ਰੇਲ ਮੰਤਰਾਲਾ
azadi ka amrit mahotsav

ਭਾਰਤ ਦੀ ਪਹਿਲੀ ਹਾਈਡ੍ਰੋਜਨ ਫਿਊਲ ਸੈੱਲ ਰੇਲਗੱਡੀ ਲਗਭਗ 2,600 ਯਾਤਰੀਆਂ ਦੀ ਸਮਰੱਥਾ ਦੇ ਨਾਲ ਟਿਕਾਊ ਰੇਲ ਆਵਾਜਾਈ ਨੂੰ ਮੁੜ ਤੋਂ ਪਰਿਭਾਸ਼ਿਤ ਕਰਨ ਲਈ ਤਿਆਰ ਹੈ


ਹਾਈਡ੍ਰੋਜਨ ਦੀ ਧੂੰਆਂ ਰਹਿਤ ਸ਼ਕਤੀ ਭਾਰਤੀ ਰੇਲਵੇ ਨੂੰ ਵਧੇਰੇ ਵਾਤਾਵਰਨ ਅਨੁਕੂਲ ਬਣਾਉਣ ਵਿੱਚ ਸਹਾਇਕ ਹੈ ਕਿਉਂਕਿ ਇਹ ਨਵੀਂ ਪੀੜ੍ਹੀ ਦੀਆਂ ਰੇਲਗੱਡੀਆਂ ਨੂੰ ਸ਼ਕਤੀ ਪ੍ਰਦਾਨ ਕਰਦੀ ਹੈ

ਹਾਈਡ੍ਰੋਜਨ ਲੀਕੇਜ, ਗਰਮੀ, ਅੱਗ ਦੀਆਂ ਲਪਟਾਂ ਅਤੇ ਧੂੰਏਂ ਦਾ ਪਤਾ ਲਗਾਉਣ ਵਾਲੇ ਬਹੁ-ਪੱਧਰੀ ਸੁਰੱਖਿਆ ਪ੍ਰਬੰਧਾਂ ਨਾਲ ਲੈਸ ਇਹ ਰੇਲਗੱਡੀ ਸੁਰੱਖਿਅਤ ਪ੍ਰਮਾਣਿਤ ਹੈ

प्रविष्टि तिथि: 16 JUL 2026 11:14AM by PIB Chandigarh

ਭਾਰਤੀ ਰੇਲਵੇ ਦੇਸ਼ ਦੀ ਪਹਿਲੀ ਹਾਈਡ੍ਰੋਜਨ ਫਿਊਲ ਸੈੱਲ ਰੇਲਗੱਡੀ ਨੂੰ ਹਰੀ ਝੰਡੀ ਦਿਖਾਉਣ ਲਈ ਤਿਆਰ ਹੈ। ਇਹ ਰੇਲਗੱਡੀ ਸਭ ਤੋਂ ਸਾਫ਼-ਸੁਥਰੇ ਬਾਲਣ ਹਾਈਡ੍ਰੋਜਨ ਦੀ ਵਰਤੋਂ ਕਰਕੇ ਖ਼ੁਦ ਬਿਜਲੀ ਪੈਦਾ ਕਰਦੀ ਹੈ। ਵਰਤੋਂ ਦੇ ਸਮੇਂ ਇਸ ਨਾਲ ਲਗਭਗ ਨਾ-ਮਾਤਰ ਪ੍ਰਦੂਸ਼ਣ ਹੁੰਦਾ ਹੈ। ਇਹ ਪ੍ਰਾਪਤੀ ਭਾਰਤੀ ਰੇਲਵੇ ਵੱਲੋਂ ਰੇਲਗੱਡੀਆਂ ਨੂੰ ਚਲਾਉਣ ਦੇ ਤਰੀਕੇ ਵਿੱਚ ਹੋਏ ਵਿਕਾਸ ਦਾ ਇੱਕ ਨਵਾਂ ਅਧਿਆਇ ਹੈ, ਜੋ ਕੋਲੇ ਅਤੇ ਭਾਫ਼ ਤੋਂ ਸਾਫ਼-ਸੁਥਰੇ, ਵਧੇਰੇ ਟਿਕਾਊ ਊਰਜਾ ਸਰੋਤਾਂ ਵੱਲ ਭਾਰਤ ਦੀ ਵਿਆਪਕ ਯਾਤਰਾ ਨੂੰ ਦਰਸਾਉਂਦਾ ਹੈ।

ਪਿਛਲੇ 12 ਸਾਲਾਂ ਵਿੱਚ ਤੇਜ਼ੀ ਨਾਲ ਹੋਏ ਬਿਜਲੀਕਰਨ ਨੇ ਆਯਾਤ ਕੀਤੇ ਡੀਜ਼ਲ ’ਤੇ ਨਿਰਭਰਤਾ ਨੂੰ ਕਾਫ਼ੀ ਹੱਦ ਤੱਕ ਘਟਾ ਦਿੱਤਾ ਹੈ, ਜਿਸ ਨਾਲ ਸਾਫ਼-ਸੁਥਰੀ ਰੇਲ ਆਵਾਜਾਈ ਵਿੱਚ ਅਗਲੀ ਪ੍ਰਗਤੀ ਦਾ ਰਾਹ ਪੱਧਰਾ ਹੋਇਆ ਹੈ। ਅੱਜ, 99 ਫ਼ੀਸਦੀ ਤੋਂ ਵੱਧ ਬ੍ਰਾਡ ਗੇਜ ਰੂਟਾਂ ਦੇ ਬਿਜਲੀਕਰਨ ਦੇ ਨਾਲ, ਭਾਰਤੀ ਰੇਲਵੇ ਇਸ ਦਿਸ਼ਾ ਵਿੱਚ ਇੱਕ ਕਦਮ ਹੋਰ ਅੱਗੇ ਵਧ ਰਿਹਾ ਹੈ। ਓਵਰਹੈੱਡ ਲਾਈਨਾਂ ਤੋਂ ਬਿਜਲੀ ਲੈਣ ਵਾਲੀਆਂ ਰਵਾਇਤੀ ਇਲੈਕਟ੍ਰਿਕ ਰੇਲਗੱਡੀਆਂ ਦੇ ਉਲਟ, ਹਾਈਡ੍ਰੋਜਨ ਫਿਊਲ ਸੈੱਲ ਟ੍ਰੇਨਸੈੱਟ ਹਾਈਡ੍ਰੋਜਨ ਅਤੇ ਆਕਸੀਜਨ ਵਿਚਕਾਰ ਰਸਾਇਣਕ ਪ੍ਰਤੀਕਿਰਿਆ ਰਾਹੀਂ ਗੱਡੀ ਦੇ ਅੰਦਰ ਹੀ ਬਿਜਲੀ ਪੈਦਾ ਕਰਦਾ ਹੈ, ਜਿਸ ਵਿੱਚ ਪਾਣੀ ਦੀ ਭਾਫ਼  ਹੀ ਇੱਕ-ਮਾਤਰ ਉੱਪ-ਉਤਪਾਦ ਵਜੋਂ ਪੈਦਾ ਹੁੰਦੀ ਹੈ।

ਇੱਕ ਤਰ੍ਹਾਂ ਨਾਲ ਦੇਖਿਆ ਜਾਵੇ ਤਾਂ, ਇਹ ਰੇਲਗੱਡੀ ਇੱਕ ਵਾਰ ਫਿਰ ਤੋਂ ਆਪਣੇ ਊਰਜਾ ਸਰੋਤ ਦੀ ਵਰਤੋਂ ਖ਼ੁਦ ਕਰਦੀ ਹੈ, ਜਿਵੇਂ ਕਦੇ ਭਾਫ਼ ਅਤੇ ਡੀਜ਼ਲ ਨਾਲ ਚੱਲਣ ਵਾਲੇ ਇੰਜਣ ਕਰਦੇ ਸਨ। ਪਰ ਕੋਲੇ ਜਾਂ ਡੀਜ਼ਲ ਵਰਗੇ ਰਵਾਇਤੀ ਈਂਧਨਾਂ ਨੂੰ ਬਾਲਣ ਦੀ ਬਜਾਏ, ਹਾਈਡ੍ਰੋਜਨ ਹਵਾ ਵਿੱਚੋਂ ਆਕਸੀਜਨ ਲੈ ਕੇ ਟ੍ਰੇਨ ਦੇ ਅੰਦਰ ਹੀ ਬਿਜਲੀ ਪੈਦਾ ਕਰਦਾ ਹੈ, ਜਿਸ ਨਾਲ ਬਾਲਣ ਦੇ ਸੜਨ ਅਤੇ ਬਾਹਰੀ ਬਿਜਲੀ ਸਪਲਾਈ ’ਤੇ ਨਿਰਭਰਤਾ ਖ਼ਤਮ ਹੋ ਜਾਂਦੀ ਹੈ। ਕਿਉਂਕਿ ਸਾਫ਼-ਸੁਥਰੀ ਹਾਈਡ੍ਰੋਜਨ ਤਕਨੀਕ ਨਾਲ ਟ੍ਰੇਨ ਦੇ ਅੰਦਰ ਹੀ ਬਿਜਲੀ ਪੈਦਾ ਹੁੰਦੀ ਹੈ, ਇਸ ਲਈ ਇਹ ਰੇਲਗੱਡੀ ਰੇਲ ਆਵਾਜਾਈ ਦਾ ਸਭ ਤੋਂ ਵਾਤਾਵਰਨ-ਅਨੁਕੂਲ ਰੂਪ ਹੈ, ਜੋ ਟਿਕਾਊ ਗਤੀਸ਼ੀਲਤਾ ਦੇ ਭਵਿੱਖ ਨੂੰ ਊਰਜਾ ਪ੍ਰਦਾਨ ਕਰਦੀ ਹੈ। ਇਸ ਉੱਨਤ ਪ੍ਰਣੋਦਨ ਪ੍ਰਣਾਲੀ (ਪ੍ਰੋਪਲਸ਼ਨ ਸਿਸਟਮ) ਨੂੰ ਹੋਰ ਮਜ਼ਬੂਤ ਬਣਾਉਣ ਲਈ, ਦੇਸ਼ ਨੇ ਰੇਲਗੱਡੀਆਂ ਵਿੱਚ ਬਹੁ-ਪੱਧਰੀ ਸੁਰੱਖਿਆ ਪ੍ਰਣਾਲੀਆਂ ਲਗਾਈਆਂ ਹਨ ਜੋ ਹਾਈਡ੍ਰੋਜਨ ਰਿਸਾਅ ਗਰਮੀ, ਅੱਗ ਅਤੇ ਧੂੰਏਂ ਦਾ ਪਤਾ ਲਗਾਉਣ ਵਿੱਚ ਸਮਰੱਥ ਹਨ। ਜੀਂਦ -ਸੋਨੀਪਤ ਸੈਕਸ਼ਨ ’ਤੇ 75 ਕਿੱਲੋਮੀਟਰ ਪ੍ਰਤੀ ਘੰਟਾ ਦੀ ਸੰਚਾਲਨ ਗਤੀ ਅਤੇ 110 ਕਿੱਲੋਮੀਟਰ ਪ੍ਰਤੀ ਘੰਟਾ ਦੀ ਡਿਜ਼ਾਈਨ ਗਤੀ ਦੇ ਨਾਲ, ਇਹ ਰੇਲਗੱਡੀ ਨਾ ਸਿਰਫ਼ ਸੁਰੱਖਿਅਤ ਹੈ ਬਲਕਿ 89 ਕਿਲੋਮੀਟਰ ਦੇ ਇਸ ਮਾਰਗ ’ਤੇ ਤੇਜ਼ ਵੀ ਹੈ।

ਮੌਜੂਦਾ ਸਮੇਂ ਵਿੱਚ ਵਿਸ਼ਵ ਪੱਧਰ ’ਤੇ ਚੱਲਣ ਵਾਲੀਆਂ ਜ਼ਿਆਦਾਤਰ ਹਾਈਡ੍ਰੋਜਨ ਯਾਤਰੀ ਰੇਲਗੱਡੀਆਂ ਵਿੱਚ ਸਿਰਫ਼ ਦੋ ਜਾਂ ਤਿੰਨ ਡੱਬੇ ਹੁੰਦੇ ਹਨ ਅਤੇ ਇਹ ਮੁੱਖ ਤੌਰ ’ਤੇ ਛੋਟੇ ਖੇਤਰੀ ਰੂਟਾਂ ’ਤੇ ਹੀ ਚੱਲਦੀਆਂ ਹਨ। ਇਸ ਦੇ ਉਲਟ, ਭਾਰਤੀ ਰੇਲਵੇ ਦੀ ਟ੍ਰੇਨ ਨੂੰ 10 ਡੱਬਿਆਂ ਵਾਲੀ ਯਾਤਰੀ ਗੱਡੀ ਵਜੋਂ ਤਿਆਰ ਕੀਤਾ ਗਿਆ ਹੈ, ਜਿਸ ਦੀ ਸਮਰੱਥਾ ਲਗਭਗ 2,600 ਯਾਤਰੀਆਂ ਦੀ ਹੈ। ਇਹ ਉੱਚ-ਸਮਰੱਥਾ ਵਾਲੀਆਂ ਯਾਤਰੀ ਸੇਵਾਵਾਂ ਲਈ ਹਾਈਡ੍ਰੋਜਨ-ਸੰਚਾਲਿਤ ਰੇਲ ਆਵਾਜਾਈ ਦੀ ਅਨੁਕੂਲਤਾ  ਨੂੰ ਦਰਸਾਉਂਦਾ ਹੈ।

ਹਾਈਡ੍ਰੋਜਨ ਬਹੁਤ ਜ਼ਿਆਦਾ ਜਲਣਸ਼ੀਲ ਹੁੰਦੀ ਹੈ ਅਤੇ ਇਸ ਨਾਲ ਕੁਦਰਤੀ ਤੌਰ ’ਤੇ ਸਾਰਿਆਂ ਦੇ ਮਨ ਵਿੱਚ ਇੱਕ ਸਵਾਲ ਉੱਠਦਾ ਹੈ: ਕੀ ਹਜ਼ਾਰਾਂ ਯਾਤਰੀਆਂ ਨੂੰ ਅਜਿਹੀ ਰੇਲਗੱਡੀ ਵਿੱਚ ਬਿਠਾਉਣਾ ਸੁਰੱਖਿਅਤ ਹੈ, ਜੋ ਇੰਨੀ ਆਸਾਨੀ ਨਾਲ ਅੱਗ ਫੜ ਸਕਦੀ ਹੈ? ਇੱਥੇ ਟ੍ਰੇਨ ਦੇ ਕੰਮ ਕਰਨ ਦੇ ਤਰੀਕੇ ਅਤੇ ਭਾਰਤੀ ਰੇਲਵੇ ਵੱਲੋਂ ਇਸ ਨੂੰ ਸੁਰੱਖਿਅਤ ਬਣਾਉਣ ਲਈ ਚੁੱਕੇ ਗਏ ਕਦਮਾਂ ਦੀ ਸਰਲ ਵਿਆਖਿਆ ਦਿੱਤੀ ਗਈ ਹੈ।

ਹਾਈਡ੍ਰੋਜਨ ਰੇਲਗੱਡੀ ਅਸਲ ’ਚ ਕਿਵੇਂ ਕੰਮ ਕਰਦੀ ਹੈ?

ਰਵਾਇਤੀ ਡੀਜ਼ਲ ਇੰਜਣਾਂ ਦੇ ਉਲਟ, ਜੋ ਮਕੈਨੀਕਲ ਸ਼ਕਤੀ ਪੈਦਾ ਕਰਨ ਲਈ ਬਾਲਣ ਨੂੰ ਬਾਲਦੇ ਹਨ, ਹਾਈਡ੍ਰੋਜਨ ਟ੍ਰੇਨ ਵਿੱਚ ਇੱਕ ਪ੍ਰੋਟਾਨ ਐਕਸਚੇਂਜ ਮੈਂਬਰੇਨ (ਪੀਈਐੱਮ) ਬਾਲਣ ਸੈੱਲ ਦੇ ਰੂਪ ਵਿੱਚ ਇੱਕ ਛੋਟਾ ਬਿਜਲੀ ਪਲਾਂਟ ਲੱਗਿਆ ਹੁੰਦਾ ਹੈ। ਟ੍ਰੇਨ ਦੇ ਸਿਲੰਡਰਾਂ ਵਿੱਚ ਜਮ੍ਹਾਂ ਕੀਤੀ ਹਾਈਡ੍ਰੋਜਨ, ਫਿਊਲ ਸੈੱਲ ਦੇ ਅੰਦਰ ਆਲੇ-ਦੁਆਲੇ ਦੀ ਹਵਾ ਵਿੱਚੋਂ ਆਕਸੀਜਨ ਨਾਲ ਮਿਲ ਕੇ ਬਿਜਲੀ ਪੈਦਾ ਕਰਦੀ ਹੈ, ਜਿਸ ਨਾਲ ਟ੍ਰੈਕਸ਼ਨ ਮੋਟਰਾਂ ਚੱਲਦੀਆਂ ਹਨ ਅਤੇ ਪਹੀਏ ਘੁੰਮਦੇ ਹਨ। ਇਸ ਇਲੈਕਟ੍ਰੋ-ਵਿਦਿਊਤ ਰਸਾਇਣਕ ਪ੍ਰਤੀਕਿਰਿਆ ਦੇ ਸਿੱਧੇ ਉਪ-ਉਤਪਾਦ (ਬਾਈ-ਪ੍ਰੋਡਕਟ) ਸਿਰਫ਼ ਪਾਣੀ ਦੀ ਭਾਫ਼ ਅਤੇ ਗਰਮੀ ਹਨ। ਇਸ ਵਿੱਚ ਕੋਈ ਬਾਲਣ ਦਾ ਸੜਨਾ, ਧੂੰਆਂ ਜਾਂ ਸਾਈਲੈਂਸਰ ਤੋਂ ਕਾਰਬਨ ਨਿਕਾਸ ਨਹੀਂ ਹੁੰਦਾ।

ਸੌਖੇ ਸ਼ਬਦਾਂ ਵਿੱਚ ਕਹੀਏ ਤਾਂ ਇਹ ਪ੍ਰਕਿਰਿਆ ਲਗਭਗ ਜਾਦੂ ਵਰਗੀ ਹੈ: ਹਾਈਡ੍ਰੋਜਨ + ਆਕਸੀਜਨ → ਬਿਜਲੀ + ਪਾਣੀ ਦੀ ਭਾਫ਼ → ਰੇਲਗੱਡੀ ਚੱਲਣ ਲੱਗਦੀ ਹੈ। ਜੋ ਜਾਦੂ ਵਰਗਾ ਦਿਖਾਈ ਦਿੰਦਾ ਹੈ, ਉਹ ਅਸਲ ਵਿੱਚ ਵਿਗਿਆਨ ਦਾ ਕਾਰਨਾਮਾ ਹੈ, ਜੋ ਰੇਲਗੱਡੀ ਦੇ ਅੰਦਰ ਹੀ ਹਾਈਡ੍ਰੋਜਨ ਨੂੰ ਸਿੱਧਾ ਬਿਜਲੀ ਵਿੱਚ ਬਦਲਦਾ ਹੈ। ਇਸ ਦਾ ਇੱਕਮਾਤਰ ਸਿੱਧਾ ਉਪ-ਉਤਪਾਦ ਪਾਣੀ ਦੀ ਭਾਫ਼ ਹੈ। ਇਸ ਵਿੱਚੋਂ ਨਾ ਤਾਂ ਧੂੰਆਂ ਨਿਕਲਦਾ ਹੈ ਅਤੇ ਨਾ ਹੀ ਸਿੱਧਾ ਕਾਰਬਨ ਨਿਕਾਸ ਨਹੀਂ ਹੁੰਦਾ  ਹੈ, ਜਿਸ ਨਾਲ ਭਾਰਤੀ ਰੇਲਵੇ ਦੇ ਵਾਤਾਵਰਨ ਸੰਭਾਲ ਦੇ ਯਤਨਾਂ ਵਿੱਚ ਯੋਗਦਾਨ ਮਿਲਦਾ ਹੈ।

ਇਸ ਟ੍ਰੇਨ ਵਿੱਚ ਦੋ ਹਾਈਡ੍ਰੋਜਨ ਡ੍ਰਾਈਵਿੰਗ ਪਾਵਰ ਕਾਰਾਂ (ਡੀਪੀਸੀ) ਅਤੇ ਅੱਠ ਟ੍ਰੇਲਰ ਕੋਚ (ਟੀਸੀ) ਸ਼ਾਮਲ ਹਨ। ਹਰੇਕ ਡ੍ਰਾਈਵਿੰਗ ਪਾਵਰ ਕਾਰ ਵਿੱਚ ਫਿਊਲ ਸੈੱਲ, ਲਿਥੀਅਮ ਆਇਰਨ ਫਾਸਫੇਟ (ਐੱਲਐੱਫਪੀ) ਬੈਟਰੀ ਅਤੇ ਹਾਈਡ੍ਰੋਜਨ ਸਟੋਰੇਜ ਸਿਲੰਡਰ ਲੱਗੇ ਹੁੰਦੇ ਹਨ, ਜੋ ਵੱਖ-ਵੱਖ ਸੰਚਾਲਨ ਸਥਿਤੀਆਂ ਵਿੱਚ ਭਰੋਸੇਯੋਗ ਕੰਮਕਾਜ ਨੂੰ ਯਕੀਨੀ ਬਣਾਉਂਦੇ ਹੋਏ ਖਿੱਚਣ ਦੀ ਸ਼ਕਤੀ ਪ੍ਰਦਾਨ ਕਰਨ ਲਈ ਇਕੱਠੇ ਕੰਮ ਕਰਦੇ ਹਨ।

ਦੋਵਾਂ ਸਿਰਿਆਂ ’ਤੇ ਸਥਿਤ ਦੋ ਪਾਵਰ ਕਾਰਾਂ, ਜਿਨ੍ਹਾਂ ਵਿੱਚੋਂ ਹਰੇਕ ਡ੍ਰਾਈਵਿੰਗ ਪਾਵਰ ਕਾਰ 1,200 ਕਿੱਲੋਵਾਟ (1600 ਐੱਚ.ਪੀ.) ਬਿਜਲੀ ਪੈਦਾ ਕਰਦੀ ਹੈ, ਜੋ ਪੂਰੀ ਰੇਲਗੱਡੀ ਨੂੰ 110 ਕਿੱਲੋਮੀਟਰ/ਘੰਟਾ ਦੀ ਰਫ਼ਤਾਰ ਤੱਕ ਪਹੁੰਚਾਉਣ ਲਈ ਕਾਫ਼ੀ ਹੈ। ਹਾਈਡ੍ਰੋਜਨ ਫਿਊਲ ਸੈੱਲ ਨਾਲ ਚੱਲਣ ਵਾਲੀ ਇਹ ਰੇਲਗੱਡੀ ਸ਼ੁਰੂ ਵਿੱਚ ਉੱਤਰੀ ਰੇਲਵੇ ਦੇ ਜੀਂਦ-ਸੋਨੀਪਤ ਸੈਕਸ਼ਨ ’ਤੇ ਚੱਲੇਗੀ, ਜੋ ਜੀਂਦ ਜੰਕਸ਼ਨ, ਗੋਹਾਨਾ ਜੰਕਸ਼ਨ ਅਤੇ ਸੋਨੀਪਤ ਨੂੰ ਜੋੜਦੀ ਹੈ ਅਤੇ ਜੀਂਦ ਸਿਟੀ, ਪਾਂਡੂ ਪਿੰਡਾਰਾ ਜੰਕਸ਼ਨ, ਲਲਿਤ ਖੇੜਾ ਹਾਲਟ, ਭੰਭੇਵਾ, ਈਸਾਪੁਰ ਖੇੜੀ ਹਾਲਟ, ਬੁਟਾਣਾ ਹਾਲਟ, ਖੰਡਰਾਈ ਹਾਲਟ, ਰਾਬਰਾ ਹਾਲਟ, ਲਾਠ ਹਾਲਟ, ਮੋਹਨਾ, ਬਰਵਾਸਨੀ ਹਾਲਟ ਅਤੇ ਸੋਨੀਪਤ ਨਿਊ ਸਮੇਤ ਵਿਚਕਾਰਲੇ ਸਟੇਸ਼ਨਾਂ ਅਤੇ ਪ੍ਰਸਤਾਵਿਤ ਠਹਿਰਾਵਾਂ (ਸਟਾਪਾਂ) ’ਤੇ ਵੀ ਰੁਕੇਗੀ।

ਇਸ ਰਸਤੇ ਦੀ ਚੋਣ ਆਮ ਸੰਚਾਲਨ ਹਾਲਤਾਂ ਵਿੱਚ ਹਾਈਡ੍ਰੋਜਨ-ਸੰਚਾਲਿਤ ਯਾਤਰੀ ਰੇਲ ਸੇਵਾਵਾਂ ਦੀ ਸੰਚਾਲਨ ਵਿਹਾਰਕਤਾ, ਸੁਰੱਖਿਆ ਅਤੇ ਭਰੋਸੇਯੋਗਤਾ ਨੂੰ ਦਰਸਾਉਣ ਲਈ ਕੀਤੀ ਗਈ ਹੈ। ਜੀਂਦ ਵਿੱਚ ਸਥਾਪਿਤ ਸਮਰਪਿਤ ਹਾਈਡ੍ਰੋਜਨ ਭੰਡਾਰਨ, ਕੰਪ੍ਰੈਸ਼ਨ ਅਤੇ ਵੰਡ ਦੀ ਸਹੂਲਤ ਬਾਲਣ  ਭਰਨ ਦੇ ਕੰਮਾਂ ਵਿੱਚ ਸਹਿਯੋਗ ਕਰੇਗੀ, ਜਿਸ ਨਾਲ ਭਾਰਤ ਦਾ ਪਹਿਲਾ ਏਕੀਕ੍ਰਿਤ ਹਾਈਡ੍ਰੋਜਨ ਰੇਲਵੇ ਈਕੋਸਿਸਟਮ ਤਿਆਰ ਹੋਵੇਗਾ।

ਹਾਈਡ੍ਰੋਜਨ ਕਿੱਥੋਂ ਆਉਂਦਾ ਹੈ? ਜੀਂਦ ਵਿੱਚ ਈਂਧਨ ਭਰਨ ਦਾ ਸਟੇਸ਼ਨ ਹੈ

ਪੈਟਰੋਲ ਪੰਪ ਜਾਂ ਸੀ.ਐੱਨ.ਜੀ. ਸਟੇਸ਼ਨ ਵਾਂਗ ਹੀ, ਰੇਲਗੱਡੀਆਂ ਨੂੰ ਵੀ ਈਂਧਨ ਭਰਨ ਲਈ ਜਗ੍ਹਾ ਚਾਹੀਦੀ ਹੁੰਦੀ ਹੈ, ਅਤੇ ਇਸੇ ਮਕਸਦ ਲਈ ਭਾਰਤੀ ਰੇਲਵੇ ਨੇ ਹਰਿਆਣਾ ਦੇ ਜੀਂਦ ਵਿੱਚ ਭਾਰਤ ਦੀ ਸਭ ਤੋਂ ਵੱਡੀ ਰੇਲਵੇ ਹਾਈਡ੍ਰੋਜਨ ਬਾਲਣ ਭਰਨ ਦੀ ਸਹੂਲਤ ਸਥਾਪਤ ਕੀਤੀ ਹੈ। ਇਹ ਸਹੂਲਤ ਤਿੰਨ ਪੜਾਵਾਂ ਵਿੱਚ ਸੰਚਾਲਿਤ ਹੁੰਦੀ ਹੈ ।

ਸਭ ਤੋਂ ਪਹਿਲਾਂ, ਗ੍ਰੀਨ ਹਾਈਡ੍ਰੋਜਨ ਪਲਾਂਟ ਵਿੱਚ ਪਾਣੀ ਦੇ ਬਿਜਲਈ ਅਪਘਟਨ (ਇਲੈਕਟ੍ਰੋਲਿਸਿਸ) ਰਾਹੀਂ ਹਾਈਡ੍ਰੋਜਨ ਦਾ ਉਤਪਾਦਨ ਕੀਤਾ ਜਾਂਦਾ ਹੈ, ਜਿਸ ਵਿੱਚ ਬਿਜਲੀ ਦੀ ਵਰਤੋਂ ਕਰਕੇ ਪਾਣੀ ਨੂੰ ਹਾਈਡ੍ਰੋਜਨ ਅਤੇ ਆਕਸੀਜਨ ਵਿੱਚ ਵੱਖ ਕੀਤਾ ਜਾਂਦਾ ਹੈ ਅਤੇ ਫਿਰ ਇਸਨੂੰ ਵਿਸ਼ੇਸ਼ ਭੰਡਾਰਨ ਟੈਂਕਾਂ ਵਿੱਚ ਸੁਰੱਖਿਅਤ ਢੰਗ ਨਾਲ ਜਮ੍ਹਾਂ ਕੀਤਾ ਜਾਂਦਾ ਹੈ। ਦੂਜਾ, ਹਾਈਡ੍ਰੋਜਨ ਨੂੰ 500 ਬਾਰ ਤੱਕ ਕੰਪ੍ਰੈੱਸ (ਸੰਕੁਚਿਤ) ਕੀਤਾ ਜਾਂਦਾ ਹੈ, ਜਿਸ ਨਾਲ ਘੱਟ ਜਗ੍ਹਾ ਵਿੱਚ ਵੱਧ ਮਾਤਰਾ ਵਿੱਚ ਹਾਈਡ੍ਰੋਜਨ ਜਮ੍ਹਾਂ ਕੀਤੀ ਜਾ ਸਕਦੀ ਹੈ। ਅਖ਼ੀਰ ਵਿੱਚ, ਇਸਨੂੰ ਦੋ ਸੁਤੰਤਰ ਹਾਈਡ੍ਰੋਜਨ ਡਿਸਪੈਂਸਰਾਂ ਰਾਹੀਂ 350 ਬਾਰ ਦੇ ਨਿਯੰਤਰਿਤ ਦਬਾਅ 'ਤੇ ਵੰਡਿਆ ਜਾਂਦਾ ਹੈ, ਜਿਸ ਨਾਲ ਦੋਵਾਂ ਹਾਈਡ੍ਰੋਜਨ ਡ੍ਰਾਈਵਿੰਗ ਪਾਵਰ ਕਾਰਾਂ ਵਿੱਚ ਇੱਕੋ ਸਮੇਂ ਬਾਲਣ  ਭਰਿਆ ਜਾ ਸਕਦਾ ਹੈ ਅਤੇ ਵਾਪਸੀ ਦਾ ਸਮਾਂ ਘੱਟ ਜਾਂਦਾ ਹੈ।

 

ਇਹ ਸਹੂਲਤ ਇੱਕ ਸਮੇਂ ਵਿੱਚ ਲਗਭਗ 3,000 ਕਿੱਲੋਗ੍ਰਾਮ ਹਾਈਡ੍ਰੋਜਨ ਜਮ੍ਹਾਂ ਕਰਦੀ ਹੈ, ਜੋ ਕਿ ਟ੍ਰੇਨਸੈੱਟ ਦੇ ਨਿਯਮਤ ਸੰਚਾਲਨ ਨੂੰ ਬਣਾਈ ਰੱਖਣ ਲਈ ਕਾਫ਼ੀ ਹੈ ਅਤੇ ਇਸਦੀ ਸਟੋਰੇਜ ਅਤੇ ਸਪਲਾਈ ਪ੍ਰਣਾਲੀ ਨੂੰ ਪੈਟਰੋਲੀਅਮ ਅਤੇ ਵਿਸਫੋਟਕ ਸੁਰੱਖਿਆ ਸੰਗਠਨ (ਪੀਈਐੱਸਓ) ਵੱਲੋਂ ਮਨਜ਼ੂਰੀ ਦਿੱਤੀ ਗਈ ਹੈ।

ਸਵਦੇਸ਼ੀ ਸਮਰੱਥਾਵਾਂ ਦਾ ਨਿਰਮਾਣ

ਭਾਰਤ ਵਿੱਚ ਹੀ ਡਿਜ਼ਾਈਨ, ਇੰਜੀਨੀਅਰਿੰਗ ਅਤੇ ਏਕੀਕ੍ਰਿਤ ਕੀਤੀ ਗਈ ਇਹ ਰੇਲਗੱਡੀ ਸਵਦੇਸ਼ੀ ਤਕਨਾਲੋਜੀ ਦੀ ਵਰਤੋਂ ਕਰਕੇ ਵਿਕਸਤ ਕੀਤੀ ਗਈ ਹੈ, ਜੋ ਕਿ ਉੱਨਤ ਰੇਲਵੇ ਇੰਜੀਨੀਅਰਿੰਗ ਵਿੱਚ ਦੇਸ਼ ਦੀਆਂ ਵਧਦੀਆਂ ਸਮਰੱਥਾਵਾਂ ਨੂੰ ਦਰਸਾਉਂਦੀ ਹੈ।

ਦੇਸ਼ ਦੀ ਪਹਿਲੀ ਹਾਈਡ੍ਰੋਜਨ ਫਿਊਲ ਸੈੱਲ ਨਾਲ ਚੱਲਣ ਵਾਲੀ ਟ੍ਰੇਨਸੈੱਟ ਦਾ ਵਿਕਾਸ ਭਾਰਤੀ ਰੇਲਵੇ ਦੀ ਅਗਵਾਈ ਵਿੱਚ ਹੋਇਆ ਹੈ। ਰਿਸਰਚ ਡਿਜ਼ਾਈਨ ਐਂਡ ਸਟੈਂਡਰਡਸ ਆਰਗੇਨਾਈਜ਼ੇਸ਼ਨ (ਆਰਡੀਐੱਸਓ) ਨੇ ਤਕਨੀਕੀ ਵਿਸ਼ੇਸ਼ਤਾਵਾਂ ਨੂੰ ਤਿਆਰ ਕੀਤਾ ਅਤੇ ਡਿਜ਼ਾਈਨ ਮਨਜ਼ੂਰੀ ਪ੍ਰਕਿਰਿਆ ਦੀ ਅਗਵਾਈ ਕੀਤੀ। ਟ੍ਰੇਨਸੈੱਟ ਦਾ ਏਕੀਕ੍ਰਿਤ ਮੈਸਰਜ਼ ਮੇਧਾ ਸਰਵੋ ਡ੍ਰਾਈਵਜ਼ ਵੱਲੋਂ ਕੀਤਾ ਗਿਆ ਹੈ, ਜਦੋਂ ਕਿ ਇੰਟੀਗ੍ਰਲ ਕੋਚ ਫੈਕਟਰੀ (ਆਈਸੀਐੱਫ) ਨੇ ਟ੍ਰੇਨ ਦੀ ਥੀਮ ਅਤੇ ਬਾਹਰੀ ਡਿਜ਼ਾਈਨ ਵਿੱਚ ਯੋਗਦਾਨ ਪਾਇਆ ਹੈ।

ਰੇਲਗੱਡੀਆਂ ਦੇ ਪੂਰਕ ਵਜੋਂ, ਭਾਰਤੀ ਰੇਲਵੇ ਨੇ ਜੀਂਦ ਵਿੱਚ ਇੱਕ ਸੰਪੂਰਨ ਹਾਈਡ੍ਰੋਜਨ ਈਕੋਸਿਸਟਮ ਸਥਾਪਿਤ ਕੀਤਾ ਹੈ, ਜਿਸ ਵਿੱਚ ਇਲੈਕਟ੍ਰੋਲਿਸਿਸ (ਬਿਜਲਈ ਅਪਘਟਨ) ਰਾਹੀਂ ਹਾਈਡ੍ਰੋਜਨ ਉਤਪਾਦਨ, ਭੰਡਾਰਨ, ਕੰਪ੍ਰੈਸ਼ਨ  ਅਤੇ ਵੰਡ ਬੁਨਿਆਦੀ ਢਾਂਚਾ ਸ਼ਾਮਲ ਹੈ, ਜੋ ਟ੍ਰੇਨ ਦੇ ਸੰਚਾਲਨ ਵਿੱਚ ਸਹਾਇਤਾ ਕਰਦਾ ਹੈ।

ਹਾਈਡ੍ਰੋਜਨ ਅਸਲ ਵਿੱਚ ਕੀ ਹੈ ਅਤੇ ਇਹ ਲੋਕਾਂ ਨੂੰ ਕਿਉਂ ਚਿੰਤਤ ਕਰਦਾ ਹੈ?

ਸੌਖੇ ਸ਼ਬਦਾਂ ਵਿੱਚ ਕਹੀਏ ਤਾਂ, ਹਾਈਡ੍ਰੋਜਨ ਰੰਗਹੀਣ ਹੁੰਦੀ ਹੈ, ਇਸ ਲਈ ਇਸਨੂੰ ਦੇਖਿਆ ਜਾਂ ਸੁੰਘਿਆ ਨਹੀਂ ਜਾ ਸਕਦਾ ਅਤੇ ਗੰਧਹੀਣ ਹੋਣ ਕਰਕੇ ਇਸਦੀ ਕੋਈ ਮਹਿਕ (ਸੁਗੰਧ) ਵੀ ਨਹੀਂ ਆਉਂਦੀ। ਇਹ ਸੁਆਦਹੀਣ ਵੀ ਹੁੰਦੀ ਹੈ। ਇਹ ਜ਼ਹਿਰੀਲੀ ਨਹੀਂ ਹੁੰਦੀ, ਯਾਨੀ ਇਸਦੇ ਕੋਲ ਹੋਣ ਨਾਲ ਤੁਹਾਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਲੋਕਾਂ ਨੂੰ ਜਿਸ ਗੱਲ ਤੋਂ ਡਰ ਲੱਗਦਾ ਹੈ, ਅਤੇ ਇਹ ਡਰ ਜਾਇਜ਼ ਵੀ ਹੈ, ਉਹ ਇਹ ਹੈ ਕਿ ਇਹ ਬਹੁਤ ਜ਼ਿਆਦਾ ਜਲਣਸ਼ੀਲ ਹੁੰਦੀ ਹੈ ਅਤੇ ਇਸਦੀ ਵਰਤੋਂ ਬਹੁਤ ਸਾਵਧਾਨੀ ਨਾਲ ਕੀਤੀ ਜਾਣੀ ਚਾਹੀਦੀ ਹੈ। ਕਿਉਂਕਿ ਹਾਈਡ੍ਰੋਜਨ ਨੂੰ ਦੇਖਿਆ ਜਾਂ ਸੁੰਘਿਆ ਨਹੀਂ ਜਾ ਸਕਦਾ, ਇਸ ਲਈ ਇਸ ਪ੍ਰੋਜੈਕਟ ਦੀ ਸਮੁੱਚੀ ਸੁਰੱਖਿਆ ਯੋਜਨਾ ਇੱਕ ਹੀ ਟੀਚੇ ’ਤੇ ਅਧਾਰਤ ਹੈ, ਜੋ ਕਿ ਛੋਟੇ ਤੋਂ ਛੋਟੇ ਲੀਕੇਜ ਦਾ ਵੀ ਤੁਰੰਤ ਪਤਾ ਲਗਾਉਣਾ ਅਤੇ ਉਸਨੂੰ ਕਦੇ ਵੀ ਖ਼ਤਰੇ ਵਿੱਚ ਨਾ ਬਦਲਣ ਦੇਣਾ ਹੈ।

ਤਾਂ ਸੁਰੱਖਿਆ ਅਸਲ ’ਚ ਕਿਵੇਂ ਯਕੀਨੀ ਬਣਾਈ ਜਾਂਦੀ ਹੈ?

ਇਸ ਪ੍ਰੋਜੈਕਟ ਦੇ ਹਰ ਪੱਧਰ ’ਤੇ ਸੁਰੱਖਿਆ ਨੂੰ ਸ਼ਾਮਲ  ਕੀਤਾ ਗਿਆ ਹੈ। ਟ੍ਰੇਨ ਅਤੇ ਹਾਈਡ੍ਰੋਜਨ ਭੰਡਾਰਨ ਸਿਲੰਡਰਾਂ ਦੇ ਡਿਜ਼ਾਈਨ ਤੋਂ ਲੈ ਕੇ ਬਾਲਣ ਭਰਨ ਦੇ ਬੁਨਿਆਦੀ ਢਾਂਚੇ, ਨਿਗਰਾਨੀ ਸੌਫਟਵੇਅਰ ਅਤੇ ਐਮਰਜੈਂਸੀ ਪ੍ਰਤੀਕਿਰਿਆ ਪ੍ਰਣਾਲੀਆਂ ਤੱਕ, ਹਰ ਪੜਾਅ ਵਿੱਚ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ ਗਿਆ ਹੈ। ਕਿਸੇ ਇੱਕ ਸੁਰੱਖਿਆ ਉਪਾਅ ’ਤੇ ਨਿਰਭਰ ਰਹਿਣ ਦੀ ਬਜਾਏ, ਭਾਰਤੀ ਰੇਲਵੇ ਨੇ ਅੰਤਰਰਾਸ਼ਟਰੀ ਪੱਧਰ ’ਤੇ ਪ੍ਰਵਾਨਿਤ 'ਡਿਫੈਂਸ ਇਨ ਡੈਪਥ' ਦੇ ਸਿਧਾਂਤ ਨੂੰ ਅਪਣਾਇਆ ਹੈ, ਜਿਸ ਦੇ ਤਹਿਤ ਕਈ ਸੁਤੰਤਰ ਸੁਰੱਖਿਆ ਪ੍ਰਣਾਲੀਆਂ ਹਾਈਡ੍ਰੋਜਨ ਸਟੋਰੇਜ, ਟ੍ਰਾਂਸਫਰ ਅਤੇ ਵਰਤੋਂ ਦੇ ਹਰ ਪੜਾਅ ਦੀ ਲਗਾਤਾਰ ਨਿਗਰਾਨੀ, ਪੁਸ਼ਟੀ ਅਤੇ ਸੁਰੱਖਿਆ ਕਰਦੀਆਂ ਹਨ।

ਹਰ ਥਾਂ ਨਿਗਰਾਨੀ ਦਾ ਪ੍ਰਬੰਧ ਹੈ। ਟ੍ਰੇਨ ਅਤੇ ਪਲਾਂਟ  ਵਿੱਚ ਅਜਿਹੇ ਉਪਕਰਨ ਲੱਗੇ ਹੋਏ ਹਨ, ਜੋ ਲਗਾਤਾਰ ਹਾਈਡ੍ਰੋਜਨ ਲੀਕੇਜ, ਅਸਧਾਰਨ ਗਰਮੀ, ਅੱਗ ਦੀਆਂ ਲਪਟਾਂ ਜਾਂ ਧੂਏਂ 'ਤੇ ਨਜ਼ਰ ਰੱਖਦੇ ਹਨ, ਇਸ ਲਈ ਕੋਈ ਵੀ ਸਮੱਸਿਆ ਕੁਝ ਹੀ ਸਕਿੰਟਾਂ ਵਿੱਚ ਪਕੜ ਵਿੱਚ ਆ ਜਾਂਦੀ ਹੈ। ਇਸ ਤੋਂ ਇਲਾਵਾ, ਨਿਰੰਤਰ ਹਵਾਦਾਰੀ (ਵੈਂਟੀਲੇਸ਼ਨ)ਟ੍ਰੇਨ ਵਿੱਚੋਂ ਹਵਾ ਨੂੰ ਵਹਿੰਦਾ ਰੱਖਦੀ ਹੈ, ਤਾਂ ਜੋ ਜੇਕਰ ਥੋੜ੍ਹੀ ਜਿਹੀ ਵੀ ਹਾਈਡ੍ਰੋਜਨ ਲੀਕ ਹੋ ਜਾਵੇ, ਤਾਂ ਉਹ ਕਿਸੇ ਥਾਂ ਜਮ੍ਹਾਂ ਹੋਣ ਦੀ ਬਜਾਏ ਸੁਰੱਖਿਅਤ ਢੰਗ ਨਾਲ ਬਾਹਰ ਨਿਕਲ ਕੇ ਖੁੱਲ੍ਹੀ ਹਵਾ ਵਿੱਚ ਘੁਲ ਜਾਵੇ।

ਇਸ ਵਿੱਚ ਇੱਕ ਆਟੋਮੈਟਿਕ ਸ਼ੱਟ-ਆਫ ਸਿਸਟਮ ਵੀ ਹੈ। ਜੇਕਰ ਕੋਈ ਅਸਧਾਰਨ ਸਥਿਤੀ ਪਾਈ ਜਾਂਦੀ ਹੈ, ਤਾਂ ਸਿਸਟਮ ਕਿਸੇ ਵਿਅਕਤੀ ਦੀ ਪ੍ਰਤੀਕਿਰਿਆ ਦੀ ਉਡੀਕ ਕੀਤੇ ਬਿਨਾਂ ਆਟੋਮੈਟਿਕ ਢੰਗ ਨਾਲ ਹਾਈਡ੍ਰੋਜਨ ਦੀ ਸਪਲਾਈ ਬੰਦ ਕਰ ਸਕਦਾ ਹੈ। ਲੋਕੋ ਪਾਇਲਟ ਦੀ ਸੁਰੱਖਿਆ ’ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਲੋਕੋ ਪਾਇਲਟ ਦੇ ਕੈਬਿਨ ਨੂੰ ਵਿਸ਼ੇਸ਼ ਤੌਰ ’ਤੇ ਲੋਕੋ ਪਾਇਲਟ ਦੀ ਸੁਰੱਖਿਆ ਲਈ ਡਿਜ਼ਾਈਨ ਕੀਤਾ ਗਿਆ ਹੈ, ਜਿਸ ਵਿੱਚ ਇੱਕ ਵਿਸ਼ੇਸ਼ ਮੋਡ ਹੈ ਜੋ ਐਮਰਜੈਂਸੀ ਵਿੱਚ ਟ੍ਰੇਨ ਨੂੰ ਸੁਰੱਖਿਅਤ ਸਥਾਨ ’ਤੇ ਲੈ ਜਾਣ ਦੀ ਆਗਿਆ ਦਿੰਦਾ ਹੈ, ਅਤੇ ਇੱਕ ਸਕ੍ਰੀਨ ਹੈ ਜੋ ਲੋਕੋ ਪਾਇਲਟ ਨੂੰ ਹਰ ਸਮੇਂ ਪੂਰੇ ਸਿਸਟਮ ਦੀ ਅਸਲ ਸਥਿਤੀ ਦਿਖਾਉਂਦੀ ਹੈ।

ਜੀਂਦ ਹਾਈਡ੍ਰੋਜਨ ਪਲਾਂਟ ਵਿੱਚ ਵੀ ਇਸੇ ਤਰ੍ਹਾਂ ਦੇ ਸੁਰੱਖਿਆ ਪ੍ਰਬੰਧ ਹਨ, ਜਿਨ੍ਹਾਂ ਵਿੱਚ ਲੀਕੇਜ ਦਾ ਪਤਾ ਲਗਾਉਣ ਵਾਲੇ ਉਪਕਰਨ, ਅੱਗ ਦਾ ਪਤਾ ਲਗਾਉਣ ਵਾਲੇ ਉਪਕਰਨ, ਆਟੋਮੈਟਿਕ ਸ਼ੱਟਡਾਊਨ ਸਿਸਟਮ, ਅੱਗ 'ਤੇ ਕਾਬੂ ਪਾਉਣ ਲਈ ਪਾਣੀ ਦੇ ਛਿੜਕਾਅ ਅਤੇ ਅੱਗ ਅਲਾਰਮ ਸ਼ਾਮਲ ਹਨ, ਜੋ ਸਾਰੇ ਮਿਲ ਕੇ ਕੰਮ ਕਰਦੇ ਹਨ ।

ਨਾ ਸਿਰਫ਼ ਭਾਰਤੀ ਰੇਲਵੇ ਵੱਲੋਂ ਸਗੋਂ ਦੂਜਿਆਂ ਵੱਲੋਂ ਵੀ ਜਾਂਚ ਅਤੇ ਮਨਜ਼ੂਰੀ ਦਿੱਤੀ ਗਈ 

ਹਾਈਡ੍ਰੋਜਨ ਪ੍ਰਣਾਲੀ  ਨੂੰ ਅੰਤਰਰਾਸ਼ਟਰੀ ਪੱਧਰ ’ਤੇ ਪ੍ਰਵਾਨਿਤ ਮਾਪਦੰਡਾਂ, ਜਿਵੇਂ ਕਿ ਐੱਨਐੱਫਪੀਏ-2 ਅਤੇ ਆਈਐੱਸਓ 19880 ਲੜੀ  ਦੇ ਅਨੁਸਾਰ ਡਿਜ਼ਾਈਨ ਕੀਤਾ ਗਿਆ ਹੈ, ਨਾਲ ਹੀ ਇਹ ਪੈਟਰੋਲੀਅਮ ਅਤੇ ਵਿਸਫੋਟਕ ਸੁਰੱਖਿਆ ਸੰਗਠਨ (ਪੀਈਐੱਸਓ) ਦੀਆਂ ਕਾਨੂੰਨੀ ਜ਼ਰੂਰਤਾਂ ਦੀ ਵੀ ਪਾਲਣਾ ਕਰਦੀ ਹੈ। ਚਾਲੂ ਕਰਨ ਤੋਂ ਪਹਿਲਾਂ, ਸਮੁੱਚੀ ਪ੍ਰਣਾਲੀ ਦਾ ਜਰਮਨੀ ਸਥਿਤ ਟੀਯੂਵੀ ਐੱਸਯੂਡੀ ਵੱਲੋਂ ਇੱਕ ਸੁਤੰਤਰ ਤੀਜੀ-ਧਿਰ ਸੁਰੱਖਿਆ ਮੁਲਾਂਕਣ ਕੀਤਾ ਗਿਆ, ਜੋ ਵਿਸ਼ਵ ਦੀਆਂ ਪ੍ਰਮੁੱਖ ਤਕਨੀਕੀ ਨਿਰੀਖਣ ਅਤੇ ਪ੍ਰਮਾਣੀਕਰਣ ਏਜੰਸੀਆਂ ਵਿੱਚੋਂ ਇੱਕ ਹੈ।

ਯਾਤਰੀਆਂ ਨੂੰ ਲਿਜਾਣ ਤੋਂ ਪਹਿਲਾਂ ਟ੍ਰੇਨ ਦੀ ਜਾਂਚ ਕੀਤੀ ਗਈ।

ਇਸ ਟ੍ਰੇਨ ਨੂੰ ਚਲਾਉਣ ਦੀ ਇਜਾਜ਼ਤ ਮਿਲਣ ਤੋਂ ਪਹਿਲਾਂ, ਇਹ ਯਕੀਨੀ ਬਣਾਉਣ ਲਈ ਕਈ ਸਖ਼ਤ ਟੈਸਟਾਂ ਵਿੱਚੋਂ ਲੰਘਾਇਆ ਗਿਆ ਕਿ ਸਭ ਕੁਝ ਠੀਕ ਤਰ੍ਹਾਂ ਕੰਮ ਕਰ ਰਿਹਾ ਹੈ। ਲੋਡ ਬਾਕਸ ਪਰੀਖਣ ਵਿੱਚ ਇਹ ਪਰਖਿਆ ਗਿਆ ਕਿ ਇਲੈਕਟ੍ਰੀਕਲ ਅਤੇ ਪਾਵਰ ਸਿਸਟਮ ਅਸਲ ਲੋਡ ਦੇ ਤਹਿਤ ਸਹੀ ਢੰਗ ਨਾਲ ਕੰਮ ਕਰਦੇ ਹਨ। ਰੇਡੀਓ ਫ੍ਰੀਕੁਐਂਸੀ ਟੈਸਟਿੰਗ ਨਾਲ ਇਹ ਯਕੀਨੀ ਬਣਾਇਆ ਗਿਆ ਕਿ ਟ੍ਰੇਨ ਦੇ ਇਲੈਕਟ੍ਰੋਨਿਕਸ ਦੂਜੇ ਸਿਗਨਲਿੰਗ ਅਤੇ ਸੰਚਾਰ ਪ੍ਰਣਾਲੀਆਂ ਵਿੱਚ ਕੋਈ ਰੁਕਾਵਟ ਨਾ ਪਾਉਣ। ਦੋਲਨ ਟੈਸਟਾਂ ਨਾਲ ਇਹ ਪਰਖਿਆ ਗਿਆ ਕਿ ਟ੍ਰੇਨ ਬਿਨਾਂ ਜ਼ਿਆਦਾ ਵਾਈਬ੍ਰੇਸ਼ਨ ਦੇ, ਤੇਜ਼ ਗਤੀ ’ਤੇ ਸੁਚਾਰੂ ਅਤੇ ਸਥਿਰ ਰੂਪ ਵਿੱਚ ਚੱਲਦੀ ਹੈ। ਐਮਰਜੈਂਸੀ ਬ੍ਰੇਕ ਦੂਰੀ ਪਰੀਖਣਾਂ ਨਾਲ ਇਹ ਪੁਸ਼ਟੀ ਕੀਤੀ ਗਈ ਕਿ ਐਮਰਜੈਂਸੀ ਵਿੱਚ ਟ੍ਰੇਨ ਕਿੰਨੀ ਜਲਦੀ ਅਤੇ ਸੁਰੱਖਿਅਤ ਢੰਗ ਨਾਲ ਰੁਕ ਸਕਦੀ ਹੈ। ਇਹਨਾਂ ਸਾਰੇ ਮੁਲਾਂਕਣਾਂ, ਕਾਨੂੰਨੀ ਨਿਰੀਖਣਾਂ ਅਤੇ ਸੁਤੰਤਰ ਸੁਰੱਖਿਆ ਮੁਲਾਂਕਣਾਂ ਨੂੰ ਸਫਲਤਾਪੂਰਵਕ ਪੂਰਾ ਕਰਨ ਤੋਂ ਬਾਅਦ ਹੀ ਪ੍ਰੋਜੈਕਟ ਨੂੰ ਸੰਚਾਲਨ  ਲਈ ਤਿਆਰ ਮੰਨਿਆ ਗਿਆ।

ਵਿਸ਼ਵ ਪੱਧਰ ’ਤੇ ਭਾਰਤ ਦੀ ਸਥਿਤੀ ਕੀ ਹੈ?

ਹਾਈਡ੍ਰੋਜਨ ਨਾਲ ਚੱਲਣ ਵਾਲੀਆਂ ਰੇਲਗੱਡੀਆਂ ਵਿਸ਼ਵ ਪੱਧਰ ’ਤੇ ਅਜੇ ਵੀ ਸ਼ੁਰੂਆਤੀ ਦੌਰ ਵਿੱਚ ਹਨ। ਜਰਮਨੀ ਵਪਾਰਕ  ਹਾਈਡ੍ਰੋਜਨ ਯਾਤਰੀ ਰੇਲਗੱਡੀਆਂ ਨੂੰ ਸ਼ੁਰੂ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ, ਜਦੋਂ ਕਿ ਫਰਾਂਸ, ਇਟਲੀ, ਚੀਨ, ਜਾਪਾਨ ਅਤੇ ਕੁਝ ਹੋਰ ਦੇਸ਼ ਪ੍ਰਯੋਗਾਤਮਕ ਪ੍ਰੋਜੈਕਟਾਂ ਜਾਂ ਸੀਮਤ ਸੰਚਾਲਨ 'ਤੇ ਕੰਮ ਕਰ ਰਹੇ ਹਨ। ਹਾਲਾਂਕਿ, ਇਹਨਾਂ ਰੇਲਗੱਡੀਆਂ ਵਿੱਚ ਆਮ ਤੌਰ ’ਤੇ ਦੋ ਤੋਂ ਚਾਰ ਡੱਬੇ  ਹੁੰਦੇ ਹਨ ਅਤੇ ਇਹ ਮੁੱਖ ਤੌਰ ’ਤੇ ਖੇਤਰੀ ਯਾਤਰੀ ਸੇਵਾਵਾਂ ਲਈ ਹੀ ਬਣਾਏ ਗਏ ਹਨ।

ਭਾਰਤ ਦੀ ਹਾਈਡ੍ਰੋਜਨ ਫਿਊਲ ਸੈੱਲ ਟ੍ਰੇਨਸੈੱਟ ਪੈਮਾਨੇ ਅਤੇ ਅਭਿਲਾਸ਼ਾ ਦੋਵਾਂ ਪੱਖਾਂ ਤੋਂ ਇੱਕ ਮਹੱਤਵਪੂਰਨ ਤਰੱਕੀ ਨੂੰ ਦਰਸਾਉਂਦੀ ਹੈ। ਟ੍ਰੇਨ ਤੋਂ ਇਲਾਵਾ, ਭਾਰਤ ਨੇ ਜੀਂਦ ਵਿੱਚ ਦੇਸ਼ ਦੀ ਸਭ ਤੋਂ ਵੱਡੀ ਰੇਲਵੇ ਹਾਈਡ੍ਰੋਜਨ ਬਾਲਣ ਭਰਨ ਦੀ ਸਹੂਲਤ ਵੀ ਸਥਾਪਿਤ ਕੀਤੀ ਹੈ, ਜਿਸ ਨਾਲ ਰੋਲਿੰਗ ਸਟਾਕ, ਸਟੋਰੇਜ , ਵੰਡ ਬੁਨਿਆਦੀ ਢਾਂਚਾ, ਸੁਰੱਖਿਆ ਪ੍ਰਣਾਲੀ ਅਤੇ ਸੰਚਾਲਨ ਪ੍ਰੋਟੋਕੋਲ ਨੂੰ ਸ਼ਾਮਲ ਕਰਦੇ ਹੋਏ ਇੱਕ ਸੰਪੂਰਨ ਹਾਈਡ੍ਰੋਜਨ ਰੇਲ ਈਕੋਸਿਸਟਮ ਤੰਤਰ ਦਾ ਨਿਰਮਾਣ ਹੋਇਆ ਹੈ।

ਹਾਈਡ੍ਰੋਜਨ ਰੇਲਗੱਡੀਆਂ ਦਾ ਭਵਿੱਖ

ਭਾਰਤੀ ਰੇਲਵੇ ਜੀਂਦ-ਸੋਨੀਪਤ ਹਾਈਡ੍ਰੋਜਨ ਟ੍ਰੇਨ ਪ੍ਰੋਜੈਕਟ ਤੋਂ ਪ੍ਰਾਪਤ ਤਜਰਬੇ ਦਾ ਲਾਭ ਲੈਂਦੇ ਹੋਏ ਕਾਲਕਾ-ਸ਼ਿਮਲਾ ਰੂਟ  ਸਮੇਤ ਪੁਰਾਣੇ ਰੇਲਵੇ ਰੇਲ ਮਾਰਗਾਂ ’ਤੇ ਹਾਈਡ੍ਰੋਜਨ ਤਕਨਾਲੋਜੀ ਦੀ ਤਾਇਨਾਤੀ ਦੀਆਂ ਸੰਭਾਵਨਾਵਾਂ ਦੀ ਵੀ ਪੜਚੋਲ ਕਰ ਰਿਹਾ ਹੈ।

ਇਹ ਪਹਿਲਕਦਮੀਆਂ ਭਾਰਤੀ ਰੇਲਵੇ ਦੇ ਇੱਕ ਮੋਹਰੀ ਪਾਇਲਟ ਪ੍ਰੋਜੈਕਟ ਤੋਂ ਹਾਈਡ੍ਰੋਜਨ-ਸੰਚਾਲਿਤ ਰੋਲਿੰਗ ਸਟਾਕ ਲਈ ਇੱਕ ਯੋਜਨਾਬੱਧ ਰਾਸ਼ਟਰੀ ਪ੍ਰੋਗਰਾਮ ਵਿੱਚ ਤਬਦੀਲੀ ਦਾ ਸੰਕੇਤ ਦਿੰਦੀਆਂ ਹਨ, ਜੋ ਟਿਕਾਊ ਗਤੀਸ਼ੀਲਤਾ ਵਿੱਚ ਭਾਰਤ ਦੀ ਅਗਵਾਈ ਨੂੰ ਮਜ਼ਬੂਤ ​​ਕਰਦੀਆਂ ਹਨ ਅਤੇ ਨਾਲ ਹੀ ਰਾਸ਼ਟਰੀ ਹਰਿਤ(ਗ੍ਰੀਨ) ਹਾਈਡ੍ਰੋਜਨ ਮਿਸ਼ਨ ਅਤੇ ਦੇਸ਼ ਦੇ ਲੰਬੇ ਸਮੇਂ ਦੇ ਨੈੱਟ ਜ਼ੀਰੋ ਟੀਚੇ ਵਿੱਚ ਯੋਗਦਾਨ ਪਾਉਂਦੀਆਂ ਹਨ।

******

ਧਰਮਿੰਦਰ ਤਿਵਾਰੀ/ਰਿਤੂ ਰਾਜ/ਮਾਨਿਕ ਸ਼ਰਮਾ


(रिलीज़ आईडी: 2285796) आगंतुक पटल : 8
इस विज्ञप्ति को इन भाषाओं में पढ़ें: Odia , English , Urdu , हिन्दी , Bengali-TR , Bengali , Gujarati , Tamil , Telugu , Kannada , Malayalam