ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਹਰਿਆਣਾ ਦੇ ਜੀਂਦ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ

प्रविष्टि तिथि: 17 JUL 2026 3:18PM by PIB Chandigarh

ਭਾਰਤ ਮਾਤਾ ਦੀ ਜੈ। ਭਾਰਤ ਮਾਤਾ ਦੀ ਜੈ।

ਹਰਿਆਣਾ ਦੇ ਰਾਜਪਾਲ ਸ਼੍ਰੀ ਅਸੀਮ ਘੋਸ਼ ਜੀ, ਇੱਥੋਂ ਦੇ ਪ੍ਰਸਿੱਧ ਅਤੇ ਊਰਜਾਵਾਨ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਅਸ਼ਵਿਨੀ ਵੈਸ਼ਣਵ ਜੀ, ਹਾਜ਼ਰ ਹੋਰ ਜਨ-ਪ੍ਰਤੀਨਿਧੀਗਣ, ਅਤੇ ਇਸ ਸਮੇਂ ਤਕਨਾਲੋਜੀ ਦੇ ਮਾਧਿਅਮ ਰਾਹੀਂ ਵੀ ਹਰਿਆਣਾ ਦੇ ਕਈ ਸਥਾਨਾਂ ’ਤੇ ਹਾਜ਼ਰ ਮੇਰੇ ਸਾਰੇ ਪਿਆਰੇ ਹਰਿਆਣਾ ਦੇ ਭਰਾਵੋ ਅਤੇ ਭੈਣੋ!

ਇਹ ਕੁਝ ਫੋਟੋ ਵਗੈਰਾ ਲੈ ਕੇ ਆਏ ਹਨ, ਲੈ ਲਓ ਭਾਈ, ਨਹੀਂ ਤਾਂ ਪਿੱਛੇ ਕਿਸੇ ਨੂੰ ਦਿਖਾਈ ਨਹੀਂ ਦੇਵੇਗਾ। ਕਿਰਪਾ ਕਰਕੇ ਐੱਸਪੀਜੀ ਦੇ ਲੋਕ ਲੈ ਲੈਣ ਇਸ ਨੂੰ। ਧੰਨਵਾਦ ਭਾਈ, ਤੁਸੀਂ ਵਧੀਆ ਚਿੱਤਰ ਬਣਾ ਕੇ ਲਿਆਏ ਹੋ, ਧੰਨਵਾਦ ਤੁਹਾਡਾ। ਉੱਧਰ ਇੱਕ ਛੋਟੀ ਬੱਚੀ ਵੀ ਕੁਝ ਲੈ ਕੇ ਆਈ ਹੈ, ਕਿਰਪਾ ਕਰਕੇ ਲੈ ਲਓ। ਇੱਧਰ ਵੀ ਦੋ ਸੱਜਣ ਦਿਖ ਰਹੇ ਹਨ। ਅਤੇ ਫਿਰ ਆਰਾਮ ਨਾਲ ਬੈਠ ਜਾਓ ਸਾਰੇ ਲੋਕ। ਤੁਹਾਡੇ ਪਿਆਰ ਲਈ, ਤੁਹਾਡੀ ਇਸ ਕਲਾ ਸਾਧਨਾ ਲਈ ਮੈਂ ਤੁਹਾਡਾ ਸਭ ਦਾ ਧੰਨਵਾਦ ਕਰਦਾ ਹਾਂ ਜੀ।

ਸਾਥੀਓ, 

ਜੀਂਦ ਦੀ ਇਸ ਮਾਣਮੱਤੀ ਭੂਮੀ ਤੋਂ, ਆਪ ਸਭ ਨੂੰ ਮੇਰੀ ਰਾਮ-ਰਾਮ! ਅੱਜ ਇਸ ਪਵਿੱਤਰ ਧਰਤੀ ’ਤੇ ਆ ਕੇ ਮਨ ਖ਼ੁਸ਼ ਹੋ ਗਿਆ ਹੈ। ਇਹ ਕੋਈ ਸਾਧਾਰਨ ਧਰਤੀ ਨਹੀਂ ਹੈ। ਇਹ ਧਰਤੀ ਇਤਿਹਾਸ, ਬਹਾਦਰੀ, ਧਰਮ ਅਤੇ ਮਾਣ ਦੀ ਧਰਤੀ ਹੈ। ਸ਼ਕਤੀ ਪੀਠ ਮਾਤਾ ਜਯੰਤੀਆਂ ਦਾ ਨਾਮ ਅਤੇ ਅਸ਼ੀਰਵਾਦ ਇਸ ਸ਼ਹਿਰ ’ਤੇ ਬਣਿਆ ਰਹਿੰਦਾ ਹੈ। ਅਤੇ ਮੇਰੇ ਲਈ ਤਾਂ ਜੀਂਦ ਆਉਣਾ, ਪੁਰਾਣੀਆਂ ਯਾਦਾਂ ਦੀ ਖਿੜਕੀ ਖੋਲ੍ਹਣ ਵਰਗਾ ਹੈ। ਮੈਂ ਇੱਥੇ ਬੈਠੇ-ਬੈਠੇ ਕਈ ਪੁਰਾਣੇ ਚਿਹਰੇ ਦੇਖ ਰਿਹਾ ਸੀ, ਸਾਰੇ ਜਾਣੇ-ਪਛਾਣੇ ਚਿਹਰੇ, ਬਹੁਤ ਸਾਰੇ ਲੋਕ ਤਾਂ ਦਾਅਵਾ ਕਰਦੇ ਹੋਣਗੇ ਕਿ ਮੈਂ ਉਨ੍ਹਾਂ ਦੇ ਸਕੂਟਰ ’ਤੇ ਜੀਂਦ ਆਇਆ ਕਰਦਾ ਸੀ। ਕਈ ਦਹਾਕੇ ਪਹਿਲਾਂ, ਮੈਂ ਸੰਗਠਨ ਦੇ ਕੰਮ ਲਈ ਪਹਿਲੀ ਵਾਰ ਜੀਂਦ ਆਇਆ ਸੀ। ਫਿਰ ਆਪ ਲੋਕਾਂ ਨੇ ਮੈਨੂੰ ਜੋ ਆਪਣਾਪਨ ਦਿੱਤਾ, ਜੋ ਪਿਆਰ ਦਿੱਤਾ, ਉਹ ਮੈਂ ਅੱਜ ਤੱਕ ਭੁੱਲਿਆ ਨਹੀਂ ਹਾਂ। ਮੁਰ੍ਹਾ ਮੱਝ ਦਾ ਦੁੱਧ-ਦਹੀਂ ਅਤੇ ਘਿਓ, ਜੀਂਦ ਦਾ ਦੇਸੀ ਬੂਰਾ ਅਤੇ ਇੱਥੋਂ ਦਾ ਘੇਵਰ, ਇਹ ਉਹ ਯਾਦਾਂ ਹਨ, ਜੋ ਜੀਂਦ ਨਾਲ ਜੁੜ ਹੀ ਜਾਂਦੀਆਂ ਹਨ।

ਸਾਥੀਓ, 

ਇੰਨੇ ਸਾਲਾਂ ਵਿੱਚ ਜੀਂਦ ਦਾ ਘਿਓ ਅਤੇ ਘੇਵਰ ਤਾਂ ਨਹੀਂ ਬਦਲਿਆ, ਪਰ ਜੀਂਦ ਦਾ ਰਵੱਈਆ ਬਦਲ ਗਿਆ ਹੈ। ਅੱਜ ਜੀਂਦ, ਬੀਜੇਪੀ-ਐੱਨਡੀਏ ਦੇ ਸੁਸ਼ਾਸਨ ਮਾਡਲ ਦੀ ਤਸਵੀਰ ਬਣ ਰਿਹਾ ਹੈ। ਬੀਤੇ ਸਾਲਾਂ ਵਿੱਚ ਪੂਰਾ ਹਰਿਆਣਾ ਹੀ, ਵਿਕਾਸ ਦੀ ਨਵੀਂ ਪਟੜੀ ’ਤੇ ਚੱਲ ਪਿਆ ਹੈ। ਅੱਜ ਦਾ ਇਹ ਪ੍ਰੋਗਰਾਮ, ਡਬਲ ਇੰਜਣ ਦੀ ਬੀਜੇਪੀ ਸਰਕਾਰ ਦੇ ਇਸੇ ਮਿਸ਼ਨ ਨੂੰ, ਨਵੀਂ ਊਰਜਾ ਨਾਲ ਭਰ ਰਿਹਾ ਹੈ।

ਸਾਥੀਓ, 

ਅੱਜ ਜੀਂਦ ਦਾ, ਹਰਿਆਣਾ ਦਾ ਨਾਮ ਇਤਿਹਾਸ ਦੇ ਪੰਨਿਆਂ ਵਿੱਚ ਦਰਜ ਹੋ ਗਿਆ ਹੈ। ਅੱਜ ਇੱਥੋਂ, ਦੇਸ਼ ਨੂੰ ਪਹਿਲੀ ਹਾਈਡ੍ਰੋਜਨ ਟ੍ਰੇਨ ਮਿਲੀ ਹੈ।

ਤੁਹਾਨੂੰ ਯਾਦ ਹੋਵੇਗਾ ਸਾਥੀਓ, 

ਅੱਜ ਵੀ ਅਸੀਂ ਪੜ੍ਹਦੇ ਹਾਂ, ਸੁਣਦੇ ਹਾਂ ਕਿ ਭਾਰਤ ਵਿੱਚ ਪਹਿਲੀ ਟ੍ਰੇਨ ਬੌਂਬੇ ਤੋਂ ਠਾਣੇ ਦੇ ਵਿਚਕਾਰ ਚੱਲੀ ਸੀ, ਜਿਸ ਨੂੰ ਅੱਜ ਮੁੰਬਈ ਕਹਿੰਦੇ ਹਨ। ਉਸੇ ਤਰ੍ਹਾਂ ਹੀ ਭਵਿੱਖ ਵਿੱਚ ਜਦੋਂ ਵੀ ਹਾਈਡ੍ਰੋਜਨ ਟ੍ਰੇਨ ਦਾ ਜ਼ਿਕਰ ਆਵੇਗਾ, ਤਾਂ ਜੀਂਦ ਦਾ, ਸੋਨੀਪਤ ਦਾ, ਹਰਿਆਣਾ ਦਾ ਨਾਮ ਵੀ ਆਵੇਗਾ ਹੀ ਆਵੇਗਾ। ਮੈਂ ਆਪ ਸਭ ਨੂੰ, ਪੂਰੇ ਦੇਸ਼ ਨੂੰ, ਭਾਰਤੀ ਰੇਲ ਦੀ ਆਧੁਨਿਕਤਾ ਨਾਲ ਜੁੜੇ ਇਸ ਵੱਡੇ ਕਦਮ ਲਈ, ਬਹੁਤ-ਬਹੁਤ ਵਧਾਈ ਦਿੰਦਾ ਹਾਂ।

 

ਸਾਥੀਓ, 

ਅੱਜ 14 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਹੋਰ ਪ੍ਰੋਜੈਕਟ ਵੀ ਹਰਿਆਣਾ ਨੂੰ ਮਿਲੇ ਹਨ। ਇਸ ਵਿੱਚ ਰੇਲਵੇ ਦੇ, ਹਾਈਵੇਅ ਦੇ ਕਈ ਪ੍ਰੋਜੈਕਟ ਹਨ, ਸਾਡੀ ਵਿਰਾਸਤ ਨਾਲ ਜੁੜੇ ਪ੍ਰੋਜੈਕਟ ਹਨ ਅਤੇ ਦੋ ਨਵੇਂ ਮੈਡੀਕਲ ਕਾਲਜ ਵੀ ਹਰਿਆਣਾ ਦੀ ਸੇਵਾ ਲਈ ਸਮਰਪਿਤ ਹੋਏ ਹਨ। ਭਿਵਾਨੀ ਵਿੱਚ, ਪੰਡਿਤ ਨੇਕੀ ਰਾਮ ਸ਼ਰਮਾ ਮੈਡੀਕਲ ਕਾਲਜ ਅਤੇ ਨਾਰਨੌਲ ਵਿੱਚ ਮਹਾਰਿਸ਼ੀ ਚਯਵਨ ਮੈਡੀਕਲ ਕਾਲਜ ਅਤੇ ਰਾਓ ਤੁਲਾਰਾਮ ਹਸਪਤਾਲ, ਇਸ ਨਾਲ ਹਰਿਆਣਾ ਦੀ ਸਿਹਤ ਸੇਵਾ ਹੋਰ ਮਜ਼ਬੂਤ ਹੋਵੇਗੀ। ਨਾਲ ਹੀ, ਇਸ ਨਾਲ ਇੱਥੋਂ ਦੇ ਨੌਜਵਾਨਾਂ ਲਈ, ਡਾਕਟਰ ਅਤੇ ਹੋਰ ਮੈਡੀਕਲ ਪੇਸ਼ਾਵਰ ਬਣਨ ਦੇ ਨਵੇਂ ਰਸਤੇ ਵੀ ਬਣਨਗੇ। ਇਨ੍ਹਾਂ ਸਾਰੇ ਪ੍ਰੋਜੈਕਟਾਂ ਲਈ ਵੀ ਹਰਿਆਣਾ ਦੇ ਮੇਰੇ ਸਾਰੇ ਭਰਾਵਾਂ ਅਤੇ ਭੈਣਾਂ ਨੂੰ ਬਹੁਤ-ਬਹੁਤ ਵਧਾਈ।

ਸਾਥੀਓ,

ਅੱਜ ਜੀਂਦ ਅਤੇ ਹਰਿਆਣਾ ਦੇ ਲੋਕਾਂ ਦੀ ਮੈਂ ਇੱਕ ਹੋਰ ਗੱਲ ਲਈ ਸ਼ਲਾਘਾ ਕਰਾਂਗਾ। ਸਵੱਛਤਾ ਸੇ ਸੁਆਗਤ ਪਹਿਲਕਦਮੀ ਨੂੰ ਤੁਸੀਂ ਜਿਸ ਗੰਭੀਰਤਾ ਨਾਲ ਲਿਆ ਹੈ, ਜਿਸ ਤਰ੍ਹਾਂ ਮੇਰੇ ਆਉਣ ਤੋਂ ਪਹਿਲਾਂ ਇੱਥੋਂ ਦੇ ਲੋਕ ਸਵੱਛਤਾ ਮੁਹਿੰਮ ਵਿੱਚ ਨਵੇਂ ਸਿਰੇ ਤੋਂ, ਨਵੀਂ ਊਰਜਾ ਨਾਲ ਜੁਟੇ ਹਨ, ਉਹ ਦਿਲ ਖ਼ੁਸ਼ ਕਰ ਦੇਣ ਵਾਲਾ ਹੈ। ਅਤੇ ਮੈਂ ਦੇਖ ਰਿਹਾ ਸੀ, ਪਿਛਲੇ ਇੱਕ ਹਫ਼ਤੇ ਤੋਂ ਸੋਸ਼ਲ ਮੀਡੀਆ ’ਤੇ ਤੁਹਾਡੀ ਇਹ ਜੋ ਸਫ਼ਾਈ ਮੁਹਿੰਮ ਚੱਲ ਰਹੀ ਹੈ, ਉਸ ਦੀ ਭਾਰੀ ਚਰਚਾ ਰਹੀ ਹੈ। ਪਰ ਕੁਝ ਲੋਕਾਂ ਨੇ ਇਹ ਵੀ ਕਿਹਾ ਹੈ ਸੋਸ਼ਲ ਮੀਡੀਆ ’ਤੇ ਕਿ 'ਮੋਦੀ ਜੀ ਤੁਸੀਂ ਵਾਰ-ਵਾਰ ਆਓ, ਤਾਂ ਜੋ ਸਾਡਾ ਜੀਂਦ ਸਵੱਛ ਰਹੇ।' ਜਿਸ ਸੱਜਣ ਨੇ ਇਹ ਭਾਵ ਪ੍ਰਗਟ ਕੀਤਾ ਹੈ, ਮੈਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ, ਪਰ ਮੈਂ ਜੀਂਦ ਵਾਲਿਆਂ ਤੋਂ ਅੱਜ ਕੁਝ ਮੰਗਣ ਆਇਆ ਹਾਂ। ਤੁਸੀਂ ਮੈਨੂੰ ਦੱਸੋ, ਕੀ ਇਸ ਸਫ਼ਾਈ ਲਈ, ਇਸ ਸਵੱਛਤਾ ਲਈ, ਮੋਦੀ ਦਾ ਆਉਣਾ ਜ਼ਰੂਰੀ ਹੈ ਕੀ? ਜੇਕਰ ਜੀਂਦ ਦੇ ਲੋਕ ਤੈਅ ਕਰ ਲੈਣ, ਹਰਿਆਣਾ ਦੇ ਲੋਕ ਤੈਅ ਕਰ ਲੈਣ, ਕਿ ਹੁਣ ਅਸੀਂ ਗੰਦਗੀ ਨਹੀਂ ਫੈਲਾਵਾਂਗੇ, ਤਾਂ ਜੀਂਦ ਕਦੇ ਗੰਦਾ ਹੋਵੇਗਾ ਕੀ? ਹਰਿਆਣਾ ਵਿੱਚ ਗੰਦਗੀ ਆਵੇਗੀ ਕੀ? ਤਾਂ ਕੰਮ ਇੱਕ ਹੀ ਕਰਨਾ ਹੈ, ਮੋਦੀ ਦੇ ਆਉਣ ਦੀ ਜ਼ਰੂਰਤ ਨਹੀਂ ਹੈ, ਸਿਰਫ਼ ਤੁਸੀਂ ਤੈਅ ਕਰ ਲਓ—ਸਵੱਛਤਾ ਹੀ ਸਾਡਾ ਸੁਭਾਅ ਬਣਾਵਾਂਗੇ, ਸਵੱਛਤਾ ਹੀ ਸਾਡੇ ਸੰਸਕਾਰ ਬਣਾਵਾਂਗੇ, ਅਸੀਂ ਸਵੱਛਤਾ ਨੂੰ ਇਸੇ ਤਰ੍ਹਾਂ ਆਪਣੀ ਹਰ ਰੋਜ਼ ਦੀ ਜ਼ਿੰਦਗੀ ਦਾ ਹਿੱਸਾ ਬਣਾਵਾਂਗੇ।

ਸਾਥੀਓ,

ਜੇਕਰ ਅਸੀਂ ਰੇਲਵੇ ਦੇ ਇਤਿਹਾਸ ’ਤੇ ਨਜ਼ਰ ਮਾਰੀਏ, ਤਾਂ ਦੇਖਦੇ ਹਾਂ ਕਿ ਉੱਨ੍ਹੀਵੀਂ ਸਦੀ ਦੇ ਰੇਲਵੇ ਦੀ ਪਛਾਣ ਸਟੀਮ ਇੰਜਣ ਸਨ। ਵੀਹਵੀਂ ਸਦੀ ਦੀ ਪਛਾਣ, ਡੀਜ਼ਲ ਅਤੇ ਬਿਜਲੀ ਨਾਲ ਚੱਲਣ ਵਾਲੀ ਰੇਲ ਬਣੀ ਅਤੇ ਹੁਣ ਇੱਕੀਵੀਂ ਸਦੀ ਦੀ ਰੇਲ ਹਾਈਡ੍ਰੋਜਨ ਨਾਲ ਚੱਲਣ ਵਾਲੀ ਹੈ। ਅੱਜ ਭਾਰਤੀ ਰੇਲ ਨੇ ਵੀ, ਇੱਕੀਵੀਂ ਸਦੀ ਦੀ ਇਸ ਤਕਨਾਲੋਜੀ ਵਿੱਚ ਇੱਕ ਵੱਡਾ ਕਦਮ ਚੁੱਕਿਆ ਹੈ। ਅੱਜ ਜੀਂਦ ਤੋਂ ਸੋਨੀਪਤ ਦੇ ਵਿਚਕਾਰ, ਹਾਈਡ੍ਰੋਜਨ ਟ੍ਰੇਨ ਚੱਲੀ ਹੈ। ਹੁਣ ਇਹ ਸਫ਼ਰ 90 ਕਿੱਲੋਮੀਟਰ ਦਾ ਹੈ, ਪਰ ਭਵਿੱਖ ਵਿੱਚ ਇਸ ਦਾ ਵਿਸਤਾਰ ਹੋਣ ਦੀਆਂ ਬਹੁਤ ਸੰਭਾਵਨਾਵਾਂ ਹਨ। ਅਸੀਂ ਇਸ ’ਤੇ ਖੋਜ ਕਰਦੇ ਰਹਾਂਗੇ, ਲਾਗਤ ਘੱਟ ਕਿਵੇਂ ਹੋਵੇ, ਇਸ ਦਾ ਤਰੀਕਾ ਲੱਭਦੇ ਰਹਾਂਗੇ, ਕੁਸ਼ਲਤਾ ਕਿਵੇਂ ਵਧੇ, ਇਸ ’ਤੇ ਕੰਮ ਕਰਦੇ ਰਹਾਂਗੇ, ਅਤੇ ਵੱਡੀ ਜਾਂਚ-ਪੜਤਾਲ ਕਰਦੇ-ਕਰਦੇ ਇੱਕ ਤੋਂ ਬਾਅਦ ਇੱਕ ਕਦਮ ਚੁੱਕਦੇ ਜਾਵਾਂਗੇ। ਦੁਨੀਆ ਵਿੱਚ ਹਾਈਡ੍ਰੋਜਨ ਟ੍ਰੇਨ ਹੁਣੇ-ਹੁਣੇ ਹੀ ਆਈ ਹੈ, ਕਰੀਬ 7-8 ਸਾਲ ਪਹਿਲਾਂ ਹੀ ਹੋਂਦ ਵਿੱਚ ਆਈ ਹੈ। ਹਾਲੇ ਦੁਨੀਆ ਦੇ 3 ਜਾਂ 4 ਦੇਸ਼ ਹੀ ਹਨ, ਜਿਨ੍ਹਾਂ ਕੋਲ ਹਾਈਡ੍ਰੋਜਨ ਟ੍ਰੇਨ ਚਲਾਉਣ ਦੀ ਸਮਰੱਥਾ ਹੈ। ਅਤੇ ਜਿਨ੍ਹਾਂ ਦੇਸ਼ਾਂ ਵਿੱਚ ਹੁਣ ਅਜਿਹੀ ਹਾਈਡ੍ਰੋਜਨ ਟ੍ਰੇਨ ਚੱਲ ਵੀ ਰਹੀ ਹੈ, ਉੱਥੇ ਬਹੁਤ ਸ਼ੁਰੂਆਤੀ ਦੌਰ ਵਿੱਚ ਹੈ। ਪਰ ਭਾਰਤ ਦੀ ਜੋ ਇਹ ਹਾਈਡ੍ਰੋਜਨ ਟ੍ਰੇਨ ਹੈ, ਉਸ ਦੀ ਸਮਰੱਥਾ ਬਾਰੇ ਸੁਣ ਕੇ ਤੁਹਾਨੂੰ ਵੀ ਮਾਣ ਹੋਵੇਗਾ, ਇੱਕ-ਇੱਕ ਹਿੰਦੁਸਤਾਨੀ ਨੂੰ ਮਾਣ ਹੋਵੇਗਾ।

ਸਾਥੀਓ, 

ਜੀਂਦ ਤੋਂ ਸੋਨੀਪਤ ਨੂੰ ਚੱਲਣ ਵਾਲੀ ਹਾਈਡ੍ਰੋਜਨ ਟ੍ਰੇਨ ਦੁਨੀਆ ਦੀ, ਦੁਨੀਆ ਦੀ ਸਭ ਤੋਂ ਤਾਕਤਵਰ ਹਾਈਡ੍ਰੋਜਨ ਟ੍ਰੇਨ ਹੈ। ਇਹ ਹਾਈਡ੍ਰੋਜਨ ਟ੍ਰੇਨ, ਬੱਤੀ ਸੌ ਹੋਰਸ ਪਾਵਰ ਦੀ ਹੈ। ਤਿੰਨ ਹਜ਼ਾਰ ਦੋ ਸੌ ਹੋਰਸ ਪਾਵਰ ਅਤੇ ਸਭ ਤੋਂ ਤਾਕਤਵਰ ਹੀ ਨਹੀਂ, ਭਾਰਤ ਦੀ ਹਾਈਡ੍ਰੋਜਨ ਟ੍ਰੇਨ, ਸਭ ਤੋਂ ਲੰਬੀ ਵੀ ਹੈ। ਦੁਨੀਆ ਵਿੱਚ ਜਿੱਥੇ ਹਾਈਡ੍ਰੋਜਨ ਟ੍ਰੇਨ ਚੱਲ ਰਹੀ ਹੈ, ਉਹ ਤਿੰਨ ਜਾਂ ਚਾਰ ਕੋਚਾਂ ਵਾਲੀਆਂ ਹਨ। ਅਤੇ ਭਾਰਤ ਨੇ ਪਹਿਲੀ ਵਾਰ ਵਿੱਚ ਸਿੱਧੇ 10 ਕੋਚਾਂ ਵਾਲੀ ਹਾਈਡ੍ਰੋਜਨ ਟ੍ਰੇਨ ਚਲਾ ਕੇ, ਦੁਨੀਆ ਵਿੱਚ ਆਪਣਾ ਝੰਡਾ ਗੱਡ ਦਿੱਤਾ ਹੈ।

ਸਾਥੀਓ, 

ਮੈਂ ਤੁਹਾਨੂੰ ਮਾਣ ਮਹਿਸੂਸ ਕਰਨ ਵਾਲੀ ਇੱਕ ਹੋਰ ਗੱਲ ਦੱਸਣਾ ਚਾਹੁੰਦਾ ਹਾਂ। ਭਾਰਤ ਦੀ ਇਹ ਹਾਈਡ੍ਰੋਜਨ ਟ੍ਰੇਨ, ਧੂੰਆਂ ਰਹਿਤ ਤਾਂ ਹੈ ਹੀ, ਇਹ ਮੇਕ ਇਨ ਇੰਡੀਆ ਦਾ ਵੀ ਇੱਕ ਬਹੁਤ ਸਫ਼ਲ ਉਦਾਹਰਨ ਹੈ। ਇਸ ਹਾਈਡ੍ਰੋਜਨ ਟ੍ਰੇਨ ਨੂੰ ਭਾਰਤ ਦੇ ਹੀ ਇੰਜੀਨੀਅਰਾਂ ਨੇ ਡਿਜ਼ਾਈਨ ਕੀਤਾ ਹੈ, ਭਾਰਤ ਦੀ ਹੀ ਕੰਪਨੀ ਨੇ ਇਸ ਨੂੰ ਬਣਾਇਆ ਹੈ।

ਸਾਥੀਓ,

ਇਹ ਹਾਈਡ੍ਰੋਜਨ ਟ੍ਰੇਨ, ਬਾਕੀ ਟ੍ਰੇਨਾਂ ਤੋਂ ਬਿਲਕੁਲ ਵੱਖਰੀ ਹੈ। ਇਸ ਦੇ ਲਈ ਪੂਰਾ ਸਿਸਟਮ ਵੱਖਰਾ ਚਾਹੀਦਾ ਹੈ, ਪੂਰਾ ਬੁਨਿਆਦੀ ਢਾਂਚਾ ਵੱਖਰਾ ਚਾਹੀਦਾ ਹੈ, ਇੱਥੇ ਜੀਂਦ ਵਿੱਚ ਵੀ ਇਸ ਦੇ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ। ਅਤੇ ਸਾਥੀਓ, ਆਉਣ ਵਾਲੇ ਸਮੇਂ ਵਿੱਚ ਇੱਥੇ ਹਾਈਡ੍ਰੋਜਨ ਟ੍ਰੇਨ ਨਾਲ ਜੁੜਿਆ ਹੋਰ ਵੀ ਬੁਣਿਆਦੀ ਢਾਂਚਾ ਬਣੇਗਾ, ਨਵੀਆਂ-ਨਵੀਆਂ ਫੈਕਟਰੀਆਂ ਲੱਗਣਗੀਆਂ, ਜੋ ਹਾਈਡ੍ਰੋਜਨ ਟ੍ਰੇਨ ਨੈੱਟਵਰਕ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਗੀਆਂ। ਭਾਵ ਇਸ ਟ੍ਰੇਨ ਨਾਲ, ਹਰਿਆਣਾ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਕਈ ਨਵੇਂ ਮੌਕੇ ਬਣਨੇ ਤੈਅ ਹਨ।

 

ਸਾਥੀਓ, 

ਪਿਛਲੇ 12 ਸਾਲਾਂ ਵਿੱਚ ਭਾਰਤੀ ਰੇਲ ਵਿੱਚ ਜੋ ਇਹ ਵੱਡੇ ਬਦਲਾਅ ਹੋਏ, ਇਸ ਨਾਲ ਭਾਰਤ ਨੂੰ ਇੱਕ ਹੋਰ ਫਾਇਦਾ ਹੋਇਆ ਹੈ। ਤੁਸੀਂ ਦੇਖ ਰਹੇ ਹੋ, ਕਿ ਪਿਛਲੇ ਕਈ ਮਹੀਨਿਆਂ ਤੋਂ ਪੱਛਮੀ ਏਸ਼ੀਆ ਵਿੱਚ, ਹੋਰਮੁਜ਼ ਦੇ ਪੂਰੇ ਖੇਤਰ ਵਿੱਚ, ਈਰਾਨ ਅਤੇ ਗਲਫ਼ ਵਿੱਚ ਯੁੱਧ ਚੱਲ ਰਿਹਾ ਹੈ, ਅਤੇ ਜਿਸ ਸਮੁੰਦਰੀ ਰਸਤੇ ਰਾਹੀਂ ਹੋਰਮੁਜ਼ ਤੋਂ ਭਾਰਤ, ਬਹੁਤ ਵੱਡੀ ਮਾਤਰਾ ਵਿੱਚ ਪੈਟਰੋਲ-ਡੀਜ਼ਲ-ਐੱਲਪੀਜੀ ਗੈਸ, ਸਾਡੇ ਕਿਸਾਨਾਂ ਲਈ ਖਾਦ, ਉਸੇ ਰਸਤੇ ਤੋਂ ਆਉਂਦਾ ਹੈ, ਉਸੇ ਸਮੁੰਦਰੀ ਮਾਰਗ ਤੋਂ ਆਉਂਦਾ ਹੈ। ਪਰ ਪਿਛਲੇ 3-4 ਮਹੀਨਿਆਂ ਤੋਂ ਇਹ ਰਸਤਾ, ਨਿਰੰਤਰ ਯੁੱਧ ਦਾ ਮੈਦਾਨ ਬਣ ਚੁੱਕਿਆ ਹੈ, ਸੰਕਟਾਂ ਨਾਲ ਘਿਰਿਆ ਹੋਇਆ ਹੈ।

ਸਾਥੀਓ, 

ਜੇਕਰ 2014 ਤੋਂ ਪਹਿਲਾਂ ਇਹ ਸਥਿਤੀ ਆਉਂਦੀ, ਤਾਂ ਅੱਜ ਹਿੰਦੁਸਤਾਨ ਦਾ ਰੇਲਵੇ ਦਾ ਕੰਮ ਪੂਰੇ ਦਾ ਪੂਰਾ ਠੱਪ ਪੈ ਗਿਆ ਹੁੰਦਾ। ਕਿਉਂਕਿ ਉਸ ਸਮੇਂ 2014 ਵਿੱਚ, ਦੇਸ਼ ਦਾ ਬਹੁਤ ਵੱਡਾ ਹਿੱਸਾ ਅਜਿਹਾ ਸੀ, ਜਿੱਥੇ ਸਾਡੀਆਂ ਟ੍ਰੇਨਾਂ ਸਿਰਫ਼ ਅਤੇ ਸਿਰਫ਼ ਡੀਜ਼ਲ ਨਾਲ ਚੱਲਦੀਆਂ ਸਨ। ਹੁਣ ਤੁਸੀਂ ਸੋਚੋ, ਜੇਕਰ ਡੀਜ਼ਲ ਆਉਣਾ ਬੰਦ ਹੋ ਗਿਆ ਹੁੰਦਾ, ਅੱਜ ਡੀਜ਼ਲ ਨਾਲ ਚੱਲਣ ਵਾਲੀਆਂ ਟ੍ਰੇਨਾਂ ਕਿਵੇਂ ਚੱਲਦੀਆਂ? ਦੇਸ਼ ਕਿੰਨੇ ਵੱਡੇ ਸੰਕਟ ਵਿੱਚ ਆ ਜਾਂਦਾ।

ਪਰ ਸਾਥੀਓ, 

ਇਹ 2014 ਵਾਲੀ ਸਥਿਤੀ ਨਹੀਂ ਹੈ, ਇਹ ਮੋਦੀ ਹੈ। ਬਹੁਤ ਪਹਿਲਾਂ ਸੋਚਦਾ ਵੀ ਹੈ ਅਤੇ ਸਮੱਸਿਆ ਦੇ ਹੱਲ ਦੇ ਰਸਤੇ ਵੀ ਜ਼ਮੀਨ ’ਤੇ ਉਤਾਰਦਾ ਹੈ। ਤੁਸੀਂ ਸੋਚੋ, ਭਾਰਤੀ ਰੇਲ ਦੇ ਬਿਜਲੀਕਰਨ ਦੀ ਸ਼ੁਰੂਆਤ, ਇਹ ਸੁਣ ਕੇ ਵੀ ਹੈਰਾਨ ਰਹਿ ਜਾਓਗੇ ਤੁਸੀਂ ਲੋਕ, ਬਿਜਲੀਕਰਨ ਦੀ ਸ਼ੁਰੂਆਤ 1925 ਵਿੱਚ ਹੋਈ ਸੀ। ਭਾਵ ਕਰੀਬ 100 ਸਾਲ ਪਹਿਲਾਂ। 1925 ਤੋਂ ਲੈ ਕੇ ਸਾਲ 2014 ਤੱਕ, ਮਤਲਬ ਕਰੀਬ 90 ਸਾਲਾਂ ਵਿੱਚ ਪੂਰੇ ਦੇਸ਼ ਦਾ ਜੋ ਰੇਲ ਨੈੱਟਵਰਕ ਸੀ, ਉਸ ਦਾ ਸਿਰਫ਼ 30 ਪ੍ਰਤੀਸ਼ਤ, 30 ਪਰਸੈਂਟ, ਇੱਕ ਤਿਹਾਈ ਤੋਂ ਵੀ ਘੱਟ ਰੇਲ ਨੈੱਟਵਰਕ ਦਾ ਬਿਜਲੀਕਰਨ ਹੋ ਸਕਿਆ ਸੀ। 70 ਪਰਸੈਂਟ ਖੇਤਰ ਡੀਜ਼ਲ ਨਾਲ ਚੱਲਦਾ ਸੀ। ਅਤੇ ਜਿਸ ਗਤੀ ਨਾਲ 90 ਸਾਲਾਂ ਵਿੱਚ 30 ਪ੍ਰਤੀਸ਼ਤ ਕੰਮ ਹੋਇਆ, ਤਾਂ 100 ਪ੍ਰਤੀਸ਼ਤ ਹੁੰਦੇ-ਹੁੰਦੇ 300 ਸਾਲ ਲੱਗ ਜਾਂਦੇ, 200 ਹੋਰ ਲੱਗਦੇ। ਭਾਰਤੀ ਰੇਲਵੇ ਦਾ ਬਿਜਲੀਕਰਨ ਸ਼ਾਇਦ ਨਹੀਂ ਹੋ ਪਾਉਂਦਾ। ਡੀਜ਼ਲ ਨਾਲ ਹੀ ਰੇਲ ਚੱਲਦੀ। ਪਰ ਬੀਤੇ 12 ਸਾਲਾਂ ਵਿੱਚ, ਭਾਰਤ ਦੇ ਕਰੀਬ 99% ਰੇਲ ਨੈੱਟਵਰਕ ਦਾ ਬਿਜਲੀਕਰਨ ਹੋ ਚੁੱਕਿਆ ਹੈ। ਹਰਿਆਣਾ ਵਿੱਚ ਰੇਲ-ਨੈੱਟਵਰਕ ਦਾ ਸੌ ਫ਼ੀਸਦੀ ਬਿਜਲੀਕਰਨ ਹੋ ਗਿਆ ਹੈ। ਇਸ ਵਜ੍ਹਾ ਨਾਲ ਲੜਾਈ ਹੋਣ ਦੇ ਬਾਵਜੂਦ ਵੀ, ਤੇਲ ਦਾ ਸੰਕਟ ਪੈਦਾ ਹੋਣ ਦੇ ਬਾਵਜੂਦ ਵੀ, ਭਾਰਤ ਦੀ ਰੇਲ ਰੁਕੀ ਨਹੀਂ ਹੈ। ਭਾਰਤ ਦੇ ਵਿਕਾਸ ਦੀ ਗੱਡੀ ਅਟਕੀ ਨਹੀਂ ਹੈ, ਟ੍ਰੇਨਾਂ ਲਗਾਤਾਰ ਚੱਲਦੀਆਂ ਰਹੀਆਂ।

ਸਾਥੀਓ,

ਰੇਲ ਹੋਵੇ, ਸੜਕ ਹੋਵੇ, ਕਨੈਕਟੀਵਿਟੀ ਦਾ ਅਜਿਹਾ ਕੰਮ, ਸਹੂਲਤ ਵੀ ਦਿੰਦਾ ਹੈ, ਅਤੇ ਵਿਕਾਸ ਦੀ ਗਤੀ ਵੀ ਕਈ ਗੁਣਾ ਵਧਾ ਦਿੰਦਾ ਹੈ। ਅੱਜ ਜੀਂਦ, ਜੋ ਇੰਨੇ ਸਾਰੇ ਹਾਈਵੇਅ ਨਾਲ ਜੁੜ ਰਿਹਾ ਹੈ, ਹੁਣ ਇਸ ਮੰਚ ਤੋਂ ਵੀ ਤਿੰਨ ਵੱਡੇ ਪ੍ਰੋਜੈਕਟ ਸ਼ੁਰੂ ਹੋਏ ਹਨ। ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸਵੇਅ ਦੇ ਹਰਿਆਣਾ ਵਾਲੇ ਹਿੱਸੇ ਦਾ ਉਦਘਾਟਨ ਹੋਇਆ ਹੈ। ਜੀਂਦ-ਗੋਹਾਣਾ ਨੈਸ਼ਨਲ ਹਾਈਵੇਅ ਵੀ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਅੰਬਾਲਾ-ਕਾਲਾ ਅੰਬ ਚਾਰ ਲੇਨ ਨਾਲ ਵੀ, ਹਰਿਆਣਾ ਅਤੇ ਹਿਮਾਚਲ, ਦੋਵਾਂ ਰਾਜਾਂ ਦੇ ਲੋਕਾਂ ਨੂੰ ਬਹੁਤ ਸਹੂਲਤ ਹੋਵੇਗੀ।

ਸਾਥੀਓ,

ਹੁਣ ਜੀਂਦ ਦੇਸ਼ ਦਾ ਅਜਿਹਾ ਜ਼ਿਲ੍ਹਾ ਬਣ ਗਿਆ ਹੈ, ਜੋ ਪੰਜ-ਪੰਜ ਨੈਸ਼ਨਲ ਹਾਈਵੇਅ ਨਾਲ ਕਨੈਕਟਡ ਹੈ। ਅਜਿਹੀ ਕਨੈਕਟਵਿਟੀ ਨਾਲ, ਇੱਥੋਂ ਦੇ ਕਿਸਾਨਾਂ ਅਤੇ ਪਸ਼ੂ ਪਾਲਕਾਂ ਦੀ ਉਪਜ ਨੂੰ ਵੱਡੀਆਂ ਮੰਡੀਆਂ ਤੱਕ ਪਹੁੰਚਾਉਣਾ ਆਸਾਨ ਅਤੇ ਸਸਤਾ ਹੋਵੇਗਾ। ਇਸ ਨਾਲ ਉਦਯੋਗਾਂ ਨੂੰ ਬਲ ਮਿਲੇਗਾ, ਸੈਰ-ਸਪਾਟੇ ਨੂੰ ਖੰਭ ਲੱਗਣਗੇ, ਅਤੇ ਇਸ ਨਾਲ ਵੱਡੀ ਗਿਣਤੀ ਵਿੱਚ ਨਵੇਂ ਰੁਜ਼ਗਾਰ ਵੀ ਬਣਨਗੇ।

ਸਾਥੀਓ, 

ਤੁਸੀਂ ਸਾਰੇ ਜਾਣਦੇ ਹੋ, ਹਾਲੇ ਮੈਂ ਕੁਝ ਦਿਨ ਪਹਿਲਾਂ ਹੀ, ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀ ਯਾਤਰਾ ਤੋਂ ਵਾਪਸ ਪਰਤਿਆ ਹਾਂ। ਉੱਥੇ ਭਾਰਤ ਨੇ ਕਈ ਤਰ੍ਹਾਂ ਦੇ ਸਮਝੌਤੇ ਕੀਤੇ, ਜਿਨ੍ਹਾਂ ਦੀ ਬਹੁਤ ਚਰਚਾ ਹੋਈ ਹੈ। ਪਰ ਇੱਕ ਵਿਸ਼ਾ ਅਜਿਹਾ ਹੈ, ਜਿਸ ’ਤੇ ਓਨੀ ਗੱਲ ਨਹੀਂ ਹੋਈ। ਇਹ ਵਿਸ਼ਾ ਮੇਰੇ ਦੇਸ਼ ਦੇ ਅਤੇ ਵਿਸ਼ੇਸ਼ ਕਰਕੇ ਹਰਿਆਣਾ ਦੇ ਨੌਜਵਾਨਾਂ ਨਾਲ ਜੁੜਿਆ ਹੋਇਆ ਹੈ ਅਤੇ ਉਹ ਵਿਸ਼ਾ ਹੈ- ਖੇਡਾਂ, ਸਪੋਰਟਸ।

ਸਾਥੀਓ, 

ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ, ਉੱਥੋਂ ਦੀਆਂ ਸਰਕਾਰਾਂ ਨਾਲ, ਸਪੋਰਟਸ ਨੂੰ ਲੈ ਕੇ ਮੇਰੀ ਵਿਆਪਕ ਚਰਚਾ ਹੋਈ ਹੈ। ਇਨ੍ਹਾਂ ਦੋਵਾਂ ਦੇਸ਼ਾਂ ਨਾਲ ਮਿਲ ਕੇ, ਆਉਣ ਵਾਲੇ ਸਮੇਂ ਵਿੱਚ ਅਸੀਂ ਸਪੋਰਟਸ ਇੰਡਸਟਰੀ, ਖਿਡਾਰੀਆਂ ਦੀ ਟ੍ਰੇਨਿੰਗ, ਅਜਿਹੇ ਕਈ ਮਾਮਲਿਆਂ ਵਿੱਚ ਬਹੁਤ ਸਾਰਾ ਕੰਮ ਨਾਲ ਮਿਲ ਕੇ ਕਰਨ ਵਾਲੇ ਹਾਂ। ਇਸ ਨਾਲ ਹਰਿਆਣਾ ਦੇ ਨੌਜਵਾਨਾਂ ਨੂੰ ਵੀ ਬਹੁਤ ਲਾਭ ਹੋਵੇਗਾ।

ਸਾਥੀਓ,

ਅੱਜ ਭਾਰਤ ਵਿੱਚ ਸਪੋਰਟਸ ਨੂੰ ਫਿਟਨੈੱਸ ਅਤੇ ਰੁਜ਼ਗਾਰ ਦਾ ਵੱਡਾ ਮਾਧਿਅਮ ਬਣਾਇਆ ਜਾ ਰਿਹਾ ਹੈ। ਸਾਡੀ ਸਰਕਾਰ ਨੇ ਨਵੀਂ ਨੈਸ਼ਨਲ ਸਪੋਰਟਸ ਪਾਲਿਸੀ, ਖੇਲੋ ਭਾਰਤ ਨੀਤੀ ਵੀ ਬਣਾਈ ਹੈ। ਖੇਲੋ ਇੰਡੀਆ ਅਭਿਆਨ ਤੋਂ ਲੈ ਕੇ ਟੌਪਸ ਸਕੀਮ ਤੱਕ, ਅੱਜ ਖਿਡਾਰੀਆਂ ਨੂੰ ਸ਼ਾਨਦਾਰ ਸਹੂਲਤਾਂ ਮਿਲ ਰਹੀਆਂ ਹਨ, ਉਨ੍ਹਾਂ ਨੂੰ ਹਜ਼ਾਰਾਂ ਰੁਪਏ ਦੀ ਆਰਥਿਕ ਮਦਦ ਦਿੱਤੀ ਜਾ ਰਹੀ ਹੈ। ਇੱਥੇ ਹਰਿਆਣਾ ਵਿੱਚ ਵੀ, ਭਾਜਪਾ ਸਰਕਾਰ, ਖੇਡਾਂ ਅਤੇ ਖਿਡਾਰੀਆਂ ਨੂੰ ਬਹੁਤ ਹੱਲਾਸ਼ੇਰੀ ਦੇ ਰਹੀ ਹੈ।

ਸਾਥੀਓ,

ਅੱਜ ਇਹ ਪ੍ਰੋਗਰਾਮ ਭਾਵੇਂ ਹਾਈਡ੍ਰੋਜਨ ਟ੍ਰੇਨ ਦਾ ਹੈ, ਦੂਜੇ ਵਿਕਾਸ ਪ੍ਰੋਜੈਕਟਾਂ ਦਾ ਹੈ, ਪਰ ਮੈਂ ਅੱਜ, ਇੱਥੋਂ ਦੇ ਨੌਜਵਾਨਾਂ ਨੂੰ ਇੱਕ ਹੋਰ ਗੱਲ ਵੀ ਕਹਿਣ ਆਇਆ ਹਾਂ। ਤੁਸੀਂ ਸਾਰੇ ਜਾਣਦੇ ਹੋ, ਸਾਲ 2030 ਵਿੱਚ, ਭਾਰਤ ਕੌਮਨਵੈਲਥ ਗੇਮਜ਼ ਦੀ ਮੇਜ਼ਬਾਨੀ ਕਰਨ ਵਾਲਾ ਹੈ, 2036 ਵਿੱਚ ਓਲੰਪਿਕ ਗੇਮਜ਼ ਭਾਰਤ ਵਿੱਚ ਹੋਣ, ਇਸ ਦੇ ਲਈ ਵੀ ਅਸੀਂ ਪੂਰੀ ਤਿਆਰੀ ਕਰ ਰਹੇ ਹਾਂ। ਇਸ ਲਈ, ਹਰ ਖਿਡਾਰੀ ਨੂੰ ਜ਼ੋਰਦਾਰ ਤਿਆਰੀ ਕਰਨੀ ਹੈ, ਪੂਰਾ ਦਮ ਲਗਾਉਣਾ ਹੈ। ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ, ਕਿ ਡਬਲ ਇੰਜਣ ਦੀ ਬੀਜੇਪੀ ਸਰਕਾਰ ਤੁਹਾਨੂੰ ਹਰ ਸਹੂਲਤ ਦੇਵੇਗੀ। ਅਤੇ ਜੋ 36 ਦੇ ਓਲੰਪਿਕ ਨੂੰ ਦੇਖਣਾ ਚਾਹੁੰਦੇ ਹਨ, ਅੱਜ ਜੋ 5 ਤੋਂ 12-15 ਸਾਲ ਦੀ ਉਮਰ ਦੇ ਬੱਚੇ ਹਨ ਨਾ, ਸਾਨੂੰ ਉਨ੍ਹਾਂ ’ਤੇ ਧਿਆਨ ਕੇਂਦ੍ਰਿਤ ਕਰਨਾ ਹੋਵੇਗਾ। ਅਤੇ ਇੱਕ ਗੱਲ ਹੋਰ ਵੀ ਦੱਸ ਦਿਆਂ, ਆਉਣ ਵਾਲੇ ਸਮੇਂ ਵਿੱਚ ਅਹਿਮਦਾਬਾਦ ਵਿੱਚ, ਵਰਲਡ ਪੁਲਿਸ ਐਂਡ ਫਾਇਰ ਗੇਮਜ਼ ਵੀ ਹੋਣ ਵਾਲੀਆਂ ਹਨ। ਮੈਂ ਹਰਿਆਣਾ ਦੇ ਸਾਥੀਆਂ ਨੂੰ ਕਹਾਂਗਾ, ਕਿ ਤੁਸੀਂ ਇਸ ਦੇ ਲਈ ਵੀ ਖ਼ੂਬ ਤਿਆਰੀ ਕਰੋ। ਮੈਨੂੰ ਪੱਕਾ ਵਿਸ਼ਵਾਸ ਹੈ, ਹਰਿਆਣਾ ਦੇ ਬੇਟੇ-ਬੇਟੀਆਂ, ਹਮੇਸ਼ਾ ਦੀ ਤਰ੍ਹਾਂ ਇਨ੍ਹਾਂ ਵਿੱਚ ਵੀ ਆਪਣਾ ਪਰਚਮ ਲਹਿਰਾਉਣਗੇ।

 

ਸਾਥੀਓ, 

ਹਰਿਆਣਾ ਦੀ ਡਬਲ ਇੰਜਣ ਸਰਕਾਰ ਸਬਕਾ ਸਾਥ-ਸਬਕਾ ਵਿਕਾਸ ਦੇ ਮੰਤਰ ’ਤੇ ਚੱਲ ਰਹੀ ਹੈ। ਨਾਇਬ ਸਿੰਘ ਜੀ ਦੀ ਅਗਵਾਈ ਵਿੱਚ ਹਰਿਆਣਾ ਸਰਕਾਰ, ਇੱਥੋਂ ਦੇ ਨੌਜਵਾਨ ਹੋਣ, ਕਿਸਾਨ ਹੋਣ, ਭੈਣਾਂ-ਬੇਟੀਆਂ ਹੋਣ, ਸਭ ਦੇ ਲਈ ਬਿਹਤਰੀਨ ਕੰਮ ਕਰ ਰਹੀ ਹੈ। ਬਿਨਾਂ ਖਰਚੀ-ਪਰਚੀ ਦੇ ਨੌਕਰੀ ਦੇਣ ਦਾ ਜੋ ਰਸਤਾ ਹਰਿਆਣਾ ਸਰਕਾਰ ਨੇ ਦਿਖਾਇਆ ਹੈ, ਉਹ ਇੰਨਾ ਆਸਾਨ ਨਹੀਂ ਸੀ, ਪਰ ਇਹ ਭਾਜਪਾ ਸਰਕਾਰ ਨੇ ਕਰਕੇ ਦਿਖਾਇਆ ਹੈ।

ਸਾਥੀਓ, 

ਇੱਥੋਂ ਦੇ ਕਿਸਾਨਾਂ ਦਾ ਹਿੱਤ ਵੀ ਸਾਡੀ ਪਹਿਲ ਵਿੱਚ ਹੈ। ਜੀਂਦ ਦੀ ਮੰਡੀ, ਤਾਂ ਹਰਿਆਣਾ ਦੀਆਂ ਸਭ ਤੋਂ ਵੱਡੀਆਂ ਮੰਡੀਆਂ ਵਿੱਚੋਂ ਇੱਕ ਹੈ। ਡਬਲ ਇੰਜਣ ਦੀ ਭਾਜਪਾ ਸਰਕਾਰ ਦੇ ਕਾਰਨ, ਹਰਿਆਣਾ ਦੇ ਕਿਸਾਨਾਂ ਨੂੰ ਬਹੁਤ ਲਾਭ ਹੋ ਰਿਹਾ ਹੈ। ਪੀਐੱਮ ਕਿਸਾਨ ਸਨਮਾਨ ਨਿਧੀ ਤੋਂ, ਹਰਿਆਣਾ ਦੇ ਕਿਸਾਨਾਂ ਨੂੰ, ਕਰੀਬ 8 ਹਜ਼ਾਰ ਕਰੋੜ ਰੁਪਏ ਮਿਲ ਚੁੱਕੇ ਹਨ। ਇਸ ਵਿੱਚ ਜੀਂਦ ਦੇ ਸਾਡੇ ਕਿਸਾਨਾਂ ਨੂੰ ਵੀ 600 ਕਰੋੜ ਰੁਪਏ ਤੋਂ ਜ਼ਿਆਦਾ ਮਿਲ ਚੁੱਕੇ ਹਨ।

ਸਾਥੀਓ,

ਸਾਡਾ ਦੇਸ਼, ਸੰਸਕਾਰਾਂ ਅਤੇ ਸੱਭਿਆਚਾਰ ਦਾ ਦੇਸ਼ ਹੈ। ਅਤੇ ਇਹ ਖੇਤਰ ਤਾਂ ਇਸ ਖ਼ੁਸ਼ਹਾਲ ਵਿਰਾਸਤ ਦਾ ਬਹੁਤ ਵੱਡਾ ਕੇਂਦਰ ਹੈ। ਇਹ ਜੀਂਦ ਦੀ ਧਰਤੀ ਹੈ, ਜਿੱਥੇ ਮਹਾਰਾਜਾ ਰਣਜੀਤ ਸਿੰਘ ਦਾ ਮਾਣ ਵੀ ਹੈ, ਅਤੇ ਪਾਂਡਵਾਂ ਦੀ ਸ਼ਰਧਾ ਵੀ ਹੈ, ਪਾਂਡੂ-ਪਿੰਡਾਰਾ ਅਤੇ ਰਾਮਰਾਏ ਵਰਗੇ ਪਵਿੱਤਰ ਤੀਰਥ, ਅੱਜ ਵੀ ਲੱਖਾਂ ਸ਼ਰਧਾਲੂਆਂ ਦੀ ਸ਼ਰਧਾ ਦੇ ਕੇਂਦਰ ਹਨ।

ਸਾਥੀਓ,

ਸ਼ਰਧਾ ਅਤੇ ਅਧਿਆਤਮ ਦੀ ਇਹੀ ਵਿਰਾਸਤ ਹੈ, ਜਿਸ ਨੂੰ ਅੱਜ ਦਾ ਭਾਰਤ, ਸੰਭਾਲਦਾ ਵੀ ਹੈ ਅਤੇ ਹੁਣ ਅਗਲੀ ਪੀੜ੍ਹੀ ਤੱਕ ਪੂਰੇ ਮਾਣ ਦੇ ਨਾਲ ਪਹੁੰਚਾਉਂਦਾ ਵੀ ਹੈ। ਇਸੇ ਭਾਵ ਦੇ ਨਾਲ, ਅੱਜ ਕੁਰੂਕਸ਼ੇਤਰ ਵਿੱਚ ਇੱਕ ਸਿੱਖ ਅਜਾਇਬ ਘਰ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਹਰਿਆਣਾ ਦਾ ਇਹ ਨਵਾਂ ਅਜਾਇਬ ਘਰ, ਭਾਰਤ ਦੀ ਮਹਾਨ ਗੁਰੂ ਪਰੰਪਰਾ ਨੂੰ, ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਏਗਾ।

ਸਾਥੀਓ,

ਹਰਿਆਣਾ ਹੁਣ ਤੇਜ਼ ਵਿਕਾਸ ਦੇ ਰਾਹ ’ਤੇ ਦੌੜ ਰਿਹਾ ਹੈ। ਖੇਤੀ ਹੋਵੇ ਜਾਂ ਫਿਰ ਉਦਯੋਗ, ਇਹ ਦੋ ਅਜਿਹੇ ਪਹੀਏ ਹਨ, ਜੋ ਹਰਿਆਣਾ ਨੂੰ ਮਜ਼ਬੂਤ ਕਰ ਰਹੇ ਹਨ। ਅੱਜ ਜਿਨ੍ਹਾਂ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਹੋਇਆ ਹੈ, ਉਨ੍ਹਾਂ ਨਾਲ ਹਰਿਆਣਾ ਦੇ ਵਿਕਾਸ ਨੂੰ ਹੋਰ ਗਤੀ ਮਿਲੇਗੀ। ਅਤੇ ਹਰਿਆਣਾ ਦਾ ਇਹ ਤੇਜ਼ ਵਿਕਾਸ, ਵਿਕਸਿਤ ਭਾਰਤ ਦੇ ਸਫ਼ਰ ਨੂੰ ਹੋਰ ਊਰਜਾਵਾਨ ਬਣਾਵੇਗਾ। ਇਸ ਦੀਆਂ ਸ਼ੁਭਕਾਮਨਾਵਾਂ ਦੇ ਨਾਲ, ਆਪ ਸਭ ਨੂੰ ਫਿਰ ਤੋਂ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ ਅਤੇ ਦੇਸ਼ ਵਾਸੀਆਂ ਨੂੰ ਵੀ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਦੇ ਲਈ ਅਨੇਕਾਂ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ। ਮੇਰੇ ਨਾਲ ਬੋਲੋ-

ਭਾਰਤ ਮਾਤਾ ਦੀ ਜੈ!

ਭਾਰਤ ਮਾਤਾ ਦੀ ਜੈ!

ਭਾਰਤ ਮਾਤਾ ਦੀ ਜੈ!

ਬਹੁਤ-ਬਹੁਤ ਧੰਨਵਾਦ!

*********

ਐੱਮਜੇਪੀਐੱਸ/ਐੱਸਐੱਸ/ਐੱਸਟੀ/ਡੀਕੇ


(रिलीज़ आईडी: 2285786) आगंतुक पटल : 7
इस विज्ञप्ति को इन भाषाओं में पढ़ें: English , Urdu , हिन्दी , Bengali , Bengali-TR , Gujarati