ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪੱਛਮੀ ਬੰਗਾਲ ਦੇ ਕੋਲਕਾਤਾ ਸਥਿਤ ਸ਼ਿਆਮਾ ਪ੍ਰਸਾਦ ਮੁਖਰਜੀ ਬੰਦਰਗਾਹ 'ਤੇ ਸਵਦੇਸ਼ੀ ਤੌਰ 'ਤੇ ਡਿਜ਼ਾਈਨ ਅਤੇ ਬਣਾਏ ਗਏ ਤਿੰਨ ਜਲ ਸੈਨਾ ਜਹਾਜ਼ਾਂ - ਆਈਐੱਨਐੱਸ ਦੂਨਾਗਿਰੀ, ਆਈਐੱਨਐੱਸ ਸੰਸ਼ੋਧਕ ਅਤੇ ਆਈਐੱਨਐੱਸ ਅਗਰੇ ਦੀ ਸ਼ੁਰੂਆਤ ਕੀਤੀ
ਭਾਰਤੀ ਜਲ ਸੈਨਾ ਵਿੱਚ ਆਈਐੱਨਐੱਸ ਅਗਰੇ, ਆਈਐੱਨਐੱਸ ਦੂਨਾਗਿਰੀ ਅਤੇ ਆਈਐੱਨਐੱਸ ਸੰਸ਼ੋਧਕ ਨੂੰ ਸ਼ਾਮਿਲ ਕੀਤਾ ਗਿਆ ਹੈ: ਪ੍ਰਧਾਨ ਮੰਤਰੀ
21 ਜੂਨ ਵਿਸ਼ਵ ਹਾਈਡ੍ਰੋਗ੍ਰਾਫੀ ਦਿਵਸ ਵਜੋਂ ਵੀ ਮਨਾਇਆ ਜਾਂਦਾ ਹੈ ਅਤੇ ਇਹ ਸੱਚਮੁੱਚ ਵਿੱਚ ਜ਼ਿਕਰਯੋਗ ਸੰਯੋਗ ਹੈ ਕਿ ਠੀਕ ਇਸੇ ਦਿਨ ਅਸੀਂ ਭਾਰਤ ਦੇ ਸਭ ਤੋਂ ਉੱਨਤ ਹਾਈਡ੍ਰੋਗ੍ਰਾਫਿਕ ਜਹਾਜ਼, ਆਈਐੱਨਐੱਸ ਸੰਸ਼ੋਧਕ ਨੂੰ ਕਮਿਸ਼ਨ ਕੀਤਾ ਹੈ: ਪ੍ਰਧਾਨ ਮੰਤਰੀ
ਜਿਸ ਦੇਸ਼ ਦੀ ਸਮੁੰਦਰੀ ਤਾਕਤ ਮਜ਼ਬੂਤ ਹੁੰਦੀ ਹੈ, ਉਸਦਾ ਆਰਥਿਕ ਅਤੇ ਰਣਨੀਤਕ ਪ੍ਰਭਾਵ ਵੀ ਓਨਾ ਹੀ ਮਜ਼ਬੂਤ ਹੁੰਦਾ ਹੈ; ਭਾਰਤ ਇਸ ਹਕੀਕਤ ਨੂੰ ਚੰਗੀ ਤਰ੍ਹਾਂ ਸਮਝਦੇ ਹੋਏ, ਇਸਦੇ ਲਈ ਖ਼ੁਦ ਨੂੰ ਤਿਆਰ ਕਰ ਰਿਹਾ ਹੈ: ਪ੍ਰਧਾਨ ਮੰਤਰੀ
ਆਈਐੱਨਐੱਸ ਵਿਕਰਾਂਤ ਤੋਂ ਅੱਜ ਤੱਕ ਦਾ ਸਫ਼ਰ ਸਿਰਫ਼ ਨਵੇਂ ਜੰਗੀ ਜਹਾਜ਼ਾਂ ਦਾ ਸਫ਼ਰ ਨਹੀਂ ਹੈ; ਇਹ ਭਾਰਤ ਦੀ ਵਧਦੀ ਸਵੈ-ਨਿਰਭਰਤਾ ਦਾ ਸਫ਼ਰ ਹੈ। ਅੱਜ, ਆਈਐੱਨਐੱਸ ਅਗਰੇ, ਆਈਐੱਨਐੱਸ ਦੂਨਾਗਿਰੀ ਅਤੇ ਆਈਐੱਨਐੱਸ ਸੰਸ਼ੋਧਕ ਇਸ ਸਫ਼ਰ ਨੂੰ ਨਵੀਂ ਗਤੀ ਦੇ ਰਹੇ ਹਨ: ਪ੍ਰਧਾਨ ਮੰਤਰੀ
ਭਾਰਤ ਨੇ ਜਹਾਜ਼ ਨਿਰਮਾਣ ਖੇਤਰ ਲਈ ਇੱਕ ਨਵੇਂ ਵਿਜ਼ਨ ਦੇ ਨਾਲ ਅੱਗੇ ਵਧਣਾ ਸ਼ੁਰੂ ਕਰ ਦਿੱਤਾ ਹੈ; ਘਰੇਲੂ ਨਿਰਮਾਣ ਸਮਰੱਥਾ ਨੂੰ ਵਧਾਉਣ ਲਈ ਖ਼ਾਸ ਕਦਮ ਚੁੱਕੇ ਗਏ ਹਨ: ਪ੍ਰਧਾਨ ਮੰਤਰੀ
ਜਹਾਜ਼ ਨਿਰਮਾਣ, ਜਹਾਜ਼ ਮੁਰੰਮਤ ਅਤੇ ਐੱਮਆਰਓ ਨੂੰ ਪ੍ਰਮੁੱਖ ਰਾਸ਼ਟਰੀ ਮਿਸ਼ਨ ਦੇ ਹਿੱਸੇ ਵਜੋਂ ਦੇਖਿਆ ਜਾ ਰਿਹਾ ਹੈ: ਪ੍ਰਧਾਨ ਮੰਤਰੀ
ਭਾਰਤ ਨੇ ਹਮੇਸ਼ਾ ਮਹਾਸਾਗਰ ਨੂੰ ਸਹਿਯੋਗ ਦੇ ਜ਼ਰੀਏ ਵਜੋਂ ਮੰਨਿਆ ਹੈ, ਪਰ ਭਾਰਤ ਇਹ ਵੀ ਜਾਣਦਾ ਹੈ ਕਿ ਸ਼ਾਂਤੀ ਦੀ ਰੱਖਿਆ ਲਈ ਤਾਕਤ ਜ਼ਰੂਰੀ ਹੈ; ਖ਼ੁਸ਼ਹਾਲੀ ਦੀ ਰੱਖਿਆ ਲਈ ਸੁਰੱਖਿਆ ਜ਼ਰੂਰੀ ਹੈ ਅਤੇ ਭਵਿੱਖ ਦੇ ਨਿਰਮਾਣ ਲਈ ਆਤਮ-ਨਿਰਭਰਤਾ ਜ਼ਰੂਰੀ ਹੈ: ਪ੍ਰਧਾਨ ਮੰਤਰੀ
ਅੱਜ, ਆਈਐੱਨਐੱਸ ਅਗਰੇ, ਆਈਐੱਨਐੱਸ ਦੂਨਾਗਿਰੀ ਅਤੇ ਆਈਐੱਨਐੱਸ ਸੰਸ਼ੋਧਕ ਇਸੇ ਭਾਵਨਾ ਦੇ ਪ੍ਰਤੀਕ ਵਜੋਂ ਭਾਰਤੀ ਜਲ ਸੈਨਾ ਵਿੱਚ ਸ਼ਾਮਿਲ ਕੀਤੇ ਗਏ: ਪ੍ਰਧਾਨ ਮੰਤਰੀ
प्रविष्टि तिथि:
21 JUN 2026 12:50PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪੱਛਮੀ ਬੰਗਾਲ ਦੇ ਕੋਲਕਾਤਾ ਸਥਿਤ ਸ਼ਿਆਮਾ ਪ੍ਰਸਾਦ ਮੁਖਰਜੀ ਬੰਦਰਗਾਹ 'ਤੇ ਸਵਦੇਸ਼ੀ ਤੌਰ 'ਤੇ ਡਿਜ਼ਾਈਨ ਕੀਤੇ ਅਤੇ ਬਣਾਏ ਗਏ ਤਿੰਨ ਜਲ ਸੈਨਾ ਜਹਾਜ਼ਾਂ – ਅਡਵਾਂਸਡ ਸਟੀਲਥ ਫ੍ਰਿਗੇਟ ਆਈਐੱਨਐੱਸ ਦੂਨਾਗਿਰੀ, ਸਰਵੇਖਣ ਜਹਾਜ਼ (ਵੱਡਾ) ਆਈਐੱਨਐੱਸ ਸੰਸ਼ੋਧਕ ਅਤੇ ਐਂਟੀ-ਸਬਮਰੀਨ ਖੋਖਲੇ ਪਾਣੀ ਦੇ ਜਹਾਜ਼ ਆਈਐੱਨਐੱਸ ਅਗਰੇ ਨੂੰ ਕਮਿਸ਼ਨ ਕੀਤਾ। ਇਨ੍ਹਾਂ ਜਹਾਜ਼ਾਂ ਦੇ ਸ਼ਾਮਿਲ ਹੋਣ ਨਾਲ ਦੇਸ਼ ਦੀ ਸੰਚਾਲਨ ਸਮਰੱਥਾ ਵਿੱਚ ਜ਼ਿਕਰਯੋਗ ਵਾਧਾ ਹੋਵੇਗਾ, ਸਮੁੰਦਰੀ ਖੇਤਰ ਦੀ ਜਾਗਰੂਕਤਾ ਵਧੇਗੀ ਅਤੇ ਭੂ-ਰਾਜਨੀਤਿਕ ਖ਼ਤਰਿਆਂ ਦੇ ਖ਼ਿਲਾਫ਼ ਤੱਟਵਰਤੀ ਜਲ ਖੇਤਰ ਦੀ ਸੁਰੱਖਿਆ ਮਜ਼ਬੂਤ ਹੋਵੇਗੀ। ਤਿੰਨੋਂ ਜਹਾਜ਼ਾਂ ਨੂੰ ਭਾਰਤੀ ਜਲ ਸੈਨਾ ਦੇ ਜੰਗੀ ਜਹਾਜ਼ ਡਿਜ਼ਾਈਨ ਬਿਊਰੋ ਵੱਲੋਂ ਡਿਜ਼ਾਈਨ ਕੀਤਾ ਗਿਆ ਸੀ ਅਤੇ ਕੋਲਕਾਤਾ ਵਿੱਚ ਗਾਰਡਨ ਰੀਚ ਸ਼ਿਪਬਿਲਡਰਸ ਐਂਡ ਇੰਜੀਨੀਅਰਜ਼ (ਜੀਆਰਐੱਸਈ) ਵੱਲੋਂ ਬਣਾਇਆ ਗਿਆ ਸੀ। ਇਸ ਵਿੱਚ 200 ਤੋਂ ਵੱਧ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਸਮੇਤ ਭਾਰਤੀ ਉਦਯੋਗਾਂ ਦੀ ਵਿਆਪਕ ਭਾਗੀਦਾਰੀ ਸੀ। 75 ਫ਼ੀਸਦੀ ਤੋਂ ਵੱਧ ਸਵਦੇਸ਼ੀ ਸਮੱਗਰੀ ਵਾਲੇ ਇਹ ਜਹਾਜ਼ ਆਤਮ-ਨਿਰਭਰਤਾ ਪ੍ਰਤੀ ਭਾਰਤ ਦੀ ਵਚਨਬੱਧਤਾ ਦਾ ਸਬੂਤ ਵੀ ਹਨ।
ਪ੍ਰਧਾਨ ਮੰਤਰੀ ਨੇ ਮੌਜੂਦ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਮੌਕਾ ਵਿਸ਼ਵ ਭਰ ਵਿੱਚ ਮਨਾਏ ਜਾ ਰਹੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਨਾਲ-ਨਾਲ ਆਇਆ ਹੈ। ਉਨ੍ਹਾਂ ਨੇ ਬੰਗਾਲ ਦੀ ਇਤਿਹਾਸਕ ਧਰਤੀ ’ਤੇ ਆਉਣ ਦਾ ਮੌਕਾ ਪਾ ਕੇ ਖ਼ੁਸ਼ੀ ਪ੍ਰਗਟ ਕੀਤੀ, ਜਿਸਨੇ ਭਾਰਤ ਦੇ ਬੌਧਿਕ, ਸਭਿਆਚਾਰਕ ਅਤੇ ਰਾਸ਼ਟਰੀ ਪੁਨਰਜਾਗਰਣ ਨੂੰ ਆਕਾਰ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਅਤੇ ਸਦੀਆਂ ਤੋਂ ਸਮੁੰਦਰੀ ਮਾਰਗਾਂ ਜ਼ਰੀਏ ਭਾਰਤ ਨੂੰ ਦੁਨੀਆ ਨਾਲ ਜੋੜਿਆ ਹੈ। ਸ਼੍ਰੀ ਮੋਦੀ ਨੇ ਕਿਹਾ, "ਇਹ ਆਯੋਜਨ ਆਤਮ-ਨਿਰਭਰ ਭਾਰਤ, ਸੁਰੱਖਿਅਤ ਭਾਰਤ ਅਤੇ ਵਿਕਸਿਤ ਭਾਰਤ ਦੀ ਦਿਸ਼ਾ ਵਿੱਚ ਇੱਕ ਅਹਿਮ ਉਪਲਬਧੀ ਹੈ।" ਉਨ੍ਹਾਂ ਨੇ ਦੱਸਿਆ ਕਿ 21 ਜੂਨ ਨੂੰ ਵਿਸ਼ਵ ਪੱਧਰ 'ਤੇ ਵਿਸ਼ਵ ਹਾਈਡ੍ਰੋਗ੍ਰਾਫੀ ਦਿਵਸ ਵਜੋਂ ਵੀ ਮਨਾਇਆ ਜਾਂਦਾ ਹੈ। ਸ਼੍ਰੀ ਮੋਦੀ ਨੇ ਇਸਨੂੰ ਇੱਕ ਜ਼ਿਕਰਯੋਗ ਸੰਯੋਗ ਦੱਸਿਆ ਕਿ ਭਾਰਤ ਦਾ ਸਭ ਤੋਂ ਉੱਨਤ ਹਾਈਡ੍ਰੋਗ੍ਰਾਫਿਕ ਸਰਵੇਖਣ ਜਹਾਜ਼, ਆਈਐੱਨਐੱਸ ਸੰਸ਼ੋਧਕ, ਇਸੇ ਦਿਨ ਸੇਵਾ ਵਿੱਚ ਸ਼ਾਮਿਲ ਕੀਤਾ ਗਿਆ ਹੈ। ਭਾਰਤੀ ਜਲ ਸੈਨਾ, ਵਿਗਿਆਨੀਆਂ, ਇੰਜੀਨੀਅਰਾਂ, ਮਜ਼ਦੂਰਾਂ ਅਤੇ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਵਧਾਈ ਦਿੰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਇਹ ਉਪਲਬਧੀ ਭਾਰਤ ਦੀਆਂ ਵਧਦੀ ਟੈਕਨੋਲੋਜੀ ਅਤੇ ਸਮੁੰਦਰੀ ਸਮਰੱਥਾਵਾਂ ਨੂੰ ਦਰਸਾਉਂਦੀ ਹੈ। ਸ਼੍ਰੀ ਮੋਦੀ ਨੇ ਆਧੁਨਿਕ ਦੁਨੀਆ ਵਿੱਚ ਸਮੁੰਦਰੀ ਤਾਕਤ ਦੇ ਮਹੱਤਵ 'ਤੇ ਜ਼ੋਰ ਦਿੰਦੇ ਹੋਏ ਕਿਹਾ, "ਮਜ਼ਬੂਤ ਸਮੁੰਦਰੀ ਸਮਰੱਥਾਵਾਂ ਤੋਂ ਬਿਨਾਂ ਕੋਈ ਵੀ ਰਾਸ਼ਟਰ ਇੱਕ ਪ੍ਰਮੁੱਖ ਤਾਕਤ ਵਜੋਂ ਉੱਭਰ ਨਹੀਂ ਸਕਦਾ। ਵਿਕਾਸ, ਸੁਰੱਖਿਆ ਅਤੇ ਖ਼ੁਸ਼ਹਾਲੀ ਮਹਾਸਾਗਰਾਂ ਨਾਲ ਨੇੜਿਓਂ ਜੁੜੀ ਹੋਈ ਹੈ। ਦੁਨੀਆ ਦਾ ਜ਼ਿਆਦਾਤਰ ਵਪਾਰ ਸਮੁੰਦਰੀ ਮਾਰਗਾਂ ਰਾਹੀਂ ਹੁੰਦਾ ਹੈ, ਜਦੋਂ ਕਿ ਵਿਸ਼ਾਲ ਗਲੋਬਲ ਡੇਟਾ ਨੈੱਟਵਰਕ ਮਹਾਸਾਗਰਾਂ ਦੇ ਹੇਠਾਂ ਸੰਚਾਲਿਤ ਹੁੰਦੇ ਹਨ।" ਉਨ੍ਹਾਂ ਨੇ ਕਿਹਾ ਕਿ ਅਹਿਮ ਖਣਿਜ, ਡੂੰਘੇ ਸਮੁੰਦਰ ਦੇ ਸਰੋਤ ਅਤੇ ਊਰਜਾ ਦੇ ਭਵਿੱਖ ਦੇ ਸਰੋਤ ਤੇਜ਼ੀ ਨਾਲ ਸਮੁੰਦਰੀ ਖੇਤਰ ਨਾਲ ਜੁੜਦੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਕਿਸੇ ਰਾਸ਼ਟਰ ਦਾ ਆਰਥਿਕ ਅਤੇ ਰਣਨੀਤਕ ਪ੍ਰਭਾਵ ਸਿੱਧੇ ਤੌਰ 'ਤੇ ਉਸਦੇ ਸਮੁੰਦਰੀ ਖੇਤਰ ਦੀ ਮਜ਼ਬੂਤੀ ਨਾਲ ਜੁੜਿਆ ਹੋਇਆ ਹੈ।
ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਇਸ ਹਕੀਕਤ ਨੂੰ ਚੰਗੀ ਤਰ੍ਹਾਂ ਸਮਝਦਾ ਹੈ ਅਤੇ ਉਸੇ ਅਨੁਸਾਰ ਤਿਆਰੀ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ, “ਤਿੰਨਾਂ ਜਲ ਸੈਨਾ ਜਹਾਜ਼ਾਂ ਦੀ ਕਮਿਸ਼ਨਿੰਗ ਦੇਸ਼ ਦੀ ਵਧਦੀ ਸਮਰੱਥਾ ਅਤੇ ਹੁਨਰ ਦਾ ਸਬੂਤ ਹੈ।” ਆਈਐੱਨਐੱਸ ਵਿਕਰਾਂਤ ਦੀ ਕਮਿਸ਼ਨਿੰਗ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਸਨੇ ਭਾਰਤ ਦੇ ਸਮੁੰਦਰੀ ਸਫ਼ਰ ਵਿੱਚ ਇੱਕ ਨਵੇਂ ਅਧਿਆਇ ਦੀ ਸ਼ੁਰੂਆਤ ਕੀਤੀ ਅਤੇ ਦੁਨੀਆ ਨੂੰ ਭਾਰਤ ਦੀ ਵਧਦੀ ਜਲ ਸੈਨਾ ਤਾਕਤ ਦਾ ਪ੍ਰਦਰਸ਼ਨ ਕਰਾਇਆ। ਉਨ੍ਹਾਂ ਨੇ ਕਿਹਾ ਕਿ ਆਈਐੱਨਐੱਸ ਵਿਕਰਾਂਤ ਤੋਂ ਲੈ ਕੇ ਆਈਐੱਨਐੱਸ ਅਗਰੇ, ਆਈਐੱਨਐੱਸ ਦੂਨਾਗਿਰੀ ਅਤੇ ਆਈਐੱਨਐੱਸ ਸੰਸ਼ੋਧਕ ਦੀ ਕਮਿਸ਼ਨਿੰਗ ਤੱਕ ਦਾ ਸਫ਼ਰ ਸਿਰਫ਼ ਨਵੇਂ ਜੰਗੀ ਜਹਾਜ਼ਾਂ ਦੀ ਕਹਾਣੀ ਨਹੀਂ ਹੈ, ਸਗੋਂ ਭਾਰਤ ਦੀ ਵਧਦੀ ਆਤਮ-ਨਿਰਭਰਤਾ ਦਾ ਵੀ ਪ੍ਰਤੀਕ ਹੈ। ਸ਼੍ਰੀ ਮੋਦੀ ਨੇ ਜ਼ੋਰ ਦਿੰਦੇ ਹੋਏ ਕਿਹਾ, “ਇਹ ਤਿੰਨ ਜਹਾਜ਼ ਸਵਦੇਸ਼ੀ ਡਿਜ਼ਾਈਨ, ਨਿਰਮਾਣ ਅਤੇ ਇਨੋਵੇਸ਼ਨ ਪ੍ਰਤੀ ਭਾਰਤ ਦੀ ਵਚਨਬੱਧਤਾ ਦਾ ਪ੍ਰਤੀਕ ਹਨ। ਭਾਰਤ ਵਿੱਚ ਡਿਜ਼ਾਈਨ ਕੀਤੇ ਗਏ ਅਤੇ ਬਣਾਏ ਗਏ ਇਹ ਜਹਾਜ਼ ਭਾਰਤੀ ਉਦਯੋਗਾਂ ਦੀ ਪ੍ਰਤਿਭਾ, ਭਾਰਤੀ ਇੰਜੀਨੀਅਰਾਂ ਦੀ ਮੁਹਾਰਤ ਅਤੇ ਭਾਰਤੀ ਮਜ਼ਦੂਰਾਂ ਦੀ ਸਖ਼ਤ ਮਿਹਨਤ ਨੂੰ ਦਰਸਾਉਂਦੇ ਹਨ।”
ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਰੱਖਿਆ ਖੇਤਰ ਵਿੱਚ ਸਿਰਫ਼ ਖ਼ਰੀਦਦਾਰ ਬਣ ਕੇ ਨਹੀਂ ਰਹਿਣਾ ਚਾਹੁੰਦਾ। ਉਨ੍ਹਾਂ ਨੇ ਕਿਹਾ, “ਦੇਸ਼ ਦੀ ਫੌਜੀ ਤਾਕਤ ਦਾ ਮਾਪ ਵਿਸ਼ਵ ਬਜ਼ਾਰਾਂ 'ਤੇ ਉਸਦੀ ਨਿਰਭਰਤਾ ਨਾਲ ਨਹੀਂ, ਸਗੋਂ ਆਤਮ-ਨਿਰਭਰ ਬਣਨ ਦੀ ਉਸਦੀ ਯੋਗਤਾ ਨਾਲ ਕੀਤਾ ਜਾਂਦਾ ਹੈ। ਭਾਰਤ ਇੱਕ ਉਤਪਾਦਕ ਅਤੇ ਮੈਨੁਫੈਕਚਰਰ ਬਣਨਾ ਚਾਹੁੰਦਾ ਹੈ, ਕਿਉਂਕਿ ਜੋ ਦੇਸ਼ ਉਤਪਾਦਨ ਕਰਦੇ ਹਨ, ਉਹ ਵਿਸ਼ਵ ਮੰਚ 'ਤੇ ਫ਼ੈਸਲਾਕੁਨ ਭੂਮਿਕਾ ਨਿਭਾਉਂਦੇ ਹਨ।” ਹਾਲ ਹੀ ਦੀਆਂ ਉਪਲਬਧੀਆਂ ‘ਤੇ ਚਾਨਣਾ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਿਛਲੇ ਕੁਝ ਸਾਲਾਂ ਵਿੱਚ 40 ਤੋਂ ਵੱਧ ਸਵਦੇਸ਼ੀ ਤੌਰ 'ਤੇ ਬਣਾਏ ਗਏ ਜੰਗੀ ਜਹਾਜ਼ ਅਤੇ ਪਣਡੁੱਬੀਆਂ ਭਾਰਤੀ ਜਲ ਸੈਨਾ ਵਿੱਚ ਸ਼ਾਮਿਲ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਲਗਭਗ ਹਰ ਕੁਝ ਹਫ਼ਤਿਆਂ ਵਿੱਚ ਜਲ ਸੈਨਾ ਨੂੰ ਇੱਕ ਨਵੀਂ ਸਮਰੱਥਾ ਪ੍ਰਾਪਤ ਹੁੰਦੀ ਹੈ, ਜਦੋਂ ਕਿ 45 ਪ੍ਰਮੁੱਖ ਜਲ ਸੈਨਾ ਪਲੈਟਫਾਰਮ ਵਰਤਮਾਨ ਵਿੱਚ ਨਿਰਮਾਣ-ਅਧੀਨ ਹਨ। ਉਨ੍ਹਾਂ ਨੇ ਕਿਹਾ ਕਿ ਇਹ ਅੰਕੜੇ ਸਿਰਫ਼ ਸੰਖਿਆ ਨਹੀਂ ਹਨ, ਸਗੋਂ ਭਾਰਤ ਦੀ ਉਦਯੋਗਿਕ ਸਮਰੱਥਾ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਦੇ ਸੂਚਕ ਹਨ।
ਸ਼੍ਰੀ ਮੋਦੀ ਨੇ ਸਮੁੰਦਰੀ ਖੇਤਰ ਦੀ ਅਪਾਰ ਰੁਜ਼ਗਾਰ ਸਿਰਜਣਾ ਸਮਰੱਥਾ ਨੂੰ ਉਜਾਗਰ ਕਰਦੇ ਹੋਏ ਕਿਹਾ, “ਸਰਕਾਰ ਸਮੁੰਦਰੀ ਖੇਤਰ ਨੂੰ ਇੱਕ ਅਲੱਗ-ਥਲੱਗ ਉਦਯੋਗ ਵਜੋਂ ਨਹੀਂ, ਸਗੋਂ ਵਿਕਸਿਤ ਭਾਰਤ ਲਈ ਰੁਜ਼ਗਾਰ ਅਤੇ ਆਰਥਿਕ ਵਿਕਾਸ ਦੇ ਇੱਕ ਪ੍ਰਮੁੱਖ ਇੰਜਣ ਵਜੋਂ ਦੇਖਦੀ ਹੈ। ਇੱਕ ਆਧੁਨਿਕ ਜਹਾਜ਼ ਦੇ ਨਿਰਮਾਣ ਵਿੱਚ ਵੱਡੀ ਮਾਤਰਾ ਵਿੱਚ ਇਸਪਾਤ, ਇਲੈਕਟ੍ਰੌਨਿਕਸ, ਮਸ਼ੀਨਰੀ ਅਤੇ ਹਜ਼ਾਰਾਂ ਪੁਰਜ਼ਿਆਂ ਦੀ ਲੋੜ ਹੁੰਦੀ ਹੈ, ਜਿਸ ਨਾਲ ਵਿਆਪਕ ਉਦਯੋਗਿਕ ਸਪਲਾਈ ਚੇਨਾਂ ਵਿੱਚ ਮੌਕੇ ਪੈਦਾ ਹੁੰਦੇ ਹਨ।” ਤਿੰਨ ਕਮਿਸ਼ਨ ਕੀਤੇ ਗਏ ਜਹਾਜ਼ਾਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੇ ਨਿਰਮਾਣ ਵਿੱਚ 200 ਤੋਂ ਵੱਧ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਦਾ ਯੋਗਦਾਨ ਰਿਹਾ, ਜਿਸ ਨਾਲ ਪੂਰੇ ਦੇਸ਼ ਭਰ ਵਿੱਚ ਢੁਕਵੇਂ ਰੁਜ਼ਗਾਰ ਅਤੇ ਆਰਥਿਕ ਗਤੀਵਿਧੀਆਂ ਦੀ ਸਿਰਜਣਾ ਹੋਈ।
ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਲਈ ਸਮੁੰਦਰੀ ਵਿਕਾਸ ਦੇ ਅਗਲੇ ਪੜਾਅ ਵਿੱਚ ਦਾਖ਼ਲ ਹੋਣ ਦਾ ਸਮਾਂ ਆ ਗਿਆ ਹੈ ਅਤੇ ਸਰਕਾਰ ਨੇ ਜਹਾਜ਼ ਨਿਰਮਾਣ ਖੇਤਰ ਲਈ ਇੱਕ ਨਵਾਂ ਨਜ਼ਰੀਆ ਅਪਣਾਇਆ ਹੈ ਅਤੇ ਘਰੇਲੂ ਮੈਨੁਫੈਕਚਰਿੰਗ ਸਮਰੱਥਾਵਾਂ ਨੂੰ ਵਧਾਉਣ ਲਈ ਹਾਲ ਹੀ ਦੇ ਸਾਲਾਂ ਵਿੱਚ ਕਈ ਨੀਤੀਗਤ ਸੁਧਾਰ ਕੀਤੇ ਹਨ। ਉਨ੍ਹਾਂ ਨੇ ਕਿਹਾ, "ਜਹਾਜ਼ ਖੇਤਰ ਲਈ ਐਲਾਨਿਆ ਗਿਆ ₹70,000 ਕਰੋੜ ਦਾ ਪ੍ਰੋਤਸਾਹਨ ਪੈਕੇਜ ਸਿਰਫ਼ ਇੱਕ ਆਰਥਿਕ ਉਪਾਅ ਨਹੀਂ ਹੈ, ਸਗੋਂ ਭਾਰਤ ਦੇ ਸਮੁੰਦਰੀ ਭਵਿੱਖ ਅਤੇ ਉਦਯੋਗਿਕ ਵਿਸਥਾਰ ਵਿੱਚ ਇੱਕ ਨਿਵੇਸ਼ ਹੈ। ਸਾਗਰਮਾਲਾ ਜਿਹੀਆਂ ਪਹਿਲਕਦਮੀਆਂ ਇਸ ਵਿਆਪਕ ਵਿਜ਼ਨ ਨੂੰ ਦਰਸਾਉਂਦੀਆਂ ਹਨ ਅਤੇ ਲੌਜਿਸਟਿਕਸ ਲਾਗਤ ਨੂੰ ਘੱਟ ਕਰਨ, ਉਦਯੋਗਿਕ ਵਿਕਾਸ ਨੂੰ ਗਤੀ ਦੇਣ ਅਤੇ ਤੱਟਵਰਤੀ ਖੇਤਰਾਂ ਵਿੱਚ ਨਵੇਂ ਮੌਕੇ ਪੈਦਾ ਕਰਨ ਵਿੱਚ ਮਦਦ ਕਰ ਰਹੀਆਂ ਹਨ।"
ਸ਼੍ਰੀ ਮੋਦੀ ਨੇ ਰੱਖਿਆ ਖੇਤਰ ਵਿੱਚ ਭਾਰਤ ਦੇ ਟ੍ਰਾਂਸਫੋਰਮੇਸ਼ਨ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਇੱਕ ਸਮਾਂ ਸੀ ਜਦੋਂ ਭਾਰਤ ਦੁਨੀਆ ਦੇ ਸਭ ਤੋਂ ਵੱਡੇ ਰੱਖਿਆ ਆਯਾਤਕਾਂ ਵਿੱਚੋਂ ਇੱਕ ਸੀ, ਜਿਸ ਨਾਲ ਰਣਨੀਤਕ ਅਤੇ ਸੁਰੱਖਿਆ ਸਬੰਧੀ ਚੁਣੌਤੀਆਂ ਪੈਦਾ ਹੁੰਦੀਆਂ ਸਨ। ਉਨ੍ਹਾਂ ਨੇ ਕਿਹਾ ਕਿ 2014 ਵਿੱਚ ਸਰਕਾਰ ਦੇ ਗਠਨ ਤੋਂ ਬਾਅਦ, ਪ੍ਰਮੁੱਖ ਨੀਤੀਗਤ ਸੁਧਾਰਾਂ ਅਤੇ ਰੱਖਿਆ ਮੈਨੁਫੈਕਚਰਿੰਗ ਵਿੱਚ ਆਤਮ-ਨਿਰਭਰਤਾ 'ਤੇ ਜ਼ੋਰ ਦੇ ਕੇ ਇਸ ਸਥਿਤੀ ਨੂੰ ਬਦਲਣ ਲਈ ਠੋਸ ਯਤਨ ਕੀਤੇ ਗਏ। ਉਨ੍ਹਾਂ ਨੇ ਕਿਹਾ, "ਇਨ੍ਹਾਂ ਯਤਨਾਂ ਨੇ ਰੱਖਿਆ ਡਿਜ਼ਾਈਨ, ਮੈਨੁਫੈਕਚਰਿੰਗ ਅਤੇ ਨਿਰਯਾਤ ਵਿੱਚ ਨਵੇਂ ਮੌਕੇ ਖੋਲ੍ਹੇ ਹਨ। ਜਿੱਥੇ 2014 ਵਿੱਚ ਭਾਰਤ ਦਾ ਕੁੱਲ ਰੱਖਿਆ ਉਤਪਾਦਨ ਲਗਭਗ ₹40,000 ਕਰੋੜ ਸੀ, ਉੱਥੇ ਹੀ ਹੁਣ ਇਹ ਵਧ ਕੇ ਲਗਭਗ ₹1.8 ਲੱਖ ਕਰੋੜ ਹੋ ਗਿਆ ਹੈ, ਜੋ ਇੱਕ ਮਜ਼ਬੂਤ, ਆਤਮ-ਨਿਰਭਰ ਅਤੇ ਵਿਸ਼ਵ ਪੱਧਰ 'ਤੇ ਪ੍ਰਤਿਯੋਗੀ ਰੱਖਿਆ ਉਦਯੋਗ ਦੇ ਨਿਰਮਾਣ ਦੀ ਦਿਸ਼ਾ ਵਿੱਚ ਹੋਈ ਅਹਿਮ ਪ੍ਰਗਤੀ ਨੂੰ ਦਰਸਾਉਂਦਾ ਹੈ।" ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪਿਛਲੇ ਬਾਰਾਂ ਸਾਲਾਂ ਵਿੱਚ ਹੋਈ ਪ੍ਰਗਤੀ ਦਰਸਾਉਂਦੀ ਹੈ ਕਿ ਜਦੋਂ ਨੀਤੀਆਂ ਸਪਸ਼ਟ ਹੋਣ, ਦਿਸ਼ਾ ਸਹੀ ਹੋਵੇ ਅਤੇ ਸਾਰੇ ਹਿਤਧਾਰਕ ਰਾਸ਼ਟਰੀ ਵਿਕਾਸ ਪ੍ਰਤੀ ਸਾਂਝੀ ਵਚਨਬੱਧਤਾ ਨਾਲ ਮਿਲ ਕੇ ਕੰਮ ਕਰਨ, ਤਾਂ ਪਰਿਵਰਤਨਸ਼ੀਲ ਬਦਲਾਅ ਕਿਵੇਂ ਸੰਭਵ ਹੋ ਸਕਦਾ ਹੈ।
ਪ੍ਰਧਾਨ ਮੰਤਰੀ ਨੇ ਭਾਰਤ ਦੀ ਅਮੀਰ ਸਮੁੰਦਰੀ ਵਿਰਾਸਤ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਜਦੋਂ ਵੀ ਦੇਸ਼ ਦੀ ਸਮੁੰਦਰੀ ਵਿਰਾਸਤ ਦੀ ਚਰਚਾ ਹੁੰਦੀ ਹੈ, ਪੱਛਮੀ ਬੰਗਾਲ ਦਾ ਨਾਮ ਸੁਭਾਵਿਕ ਤੌਰ 'ਤੇ ਸਾਹਮਣੇ ਆਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਦੁਨੀਆ ਨਾਲ ਸਮੁੰਦਰੀ ਸਬੰਧਾਂ ਵਿੱਚ ਬੰਗਾਲ ਨੇ ਇਤਿਹਾਸਕ ਤੌਰ 'ਤੇ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਕਿਹਾ ਕਿ ਹੁਗਲੀ ਦਰਿਆ ਦੇ ਪਾਣੀ ਨੇ ਇਤਿਹਾਸ ਦੇ ਬਦਲਦੇ ਅਧਿਆਇ, ਵਪਾਰ ਦੇ ਵਿਕਾਸ ਅਤੇ ਵਿਕਾਸ ਦੇ ਨਵੇਂ ਸਫ਼ਰਾਂ ਨੂੰ ਦੇਖਿਆ ਹੈ। ਉਨ੍ਹਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਬੰਦਰਗਾਹ ਦਾ ਨਾਮ ਬੰਗਾਲ ਦੇ ਪੁੱਤਰ ਅਤੇ ਭਾਰਤ ਦੇ ਪਹਿਲੇ ਉਦਯੋਗ ਮੰਤਰੀ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਨਾਮ 'ਤੇ ਰੱਖਿਆ ਗਿਆ ਹੈ, ਜੋ ਇਸ ਮੌਕੇ ਨੂੰ ਹੋਰ ਵੀ ਅਹਿਮ ਬਣਾਉਂਦਾ ਹੈ। ਸ਼੍ਰੀ ਮੋਦੀ ਨੇ ਕਿਹਾ, "ਆਉਣ ਵਾਲੇ ਸਾਲਾਂ ਵਿੱਚ ਪੱਛਮੀ ਬੰਗਾਲ ਭਾਰਤ ਦੀ ਨੀਲੀ ਅਰਥਵਿਵਸਥਾ, ਸਮੁੰਦਰੀ ਮੈਨੁਫੈਕਚਰਿੰਗ, ਲੌਜਿਸਟਿਕਸ ਅਤੇ ਤੱਟਵਰਤੀ ਵਿਕਾਸ ਦਾ ਇੱਕ ਪ੍ਰਮੁੱਖ ਕੇਂਦਰ ਬਣਨ ਲਈ ਤਿਆਰ ਹੈ।"
ਸ਼੍ਰੀ ਮੋਦੀ ਨੇ ਦੁਹਰਾਇਆ ਕਿ ਭਾਰਤ ਨੇ ਹਮੇਸ਼ਾ ਮਹਾਸਾਗਰਾਂ ਨੂੰ ਸਹਿਯੋਗ ਅਤੇ ਸੰਪਰਕ ਦੇ ਜ਼ਰੀਏ ਵਜੋਂ ਦੇਖਿਆ ਹੈ। ਉਨ੍ਹਾਂ ਨੇ ਜ਼ੋਰ ਦਿੰਦੇ ਹੋਏ ਕਿਹਾ, "ਸੁਰੱਖਿਆ ਖ਼ੁਸ਼ਹਾਲੀ ਦੀ ਰਾਖੀ ਲਈ ਲਾਜ਼ਮੀ ਹੈ, ਜਦੋਂ ਕਿ ਆਤਮ-ਨਿਰਭਰਤਾ ਭਵਿੱਖ ਦੇ ਨਿਰਮਾਣ ਲਈ ਜ਼ਰੂਰੀ ਹੈ। ਆਈਐੱਨਐੱਸ ਅਗਰੇ, ਆਈਐੱਨਐੱਸ ਦੂਨਾਗਿਰੀ ਅਤੇ ਆਈਐੱਨਐੱਸ ਸੰਸ਼ੋਧਕ ਇਨ੍ਹਾਂ ਆਦਰਸ਼ਾਂ ਦੇ ਪ੍ਰਤੀਕ ਹਨ। ਉਹ ਇੱਕ ਅਜਿਹੇ ਰਾਸ਼ਟਰ ਦੀ ਨੁਮਾਇੰਦਗੀ ਕਰਦੇ ਹਨ ਜੋ ਆਪਣੀਆਂ ਸਮਰੱਥਾਵਾਂ ਪ੍ਰਤੀ ਵਧੇਰੇ ਜਾਗਰੂਕ ਹੈ, ਆਪਣੀ ਤਾਕਤ ਨੂੰ ਲੈ ਕੇ ਵਿਸ਼ਵਾਸਪੂਰਨ ਹੈ ਅਤੇ ਇੱਕੀਵੀਂ ਸਦੀ ਵਿੱਚ ਨਵੀਂ ਊਰਜਾ ਅਤੇ ਮੰਤਵ ਨਾਲ ਅੱਗੇ ਵਧਣ ਲਈ ਦ੍ਰਿੜ੍ਹ ਸੰਕਲਪਿਤ ਹੈ।"
ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੀ ਸਮਾਪਤੀ ਵਿੱਚ, ਭਾਰਤੀ ਜਲ ਸੈਨਾ ਨੇ ਸਾਰੇ ਕਰਮਚਾਰੀਆਂ, ਵਿਗਿਆਨੀਆਂ, ਇੰਜੀਨੀਅਰਾਂ, ਮਜ਼ਦੂਰਾਂ ਅਤੇ ਸਾਰੇ ਨਾਗਰਿਕਾਂ ਨੂੰ ਇਨ੍ਹਾਂ ਉਪਲਬਧੀਆਂ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਭਰੋਸਾ ਪ੍ਰਗਟ ਕੀਤਾ ਕਿ ਭਾਰਤ ਦੇ ਸਮੁੰਦਰੀ ਅਤੇ ਰੱਖਿਆ ਖੇਤਰ ਦੇਸ਼ ਦੀ ਸੁਰੱਖਿਆ, ਖ਼ੁਸ਼ਹਾਲੀ ਅਤੇ ਵਿਸ਼ਵ ਪੱਧਰ 'ਤੇ ਸਾਖ ਨੂੰ ਮਜ਼ਬੂਤ ਕਰਨਾ ਜਾਰੀ ਰੱਖਣਗੇ।
***************
ਐੱਮਜੇਪੀਐੱਸ/ਐੱਸਐੱਸ/ਵੀਜੇ
(रिलीज़ आईडी: 2277022)
आगंतुक पटल : 5
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Bengali
,
Bengali-TR
,
Manipuri
,
Assamese
,
Gujarati
,
Tamil
,
Telugu
,
Kannada
,
Malayalam