ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਭਾਰਤ-ਨਿਊਜ਼ੀਲੈਂਡ ਰਣਨੀਤਕ ਭਾਈਵਾਲੀ: 2030 ਦਾ ਰੋਡਮੈਪ

प्रविष्टि तिथि: 11 JUL 2026 8:06AM by PIB Chandigarh

ਭਾਰਤ ਅਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀਆਂ ਨੇ 11 ਜੁਲਾਈ, 2026 ਨੂੰ ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਮੁਲਾਕਾਤ ਕੀਤੀ ਅਤੇ ਭਾਰਤ-ਨਿਊਜ਼ੀਲੈਂਡ ਰਣਨੀਤਕ ਭਾਈਵਾਲੀ ਬਣਾਉਣ ਦਾ ਐਲਾਨ ਕੀਤਾ। ਦੋਵਾਂ ਪ੍ਰਧਾਨ ਮੰਤਰੀਆਂ ਨੇ ਅਗਲੇ ਚਾਰ ਸਾਲਾਂ ਵਿੱਚ ਸਾਂਝੀ ਕਾਰਵਾਈ ਦਾ ਮਾਰਗ-ਦਰਸ਼ਨ ਕਰਨ ਅਤੇ ਭਾਰਤ-ਨਿਊਜ਼ੀਲੈਂਡ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਇੱਕ ਸਾਂਝੇ ਢਾਂਚੇ ਦੇ ਰੂਪ ਵਿੱਚ 2030 ਦੇ ਰੋਡਮੈਪ ਨੂੰ ਮਨਜ਼ੂਰੀ ਦਿੱਤੀ। ਇਸ ਰਣਨੀਤਕ ਭਾਈਵਾਲੀ ਵਿੱਚ, ਇਸ ਰੋਡਮੈਪ ਦੇ ਹੇਠ ਲਿਖੇ ਥੰਮ੍ਹਾਂ ਵਿੱਚ ਦੱਸੇ ਗਏ ਖੇਤਰ ਅਤੇ ਪਹਿਲਕਦਮੀਆਂ ਸ਼ਾਮਲ ਹਨ, ਹਾਲਾਂਕਿ ਇਹ ਇਨ੍ਹਾਂ ਤੱਕ ਹੀ ਸੀਮਤ ਨਹੀਂ ਹੈ।

ਥੰਮ੍ਹ I: ਰਾਜਨੀਤਕ ਅਤੇ ਕੂਟਨੀਤਕ ਸ਼ਮੂਲੀਅਤ

ਖੇਤਰੀ ਅਤੇ ਬਹੁਪੱਖੀ ਪ੍ਰੋਗਰਾਮਾਂ ਦੌਰਾਨ, ਸਬੰਧਤ ਪ੍ਰਧਾਨ ਮੰਤਰੀਆਂ ਅਤੇ ਕੈਬਨਿਟ ਮੰਤਰੀਆਂ ਵਿਚਕਾਰ ਨਿਯਮਿਤ ਤੌਰ 'ਤੇ ਬੈਠਕਾਂ ਅਤੇ ਆਪਸੀ ਦੌਰੇ ਆਯੋਜਿਤ ਕਰਨ ਦਾ ਯਤਨ ਕਰਨਾ।

ਵਿਦੇਸ਼ ਮੰਤਰੀਆਂ ਦੀ ਨਿਯਮਿਤ ਗੱਲਬਾਤ ਰਾਹੀਂ ਪ੍ਰਭਾਵਸ਼ਾਲੀ ਉੱਚ-ਪੱਧਰੀ ਸਹਿਯੋਗ ਯਕੀਨੀ ਬਣਾਉਣਾ।

ਸਾਂਝੇ ਹਿੱਤ ਦੇ ਸਾਰੇ ਖੇਤਰਾਂ ਵਿੱਚ ਸਹਿਯੋਗ ਨੂੰ ਹੋਰ ਡੂੰਘਾ ਕਰਨ ਲਈ ਸਬੰਧਤ ਮੰਤਰਾਲਿਆਂ ਅਤੇ ਸਰਕਾਰੀ ਵਿਭਾਗਾਂ ਵਿਚਕਾਰ ਬੈਠਕਾਂ ਅਤੇ ਗੱਲਬਾਤ ਨੂੰ ਤੇਜ਼ ਕਰਨਾ।

ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਨਿਯਮਿਤ ਸੰਸਦੀ ਆਦਾਨ-ਪ੍ਰਦਾਨ ਅਤੇ ਅਧਿਕਾਰਤ ਯਾਤਰਾਵਾਂ ਨੂੰ ਉਤਸ਼ਾਹਿਤ ਕਰਨਾ।

ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਸਕੱਤਰ ਪੱਧਰ ਅਤੇ ਨਿਊਜ਼ੀਲੈਂਡ ਦੇ ਵਿਦੇਸ਼ ਮਾਮਲਿਆਂ ਅਤੇ ਵਪਾਰ ਮੰਤਰਾਲੇ ਦੇ ਉਪ-ਸਕੱਤਰ (ਅਮਰੀਕਾ ਅਤੇ ਏਸ਼ੀਆ) ਪੱਧਰ 'ਤੇ ਸਾਲਾਨਾ ਬੈਠਕਾਂ ਕਰਨ ਦੀ ਪ੍ਰਕਿਰਿਆ ਨੂੰ ਮਜ਼ਬੂਤ ਕਰਨਾ, ਤਾਂ ਜੋ ਰਣਨੀਤਕ ਭਾਈਵਾਲੀ ਅਤੇ 2030 ਦੇ ਰੋਡਮੈਪ ਨੂੰ ਲਾਗੂ ਕਰਨ ਦੇ ਕੰਮ ਨੂੰ ਦਿਸ਼ਾ ਦਿੱਤੀ ਜਾ ਸਕੇ ਅਤੇ ਉਹਨਾਂ ਵਿੱਚ ਤਾਲਮੇਲ ਬਣਾਇਆ ਜਾ ਸਕੇ।

 

ਥੰਮ੍ਹ II: ਰੱਖਿਆ ਅਤੇ ਸੁਰੱਖਿਆ ਸਹਿਯੋਗ

ਸੈਨਿਕ ਗਤੀਵਿਧੀਆਂ ਜਿਵੇਂ ਕਿ ਯੁੱਧ-ਅਭਿਆਸ, ਇਕਾਈਆਂ ਦੇ ਦੌਰੇ (ਸਮੁੰਦਰੀ, ਹਵਾਈ, ਜ਼ਮੀਨੀ), ਘੱਟ ਸਮੇਂ ਲਈ ਕਰਮਚਾਰੀਆਂ ਦਾ ਆਦਾਨ-ਪ੍ਰਦਾਨ, ਖੇਡਾਂ ਨਾਲ ਸਬੰਧਤ ਦੌਰੇ, ਡਿਫੈਂਸ ਸਟਾਫ ਕਾਲਜਾਂ ਵਿਚਕਾਰ ਆਦਾਨ-ਪ੍ਰਦਾਨ ਅਤੇ ਉੱਚ-ਪੱਧਰੀ ਰੱਖਿਆ ਗੱਲਬਾਤ ਰਾਹੀਂ ਸੈਨਿਕ ਸੰਪਰਕ ਬਣਾਈ ਰੱਖਣਾ।

ਰੱਖਿਆ ਨਾਲ ਸਬੰਧਤ ਮਾਮਲਿਆਂ 'ਤੇ ਗੱਲਬਾਤ ਨੂੰ ਹੋਰ ਵਧਾਉਣਾ, ਜਿਸ ਵਿੱਚ ਮੰਤਰੀ ਪੱਧਰੀ ਵਾਰਤਾ ਵੀ ਸ਼ਾਮਲ ਹੈ।

ਰੱਖਿਆ ਸਹਿਯੋਗ 'ਤੇ ਭਾਰਤ-ਨਿਊਜ਼ੀਲੈਂਡ ਵਿਚਕਾਰ 2025 ਦੇ ਸਮਝੌਤਾ ਪੱਤਰ ਨੂੰ ਲਾਗੂ ਕਰਨਾ ਅਤੇ ਰੱਖਿਆ ਮੰਤਰਾਲੇ ਤੇ ਸੈਨਾ ਦੇ ਪੱਧਰਾਂ 'ਤੇ ਨਿਯਮਿਤ ਅਤੇ ਵਿਵਸਥਿਤ ਰੱਖਿਆ ਸਹਿਯੋਗ ਬਣਾਈ ਰੱਖਣਾ।

ਹਾਲ ਹੀ ਵਿੱਚ ਤੈਅ ਹੋਈਆਂ ਸਮੁੰਦਰੀ ਸਹਿਯੋਗ ਵਿਵਸਥਾਵਾਂ, ਹਾਈਡ੍ਰੋਗ੍ਰਾਫੀ ਅਤੇ ਨੌਟੀਕਲ ਕਾਰਟੋਗ੍ਰਾਫੀ ਦੇ ਮਾਮਲਿਆਂ ਵਿੱਚ ਸਹਿਯੋਗ ਲਈ ਕਾਰਜਕਾਰੀ ਵਿਵਸਥਾ ਅਤੇ ਸਮੁੰਦਰੀ ਖੇਤਰ 'ਤੇ ਕੇਂਦਰਿਤ ਆਪਸੀ ਲੌਜਿਸਟਿਕਸ ਸਹਾਇਤਾ ਵਿਵਸਥਾ ਨੂੰ ਲਾਗੂ ਕਰਨਾ। ਸਮੁੰਦਰੀ ਸਹਿਯੋਗ ਵਿਵਸਥਾ ਦੇ ਤਹਿਤ ਜਲ ਸੈਨਾ ਗਤੀਵਿਧੀਆਂ ਕਰਨਾ, ਜਿਸ ਵਿੱਚ ਦੋਵਾਂ ਦੇਸ਼ਾਂ ਵਿਚਕਾਰ ਜਲ ਸੈਨਾ ਯੁੱਧ-ਅਭਿਆਸ ਵੀ ਸ਼ਾਮਲ ਹਨ।

ਇੰਡੋ-ਪੈਸੀਫਿਕ ਓਸ਼ਨਜ਼ ਇਨੀਸ਼ੀਏਟਿਵ ਦੇ ਸਮੁੰਦਰੀ ਸੁਰੱਖਿਆ ਥੰਮ੍ਹ ਦੇ ਤਹਿਤ ਸਮੁੰਦਰੀ ਮਾਮਲਿਆਂ 'ਤੇ ਸਹਿਯੋਗ ਕਰਨਾ।

ਭਾਰਤ ਦੇ ਵਿਦੇਸ਼ ਮੰਤਰਾਲੇ ਅਤੇ ਨਿਊਜ਼ੀਲੈਂਡ ਦੇ ਵਿਦੇਸ਼ ਮਾਮਲਿਆਂ ਅਤੇ ਵਪਾਰ ਮੰਤਰਾਲੇ ਦੀ ਅਗਵਾਈ ਵਿੱਚ ਸਾਲਾਨਾ ਸਮੁੰਦਰੀ ਸੁਰੱਖਿਆ ਗੱਲਬਾਤ ਸ਼ੁਰੂ ਕਰਨਾ।

ਭਾਰਤ ਦੇ ਵਿਦੇਸ਼ ਮੰਤਰਾਲੇ ਅਤੇ ਨਿਊਜ਼ੀਲੈਂਡ ਦੇ ਵਿਦੇਸ਼ ਮਾਮਲਿਆਂ ਅਤੇ ਵਪਾਰ ਮੰਤਰਾਲੇ ਦੀ ਅਗਵਾਈ ਵਿੱਚ ਅੱਤਵਾਦ-ਵਿਰੋਧੀ (ਸੀਟੀ) ਮਾਮਲਿਆਂ 'ਤੇ ਇੱਕ ਸਾਂਝਾ ਕਾਰਜ ਸਮੂਹ (ਜੇਡਬਲਿਊਜੀ) ਬਣਾਉਣ ਵਾਲੇ ਵਿਵਸਥਾ ਪੱਤਰ ਨੂੰ ਲਾਗੂ ਕਰਨਾ ਅਤੇ ਆਪਸੀ ਸਹਿਮਤੀ ਨਾਲ ਤੈਅ ਸਮੇਂ 'ਤੇ ਅੱਤਵਾਦ-ਵਿਰੋਧੀ ਮਾਮਲਿਆਂ 'ਤੇ ਜੇਡਬਲਿਊਜੀ ਦੀ ਪਹਿਲੀ ਬੈਠਕ ਬੁਲਾਉਣਾ।

ਭਾਰਤ-ਨਿਊਜ਼ੀਲੈਂਡ ਸਾਈਬਰ ਸੰਵਾਦ ਰਾਹੀਂ ਸਾਈਬਰ ਸੁਰੱਖਿਆ ਨਾਲ ਜੁੜੀਆਂ ਸਾਂਝੀਆਂ ਤਰਜੀਹਾਂ 'ਤੇ ਕੰਮ ਕਰਨਾ।

ਨਸ਼ੀਲੇ ਪਦਾਰਥਾਂ, ਸਾਈਕੋਟ੍ਰੋਪਿਕ ਪਦਾਰਥਾਂ, ਪ੍ਰੀਕਰਸਰ ਰਸਾਇਣਾਂ ਅਤੇ ਸਬੰਧਤ ਮਾਮਲਿਆਂ ਦੀ ਤਸਕਰੀ ਨਾਲ ਨਜਿੱਠਣ ਵਿੱਚ ਸਹਿਯੋਗ ਲਈ ਭਾਰਤ-ਨਿਊਜ਼ੀਲੈਂਡ ਵਿਵਸਥਾ ਪੱਤਰ ਨੂੰ ਰਸਮੀ ਰੂਪ ਦੇਣ ਦੀ ਦਿਸ਼ਾ ਵਿੱਚ ਕੰਮ ਕਰਨਾ।

ਕਾਨੂੰਨ ਲਾਗੂ ਕਰਨ ਵਿੱਚ ਸਹਿਯੋਗ ਲਈ ਭਾਰਤ ਦੀ ਰਾਸ਼ਟਰੀ ਜਾਂਚ ਏਜੰਸੀ ਅਤੇ ਨਿਊਜ਼ੀਲੈਂਡ ਪੁਲਿਸ ਵਿਚਕਾਰ ਵਿਵਸਥਾ ਪੱਤਰ ਨੂੰ ਰਸਮੀ ਰੂਪ ਦੇਣ ਦੀ ਦਿਸ਼ਾ ਵਿੱਚ ਕੰਮ ਕਰਨਾ।

ਬੁਨਿਆਦੀ ਢਾਂਚਾ ਪ੍ਰਣਾਲੀਆਂ ਦੀ ਮਜ਼ਬੂਤੀ ਨੂੰ ਬਿਹਤਰ ਬਣਾਉਣ ਲਈ 'ਆਫ਼ਤ-ਰੋਧੀ ਬੁਨਿਆਦੀ ਢਾਂਚੇ ਲਈ ਗਠਜੋੜ' ਦੇ ਮਾਧਿਅਮ ਰਾਹੀਂ ਸਹਿਯੋਗ ਨੂੰ ਮਜ਼ਬੂਤ ਕਰਨਾ।

 

ਥੰਮ੍ਹ III: ਵਪਾਰ ਅਤੇ ਆਰਥਿਕ ਸਹਿਯੋਗ

ਦੁਵੱਲਾ ਵਪਾਰ

ਸਾਲ 2030 ਤੱਕ ਵਸਤੂਆਂ ਅਤੇ ਸੇਵਾਵਾਂ ਦੇ ਆਪਸੀ ਵਪਾਰ ਨੂੰ ਦੁੱਗਣਾ ਕਰਕੇ NZ$7 ਬਿਲੀਅਨ (₹35,000 ਕਰੋੜ) ਤੱਕ ਪਹੁੰਚਾਉਣ ਦੇ ਟੀਚੇ 'ਤੇ ਕੰਮ ਕਰਨਾ।

ਭਾਰਤ-ਨਿਊਜ਼ੀਲੈਂਡ ਮੁਕਤ ਵਪਾਰ ਸਮਝੌਤੇ ਨੂੰ ਜਲਦ ਲਾਗੂ ਕਰਨ ਅਤੇ ਇਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਲਈ ਅਗਲੇ ਕਦਮਾਂ 'ਤੇ ਮਿਲ ਕੇ ਕੰਮ ਕਰਨਾ।

ਕਸਟਮ ਪ੍ਰਕਿਰਿਆਵਾਂ ਨੂੰ ਆਸਾਨ ਬਣਾਉਣ ਅਤੇ ਭਰੋਸੇਮੰਦ ਵਪਾਰ ਨੂੰ ਉਤਸ਼ਾਹਿਤ ਕਰਨ ਲਈ, 2024 ਦੇ ਕਸਟਮ ਸਹਿਯੋਗ ਸਮਝੌਤੇ (ਸੀਸੀਏ) ਦੇ ਤਹਿਤ 2025 ਦੇ ਅਧਿਕਾਰਤ ਆਰਥਿਕ ਆਪਰੇਟਰ ਆਪਸੀ ਮਾਨਤਾ ਵਿਵਸਥਾ (ਏਈਓ-ਐੱਮਆਰਏ) ਨੂੰ ਲਾਗੂ ਕਰਨਾ।

 

ਪ੍ਰਾਇਮਰੀ ਉਦਯੋਗ

ਸਾਂਝੀ ਖੋਜ, ਗਿਆਨ ਦੇ ਆਦਾਨ-ਪ੍ਰਦਾਨ, ਫ਼ਸਲ ਦੀ ਕਟਾਈ ਤੋਂ ਬਾਅਦ ਦੇ ਨਵਾਂਚਾਰ ਅਤੇ ਬਾਜ਼ਾਰ ਵਿਕਾਸ ਦੀਆਂ ਪਹਿਲਕਦਮੀਆਂ ਨੂੰ ਅੱਗੇ ਵਧਾਉਣ ਲਈ ਬਾਗ਼ਬਾਨੀ 'ਤੇ 2025 ਦੇ ਸਹਿਯੋਗ ਪੱਤਰ ਨੂੰ ਲਾਗੂ ਕਰਨਾ।

ਲਗਾਤਾਰ ਨੀਤੀਗਤ ਗੱਲਬਾਤ, ਤਕਨੀਕੀ ਆਦਾਨ-ਪ੍ਰਦਾਨ ਅਤੇ ਬਿਹਤਰੀਨ ਤੌਰ-ਤਰੀਕਿਆਂ ਨੂੰ ਸਾਂਝਾ ਕਰਨ ਰਾਹੀਂ ਜੰਗਲਾਤ ਸਹਿਯੋਗ 'ਤੇ 2025 ਦੇ ਇਰਾਦਾ ਪੱਤਰ ਨੂੰ ਲਾਗੂ ਕਰਨਾ। ਤਕਨੀਕੀ ਅਤੇ ਨੀਤੀਗਤ ਸਹਿਯੋਗ ਨੂੰ ਅੱਗੇ ਵਧਾਉਣ ਲਈ ਪਸ਼ੂ ਪਾਲਣ ਅਤੇ ਡੇਅਰੀ ਖੇਤਰ ਵਿੱਚ ਸਹਿਯੋਗ ਪੱਤਰ ਨੂੰ ਲਾਗੂ ਕਰਨਾ।

 

ਸੈਰ-ਸਪਾਟਾ

ਸੈਰ-ਸਪਾਟਾ ਖੇਤਰ ਵਿੱਚ ਦੋਵਾਂ ਪਾਸਿਆਂ ਤੋਂ ਸੈਲਾਨੀਆਂ ਦੇ ਆਉਣ-ਜਾਣ ਅਤੇ ਉਦਯੋਗ ਵਿਚਕਾਰ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਸੈਰ-ਸਪਾਟੇ 'ਤੇ ਵਿਵਸਥਾ ਪੱਤਰ ਨੂੰ ਲਾਗੂ ਕਰਨਾ।

ਨਵੇਂ ਹਵਾਈ ਸੇਵਾ ਸਮਝੌਤੇ ਦੇ ਤਹਿਤ ਏਅਰਲਾਈਨਜ਼ ਨੂੰ ਸਿੱਧੀਆਂ (ਬਿਨਾਂ ਰੁਕੇ) ਉਡਾਣਾਂ ਸ਼ੁਰੂ ਕਰਨ ਲਈ ਉਤਸ਼ਾਹਿਤ ਕਰਕੇ ਸੈਰ-ਸਪਾਟੇ ਦੇ ਵਿਕਾਸ ਨੂੰ ਹੁਲਾਰਾ ਦੇਣਾ।

 

ਥੰਮ੍ਹ IV: ਲੋਕ, ਸੱਭਿਆਚਾਰ ਅਤੇ ਖੇਡਾਂ

ਦੋਵਾਂ ਦੇਸ਼ਾਂ ਦੇ ਲੋਕਾਂ ਵਿਚਕਾਰ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਪ੍ਰਵਾਸੀ ਭਾਈਚਾਰਿਆਂ ਨੂੰ ਭਾਈਵਾਲਾਂ ਵਜੋਂ ਸ਼ਾਮਲ ਕਰਨਾ।

ਖੇਡਾਂ ਦੇ ਖੇਤਰ ਵਿੱਚ ਸਹਿਯੋਗ ਲਈ 2025 ਦੇ ਸਹਿਯੋਗ ਪੱਤਰ ਨੂੰ ਲਾਗੂ ਕਰਨਾ ਜਾਰੀ ਰੱਖਣਾ।

ਭਾਰਤ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਅਤੇ 'ਸਪੋਰਟ ਨਿਊਜ਼ੀਲੈਂਡ' ਵਿਚਕਾਰ ਖੇਡਾਂ 'ਤੇ ਭਾਰਤ-ਨਿਊਜ਼ੀਲੈਂਡ ਸਾਂਝੀ ਕਾਰਜ ਯੋਜਨਾ ਨੂੰ ਲਾਗੂ ਕਰਨਾ।

ਰਵਾਇਤੀ ਇਲਾਜ ਪ੍ਰਣਾਲੀ ਦੇ ਖੇਤਰ ਵਿੱਚ ਮਾਹਿਰਾਂ ਵਿਚਕਾਰ ਵਿਚਾਰਾਂ ਦੇ ਆਦਾਨ-ਪ੍ਰਦਾਨ ਦਾ ਸਮਰਥਨ ਕਰਨਾ।

ਭਾਰਤ ਦੇ ਬੰਦਰਗਾਹ, ਜਹਾਜ਼ਰਾਨੀ ਅਤੇ ਜਲਮਾਰਗ ਮੰਤਰਾਲੇ ਦੇ ਅਧੀਨ ਡਾਇਰੈਕਟੋਰੇਟ ਜਨਰਲ ਆਫ਼ ਸ਼ਿਪਿੰਗ ਅਤੇ 'ਮੈਰੀਟਾਈਮ ਨਿਊਜ਼ੀਲੈਂਡ' ਵਿਚਕਾਰ ਗੱਲਬਾਤ ਜਾਰੀ ਰੱਖਣਾ, ਜਿਸ ਨਾਲ ਸਮੁੰਦਰੀ ਕਰਮਚਾਰੀਆਂ ਦੀ ਯੋਗਤਾ ਦੇ ਸਰਟੀਫਿਕੇਟਾਂ ਦੀ ਮਾਨਤਾ ਨੂੰ ਮਜ਼ਬੂਤ ਕਰਨ ਦੇ ਮੌਕੇ ਮਿਲਣ ਅਤੇ ਦੋਵਾਂ ਦੇਸ਼ਾਂ ਦੇ ਸਮੁੰਦਰੀ ਉਦਯੋਗਾਂ ਨੂੰ ਹੁਲਾਰਾ ਦਿੱਤਾ ਜਾ ਸਕੇ।

ਭਾਰਤ ਦੇ ਲੋਥਲ ਸਥਿਤ ਰਾਸ਼ਟਰੀ ਸਮੁੰਦਰੀ ਵਿਰਾਸਤ ਕੰਪਲੈਕਸ ਅਤੇ 'ਨਿਊਜ਼ੀਲੈਂਡ ਮੈਰੀਟਾਈਮ ਮਿਊਜ਼ੀਅਮ' ਵਿਚਕਾਰ ਵਿਵਸਥਾ ਪੱਤਰ ਦੇ ਤਹਿਤ ਸਹਿਯੋਗ ਨੂੰ ਉਤਸ਼ਾਹਿਤ ਕਰਨਾ।

ਦੋਵਾਂ ਦੇਸ਼ਾਂ ਦੇ ਸੱਭਿਆਚਾਰਾਂ ਬਾਰੇ ਬਿਹਤਰ ਸਮਝ ਬਣਾਉਣ ਲਈ ਸੱਭਿਆਚਾਰਕ ਸਹਿਯੋਗ ਪੱਤਰ ਨੂੰ ਲਾਗੂ ਕਰਨਾ।

ਸਥਾਨਕ ਸਰਕਾਰਾਂ ਵਿਚਕਾਰ ਸਹਿਯੋਗ ਨੂੰ ਉਤਸ਼ਾਹਿਤ ਕਰਨਾ।

 

ਥੰਮ੍ਹ V: ਸਿੱਖਿਆ, ਖੋਜ, ਵਿਗਿਆਨ ਅਤੇ ਤਕਨਾਲੋਜੀ ਤੇ ਆਫ਼ਤ ਪ੍ਰਬੰਧਨ

ਦੋਵਾਂ ਦੇਸ਼ਾਂ ਦੇ ਸਿੱਖਿਆ ਮੰਤਰਾਲਿਆਂ ਵਿਚਕਾਰ 2025 ਦੇ ਸਿੱਖਿਆ ਸਹਿਯੋਗ ਪੱਤਰ ਨੂੰ ਲਾਗੂ ਕਰਨਾ, ਤਾਂ ਜੋ ਭਾਰਤ ਅਤੇ ਨਿਊਜ਼ੀਲੈਂਡ ਦੀਆਂ ਸਿੱਖਿਆ ਪ੍ਰਣਾਲੀਆਂ ਬਾਰੇ ਜਾਣਕਾਰੀ ਦਾ ਆਦਾਨ-ਪ੍ਰਦਾਨ ਜਾਰੀ ਰਹਿ ਸਕੇ।

ਸਿੱਖਿਆ ਸਹਿਯੋਗ ਸਮਝੌਤੇ ਦੇ ਟੀਚਿਆਂ ਦੇ ਅਨੁਕੂਲ ਸਰਕਾਰ ਅਤੇ ਸੰਸਥਾਗਤ ਭਾਈਵਾਲੀਆਂ ਅਤੇ ਆਪਸੀ ਸੰਪਰਕਾਂ ਦੀ ਗਿਣਤੀ ਵਧਾਉਣ ਦਾ ਯਤਨ ਕਰਨਾ।

ਅੰਤਰਰਾਸ਼ਟਰੀ ਸੌਰ ਗਠਜੋੜ ਨਾਲ ਸਰਗਰਮ ਰੂਪ ਵਿੱਚ ਜੁੜ ਕੇ ਜਲਵਾਯੂ ਕਾਰਵਾਈ ਅਤੇ ਘੱਟ ਨਿਕਾਸ ਵਾਲੇ ਬਦਲਾਵਾਂ 'ਤੇ ਸਹਿਯੋਗ ਨੂੰ ਹੋਰ ਡੂੰਘਾ ਕਰਨਾ, ਜਿਸ ਵਿੱਚ ਸੌਰ ਊਰਜਾ ਨੂੰ ਅਪਣਾਉਣ, ਵਿੱਤੀ ਸਹਾਇਤਾ ਪ੍ਰਦਾਨ ਕਰਨ ਅਤੇ ਸਮਰੱਥਾ ਨਿਰਮਾਣ 'ਤੇ ਧਿਆਨ ਕੇਂਦਰਿਤ ਕੀਤਾ ਜਾਵੇ।

ਟਿਕਾਊ ਊਰਜਾ ਬਦਲਾਵਾਂ ਦਾ ਸਮਰਥਨ ਕਰਨ ਲਈ ਗਲੋਬਲ ਬਾਇਓਫਿਊਲਜ਼ ਗਠਜੋੜ ਨਾਲ ਜੁੜਨਾ।

ਸਰਕਾਰੀ ਅਧਿਕਾਰੀਆਂ, ਸੰਸਥਾਵਾਂ ਅਤੇ ਉਦਯੋਗਾਂ ਨੂੰ ਖੋਜ, ਵਿਗਿਆਨ, ਤਕਨਾਲੋਜੀ ਅਤੇ ਨਵੀਨਤਾ ਵਿੱਚ ਆਪਸੀ ਭਾਈਵਾਲੀ ਕਰਨ ਲਈ ਉਤਸ਼ਾਹਿਤ ਕਰਨਾ, ਜਿਸ ਵਿੱਚ ਖੇਤੀਬਾੜੀ, ਜਲਵਾਯੂ, ਡਿਜੀਟਲ ਬਦਲਾਅ ਅਤੇ ਨਵੀਆਂ ਤੇ ਉੱਭਰਦੀਆਂ ਤਕਨਾਲੋਜੀਆਂ 'ਤੇ ਖ਼ਾਸ ਧਿਆਨ ਦਿੱਤਾ ਜਾਵੇ।

ਭਾਰਤ ਦੀ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ ਅਤੇ ਨਿਊਜ਼ੀਲੈਂਡ ਦੀ ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ  ਵਿਚਕਾਰ ਸਹਿਯੋਗ ਪੱਤਰ ਨੂੰ ਲਾਗੂ ਕਰਨਾ, ਜਿਸ ਵਿੱਚ ਤਿਆਰੀ, ਐਮਰਜੈਂਸੀ ਪ੍ਰਤੀਕਿਰਿਆ ਅਤੇ ਸਮਰੱਥਾ ਨਿਰਮਾਣ ਸ਼ਾਮਲ ਹੋਵੇ।

 

ਥੰਮ੍ਹ VI: ਖੇਤਰੀ ਅਤੇ ਬਹੁਪੱਖੀ ਸਹਿਯੋਗ

ਨਿਯਮਾਂ 'ਤੇ ਆਧਾਰਿਤ ਇੰਡੋ-ਪੈਸੀਫਿਕ ਨੂੰ ਬਣਾਈ ਰੱਖਣ ਲਈ ਆਸੀਆਨ ਦੀ ਅਗਵਾਈ ਵਾਲੇ ਅਤੇ ਹੋਰ ਖੇਤਰੀ ਮੰਚਾਂ 'ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਾ।

ਇੰਡੋ-ਪੈਸੀਫਿਕ ਓਸ਼ਨਜ਼ ਇਨੀਸ਼ੀਏਟਿਵ ਦੇ ਸਮੁੰਦਰੀ ਸੁਰੱਖਿਆ ਥੰਮ੍ਹ ਦੇ ਤਹਿਤ ਠੋਸ ਸਹਿਯੋਗ ਦੀਆਂ ਸੰਭਾਵਨਾਵਾਂ ਨੂੰ ਤਲਾਸ਼ਣਾ ਅਤੇ ਅੰਤਰਰਾਸ਼ਟਰੀ ਕਾਨੂੰਨ, ਖ਼ਾਸ ਕਰਕੇ ਯੂ.ਐੱਨ.ਸੀ.ਐੱਲ.ਓ.ਐੱਸ. ਦੇ ਅਨੁਸਾਰ ਵਿਵਾਦਾਂ ਦੇ ਸ਼ਾਂਤੀਪੂਰਨ ਹੱਲ ਦਾ ਸਮਰਥਨ ਕਰਨਾ।

ਸੰਯੁਕਤ ਰਾਸ਼ਟਰ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨਾ ਅਤੇ ਯੂ.ਐੱਨ. ਵਿੱਚ ਸੁਧਾਰਾਂ ਦਾ ਸਮਰਥਨ ਕਰਨਾ, ਜਿਸ ਵਿੱਚ ਸੁਰੱਖਿਆ ਪ੍ਰੀਸ਼ਦ ਦੀ ਸਥਾਈ ਮੈਂਬਰਸ਼ਿਪ ਲਈ ਭਾਰਤ ਦੀ ਦਾਅਵੇਦਾਰੀ ਵੀ ਸ਼ਾਮਲ ਹੈ।

ਬਹੁਪੱਖੀ ਅਤੇ ਅੰਤਰਰਾਸ਼ਟਰੀ ਸੰਗਠਨਾਂ ਵਿੱਚ ਦਾਅਵੇਦਾਰੀ ਲਈ, ਜਿੱਥੇ ਵੀ ਸੰਭਵ ਹੋਵੇ, ਆਪਸੀ ਸਮਰਥਨ ਦਾ ਆਦਾਨ-ਪ੍ਰਦਾਨ ਕਰਨਾ।

ਨੋਟ: ਧਿਆਨ ਦਿੱਤਾ ਜਾਵੇ ਕਿ ਭਾਰਤ-ਨਿਊਜ਼ੀਲੈਂਡ ਰਣਨੀਤਕ ਭਾਈਵਾਲੀ: 2030 ਦਾ ਰੋਡਮੈਪ ਨਾਲ ਕੋਈ ਵਿੱਤੀ ਵਚਨਬੱਧਤਾ ਨਹੀਂ ਬਣਦੀ ਹੈ ਅਤੇ ਨਾ ਹੀ ਇਹ ਘਰੇਲੂ ਜਾਂ ਅੰਤਰਰਾਸ਼ਟਰੀ ਕਾਨੂੰਨ ਦੇ ਤਹਿਤ ਕੋਈ ਕਾਨੂੰਨੀ ਰੂਪ ਵਿੱਚ ਬਾਈਡਿੰਗ ਅਧਿਕਾਰ ਜਾਂ ਜ਼ੁੰਮੇਵਾਰੀ ਬਣਾਉਂਦਾ ਹੈ।

 

*****

ਐੱਮਜੇਪੀਐੱਸ/ਐੱਸਐੱਸ/ਐੱਸਟੀ


(रिलीज़ आईडी: 2284157) आगंतुक पटल : 7
इस विज्ञप्ति को इन भाषाओं में पढ़ें: Odia , English , Urdu , हिन्दी , Marathi , Manipuri , Bengali , Bengali-TR , Assamese , Gujarati , Tamil , Telugu , Kannada , Malayalam