ, ਜੋ ਭਾਰਤ ਦੇ ਤੇਜ਼ੀ ਨਾਲ ਵਿਕਸਤ ਹੋ ਰਹੇ ਕੱਪੜਾ ਈਕੋਸਿਸਟਮ ਵਿੱਚ ਬੇਮਿਸਾਲ ਵਿਸ਼ਵ-ਵਿਆਪੀ ਵਿਸ਼ਵਾਸ ਨੂੰ ਦਰਸਾਉਂਦਾ ਹੈ। ਪਹਿਲੇ ਤਿੰਨ ਦਿਨਾਂ ਤੱਕ ਪ੍ਰਦਰਸ਼ਨੀ ਹਾਲਾਂ ਵਿੱਚ 28,500 ਤੋਂ ਵੱਧ ਬੀ2ਬੀ ਬੈਠਕਾਂ, 100 ਤੋਂ ਵੱਧ ਬੀ2ਜੀ ਅਤੇ ਜੀ2ਜੀ ਵਾਰਤਾਵਾਂ ਅਤੇ ਕਈ ਰਣਨੀਤਕ ਨਿਵੇਸ਼ ਸਬੰਧੀ ਚਰਚਾਵਾਂ ਹੋਈਆਂ, ਜਿਸ ਨਾਲ ਹਾਲ ਵਿੱਚ ਭਾਰੀ ਚਹਿਲ-ਪਹਿਲ ਬਣੀ ਰਹੀ। ‘ਭਾਰਤ ਟੈਕਸ 2026’ ਨੇ ਲਗਭਗ 14,300 ਕਰੋੜ ਰੁਪਏ ਦੇ ਕੱਪੜਾ ਨਿਵੇਸ਼ ਵਚਨਬੱਧਤਾਵਾਂ ਨੂੰ ਉਤਸ਼ਾਹਿਤ ਕੀਤਾ, ਜਿਸ ਵਿੱਚ ਕਰਨਾਟਕ (2,821 ਕਰੋੜ ਰੁਪਏ, 11,020 ਰੁਜ਼ਗਾਰ), ਬਿਹਾਰ (1,476 ਕਰੋੜ ਰੁਪਏ, 40,500 ਤੋਂ ਵੱਧ ਰੁਜ਼ਗਾਰ), ਮਹਾਰਾਸ਼ਟਰ (1,095 ਕਰੋੜ ਰੁਪਏ) ਅਤੇ ਆਂਧਰਾ ਪ੍ਰਦੇਸ਼ (4,100 ਕਰੋੜ ਰੁਪਏ) ਸਮੇਤ ਵੱਖ-ਵੱਖ ਰਾਜਾਂ ਵੱਲੋਂ 30 ਤੋਂ ਵੱਧ ਸਮਝੌਤਾ ਪੱਤਰਾਂ ’ਤੇ ਦਸਤਖ਼ਤ ਕੀਤੇ ਗਏ। ਇਸ ਨਾਲ ਭਾਰਤ ਦੇ ਕੱਪੜਾ ਅਤੇ ਪਹਿਰਾਵਾ ਖੇਤਰ ਵਿੱਚ ਵਿਕੇਂਦਰੀਕ੍ਰਿਤ, ਰਾਜ-ਅਧਾਰਤ ਵਿਕਾਸ ਨੂੰ ਰਫਤਾਰ ਦੇਣ ਵਿੱਚ ਇਸ ਆਯੋਜਨ ਦੀ ਭੂਮਿਕਾ ਹੋਰ ਮਜ਼ਬੂਤ ਹੋਈ। ਇਸ ਤੋਂ ਇਲਾਵਾ, ਆਰਈ ਐਂਡ ਯੂਪੀ ਨੇ ਭਾਰਤ ਵਿੱਚ 4,800 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ। ਨਾਲ ਹੀ, ਇਸ ਪ੍ਰੋਗਰਾਮ ਦੌਰਾਨ ਲਗਭਗ 2.8 ਬਿਲੀਅਨ ਡਾਲਰ ਦੇ ਗੰਭੀਰ ਕਾਰੋਬਾਰੀ ਪ੍ਰਸਤਾਵ ਪ੍ਰਾਪਤ ਹੋਏ।
ਇਸ ਸਮਾਗਮ ਵਿੱਚ ਭਾਰਤੀ ਰਾਜਾਂ ਦੀ ਬੇਮਿਸਾਲ ਭਾਗੀਦਾਰੀ ਰਹੀ, ਜਿਸ ਵਿੱਚ ਬਿਹਾਰ, ਮੱਧ ਪ੍ਰਦੇਸ਼, ਗੁਜਰਾਤ, ਉੱਤਰ ਪ੍ਰਦੇਸ਼, ਪੰਜਾਬ, ਮਹਾਰਾਸ਼ਟਰ, ਕਰਨਾਟਕ ਅਤੇ ਤਾਮਿਲਨਾਡੂ ਨੇ ਰਾਜ ਭਾਗੀਦਾਰ ਵਜੋਂ ਹਿੱਸਾ ਲਿਆ। ਕਈ ਹੋਰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਸਮਰਪਿਤ ਮੰਡਪਾਂ ਰਾਹੀਂ ਕੱਪੜਾ ਉਦਯੋਗ ਵਿੱਚ ਆਪਣੀਆਂ ਸਮਰੱਥਾਵਾਂ ਦਾ ਪ੍ਰਦਰਸ਼ਨ ਕੀਤਾ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ. ਮੋਹਨ ਯਾਦਵ ਅਤੇ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਮਾਨ ਦੀ ਮੌਜੂਦਗੀ ਦੇ ਨਾਲ-ਨਾਲ ਮਹਾਰਾਸ਼ਟਰ, ਤਾਮਿਲਨਾਡੂ, ਅਸਾਮ, ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਸੀਨੀਅਰ ਮੰਤਰੀਆਂ ਦੀ ਹਾਜ਼ਰੀ ਨੇ ਭਾਰਤ ਦੇ ਪ੍ਰਮੁੱਖ ਪਲੇਟਫਾਰਮ ਵਜੋਂ ‘ਭਾਰਤ ਟੈਕਸ’ ਦੇ ਮਹੱਤਵ ਨੂੰ ਹੋਰ ਵੀ ਉਜਾਗਰ ਕੀਤਾ।
ਅੰਤਰਰਾਸ਼ਟਰੀ ਭਾਗੀਦਾਰੀ ਵੀ ਓਨੀ ਹੀ ਪ੍ਰਭਾਵਸ਼ਾਲੀ ਰਹੀ, ਜਿਸ ਵਿੱਚ ਨਿਊਜ਼ੀਲੈਂਡ, ਸ਼੍ਰੀਲੰਕਾ, ਰੂਸ, ਕੰਬੋਡੀਆ ਅਤੇ ਪੁਰਤਗਾਲ ਦੇ ਮੰਤਰੀ ਪੱਧਰ ਦੇ ਵਫ਼ਦਾਂ ਦੇ ਨਾਲ-ਨਾਲ ਯੂਰਪੀਅਨ ਯੂਨੀਅਨ ਦੇ ਪ੍ਰਤੀਨਿਧੀ ਅਤੇ ਅਮਰੀਕਾ, ਜਾਪਾਨ, ਯੂਕੇ, ਸਪੇਨ, ਇਟਲੀ, ਦੱਖਣੀ ਕੋਰੀਆ, ਸੰਯੁਕਤ ਅਰਬ ਅਮੀਰਾਤ, ਆਸਟ੍ਰੇਲੀਆ, ਫਰਾਂਸ ਅਤੇ ਜਰਮਨੀ ਸਮੇਤ ਹੋਰ ਦੇਸ਼ਾਂ ਦੇ 30 ਤੋਂ ਵੱਧ ਉਦਯੋਗ ਅਤੇ ਅੰਤਰਰਾਸ਼ਟਰੀ ਵਪਾਰਕ ਵਫ਼ਦ ਸ਼ਾਮਲ ਸਨ।
ਗਿਆਨ ਸਾਂਝਾ ਕਰਨਾ ਇਸ ਸਮਾਗਮ ਦੀ ਇੱਕ ਮੁੱਖ ਵਿਸ਼ੇਸ਼ਤਾ ਰਹੀ, ਜਿਸ ਵਿੱਚ 600 ਤੋਂ ਵੱਧ ਨੀਤੀ ਘੜ੍ਹਨ ਵਾਲਿਆਂ ਵਿਸ਼ਵ ਮਾਹਰਾਂ, ਉਦਯੋਗ ਜਗਤ ਦੇ ਮੋਹਰੀ ਵਿਅਕਤੀਆਂ, ਸੀਈਓ ਅਤੇ ਸਿੱਖਿਆ ਸ਼ਾਸਤਰੀਆਂ ਦੇ ਨਾਲ 100 ਸ਼ਕਤੀਸ਼ਾਲੀ ਗਿਆਨ ਸੈਸ਼ਨਾਂ ਦਾ ਆਯੋਜਨ ਕੀਤਾ ਗਿਆ। ਪੈਨਲ ਚਰਚਾਵਾਂ, ਗੋਲਮੇਜ਼ ਸੰਮੇਲਨਾਂ ਅਤੇ ਮਾਸਟਰ ਕਲਾਸਾਂ ਵਿੱਚ ਵਿਸ਼ਵ ਵਪਾਰ ਗਤੀਸ਼ੀਲਤਾ, ਸਥਿਰਤਾ, ਸਰਕੂਲੈਰਿਟੀ, ਤਕਨੀਕੀ ਨਵੀਨਤਾ, ਆਰਟੀਫੀਸ਼ੀਅਲ ਇੰਟੈਲੀਜੈਂਸ , ਜ਼ੁੰਮੇਵਾਰ ਸੋਰਸਿੰਗ, ਨਿਵੇਸ਼ ਦੇ ਮੌਕੇ, ਤਕਨੀਕੀ ਟੈਕਸਟਾਈਲ ਵਰਗੇ ਪ੍ਰਮੁੱਖ ਵਿਸ਼ਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਟੀਬੀਡੀ ਪਵੇਲੀਅਨ ਵਿੱਚ ਆਯੋਜਿਤ ‘ਸੰਰਚਨਾ ਹੈਕਾਥੌਨ’ ਇੱਕ ਪ੍ਰਮੁੱਖ ਖਿੱਚ ਦਾ ਕੇਂਦਰ ਸੀ, ਜਿਸ ਵਿੱਚ ਤਕਨੀਕੀ ਟੈਕਸਟਾਈਲ ਦੇ ਖੇਤਰ ਵਿੱਚ ਭਾਰਤ ਦੇ ਨੌਜਵਾਨ ਖੋਜੀਆਂ ਦੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਗਿਆ। ਦੇਸ਼ ਭਰ ਦੇ ਵਿਦਿਆਰਥੀਆਂ ਅਤੇ ਖੋਜੀਆਂ ਨੇ ਕਿਸਾਨਾਂ ਲਈ ਸੁਰੱਖਿਆਤਮਕ ਕੱਪੜਿਆਂ, ਸ਼ੂਗਰ ਦੇ ਜ਼ਖ਼ਮਾਂ ਦੀ ਦੇਖਭਾਲ ਲਈ ਉੱਨਤ ਉਤਪਾਦਾਂ ਤੋਂ ਲੈ ਕੇ ਬਹੁਤ ਜ਼ਿਆਦਾ ਖ਼ਰਾਬ ਮੌਸਮ ਲਈ ਹਲਕੇ ਇਨਸੂਲੇਟਡ ਗੱਦਿਆਂ ਤੱਕ ਦੇ ਵਿਵਹਾਰਕ ਹੱਲ ਪੇਸ਼ ਕੀਤੇ। ਕੇਂਦਰੀ ਟੈਕਸਟਾਈਲ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਅਤੇ ਕੇਂਦਰੀ ਟੈਕਸਟਾਈਲ ਅਤੇ ਵਿਦੇਸ਼ ਰਾਜ ਮੰਤਰੀ ਸ਼੍ਰੀ ਪਬਿਤਰਾ ਮਾਰਗਰੀਟਾ ਵੱਲੋਂ ਮਾਨਤਾ ਪ੍ਰਾਪਤ ਇਸ ਪਹਿਲ ਨੇ ਅਗਲੀ ਪੀੜ੍ਹੀ ਦੇ ਤਕਨੀਕੀ ਟੈਕਸਟਾਈਲ ਹੱਲਾਂ ਨੂੰ ਅੱਗੇ ਵਧਾਉਣ ਵਿੱਚ ਵਿੱਦਿਅਕ ਜਗਤ, ਉਦਯੋਗ ਅਤੇ ਸਰਕਾਰ ਵਿਚਕਾਰ ਸਹਿਯੋਗ ਦੀ ਪਰਿਵਰਤਨਕਾਰੀ ਭੂਮਿਕਾ ਨੂੰ ਪ੍ਰਦਰਸ਼ਿਤ ਕੀਤਾ। ਸਮਾਵੇਸ਼ੀ ਵਿਕਾਸ ਨੂੰ ਉਤਸ਼ਾਹਿਤ ਕਰਨ ਵਾਲੀ ਇੱਕ ਮਹੱਤਵਪੂਰਨ ਪਹਿਲ ਦੇ ਤਹਿਤ, ‘ਭਾਰਤ ਟੈਕਸ 2026’ ਨੇ ਭਾਰਤ ਭਰ ਦੇ ਵਿਕਾਸਸ਼ੀਲ ਜ਼ਿਲ੍ਹਿਆਂ ਦੇ 250 ਤੋਂ ਵੱਧ ਉੱਦਮੀਆਂ ਅਤੇ ਜੁਲਾਹਿਆਂ ਲਈ ਵਿਸ਼ੇਸ਼ ਅਨੁਭਵ ਯਾਤਰਾਵਾਂ ਦਾ ਆਯੋਜਨ ਕੀਤਾ। ਇਸ ਪ੍ਰੋਗਰਾਮ ਨੇ ਲਘੂ ਅਤੇ ਦਰਮਿਆਨੇ ਉਦਯੋਗਾਂ ਨੂੰ ਖ਼ਰੀਦਦਾਰਾਂ, ਪ੍ਰਦਰਸ਼ਕਾਂ ਅਤੇ ਉਦਯੋਗ ਦੇ ਮਾਹਰਾਂ ਨਾਲ ਸਿੱਧੇ ਜੁੜਨ ਦੇ ਯੋਗ ਬਣਾਇਆ, ਜਿਸ ਨਾਲ ਉਨ੍ਹਾਂ ਨੂੰ ਅੰਤਰਰਾਸ਼ਟਰੀ ਗੁਣਵੱਤਾ ਦੇ ਮਿਆਰਾਂ, ਬ੍ਰਾਂਡਿੰਗ, ਉਤਪਾਦ ਨਵੀਨਤਾ ਅਤੇ ਨਿਰਯਾਤ ਦੇ ਮੌਕਿਆਂ ਬਾਰੇ ਬਹੁਮੁੱਲੀ ਜਾਣਕਾਰੀ ਪ੍ਰਾਪਤ ਹੋਈ। ਇਸ ਤਰ੍ਹਾਂ ਜ਼ਮੀਨੀ ਪੱਧਰ ’ਤੇ ਕਾਰੋਬਾਰੀ ਸੋਚ ਨੂੰ ਮਜ਼ਬੂਤੀ ਮਿਲੀ। ਗਲੋਬਲ ਟੈਕਸਟਾਈਲ ਨਿਰਮਾਣ ਵਿੱਚ ਭਾਰਤ ਦੇ ਵਧਦੇ ਪ੍ਰਭਾਵ ਨੂੰ ਹੋਰ ਮਜ਼ਬੂਤ ਕਰਦੇ ਹੋਏ, ‘ਭਾਰਤ ਟੈਕਸ 2026’ ਦੇ ਨਾਲ ਹੀ ਇੰਟਰਨੈਸ਼ਨਲ ਅਪੈਰਲ ਫੈਡਰੇਸ਼ਨ (IAF) ਦੀ ਬੋਰਡ ਮੀਟਿੰਗ ਦਾ ਆਯੋਜਨ ਵੀ ਕੀਤਾ ਗਿਆ।
ਇਸ ਸਮਾਗਮ ਦੌਰਾਨ ਇੱਕ ਮਹੱਤਵਪੂਰਨ ਪ੍ਰਾਪਤੀ ‘ਭਾਰਤ ਟੈਕਸ ਟ੍ਰੇਡ ਫੈਡਰੇਸ਼ਨ’ (ਬੀਟੀਟੀਐੱਫ) ਅਤੇ ਵਿਸ਼ਵ ਦੇ ਸਭ ਤੋਂ ਵਧੇਰੇ ਵੱਕਾਰੀ ਟੈਕਸਟਾਈਲ ਅਤੇ ਫੈਸ਼ਨ ਸੋਰਸਿੰਗ ਪਲੇਟਫਾਰਮਾਂ ਵਿੱਚੋਂ ਇੱਕ, ‘ਪ੍ਰੀਮੀਅਰ ਵਿਜ਼ਨ ਪੈਰਿਸ’ ਵਿਚਕਾਰ ਸਹਿਮਤੀ ਪੱਤਰ (ਐੱਲਓਆਈ) ’ਤੇ ਹਸਤਾਖਰ ਰਹੀ। ਇਸ ਰਣਨੀਤਕ ਸਹਿਯੋਗ ਦਾ ਉਦੇਸ਼ ਬਾਜ਼ਾਰ ਤੱਕ ਪਹੁੰਚ, ਟਿਕਾਊ ਸੋਰਸਿੰਗ, ਡਿਜ਼ਾਈਨ ਇੰਟੈਲੀਜੈਂਸ ਅਤੇ ਖ਼ਰੀਦਦਾਰ-ਵਿਕਰੇਤਾ ਦੇ ਆਪਸੀ ਤਾਲਮੇਲ ਨੂੰ ਵਧਾ ਕੇ ਭਾਰਤ-ਯੂਰਪੀਅਨ ਯੂਨੀਅਨ ਟੈਕਸਟਾਈਲ ਭਾਈਵਾਲੀ ਨੂੰ ਮਜ਼ਬੂਤ ਕਰਨਾ ਹੈ, ਜਿਸ ਨਾਲ ਭਾਰਤੀ ਨਿਰਮਾਤਾਵਾਂ, ਨਿਰਯਾਤਕਾਂ ਅਤੇ ਐਮਐਸਐਮਈਜ਼ ਲਈ ਨਵੇਂ ਗਲੋਬਲ ਮੌਕੇ ਪੈਦਾ ਹੋਣਗੇ। ‘ਭਾਰਤ ਟੈਕਸ 2026’ ਵਿੱਚ ਭਾਰਤ ਦੇ ਰਵਾਇਤੀ ਟੈਲਸਟਾਈਲ ਨੂੰ ਪ੍ਰੀਮੀਅਮ ਗਲੋਬਲ ਬ੍ਰਾਂਡ ਦੇ ਰੂਪ ਵਜੋਂ ਸਥਾਪਿਤ ਕਰਨ ’ਤੇ ਵੀ ਸਾਰਥਕ ਚਰਚਾ ਹੋਈ। ਪ੍ਰਸਿੱਧ ਡਿਜ਼ਾਈਨਰ ਰਾਹੁਲ ਮਿਸ਼ਰਾ ਅਤੇ ਵੈਸ਼ਾਲੀ ਸ਼ਾਦਾਂਗੁਲੇ ਨੇ ਉਦਯੋਗ ਜਗਤ ਦੇ ਮੋਹਰੀ ਵਿਅਕਤੀਆਂ ਨਾਲ ਮਿਲ ਕੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ ਦੀ ਅਮੀਰ ਹੱਥ-ਖੱਡੀ, ਹਸਤਕਲਾ ਅਤੇ ਰਵਾਇਤੀ ਬੁਣਾਈ ਦੀ ਵਿਰਾਸਤ, ਕਾਰੀਗਰੀ ਅਤੇ ਸੱਭਿਆਚਾਰਕ ਕਹਾਣੀ ਦੇ ਮਾਧਿਅਮ ਰਾਹੀਂ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਦੇਸ਼ ਦੀ ਸਭ ਤੋਂ ਮਜ਼ਬੂਤ ਪਛਾਣ ਬਣ ਸਕਦੀ ਹੈ।
ਪ੍ਰਦਰਸ਼ਨੀ ਵਾਲੀ ਥਾਂ ’ਤੇ ਵੱਖ-ਵੱਖ ਥੀਮਾਂ ’ਤੇ ਅਧਾਰਿਤ ਪਵੇਲੀਅਨਜ਼ ਵਿੱਚ ਕਾਰੋਬਾਰੀ ਗਤੀਵਿਧੀਆਂ ਲਗਾਤਾਰ ਜਾਰੀ ਰਹੀਆਂ। ਹਾਲ ਨੰਬਰ 4 ਵਿੱਚ ਸਥਿਤ ਸੀਐਮਏਆਈ ਦਾ ‘ਬ੍ਰਾਂਡਸ ਆਫ਼ ਇੰਡੀਆ ਪਵੇਲੀਅਨ’ ਪ੍ਰਮੁੱਖ ਖਿੱਚਾਂ ਵਿੱਚੋਂ ਇੱਕ ਬਣ ਕੇ ਉੱਭਰਿਆ, ਜਿਸ ਵਿੱਚ 70 ਤੋਂ ਵੱਧ ਮੋਹਰੀ ਭਾਰਤੀ ਟੈਕਸਟਾਈਲ ਬ੍ਰਾਂਡ ਇੱਕਠੇ ਹੋਏ ਅਤੇ ਖ਼ਰੀਦਦਾਰਾਂ ਦੇ ਸਾਹਮਣੇ ਭਾਰਤ ਦੇ ਜੀਵੰਤ ਫੈਸ਼ਨ ਅਤੇ ਟੈਕਸਟਾਈਲ ਜਗਤ ਦੀ ਵਿਲੱਖਣ ਝਲਕ ਪੇਸ਼ ਕੀਤੀ। ਪਹਿਲੀ ਵਾਰ, ਇਸ ਪਵੇਲੀਅਨ ਵਿੱਚ ਭਾਰਤ ਦੇ ਤੇਜ਼ੀ ਨਾਲ ਵਧ ਰਹੇ ਇੰਟੀਮੇਟ ਅਤੇ ਅੰਦਰੂਨੀ ਕੱਪੜੇ ਸੈਗਮੈਂਟ ਲਈ ਵੀ ਵਿਸ਼ੇਸ਼ ਪ੍ਰਦਰਸ਼ਨੀ ਲਗਾਈ ਗਈ, ਜਿਸ ਵਿੱਚ ਮੁੰਬਈ ਅਤੇ ਦਿੱਲੀ ਦੇ ਪ੍ਰਮੁੱਖ ਬ੍ਰਾਂਡਾਂ ਨੇ ਆਪਣੇ ਨਵੀਨਤਮ ਉਤਪਾਦਾਂ ਦੀਆਂ ਖੋਜਾਂ ਨੂੰ ਪੇਸ਼ ਕੀਤਾ। ਵੈਸਟਸਾਈਡ, ਟੌਮੀ ਹਿਲਫੀਗਰ, ਕੈਲਵਿਨ ਕਲੇਨ, ਯੂਐਸ ਪੋਲੋ ਐਸੋਸੀਏਸ਼ਨ, ਐਰੋ, ਫਲਾਇੰਗ ਮਸ਼ੀਨ, ਲੂਈ ਫਿਲਿਪ, ਵੈਨ ਹਿਊਸਨ, ਐਲਨ ਸੋਲੀ, ਪੀਟਰ ਇੰਗਲੈਂਡ, ਰੀਬੋਕ, ਅਮੈਰੀਕਨ ਈਗਲ, ਰਾਲਫ਼ ਲਾਰਨ, ਸਬਿਆਸਾਚੀ, ਤਰੁਣ ਤਹਿਲਿਆਨੀ, ਜੈਪੋਰ, ਡਬਲਯੂ ਫਾਰ ਵੂਮੈਨ, ਬੇਵਕੂਫ, ਡਾਲਰ, ਬਾਡੀਕੇਅਰ, ਡਿਊਕ ਅਤੇ ਕਈ ਹੋਰ ਗਲੋਬਲ ਅਤੇ ਭਾਰਤੀ ਬ੍ਰਾਂਡਾਂ ਨੇ ਖ਼ਰੀਦਦਾਰਾਂ ਅਤੇ ਪ੍ਰਚੂਨ ਵਿਕਰੇਤਾਵਾਂ ਨੂੰ ਆਕਰਸ਼ਿਤ ਕੀਤਾ। ਸੀਐਮਏਆਈ ਅਤੇ ਗਲੋਬਲ ਅਲਾਇੰਸ ਫਾਰ ਟੈਕਸਟਾਈਲ ਸਸਟੇਨੇਬਿਲਟੀ (ਜੀਏਟੀਐੱਸ) ਵੱਲੋਂ ਸਾਂਝੇ ਤੌਰ ’ਤੇ ਪੇਸ਼ ਕੀਤੇ ਗਏ ‘ਇਕੋ-ਸਟਿਚ ਸਸਟੇਨੇਬਿਲਟੀ ਐਂਡ ਸਰਕੂਲੈਰਿਟੀ ਹੱਬ’ ਰਾਹੀਂ ‘ਭਾਰਤ ਟੈਕਸ 2026’ ਦੇ ਕੇਂਦਰ ਵਿੱਚ ਟਿਕਾਊਪਣ ਬਣਿਆ ਰਹੇ। “ਸਸਟੇਨੇਬਲ, ਸਰਕੂਲਰ ਐਂਡ ਕੰਪੀਟੀਟਿਵ ਭਾਰਤ” ਦੀ ਥੀਮ ’ਤੇ ਅਧਾਰਿਤ ਇਸ ਪਵੇਲੀਅਨ ਵਿੱਚ ਰੀਸਾਈਕਲਰ, ਨਿਰਮਾਤਾ, ਬ੍ਰਾਂਡ, ਖੋਜੀ, ਤਕਨਾਲੋਜੀ ਪ੍ਰਦਾਤਾ ਅਤੇ ਈਕੋਸਿਸਟਮ ਪਾਰਟਨਰ ਵੱਖ-ਵੱਖ ਵਿਸ਼ਾ-ਅਧਾਰਿਤ ਖੇਤਰਾਂ ਵਿੱਚ ਇੱਕਠੇ ਹੋਏ। ਇਹਨਾਂ ਵਿੱਚ ਇੰਡੀਆ ਇਮਪੈਕਟ ਵਾਲ, ਸਰਕੂਲੈਰਿਟੀ ਐਟ ਸਕੇਲ, ਫ੍ਰਾਮ ਵੇਸਟ ਟੂ ਗਲੋਬਲ ਵਾਰਡਰੋਬ, ਮੇਡ ਇਨ ਸਰਕੂਲਰ ਭਾਰਤ, ਮਟੀਰੀਅਲ ਐਂਡ ਇਨੋਵੇਸ਼ਨ ਲਾਇਬ੍ਰੇਰੀ ਅਤੇ ਸਰਕੂਲਰ ਭਾਰਤ ਫੋਰਮ ਸ਼ਾਮਲ ਹਨ, ਜੋ ਕਿ ਵਧੇਰੇ ਟਿਕਾਊ ਟੈਕਸਟਾਈਲ ਭਵਿੱਖ ਦੀ ਦਿਸ਼ਾ ਵਿੱਚ ਵਿਵਹਾਰਕ ਰਾਹ ਪ੍ਰਦਰਸ਼ਿਤ ਕਰਦੇ ਹਨ।
ਪ੍ਰਦਰਸ਼ਨੀ ਹਾਲਾਂ ਵਿੱਚ ਭਾਰੀ ਭੀੜ, ਸੰਮੇਲਨ ਸੈਸ਼ਨਾਂ ਵਿੱਚ ਭਰਪੂਰ ਹਾਜ਼ਰੀ, ਜੀਵੰਤ ਨੈੱਟਵਰਕਿੰਗ ਦੇ ਮੌਕੇ ਅਤੇ ਪੂਰੇ ਆਯੋਜਨ ਸਥਾਨ ’ਤੇ ਮਜ਼ਬੂਤ ਕਾਰੋਬਾਰੀ ਤਾਲਮੇਲ ਦੇ ਨਾਲ, ‘ਭਾਰਤ ਟੈਕਸ 2026’ ਨੇ ਟੈਕਸਟਾਈਲ ਨਿਰਮਾਣ, ਸੋਰਸਿੰਗ, ਨਵੀਨਤਾ ਅਤੇ ਜ਼ੁੰਮੇਵਾਰਾਨਾ ਵਿਕਾਸ ਲਈ ਵਿਸ਼ਵ ਦਾ ਪਸੰਦੀਦਾ ਕੇਂਦਰ ਬਣਨ ਦੇ ਭਾਰਤ ਦੇ ਵਿਜ਼ਨ ਨੂੰ ਲਗਾਤਾਰ ਮਜ਼ਬੂਤ ਕਰਨਾ ਜਾਰੀ ਰੱਖਿਆ ਹੈ, ਨਾਲ ਹੀ ਇਸ ਨੇ ਗਲੋਬਲ ਟੈਕਸਟਾਈਲ ਅਤੇ ਕੱਪੜਾ ਮੁੱਲ ਲੜੀ ਵਿੱਚ ਦੇਸ਼ ਦੀ ਮੋਹਰੀ ਸਥਿਤੀ ਨੂੰ ਹੋਰ ਮਜ਼ਬੂਤ ਕੀਤਾ ਹੈ।
************
ਐੱਮਏਐੱਮ/ਵੀਐੱਨ
(रिलीज़ आईडी: 2287091)
आगंतुक पटल : 4