ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਜਕਾਰਤਾ ਵਿੱਚ ਭਾਰਤੀ ਪ੍ਰਵਾਸੀ ਭਾਈਚਾਰੇ ਨੂੰ ਸੰਬੋਧਨ ਕੀਤਾ

प्रविष्टि तिथि: 07 JUL 2026 9:16PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਜਕਾਰਤਾ ਵਿੱਚ ਭਾਰਤੀ ਭਾਈਚਾਰੇ ਦੇ ਇੱਕ ਸਵਾਗਤੀ ਸਮਾਗਮ ਵਿੱਚ ਹਿੱਸਾ ਲਿਆ। ਪ੍ਰੋਗਰਾਮ ਵਿੱਚ ਉਨ੍ਹਾਂ ਦੇ ਪਹੁੰਚਣ 'ਤੇ, ਭਾਰਤੀ ਪ੍ਰਵਾਸੀਆਂ ਅਤੇ ਭਾਰਤ ਦੇ ਇੰਡੋਨੇਸ਼ੀਆਈ ਦੋਸਤਾਂ ਦੇ ਇੱਕ ਵੱਡੇ ਇਕੱਠ ਵੱਲੋਂ ਉਨ੍ਹਾਂ ਦਾ ਨਿੱਘਾ ਅਤੇ ਉਤਸ਼ਾਹਪੂਰਵਕ ਸਵਾਗਤ ਕੀਤਾ ਗਿਆ। ਵਿਸ਼ੇਸ਼ ਸਨਮਾਨ ਪ੍ਰਗਟ ਕਰਦਿਆਂ ਇੰਡੋਨੇਸ਼ੀਆ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਪ੍ਰਬੋਵੋ ਸੁਬਿਆਂਤੋ ਵੀ ਇਸ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਨਾਲ ਸ਼ਾਮਲ ਹੋਏ।

ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਇਸ ਸ਼ਾਨਦਾਰ ਸਵਾਗਤ ਲਈ ਪ੍ਰਵਾਸੀ ਭਾਈਚਾਰੇ ਦਾ ਧੰਨਵਾਦ ਕੀਤਾ। ਰਾਸ਼ਟਰਪਤੀ ਪ੍ਰਬੋਵੋ ਦੀ ਮਾਣਮੱਤੀ ਮੌਜੂਦਗੀ ਲਈ ਉਨ੍ਹਾਂ ਦਾ ਧੰਨਵਾਦ ਪ੍ਰਗਟ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਇੱਕ ਮਹਾਨ ਆਗੂ ਅਤੇ ਭਾਰਤ ਦਾ ਸੱਚਾ ਦੋਸਤ ਦੱਸਿਆ। ਉਨ੍ਹਾਂ ਨੇ ਇੰਡੋਨੇਸ਼ੀਆ ਦੀ ਤਰੱਕੀ ਅਤੇ ਖ਼ੁਸ਼ਹਾਲੀ ਵਿੱਚ ਯੋਗਦਾਨ ਪਾਉਣ ਅਤੇ ਦੋਵਾਂ ਦੇਸ਼ਾਂ ਵਿਚਾਲੇ ਦੋਸਤੀ ਦੇ ਇੱਕ ਮਜ਼ਬੂਤ ​​ਥੰਮ੍ਹ ਵਜੋਂ ਕੰਮ ਕਰਨ ਲਈ ਭਾਰਤੀ ਪ੍ਰਵਾਸੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਆਪਸੀ ਵਿਸ਼ਵਾਸ, ਸਾਂਝੀ ਵਿਰਾਸਤ ਅਤੇ ਸਮੁੰਦਰੀ ਸੰਪਰਕਾਂ ਦੇ ਅਧਾਰ 'ਤੇ ਇੰਡੋਨੇਸ਼ੀਆ ਨਾਲ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ​​ਕਰਨ ਦੀ ਭਾਰਤ ਦੀ ਦ੍ਰਿੜ੍ਹ ਵਚਨਬੱਧਤਾ ਨੂੰ ਦੁਹਰਾਇਆ। ਦੋਵਾਂ ਦੇਸ਼ਾਂ ਦੇ ਵਿਚਕਾਰ ਪ੍ਰਾਚੀਨ ਸਭਿਅਤਾਵਾਦੀ ਸਬੰਧਾਂ 'ਤੇ ਚਾਨਣਾ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਬਾਲੀ ਯਾਤਰਾ, ਵੇਸਾਕ ਤੀਰਥ ਯਾਤਰਾ ਅਤੇ ਨਾਲੰਦਾ ਯੂਨੀਵਰਸਿਟੀ ਰਾਹੀਂ ਆਧੁਨਿਕ ਸਮੇਂ ਦੇ ਜੁੜਾਅ ਵਰਗੀਆਂ ਪਰੰਪਰਾਵਾਂ ਲੋਕਾਂ ਦੇ ਵਿਚਕਾਰ ਇਸ ਵਿਭਿੰਨ ਅਤੇ ਜੀਵੰਤ ਸਬੰਧਾਂ ਨੂੰ ਨਿਰੰਤਰ ਨਿਖਾਰ ਰਹੀਆਂ ਹਨ।

ਪ੍ਰਧਾਨ ਮੰਤਰੀ ਨੇ ਹਾਲੀਆ ਸਾਲਾਂ ਵਿੱਚ ਭਾਰਤ ਦੀ ਬੇਮਿਸਾਲ ਤਰੱਕੀ 'ਤੇ ਚਾਨਣਾ ਪਾਇਆ, ਜਿਸ ਵਿੱਚ ਅਗਲੀ ਪੀੜ੍ਹੀ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਤੋਂ ਲੈ ਕੇ ਸਟਾਰਟਅੱਪ ਕ੍ਰਾਂਤੀ ਅਤੇ ਸਮਾਜਿਕ ਵਿਕਾਸ ਪ੍ਰੋਗਰਾਮਾਂ ਦਾ ਵਿਆਪਕ ਪਸਾਰ ਸ਼ਾਮਲ ਹੈ, ਜਿਸ ਨੇ 25 ਕਰੋੜ ਤੋਂ ਵੱਧ ਲੋਕਾਂ ਨੂੰ ਗ਼ਰੀਬੀ ਵਿੱਚੋਂ ਬਾਹਰ ਕੱਢਣ ਦੇ ਸਮਰੱਥ ਬਣਾਇਆ ਹੈ। ਉਨ੍ਹਾਂ ਨੇ ਉਜਾਗਰ ਕੀਤਾ ਕਿ ਭਾਰਤ ਪਿਛਲੇ ਕਈ ਸਾਲਾਂ ਤੋਂ ਦੁਨੀਆ ਦਾ ਸਭ ਤੋਂ ਤੇਜ਼ੀ ਨਾਲ ਵਧ ਰਿਹਾ ਪ੍ਰਮੁੱਖ ਅਰਥਚਾਰਾ ਰਿਹਾ ਹੈ ਅਤੇ ਇਸ ਨੇ ਦੇਸ਼ ਨੂੰ ਗਲੋਬਲ ਵਿਕਾਸ ਦਾ ਇੱਕ ਮੁੱਖ ਆਧਾਰ ਬਣਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਹੋ ਰਹੇ ਬਦਲਾਵਾਂ ਨੂੰ 140 ਕਰੋੜ ਲੋਕਾਂ ਦੀਆਂ ਇੱਛਾਵਾਂ ਦੇ ਰੂਪ ਵਿੱਚ ਦੇਖਿਆ ਜਾਣਾ ਚਾਹੀਦਾ ਹੈ।

ਉਨ੍ਹਾਂ ਨੇ ਪ੍ਰਵਾਸੀ ਭਾਈਚਾਰੇ ਨੂੰ 'ਵਿਕਸਿਤ ਭਾਰਤ 2047' ਅਤੇ 'ਇੰਡੋਨੇਸ਼ੀਆ ਏਮਾਸ 2045' ਦੀਆਂ ਸਾਂਝੀਆਂ ਇੱਛਾਵਾਂ ਨੂੰ ਪੂਰਾ ਕਰਨ ਵਿੱਚ ਆਪਣਾ ਯੋਗਦਾਨ ਪਾਉਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਅੱਗੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ, ਇੰਡੋਨੇਸ਼ੀਆ ਅਤੇ ਆਸੀਆਨ  ਖੇਤਰ ਵਿੱਚ ਤਰੱਕੀ ਅਤੇ ਖ਼ੁਸ਼ਹਾਲੀ ਲਿਆਉਣ ਲਈ ਇੱਕ 'ਫੋਰਸ ਮਲਟੀਪਲਾਈਅਰ' (ਤਾਕਤ ਨੂੰ ਕਈ ਗੁਣਾ ਵਧਾਉਣ ਵਾਲੇ ਮਾਧਿਅਮ) ਵਜੋਂ ਕੰਮ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਭਾਰਤ ਅਤੇ ਇੰਡੋਨੇਸ਼ੀਆ ਦੇ ਵਿਚਕਾਰ ਦੋ ਹਜ਼ਾਰ ਤੋਂ ਵੀ ਵੱਧ ਸਾਲ ਪੁਰਾਣੇ ਡੂੰਘੇ ਸਭਿਅਤਾਵਾਦੀ, ਸੱਭਿਆਚਾਰਕ ਅਤੇ ਲੋਕਾਂ ਦੇ ਵਿਚਕਾਰ ਆਪਸੀ ਸਬੰਧ ਹਨ। ਅੱਜ, ਇੰਡੋਨੇਸ਼ੀਆ ਲਗਭਗ 1,50,000 ਭਾਰਤੀ ਮੂਲ ਦੇ ਲੋਕਾਂ (ਪੀਆਈਓ) ਅਤੇ ਕਰੀਬ 15,000 ਪ੍ਰਵਾਸੀ ਭਾਰਤੀਆਂ (ਐੱਨਆਰਆਈ) ਦਾ ਘਰ ਹੈ। ਭਾਰਤੀ ਭਾਈਚਾਰਾ ਇੰਡੋਨੇਸ਼ੀਆ ਦੇ ਆਰਥਿਕ ਵਿਕਾਸ ਅਤੇ ਬਹੁ-ਸੱਭਿਆਚਾਰਕ ਸਮਾਜ ਵਿੱਚ ਲਗਾਤਾਰ ਕੀਮਤੀ ਯੋਗਦਾਨ ਪਾ ਰਿਹਾ ਹੈ ਅਤੇ ਭਾਰਤ ਤੇ ਇੰਡੋਨੇਸ਼ੀਆ ਦੇ ਵਿਚਕਾਰ ਇੱਕ ਮਹੱਤਵਪੂਰਨ ਕੜੀ ਵਜੋਂ ਕੰਮ ਕਰ ਰਿਹਾ ਹੈ।

************

 

ਐੱਮਜੇਪੀਐੱਸ/ਐੱਸਐੱਸ/ਐੱਸਟੀ


(रिलीज़ आईडी: 2282919) आगंतुक पटल : 8
इस विज्ञप्ति को इन भाषाओं में पढ़ें: English , Urdu , Marathi , हिन्दी , Bengali , Assamese , Manipuri , Gujarati , Odia , Tamil , Telugu , Kannada , Malayalam