ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਕੇਂਦਰੀ ਜਨਜਾਤੀ ਯੂਨੀਵਰਸਿਟੀ, ਆਂਧਰਾ ਪ੍ਰਦੇਸ਼ ਦੀ ਪਹਿਲੀ ਕਨਵੋਕੇਸ਼ਨ ਵਿੱਚ ਸ਼ਿਰਕਤ ਕੀਤੀ
ਕੇਂਦਰੀ ਜਨਜਾਤੀ ਯੂਨੀਵਰਸਿਟੀ, ਆਂਧਰਾ ਪ੍ਰਦੇਸ਼ ਨੂੰ ਜਨਜਾਤੀ ਭਾਈਚਾਰੇ 'ਚ ਆਤਮ-ਵਿਸ਼ਵਾਸ, ਲੀਡਰਸ਼ਿਪ ਅਤੇ ਨੀਤੀ ਨਿਰਮਾਣ ਸਮਰੱਥਾਵਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਕੇਂਦਰ ਬਣਨਾ ਚਾਹੀਦਾ ਹੈ: ਰਾਸ਼ਟਰਪਤੀ ਦ੍ਰੌਪਦੀ ਮੁਰਮੂ
ਵਿਦਿਆਰਥੀਆਂ ਨੂੰ ਆਪਣੇ ਭਾਈਚਾਰੇ, ਸੱਭਿਆਚਾਰ ਅਤੇ ਪਰੰਪਰਾਵਾਂ ਨਾਲ ਜੁੜੇ ਰਹਿੰਦੇ ਹੋਏ ਸਮਾਜ ਅਤੇ ਰਾਸ਼ਟਰ ਦੇ ਭਵਿੱਖ ਨੂੰ ਬਿਹਤਰ ਬਣਾਉਣ ਲਈ ਕੰਮ ਕਰਨਾ ਚਾਹੀਦਾ ਹੈ: ਰਾਸ਼ਟਰਪਤੀ ਦ੍ਰੌਪਦੀ ਮੁਰਮੂ
प्रविष्टि तिथि:
30 JUN 2026 5:41PM by PIB Chandigarh
ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਅੱਜ 30 ਜੂਨ, 2026 ਨੂੰ ਆਂਧਰਾ ਪ੍ਰਦੇਸ਼ ਦੇ ਵਿਜਿਆਨਗਰਮ ਵਿੱਚ ਕੇਂਦਰੀ ਜਨਜਾਤੀ ਯੂਨੀਵਰਸਿਟੀ, ਆਂਧਰਾ ਪ੍ਰਦੇਸ਼ ਦੀ ਪਹਿਲੀ ਕਨਵੋਕੇਸ਼ਨ ਵਿੱਚ ਸ਼ਾਮਲ ਹੋਏ।

ਇਸ ਮੌਕੇ 'ਤੇ ਬੋਲਦਿਆਂ, ਰਾਸ਼ਟਰਪਤੀ ਨੇ ਕਿਹਾ ਕਿ ਕੇਂਦਰੀ ਜਨਜਾਤੀ ਯੂਨੀਵਰਸਿਟੀ, ਆਂਧਰਾ ਪ੍ਰਦੇਸ਼ ਕਈ ਵਿਸ਼ੇਸ਼ ਜ਼ਿੰਮੇਵਾਰੀਆਂ ਨਿਭਾਉਂਦੀ ਹੈ। ਉਮੀਦ ਕੀਤੀ ਜਾਂਦੀ ਹੈ ਕਿ ਇਹ ਯੂਨੀਵਰਸਿਟੀ ਕਬਾਇਲੀ ਭਾਈਚਾਰੇ 'ਚ ਆਤਮ-ਵਿਸ਼ਵਾਸ, ਲੀਡਰਸ਼ਿਪ ਅਤੇ ਨੀਤੀ ਨਿਰਮਾਣ ਸਮਰੱਥਾਵਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਕੇਂਦਰ ਬਣੇਗੀ। ਸਮਾਜਿਕ ਨਿਆਂ ਦੇ ਮੰਤਵ ਨਾਲ ਸਥਾਪਤ ਸੰਸਥਾਵਾਂ ਦਾ ਇਹ ਵੀ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਖੇਤਰ ਵਿੱਚ ਕਬਾਇਲੀ ਭਾਈਚਾਰੇ ਦੇ ਸਿੱਖਿਆ, ਸਿਹਤ, ਹੁਨਰ ਵਿਕਾਸ, ਰੋਜ਼ੀ-ਰੋਟੀ ਅਤੇ ਜੰਗਲਾਤ ਅਧਿਕਾਰਾਂ ਲਈ ਜ਼ਮੀਨੀ ਪੱਧਰ 'ਤੇ ਕੰਮ ਕਰਨ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਆਉਣ ਵਾਲੇ ਸਾਲਾਂ ਵਿੱਚ, ਯੂਨੀਵਰਸਿਟੀ ਹਾਸ਼ੀਏ 'ਤੇ ਅਤੇ ਕਬਾਇਲੀ ਭਾਈਚਾਰਿਆਂ ਦੇ ਨੌਜਵਾਨਾਂ ਦੇ ਸੰਪੂਰਨ ਵਿਕਾਸ ਦੇ ਨਾਲ-ਨਾਲ ਖੇਤਰ ਦੇ ਸਮੁੱਚੇ ਵਿਕਾਸ ਲਈ ਸਾਰਥਕ ਯਤਨ ਕਰੇਗੀ।

ਰਾਸ਼ਟਰਪਤੀ ਨੇ ਟਿੱਪਣੀ ਕੀਤੀ ਕਿ ਹਰੇਕ ਯੂਨੀਵਰਸਿਟੀ ਅਤੇ ਖ਼ਾਸ ਕਰਕੇ ਇੱਕ ਕਬਾਇਲੀ ਯੂਨੀਵਰਸਿਟੀ ਵਿੱਚ ਕਬਾਇਲੀ ਰੋਜ਼ੀ-ਰੋਟੀ ਨੂੰ ਵਧਾਉਣ ਲਈ ਨਵੀਨਤਾਕਾਰੀ ਪ੍ਰਣਾਲੀਆਂ ਹੋਣੀਆਂ ਚਾਹੀਦੀਆਂ ਹਨ, ਜਿਸ ਨਾਲ ਜੰਗਲਾਤ ਉਪਜ, ਦਸਤਕਾਰੀ, ਮੋਟੇ ਅਨਾਜ, ਚਿਕਿਤਸਕ ਪੌਦੇ, ਈਕੋ-ਟੂਰਿਜ਼ਮ ਅਤੇ ਸਥਾਨਕ ਉੱਦਮਤਾ ਵਰਗੇ ਖੇਤਰਾਂ ਵਿੱਚ ਉਤਪਾਦਕ ਗਤੀਵਿਧੀਆਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ।

ਰਾਸ਼ਟਰਪਤੀ ਨੇ ਜ਼ਿਕਰ ਕੀਤਾ ਕਿ ਕਨਵੋਕੇਸ਼ਨ ਸਮਾਗਮ ਹਰੇਕ ਵਿਦਿਆਰਥੀ ਦੇ ਜੀਵਨ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ। ਇਹ ਜਸ਼ਨ ਦਾ ਦਿਨ ਹੈ, ਫਿਰ ਵੀ ਇਹ ਵਿਦਿਆਰਥੀਆਂ ਨੂੰ ਆਪਣੇ ਭਵਿੱਖ ਬਾਰੇ ਸੰਕਲਪ ਲੈਣ ਲਈ ਵੀ ਪ੍ਰੇਰਿਤ ਕਰਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਤੇਜ਼ੀ ਨਾਲ ਬਦਲਦੇ ਵਾਤਾਵਰਨ ਵਿੱਚ ਢੁਕਵੇਂ ਰਹਿਣ ਲਈ ਹੁਨਰ ਵਿਕਾਸ ਦੇ ਉੱਭਰ ਰਹੇ ਮੌਕਿਆਂ 'ਤੇ ਧਿਆਨ ਕੇਂਦਰਿਤ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਪ੍ਰਾਪਤ ਕਰਨ ਅਤੇ ਵਿਹਾਰਕ ਹੁਨਰ ਵਿਕਸਤ ਕਰਨ ਦੇ ਨਾਲ-ਨਾਲ ਆਪਣੇ ਆਲੇ-ਦੁਆਲੇ ਤੋਂ ਸਿੱਖਣਾ ਚਾਹੀਦਾ ਹੈ। ਆਪਣੇ ਭਾਈਚਾਰੇ, ਸੱਭਿਆਚਾਰ ਅਤੇ ਪਰੰਪਰਾਵਾਂ ਨਾਲ ਜੁੜੇ ਰਹਿੰਦੇ ਹੋਏ, ਵਿਦਿਆਰਥੀਆਂ ਨੂੰ ਸਮਾਜ ਅਤੇ ਰਾਸ਼ਟਰ ਦੇ ਭਵਿੱਖ ਨੂੰ ਬਿਹਤਰ ਬਣਾਉਣ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ।

ਰਾਸ਼ਟਰਪਤੀ ਨੇ ਟਿੱਪਣੀ ਕੀਤੀ ਕਿ ਤੇਜ਼ੀ ਨਾਲ ਵਿਕਾਸ ਕਰ ਰਹੇ ਭਾਰਤ ਵਿੱਚ ਆਪਣੀ ਵਿਰਾਸਤ ਨਾਲ ਜੁੜੇ ਰਹਿਕੇ ਆਧੁਨਿਕ ਵਿਗਿਆਨ ਦੇ ਲਾਭ ਸਮਾਜ ਦੇ ਹਰ ਵਰਗ ਤੱਕ ਪਹੁੰਚਾਉਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ, ਇਸ ਮੰਤਵ ਨਾਲ, ਯੂਨੀਵਰਸਿਟੀ ਉੱਤਰੀ ਆਂਧਰਾ ਪ੍ਰਦੇਸ਼ ਦੇ ਕਬਾਇਲੀ ਭਾਈਚਾਰਿਆਂ ਨੂੰ ਮਜ਼ਬੂਤ ਬਣਾਉਣ ਲਈ ਇੱਕ 'ਵਿਗਿਆਨ ਅਤੇ ਤਕਨਾਲੋਜੀ ਹੱਬ' ਚਲਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਯੂਨੀਵਰਸਿਟੀ ਨੇ ਆਪਣੇ ਯਤਨਾਂ - ਅਕਾਦਮਿਕ ਅਤੇ ਜ਼ਮੀਨੀ ਪੱਧਰ 'ਤੇ ਕਬਾਇਲੀ ਭਲਾਈ, ਜਨ ਸਿਹਤ, ਜਲਵਾਯੂ ਤਬਦੀਲੀ, ਖੁਰਾਕ ਅਤੇ ਪੋਸ਼ਣ ਸੁਰੱਖਿਆ ਅਤੇ ਊਰਜਾ ਸੰਭਾਲ 'ਤੇ ਕੇਂਦਰਿਤ ਕੀਤੇ ਹਨ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਇਹ ਪਹਿਲਕਦਮੀਆਂ ਸਾਰਿਆਂ ਲਈ ਬਰਾਬਰ ਵਿਕਸਿਤ ਭਾਰਤ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੀਆਂ।
ਰਾਸ਼ਟਰਪਤੀ ਨੇ ਕਿਹਾ ਕਿ ਸਾਡਾ ਟੀਚਾ ਸਾਲ 2047 ਤੱਕ ਇੱਕ ਵਿਕਸਿਤ ਭਾਰਤ ਬਣਾਉਣਾ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਆਂਧਰਾ ਪ੍ਰਦੇਸ਼ ਦੀ ਇਹ ਕੇਂਦਰੀ ਜਨਜਾਤੀ ਯੂਨੀਵਰਸਿਟੀ ਆਪਣੇ ਅਰਥਪੂਰਨ, ਸੰਮਲਿਤ ਅਤੇ ਵਾਤਾਵਰਨ ਪ੍ਰਤੀ ਚੇਤਨ ਵਿਹਾਰਕ ਸਿੱਖਿਆ ਵਿਧੀਆਂ ਰਾਹੀਂ ਇਸ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ। ਉਨ੍ਹਾਂ ਕਿਹਾ ਕਿ ਸਥਾਨਕ ਕਬਾਇਲੀ ਭਾਈਚਾਰੇ ਕੋਲ ਅਮੀਰ ਸੱਭਿਆਚਾਰਕ ਪਰੰਪਰਾਵਾਂ ਅਤੇ ਕੁਦਰਤ ਨਾਲ ਡੂੰਘਾਈ ਨਾਲ ਜੁੜੀ ਜੀਵਨ ਸ਼ੈਲੀ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਸਮਾਜ ਦੇ ਇਸ ਵਰਗ ਨੂੰ ਆਧੁਨਿਕ ਸਿੱਖਿਆ ਦੇ ਲਾਭਦਾਇਕ ਪਹਿਲੂਆਂ ਨਾਲ ਜੋੜ ਕੇ, ਯੂਨੀਵਰਸਿਟੀ ਦੇਸ਼ ਦੇ ਬਰਾਬਰ ਵਿਕਾਸ ਵਿੱਚ ਸਥਾਨਕ ਨੌਜਵਾਨਾਂ ਲਈ ਮਹੱਤਵਪੂਰਨ ਭੂਮਿਕਾ ਨੂੰ ਯਕੀਨੀ ਬਣਾਏਗੀ।
ਰਾਸ਼ਟਰਪਤੀ ਦੇ ਭਾਸ਼ਣ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ-
************
ਐਮਜੇਪੀਐਸ/ਐਸਐਸ/ਪੀਆਰਕੇ
(रिलीज़ आईडी: 2279827)
आगंतुक पटल : 3