ਪ੍ਰਧਾਨ ਮੰਤਰੀ ਦਫਤਰ
ਰੱਖਿਆ ਅਤੇ ਸੁਰੱਖਿਆ ਸਹਿਯੋਗ ’ਤੇ ਭਾਰਤ-ਆਸਟ੍ਰੇਲੀਆ ਸਾਂਝਾ ਐਲਾਨਨਾਮਾ
प्रविष्टि तिथि:
09 JUL 2026 10:55AM by PIB Chandigarh
ਅਸੀਂ, ਭਾਰਤ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ, ਆਪਣੇ ਨਜ਼ਦੀਕੀ ਦੁਵੱਲੇ ਸਬੰਧਾਂ ਤੋਂ ਪ੍ਰੇਰਿਤ ਹੋ ਕੇ, ਆਪਣੇ ਦੇਸ਼ਾਂ ਦੀ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕਰਨ ਦੇ ਪੱਕੇ ਇਰਾਦੇ ਨਾਲ ਇੱਕਜੁੱਟ ਹੋ ਕੇ ਅਤੇ ਇੱਕ ਖੁੱਲ੍ਹੇ, ਸ਼ਾਂਤੀਪੂਰਨ, ਸਥਿਰ ਅਤੇ ਖ਼ੁਸ਼ਹਾਲ ਹਿੰਦ-ਪ੍ਰਸ਼ਾਂਤ ਖੇਤਰ ਦੇ ਸਾਂਝੇ ਟੀਚੇ ਤੋਂ ਪ੍ਰੇਰਿਤ ਹੋ ਕੇ ਰੱਖਿਆ ਅਤੇ ਸੁਰੱਖਿਆ ਸਹਿਯੋਗ ’ਤੇ ਇਸ ਸਾਂਝੇ ਐਲਾਨਨਾਮੇ ਪ੍ਰਤੀ ਵਚਨਬੱਧ ਹਾਂ।
ਅਸੀਂ 2020 ਵਿੱਚ ਸਥਾਪਿਤ ਆਪਣੀ ਵਿਆਪਕ ਰਣਨੀਤਕ ਭਾਈਵਾਲੀ (ਸੀਐੱਸਪੀ) ਦੀ ਜੀਵੰਤਤਾ ਦੀ ਪੁਸ਼ਟੀ ਕਰਦੇ ਹਾਂ। ਸੀਐੱਸਪੀ ਦੀ ਸ਼ੁਰੂਆਤ ਤੋਂ ਬਾਅਦ, ਸਾਡਾ ਰਣਨੀਤਕ ਤਾਲਮੇਲ ਤੇਜ਼ ਹੋਇਆ ਹੈ, ਸਾਡੇ ਆਰਥਿਕ ਸਬੰਧ ਡੂੰਘੇ ਹੋਏ ਹਨ ਅਤੇ ਦੋਵਾਂ ਦੇਸ਼ਾਂ ਦੇ ਵਿਚਕਾਰ ਇੱਕ ਜੀਵੰਤ ਪੁਲ ਦਾ ਕੰਮ ਕਰਨ ਵਾਲੇ ਜਨ-ਜਨ ਦੇ ਸਬੰਧ ਹੋਰ ਵੀ ਮਜ਼ਬੂਤ ਹੋਏ ਹਨ। ਅਸੀਂ ਇਹ ਮੰਨਦੇ ਹਾਂ ਕਿ ਕੁਆਡ ਅਤੇ ਹੋਰ ਬਹੁ-ਪੱਖੀ ਸੰਸਥਾਵਾਂ ਵਰਗੇ ਖੇਤਰੀ ਮੰਚਾਂ ਦੇ ਮਾਧਿਅਮ ਰਾਹੀਂ ਹੋਰ ਭਾਈਵਾਲਾਂ ਦੇ ਨਾਲ ਦੁਵੱਲੇ ਅਤੇ ਬਹੁ-ਪੱਖੀ, ਦੋਵਾਂ ਪੱਧਰਾਂ ’ਤੇ ਸਾਡੀ ਨਜ਼ਦੀਕੀ ਭਾਈਵਾਲੀ ਦੋਵਾਂ ਦੇਸ਼ਾਂ ਲਈ ਲਾਭਦਾਇਕ ਹੈ ਅਤੇ ਸਾਡੇ ਸਾਂਝੇ ਖੇਤਰ ਦੀ ਸੁਰੱਖਿਆ ਅਤੇ ਖ਼ੁਸ਼ਹਾਲੀ ਵਿੱਚ ਯੋਗਦਾਨ ਪਾਉਂਦੀ ਹੈ।
ਅਸੀਂ ਭਾਰਤ-ਆਸਟ੍ਰੇਲੀਆ ਸੁਰੱਖਿਆ ਸਹਿਯੋਗ ’ਤੇ 2009 ਦੇ ਸਾਂਝੇ ਐਲਾਨਨਾਮੇ ਤੋਂ ਪੋਸ਼ਿਤ ਆਪਣੀ ਭਾਈਵਾਲੀ ਵਿੱਚ ਹੋਈ ਮਹੱਤਵਪੂਰਨ ਤਰੱਕੀ ’ਤੇ ਵੀ ਵਿਚਾਰ ਕਰਦੇ ਹਾਂ। ਅਸੀਂ ਵਿਦੇਸ਼ ਮੰਤਰੀਆਂ ਦੇ ਢਾਂਚਾਗਤ ਸੰਵਾਦ (ਐੱਫਐੱਮਐੱਫਡੀ), 2+2 ਵਿਦੇਸ਼ ਅਤੇ ਰੱਖਿਆ ਮੰਤਰੀ ਪੱਧਰੀ ਸੰਵਾਦ ਅਤੇ ਰੱਖਿਆ ਮੰਤਰੀਆਂ ਦੇ ਸੰਵਾਦ ਸਮੇਤ ਵੱਖ-ਵੱਖ ਦੁਵੱਲੇ ਤੰਤਰਾਂ ਦੇ ਮਾਧਿਅਮ ਰਾਹੀਂ ਭਾਈਵਾਲੀ ਵਿੱਚ ਪਾਏ ਗਏ ਭਰਪੂਰ ਯੋਗਦਾਨ ਦੀ ਸ਼ਲਾਘਾ ਕਰਦੇ ਹਾਂ।
ਅਸੀਂ ਭੂ-ਰਣਨੀਤਕ ਅਨਿਸ਼ਚਿਤਤਾ ਅਤੇ ਖੇਤਰੀ ਸ਼ਾਂਤੀ ਤੇ ਸਥਿਰਤਾ ਲਈ ਖ਼ਤਰਿਆਂ ’ਤੇ ਚਿੰਤਾ ਪ੍ਰਗਟ ਕਰਦੇ ਹਾਂ। ਅਸੀਂ ਸਾਰੀਆਂ ਧਿਰਾਂ ਨੂੰ ਸ਼ਾਂਤੀਪੂਰਨ ਢੰਗ ਨਾਲ ਮਿਲ ਕੇ ਕੰਮ ਕਰਨ ਲਈ ਉਤਸ਼ਾਹਿਤ ਕਰਦੇ ਹਾਂ ਅਤੇ ਵਿਵਾਦਾਂ ਦਾ ਹੱਲ ਬਲ ਪ੍ਰਯੋਗ ਜਾਂ ਕਿਸੇ ਦਬਾਅ ਤੋਂ ਬਿਨਾਂ ਅਤੇ ਅੰਤਰਰਾਸ਼ਟਰੀ ਕਾਨੂੰਨ ਦੇ ਅਨੁਸਾਰ ਕੱਢਣ ਦਾ ਸੱਦਾ ਦਿੰਦੇ ਹਾਂ।
ਅਸੀਂ ਇੱਕ ਖੁੱਲ੍ਹੇ, ਸ਼ਾਂਤੀਪੂਰਨ, ਸਥਿਰ ਅਤੇ ਖ਼ੁਸ਼ਹਾਲ ਹਿੰਦ-ਪ੍ਰਸ਼ਾਂਤ ਖੇਤਰ ਪ੍ਰਤੀ ਆਪਣੀ ਅਟੁੱਟ ਵਚਨਬੱਧਤਾ ਦੀ ਪੁਸ਼ਟੀ ਕਰਦੇ ਹਾਂ, ਜੋ ਅੰਤਰਰਾਸ਼ਟਰੀ ਕਾਨੂੰਨ ਦੀ ਪਾਲਣਾ ’ਤੇ ਕੇਂਦ੍ਰਿਤ ਨਿਯਮ-ਅਧਾਰਿਤ ਢਾਂਚੇ; ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੇ ਸਤਿਕਾਰ; ਜਹਾਜ਼ਰਾਨੀ ਅਤੇ ਹਵਾਈ ਉਡਾਣ ਦੀ ਆਜ਼ਾਦੀ ਸਮੇਤ 1982 ਦੇ ਸੰਯੁਕਤ ਰਾਸ਼ਟਰ ਸਮੁੰਦਰੀ ਕਾਨੂੰਨ ਸੰਮੇਲਨ (ਯੂਐੱਨਸੀਐੱਲਓਐੱਸ) ਦੀ ਪਾਲਣਾ ’ਤੇ ਅਧਾਰਿਤ ਇੱਕ ਖੁੱਲ੍ਹੇ, ਸਥਿਰ ਅਤੇ ਸੁਰੱਖਿਅਤ ਸਮੁੰਦਰੀ ਖੇਤਰ ਅਤੇ ਪ੍ਰਭਾਵਸ਼ਾਲੀ, ਸਮਾਵੇਸ਼ੀ ਤੇ ਪਾਰਦਰਸ਼ੀ ਸੰਸਥਾਵਾਂ ’ਤੇ ਅਧਾਰਿਤ ਹੈ।
ਅਸੀਂ ਹਿੰਦ ਮਹਾਂਸਾਗਰ ਰਿਮ ਐਸੋਸੀਏਸ਼ਨ (ਆਈਓਆਰਏ), ਆਸੀਆਨ ਅਤੇ ਆਸੀਆਨ-ਕੇਂਦ੍ਰਿਤ ਖੇਤਰੀ ਢਾਂਚੇ ਦੇ ਨਾਲ-ਨਾਲ ਪ੍ਰਸ਼ਾਂਤ ਟਾਪੂ ਫੋਰਮ (ਪੀਆਈਐੱਫ) ਪ੍ਰਤੀ ਆਪਣੇ ਸਮਰਥਨ ਦੀ ਪੁਸ਼ਟੀ ਕਰਦੇ ਹਾਂ, ਜੋ ਇਨ੍ਹਾਂ ਖੇਤਰਾਂ ਵਿੱਚ ਚੁਣੌਤੀਆਂ ਦਾ ਹੱਲ ਕਰਨ ਲਈ ਪ੍ਰਮੁੱਖ ਮੰਚ ਹਨ। ਅਸੀਂ ਮੰਨਦੇ ਹਾਂ ਕਿ ਬਦਲਦੀਆਂ ਰਣਨੀਤਕ ਪ੍ਰਸਥਿਤੀਆਂ ਦੇ ਅਨੁਕੂਲ ਸਾਡੀ ਭਾਈਵਾਲੀ ਦਾ ਵਿਕਸਿਤ ਹੋਣਾ ਲਾਜ਼ਮੀ ਹੈ, ਅਤੇ ਅਸੀਂ ਆਪਣੀ ਉੱਨਤ, ਏਕੀਕ੍ਰਿਤ ਅਤੇ ਉੱਚ-ਪੱਧਰੀ ਰੱਖਿਆ ਤੇ ਸੁਰੱਖਿਆ ਭਾਈਵਾਲੀ ਨੂੰ ਗਤੀ ਦੇਣ ਲਈ ਵਚਨਬੱਧ ਹਾਂ। ਅਸੀਂ ਰਣਨੀਤਕ ਆਦਾਨ-ਪ੍ਰਦਾਨ ਨੂੰ ਮਜ਼ਬੂਤ ਕਰਨਾ ਜਾਰੀ ਰੱਖਾਂਗੇ ਅਤੇ ਨਿਯਮਤ ਮੰਤਰੀ ਪੱਧਰੀ ਮੀਟਿੰਗਾਂ ਕਰਾਂਗੇ ਜੋ ਸਾਡੇ ਰਣਨੀਤਕ ਹਿੱਤਾਂ ਦੇ ਤਾਲਮੇਲ ਨੂੰ ਦਰਸਾਉਂਦੀਆਂ ਹਨ। ਅਸੀਂ ਸਮੂਹਿਕ ਸ਼ਕਤੀ ਨੂੰ ਵਧਾਉਣ ਲਈ ਰੱਖਿਆ ਅਤੇ ਸੁਰੱਖਿਆ ਸਹਿਯੋਗ ਦੇ ਲੰਬੇ ਸਮੇਂ ਦੇ ਵਿਜ਼ਨ ਨੂੰ ਸਵੀਕਾਰ ਕਰਦੇ ਹਾਂ। ਇਹ ਸਹਿਯੋਗ ਦੋਵਾਂ ਦੇਸ਼ਾਂ ਦੀ ਸੁਰੱਖਿਆ ਵਿੱਚ ਯੋਗਦਾਨ ਪਾਵੇਗਾ ਅਤੇ ਖੇਤਰੀ ਸ਼ਾਂਤੀ ਤੇ ਸੁਰੱਖਿਆ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਏਗਾ।
ਅਸੀਂ ਵਿਆਪਕ ਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ, ਰਣਨੀਤਕ ਸੰਵਾਦ ਨੂੰ ਡੂੰਘਾ ਕਰਨ ਅਤੇ ਸਹਿਯੋਗ ਨੂੰ ਤੇਜ਼ ਕਰਨ ਲਈ ਵਚਨਬੱਧ ਹਾਂ, ਜਿਸ ਵਿੱਚ ਹੇਠ ਲਿਖੇ ਸ਼ਾਮਲ ਹਨ:
-
ਸਾਂਝੇ ਹਿੱਤਾਂ ਨੂੰ ਪ੍ਰਭਾਵਿਤ ਕਰਨ ਵਾਲੇ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਰੱਖਿਆ ਸਬੰਧੀ ਘਟਨਾਕ੍ਰਮਾਂ ’ਤੇ ਸਲਾਹ-ਮਸ਼ਵਰਾ ਕਰਨਾ;
-
ਭਾਈਵਾਲਾਂ ਸਮੇਤ ਆਪਣੇ ਰੱਖਿਆ ਅਭਿਆਸਾਂ ਦੀ ਸ਼ੁੱਧਤਾ ਨੂੰ ਵਧਾਉਣਾ;
-
ਰੱਖਿਆ ਬਲਾਂ ਵਿਚਕਾਰ ਅੰਤਰ-ਕਾਰਜਸ਼ੀਲਤਾ ਅਤੇ ਜਾਣਕਾਰੀ ਦੇ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨ ਦੇ ਯਤਨਾਂ ਵਿੱਚ ਤੇਜ਼ੀ ਲਿਆਉਣਾ;
-
ਇੱਕ-ਦੂਜੇ ਦੇ ਖੇਤਰਾਂ ਤੋਂ ਜਹਾਜ਼ਾਂ ਦੀ ਤਾਇਨਾਤੀ ਦਾ ਵਿਸਤਾਰ ਕਰਨਾ;
-
ਆਦਾਨ-ਪ੍ਰਦਾਨ, ਸਿੱਖਿਆ ਤੇ ਸਿਖਲਾਈ ਅਤੇ ਸੰਪਰਕ ਭੂਮਿਕਾਵਾਂ ਦੇ ਮਾਧਿਅਮ ਰਾਹੀਂ ਰੱਖਿਆ ਬਲ ਦੇ ਕਰਮਚਾਰੀਆਂ ਵਿਚਕਾਰ ਸਬੰਧਾਂ ਨੂੰ ਡੂੰਘਾ ਕਰਨਾ; ਅਤੇ
-
ਹੁਨਰਮੰਦ ਰੱਖਿਆ ਕਰਮਚਾਰੀਆਂ ਦੀ ਭਰਤੀ ਵਿੱਚ ਸਹਿਯੋਗ ਦੇ ਮੌਕਿਆਂ ਦੀ ਤਲਾਸ਼ ਕਰਨਾ।
ਅਸੀਂ ਆਪਣੇ ਰੱਖਿਆ, ਸੁਰੱਖਿਆ ਅਤੇ ਆਰਥਿਕ ਹਿੱਤਾਂ ਲਈ ਸਮੁੰਦਰੀ ਖੇਤਰ ਦੇ ਦਾਇਰੇ ਨੂੰ ਪਛਾਣਦੇ ਹਾਂ ਅਤੇ ਸਮੁੰਦਰੀ ਸੁਰੱਖਿਆ ਸਹਿਯੋਗ ਦੀ ਡੂੰਘਾਈ, ਪਰਿਪੱਕਤਾ ਅਤੇ ਨਿਯਮਤਤਾ ਨੂੰ ਵਧਾਵਾਂਗੇ। ਅਸੀਂ ਭਾਰਤ-ਆਸਟ੍ਰੇਲੀਆ ਸਮੁੰਦਰੀ ਸੁਰੱਖਿਆ ਸਹਿਯੋਗ ਰੋਡਮੈਪ ਦੇ ਮਾਧਿਅਮ ਰਾਹੀਂ ਸਮੁੰਦਰੀ ਸਹਿਯੋਗ ਨੂੰ ਮਜ਼ਬੂਤ ਕਰਾਂਗੇ।
ਅਸੀਂ ਏਕੀਕਰਨ, ਉਦਯੋਗਿਕ ਭਾਈਵਾਲੀ ਅਤੇ ਮਜ਼ਬੂਤ ਸਪਲਾਈ ਚੇਨ ਦਾ ਨਿਰਮਾਣ ਕਰਕੇ ਦੋਵਾਂ ਧਿਰਾਂ ਦੇ ਰੱਖਿਆ ਉਦਯੋਗਾਂ ਦੀ ਵਧਦੀ ਸਮਰੱਥਾ ਨੂੰ ਅਪਣਾਵਾਂਗੇ। ਅਸੀਂ ਆਪਣੇ ਰੱਖਿਆ ਨਵੀਨਤਾ ਈਕੋਸਿਸਟਮ ਵਿਚਕਾਰ ਸਹਿਯੋਗ ਨੂੰ ਡੂੰਘਾ ਕਰਾਂਗੇ ਅਤੇ ਉੱਨਤ ਰੱਖਿਆ ਵਿਗਿਆਨ ਅਤੇ ਤਕਨਾਲੋਜੀ ਸਹਿਯੋਗ ਲਈ ਪ੍ਰਣਾਲੀ ਵਿਕਸਿਤ ਕਰਾਂਗੇ।
ਅਸੀਂ ਸੰਘਰਸ਼ਾਂ ਦੀ ਰੋਕਥਾਮ, ਰਾਹਤ ਅਤੇ ਮੁੜ-ਵਸੇਬੇ ਦੇ ਯਤਨਾਂ ਨੂੰ ਲਾਗੂ ਕਰਨ ਅਤੇ ਸਥਾਈ ਸ਼ਾਂਤੀ ਦੀ ਸਥਾਪਨਾ ਵਿੱਚ ਮਹਿਲਾਵਾਂ ਦੀ ਸਾਰਥਕ ਭਾਗੀਦਾਰੀ ਅਤੇ ਅਗਵਾਈ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰਾਂਗੇ। ਅਸੀਂ ਸ਼ਾਂਤੀ ਸਥਾਪਨਾ ਮੁਹਿੰਮਾਂ ਵਿੱਚ ਮਹਿਲਾ-ਪੁਰਸ਼ ਸਮਾਨਤਾ ਨੂੰ ਬਣਾਈ ਰੱਖਣ ਅਤੇ ਮਹਿਲਾ, ਸ਼ਾਂਤੀ ਅਤੇ ਸੁਰੱਖਿਆ ਏਜੰਡੇ ਨੂੰ ਅੱਗੇ ਵਧਾਉਣ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਾਂਗੇ।
ਅਸੀਂ ਖੇਤਰੀ ਆਰਥਿਕ ਖ਼ੁਸ਼ਹਾਲੀ ਅਤੇ ਮਜ਼ਬੂਤੀ ਦਾ ਸਮਰਥਨ ਕਰਨ ਲਈ ਦੁਵੱਲੇ ਤੌਰ ’ਤੇ ਅਤੇ ਭਾਈਵਾਲਾਂ ਦੇ ਨਾਲ ਸਹਿਯੋਗ ਕਰਨ ਲਈ ਵਚਨਬੱਧ ਹਾਂ। ਅਸੀਂ ਮਹੱਤਵਪੂਰਨ ਖਣਿਜਾਂ ਅਤੇ ਸਵੱਛ ਊਰਜਾ ਤਕਨਾਲੋਜੀਆਂ ਸਮੇਤ ਵਧੇਰੇ ਵਿਭਿੰਨ ਅਤੇ ਮਜ਼ਬੂਤ ਸਪਲਾਈ ਚੇਨਾਂ, ਮਹੱਤਵਪੂਰਨ ਬੁਨਿਆਦੀ ਢਾਂਚੇ ਅਤੇ ਸੰਪਰਕ ਦਾ ਵਿਕਾਸ ਕਰਾਂਗੇ।
ਅਸੀਂ ਇੱਕ ਸੁਰੱਖਿਅਤ ਅਤੇ ਮਜ਼ਬੂਤ ਹਿੰਦ-ਪ੍ਰਸ਼ਾਂਤ ਲਈ ਆਪਣੇ ਸਾਂਝੇ ਦ੍ਰਿਸ਼ਟੀਕੋਣ ਨੂੰ ਪੂਰਾ ਕਰਨ ਵਾਲੇ ਤਕਨਾਲੋਜੀ ਵਾਤਾਵਰਨ ਨੂੰ ਰੂਪ ਦੇਣ ਵਿੱਚ ਸਹਿਯੋਗ ਕਰਾਂਗੇ। ਅਸੀਂ ਸਾਈਬਰ, ਮਹੱਤਵਪੂਰਨ ਤਕਨਾਲੋਜੀਆਂ ਅਤੇ ਸਪਲਾਈ ਚੇਨਾਂ ’ਤੇ ਆਸਟ੍ਰੇਲੀਆ-ਭਾਰਤ ਭਾਈਵਾਲੀ ਦੇ ਤਹਿਤ ਆਪਣੇ ਸਾਈਬਰ ਸੁਰੱਖਿਆ ਤੇ ਮਹੱਤਵਪੂਰਨ ਅਤੇ ਉੱਭਰਦੀਆਂ ਤਕਨਾਲੋਜੀਆਂ ਦੇ ਸਹਿਯੋਗ ਅਤੇ ਜਾਣਕਾਰੀ ਦੇ ਆਦਾਨ-ਪ੍ਰਦਾਨ ਦੇ ਤੰਤਰ ਦੀ ਸਮਰੱਥਾ ਦਾ ਲਾਭ ਲੈਣ ਅਤੇ ਰਣਨੀਤਕ ਤਕਨਾਲੋਜੀਆਂ ’ਤੇ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਮਿਲ ਕੇ ਕੰਮ ਕਰਾਂਗੇ।
ਅਸੀਂ ਆਪਣੇ ਖੇਤਰ ਵਿੱਚ ਅੱਤਵਾਦੀ ਖ਼ਤਰਿਆਂ ’ਤੇ ਜਾਣਕਾਰੀ ਦੇ ਆਦਾਨ-ਪ੍ਰਦਾਨ ਨੂੰ ਵਧਾਉਣ ਲਈ ਵਚਨਬੱਧ ਹਾਂ, ਜਿਸ ਵਿੱਚ ਸੰਸਥਾਵਾਂ ਅਤੇ ਵਿਅਕਤੀ ਸ਼ਾਮਲ ਹਨ। ਅਸੀਂ ਹਿੰਸਕ ਕੱਟੜਵਾਦ ਅਤੇ ਅੱਤਵਾਦ ਦਾ ਮੁਕਾਬਲਾ ਕਰਨ ਲਈ ਵੱਖ-ਵੱਖ ਖੇਤਰਾਂ ਵਿੱਚ ਬਿਹਤਰ ਸਹਿਯੋਗ ਦੇ ਮੌਕਿਆਂ ਦੀ ਤਲਾਸ਼ ਕਰਨ ਲਈ ਵੀ ਵਚਨਬੱਧ ਹਾਂ, ਜਿਨ੍ਹਾਂ ਵਿੱਚ ਸ਼ਾਮਲ ਹਨ:
-
ਨਵੀਂ ਅਤੇ ਉੱਭਰਦੀ ਤਕਨਾਲੋਜੀ;
-
ਅੱਤਵਾਦ ਦਾ ਵਿੱਤਪੋਸ਼ਣ;
-
ਮਹੱਤਵਪੂਰਨ ਬੁਨਿਆਦੀ ਢਾਂਚਾ ਅਤੇ ਭੀੜ-ਭੜੱਕੇ ਵਾਲੀਆਂ ਥਾਵਾਂ;
-
ਸਮੁੰਦਰੀ ਖੇਤਰ; ਅਤੇ
-
ਔਨਲਾਈਨ ਕੱਟੜਵਾਦ।
ਅਸੀਂ 2023 ਵਿੱਚ ਹਸਤਾਖਰ ਕੀਤੇ ਪ੍ਰਵਾਸ ਅਤੇ ਗਤੀਸ਼ੀਲਤਾ ਭਾਈਵਾਲੀ ਸਮਝੌਤੇ ਦੇ ਤਹਿਤ ਆਪਣਾ ਸਹਿਯੋਗ ਜਾਰੀ ਰੱਖਾਂਗੇ, ਜੋ ਗੈਰ-ਕਾਨੂੰਨੀ ਪ੍ਰਵਾਸ, ਪ੍ਰਵਾਸੀ ਤਸਕਰੀ ਅਤੇ ਮਨੁੱਖੀ ਤਸਕਰੀ ਦੀ ਰੋਕਥਾਮ ’ਤੇ ਸਹਿਯੋਗ ਦੇ ਤਰੀਕਿਆਂ ਨੂੰ ਰੇਖਾਂਕਿਤ ਕਰਦਾ ਹੈ। ਅਸੀਂ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਨਾਲ ਨਜਿੱਠਣ ਲਈ ਵੀ ਆਪਣਾ ਸਹਿਯੋਗ ਜਾਰੀ ਰੱਖਾਂਗੇ।
ਅਸੀਂ ਪਰਮਾਣੂ ਹਥਿਆਰਾਂ ਤੋਂ ਮੁਕਤ ਇੱਕ ਸ਼ਾਂਤੀਪੂਰਨ ਸੰਸਾਰ ਚਾਹੁੰਦੇ ਹਾਂ, ਅਤੇ ਇਸ ਉਦੇਸ਼ ਲਈ ਅਸੀਂ ਪਰਮਾਣੂ ਅਪ੍ਰਸਾਰ (ਨੌਨ-ਪ੍ਰੋਲੀਫਰੇਸ਼ਨ) ਅਤੇ ਗਲੋਬਲ, ਪੂਰਨ, ਗੈਰ-ਪੱਖਪਾਤੀ ਤੇ ਪੁਸ਼ਟੀਕਰਨਯੋਗ ਪਰਮਾਣੂ ਨਿਰਸਤਰੀਕਰਨ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹਾਂ।
ਅਸੀਂ ਤ੍ਰਿਪੱਖੀ ਸਹਿਯੋਗ ਤੰਤਰ ਅਤੇ ਹਿੰਦ-ਪ੍ਰਸ਼ਾਂਤ ਮਹਾਸਾਗਰ ਪਹਿਲਕਦਮੀ ਦੇ ਮਾਧਿਅਮ ਰਾਹੀਂ ਭਾਈਵਾਲਾਂ ਦੇ ਨਾਲ ਡੂੰਘੇ ਜੁੜਾਵ ਸਮੇਤ ਹੋਰ ਹਿੰਦ-ਪ੍ਰਸ਼ਾਂਤ ਭਾਈਵਾਲਾਂ ਨਾਲ ਨਿਰੰਤਰ ਸਹਿਯੋਗ ਲਈ ਵਚਨਬੱਧ ਹਾਂ। ਅਸੀਂ ਇੱਕ ਖੁੱਲ੍ਹੇ, ਸਥਿਰ, ਸ਼ਾਂਤੀਪੂਰਨ ਅਤੇ ਖ਼ੁਸ਼ਹਾਲ ਹਿੰਦ-ਪ੍ਰਸ਼ਾਂਤ ਖੇਤਰ ਲਈ ਆਪਣੇ ਸਕਾਰਾਤਮਕ ਦ੍ਰਿਸ਼ਟੀਕੋਣ ਦੀ ਦਿਸ਼ਾ ਵਿੱਚ ਸਮਰੱਥਾ ਅਤੇ ਸਹਿਯੋਗ ਦਾ ਨਿਰਮਾਣ ਕਰਨ ਲਈ ਅਮਰੀਕਾ ਅਤੇ ਜਾਪਾਨ ਦੇ ਨਾਲ ਆਪਣੇ ਸਹਿਯੋਗ ਦਾ ਵਿਸਤਾਰ ਕਰਾਂਗੇ।
ਅਸੀਂ ਖੇਤਰੀ ਸ਼ਾਂਤੀ, ਸੁਰੱਖਿਆ, ਖ਼ੁਸ਼ਹਾਲੀ ਅਤੇ ਮਜ਼ਬੂਤੀ ਪ੍ਰਤੀ ਆਪਣੀ ਸਾਂਝੀ ਵਚਨਬੱਧਤਾ ਨੂੰ ਪਛਾਣਦੇ ਹੋਏ ਤੁਰੰਤ, ਤਾਲਮੇਲ ਵਾਲੀ ਅਤੇ ਟਿਕਾਊ ਆਫ਼ਤ ਪ੍ਰਤੀਕਿਰਿਆ ਪ੍ਰਦਾਨ ਕਰਨ ਲਈ ਮਨੁੱਖੀ ਸਹਾਇਤਾ ਅਤੇ ਆਫ਼ਤ ਰਾਹਤ (ਐੱਚਏਡੀਆਰ) ਵਿੱਚ ਸਹਿਯੋਗ ਨੂੰ ਡੂੰਘਾ ਕਰਨ ਲਈ ਵਚਨਬੱਧ ਹਾਂ। ਅਸੀਂ ਹੇਠ ਲਿਖੇ ਮਾਧਿਅਮਾਂ ਰਾਹੀਂ ਇਸ ਪ੍ਰਕਾਰ ਦੇ ਸਹਿਯੋਗ ਨੂੰ ਮਜ਼ਬੂਤ ਕਰਾਂਗੇ:
-
ਜਾਣਕਾਰੀ ਸਾਂਝਾ ਕਰਨਾ ਅਤੇ ਮਾਹਿਰਾਂ ਦਾ ਆਦਾਨ-ਪ੍ਰਦਾਨ; ਅਤੇ
-
ਕੁਆਡ ਇੰਡੋ-ਪੈਸੀਫਿਕ ਲੌਜਿਸਟਿਕਸ ਨੈੱਟਵਰਕ ਸਮੇਤ ਸਾਂਝੇ ਆਫ਼ਤ ਜੋਖਮ ਪ੍ਰਬੰਧਨ ਅਤੇ ਜੋਖਮ ਨਿਵਾਰਣ ਅਭਿਆਸ, ਜੋ ਵੱਡੇ ਪੱਧਰ ’ਤੇ ਕੁਦਰਤੀ ਆਫ਼ਤਾਂ ਦੌਰਾਨ ਨਾਗਰਿਕਾਂ ਦੀ ਪ੍ਰਤੀਕਿਰਿਆ ਵਿੱਚ ਸਹਾਇਤਾ ਕਰਦਾ ਹੈ।
ਅਸੀਂ ਆਫ਼ਤਾਂ ਅਤੇ ਸੰਕਟਾਂ ਦੌਰਾਨ ਅਚਨਚੇਤੀ ਯੋਜਨਾਬੰਦੀ, ਸਾਂਝੀ ਪ੍ਰਤੀਕਿਰਿਆ ਅਤੇ ਤਾਲਮੇਲ ਦੇ ਮੌਕਿਆਂ ਦੀ ਤਲਾਸ਼ ਕਰਨ ਲਈ ਵਚਨਬੱਧ ਹਾਂ, ਜਿਸ ਵਿੱਚ ਤੀਜੇ ਦੇਸ਼ਾਂ ਵਿੱਚ ਖੇਤਰੀ ਅਤੇ ਗਲੋਬਲ ਨਿਕਾਸੀ ਮੁਹਿੰਮਾਂ ਦਾ ਸਮਰਥਨ ਕਰਨਾ ਵੀ ਸ਼ਾਮਲ ਹੈ।
ਆਪਣੀ ਵਿਆਪਕ ਰਣਨੀਤਕ ਭਾਈਵਾਲੀ ਦੀ ਭਾਵਨਾ ਦੇ ਅਨੁਕੂਲ, ਅਸੀਂ ਇੱਕ ਸ਼ਾਂਤੀਪੂਰਨ ਅਤੇ ਸਥਿਰ ਹਿੰਦ-ਪ੍ਰਸ਼ਾਂਤ ਖੇਤਰ ਦਾ ਸਮਰਥਨ ਕਰਨ ਲਈ ਇਸ ਮਹੱਤਵਪੂਰਨ ਏਜੰਡੇ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਲਈ ਵਚਨਬੱਧ ਹਾਂ।
************
ਐੱਮਜੇਪੀਐੱਸ/ਐੱਸਐੱਸ/ਐੱਸਟੀ
(रिलीज़ आईडी: 2283175)
आगंतुक पटल : 4
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Manipuri
,
Bengali
,
Bengali-TR
,
Assamese
,
Gujarati
,
Odia
,
Tamil
,
Telugu
,
Kannada
,
Malayalam