ਪੇਂਡੂ ਵਿਕਾਸ ਮੰਤਰਾਲਾ
azadi ka amrit mahotsav

ਰਾਸ਼ਟਰੀ ਗ੍ਰਾਮੀਣ ਵਿਕਾਸ ਸੰਮੇਲਨ 2026 ਨੇ ਵਿਕਸਿਤ ਭਾਰਤ ਦਾ ਰੋਡਮੈਪ ਤਿਆਰ ਕੀਤਾ; ਪੇਂਡੂ ਮਹਿਲਾ-ਅਗਵਾਈ ਵਾਲੇ ਉੱਦਮਾਂ ਨੂੰ ਹੁਲਾਰਾ ਦੇਣ ਲਈ 'ਸਾਰਸ ਸ਼ਕਤੀ' ਕਲੈਕਸ਼ਨ ਦੀ ਕੀਤੀ ਸ਼ੁਰੂਆਤ


ਮਹਿਲਾ ਸਵੈ-ਸਹਾਇਤਾ ਸਮੂਹਾਂ ਦੇ ਉਤਪਾਦਾਂ ਦੀ ਵਿਭਿੰਨਤਾ, ਗੁਣਵੱਤਾ ਅਤੇ ਮਾਰਕਿਟ ਸਮਰੱਥਾ ਨੂੰ ਪ੍ਰਦਰਸ਼ਿਤ ਕਰਨ ਲਈ 'ਸਾਰਸ ਸ਼ਕਤੀ' ਕੌਫੀ ਟੇਬਲ ਬੁੱਕ ਕੀਤੀ ਗਈ ਲਾਂਚ

प्रविष्टि तिथि: 30 JUN 2026 11:44AM by PIB Chandigarh

ਪੇਂਡੂ ਵਿਕਾਸ ਮੰਤਰਾਲੇ ਵੱਲੋਂ ਆਯੋਜਿਤ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਪੇਂਡੂ ਪਰਿਵਰਤਨ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਰਾਸ਼ਟਰੀ ਪੇਂਡੂ ਵਿਕਾਸ ਸੰਮੇਲਨ (ਆਰ.ਜੀ.ਵੀ.ਐੱਸ.) 2026 ਦੀ ਸਮਾਪਤੀ 29 ਜੂਨ, 2026 ਨੂੰ ਹੋਈ। ਇਸ ਸੰਮੇਲਨ ਵਿੱਚ ਕੇਂਦਰ-ਰਾਜ ਦੇ ਮਜ਼ਬੂਤ ਸਹਿਯੋਗ, ਭਾਈਚਾਰਾ-ਅਧਾਰਤ ਵਿਕਾਸ ਅਤੇ ਤਕਨਾਲੋਜੀ-ਅਧਾਰਤ ਸ਼ਾਸਨ ਰਾਹੀਂ ਵਿਕਸਤ ਪਿੰਡ, ਵਿਕਸਤ ਭਾਰਤ ਦੇ ਨਜ਼ਰੀਏ ਨੂੰ ਗਤੀ ਦੇਣ ਦੀ ਸਾਂਝੀ ਵਚਨਬੱਧਤਾ ਪ੍ਰਗਟਾਈ ਗਈ। ਦੋ-ਰੋਜ਼ਾ ਰਾਸ਼ਟਰੀ ਸੰਮੇਲਨ ਨੇ ਪ੍ਰਮੁੱਖ ਪੇਂਡੂ ਵਿਕਾਸ ਪ੍ਰੋਗਰਾਮਾਂ ਦੇ ਲਾਗੂਕਰਨ ਦੀ ਸਮੀਖਿਆ ਕਰਨ, ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚਕਾਰ ਵਧੀਆ ਪ੍ਰਣਾਲੀਆਂ ਦਾ ਆਦਾਨ-ਪ੍ਰਦਾਨ ਕਰਨ ਅਤੇ ਪੇਂਡੂ ਪਰਿਵਰਤਨ ਦੇ ਅਗਲੇ ਪੜਾਅ ਲਈ ਰੋਡਮੈਪ ’ਤੇ ਵਿਚਾਰ-ਵਟਾਂਦਰਾ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕੀਤਾ।

ਇਸ ਸੰਮੇਲਨ ਦਾ ਉਦਘਾਟਨ ਕੇਂਦਰੀ ਪੇਂਡੂ ਵਿਕਾਸ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕੇਂਦਰੀ ਪੇਂਡੂ ਵਿਕਾਸ ਅਤੇ ਸੰਚਾਰ ਰਾਜ ਮੰਤਰੀ ਡਾ. ਚੰਦਰ ਸ਼ੇਖਰ ਪੇਮਾਸਾਨੀ ਅਤੇ ਪੇਂਡੂ ਵਿਕਾਸ ਰਾਜ ਮੰਤਰੀ ਸ਼੍ਰੀ ਕਮਲੇਸ਼ ਪਾਸਵਾਨ ਦੀ ਮੌਜੂਦਗੀ ਵਿੱਚ ਕੀਤਾ। ਦੋ ਦਿਨਾਂ ਤੱਕ ਚੱਲੇ ਇਸ ਸਮਾਗਮ ਵਿੱਚ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਪੇਂਡੂ ਵਿਕਾਸ ਮੰਤਰੀ, ਸੀਨੀਅਰ ਅਧਿਕਾਰੀ, ਕੇਂਦਰ ਅਤੇ ਰਾਜ ਸਰਕਾਰਾਂ ਦੇ ਮਾਹਿਰ, ਰਾਜ ਪੇਂਡੂ ਆਜੀਵਿਕਾ ਮਿਸ਼ਨਾਂ (ਐੱਸਆਰਐੱਲਐੱਮ) ਦੇ ਪ੍ਰਤੀਨਿਧੀ ਅਤੇ ਵਿਕਾਸ ਭਾਈਵਾਲ ਇਕੱਠੇ ਹੋਏ।

ਇਸ ਸੰਮੇਲਨ ਦਾ ਮੁੱਖ ਉਦੇਸ਼ ਵੀ.ਬੀ.-ਜੀਰਾਮਜੀ ਐਕਟ, 2025 ਦਾ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਾ ਯਕੀਨੀ ਬਣਾਉਣਾ ਸੀ। ਇਸ ਪਲੇਟਫਾਰਮ ’ਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ, ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ, ਦੀਨਦਿਆਲ ਅੰਤੋਦਿਆ ਯੋਜਨਾ-ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ (ਡੀਏਵਾਈ-ਐੱਨਆਰਐੱਲਐੱਮ), ਗ੍ਰਾਮੀਣ ਹੁਨਰ ਵਿਕਾਸ ਪ੍ਰੋਗਰਾਮ ਅਤੇ ਰਾਸ਼ਟਰੀ ਸਮਾਜਿਕ ਸਹਾਇਤਾ ਪ੍ਰੋਗਰਾਮ ਸਮੇਤ ਮੁੱਖ ਪੇਂਡੂ ਵਿਕਾਸ ਪਹਿਲਕਦਮੀਆਂ ਦੀ ਵਿਆਪਕ ਸਮੀਖਿਆ ਵੀ ਕੀਤੀ ਗਈ।

ਵਿਚਾਰ-ਵਟਾਂਦਰਾ ਪੇਂਡੂ ਵਿਕਾਸ ਯੋਜਨਾਬੰਦੀ ਨੂੰ ਮਜ਼ਬੂਤ ਕਰਨ, ਗ੍ਰਾਮ ਪੰਚਾਇਤਾਂ ਨੂੰ ਸਸ਼ਕਤ ਬਣਾਉਣ, ਔਰਤਾਂ ਦੀ ਅਗਵਾਈ ਵਾਲੀ ਆਜੀਵਿਕਾ ਦਾ ਵਿਸਥਾਰ ਕਰਨ, ਪੇਂਡੂ ਰਿਹਾਇਸ਼ ਅਤੇ ਸੰਪਰਕ ਨੂੰ ਬਿਹਤਰ ਬਣਾਉਣ ਅਤੇ ਜਲਵਾਯੂ ਪਰਿਵਰਤਨ ਦੇ ਅਨੁਕੂਲ ਆਜੀਵਿਕਾ ਨੂੰ ਉਤਸ਼ਾਹਿਤ ਕਰਨ ’ਤੇ ਕੇਂਦਰਿਤ ਸੀ। ਵਿਚਾਰ-ਵਟਾਂਦਰੇ ਵਿੱਚ ਸਾਲ 2029 ਤੱਕ 6 ਕਰੋੜ ਲਖਪਤੀ ਦੀਦੀਆਂ ਨੂੰ ਤਿਆਰ ਕਰਨ ਦੀ ਦਿਸ਼ਾ ਵਿੱਚ ਹੋ ਰਹੀ ਪ੍ਰਗਤੀ ਨੂੰ ਰਫਤਾਰ ਦੇਣ ਲਈ ਡਿਜੀਟਲ ਦਖਲ-ਅੰਦਾਜ਼ੀ ਦੀ ਰੂਪ-ਰੇਖਾ ਵੀ ਤਿਆਰ ਕੀਤੀ ਗਈ। ਵੱਖ-ਵੱਖ ਰਾਜਾਂ ਦੇ ਨਵੀਨਤਾਕਾਰੀ ਮਾਡਲਾਂ ਨੂੰ ਦੇਸ਼ ਭਰ ਵਿੱਚ ਵਿਆਪਕ ਤੌਰ ’ਤੇ ਲਾਗੂ ਕਰਨ ਦੀ ਸੰਭਾਵਨਾ ’ਤੇ ਚਾਨਣਾ ਪਾਇਆ ਗਿਆ।

ਇਹ ਮਿਸ਼ਨ ਵਰਤਮਾਨ ਵਿੱਚ ਸਵੈ-ਸਹਾਇਤਾ ਸਮੂਹਾਂ (ਐੱਸਐੱਚਜੀ) ਵਿੱਚ ਸੰਗਠਿਤ 10 ਕਰੋੜ ਤੋਂ ਵੱਧ ਔਰਤਾਂ ਨੂੰ ਸਹਾਇਤਾ ਪ੍ਰਦਾਨ ਕਰਦਾ ਹੈ। ਔਰਤਾਂ ਦੀ ਅਗਵਾਈ ਵਾਲੇ ਉਦਯੋਗਾਂ ਨੂੰ ਸਸ਼ਕਤ ਬਣਾਉਣ ਲਈ, ਡੀਏਵਾਈ-ਐੱਨਆਰਐੱਲਐੱਮ ਦੇ ਤਹਿਤ ਆਯੋਜਿਤ ਸੰਵਾਦ ਵਿੱਚ ਉਦਯੋਗ ਫੰਡਿੰਗ, ਡਿਜੀਟਲ ਨਵੀਨਤਾ, ਬ੍ਰਾਂਡਿੰਗ ਅਤੇ ਬਾਜ਼ਾਰ ਤੱਕ ਪਹੁੰਚ ’ਤੇ ਧਿਆਨ ਕੇਂਦਰਿਤ ਕੀਤਾ ਗਿਆ।

ਇਸ ਸੰਮੇਲਨ ਨੇ (ਡੀਏਵਾਈ-ਐੱਨਆਰਐੱਲਐੱਮ) ਦੀ ਰਾਸ਼ਟਰੀ ਮੰਡੀਕਰਨ  ਪਹਿਲਕਦਮੀ ‘ਸਰਸ ਆਜੀਵਿਕਾ’ ਦੇ ਵਧਦੇ ਦਾਇਰੇ ਨੂੰ ਉਜਾਗਰ ਕੀਤਾ। ਸਾਲ 1999 ਵਿੱਚ ਪਹਿਲੇ ਸਰਸ ਮੇਲੇ ਤੋਂ ਬਾਅਦ, ਇਹ ਪਹਿਲਕਦਮੀ ਇੱਕ ਦੇਸ਼-ਵਿਆਪੀ ਮੰਡੀਕਰਨ ਈਕੋਸਿਸਟਮ ਵਿੱਚ ਵਿਕਸਤ ਹੋ ਗਈ ਹੈ, ਜਿਸ ਵਿੱਚ 25 ਤੋਂ ਵੱਧ ਰਾਜ ਬ੍ਰਾਂਡ ਸ਼ਾਮਲ ਹਨ ਅਤੇ ਸਾਲਾਨਾ 200 ਕਰੋੜ ਰੁਪਏ ਤੋਂ ਵੱਧ ਦਾ ਮੇਲਾ ਕਾਰੋਬਾਰ ਪੈਦਾ ਹੁੰਦਾ ਹੈ।

ਮੰਤਰਾਲੇ ਨੇ ਇਸ ਪ੍ਰੋਗਰਾਮ ਦੇ ਹਿੱਸੇ ਵਜੋਂ ‘ਸਰਸ ਸ਼ਕਤੀ ਕਲੈਕਸ਼ਨ’ ਦੀ ਸ਼ੁਰੂਆਤ ਕੀਤੀ ਅਤੇ ਸਰਸ ਸ਼ਕਤੀ ਕੌਫ਼ੀ ਟੇਬਲ ਬੁੱਕ ਦਾ ਉਦਘਾਟਨ ਕੀਤਾ ਤਾਂ ਜੋ ਬ੍ਰਾਂਡ ਦੀ ਰਾਸ਼ਟਰੀ ਪਛਾਣ ਨੂੰ ਮਜ਼ਬੂਤ ਕੀਤਾ ਜਾ ਸਕੇ। ‘ਸਰਸ ਸ਼ਕਤੀ ਕਲੈਕਸ਼ਨ’ ਵਿੱਚ ਦੇਸ਼ ਭਰ ਦੀਆਂ ਮਹਿਲਾ ਸਵੈ-ਸਹਾਇਤਾ ਸਮੂਹਾਂ ਵੱਲੋਂ ਤਿਆਰ ਕੀਤੇ ਗਏ ਪ੍ਰੀਮੀਅਮ ਉਤਪਾਦਾਂ ਦਾ ਇੱਕ ਚੋਣਵਾਂ ਸੰਗ੍ਰਹਿ ਪੇਸ਼ ਕੀਤਾ ਗਿਆ ਹੈ, ਜਦ ਕਿ ਕੌਫ਼ੀ ਟੇਬਲ ਬੁੱਕ ਇਹਨਾਂ ਉਦਯੋਗਾਂ ਦੀ ਵਿਭਿੰਨਤਾ, ਗੁਣਵੱਤਾ ਅਤੇ ਬਾਜ਼ਾਰ ਵਿੱਚ ਮੌਜੂਦਗੀ ਨੂੰ ਦਰਸਾਉਂਦੀ ਹੈ। ਇਹ ਦੋਵੇਂ ਪਹਿਲਕਦਮੀਆਂ ਬਾਜ਼ਾਰ ਤੱਕ ਪਹੁੰਚ ਦਾ ਵਿਸਥਾਰ ਕਰਨ ਅਤੇ ਪੇਂਡੂ ਉਤਪਾਦਾਂ ਨੂੰ ਉੱਚ-ਪੱਧਰੀ ਸੰਸਥਾਗਤ ਅਤੇ ਵਿਆਪਕ ਖਪਤਕਾਰ ਬਾਜ਼ਾਰਾਂ ਵਿੱਚ ਸਥਾਪਿਤ ਕਰਨ ਦੇ ਮੰਤਰਾਲੇ ਦੇ ਯਤਨਾਂ ਨੂੰ ਮਜ਼ਬੂਤੀ ਦਿੰਦੀਆਂ ਹਨ।

ਗੁਜਰਾਤ, ਉੜੀਸਾ, ਪੱਛਮੀ ਬੰਗਾਲ, ਮੇਘਾਲਿਆ, ਬਿਹਾਰ, ਕੇਰਲ ਅਤੇ ਤੇਲੰਗਾਨਾ ਸਮੇਤ ਹੋਰ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਪੇਂਡੂ ਵਿਕਾਸ ਮੰਤਰੀਆਂ ਅਤੇ ਪ੍ਰਤੀਨਿਧਾਂ ਨੇ ਸਰਸ ਆਜੀਵਿਕਾ ਗੈਲਰੀ ਨੂੰ ਦੇਖਿਆ। ਗੈਲਰੀ ਵਿੱਚ ਹੱਥਖੱਡੀਆਂ, ਕੱਪੜੇ, ਘਰੇਲੂ ਸਜਾਵਟ, ਸਿਹਤ ਉਤਪਾਦਾਂ ਅਤੇ ਰਵਾਇਤੀ ਖਾਧ ਪਦਾਰਥਾਂ ਦਾ ਇੱਕ ਵਿਸ਼ੇਸ਼ ਸੰਗ੍ਰਹਿ ਪ੍ਰਦਰਸ਼ਿਤ ਕੀਤਾ ਗਿਆ ਸੀ। ਇਸ ਵਿੱਚ ਪੰਜਾਬ ਦੀ ਫੁਲਕਾਰੀ, ਜੰਮੂ-ਕਸ਼ਮੀਰ ਦੀ ਪਸ਼ਮੀਨਾ, ਤੇਲੰਗਾਨਾ ਦੇ ਇਕਤ ਅਤੇ ਤੇਲੀਆ ਕੱਪੜੇ ਅਤੇ ਮਿਜ਼ੋਰਮ ਦੇ ਪੌਂਚੇਈ ਵਰਗੇ ਖੇਤਰੀ ਸ਼ਿਲਪਾਂ ਦੇ ਨਾਲ-ਨਾਲ ਮੀਨਾਕਾਰੀ, ਡੋਕਰਾ, ਪਿੱਤਲ ਦਾ ਕੰਮ ਅਤੇ ਲੱਕੜ ਦੇ ਸ਼ਿਲਪ ਵਰਗੀਆਂ ਗੁੰਝਲਦਾਰ ਦਸਤਕਾਰੀ ਨੂੰ ਵੀ ਪ੍ਰਦਰਸ਼ਿਤ ਕੀਤਾ ਗਿਆ ਸੀ। ਗੈਲਰੀ ਵਿੱਚ ਸਫ਼ਲ ਪੇਂਡੂ ਉੱਦਮਾਂ ਦੀ ਨੁਮਾਇੰਦਗੀ ਕਰਨ ਵਾਲੀਆਂ ਲਖਪਤੀ ਦੀਦੀਆਂ ਦੇ ਪ੍ਰਦਰਸ਼ਨ ਵੀ ਸ਼ਾਮਲ ਸਨ, ਜੋ ਇਹ ਦਰਸਾਉਂਦੇ ਹਨ ਕਿ ਕਿਵੇਂ ਯੋਜਨਾਬੱਧ ਬ੍ਰਾਂਡਿੰਗ, ਉਤਪਾਦ ਵਿਕਾਸ ਅਤੇ ਬਾਜ਼ਾਰ ਸੰਪਰਕ ਮਹਿਲਾ ਉੱਦਮੀਆਂ ਨੂੰ ਟਿਕਾਊ ਕਾਰੋਬਾਰ ਸਥਾਪਿਤ ਕਰਨ ਦੇ ਯੋਗ ਬਣਾਉਂਦੇ ਹਨ।

ਰਾਸ਼ਟਰੀ ਪੇਂਡੂ ਵਿਕਾਸ ਸੰਮੇਲਨ ਨੇ ਭਾਈਚਾਰਕ ਸੰਸਥਾਵਾਂ ਦੇ ਨਿਰਮਾਣ, ਟਿਕਾਊ ਰੋਜ਼ੀ-ਰੋਟੀ ਦਾ ਵਿਸਥਾਰ ਕਰਨ ਅਤੇ ਵਿਆਪਕ ਬਾਜ਼ਾਰ ਦੇ ਮੌਕੇ ਪੈਦਾ ਕਰਨ ਲਈ ਮੰਤਰਾਲੇ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਵਿਚਾਰ-ਵਟਾਂਦਰੇ ਵਿੱਚ ਵਿਕਾਸ ਟੀਚਿਆਂ ਨੂੰ ਸਮਾਵੇਸ਼ੀ, ਸਵੈ -ਨਿਰਭਰ ਪੇਂਡੂ ਆਰਥਿਕ ਵਿਕਾਸ ਵਿੱਚ ਬਦਲਣ ਲਈ ਕੇਂਦਰ ਅਤੇ ਰਾਜਾਂ ਵਿਚਕਾਰ ਸਹਿਯੋਗੀ ਕਾਰਵਾਈ ਦੇ ਮਹੱਤਵ ’ਤੇ ਜ਼ੋਰ ਦਿੱਤਾ ਗਿਆ।

*****

ਆਰਸੀ/ਪੀਯੂ/ਐਮਕੇ


(रिलीज़ आईडी: 2279600) आगंतुक पटल : 9
इस विज्ञप्ति को इन भाषाओं में पढ़ें: English , Urdu , हिन्दी , Bengali , Bengali-TR , Assamese , Gujarati , Tamil , Telugu , Kannada , Malayalam