ਸਹਿਕਾਰਤਾ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਨੇਫੈੱਡ ਦੇ ਈ-ਨਿਲਾਮੀ ਪੋਰਟਲ, NAFEX.in ਨੂੰ ਲਾਂਚ ਕੀਤਾ
ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਸਰਵਉੱਚ ਬਲੀਦਾਨ ਦੇਣ ਵਾਲੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਜੀ ਨੂੰ ਬਲੀਦਾਨ ਦਿਵਸ ‘ਤੇ ਸ਼ਤ-ਸ਼ਤ ਨਮਨ
2014 ਵਿੱਚ ਬੰਦ ਹੋਣ ਦੀ ਕਗਾਰ 'ਤੇ ਖੜ੍ਹਾ ਨੇਫੈੱਡ ਅੱਜ ਮੋਦੀ ਸਰਕਾਰ ਵਿੱਚ ₹500 ਕਰੋੜ ਦੇ ਮੁਨਾਫ਼ੇ ਨਾਲ 74 ਲੱਖ ਕਿਸਾਨਾਂ ਦੀ ਸੇਵਾ ਕਰ ਰਿਹਾ ਹੈ
ਵਿਚੋਲੇ ਹੋਣਗੇ ਖਤਮ, ਕਿਸਾਨਾਂ ਦੇ ਪਸੀਨੇ ਦੀ ਕਮਾਈ 48 ਘੰਟਿਆਂ ਦੇ ਅੰਦਰ ਸਿੱਧੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾ ਹੋਵੇਗੀ
ਅਗਲੇ ਦੋ ਸਾਲਾਂ ਵਿੱਚ ਦਾਲਾਂ ਦਾ ਇੱਕ-ਇੱਕ ਦਾਣਾ ਸਿੱਧੇ ਕਿਸਾਨਾਂ ਤੋਂ ਖਰੀਦਣਗੇ ਐੱਨਸੀਸੀਐੱਫ ਅਤੇ ਨੇਫੈੱਡ
ਕਿਸਾਨਾਂ ਦੇ ਬੱਚਿਆਂ ਦੀ ਉੱਚ ਸਿੱਖਿਆ ਅਤੇ ਕਰੀਅਰ ਵਿਕਾਸ ਦੇ ਲਈ ਨੇਫੈੱਡ ਦੇ ਵਜ਼ੀਫ਼ੇ ਸ਼ੁਰੂ, ਮੁਨਾਫ਼ੇ ਦਾ ਇੱਕ ਹਿੱਸਾ ਕਿਸਾਨ ਪਰਿਵਾਰਾਂ ਨੂੰ ਦਿੱਤਾ ਜਾਵੇਗਾ
प्रविष्टि तिथि:
23 JUN 2026 4:41PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਨੈਸ਼ਨਲ ਐਗਰੀਕਲਚਰਲ ਕੋਆਪਰੇਟਿਵ ਮਾਰਕੀਟਿੰਗ ਫੈਡਰੇਸ਼ਨ ਆਫ ਇੰਡੀਆ ਲਿਮਿਟੇਡ (ਨੇਫੈੱਡ) ਦੇ ਈ-ਨਿਲਾਮੀ ਪੋਰਟਲ NAFEX.in ਨੂੰ ਲਾਂਚ ਕੀਤਾ। ਇਸ ਮੌਕੇ ਕੇਂਦਰੀ ਖੇਤੀਬਾੜੀ, ਕਿਸਾਨ ਭਲਾਈ ਅਤੇ ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ, ਸਹਿਕਾਰਤਾ ਰਾਜ ਮੰਤਰੀ ਸ਼੍ਰੀ ਕ੍ਰਿਸ਼ਨ ਪਾਲ ਗੁਰਜਰ, ਸਹਿਕਾਰਤਾ ਸਕੱਤਰ ਡਾ. ਆਸ਼ੀਸ਼ ਕੁਮਾਰ ਭੂਟਾਨੀ ਅਤੇ ਨੇਫੈੱਡ ਦੇ ਚੇਅਰਮੈਨ ਸ਼੍ਰੀ ਜੇਠਾਭਾਈ ਅਹੀਰ ਸਮੇਤ ਕਈ ਪਤਵੰਤੇ ਮੌਜੂਦ ਸਨ।

ਇਸ ਸਮਾਗਮ ਨੂੰ ਸੰਬੋਧਿਤ ਕਰਦੇ ਹੋਏ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਨੇਫੈੱਡ ਨੇ ਅੱਜ ਚਾਰ ਪ੍ਰਮੁੱਖ ਪਹਿਲਕਦਮੀਆਂ ਸ਼ੁਰੂ ਕੀਤੀਆਂ ਹਨ, ਜਿਨ੍ਹਾਂ ਵਿੱਚ NAFEX.in, ਦ੍ਰਿਸ਼ਟੀ, ਈਆਰਪੀ, ਅਤੇ ਨੇਫੈੱਡ ਕਲਿਆਣ ਸ਼ਾਮਲ ਹਨ। ਉਨ੍ਹਾਂ ਕਿਹਾ ਕਿ NAFEX.in ਸਮੇਤ ਇਹ ਪਹਿਲਕਦਮੀਆਂ ਮਹੱਤਵਪੂਰਨ ਹਨ ਕਿਉਂਕਿ 2014 ਵਿੱਚ, ਨੇਫੈੱਡ ਬੰਦ ਹੋਣ ਦੀ ਕਗਾਰ 'ਤੇ ਸੀ ਲੇਕਿਨ ਅੱਜ, ਇਨ੍ਹਾਂ ਯਤਨਾਂ ਸਦਕਾ ਨੇਫੈੱਡ ₹30,000 ਕਰੋੜ ਦੇ ਟਰਨਓਵਰਅਤੇ ₹500 ਕਰੋੜ ਦੇ ਮੁਨਾਫੇ ਨਾਲ ਦੇਸ਼ ਭਰ ਦੇ 74 ਲੱਖ ਤੋਂ ਵੱਧ ਕਿਸਾਨਾਂ ਦੀ ਸੇਵਾ ਕਰ ਰਿਹਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਜਦੋਂ ਨੇਫੈੱਡ ਡੂੰਘੇ ਵਿੱਤੀ ਸੰਕਟ ਵਿੱਚ ਸੀ, ਤਾਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸਨੂੰ ਪੂਰੀ ਪਾਰਦਰਸ਼ਿਤਾ ਨਾਲ ਚਲਾਉਣ ਦਾ ਫੈਸਲਾ ਕੀਤਾ ਸੀ । ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਵਿੱਤੀ ਸਹਾਇਤਾ ਪ੍ਰਦਾਨ ਕਰਕੇ ਨੇਫੈੱਡ ਨੂੰ ਇੱਕ ਵਾਰ ਫਿਰ ਮਜ਼ਬੂਤੀ ਨਾਲ ਖੜ੍ਹਾ ਕਰ ਦਿੱਤਾ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਨੇਫੈੱਡ ਉਤਪਾਦਨ ਅਤੇ ਖਰੀਦ ਦੋਵਾਂ ਵਿੱਚ ਕਾਫ਼ੀ ਵਾਧਾ ਕਰ ਚੁੱਕਿਆ ਹੈ। ਦੇਸ਼ ਨੂੰ ਦਾਲਾਂ ਵਿੱਚ ਆਤਮਨਿਰਭਰ ਬਣਾਉਣ ਲਈ, ਐਨਸੀਸੀਐੱਫ ਅਤੇ ਨੇਫੈੱਡ ਨੂੰ ਕਿਸਾਨਾਂ ਤੋਂ ਸਿੱਧੇ ਤੌਰ 'ਤੇ ਦਾਲਾਂ ਦਾ ਇੱਕ-ਇੱਕ ਦਾਣਾ ਖਰੀਦਣ ਦੀ ਦਿਸ਼ਾ ਵੱਲ ਹੋਰ ਵੀ ਤੇਜ਼ੀ ਨਾਲ ਅੱਗੇ ਵਧਣਾ ਹੈ। ਇਸ ਨਾਲ ਕਿਸਾਨਾਂ ਲਈ ਉਚਿਤ ਅਤੇ ਲਾਭਦਾਇਕ ਕੀਮਤਾਂ ਮਿਲਣਗੀਆਂ, ਤਾਂ ਦਾਲਾਂ ਦੀ ਕਾਸ਼ਤ ਅਧੀਨ ਰਕਬਾ ਆਪਣੇ ਆਪ ਵਧੇਗਾ, ਅਤੇ ਦੇਸ਼ ਦਾਲਾਂ ਵਿੱਚ ਆਤਮਨਿਰਭਰ ਬਣੇਗਾ।
ਕੇਂਦਰੀ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿੱਚ, ਅਸੀਂ ਦਾਲਾਂ, ਮੱਕੀ ਅਤੇ ਹੋਰ ਉਤਪਾਦਾਂ ਦੀ ਸਿੱਧੀ ਖਰੀਦ ਲਈ ਜ਼ਰੂਰੀ ਬੁਨਿਆਦੀ ਢਾਂਚਾ ਤਿਆਰ ਕੀਤਾ ਹੈ। ਹੁਣ, ਇਸ ਬੁਨਿਆਦੀ ਢਾਂਚੇ ਨੂੰ ਹੇਠਾਂ ਤੱਕ ਪਹੁੰਚਾਉਣਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਨੇਫੈੱਡ ਅਤੇ ਐਨਸੀਸੀਐੱਫ ਨੂੰ ਪੂਰੀ ਦ੍ਰਿੜਤਾ ਅਤੇ ਪਾਰਦਰਸ਼ਿਤਾ ਨਾਲ ਕੰਮ ਕਰਨਾ ਹੋਵੇਗਾ, ਤਾਂ ਹੀ ਨਤੀਜੇ ਮਿਲਣਗੇ । ਉਨ੍ਹਾਂ ਕਿਹਾ ਕਿ ਅਸੀਂ ਯਕੀਨੀ ਬਣਾਵਾਂਗੇ ਕਿ ਅਗਲੇ ਦੋ ਸਾਲਾਂ ਦੇ ਅੰਦਰ ਸਾਰੇ ਕਿਸਾਨ ਇਨ੍ਹਾਂ ਦੋਵਾਂ ਸੰਗਠਨਾਂ ਨੂੰ ਸਿੱਧੇ ਦਾਲਾਂ ਵੇਚ ਸਕਣ ਅਤੇ ਉਨ੍ਹਾਂ ਨੂੰ ਭੁਗਤਾਨ ਵੀ ਸਿੱਧੇ ਉਨ੍ਹਾਂ ਦੇ ਖਾਤਿਆਂ ਵਿੱਚ ਮਿਲੇ ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ, ਨੇਫੈੱਡ ਸਿਰਫ਼ ਖੇਤੀਬਾੜੀ ਉਤਪਾਦਾਂ ਦੀ ਖਰੀਦ ਤੱਕ ਸੀਮਿਤ ਨਹੀਂ ਹੈ। ਪਿਛਲੇ ਤਿੰਨ ਸਾਲਾਂ ਵਿੱਚ, ਨੇਫੈੱਡ ਨੇ ਜੈਵਿਕ ਖੇਤੀ, ਬੀਜ ਉਤਪਾਦਨ, ਪ੍ਰਚੂਨ ਕਾਰੋਬਾਰ, ਜੈਵਿਕ ਖਾਦ ਨਿਰਮਾਣ, ਖੁਰਾਕ ਸੁਰੱਖਿਆ ਅਤੇ ਅੰਤਰਰਾਸ਼ਟਰੀ ਵਪਾਰ ਵਰਗੇ ਖੇਤਰਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਜਿਸ ਨਾਲ ਨੇਫੈੱਡ ਦੀ ਪ੍ਰਾਸੰਗਕਿਤਾ ਵੀ ਵਧੀ ਹੈ ਅਤੇ ਮੁਨਾਫਾ ਵੀ ਵਧਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਸਹਿਕਾਰਤਾ ਮੰਤਰਾਲਾ ਬਣਾਇਆ ਗਿਆ ਸੀ, ਤਾਂ ਨੇਫੈੱਡ ਦਾ ਟਰਨਓਵਰ ₹20,000 ਕਰੋੜ ਸੀ, ਜੋ ਹੁਣ ਵਧ ਕੇ ₹30,000 ਕਰੋੜ ਹੋ ਗਿਆ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਅਗਲੇ ਦੋ ਸਾਲਾਂ ਵਿੱਚ ਇਹ ਟਰਨਓਵਰ ਵਧਕੇ ₹50,000 ਕਰੋੜ ਤੋਂ ਪਾਰ ਹੋ ਜਾਵੇਗਾ। ਸ਼੍ਰੀ ਸ਼ਾਹ ਨੇ ਕਿਹਾ ਕਿ ਨੇਫੈੱਡ ਦਾ ਸ਼ੁੱਧ ਮੁਨਾਫਾ ₹139 ਕਰੋੜ ਤੋਂ ਵਧ ਕੇ ₹405 ਕਰੋੜ ਹੋ ਗਿਆ ਹੈ, ਅਤੇ ਨੈੱਟ ਵਰਥ ₹358 ਕਰੋੜ ਤੋਂ ਵਧ ਕੇ ₹2,050 ਕਰੋੜ ਹੋ ਗਈ ਹੈ। ਉਨ੍ਹਾਂ ਕਿਹਾ ਕਿ ਨੇਫੈੱਡ ਅੱਜ ਇੱਕ ਮਜ਼ਬੂਤ, ਵਿੱਤੀ ਤੌਰ 'ਤੇ ਸਮਰੱਥ ਅਤੇ ਸਵੈ-ਨਿਰਭਰ ਸੰਗਠਨ ਵਜੋਂ ਉੱਭਰਿਆ ਹੈ। ਹੁਣ ਸਮਾਂ ਹੈ ਕਿ ਨੇਫੈੱਡ ਅਤੇ ਐਨਸੀਸੀਐੱਫ ਪੂਰੀ ਪਾਰਦਰਸ਼ਿਤਾ ਨਾਲ ਦਾਲਾਂ ਅਤੇ ਹੋਰ ਫਸਲਾਂ ਦਾ ਇੱਕ-ਇੱਕ ਦਾਣਾ ਸਿੱਧਾ ਕਿਸਾਨਾਂ ਤੋਂ ਖਰੀਦਣ, ਵਿਚੋਲਿਆਂ ਦੀ ਪੂਰੀ ਪ੍ਰਣਾਲੀ ਨੂੰ ਖਤਮ ਕਰਨ ਅਤੇ ਮੁਨਾਫ਼ਾ ਜਿਨ੍ਹਾਂ ਕਿਸਾਨਾਂ ਦਾ ਹੱਕ ਹੈ, ਉਹ ਉਨ੍ਹਾਂ ਤੱਕ ਜ਼ਰੂਰ ਪਹੁੰਚਾਉਣ।
ਸਹਿਕਾਰਤਾ ਮੰਤਰੀ ਨੇ ਕਿਹਾ ਕਿ ਨੇਫੈੱਡ ਨੇ ਆਪਣੇ ਮੁਨਾਫ਼ੇ ਦਾ 1% ਕਿਸਾਨ ਪਰਿਵਾਰਾਂ ਦੇ ਬੱਚਿਆਂ ਲਈ ਉੱਚ ਸਿੱਖਿਆ ਅਤੇ ਕਰੀਅਰ ਵਿਕਾਸ ਦੇ ਲਈ ਵਜ਼ੀਫੇ ਦੇਣ ਦਾ ਫੈਸਲਾ ਕੀਤਾ ਹੈ। ਇਹ ਵਿਵਸਥਾ ਕਿਸਾਨਾਂ ਦੇ ਬੱਚਿਆਂ ਨੂੰ ਉੱਚ ਸਿੱਖਿਆ ਅਤੇ ਕਰੀਅਰ ਬਣਾਉਣ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਵਿੱਚ ਸਹਿਯੋਗ ਕਰੇਗੀ।
ਆਪਣੇ ਸੰਬੋਧਨ ਦੀ ਸ਼ੁਰੂਆਤ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਸਾਬਕਾ ਕੇਂਦਰੀ ਮੰਤਰੀ ਅਤੇ ਭਾਰਤੀ ਜਨ ਸੰਘ ਦੇ ਸੰਸਥਾਪਕ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਜੀ ਨੂੰ ਉਨ੍ਹਾਂ ਦੇ ਬਲੀਦਾਨ ਦਿਵਸ 'ਤੇ ਸ਼ਰਧਾਂਜਲੀ ਭੇਟ ਕੀਤੀ। ਸ਼੍ਰੀ ਸ਼ਾਹ ਨੇ ਕਿਹਾ ਕਿ ਇਸ ਦਿਨ, ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੇ "ਇੱਕ ਰਾਸ਼ਟਰ, ਇੱਕ ਸੰਵਿਧਾਨ, ਇੱਕ ਮੁਖੀ" ਦੇ ਸ਼ਿਧਾਂਤ ਨੂੰ ਸਾਕਾਰ ਕਰਨ ਅਤੇ ਦੇਸ਼ ਨੂੰ ਇੱਕਜੁੱਟ ਰੱਖਣ ਲਈ ਬਲੀਦਾਨ ਦਿੱਤਾ ਸੀ । ਉਨ੍ਹਾਂ ਕਿਹਾ ਕਿ ਸ਼ਿਆਮਾ ਪ੍ਰਸਾਦ ਮੁਖਰਜੀ ਇਸ ਰਾਸ਼ਟਰ ਦੇ ਮਹਾਨ ਨੇਤਾਵਾਂ ਵਿੱਚ ਸ਼ੁਮਾਰ ਹਨ। ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਪ੍ਰਸਿੱਧੀ ਲਈ ਕੁਝ ਨਹੀਂ ਕੀਤਾ, ਅਤੇ ਉਨ੍ਹਾਂ ਨੇ ਜੋ ਵੀ ਕੀਤਾ ਉਹ ਲੰਬੇ ਸਮੇਂ ਲਈ ਦੇਸ਼ ਲਈ ਸ਼ੁਭ ਸਾਬਤ ਹੋਇਆ। ਸ਼੍ਰੀ ਸ਼ਾਹ ਨੇ ਕਿਹਾ ਕਿ ਭਾਰਤ ਦੀ ਵੰਡ ਦੌਰਾਨ ਅੰਗਰੇਜ਼ਾਂ ਨਾਲ ਲੜ ਕੇ, ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੇ ਇਹ ਯਕੀਨੀ ਬਣਾਇਆ ਸੀ ਕਿ ਪੱਛਮੀ ਬੰਗਾਲ ਭਾਰਤ ਵਿੱਚ ਰਹੇ। ਇਸੇ ਕਰਕੇ ਪੱਛਮੀ ਬੰਗਾਲ ਅੱਜ ਵੀ ਭਾਰਤ ਦਾ ਇੱਕ ਅਭਿੰਨ ਅੰਗ ਬਣਿਆ ਹੋਇਆ ਹੈ।

ਗ੍ਰਹਿ ਮੰਤਰੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ, ਕਸ਼ਮੀਰ ਵਿੱਚ ਧਾਰਾ 370 ਲਾਗੂ ਕੀਤੀ ਗਈ , ਜਿਸਦੇ ਨਤੀਜੇ ਵਜੋਂ ਕਸ਼ਮੀਰ ਦਾ ਇੱਕ ਵੱਖਰਾ ਰਾਸ਼ਟਰੀ ਝੰਡਾ ਅਤੇ ਸੰਵਿਧਾਨ ਸੀ। ਸ਼੍ਰੀ ਸ਼ਾਹ ਨੇ ਕਿਹਾ ਕਿ ਇਹ ਸੰਕਲਪ ਭਾਰਤ ਦੀ ਏਕਤਾ ਅਤੇ ਅਖੰਡਤਾ ਲਈ ਬਹੁਤ ਖਤਰਨਾਕ ਸੀ। ਫਿਰ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੇ ਇੱਕ ਅੰਦੋਲਨ ਸ਼ੁਰੂ ਕੀਤਾ ਜਿਸ ਵਿੱਚ ਕਿਹਾ ਗਿਆ ਸੀ ਕਿ ਇੱਕ ਦੇਸ਼ ਵਿੱਚ ਦੋ ਸੰਵਿਧਾਨ, ਦੋ ਝੰਡੇ ਅਤੇ ਦੋ ਮੁਖੀ ਨਹੀਂ ਹੋ ਸਕਦੇ। ਇਸ ਲਈ, ਉਨ੍ਹਾਂ ਨੇ ਦਿੱਲੀ ਤੋਂ ਕਸ਼ਮੀਰ ਤੱਕ ਮਾਰਚ ਕੀਤਾ ਅਤੇ ਐਲਾਨ ਕੀਤਾ ਕਿ ਕਸ਼ਮੀਰ ਭਾਰਤ ਦਾ ਹਿੱਸਾ ਹੈ। ਉਨ੍ਹਾਂ ਨੇ ਕਸ਼ਮੀਰ ਵਿੱਚ ਦਾਖਲ ਹੋਣ ਲਈ ਕੋਈ ਪਰਮਿਟ ਲੈਣ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੀ ਮੌਤ ਕਸ਼ਮੀਰ ਦੀ ਇੱਕ ਜੇਲ੍ਹ ਵਿੱਚ ਸ਼ੱਕੀ ਹਾਲਾਤਾਂ ਵਿੱਚ ਹੋਈ। ਸ਼੍ਰੀ ਸ਼ਾਹ ਨੇ ਕਿਹਾ ਕਿ ਕਸ਼ਮੀਰ ਦੇ ਮੁੱਦੇ 'ਤੇ ਹੀ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੇ ਉਸ ਸਮੇਂ ਦੀ ਸਰਕਾਰ ਵਿੱਚ ਉਦਯੋਗ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਗ੍ਰਹਿ ਮੰਤਰੀ ਨੇ ਕਿਹਾ ਕਿ ਅੱਜ ਡਾ. ਸ਼ਿਆਮਾ ਪ੍ਰਸਾਦ ਜੀ ਦਾ ਸੁਪਨਾ ਸਾਕਾਰ ਹੋ ਗਿਆ ਹੈ। ਧਾਰਾ 370 ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੁਆਰਾ ਸਥਾਪਿਤ ਕੀਤੀ ਗਈ ਪਾਰਟੀ ਦੀ ਸਰਕਾਰ ਗੰਗੋਤਰੀ ਤੋਂ ਬੰਗਾਲ ਵਿੱਚ ਗੰਗਾਸਾਗਰ ਤੱਕ ਹੈ। ਉਨ੍ਹਾਂ ਕਿਹਾ ਕਿ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਜੀ ਸੰਸਕ੍ਰਿਤਿਕ ਰਾਸ਼ਟਰਵਾਦ ਅਤੇ ਭਾਰਤੀ ਸੱਭਿਆਚਾਰ ਦੇ ਮਜ਼ਬੂਤ ਸਮਰਥਕ ਸਨ।
************
ਆਰਕੇ/ਏਕੇ/ਪੀਆਰ/ਪੀਐੱਸ/ਸਪਨਾ
(रिलीज़ आईडी: 2277458)
आगंतुक पटल : 6