ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਆਸਟ੍ਰੇਲੀਆ ਵਿੱਚ ਭਾਰਤੀ ਭਾਈਚਾਰੇ ਦੇ ਇੱਕ ਸਮਾਗਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ

प्रविष्टि तिथि: 09 JUL 2026 6:36PM by PIB Chandigarh

ਮੈਂ ਉਸ ਧਰਤੀ ਦੇ ਰਵਾਇਤੀ ਮਾਲਕਾਂ ਨੂੰ ਆਪਣਾ ਸਤਿਕਾਰ ਭੇਟ ਕਰਦਿਆਂ ਸ਼ੁਰੂਆਤ ਕਰਨਾ ਚਾਹੁੰਦਾ ਹਾਂ ਜਿੱਥੇ ਅਸੀਂ ਮਿਲ ਰਹੇ ਹਾਂ ਅਤੇ ਮੈਂ ਉਨ੍ਹਾਂ ਦੇ ਅਤੀਤ, ਵਰਤਮਾਨ ਅਤੇ ਭਵਿੱਖ ਦੇ ਦੇ ਵਡੇਰਿਆਂ ਨੂੰ ਸਤਿਕਾਰ ਭੇਟ ਕਰਦਾ ਹਾਂ।

ਵਣੱਕਮ ਮੈਲਬਰਨ!

ਨਮਸਕਾਰ ਮਾਈਟਸ!

ਕਿਵੇਂ ਹੋ ਤੁਸੀਂ?

ਕੇਮ ਛੋ?

ਇਹ ਸ਼ੋਅ ਹਾਊਸਫੁੱਲ ਹੈ, ਬਲਾਕਬਸਟਰ ਹੈ।

ਮੈਂ ਆਪਣਾ ਭਾਸ਼ਣ ਸ਼ੁਰੂ ਕਰਾਂ, ਉਸ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਵਿਕਟੋਰੀਆ ਦੇ ਪ੍ਰੀਮੀਅਰ ਅਤੇ ਮੇਰੇ ਮਿੱਤਰ ਪ੍ਰਧਾਨ ਮੰਤਰੀ ਜੀ ਦੇ ਸਨਮਾਨ ਵਿੱਚ ਆਪਣੇ ਮੋਬਾਈਲ ਫ਼ੋਨ ਦੀ ਫਲੈਸ਼ਲਾਈਟ ਜਗਾ ਕੇ ਉਨ੍ਹਾਂ ਦਾ ਸਨਮਾਨ ਕਰੋ।

ਸਾਥੀਓ,

ਇਸ ਤੋਂ ਪਹਿਲਾਂ ਮੈਂ ਦੋ ਵਾਰ ਸਿਡਨੀ ਵਿੱਚ ਤੁਹਾਡੇ ਨਾਲ ਮਿਲਿਆ ਸੀ। ਮੈਲਬਰਨ ਵਾਸੀਆਂ ਨੂੰ ਮਿਲਣ ਦਾ ਮੈਨੂੰ ਵੀ ਇੰਤਜ਼ਾਰ ਸੀ, ਇਸ ਲਈ ਸੋਚਿਆ ਕਿ ਇਸ ਵਾਰ ਮੈਲਬਰਨ ਵਾਸੀਆਂ ਨਾਲ ਫਲੈਟ ਵ੍ਹਾਈਟ ਕੌਫ਼ੀ ਪੀਤੀ ਜਾਵੇ।

ਸਾਥੀਓ,

ਜਿਸ ਊਰਜਾ ਨਾਲ ਤੁਸੀਂ ਸਾਰਿਆਂ ਨੇ ਅਤੇ ਸਾਡੇ ਔਸੀ ਦੋਸਤਾਂ ਨੇ ਸਾਡਾ ਸਵਾਗਤ ਕੀਤਾ ਹੈ, ਉਹ ਹੋਰ ਵੀ ਸ਼ਾਨਦਾਰ ਹੈ। ਮੈਲਬਰਨ ਨੇ ਇੱਕ ਤਰ੍ਹਾਂ ਨਾਲ ਬਾਜ਼ੀ ਮਾਰ ਲਈ ਹੈ।

ਸਾਥੀਓ,

ਮੈਂ ਆਪਣੇ ਮਿੱਤਰ, ਭਾਰਤ ਦੇ ਮਿੱਤਰ, ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ੀ ਦਾ ਵੀ ਧੰਨਵਾਦੀ ਹਾਂ। ਤੁਸੀਂ ਸਿਡਨੀ ਵਿੱਚ ਵੀ ਮੇਰੇ ਨਾਲ ਸਨ ਅਤੇ ਅੱਜ ਇੱਥੇ ਮੈਲਬਰਨ ਵਿੱਚ ਵੀ ਭਾਰਤੀ ਭਾਈਚਾਰੇ ਦੇ ਵਿਚਕਾਰ ਆਏ ਹੋ। ਅਤੇ ਇਹ ਇੱਕ ਤਰ੍ਹਾਂ ਨਾਲ ਪੂਰਾ ਚੱਕਰ ਹੋ ਗਿਆ ਹੈ।

ਅਹਿਮਦਾਬਾਦ, ਜਿੱਥੇ ਦੁਨੀਆ ਦਾ ਸਭ ਤੋਂ ਵੱਡਾ ਕ੍ਰਿਕਟ ਮੈਦਾਨ ਹੈ ਅਤੇ ਮੈਲਬਰਨ, ਜਿੱਥੇ ਵਿਸ਼ਵ ਪ੍ਰਸਿੱਧ ਸਟੇਡੀਅਮ ਹੈ—ਅਸੀਂ ਦੋਵੇਂ ਇਕੱਠੇ ਰਹੇ ਹਾਂ। ਅਤੇ ਸਾਥੀਓ, ਅਸੀਂ ਸਾਰਿਆਂ ਨੇ ਦੇਖਿਆ ਹੈ ਕਿ ਜਦੋਂ ਪ੍ਰਧਾਨ ਮੰਤਰੀ ਅਲਬਨੀਜ਼ੀ ਬੋਲਦੇ ਹਨ ਤਾਂ ਭਾਰਤੀਆਂ ਦੇ ਦਿਲਾਂ ਅਤੇ ਦਿਮਾਗਾਂ 'ਤੇ ਛਾਅ ਜਾਂਦੇ ਹਨ। ਸਿਡਨੀ ਵਿੱਚ ਵੀ ਤੁਸੀਂ ਧੂਮ ਮਚਾਈ ਸੀ ਅਤੇ ਇੱਥੇ ਵੀ ਤੁਸੀਂ ਛਾਅ ਗਏ ਹੋ।

ਮੈਂ ਵਿਕਟੋਰੀਆ ਦੇ ਪ੍ਰੀਮੀਅਰ ਦਾ ਵੀ ਉਨ੍ਹਾਂ ਦੇ ਊਰਜਾ ਭਰੇ ਸ਼ਬਦਾਂ ਅਤੇ ਭਾਰਤ ਪ੍ਰਤੀ ਉਨ੍ਹਾਂ ਵੱਲੋਂ ਪ੍ਰਗਟ ਕੀਤੇ ਗਏ ਸਨੇਹ ਲਈ ਦਿਲੋਂ ਧੰਨਵਾਦ ਕਰਦਾ ਹਾਂ।

ਸਾਥੀਓ,

ਜਦੋਂ ਮੈਂ ਸਾਲ 2014 ਵਿੱਚ ਆਸਟ੍ਰੇਲੀਆ ਆਇਆ ਸੀ, ਤਾਂ 28 ਸਾਲਾਂ ਬਾਅਦ ਭਾਰਤ ਦਾ ਕੋਈ ਪ੍ਰਧਾਨ ਮੰਤਰੀ ਇੱਥੇ ਪਹੁੰਚਿਆ ਸੀ। ਅਤੇ ਤੁਹਾਨੂੰ ਯਾਦ ਹੋਵੇਗਾ ਕਿ ਉਸ ਵੇਲੇ ਮੈਂ ਕਿਹਾ ਸੀ ਕਿ ਹੁਣ ਤੁਹਾਨੂੰ 28 ਸਾਲ ਇੰਤਜ਼ਾਰ ਨਹੀਂ ਕਰਨਾ ਪਵੇਗਾ।

ਪਿਛਲੇ 12 ਸਾਲਾਂ ਵਿੱਚ ਮੈਂ ਤੀਜੀ ਵਾਰ ਇੱਥੇ ਆਇਆ ਹਾਂ। ਭਾਵ ਇਸ ਵਾਰ ਹੈਟ੍ਰਿਕ ਲੱਗੀ ਹੈ। ਇਹ ਦਰਸਾਉਂਦਾ ਹੈ ਕਿ ਭਾਰਤ ਅਤੇ ਆਸਟ੍ਰੇਲੀਆ ਦੇ ਸਬੰਧ ਕਿੰਨੀ ਬੁਲੰਦੀ 'ਤੇ ਹਨ। ਅਤੇ ਜਾਣਦੇ ਹੋ, ਇਸ ਵਿੱਚ ਸਭ ਤੋਂ ਵੱਡੀ ਭੂਮਿਕਾ ਕਿਸ ਦੀ ਹੈ? ਮੋਦੀ ਦੀ ਨਹੀਂ। ਇਸ ਵਿੱਚ ਤੁਹਾਡੀ ਸਾਰਿਆਂ ਦੀ ਭੂਮਿਕਾ ਹੈ, ਭਾਰਤੀ ਪ੍ਰਵਾਸੀ ਭਾਈਚਾਰੇ ਦੀ ਭੂਮਿਕਾ ਹੈ।

ਸਾਥੀਓ,

ਕਿਹਾ ਜਾਂਦਾ ਹੈ ਕਿ ਮੈਲਬਰਨ ਸ਼ਹਿਰ ਇੱਕੋ ਦਿਨ ਵਿੱਚ ਚਾਰ ਰੁੱਤਾਂ ਦੇ ਦਰਸ਼ਨ ਕਰਵਾ ਦਿੰਦਾ ਹੈ। ਪਰ ਭਾਰਤੀ ਭਾਈਚਾਰੇ ਨੇ ਆਪਣੇ ਸੱਭਿਆਚਾਰਕ ਰੰਗਾਂ ਨਾਲ ਇਸ ਨੂੰ ਹੋਰ ਵੀ ਜੀਵੰਤ ਬਣਾ ਦਿੱਤਾ ਹੈ।

ਇੱਥੇ ਮੈਲਬਰਨ ਅਤੇ ਇਸ ਦੇ ਆਲੇ-ਦੁਆਲੇ ਕਈ ਅਜਿਹੀਆਂ ਥਾਵਾਂ ਅਤੇ ਬਾਜ਼ਾਰ ਹਨ, ਜੋ ਭਾਰਤੀਅਤ ਦੇ ਰੰਗਾਂ ਨਾਲ ਰੰਗੇ ਹੋਏ ਹਨ। ਕੋਈ ਉਨ੍ਹਾਂ ਨੂੰ ਲਿਟਲ ਇੰਡੀਆ ਕਹਿੰਦਾ ਹੈ, ਕੋਈ ਮਿੰਨੀ ਇੰਡੀਆ ਕਹਿੰਦਾ ਹੈ। ਨਾਮ ਭਾਵੇਂ ਜੋ ਵੀ ਹੋਣ, ਪਰ ਰੰਗ ਭਾਰਤੀਅਤਾ ਦੇ ਹਨ।

ਅਜਿਹੇ ਹੀ ਇੱਕ ਬਾਜ਼ਾਰ ਦੀ ਵੀਡੀਓ ਕਿਸੇ ਨੇ ਮੈਨੂੰ ਵਿਖਾਈ। ਵੀਡੀਓ ਵਿੱਚ ਦੱਸਿਆ ਜਾ ਰਿਹਾ ਸੀ ਕਿ ਉੱਥੇ ਹਮੇਸ਼ਾ ਸੇਲ ਲੱਗੀ ਰਹਿੰਦੀ ਹੈ। ਇਸ ਸੇਲ ਦੇ ਚੱਕਰ ਵਿੱਚ ਲੋਕ ਘਣਚੱਕਰ ਬਣ ਜਾਂਦੇ ਹਨ। ਖਰੀਦਦਾਰੀ ਦਾ ਮਨ ਨਾ ਵੀ ਹੋਵੇ, ਤਾਂ ਵੀ ਖਰੀਦਦਾਰੀ ਕਰਨੀ ਹੀ ਪੈਂਦੀ ਹੈ। ਮੈਂ ਠੀਕ ਕਹਿ ਰਿਹਾ ਹਾਂ?

ਸਾਥੀਓ,

ਤੁਹਾਡੇ ਵਿੱਚੋਂ ਕਈ ਸਾਥੀ ਪਹਿਲੀ ਵਾਰ ਆਸਟ੍ਰੇਲੀਆ ਆਏ ਸਨ ਅਤੇ ਕਈਆਂ ਦਾ ਜਨਮ ਵੀ ਇੱਥੇ ਹੀ ਹੋਇਆ। ਪੀੜ੍ਹੀਆਂ ਬਦਲ ਗਈਆਂ, ਪਰ ਅੰਦਰਲੀ ਭਾਰਤੀਅਤ ਹਮੇਸ਼ਾ ਜ਼ਿੰਦਾ ਰਹਿੰਦੀ ਹੈ। ਇੱਥੇ ਕਈ ਅਜਿਹੇ ਸਾਥੀ ਹੋਣਗੇ, ਜਿਨ੍ਹਾਂ ਦੇ ਘਰ ਵਿੱਚ ਘੱਟੋ-ਘੱਟ ਦੋ ਟਾਈਮ ਜ਼ੋਨ ਚੱਲਦੇ ਹਨ। ਇੱਥੇ ਬੱਚੇ ਆਸਟ੍ਰੇਲੀਆਈ ਸਮੇਂ ਅਨੁਸਾਰ ਸਕੂਲ ਤੋਂ ਘਰ ਆਉਂਦੇ ਹਨ, ਪਰ ਭਾਰਤ ਵਿੱਚ ਦਾਦਾ-ਦਾਦੀ, ਨਾਨਾ-ਨਾਨੀ ਵੀਡੀਓ ਕਾਲ 'ਤੇ ਉਨ੍ਹਾਂ ਦੀ ਉਡੀਕ ਕਰ ਰਹੇ ਹੁੰਦੇ ਹਨ। ਇੱਥੇ ਵੀਕਐਂਡ ਹੁੰਦਾ ਹੈ, ਤਾਂ ਭਾਰਤ ਵਿੱਚ ਕਿਸੇ ਵਿਆਹ ਦੀ ਲਾਈਵ ਸਟ੍ਰੀਮਿੰਗ ਚੱਲ ਰਹੀ ਹੁੰਦੀ ਹੈ। ਭਾਵ, ਦੂਰੀ ਭਾਵੇਂ ਹਜ਼ਾਰਾਂ ਕਿਲੋਮੀਟਰ ਦੀ ਹੈ, ਪਰ ਰੋਜ਼ਾਨਾ ਦੀ ਜ਼ਿੰਦਗੀ ਅੱਜ ਵੀ ਭਾਰਤ ਨਾਲ ਜੁੜੀ ਹੋਈ ਹੈ। ਅਤੇ ਇਸੇ ਰੁਟੀਨ ਦੇ ਨਾਲ ਤੁਸੀਂ ਸਾਰੇ ਆਸਟ੍ਰੇਲੀਆ ਦੇ ਵਿਕਾਸ ਵਿੱਚ ਪੂਰੀ ਤਾਕਤ ਨਾਲ ਯੋਗਦਾਨ ਪਾ ਰਹੇ ਹੋ। ਮੈਨੂੰ ਤੁਹਾਡੇ ਸਾਰਿਆਂ 'ਤੇ ਮਾਣ ਹੈ।

ਸਾਥੀਓ,

ਅਸੀਂ ਭਾਰਤੀ ਅਜਿਹੇ ਹੀ ਹਾਂ। ਜਿਵੇਂ ਦੁੱਧ ਵਿੱਚ ਖੰਡ ਮਿਲ ਕੇ ਉਸ ਨੂੰ ਹੋਰ ਮਿੱਠਾ ਕਰ ਦਿੰਦੀ ਹੈ, ਉਸੇ ਤਰ੍ਹਾਂ ਅਸੀਂ ਭਾਰਤੀ ਦੁਨੀਆ ਵਿੱਚ ਆਪਣੇ ਪਿਆਰ ਦਾ ਰੰਗ ਘੋਲਦੇ ਰਹਿੰਦੇ ਹਾਂ।

ਘਰ ਵਿੱਚ ਦੁੱਧ ਆਸਟ੍ਰੇਲੀਆ ਦਾ ਆਉਂਦਾ ਹੈ, ਪਰ ਚਾਹ ਭਾਰਤ ਵਾਲੀ ਬਣਦੀ ਹੈ। ਦਾਲ ਅਤੇ ਸਬਜ਼ੀਆਂ ਆਸਟ੍ਰੇਲੀਆ ਦੀਆਂ ਹੁੰਦੀਆਂ ਹਨ, ਪਰ ਉਨ੍ਹਾਂ ਵਿੱਚ ਤੜਕਾ ਦੇਸੀ ਮਸਾਲਿਆਂ ਦਾ ਹੀ ਲੱਗਦਾ ਹੈ।

ਸਾਥੀਓ,

ਤੁਸੀਂ ਸੁਣਿਆ ਹੋਵੇਗਾ ਕਿ ਅੱਜਕੱਲ੍ਹ ਭਾਰਤ ਵਿੱਚ ਭਜਨ ਕਲੱਬਿੰਗ ਦਾ ਨਵਾਂ ਰੁਝਾਨ ਚੱਲ ਰਿਹਾ ਹੈ। ਇਸ ਨੂੰ ਸਾਡੀ ਜੈਨ-ਜ਼ੀ ਪੀੜ੍ਹੀ ਅੱਗੇ ਵਧਾ ਰਹੀ ਹੈ। ਅਤੇ ਇੱਥੇ ਆਸਟ੍ਰੇਲੀਆ ਵਿੱਚ ਵੀ ਮੈਂ ਸੁਣਿਆ ਹੈ ਕਿ ਤੁਹਾਡਾ ਵੀਕਐਂਡ ਆਸਥਾ ਅਤੇ ਅਧਿਆਤਮ ਨਾਲ ਭਰਿਆ ਰਹਿੰਦਾ ਹੈ।

ਕਿਤੇ ਕਿਸੇ ਦੇ ਘਰ ਭਗਵਾਨ ਸਤਿਆਨਾਰਾਇਣ ਦੀ ਕਥਾ ਹੁੰਦੀ ਹੈ, ਕਿਤੇ ਗੁਰਦੁਆਰੇ ਵਿੱਚ ਅਰਦਾਸ, ਕਿਤੇ ਬੱਚਿਆਂ ਵੱਲੋਂ ਭੰਗੜਾ ਜਾਂ ਭਰਤਨਾਟਿਅਮ ਦੀ ਪੇਸ਼ਕਾਰੀ, ਤਾਂ ਕਿਤੇ ਕੋਈ ਕ੍ਰਿਕਟ ਟੂਰਨਾਮੈਂਟ ਚੱਲ ਰਿਹਾ ਹੁੰਦਾ ਹੈ।

ਅਤੇ ਹੁਣ ਤਾਂ ਇੰਡੀਅਨ ਫ਼ਿਲਮ ਫੈਸਟੀਵਲ ਵੀ ਇੱਥੇ ਆ ਗਿਆ ਹੈ। ਕੁਝ ਹੀ ਦਿਨਾਂ ਵਿੱਚ ਮੈਲਬਰਨ ਵਿੱਚ ਇੰਡੀਅਨ ਫ਼ਿਲਮ ਫੈਸਟੀਵਲ ਸ਼ੁਰੂ ਹੋਣ ਵਾਲਾ ਹੈ। ਮੈਂ ਇਸ ਦੇ ਸਫਲ ਆਯੋਜਨ ਲਈ ਤੁਹਾਨੂੰ ਹੁਣੇ ਤੋਂ ਹੀ ਸ਼ੁਭਕਾਮਨਾਵਾਂ ਦਿੰਦਾ ਹਾਂ।

ਸਾਥੀਓ,

ਤੁਸੀਂ ਸਾਰੇ ਆਪਣੀ ਮਿਹਨਤ ਨਾਲ ਆਸਟ੍ਰੇਲੀਆ ਦੀ ਤਰੱਕੀ ਨੂੰ ਸਿੰਝ ਰਹੇ ਹੋ। ਪਰ ਮੈਂ ਜਾਣਦਾ ਹਾਂ ਕਿ ਤੁਹਾਡੀ ਇੱਕ ਨਜ਼ਰ ਲਗਾਤਾਰ ਭਾਰਤ 'ਤੇ ਰਹਿੰਦੀ ਹੈ। ਭਾਰਤ ਕੀ ਕਰ ਰਿਹਾ ਹੈ, ਭਾਰਤ ਦੀ ਤਰੱਕੀ, ਭਾਰਤ ਦੀ ਗਤੀ—ਤੁਸੀਂ ਇਸ ਦੀ ਹਰ ਖ਼ਬਰ ਰੱਖਦੇ ਹੋ।

ਸਾਥੀਓ,

21ਵੀਂ ਸਦੀ ਦਾ ਭਾਰਤ ਅੱਜ ਵਿਕਸਿਤ ਰਾਸ਼ਟਰ ਬਣਨ ਦੇ ਟੀਚੇ 'ਤੇ ਕੰਮ ਕਰ ਰਿਹਾ ਹੈ। ਇੱਕ ਸੁਪਨਾ ਪੂਰਾ ਹੁੰਦਾ ਹੈ, ਤਾਂ ਨਵਾਂ ਸੁਪਨਾ ਜਨਮ ਲੈ ਲੈਂਦਾ ਹੈ।

ਪਹਿਲਾਂ ਕਿਹਾ ਜਾਂਦਾ ਸੀ—ਇੱਕ ਦੀਵੇ ਤੋਂ ਜਗੇ ਦੂਜਾ, ਬਲਦੇ ਦੀਵੇ ਹਜ਼ਾਰ। ਅੱਜ ਮੈਂ ਕਹਿੰਦਾ ਹਾਂ—ਇੱਕ ਸੁਪਨੇ ਤੋਂ ਜਨਮੇ ਦੂਜਾ, ਸੁਪਨੇ ਜੰਮਣ ਹਜ਼ਾਰ। ਇੱਕ ਟੀਚਾ ਪੂਰਾ ਹੁੰਦਾ ਹੈ, ਤਾਂ ਉਸ ਤੋਂ ਵੀ ਵੱਡਾ ਸੰਕਲਪ ਸਾਡੇ ਸਾਹਮਣੇ ਆ ਜਾਂਦਾ ਹੈ।

ਇਹ ਉਹ ਭਾਰਤ ਹੈ, ਜੋ ਕਹਿੰਦਾ ਹੈ—ਹੋਰ ਵਧੋ ਹੋਰ ਪ੍ਰਾਪਤ ਕਰੋ। 

ਅਸੀਂ 140 ਕਰੋੜ ਆਸਾਂ ਨਾਲ ਭਰੇ ਹੋਏ ਰਾਸ਼ਟਰ ਹਾਂ। ਅਸੀਂ ਬੇਸਬਰ ਅਤੇ ਬੇਚੈਨ ਹਾਂ; ਅਸੀਂ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥ-ਵਿਵਸਥਾ ਹਾਂ, ਫਿਰ ਵੀ ਅਸੀਂ ਜਲਦੀ ਤੋਂ ਜਲਦੀ ਵਿਸ਼ਵ ਪੱਧਰ 'ਤੇ ਚੋਟੀ ਦੀਆਂ ਤਿੰਨ ਅਰਥ-ਵਿਵਸਥਾਵਾਂ ਵਿੱਚੋਂ ਇੱਕ ਬਣਨ ਦੀ ਇੱਛਾ ਰੱਖਦੇ ਹਾਂ। ਇਹ ਇਸ ਲਈ ਹੈ ਕਿਉਂਕਿ ਸਾਡਾ ਮੁੱਖ ਸਿਧਾਂਤ ਹੈ: ਹੋਰ ਵਧੋ, ਹੋਰ ਪ੍ਰਾਪਤ ਕਰੋ।

ਸਾਥੀਓ,

ਤੁਸੀਂ ਵੀ ਦੇਖਿਆ ਹੈ ਕਿ ਭਾਰਤ ਨੇ ਚੰਦ ਦੇ ਦੱਖਣੀ ਧਰੁਵ 'ਤੇ ਚੰਦਰਯਾਨ ਦੀ ਸਫਲ ਲੈਂਡਿੰਗ ਕਰਵਾਈ। ਦੁਨੀਆ ਦਾ ਕੋਈ ਹੋਰ ਦੇਸ਼ ਅਜਿਹਾ ਨਹੀਂ ਕਰ ਸਕਿਆ। ਪਰ ਭਾਰਤ ਇੰਨੇ ਨਾਲ ਹੀ ਸੰਤੁਸ਼ਟ ਨਹੀਂ ਹੋਇਆ, ਕਿਉਂਕਿ ਭਾਰਤ ਕਹਿੰਦਾ ਹੈ—ਹੋਰ ਵਧੋ, ਹੋਰ ਪ੍ਰਾਪਤ ਕਰੋ।

ਇਸ ਲਈ, ਸਾਥੀਓ, ਭਾਰਤ ਹੁਣ ਪੁਲਾੜ ਵਿੱਚ ਆਪਣਾ ਗਗਨਯਾਨ ਭੇਜਣ ਦੀ ਤਿਆਰੀ ਕਰ ਰਿਹਾ ਹੈ। ਭਾਰਤ ਹੁਣ ਆਪਣਾ ਪੁਲਾੜ ਸਟੇਸ਼ਨ ਬਣਾਉਣ ਦੇ ਟੀਚੇ 'ਤੇ ਅੱਗੇ ਵਧ ਰਿਹਾ ਹੈ।

ਸਾਥੀਓ,

ਕੁਝ ਸਾਲ ਪਹਿਲਾਂ ਤੱਕ 5ਜੀ ਤਕਨਾਲੋਜੀ ਨੂੰ ਲੈ ਕੇ ਦੇਸ਼ ਦੇ ਸਾਹਮਣੇ ਕਈ ਸਵਾਲ ਸਨ। ਇਹ ਕਦੋਂ ਸ਼ੁਰੂ ਹੋਵੇਗੀ, ਇਸ ਦਾ ਰੋਲਆਊਟ ਕਿਵੇਂ ਹੋਵੇਗਾ, ਇਸ ਵਿੱਚ ਕਿੰਨਾ ਸਮਾਂ ਲੱਗੇਗਾ? ਅਸੀਂ ਸਾਲ 2022 ਦੇ ਅੰਤ ਵਿੱਚ 5ਜੀ ਰੋਲਆਊਟ ਸ਼ੁਰੂ ਕੀਤਾ ਅਤੇ ਅੱਜ ਭਾਰਤ ਦੇ 99 ਫ਼ੀਸਦੀ ਜ਼ਿਲ੍ਹੇ ਇਸ ਨਾਲ ਕਵਰ ਹੋ ਚੁੱਕੇ ਹਨ। ਅਤੇ ਤੁਹਾਨੂੰ ਖ਼ੁਸ਼ੀ ਹੋਵੇਗੀ ਕਿ ਭਾਰਤ 5ਜੀ ਦਾ ਸਭ ਤੋਂ ਤੇਜ਼ ਰੋਲਆਊਟ ਕਰਨ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ।

ਅੱਜ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ 5ਜੀ ਬਾਜ਼ਾਰ ਬਣ ਚੁੱਕਾ ਹੈ। ਅਤੇ ਏਨਾ ਹੀ ਨਹੀਂ, ਭਾਰਤ ਅੱਜ ਮੇਕ ਇਨ ਇੰਡੀਆ 6ਜੀ ਤਕਨਾਲੋਜੀ 'ਤੇ ਵੀ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਉਹ ਇਸ ਲਈ, ਕਿਉਂਕਿ ਭਾਰਤੀ ਕਹਿੰਦੇ ਹਨ—ਹੋਰ ਵਧੋ, ਹੋਰ ਪ੍ਰਾਪਤ ਕਰੋ।

ਸਾਥੀਓ,

ਪਿਛਲੇ 12 ਸਾਲਾਂ ਵਿੱਚ ਭਾਰਤ ਦੇ ਦੋ ਦਰਜਨ ਤੋਂ ਵੱਧ ਸ਼ਹਿਰਾਂ ਵਿੱਚ ਮੈਟਰੋ ਨੈੱਟਵਰਕ ਪਹੁੰਚ ਚੁੱਕਾ ਹੈ। ਅੱਜ ਭਾਰਤ ਵਿੱਚ ਹਰ ਰੋਜ਼ ਸਵਾ ਕਰੋੜ ਤੋਂ ਵੱਧ ਲੋਕ ਮੈਟਰੋ ਵਿੱਚ ਸਫ਼ਰ ਕਰਦੇ ਹਨ। ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਮੈਟਰੋ ਨੈੱਟਵਰਕ ਵਾਲਾ ਦੇਸ਼ ਹੈ। ਪਰ ਅਸੀਂ ਭਾਰਤੀ ਇਸ ਨਾਲ ਵੀ ਸੰਤੁਸ਼ਟ ਨਹੀਂ ਹਾਂ। ਅਸੀਂ ਕਹਿੰਦੇ ਹਾਂ—ਹੋਰ ਵਧੋ, ਹੋਰ ਪ੍ਰਾਪਤ ਕਰੋ।

ਇਸ ਲਈ ਅਸੀਂ ਭਾਰਤ ਵਿੱਚ ਨਮੋ ਭਾਰਤ ਰੈਪਿਡ ਰੇਲ ਅਤੇ ਵੰਦੇ ਭਾਰਤ ਵਰਗੇ ਅਰਧ-ਉੱਚ-ਗਤੀ ਰੇਲ ਨੈੱਟਵਰਕ ਦਾ ਤੇਜ਼ੀ ਨਾਲ ਵਿਸਤਾਰ ਕਰ ਰਹੇ ਹਾਂ।

ਇੱਕ ਹੋਰ ਉਦਾਹਰਨ ਮੇਕ ਇਨ ਇੰਡੀਆ ਦੀ ਹੈ। ਪਿਛਲੇ 12 ਸਾਲਾਂ ਵਿੱਚ ਮੇਕ ਇਨ ਇੰਡੀਆ ਇੱਕ ਵਿਸ਼ਵ ਪੱਧਰੀ ਬ੍ਰਾਂਡ ਬਣ ਗਿਆ ਹੈ। ਸਾਡੇ ਮੋਬਾਈਲ ਫ਼ੋਨ, ਸਾਡੇ ਇਲੈਕਟ੍ਰਾਨਿਕ ਉਤਪਾਦ ਦੁਨੀਆ ਭਰ ਵਿੱਚ ਪਹੁੰਚੇ ਹਨ। ਸਾਡੇ ਆਟੋਮੋਬਾਈਲ ਅਤੇ ਸਾਡੇ ਫਾਰਮਾ ਉਤਪਾਦਾਂ ਦਾ ਵਿਸ਼ਵ ਪੱਧਰ 'ਤੇ ਹੋਰ ਵਿਸਤਾਰ ਹੋਇਆ ਹੈ। ਭਾਰਤ ਦੇ ਰੱਖਿਆ ਪਲੇਟਫਾਰਮਾਂ ਦੀ ਸਮਰੱਥਾ ਅਤੇ ਭਰੋਸੇਯੋਗਤਾ ਨੂੰ ਦੁਨੀਆ ਦੇਖ ਰਹੀ ਹੈ।

ਤੁਸੀਂ ਆਪ੍ਰੇਸ਼ਨ ਸਿੰਧੂਰ ਦੌਰਾਨ ਇਸ ਦਾ ਡੈਮੋ ਤਾਂ ਦੇਖ ਹੀ ਲਿਆ ਹੋਵੇਗਾ। ਧਮਾਕੇ ਅੱਤਵਾਦੀਆਂ ਦੇ ਟਿਕਾਣਿਆਂ 'ਤੇ ਹੋ ਰਹੇ ਸਨ ਅਤੇ ਉਨ੍ਹਾਂ ਦੀ ਗੂੰਜ ਪੂਰੀ ਦੁਨੀਆ ਵਿੱਚ ਸੁਣਾਈ ਦੇ ਰਹੀ ਸੀ। ਅੱਤਵਾਦੀ ਕੈਂਪਾਂ 'ਤੇ ਇਸ ਕਰਾਰੇ ਹਮਲੇ ਨਾਲ ਤੁਹਾਨੂੰ ਮਾਣ ਮਹਿਸੂਸ ਹੋਇਆ ਜਾਂ ਨਹੀਂ?

ਸਾਥੀਓ,

ਭਾਰਤ ਇੱਥੇ ਹੀ ਰੁਕਣਾ ਨਹੀਂ ਚਾਹੁੰਦਾ। ਭਾਰਤ ਕਹਿ ਰਿਹਾ ਹੈ—ਹੋਰ ਵਧੋ, ਹੋਰ ਪ੍ਰਾਪਤ ਕਰੋ। ਇਸ ਲਈ ਅੱਜ ਚਿੱਪ ਤੋਂ ਲੈ ਕੇ ਸ਼ਿਪ ਤੱਕ, ਨਿਰਮਾਣ ਦਾ ਇੱਕ ਨਵਾਂ ਈਕੋਸਿਸਟਮ ਭਾਰਤ ਵਿੱਚ ਵਿਕਸਿਤ ਕੀਤਾ ਜਾ ਰਿਹਾ ਹੈ।

ਸਾਥੀਓ,

ਭਾਰਤ ਦੇ ਵੱਡੇ ਸੁਪਨਿਆਂ ਅਤੇ ਵੱਡੀਆਂ ਆਸਾਂ ਦੀ ਨੀਂਹ ਭਾਰਤ ਦਾ ਨਾਗਰਿਕ ਹੈ। ਅਸੀਂ ਲੋਕ ਇਨ੍ਹਾਂ ਸੁਪਨਿਆਂ ਨੂੰ ਊਰਜਾ ਦੇ ਰਹੇ ਹਨ। ਲੋਕਾਂ ਨੂੰ ਤਰਜੀਹ,ਭਾਵ "ਨਾਗਰਿਕ ਦੇਵੋ ਭਵ" ਦਾ ਮੰਤਰ। ਇਹ ਅੱਜ ਦੇ ਭਾਰਤ ਦੇ ਸੁਸ਼ਾਸਨ ਦਾ ਮੂਲ ਮੰਤਰ ਬਣ ਗਿਆ ਹੈ।

ਮੈਂ ਤੁਹਾਨੂੰ ਅਟੈਸਟੇਸ਼ਨ ਦੀ ਇੱਕ ਉਦਾਹਰਨ ਦਿੰਦਾ ਹਾਂ। ਕੁਝ ਸਾਲ ਪਹਿਲਾਂ ਤੱਕ ਅਟੈਸਟੇਸ਼ਨ ਦੀ ਮਜਬੂਰੀ ਬਹੁਤ ਆਮ ਗੱਲ ਹੁੰਦੀ ਸੀ। ਭਾਵ, ਕੋਈ ਵੀ ਕੰਮ ਕਰਨਾ ਹੋਵੇ, ਕਿਤੇ ਵੀ ਅਰਜ਼ੀ ਦੇਣੀ ਹੋਵੇ, ਆਪਣੇ ਦਸਤਾਵੇਜ਼ ਕਿਸੇ ਅਧਿਕਾਰੀ ਤੋਂ ਤਸਦੀਕ ਕਰਵਾਉਣੇ ਪੈਂਦੇ ਸਨ।

ਸਵੇਰੇ-ਸਵੇਰੇ ਕਤਾਰ ਵਿੱਚ ਖੜ੍ਹਾ ਹੋਣਾ ਪੈਂਦਾ ਸੀ, ਸਿਰਫ਼ ਇਹ ਦੱਸਣ ਲਈ ਕਿ ਹਾਂ, ਤੁਸੀਂ ਉਹੀ ਵਿਅਕਤੀ ਹੋ। ਪਰ ਸਾਡੇ ਲਈ ਤਾਂ ਨਾਗਰਿਕ ਦੇਵੋ ਭਵ ਹੈ। ਹੁਣ ਇਹ ਸਥਿਤੀ ਨਹੀਂ ਹੈ। ਹੁਣ ਜ਼ਿਆਦਾਤਰ ਕੰਮ ਸਵੈ-ਤਸਦੀਕ ਨਾਲ ਹੀ ਹੋ ਜਾਂਦੇ ਹਨ।

ਉੱਥੋਂ ਸ਼ੁਰੂ ਹੋਈ ਯਾਤਰਾ ਅੱਜ ਭਾਰਤ ਵਿੱਚ ਡਿਜੀਲੌਕਰ ਤੱਕ ਪਹੁੰਚ ਗਈ ਹੈ। ਇਹ ਅਜਿਹੀ ਡਿਜੀਟਲ ਵਿਵਸਥਾ ਹੈ, ਜਿਸ ਵਿੱਚ ਭਾਰਤੀ ਆਪਣੇ ਦਸਤਾਵੇਜ਼ ਡਿਜੀਟਲ ਰੂਪ ਵਿੱਚ ਸੰਭਾਲ ਕੇ ਰੱਖ ਸਕਦੇ ਹਨ। ਇਸ ਵਿੱਚ ਇੱਕ ਕਲਿੱਕ ਨਾਲ ਦਸਤਾਵੇਜ਼ ਸਾਂਝੇ ਹੁੰਦੇ ਹਨ, ਉਨ੍ਹਾਂ ਦੀ ਤਸਦੀਕ ਹੁੰਦੀ ਹੈ ਅਤੇ ਉਨ੍ਹਾਂ ਨੂੰ ਸਵੀਕਾਰ ਕੀਤਾ ਜਾਂਦਾ ਹੈ।

ਸਾਥੀਓ,

ਵਿਵਸਥਾ ਬਣਾਉਣਾ ਇੱਕ ਗੱਲ ਹੈ, ਪਰ ਉਸ ਨੂੰ ਵੱਡੇ ਪੈਮਾਨੇ 'ਤੇ ਅਤੇ ਸੁਰੱਖਿਅਤ ਵਿਸ਼ੇਸ਼ਤਾਵਾਂ ਨਾਲ ਤਿਆਰ ਕਰਨਾ ਬਹੁਤ ਵੱਡੀ ਪ੍ਰਾਪਤੀ ਹੁੰਦੀ ਹੈ। ਕੀ ਤੁਸੀਂ ਜਾਣਦੇ ਹੋ ਕਿ ਅੱਜ ਭਾਰਤ ਵਿੱਚ ਡਿਜੀਲੌਕਰ ਦੇ ਕਿੰਨੇ ਉਪਭੋਗਤਾ ਹਨ? ਮੈਂ ਜਾਣਦਾ ਹਾਂ ਕਿ ਇਹ ਅੰਕੜਾ ਯਾਦ ਰੱਖਣਾ ਥੋੜ੍ਹਾ ਔਖਾ ਹੈ।

ਇਸ ਵੇਲੇ ਤੱਕ 70 ਕਰੋੜ, ਅਰਥਾਤ 700 ਮਿਲੀਅਨ ਤੋਂ ਵੱਧ ਡਿਜੀਲੌਕਰ ਉਪਭੋਗਤਾ ਹਨ। ਅਤੇ ਉਨ੍ਹਾਂ ਵਿੱਚ 850 ਕਰੋੜ ਤੋਂ ਵੱਧ ਦਸਤਾਵੇਜ਼ ਸਟੋਰ ਕੀਤੇ ਹੋਏ ਹਨ। 850 ਕਰੋੜ ਤੋਂ ਵੀ ਵੱਧ।

ਸਾਥੀਓ,

ਨਾਗਰਿਕ ਦੇਵੋ ਭਵ ਦਾ ਇੱਕ ਹੋਰ ਉਦਾਹਰਨ ਸਾਡੀ ਸਿਹਤ ਪ੍ਰਣਾਲੀ ਹੈ। ਅੱਜ ਕਰੋੜਾਂ ਭਾਰਤੀਆਂ ਕੋਲ ਇੱਕ ਸੁਰੱਖਿਅਤ ਡਿਜੀਟਲ ਹੈਲਥ ਆਈਡੀ ਹੈ। ਇਸ ਵਿੱਚ ਉਨ੍ਹਾਂ ਦੇ ਸਿਹਤ ਰਿਕਾਰਡਾਂ ਦਾ ਪੂਰਾ ਇਤਿਹਾਸ ਡਿਜੀਟਲ ਰੂਪ ਵਿੱਚ ਸੰਭਾਲਿਆ ਜਾਂਦਾ ਹੈ। ਇਸ ਨਾਲ ਭਾਰਤ ਵਿੱਚ ਰੋਗਾਂ ਦੀ ਜਾਂਚ ਹੋਰ ਬਿਹਤਰ ਹੋ ਰਹੀ ਹੈ ਅਤੇ ਇਲਾਜ ਦੀ ਵਿਵਸਥਾ ਵੀ ਹੋਰ ਪ੍ਰਭਾਵਸ਼ਾਲੀ ਬਣ ਰਹੀ ਹੈ।

ਏਨਾ ਹੀ ਨਹੀਂ, ਟੈਲੀ-ਕੰਸਲਟੇਸ਼ਨ ਦਾ ਰੁਝਾਨ ਵੀ ਤੇਜ਼ੀ ਨਾਲ ਵਧ ਰਿਹਾ ਹੈ। ਸਰਕਾਰ ਦਾ ਇੱਕ ਈ-ਸੰਜੀਵਨੀ ਪਲੇਟਫਾਰਮ ਹੈ। ਇਸ ਰਾਹੀਂ ਹੁਣ ਤੱਕ 48 ਕਰੋੜ, ਅਰਥਾਤ 480 ਮਿਲੀਅਨ ਟੈਲੀ-ਕੰਸਲਟੇਸ਼ਨ ਹੋ ਚੁੱਕੀਆਂ ਹਨ। ਇਸ ਪਲੇਟਫਾਰਮ ਨਾਲ ਸਵਾ ਦੋ ਲੱਖ ਤੋਂ ਵੱਧ ਹੈਲਥਕੇਅਰ ਪ੍ਰੋਵਾਈਡਰ ਜੁੜੇ ਹੋਏ ਹਨ।

ਸਾਥੀਓ,

ਇੱਕ ਸਮਾਂ ਸੀ ਜਦੋਂ ਤੁਸੀਂ ਸਾਰੇ ਪਾਸਪੋਰਟ ਨਾਲ ਜੁੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਸੀ। ਯਾਦ ਕਰੋ, ਪਾਸਪੋਰਟ ਬਣਨ ਵਿੱਚ ਕਿੰਨੇ ਹਫ਼ਤੇ ਲੱਗ ਜਾਂਦੇ ਸਨ। ਪਰ ਅੱਜ ਪਾਸਪੋਰਟ ਔਸਤਨ ਕੁਝ ਹੀ ਦਿਨਾਂ ਵਿੱਚ ਮਿਲ ਜਾਂਦਾ ਹੈ। ਇਹੀ ਹੈ ਨਾਗਰਿਕ ਤਰਜੀਹੀ ਸ਼ਾਸਨ। ਇਹੀ ਹੈ ਨਾਗਰਿਕ ਦੇਵੋ ਭਵ ਦੇ ਮੰਤਰ ਦੀ ਸਫ਼ਲਤਾ।

ਸਾਥੀਓ,

ਮੈਂ ਅਕਸਰ ਇੱਕ ਗੱਲ ਆਖਦਾ ਹਾਂ—ਭਾਰਤ ਦੀ ਸਮਰੱਥਾ ਜਿੰਨੀ ਵਧਦੀ ਹੈ, ਉਸ ਦਾ ਲਾਭ ਪੂਰੀ ਮਨੁੱਖਤਾ ਨੂੰ ਹੁੰਦਾ ਹੈ। ਸਾਡੇ ਸੰਸਕਾਰ ਹਨ—ਸਰਵੇ ਭਵੰਤੁ ਸੁਖਿਨ: ਭਾਵ ਸਾਰੇ ਸੁਖੀ ਰਹਿਣ। ਇਹੀ ਸਨਾਤਨ ਸੰਸਕਾਰ ਅੱਜ ਵੀ ਭਾਰਤ ਦੀਆਂ ਨੀਤੀਆਂ ਅਤੇ ਕਾਰਜਾਂ ਨੂੰ ਪ੍ਰੇਰਿਤ ਕਰਦੇ ਹਨ।

ਸਾਥੀਓ,

ਹਾਲ ਹੀ ਵਿੱਚ ਪਿਛਲੇ ਮਹੀਨੇ ਵੈਨੇਜ਼ੁਏਲਾ ਵਿੱਚ ਭੂਚਾਲ ਦਾ ਬਹੁਤ ਵੱਡਾ ਕਹਿਰ ਵਾਪਰਿਆ। ਬਹੁਤ ਵੱਡਾ ਵਿਨਾਸ਼ ਹੋਇਆ। ਸੈਂਕੜੇ ਲੋਕਾਂ ਦੀ ਜਾਨ ਚਲੀ ਗਈ। ਅਸੀਂ ਇਹ ਨਹੀਂ ਦੇਖਿਆ ਕਿ ਦੂਰੀ ਕਿੰਨੀ ਹੈ। ਅਸੀਂ ਵੈਨੇਜ਼ੁਏਲਾ ਦੇ ਉਸ ਦੁੱਖ ਨੂੰ ਆਪਣਾ ਦੁੱਖ ਸਮਝਿਆ। ਭਾਰਤ ਨੇ ਰਾਹਤ ਅਤੇ ਬਚਾਅ ਲਈ ਅਭਿਆਨ ਚਲਾਇਆ।

ਅਸੀਂ ਜਿੰਨੀ ਤੇਜ਼ੀ ਨਾਲ ਸੰਭਵ ਸੀ, ਮਦਦ ਭੇਜੀ, ਆਪਣੇ ਮਾਹਿਰ ਭੇਜੇ ਅਤੇ ਸਾਡੀਆਂ ਮੈਡੀਕਲ ਟੀਮਾਂ ਨੇ ਤੁਰੰਤ ਕੰਮ ਸ਼ੁਰੂ ਕੀਤਾ। ਮੈਨੂੰ ਬਹੁਤ ਸੰਤੁਸ਼ਟੀ ਹੈ ਕਿ ਇਸ ਨਾਲ ਅਨੇਕਾਂ ਜ਼ਿੰਦਗੀਆਂ ਬਚਾਈਆਂ ਜਾ ਸਕੀਆਂ।

ਸਾਥੀਓ,

ਇਸੇ ਤਰ੍ਹਾਂ ਜਦੋਂ ਤੁਰਕੀ ਅਤੇ ਸੀਰੀਆ ਵਿੱਚ ਭੂਚਾਲ ਆਇਆ ਸੀ, ਉਦੋਂ ਵੀ ਭਾਰਤ ਨੇ ਬਹੁਤ ਤੇਜ਼ੀ ਨਾਲ ਰਾਹਤ ਅਤੇ ਬਚਾਅ ਲਈ ਮਦਦ ਭੇਜੀ ਸੀ। ਅਜਿਹੀਆਂ ਕਈ ਉਦਾਹਰਨਾਂ ਹਨ। ਪਿਛਲੇ ਸਾਲ ਅਸੀਂ ਮਿਆਂਮਾਰ ਵਿੱਚ ਆਪ੍ਰੇਸ਼ਨ ਬ੍ਰਹਮਾ ਚਲਾਇਆ। ਸ੍ਰੀਲੰਕਾ ਵਿੱਚ ਚੱਕਰਵਾਤ ਦੀ ਤਬਾਹੀ ਆਈ ਤਾਂ ਉੱਥੇ ਆਪ੍ਰੇਸ਼ਨ ਸਾਗਰ ਬੰਧੂ ਚਲਾਇਆ ਗਿਆ।

ਸਾਥੀਓ,

ਕੋਰੋਨਾ ਕਾਲ ਦੀਆਂ ਯਾਦਾਂ ਅੱਜ ਵੀ ਸਾਡੇ ਮਨਾਂ ਵਿੱਚ ਤਾਜ਼ਾ ਹਨ। ਅਸੀਂ ਦੁਨੀਆ ਭਰ ਤੋਂ ਸਿਰਫ਼ ਭਾਰਤੀਆਂ ਹੀ ਨਹੀਂ, ਸਗੋਂ ਹੋਰ ਦੇਸ਼ਾਂ ਦੇ ਨਾਗਰਿਕਾਂ ਨੂੰ ਵੀ ਉਨ੍ਹਾਂ ਦੇ ਘਰ ਪਹੁੰਚਾਇਆ। ਬਚਾਅ ਅਭਿਆਨ ਚਲਾਏ। ਲੋੜਵੰਦਾਂ ਤੱਕ ਦਵਾਈਆਂ ਪਹੁੰਚਾਈਆਂ। 100 ਤੋਂ ਵੱਧ ਦੇਸ਼ਾਂ ਨੂੰ ਵੈਕਸੀਨ ਭੇਜੀਆਂ। ਜੰਗ ਪ੍ਰਭਾਵਿਤ ਖੇਤਰਾਂ ਵਿੱਚ ਵੀ ਭਾਰਤ ਨੇ ਸੰਕਟ ਵਿੱਚ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦਾ ਯਤਨ ਕੀਤਾ।

ਸਾਥੀਓ,

ਭਾਰਤ ਜਦੋਂ ਮਦਦ ਕਰਦਾ ਹੈ, ਤਾਂ ਪਾਸਪੋਰਟ ਨਹੀਂ ਦੇਖਦਾ। ਭਾਰਤ ਜਦੋਂ ਮਦਦ ਭੇਜਦਾ ਹੈ, ਤਾਂ ਪਾਸਪੋਰਟ ਦਾ ਰੰਗ ਨਹੀਂ ਦੇਖਦਾ। ਇਸੇ ਲਈ ਦੁਨੀਆ ਵੀ ਭਾਰਤ 'ਤੇ ਇੰਨਾ ਭਰੋਸਾ ਕਰਦੀ ਹੈ।

ਸਾਥੀਓ,

ਮੈਂ ਜਾਣਦਾ ਹਾਂ ਕਿ ਮਨੁੱਖਤਾ ਦੀ ਭਲਾਈ ਲਈ ਕੰਮ ਕਰਨ ਵਿੱਚ ਆਸਟ੍ਰੇਲੀਆ ਦੀ ਵੀ ਬਹੁਤ ਵੱਡੀ ਭੂਮਿਕਾ ਹੈ। ਇਹ ਸਾਡੇ ਦੋਵੇਂ ਦੇਸ਼ਾਂ ਦੀ ਭਾਈਵਾਲੀ ਦਾ ਇੱਕ ਮਹੱਤਵਪੂਰਨ ਥੰਮ੍ਹ ਹੈ।

ਅਤੇ ਸਾਡੇ ਦੋਵੇਂ ਦੇਸ਼ਾਂ ਦੀ ਭਾਈਵਾਲੀ ਨੂੰ ਇੱਕ ਹੋਰ ਖੇਤਰ ਹੋਰ ਮਜ਼ਬੂਤੀ ਦਿੰਦਾ ਹੈ। ਇਹ ਖੇਤਰ ਹੈ—ਖੇਡਾਂ। ਖੇਡਾਂ ਦੀ ਦੁਨੀਆ ਵਿੱਚ ਆਸਟ੍ਰੇਲੀਆ ਆਪਣੇ ਆਪ ਵਿੱਚ ਇੱਕ ਬ੍ਰਾਂਡ ਹੈ। ਪਰ ਭਾਰਤ ਵਿੱਚ ਵੀ ਖੇਡਾਂ ਦਾ ਈਕੋਸਿਸਟਮ ਤੇਜ਼ੀ ਨਾਲ ਬਦਲ ਰਿਹਾ ਹੈ।

ਸਾਥੀਓ,

ਤੁਸੀਂ ਖੇਲੋ ਇੰਡੀਆ ਮਿਸ਼ਨ ਦਾ ਨਾਮ ਸੁਣਿਆ ਹੋਵੇਗਾ। ਇਹ ਸਿਰਫ਼ ਇੱਕ ਖੇਡ ਨੀਤੀ ਨਹੀਂ ਹੈ। ਇਹ ਅਜਿਹਾ ਅਭਿਆਨ ਹੈ ਜੋ ਸਕੂਲ ਪੱਧਰ ਤੋਂ ਹੀ ਹਜ਼ਾਰਾਂ ਖਿਡਾਰੀਆਂ ਦਾ ਇੱਕ ਮਜ਼ਬੂਤ ਆਧਾਰ ਤਿਆਰ ਕਰ ਰਿਹਾ ਹੈ। ਭਾਰਤ ਵਿੱਚ ਸਕੂਲ, ਯੂਨੀਵਰਸਿਟੀ ਅਤੇ ਰਾਸ਼ਟਰੀ ਪੱਧਰ 'ਤੇ ਖੇਲੋ ਇੰਡੀਆ ਗੇਮਜ਼ ਕਰਵਾਈਆਂ ਜਾਂਦੀਆਂ ਹਨ, ਜਿਨ੍ਹਾਂ ਵਿੱਚ ਲੱਖਾਂ ਖਿਡਾਰੀ ਹਿੱਸਾ ਲੈਂਦੇ ਹਨ।

ਇਸ ਮਿਸ਼ਨ ਤਹਿਤ ਭਾਰਤ ਦੇ ਦੂਰ-ਦੁਰਾਡੇ ਇਲਾਕਿਆਂ ਵਿੱਚ ਵੀ ਖੇਡ ਬੁਨਿਆਦੀ ਢਾਂਚਾ ਤਿਆਰ ਕੀਤਾ ਜਾ ਰਿਹਾ ਹੈ। ਇਸ ਨਾਲ ਵੱਧ ਤੋਂ ਵੱਧ ਖਿਡਾਰੀਆਂ, ਖ਼ਾਸ ਕਰਕੇ ਸਾਡੀਆਂ ਧੀਆਂ ਨੂੰ ਵਧੇਰੇ ਮੌਕੇ ਮਿਲ ਰਹੇ ਹਨ। ਅਤੇ ਇਹ ਸਿਰਫ਼ ਸ਼ਹਿਰਾਂ ਤੱਕ ਹੀ ਸੀਮਤ ਨਹੀਂ ਹੈ। ਸਾਂਸਦ ਖੇਡ ਮਹਾਕੁੰਭ ਵਰਗੇ ਆਯੋਜਨਾਂ ਰਾਹੀਂ ਪਿੰਡ-ਪਿੰਡ ਵਿੱਚ ਖੇਡਾਂ ਨੂੰ ਤੰਦਰੁਸਤੀ ਨਾਲ ਜੋੜਿਆ ਜਾ ਰਿਹਾ ਹੈ ਅਤੇ ਕਰੀਅਰ ਦੇ ਮੌਕਿਆਂ ਨਾਲ ਜੋੜਿਆ ਜਾ ਰਿਹਾ ਹੈ।

ਅਤੇ ਜੋ ਕੁਝ ਵੀ ਹੋ ਰਿਹਾ ਹੈ, ਉਸ ਦਾ ਅਸਰ ਮੈਦਾਨ ਵਿੱਚ ਸਪੱਸ਼ਟ ਦਿਖਾਈ ਦੇ ਰਿਹਾ ਹੈ। ਭਾਰਤ ਦੇ ਖਿਡਾਰੀ ਅਤੇ ਭਾਰਤ ਦੀਆਂ ਟੀਮਾਂ ਬਿਹਤਰ ਤੋਂ ਵਧੀਆ ਬਣਦੀਆਂ ਜਾ ਰਹੀਆਂ ਹਨ।

ਸਾਥੀਓ,

ਇਹੀ ਭਰੋਸਾ ਭਾਰਤ ਨੂੰ ਖੇਡਾਂ ਦੇ ਖੇਤਰ ਵਿੱਚ ਅਗਲੇ ਪੱਧਰ ਤੱਕ ਲੈ ਕੇ ਜਾ ਰਿਹਾ ਹੈ। ਸਾਲ 2030 ਦੀਆਂ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਭਾਰਤ ਕਰ ਰਿਹਾ ਹੈ। ਭਾਰਤ ਸਾਲ 2036 ਦੀਆਂ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਦਾ ਵੀ ਦਾਅਵੇਦਾਰ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਖੇਡਾਂ ਦੇ ਖੇਤਰ ਵਿੱਚ ਵੀ ਆਸਟ੍ਰੇਲੀਆ ਅਤੇ ਭਾਰਤ ਦੀ ਭਾਈਵਾਲੀ ਹੋਰ ਵਿਸਤਾਰ ਹਾਸਲ ਕਰੇਗੀ।

ਸਾਥੀਓ,

ਭਾਰਤ ਅਤੇ ਆਸਟ੍ਰੇਲੀਆ ਜੋ ਕੁਝ ਵੀ ਕਰਦੇ ਹਨ, ਉਹ ਦੋਵੇਂ ਦੇਸ਼ਾਂ ਲਈ ਸ਼ੁਭ ਸਾਬਤ ਹੁੰਦਾ ਹੈ। ਇਸ ਦੀ ਇੱਕ ਵੱਡੀ ਉਦਾਹਰਨ ਭਾਰਤ-ਆਸਟ੍ਰੇਲੀਆ ਵਪਾਰ ਸਮਝੌਤਾ ਹੈ। ਤੁਸੀਂ ਉਹ ਸ਼ੇਅਰ ਸੁਣਿਆ ਹੋਵੇਗਾ, ਤੁਹਾਨੂੰ ਯਾਦ ਹੋਵੇਗਾ—

ਮੈਂ ਅਕੇਲਾ ਹੀ ਚਲਾ ਥਾ ਜਾਨਿਬ ਏ ਮੰਜ਼ਿਲ,

ਲੋਗ ਸਾਥ ਆਤੇ ਗਏ ਅਤੇ ਕਾਰਵਾਂ ਬਨਤਾ ਗਯਾ।

ਇਸੇ ਤਰ੍ਹਾਂ ਭਾਰਤ ਅਤੇ ਆਸਟ੍ਰੇਲੀਆ ਦਾ ਇਹ ਸਮਝੌਤਾ ਇੱਕ ਸ਼ੁਰੂਆਤ ਸੀ ਅਤੇ ਅੱਜ ਇਹ ਕਾਰਵਾਂ ਦੁਨੀਆ ਦੇ ਲਗਭਗ 40 ਦੇਸ਼ਾਂ ਨਾਲ ਵਪਾਰਕ ਸਮਝੌਤਿਆਂ ਤੱਕ ਪਹੁੰਚ ਚੁੱਕਾ ਹੈ।

ਸਾਥੀਓ,

ਅਸੀਂ ਕੇਵਲ ਵਪਾਰ ਕਰਨ ਵਾਲੇ ਦੇਸ਼ ਨਹੀਂ ਹਾਂ। ਅਸੀਂ ਨਵੀਨਤਾ, ਵਿਗਿਆਨ ਅਤੇ ਤਕਨਾਲੋਜੀ ਨੂੰ ਮਹੱਤਵ ਦਿੰਦੇ ਹਾਂ। ਆਸਟ੍ਰੇਲੀਆ ਦੀਆਂ ਕਈ ਉਪਲਬਧੀਆਂ ਹਨ—ਹੀਅਰਿੰਗ ਇੰਪਲਾਂਟ, ਵਾਈ-ਫਾਈ, ਸਰਵਾਈਕਲ ਕੈਂਸਰ ਵੈਕਸੀਨ, ਫਲਾਈਟ ਬਲੈਕ ਬਾਕਸ, ਗੁਪਤ ਮਤਦਾਨ ਪ੍ਰਣਾਲੀ—ਅਜਿਹੀਆਂ ਅਨੇਕਾਂ ਨਵੀਨਤਾਵਾਂ ਹਨ, ਜਿਨ੍ਹਾਂ ਵਿੱਚ ਆਸਟ੍ਰੇਲੀਆ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ ਅਤੇ ਅੱਜ ਇਹ ਪੂਰੀ ਦੁਨੀਆ ਨੂੰ ਬਿਹਤਰ ਬਣਾਉਣ ਵਿੱਚ ਯੋਗਦਾਨ ਪਾ ਰਹੀਆਂ ਹਨ।

ਸਾਥੀਓ,

ਇਸੇ ਤਰ੍ਹਾਂ ਭਾਰਤ ਵੀ ਆਪਣੇ ਵਿਗਿਆਨ, ਤਕਨਾਲੋਜੀ ਅਤੇ ਨਵੀਨਤਾ ਈਕੋਸਿਸਟਮ ਵਿੱਚ ਤੇਜ਼ੀ ਨਾਲ ਬਦਲਾਅ ਲਿਆ ਰਿਹਾ ਹੈ। ਤੁਹਾਨੂੰ ਇਹ ਜਾਣ ਕੇ ਖ਼ੁਸ਼ੀ ਹੋਵੇਗੀ ਕਿ ਅੱਜ ਭਾਰਤ ਦੇ 10 ਹਜ਼ਾਰ ਸਕੂਲਾਂ ਵਿੱਚ ਅਟਲ ਟਿੰਕਰਿੰਗ ਲੈਬਜ਼ ਚੱਲ ਰਹੀਆਂ ਹਨ। ਇਹ ਸਕੂਲ ਪੱਧਰ 'ਤੇ ਹੀ ਨਵੀਨਤਾ ਦੀ ਸੋਚ ਵਿਕਸਿਤ ਕਰ ਰਹੀਆਂ ਹਨ। ਪਿਛਲੇ 12 ਸਾਲਾਂ ਵਿੱਚ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸਟਾਰਟਅੱਪ ਈਕੋਸਿਸਟਮ ਬਣ ਗਿਆ ਹੈ। ਪਰ ਜੇ ਮੈਂ ਤੁਹਾਨੂੰ ਇਸ ਦੇ ਅੰਕੜੇ ਦੱਸਾਂ, ਤਾਂ ਤੁਸੀਂ ਵੀ ਹੈਰਾਨ ਰਹਿ ਜਾਵੋਗੇ। ਤੁਸੀਂ ਅੰਕੜੇ ਸੁਣਨਾ ਚਾਹੋਗੇ? ਤਾਂ ਮੈਂ ਦੱਸਦਾ ਹਾਂ। ਅੱਜ ਭਾਰਤ ਵਿੱਚ 2 ਲੱਖ ਤੋਂ ਵੱਧ ਰਜਿਸਟਰਡ ਸਟਾਰਟਅੱਪ ਹਨ। ਭਾਰਤ ਵਿੱਚ ਹਰ ਮਹੀਨੇ 4 ਹਜ਼ਾਰ ਤੋਂ ਵੱਧ ਨਵੇਂ ਸਟਾਰਟਅੱਪ ਰਜਿਸਟਰ ਹੋ ਰਹੇ ਹਨ। ਅਤੇ ਰੱਖਿਆ ਅਤੇ ਪੁਲਾੜ ਵਰਗੇ ਖੇਤਰਾਂ ਵਿੱਚ ਵੀ ਸੈਂਕੜੇ ਸਟਾਰਟਅੱਪ ਕੰਮ ਕਰ ਰਹੇ ਹਨ। ਮੈਂ ਇਹ ਉਦਾਹਰਨਾਂ ਇਸ ਲਈ ਦੇ ਰਿਹਾ ਹਾਂ, ਕਿਉਂਕਿ ਇਹ ਸਾਰੇ ਖੇਤਰ ਪਹਿਲਾਂ ਭਾਰਤ ਵਿੱਚ ਬੰਦ ਸਨ। ਕੁਝ ਸਾਲ ਪਹਿਲਾਂ ਹੀ ਇਨ੍ਹਾਂ ਨੂੰ ਨਿੱਜੀ ਉੱਦਮਸ਼ੀਲਤਾ ਲਈ ਖੋਲ੍ਹਿਆ ਗਿਆ ਹੈ। ਅਤੇ ਤੁਸੀਂ ਦੇਖੋ, ਭਾਰਤ ਦਾ ਇੱਕ ਪੁਲਾੜ ਸਟਾਰਟਅੱਪ ਬਹੁਤ ਜਲਦੀ ਆਪਣੇ ਰਾਕੇਟ ਰਾਹੀਂ ਪਹਿਲੀ ਵਾਰ ਉਪਗ੍ਰਹਿ ਲਾਂਚ ਕਰਨ ਜਾ ਰਿਹਾ ਹੈ।

ਸਾਥੀਓ,

ਮੈਨੂੰ ਖ਼ੁਸ਼ੀ ਹੈ ਕਿ ਸਿੱਖਿਆ, ਹੁਨਰ ਅਤੇ ਨਵੀਨਤਾ ਦੇ ਖੇਤਰ ਵਿੱਚ ਭਾਰਤ ਅਤੇ ਆਸਟ੍ਰੇਲੀਆ ਦਾ ਰਿਸ਼ਤਾ ਹੋਰ ਡੂੰਘਾ ਅਤੇ ਹੋਰ ਮਜ਼ਬੂਤ ਹੋ ਰਿਹਾ ਹੈ। ਅੱਜ ਆਸਟ੍ਰੇਲੀਆ ਵਿੱਚ ਹਜ਼ਾਰਾਂ ਭਾਰਤੀ ਵਿਦਿਆਰਥੀ ਪੜ੍ਹ ਰਹੇ ਹਨ। ਅਤੇ ਹੁਣ ਆਸਟ੍ਰੇਲੀਆਈ ਯੂਨੀਵਰਸਿਟੀਆਂ ਵੀ ਭਾਰਤ ਵਿੱਚ ਆਪਣੇ ਕੈਂਪਸ ਖੋਲ੍ਹ ਰਹੀਆਂ ਹਨ। ਡੀਕਿਨ ਯੂਨੀਵਰਸਿਟੀ ਅਤੇ ਵੂਲੋਂਗੋਂਗ ਯੂਨੀਵਰਸਿਟੀ ਦੇ ਕੈਂਪਸ ਸ਼ੁਰੂ ਹੋ ਚੁੱਕੇ ਹਨ। ਹੋਰ ਵੀ ਆਸਟ੍ਰੇਲੀਆਈ ਯੂਨੀਵਰਸਿਟੀਆਂ ਇਸ ਦਿਸ਼ਾ ਵਿੱਚ ਅੱਗੇ ਵਧ ਰਹੀਆਂ ਹਨ। ਇਹ ਸਿਰਫ਼ ਨਵੇਂ ਕੈਂਪਸ ਖੋਲ੍ਹਣ ਦੀ ਗੱਲ ਨਹੀਂ ਹੈ, ਸਗੋਂ ਦੁਨੀਆ ਨੂੰ ਹੁਨਰਮੰਦ ਅਤੇ ਨਵੀਨਤਾਕਾਰੀ ਪ੍ਰਤਿਭਾ ਪ੍ਰਦਾਨ ਕਰਨ ਵਾਲੀ ਵਿਸ਼ਵ ਪੱਧਰੀ ਲੀਡਰਸ਼ਿਪ ਤਿਆਰ ਕਰਨ ਦਾ ਵੀ ਅਭਿਆਨ ਹੈ।

ਸਾਥੀਓ,

ਮੈਂ ਤੁਹਾਡੇ ਨਾਲ ਭਾਰਤ ਦੀਆਂ ਇੰਨੀਆਂ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ ਹਨ। ਹੁਣ ਮੈਂ ਤੁਹਾਡੇ ਕੋਲ ਇੱਕ ਬੇਨਤੀ ਵੀ ਕਰਾਂਗਾ। ਕੁਝ ਸਮਾਂ ਪਹਿਲਾਂ ਅਸੀਂ ਆਪਣੀ ਪ੍ਰਵਾਸੀ ਭਾਈਚਾਰੇ ਦੇ ਬੱਚਿਆਂ ਲਈ ਭਾਰਤ ਨੂੰ ਜਾਣੋ ਕੁਇਜ਼ ਦੀ ਸ਼ੁਰੂਆਤ ਕੀਤੀ ਹੈ। ਇਹ ਪ੍ਰਸ਼ਨੋਤਰੀ ਦੁਨੀਆ ਨੂੰ ਭਾਰਤ ਦੀ ਵਿਭਿੰਨਤਾ ਨਾਲ ਜਾਣੂ ਕਰਵਾਉਂਦੀ ਹੈ ਅਤੇ ਨਾਲ ਹੀ ਭਾਰਤੀ ਭਾਈਚਾਰੇ ਦੇ ਪਰਿਵਾਰਾਂ ਨੂੰ ਆਪਣੀ ਵਿਰਾਸਤ ਨਾਲ ਜੋੜਦੀ ਹੈ। ਮੈਨੂੰ ਇਹ ਜਾਣ ਕੇ ਖ਼ੁਸ਼ੀ ਹੋਈ ਕਿ ਇਸ ਸਾਲ ਆਸਟ੍ਰੇਲੀਆ ਵਿੱਚ ਬਹੁਤ ਸਾਰੇ ਨੌਜਵਾਨ ਸਾਥੀਆਂ ਨੇ ਇਸ ਪ੍ਰੋਗਰਾਮ ਦੇ 'ਕਰਟਨ ਰੇਜ਼ਰ' ਵਿੱਚ ਭਾਗ ਲਿਆ ਹੈ। ਹੁਣ ਇਸ ਮੁਕਾਬਲੇ ਦੇ ਛੇਵੇਂ ਐਡੀਸ਼ਨ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਇਸ ਵਾਰ ਗੇਮੀਫਾਈਡ ਮੋਡ ਵਿੱਚ ਕਈ ਮੁਕਾਬਲੇ ਕਰਵਾਏ ਜਾਣਗੇ। ਮੈਂ ਆਸਟ੍ਰੇਲੀਆ ਵਿੱਚ ਭਾਰਤੀ ਭਾਈਚਾਰੇ ਦੇ ਸਾਰੇ ਪਰਿਵਾਰਾਂ ਨੂੰ ਅਪੀਲ ਕਰਾਂਗਾ ਕਿ ਉਹ ਇਸ ਵਿੱਚ ਜ਼ਰੂਰ ਹਿੱਸਾ ਲੈਣ। ਨਾਲ ਹੀ ਆਪਣੇ ਆਸਟ੍ਰੇਲੀਆਈ ਦੋਸਤਾਂ, ਸਕੂਲਾਂ ਅਤੇ ਕਾਲਜਾਂ ਵਿੱਚ ਪੜ੍ਹਦੇ ਆਪਣੇ ਸਾਥੀਆਂ ਨੂੰ ਵੀ ਇਸ ਮੁਕਾਬਲੇ ਨਾਲ ਜ਼ਰੂਰ ਜੋੜਨ।

ਸਾਥੀਓ,

ਤੁਸੀਂ ਸਾਰਿਆਂ ਨੇ ਭਾਰਤ-ਆਸਟ੍ਰੇਲੀਆ ਦੇ ਸਬੰਧਾਂ ਨੂੰ ਮਜ਼ਬੂਤ ਬਣਾਉਣ ਵਿੱਚ ਬਹੁਤ ਮਿਹਨਤ ਕੀਤੀ ਹੈ ਅਤੇ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਪਰ ਤੁਹਾਡਾ ਕੰਮ ਇੱਥੇ ਖ਼ਤਮ ਨਹੀਂ ਹੋਇਆ। ਸਗੋਂ ਇੱਥੋਂ ਤੁਹਾਡੀਆਂ ਜ਼ਿੰਮੇਵਾਰੀਆਂ ਹੋਰ ਵੱਧ ਗਈਆਂ ਹਨ। ਹੁਣ ਭਾਰਤ ਅਤੇ ਆਸਟ੍ਰੇਲੀਆ ਦੀ ਭਾਈਵਾਲੀ ਦਾ ਇੱਕ ਨਵਾਂ ਦੌਰ ਸ਼ੁਰੂ ਹੋ ਰਿਹਾ ਹੈ। ਇਸ ਲਈ ਤੁਸੀਂ ਇਸੇ ਤਰ੍ਹਾਂ ਭਾਰਤ-ਆਸਟ੍ਰੇਲੀਆ ਸਬੰਧਾਂ ਵਿੱਚ ਜੋਸ਼ ਭਰਦੇ ਰਹੋ, ਚੌਕੇ-ਛੱਕੇ ਲਗਾਉਂਦੇ ਰਹੋ। ਤੁਹਾਡੀ ਸਫ਼ਲਤਾ ਵਿੱਚ ਹੀ ਭਾਰਤ ਅਤੇ ਆਸਟ੍ਰੇਲੀਆ ਦੋਵਾਂ ਦੀ ਸਫ਼ਲਤਾ ਹੈ।

ਸਾਥੀਓ,

ਅੱਜ ਦੇ ਇਸ ਪ੍ਰੋਗਰਾਮ ਲਈ ਪ੍ਰਧਾਨ ਮੰਤਰੀ ਅਲਬਨੀਜ਼ੀ ਅਤੇ ਤੁਹਾਡੇ ਸਾਰਿਆਂ ਦਾ ਮੈਂ ਇੱਕ ਵਾਰ ਫਿਰ ਦਿਲੋਂ ਧੰਨਵਾਦ ਕਰਦਾ ਹਾਂ।

ਭਾਰਤ ਮਾਤਾ ਦੀ ਜੈ!

ਵੰਦੇ ਮਾਤਰਮ!

**** 

ਐਮਜੇਪੀਐਸ/ਐਸਐਸ/ਐਸਟੀ


(रिलीज़ आईडी: 2283157) आगंतुक पटल : 5
इस विज्ञप्ति को इन भाषाओं में पढ़ें: English , Urdu , हिन्दी , Assamese , Bengali , Gujarati , Telugu , Malayalam