ਸਹਿਕਾਰਤਾ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਗਾਂਧੀਨਗਰ ਤੋਂ ਗੁਜਰਾਤ ਲਈ 'ਭਾਰਤ ਟੈਕਸੀ' ਲਾਂਚ ਕੀਤੀ; ਅਹਿਮਦਾਬਾਦ, ਸੂਰਤ ਅਤੇ ਰਾਜਕੋਟ ਸਮੇਤ - ਗੁਜਰਾਤ ਦੇ ਸਾਰੇ ਪ੍ਰਮੁੱਖ ਸ਼ਹਿਰਾਂ ਵਿੱਚ ਟੂ-ਵ੍ਹੀਲਰ, ਆਟੋ ਅਤੇ ਚਾਰ-ਪਹੀਆ ਵਾਹਨ ਤਿੰਨੋਂ ਸ਼੍ਰੇਣੀਆਂ ਵਿੱਚ ਸੇਵਾ ਸ਼ੁਰੂ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ 'ਸਹਕਾਰ ਸੇ ਸਮ੍ਰਿੱਧੀ' ਦੇ ਮੰਤਰ ਨੂੰ ਮੋਬੀਲਿਟੀ ਦੇ ਖੇਤਰ ਵਿੱਚ ਜੀਵਨ ਵਿੱਚ ਲਿਆਉਂਦੇ ਹੋਏ ਅੱਜ 'ਭਾਰਤ ਟੈਕਸੀ' 'ਸਾਰਥੀਆਂ' ਦੇ ਜੀਵਨ ਨੂੰ ਬਦਲ ਰਹੀ ਹੈ
ਭਾਰਤ ਟੈਕਸੀ ਨਾਲ ਜੁੜੇ 7 ਲੱਖ 'ਸਾਰਥੀ' ਚਾਲਕ ਖੁਦ ਹੀ ਇਸ ਦੇ ਮਾਲਕ ਹਨ, ਇਸ ਨਾਲ ਉਨ੍ਹਾਂ ਨੂੰ ਸਨਮਾਨ, ਸੁਰੱਖਿਆ ਅਤੇ ਖੁਸ਼ਹਾਲੀ ਪ੍ਰਾਪਤ ਹੋ ਰਹੀ ਹੈ
ਪ੍ਰਤੀਯੋਗੀ ਕੰਪਨੀਆਂ ਵੱਲੋਂ ਅਚਾਨਕ ਕੀਮਤਾਂ ਘਟਾਉਣਾ 'ਭਾਰਤ ਟੈਕਸੀ' ਦੇ ਪ੍ਰਵੇਸ਼ ਨੂੰ ਰੋਕਣ ਦੀ ਕੋਸ਼ਿਸ਼ ਹੈ ਤਾਂ ਜੋ ਉਹ ਫਿਰ ਤੋਂ ਆਪਣੀਆਂ ਮਨਮਾਨੀਆਂ ਨਾ ਕਰ ਸਕਣ, ਪਰ 'ਭਾਰਤ ਟੈਕਸੀ' ਸੇਵਾ ਦੇ ਸੰਕਲਪ ਨਾਲ ਮੈਦਾਨ ਵਿੱਚ ਕਾਇਮ ਰਹੇਗੀ
ਅਗਲੇ ਦੋ ਵਰ੍ਹਿਆਂ ਵਿੱਚ, 'ਭਾਰਤ ਟੈਕਸੀ' 500 ਤੋਂ ਵੱਧ ਸ਼ਹਿਰਾਂ ਅਤੇ ਕਸਬਿਆਂ ਵਿੱਚ ਪਹੁੰਚੇਗੀ, ਨਾਲ ਹੀ 31 ਜੁਲਾਈ ਤੋਂ ਪਹਿਲਾਂ ਦੇਸ਼ ਦੇ 7 ਪ੍ਰਮੁੱਖ ਸ਼ਹਿਰਾਂ ਵਿੱਚ ਇਸ ਦੀਆਂ ਸੇਵਾਵਾਂ ਉਪਲਬਧ ਹੋਣਗੀਆਂ
‘ਡਰਾਈਵਰ’ ਅਤੇ ‘ਸਾਰਥੀ’ ਦੀ ਧਾਰਨਾ ਵਿੱਚ ਇਹੋ ਮੂਲ ਫਰਕ ਹੈ-ਨਿਜੀ ਕੰਪਨੀਆਂ ਉਨ੍ਹਾਂ ਨੂੰ ਸਿਰਫ ਡਰਾਈਵਰ ਮੰਨਦੀਆਂ ਹਨ, ਜਦਕਿ ਭਾਰਤ ਟੈਕਸੀ ਉਨ੍ਹਾਂ ਨੂੰ ਸਾਰਥੀ ਦਾ ਸਨਮਾਨ ਦਿੰਦੀ ਹੈ
‘ਭਾਰਤ ਟੈਕਸੀ’ ਵਿੱਚ ਸਾਰਥੀ ਸਿਰਫ ਡਰਾਈਵਰ ਨਹੀਂ ਸਗੋਂ ਇਸ ਦੇ ਸ਼ੇਅਰ ਹੋਲ਼ਡਰ ਹਨ ਉਹ ਕਿਸੇ ਐਪ ਕੰਪਨੀ ਉੱਪਰ ਨਿਰਭਰ ਨਹੀਂ ਹਨ
ਭਾਰਤ ਟੈਕਸੀ ਨੂੰ ਸਫਲ ਬਣਾਉਣ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਸਾਰਥੀਆਂ ਅਤੇ ਗ੍ਰਾਹਕਾਂ ਦੀ ਹੈ-ਤਤਕਾਲੀ ਲਾਭ ਦੀ ਬਜਾਏ ਅੱਗੇ ਆ ਕੇ ਇਸ ਨੂੰ ਅਪਣਾਓ
ਭਾਰਤ ਟੈਕਸੀ ਸਾਰਥੀਆਂ ਦੀ ਆਪਣੀ ਕੋ-ਆਪ੍ਰੇਟਿਵ ਹੈ- ਇਹ ਲੋਨ ਵਿੱਚ ਮਦਦ, ਬੀਮਾ ਦੀ ਸੁਰੱਖਿਆ ਅਤੇ ਬਿਜਨੇਸ਼ ਐਕਸਪੈਂਸ਼ਨ ਮਾਡਲ ਨੂੰ ਵੀ ਫੰਡ ਪ੍ਰਦਾਨ ਕਰੇਗੀ
‘ਭਾਰਤ ਟੈਕਸੀ ਨੇ ਗੁਜਰਾਤ ਮੈਟਰੋ ਰੇਲ ਕਾਰਪੋਰੇਸ਼ਨ, ਗੁਜਰਾਤ ਸਟੇਟ ਕੋ-ਆਪ੍ਰੇਟਿਵ ਬੈਂਕ, ਟ੍ਰੈਫਿਕ ਪੁਲਿਸ, ਅਹਿਮਦਾਬਾਦ ਏਅਰਪੋਰਟ ਅਤੇ ਪੱਛਮੀ ਰੇਲਵੇ ਨਾਲ ਮਿਲ ਕੇ MOU ਕੀਤੇ
प्रविष्टि तिथि:
27 JUN 2026 6:24PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਗੁਜਰਾਤ ਦੇ ਗਾਂਧੀਨਗਰ ਸਥਿਤ ਮਹਾਤਮਾ ਮੰਦਿਰ ਕਨਵੈਨਸ਼ਨ ਅਤੇ ਪ੍ਰਦਰਸ਼ਨੀ ਕੇਂਦਰ ਵਿਖੇ ਸਹਿਕਾਰਤਾ-ਅਧਾਰਿਤ ਮੋਬੀਲਿਟੀ ਪਲੈਟਫਾਰਮ 'ਭਾਰਤ ਟੈਕਸੀ' ਦੀ ਸ਼ੁਰੂਆਤ ਕੀਤੀ। ਭਾਰਤ ਟੈਕਸੀ ਦਾ ਉਦੇਸ਼ ਟੈਕਸੀ, ਆਟੋ ਅਤੇ ਦੋਪਹੀਆ ਵਾਹਨ ਮੋਬੀਲਿਟੀ ਸੇਵਾਵਾਂ ਨਾਲ ਜੁੜੇ ਡਰਾਈਵਰਾਂ (ਸਾਰਥੀਆਂ) ਨੂੰ ਮਾਲਕਾਣਾ ਹਿੱਸੇਦਾਰੀ, ਸਨਮਾਨ, ਸੁਰੱਖਿਆ ਅਤੇ ਖੁਸ਼ਹਾਲੀ ਨਾਲ ਜੋੜਦੇ ਹੋਏ ਨਾਗਰਿਕਾ ਨੂੰ ਭਰੋਸੇਯੋਗ ਅਤੇ ਸੇਵਾ-ਅਧਾਰਿਤ ਆਵਾਜਾਈ ਸਹੂਲਤਾਂ ਪ੍ਰਦਾਨ ਕਰਨਾ ਹੈ। ਸਮਾਗਮ ਵਿੱਚ ਮੌਜੂਦ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰਭਾਈ ਪਟੇਲ, ਉਪ ਮੁੱਖ ਮੰਤਰੀ ਸ਼੍ਰੀ ਹਰਸ਼ ਸੰਘਵੀ, ਗੁਜਰਾਤ ਦੇ ਸਹਿਕਾਰਤਾ ਮੰਤਰੀ ਸ਼੍ਰੀ ਜੀਤੂਭਾਈ ਵਾਘਾਨੀ, ਗੁਜਰਾਤ ਦੇ ਸਹਿਕਾਰਤਾ ਰਾਜ ਮੰਤਰੀ ਸ਼੍ਰੀ ਰਮੇਸ਼ਭਾਈ ਕਟਾਰਾ, ਸਹਿਕਾਰਤਾ ਮੰਤਰਾਲੇ ਦੇ ਸਕੱਤਰ ਡਾ. ਆਸ਼ੀਸ਼ ਕੁਮਾਰ ਭੂਟਾਨੀ, ਗੁਜਰਾਤ ਦੇ ਮੁੱਖ ਸਕੱਤਰ ਸ਼੍ਰੀ ਮਨੋਜ ਦਾਸ ਅਤੇ ਭਾਰਤ ਟੈਕਸੀ ਦੇ ਚੇਅਰਮੈਨ ਡਾ. ਜਯੇਨ ਮਹਿਤਾ ਸਮੇਤ ਸਹਿਕਾਰਤਾ ਖੇਤਰ ਦੇ ਸੀਨੀਅਰ ਪ੍ਰਤੀਨਿਧੀਆਂ, ਅਧਿਕਾਰੀਆਂ ਅਤੇ ਵੱਡੀ ਗਿਣਤੀ ਵਿੱਚ ਸਾਰਥੀ ਮੌਜੂਦ ਰਹੇ।

ਇਸ ਮੌਕੇ 'ਤੇ ਆਪਣੇ ਸੰਬੋਧਨ ਵਿੱਚ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਭਾਰਤ ਦੇ ਮੋਬੀਲਿਟੀ ਸੈਕਟਰ ਲਈ ਇੱਕ ਮਹੱਤਵਪੂਰਨ ਦਿਨ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਵਿਕਾਸ ਦੇ ਨਾਲ-ਨਾਲ ਟੈਕਸੀ ਅਤੇ ਆਵਾਜਾਈ ਸੇਵਾਵਾਂ ਦੀ ਜ਼ਰੂਰਤ ਹਰ ਘਰ ਤੱਕ ਪਹੁੰਚੀ ਹੈ; ਅਤੇ ਹੁਣ "ਟੈਕਸੀ" ਦੀ ਧਾਰਨਾ ਹੁਣ ਚਾਰ ਪਹੀਆ ਵਾਹਨਾਂ ਤੱਕ ਸੀਮਤ ਨਹੀਂ ਰਹੀ, ਸਗੋਂ ਦੋ ਪਹੀਆ ਵਾਹਨ, ਆਟੋ ਅਤੇ ਹੋਰ ਸ਼ਹਿਰੀ ਆਵਾਜਾਈ ਸੇਵਾਵਾਂ ਵੀ ਇਸ ਈਕੋਸਿਸਟਮ ਦਾ ਹਿੱਸਾ ਬਣ ਚੁੱਕੀਆਂ ਹਨ। ਗੁਜਰਾਤ ਵਿੱਚ 'ਭਾਰਤ ਟੈਕਸੀ' ਦੀ ਸ਼ੁਰੂਆਤ ਇਸੇ ਵਿਆਪਕ ਮੋਬੀਲਿਟੀ ਲੋੜ ਨੂੰ ਸਹਿਕਾਰਤਾ ਖੇਤਰ ਰਾਹੀਂ ਇੱਕ ਨਵੀਂ ਦਿਸ਼ਾ ਦੇਣ ਵਾਲਾ ਕਦਮ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਹੋਰ ਕੰਪਨੀਆਂ ਵਾਹਨ ਚਲਾਉਣ ਵਾਲਿਆਂ ਨੂੰ ਸਿਰਫ਼ ਡਰਾਈਵਰ ਸਮਝਦੀਆਂ ਹਨ, ਪਰ ਭਾਰਤ ਟੈਕਸੀ ਉਨ੍ਹਾਂ ਨੂੰ 'ਸਾਰਥੀ' ਮੰਨਦੀ ਹੈ। ਉਨ੍ਹਾਂ ਨੇ ਟਿੱਪਣੀ ਕੀਤੀ ਕਿ ਇਹ ਸਿਰਫ ਸ਼ਬਦਾਂ ਦਾ ਅੰਤਰ ਨਹੀਂ ਹੈ ਸਗੋਂ ਪੂਰੀ ਸੋਚ ਦੇ ਅੰਤਰ ਨੂੰ ਦਰਸਾਉਂਦਾ ਹੈ। 'ਸਾਰਥੀ' ਸਿਰਫ਼ ਇੱਕ ਸੇਵਾ ਪ੍ਰਦਾਤਾ ਨਹੀਂ ਹੈ, ਸਗੋਂ ਇਸ ਸਹਿਕਾਰੀ ਸੰਗਠਨ ਦੇ ਸਤਿਕਾਰਯੋਗ ਭਾਈਵਾਲ ਅਤੇ 'ਮਾਲਕ' ਹਨ। ਭਾਰਤ ਟੈਕਸੀ ਦਾ ਮੁੱਖ ਉਦੇਸ਼ ਸਾਰਥੀਆਂ ਅਤੇ ਗ੍ਰਾਹਕਾਂ- ਦੋਵਾਂ ਦੇ ਸ਼ੋਸ਼ਣ ਨੂੰ ਰੋਕਣਾ, ਸੇਵਾ ਗੁਣਵੱਤਾ ਨੂੰ ਵਧਾਉਣਾ ਅਤੇ ਮੋਬੀਲਿਟੀ ਸੈਕਟਰ ਅੰਦਰ ਇੱਕ ਨਿਰਪੱਖ ਪ੍ਰਣਾਲੀ ਸਥਾਪਿਤ ਕਰਨਾ ਹੈ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਹਾਲ ਹੀ ਦੇ ਵਰ੍ਹਿਆਂ ਵਿੱਚ, ਐਪ-ਅਧਾਰਿਤ ਟੈਕਸੀ ਸੇਵਾਵਾਂ ਨੂੰ ਲੈ ਕੇ ਬਹੁਤ ਸਾਰੀਆਂ ਸ਼ਿਕਾਇਤਾਂ ਸਾਹਮਣੇ ਆਈਆਂ ਹਨ –ਕਿਤੇ ਸਾਰਥੀਆਂ ਦੀ ਕਮਾਈ ਤੋਂ ਜ਼ਿਆਦਾ ਕਮਿਸ਼ਨ ਲਿਆ ਗਿਆ, ਕਿਤੇ ਭੁਗਤਾਨ ਸਮੇਂ ਸਿਰ ਨਹੀਂ ਪਹੁੰਚਿਆ, ਤਾਂ ਕਿਤੇ ਬਗੈਰ ਸੁਣਵਾਈ ਦੇ ਰਜਿਸਟ੍ਰੇਸ਼ਨ ਬੰਦ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਹਰ ਸਮੱਸਿਆ ਦਾ ਹੱਲ ਸਿਰਫ਼ ਕਾਨੂੰਨ ਰਾਹੀਂ ਨਹੀਂ ਹੁੰਦਾ; ਕਈ ਵਾਰ, ਸਹੀ ਸੰਸਥਾਗਤ ਮਾਡਲ ਹੀ ਸਥਾਈ ਹੱਲ ਪ੍ਰਦਾਨ ਕਰਦਾ ਹੈ। ਇਸੇ ਦ੍ਰਿਸ਼ਟੀਕੋਣ ਨਾਲ ਸਹਿਕਾਰੀ ਮਾਡਲ 'ਤੇ ਅਧਾਰਿਤ 'ਭਾਰਤ ਟੈਕਸੀ' ਦੀ ਕਲਪਨਾ ਕੀਤੀ ਗਈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਹਿਕਾਰਤਾ ਨੇ ਦੇਸ਼ ਵਿੱਚ ਕਈ ਖੇਤਰਾਂ ਵਿੱਚ ਸ਼ੋਸ਼ਣ ਨੂੰ ਖਤਮ ਕਰਕੇ ਲੋਕਾਂ ਨੂੰ ਅਧਿਕਾਰ ਅਤੇ ਖੁਸ਼ਹਾਲੀ ਦਿੱਤੀ ਹੈ। ਅਮੂਲ ਦੀ ਉਦਾਹਰਣ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਸਿਰਫ 100 ਰੁਪਏ ਦੇ ਸ਼ੇਅਰ ਨਾਲ ਸਹਿਕਾਰੀ ਵਿਵਸਥਾ ਨਾਲ ਜੁੜਨ ਵਾਲੀ ਪੇਂਡੂ ਪਸ਼ੂਪਾਲਕ ਭੈਣ ਅੱਜ 1.25 ਲੱਖ ਕਰੋੜ ਰੁਪਏ ਦੇ ਕਾਰੋਬਾਰ ਵਾਲੇ ਇੱਕ ਭਰੋਸੇਯੋਗ ਖੁਰਾਕ ਬ੍ਰਾਂਡ ਵਿੱਚ ਹਿੱਸੇਦਾਰ ਹੈ। ਅਮੂਲ ਨੇ ਇਹ ਸਿੱਧ ਕੀਤਾ ਹੈ ਕਿ ਸਹਿਕਾਰਤਾ ਰਾਹੀਂ ਬਿਨਾ ਵਿਚੋਲਿਆਂ, ਬਿਨਾ ਸ਼ੋਸ਼ਣ ਅਤੇ ਪੂਰੀ ਪਾਰਦਰਸ਼ਿਤਾ ਨਾਲ ਇੱਕ ਵਿਸ਼ਾਲ ਆਰਥਿਕ ਪ੍ਰਣਾਲੀ ਬਣਾਈ ਜਾ ਸਕਦੀ ਹੈ ਇਸ ਮਾਡਲ ਨੇ ਡੇਅਰੀ ਸੈਕਟਰ ਵਿੱਚ ਸ਼ੋਸ਼ਣ ਨੂੰ ਖਤਮ ਕੀਤਾ ਅਤੇ ਪਸ਼ੂ ਪਾਲਕ ਭੈਣਾਂ ਦੀ ਮਿਹਨਤ ਦੀ ਕਮਾਈ ਨੂੰ ਸਿੱਧੇ ਉਨ੍ਹਾਂ ਦੇ ਬੈਂਕ ਖਾਤਿਆਂ ਤੱਕ ਪਹੁੰਚਾਇਆ। ਅੱਜ, ਪੇਂਡੂ ਭਾਰਤ ਵਿੱਚ ਪਸ਼ੂ ਪਾਲਕ ਭੈਣ ਆਪਣੀ ਮਿਹਨਤ ਦਾ ਪੂਰਾ ਮੁੱਲ ਸਨਮਾਨ ਨਾਲ ਪ੍ਰਾਪਤ ਕਰ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ, ਇਸੇ ਤਰ੍ਹਾਂ, IFFCO ਅਤੇ KRIBHCO ਵਰਗੀਆਂ ਸਹਿਕਾਰੀ ਸੰਸਥਾਵਾਂ ਅੱਜ ਦੇਸ਼ ਦੇ ਕਿਸਾਨਾਂ ਦੀ ਖਾਦ ਦੀ ਜ਼ਰੂਰਤ ਦਾ ਲਗਭਗ 35 ਪ੍ਰਤੀਸ਼ਤ ਪੂਰਾ ਕਰਦੀਆਂ ਹਨ। ਇਹ ਵੀ ਸਹਿਕਾਰਤਾ ਦੀ ਇੱਕ ਵੱਡੀ ਸਫਲਤਾ ਦੀ ਕਹਾਣੀ ਹੈ। 'ਭਾਰਤ ਟੈਕਸੀ' ਇਸੇ ਸਫਲ ਸਹਿਕਾਰੀ ਪਰੰਪਰਾ ਨੂੰ ਮੋਬੀਲਿਟੀ ਸੈਕਟਰ ਵਿੱਚ ਅੱਗੇ ਵਧਾਉਣ ਦੀ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਕਈ ਲੋਕਾਂ ਨੇ ਇਹ ਸੁਆਲ ਚੁੱਕਿਆ ਕਿ 'ਭਾਰਤ ਟੈਕਸੀ' ਵਰਗੀ ਪਹਿਲਕਦਮੀ ਲਈ ਸੰਸਾਧਨ ਕਿੱਥੋਂ ਆਉਣਗੇ। ਇਸ ਬਾਰੇ ਦੇਸ਼ ਦੀਆਂ ਪ੍ਰਮੁੱਖ ਸਹਿਕਾਰੀ ਸੰਸਥਾਵਾਂ ਨਾਲ ਸਲਾਹ-ਮਸ਼ਵਰਾ ਕੀਤਾ ਗਿਆ ਅਤੇ ਉਨ੍ਹਾਂ ਨੂੰ ਇਸ ਮਹੱਤਵਪੂਰਨ ਪਹਿਲਕਦਮੀ ਨਾਲ ਜੁੜਨ ਦੀ ਅਪੀਲ ਕੀਤੀ ਗਈ। ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ NCDC, IFFCO, KRIBHCO, NDDB, NABARD, NCEL, ਅਤੇ Amul -ਵਰਗੀਆਂ ਵੱਕਾਰੀ ਸਹਿਕਾਰੀ ਸੰਸਥਾਵਾਂ ਨੇ ਮਿਲ ਕੇ ਮੋਬੀਲਿਟੀ ਸੈਕਟਰ ਵਿੱਚ ਸਾਰਥੀਆਂ ਲਈ ਇੱਕ ਸਹਿਕਾਰੀ ਸੰਸਥਾ ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ, ਤਾਂ ਜੋ ਦੇਸ਼ ਦੀਆਂ ਵੱਡੀਆਂ ਨਿਜੀ ਕੰਪਨੀਆਂ ਸਾਹਮਣੇ ਇੱਕ ਮਜ਼ਬੂਤ, ਪਾਰਦਰਸ਼ੀ ਅਤੇ ਸਾਰਥੀ-ਕੇਂਦ੍ਰਿਤ ਸਹਿਕਾਰੀ ਵਿਕਲਪ ਪੇਸ਼ ਕੀਤਾ ਜਾ ਸਕੇ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਹੁਣ ਤੱਕ ਭਾਰਤ ਟੈਕਸੀ ਨਾਲ 7 ਲੱਖ ਤੋਂ ਵੱਧ ਡਰਾਈਵਰ (*ਸਾਰਥੀ*) ਜੁੜ ਚੁੱਕੇ ਹਨ। ਭਾਰਤ ਟੈਕਸੀ ਇਨ੍ਹਾਂ ਸਾਰਥੀਆਂ ਨੂੰ ਸਨਮਾਨ ਦੇਵੇਗੀ, ਸੁਰੱਖਿਆ ਪ੍ਰਦਾਨ ਕਰੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਖੁਸ਼ਲਾਹੀ ਦਾ ਰਾਹ ਵੀ ਪੱਧਰਾ ਕਰੇਗੀ। ਉਨ੍ਹਾਂ ਕਿਹਾ ਕਿ ਇਹ ਸਹਿਕਾਰੀ ਸੰਸਥਾ ਸਾਰਥੀਆਂ ਦੀ ਕਮਾਈ ਦੀ ਰੱਖਿਆ ਦੇ ਨਾਲ-ਨਾਲ ਉਨ੍ਹਾਂ ਨੂੰ ਭਵਿੱਖ ਵਿੱਚ ਲੋਨ, ਬੀਮਾ ਅਤੇ ਆਪਣੇ ਕਾਰੋਬਾਰ ਦੇ ਵਿਸਥਾਰ ਵਿੱਚ ਵੀ ਸਹਿਯੋਗ ਕਰੇਗੀ। ਹੁਣ ਤੱਕ ਲਗਭਗ 37 ਲੱਖ ਗ੍ਰਾਹਕ ਭਾਰਤ ਟੈਕਸੀ ਦੀਆਂ ਸੇਵਾਵਾਂ ਦਾ ਲਾਭ ਲੈ ਚੁੱਕੇ ਹਨ - ਜੋ ਇਸ ਦੀ ਵਧਦੀ ਪ੍ਰਸਿੱਧੀ ਅਤੇ ਜਨਤਾ ਦੇ ਵਿਸ਼ਵਾਸ ਦਾ ਸਪਸ਼ਟ ਪ੍ਰਮਾਣ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਕੁਝ ਅਖ਼ਬਾਰਾਂ ਵਿੱਚ ਇਹ ਗੱਲ ਵੀ ਸਾਹਮਣੇ ਆਈ ਕਿ ਭਾਰਤ ਟੈਕਸੀ ਦਾ ਕਿਰਾਇਆ ਜ਼ਿਆਦਾ ਹੈ। ਮੈਂ ਦੇਸ਼ ਭਰ ਦੇ ਗ੍ਰਾਹਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਜਿੱਥੇ-ਜਿੱਥੇ ਭਾਰਤ ਟੈਕਸੀ ਪਹੁੰਚ ਰਹੀ ਹੈ, ਉੱਥੇ ਮੁਕਾਬਲੇ ਵਾਲੀਆਂ ਕੰਪਨੀਆਂ ਘਾਟਾ ਸਹਿ ਕੇ ਅਸਥਾਈ ਤੌਰ 'ਤੇ ਕਿਰਾਏ ਘਟਾ ਰਹੀਆਂ ਹਨ – ਪਰ ਇਹ ਸਥਿਤੀ ਕਦੋਂ ਤੱਕ ਚੱਲੇਗੀ? ਉਨ੍ਹਾਂ ਨੇ ਕਿਹਾ ਕਿ ਮੈਂ ਪੂਰੇ ਵਿਸ਼ਵਾਸ ਨਾਲ ਕਹਿਣਾ ਚਾਹੁੰਦਾ ਹਾਂ ਕਿ ਭਾਰਤ ਟੈਕਸੀ ਨਾ ਤਾਂ ਥੱਕੇਗੀ, ਨਾ ਪਿੱਛੇ ਹਟੇਗੀ ਅਤੇ ਨਾ ਹੀ ਮੈਦਾਨ ਛੱਡੇਗੀ। ਭਾਰਤ ਟੈਕਸੀ ਸੇਵਾ ਅਤੇ ਸਹਕਾਰ ਦੀ ਭਾਵਨਾ ਦੇ ਨਾਲ, ਮਜ਼ਬੂਤੀ ਨਾਲ ਡਟੀ ਰਹੇਗੀ ਅਤੇ ਸਿਹਤਮੰਦ ਮੁਕਾਬਲੇ ਵਿੱਚ ਸ਼ਾਮਲ ਹੋਵੇਗੀ। ਸਾਡਾ ਉਦੇਸ਼ ਕਿਸੇ ਨੂੰ ਨੁਕਸਾਨ ਪਹੁੰਚਾਉਣਾ ਨਹੀਂ, ਸਗੋਂ ਮੋਬੀਟਿਲੀ ਸੈਕਟਰ ਅੰਦਰ ਇੱਕ ਨਿਰਪੱਖ, ਪਾਰਦਰਸ਼ੀ ਅਤੇ ਟਿਕਾਊ ਪ੍ਰਣਾਲੀ ਸਥਾਪਿਤ ਕਰਨਾ ਹੈ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਜੋ ਕੰਪਨੀਆਂ ਕਿਰਾਏ ਘਟਾ ਕੇ ਅਤੇ ਸਾਰਥੀਆਂ ਨੂੰ ਅਸਥਾਈ ਤੌਰ ‘ਤੇ ਵੱਧ ਕਮਿਸ਼ਨ ਦੇ ਕੇ ਬਜ਼ਾਰ ਵਿੱਚ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਉਨ੍ਹਾਂ ਦਾ ਟੀਚਾ ਸਿਰਫ ਭਾਰਤ ਟੈਕਸੀ ਦੀ ਤਰੱਕੀ ਨੂੰ ਰੋਕਣਾ ਹੈ। ਉਹ ਚਾਹੁੰਦੀਆਂ ਹਨ ਕਿ ਭਾਰਤ ਟੈਕਸੀ ਮੈਦਾਨ ਤੋਂ ਬਾਹਰ ਹੋ ਜਾਵੇ ਤਾਂ ਜੋ ਉਹ ਫਿਰ ਤੋਂ ਆਪਣੀ ਮਨਮਾਨੀ ਸ਼ੁਰੂ ਕਰ ਸਕਣ। ਹਾਲਾਂਕਿ, ਮੈਂ ਅੱਜ ਸਪਸ਼ਟ ਕਹਿਣਾ ਚਾਹੁੰਦਾ ਹਾਂ ਕਿ ਉਨ੍ਹਾਂ ਦੀ ਇਹ ਇੱਛਾ ਕਦੇ ਵੀ ਪੂਰੀ ਨਹੀਂ ਹੋਵੇਗੀ। ਭਾਰਤ ਟੈਕਸੀ ਸੇਵਾ ਪ੍ਰਤੀ ਆਪਣੀ ਵਚਨਬੱਧਤਾ, ਸਹਿਕਾਰਤਾ ਦੀ ਸ਼ਕਤੀ ਅਤੇ ਸਾਰਥੀਆਂ ਦੇ ਭਰੋਸੇ ਨਾਲ ਅੱਗੇ ਵਧਦੀ ਰਹੇਗੀ। ਉਨ੍ਹਾਂ ਕਿਹਾ ਕਿ ਜੋ ਲੋਕ ਅਫਵਾਹਾਂ ਫੈਲਾ ਰਹੇ ਹਨ, ਉਨ੍ਹਾਂ ਨੂੰ ਸਾਡਾ ਜਵਾਬ ਸਾਡੀ ਸਹਿਯੋਗੀ ਭਾਵਨਾ, ਸਾਡੀ ਦ੍ਰਿੜ੍ਹਤਾ ਅਤੇ ਸੇਵਾ ਪ੍ਰਤੀ ਸਾਡੇ ਸਮਰਪਣ ਨਾਲ ਮਿਲੇਗਾ। ਭਾਰਤ ਟੈਕਸੀ ਨੂੰ ਸਫਲ ਬਣਾਉਣਾ ਸਭ ਤੋਂ ਵੱਡੀ ਜ਼ਿੰਮੇਵਾਰੀ ਸਾਡੇ ਸਾਰਥੀਆਂ ਦੀ ਹੈ। ਜੇਕਰ ਅਸੀਂ ਸਿਰਫ ਤੁਰੰਤ ਲਾਭ ਨੂੰ ਦੇਖ ਕੇ ਫੈਸਲਾ ਕਰਾਂਗੇ, ਤਾਂ ਆਉਣ ਵਾਲੇ ਵਰ੍ਹਿਆਂ ਵਿੱਚ ਫਿਰ ਤੋਂ ਉਸੇ ਸੋਸ਼ਣ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਤੋਂ ਬਾਹਰ ਨਿਕਲਣ ਲਈ ਭਾਰਤ ਟੈਕਸੀ ਦੀ ਸਥਾਪਨਾ ਕੀਤੀ ਗਈ ਹੈ।
ਸ਼੍ਰੀ ਅਮਿਤ ਸ਼ਾਹ ਨੇ ਡਰਾਈਵਰਾਂ ਨੂੰ ਕਿਹਾ ਕਿ ਉਹ ਵਰ੍ਹਿਆਂ ਤੋਂ ਵੱਖ-ਵੱਖ ਕੰਪਨੀਆਂ ਨਾਲ ਕੰਮ ਕਰ ਰਹੇ ਹਨ ਅਤੇ ਉਹ ਖੁਦ ਜਾਣਦੇ ਹਨ ਕਿ ਕਈ ਵਾਰ ਬਿਨਾ ਸੁਣਵਾਈ ਦੇ ਫੈਸਲੇ ਲਏ ਗਏ, ਕਮਾਈ ਵਿੱਚ ਕਟੌਤੀ ਕੀਤੀ ਗਈ, ਅਤੇ ਉਨ੍ਹਾਂ ਦੀ ਮਿਹਨਤ ਦਾ ਪੂਰਾ ਸਨਮਾਨ ਨਹੀਂ ਹੋਇਆ। ਸ਼੍ਰੀ ਸ਼ਾਹ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ 'ਭਾਰਤ ਟੈਕਸੀ' ਕਦੇ ਵੀ ਤੁਹਾਡਾ ਸ਼ੋਸ਼ਣ ਨਹੀਂ ਕਰੇਗੀ, ਕਿਉਂਕਿ ਇਹ ਕੋਈ ਬਾਹਰੀ ਕੰਪਨੀ ਨਹੀਂ ਹੈ, ਸਗੋਂ ਉਨ੍ਹਾਂ ਦੀ ਆਪਣੀ ਸਹਿਕਾਰੀ ਸੰਸਥਾ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਕੰਪਨੀਆਂ ਨੁਕਸਾਨ ਚੁੱਕ ਕੇ ਅਣ-ਉਚਿਤ ਮੁਕਾਬਲੇ ਰਾਹੀਂ ਭਾਰਤ ਟੈਕਸੀ ਨੂੰ ਬਜ਼ਾਰ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਅਜਿਹੀਆਂ ਰਣਨੀਤੀਆਂ ਦੁਨੀਆ ਦੇ ਕੁਝ ਦੇਸ਼ਾਂ ਵਿੱਚ ਚੱਲ ਸਕਦੀਆਂ ਹਨ, ਪਰ ਭਾਰਤ ਵਿੱਚ ਨਹੀਂ ਚੱਲਣਗੀਆਂ, ਕਿਉਂਕਿ ਭਾਰਤ ਦੀ ਆਤਮਾ ਸਹਿਕਾਰਤਾ, ਸੇਵਾ ਅਤੇ ਸਾਰਿਆੰ ਦੀ ਭਲਾਈ ਵਿੱਚ ਵਸਦੀ ਹੈ। ਇੱਥੇ ਸਿਰਫ ਆਪਣਾ ਫਾਇਦਾ ਨਹੀਂ, ਸਗੋਂ ਸਾਰਿਆਂ ਦੇ ਹਿੱਤ ਨੂੰ ਸਰਵਉੱਚ ਮੰਨਿਆ ਜਾਂਦਾ ਹੈ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਸਾਰਥੀਆਂ ਅਤੇ ਗ੍ਰਾਹਕਾਂ ਦੋਵਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਅਸੀਂ ਇੱਕ ਲੰਬੇ ਸਮੇਂ ਦੀ, ਭਰੋਸੇਮੰਦ ਅਤੇ ਨਿਰਪੱਖ ਆਵਾਜਾਈ ਪ੍ਰਣਾਲੀ ਚਾਹੁੰਦੇ ਹਾਂ, ਤਾਂ ਭਾਰਤ ਟੈਕਸੀ ਨੂੰ ਸਫਲ ਬਣਾਉਣਾ ਸਾਡੀ ਸਾਰਿਆਂ ਜੀ ਸਮੂਹਿਕ ਜ਼ਿੰਮੇਵਾਰੀ ਹੈ। ਤੁਸੀਂ ਭਾਰਤ ਟੈਕਸੀ ਦੇ ਨਾਲ ਬਣੇ ਰਹੋ, ਭਾਰਤ ਟੈਕਸੀ ਹਮੇਸ਼ਾ ਤੁਹਾਡੇ ਨਾਲ ਖੜ੍ਹੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਸਹਿਕਾਰਤਾ ਦੇ ਖੇਤਰ ਵਿੱਚ ਅਸੀਂ ਕਈ ਸਫਲ ਉਦਾਹਰਣਾ ਪੇਸ਼ ਕੀਤੀਆਂ ਹਨ। ਅਮੂਲ ਨੂੰ ਨਿਜੀ ਡੇਅਰੀਆਂ ਦੇ ਮੁਕਾਬਲੇ ਦਾ ਸਾਹਮਣਾ ਕਰਨਾ ਪਿਆ, ਇਫਕੋ, ਕ੍ਰਿਭਕੋ, ਅਤੇ ਐੱਨਡੀਡੀਬੀ ਨੂੰ ਵੀ ਨਿਜੀ ਸੰਸਥਾਵਾਂ ਨਾਲ ਮੁਕਾਬਲਾ ਕਰਨਾ ਪਿਆ, ਪਰ ਸਹਿਕਾਰਤਾ ਦੀ ਸ਼ਕਤੀ, ਪਾਰਦਰਸ਼ਿਤਾ ਅਤੇ ਜਨਤਕ ਵਿਸ਼ਵਾਸ ਦੇ ਜ਼ੋਰ ‘ਤੇ ਇਹ ਸੰਸਥਾਵਾਂ ਸਫਲ ਹੋਈਆਂ।
ਸ਼੍ਰੀ ਅਮਿਤ ਸ਼ਾਹ ਨੇ ਡਰਾਈਵਰਾਂ ਨੂੰ ਕਿਹਾ ਕਿ ਭਾਰਤ ਟੈਕਸੀ ਉਨ੍ਹਾਂ ਦੀ ਆਪਣੀ ਸੰਸਥਾ ਹੈ, ਅਤੇ ਇਹ ਤੁਹਾਡੇ ਸੋਸ਼ਣ ਨੂੰ ਰੋਕਣ ਲਈ ਬਣੀ ਹੈ, ਤੁਹਾਨੂੰ ਸਨਮਾਨ ਦੇਣ ਲਈ ਬਣੀ ਹੈ ਅਤੇ ਤੁਹਾਨੂੰ ਖੁਸ਼ਹਾਲ ਬਣਾਉਣ ਲਈ ਬਣੀ ਹੈ। ਆਉਣ ਵਾਲੇ ਸਮੇਂ ਵਿੱਚ ਇਹੋ ਸੰਸਥਾ ਤੁਹਾਨੂੰ ਲੋਨ ਮੁਹੱਈਆ ਕਰਵਾਉਣ, ਬੀਮਾ ਸੁਰੱਖਿਆ ਦੇਣ ਅਤੇ ਤੁਹਾਡੇ ਕਾਰੋਬਾਰ ਦੇ ਵਿਸਥਾਰ ਵਿੱਚ ਸਹਿਯੋਗ ਕਰਨ ਦਾ ਕੰਮ ਵੀ ਕਰੇਗੀ। ਉਨ੍ਹਾਂ ਕਿਹਾ ਕਿ ਇਹ ਕੰਮ ਕੋਈ ਨਿਜੀ ਪਲੈਟਫਾਰਮ ਨਹੀਂ ਕਰ ਸਕਦਾ ਕਿਉਂਕਿ ਉਨ੍ਹਾਂ ਦਾ ਮੁੱਖ ਉਦੇਸ਼ ਆਪਣਾ ਲਾਭ ਹੁੰਦਾ ਹੈ, ਜਦਕਿ ਭਾਰਤ ਟੈਕਸੀ ਦਾ ਟੀਚਾ ਆਪਣੇ ਡਰਾਈਵਰਾਂ ਦੀ ਭਲਾਈ ਹੈ। ਉਨ੍ਹਾਂ ਨੇ ਥੋੜ੍ਹੇ ਸਮੇਂ ਦੇ ਲਾਭ ਦੀ ਬਜਾਏ ਲੰਬੇ ਸਮੇਂ ਦੀ ਸੁਰੱਖਿਆ, ਸਨਮਾਨ ਅਤੇ ਸਥਿਰ ਆਮਦਨ ਨੂੰ ਤਰਜੀਹ ਦੇਣੀ ਹੋਵੇਗੀ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਪੁੱਛਿਆ ਕਿ ਪ੍ਰਤੀਯੋਗੀ ਕੰਪਨੀਆਂ ਆਖਰ ਕਿੰਨੇ ਸ਼ਹਿਰਾਂ ਵਿੱਚ ਕਿਰਾਏ ਘੱਟ ਕਰਨਗੀਆਂ । ਭਾਰਤ ਟੈਕਸੀ ਅਗਲੇ ਡੇਢ ਤੋਂ ਦੋ ਸਾਲਾਂ ਵਿੱਚ 500 ਤੋਂ ਵੱਧ ਸ਼ਹਿਰਾਂ ਅਤੇ ਕਸਬਿਆਂ ਤੱਕ ਪਹੁੰਚੇਗੀ। ਨਾਗਪੁਰ, ਪੁਣੇ, ਮੁੰਬਈ, ਲਖਨਊ, ਚੰਡੀਗੜ੍ਹ, ਜੈਪੁਰ ਅਤੇ ਕੋਲਕਾਤਾ ਸਮੇਤ ਦੇਸ਼ ਦੇ ਕਈ ਸ਼ਹਿਰਾਂ ਵਿੱਚ ਭਾਰਤ ਟੈਕਸੀ ਆਪਣੀਆਂ ਸੇਵਾਵਾਂ ਦਾ ਵਿਸਤਾਰ ਕਰੇਗੀ। 31 ਜੁਲਾਈ, 2026 ਤੋਂ ਪਹਿਲਾਂ ਸੱਤ ਵੱਡੇ ਸ਼ਹਿਰਾਂ ਵਿੱਚ ਭਾਰਤ ਟੈਕਸੀ ਪਹੁੰਚ ਜਾਵੇਗੀ। ਉਨ੍ਹਾਂ ਕਿਹਾ ਕਿ ਅਗਲੇ ਦੋ ਵਰ੍ਹਿਆਂ ਵਿੱਚ ਦੋ ਪਹੀਆ ਵਾਹਨ, ਆਟੋ ਅਤੇ ਚਾਰ ਪਹੀਆ ਵਾਹਨ-ਤਿੰਨੋਂ ਸ਼੍ਰੇਣੀਆਂ ਵਿੱਚ ਭਾਰਤ ਟੈਕਸੀ ਦਾ ਮਾਡਲ ਦੇਸ਼ ਦੇ 500 ਤੋਂ ਵੱਧ ਸ਼ਹਿਰਾਂ ਅਤੇ ਕਸਬਿਆਂ ਵਿੱਚ ਲਾਗੂ ਕੀਤਾ ਜਾਵੇਗਾ।
ਗੁਜਰਾਤ ਵਿੱਚ ਭਾਰਤ ਟੈਕਸੀ ਦੀ ਸ਼ੁਰੂਆਤ 'ਤੇ ਖੁਸ਼ੀ ਪ੍ਰਗਟ ਕਰਦੇ ਹੋਏ, ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਤੁਸੀਂ ਸੱਤ ਲੱਖ 'ਸਾਰਥੀਆਂ' (ਡਰਾਈਵਰਾਂ) ਦੇ ਇੱਕ ਵਿਸ਼ਾਲ ਪਰਿਵਾਰ ਦਾ ਹਿੱਸਾ ਬਣ ਗਏ ਹੋ ਅਤੇ ਭਾਰਤ ਟੈਕਸੀ ਨਾਲ ਜੁੜ ਕੇ ਸਹਿਕਾਰਤਾ ਲਹਿਰ ਨੂੰ ਨਵੀਂ ਸ਼ਕਤੀ ਪ੍ਰਦਾਨ ਕਰ ਰਹੇ ਹੋ। ਉਨ੍ਹਾਂ ਨੇ ਕਿਹਾ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਆਉਣ ਵਾਲੇ ਸਮੇਂ ਵਿੱਚ ਮੋਬੀਲਿਟੀ ਅਤੇ ਆਵਾਜਾਈ ਦੇ ਖੇਤਰ ਵਿੱਚ ਇਹ ਸਹਿਕਾਰੀ ਸੰਸਥਾ ਨਵੀਆਂ ਉਚਾਈਆਂ ਨੂੰ ਛੂਹੇਗੀ ਅਤੇ ਨਿਸ਼ਚਿਤ ਤੌਰ ‘ਤੇ ਸਫਲਤਾ ਹਾਸਲ ਕਰੇਗੀ। ਅੱਜ ਤੁਸੀਂ ਅਜਿਹੇ ਵਿਸ਼ਾਲ ਸਹਿਕਾਰੀ ਪਰਿਵਾਰ ਦਾ ਹਿੱਸਾ ਬਣੇ ਹੋ, ਜਿਸ ਨਾਲ ਦੇਸ਼ ਦੇ ਕਰੋੜਾਂ ਕਿਸਾਨ ਜੁੜੇ ਹੋਏ ਹਨ, ਅਤੇ ਹੁਣ ਗੁਜਰਾਤ ਦੇ ਸਾਰਥੀ ਵੀ ਇਸ ਮਾਣਮੱਤੇ ਸਹਿਕਾਰੀ ਪਰਿਵਾਰ ਦਾ ਇੱਕ ਅਨਿੱਖੜਵਾਂ ਅੰਗ ਬਣ ਰਹੇ ਹਨ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਦੇਸ਼ ਨੂੰ 'ਸਹਕਾਰ ਸੇ ਸਮ੍ਰਿੱਧੀ' ਦਾ ਮੰਤਰ ਦਿੱਤਾ ਹੈ। ਭਾਰਤ ਟੈਕਸੀ ਇਸ ਮੰਤਰ ਨੂੰ ਮੋਬੀਲਿਟੀ ਅਤੇ ਆਵਾਜਾਈ ਖੇਤਰ ਵਿੱਚ ਸਾਕਾਰ ਕਰਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਪਹਿਲਕਦਮੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸਹਿਕਾਰਤਾ ਦਾ ਵਿਸਥਾਰ ਹੋਰ ਨਵੇਂ ਖੇਤਰਾਂ ਵਿੱਚ ਹੋਵੇਗਾ ਅਤੇ ਭਾਰਤ ਟੈਕਸੀ ਡਰਾਈਵਰਾਂ ਦੇ ਸਨਮਾਨ, ਸੁਰੱਖਿਆ ਅਤੇ ਖੁਸ਼ਹਾਲੀ ਦਾ ਮਜ਼ਬੂਤ ਜ਼ਰੀਆ ਬਣੇਗੀ

ਸ਼੍ਰੀ ਅਮਿਤ ਸ਼ਾਹ ਨੇ ਗੁਜਰਾਤ ਦੇ ਸਾਰੇ ਸਾਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਭਾਰਤ ਟੈਕਸੀ ਦੀ ਸਫਲਤਾ ਸੇਵਾ ਭਾਵਨਾ, ਸਹਿਕਾਰੀ ਭਾਵਨਾ ਅਤੇ ਸਾਰਥੀਆੰ ਦੀ ਭਾਗੀਦਾਰੀ ਨਾਲ ਤੈਅ ਹੋਵੇਗੀ। ਉਨ੍ਹਾਂ ਕਿਹਾ ਕਿ ਭਾਰਤ ਟੈਕਸੀ ਨਾਲ ਜੁੜ ਕੇ ਸਾਰਥੀਆਂ ਨੇ ਆਪਣੀ ਖੁਸ਼ਹਾਲੀ, ਸਨਮਾਨ ਅਤੇ ਸੁਰੱਖਿਆ –ਤਿੰਨਾਂ ਦਾ ਰਾਹ ਪੱਧਰਾ ਕੀਤਾ ਹੈ।
ਪ੍ਰੋਗਰਾਮ ਵਿੱਚ ਭਾਰਤ ਟੈਕਸੀ ਦੇ ਵਿਸਥਾਰ ਅਤੇ ਸੁਚਾਰੂ ਸੰਚਾਲਨ ਲਈ ਵੱਖ-ਵੱਖ ਸੰਸਥਾਵਾਂ ਨਾਲ ਸਮਝੌਤਿਆਂ ਦਾ ਆਦਾਨ-ਪ੍ਰਦਾਨ ਵੀ ਕੀਤਾ ਗਿਆ। ਇਨ੍ਹਾਂ ਵਿੱਚ ਏਅਰਪੋਰਟ ਅਥਾਰਿਟੀ ਆਫ ਇੰਡੀਆ, ਰਾਜਕੋਟ; ਏਅਰਪੋਰਟ ਅਥਾਰਿਟੀ ਆਫ਼ ਇੰਡੀਆ, ਸੂਰਤ; ਗੁਜਰਾਤ ਮੈਟਰੋ ਰੇਲ ਕਾਰਪੋਰੇਸ਼ਨ; ਅਹਿਮਦਾਬਾਦ ਮਿਊਂਸੀਪਲ ਕਾਰਪੋਰੇਸ਼ਨ/ਬੱਸ ਰੈਪਿਡ ਟ੍ਰਾਂਜ਼ਿਟ ਸਿਸਟਮ; ਗੁਜਰਾਤ ਰਾਜ ਸਹਿਕਾਰੀ ਬੈਂਕ; ਅਡਾਨੀ ਏਅਰਪੋਰਟ; ਗੁਜਰਾਤ ਟ੍ਰੈਫਿਕ ਪੁਲਿਸ; ਪੱਛਮੀ ਰੇਲਵੇ-ਅਹਿਮਦਾਬਾਦ ਡਿਵੀਜ਼ਨ ਅਤੇ ਵਡੋਦਰਾ ਏਅਰਪੋਰਟ ਸ਼ਾਮਲ ਹਨ। ਇਨ੍ਹਾਂ ਸਮਝੌਤਿਆਂ ਨਾਲ ਹਵਾਈ ਅੱਡਿਆਂ, ਰੇਲਵੇ, ਮੈਟਰੋ, ਸ਼ਹਿਰੀ ਆਵਾਜਾਈ ਅਤੇ ਆਵਾਜਾਈ ਪ੍ਰਬੰਧਨ ਖੇਤਰਾਂ ਨਾਲ ਜੁੜੇ ਖੇਤਰਾਂ ਵਿੱਚ ਭਾਰਤ ਟੈਕਸੀ ਦੀ ਸੇਵਾ ਪਹੁੰਚ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਪ੍ਰੋਗਰਾਮ ਵਿੱਚ ਸਰਵੋਤਮ ਸਾਰਥੀਆਂ ਨੂੰ ਸ਼ੇਅਰ ਸਰਟੀਫਿਕੇਟ ਵੀ ਵੰਡੇ ਗਏ।
************
ਏਕੇ/ਅਹਿਮਦ ਖਾਨ
(रिलीज़ आईडी: 2278513)
आगंतुक पटल : 9