ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਫ਼ਰਾਂਸ ਵਿੱਚ ਜੀ7 ਸਿਖਰ ਸੰਮੇਲਨ ਵਿੱਚ ‘ਨਵੀਆਂ ਭਾਈਵਾਲੀਆਂ ਬਣਾਉਣਾ ਅਤੇ ਕੌਮਾਂਤਰੀ ਇੱਕਜੁੱਟਤਾ ਦੀ ਮੁੜ ਉਸਾਰੀ’ ਵਿਸ਼ੇ ’ਤੇ ਸੈਸ਼ਨ ਨੂੰ ਸੰਬੋਧਨ ਕੀਤਾ
प्रविष्टि तिथि:
16 JUN 2026 10:07PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਫ਼ਰਾਂਸ ਦੇ ਏਵੀਅਨ ਵਿੱਚ ਜੀ7 ਸਿਖਰ ਸੰਮੇਲਨ ’ਚ ‘ਨਵੀਆਂ ਭਾਈਵਾਲੀਆਂ ਬਣਾਉਣਾ ਅਤੇ ਕੌਮਾਂਤਰੀ ਇਕਜੁੱਟਤਾ ਦੀ ਮੁੜ ਉਸਾਰੀ’ ਵਿਸ਼ੇ ’ਤੇ ਆਊਟਰੀਚ ਸੈਸ਼ਨ ਨੂੰ ਸੰਬੋਧਨ ਕੀਤਾ।
ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਆਪਸ ਵਿੱਚ ਜੁੜੀ ਹੋਈ ਦੁਨੀਆ ਵਿੱਚ, ਜਿੱਥੇ ਊਰਜਾ, ਭੋਜਨ, ਸਿਹਤ, ਸਾਈਬਰ ਅਤੇ ਆਰਥਿਕ ਸੁਰੱਖਿਆ ਇੱਕ-ਦੂਜੇ ਨਾਲ ਜੁੜੇ ਹੋਏ ਹਨ, ਉੱਥੇ ਮਨੁੱਖਤਾ ਦੀ ਤਰੱਕੀ ਅਤੇ ਖ਼ੁਸ਼ਹਾਲੀ ਲਈ ਕੌਮਾਂਤਰੀ ਭਾਈਵਾਲੀ ਬਣਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਅੱਗੇ ਕਿਹਾ ਕਿ ਬੇਯਕੀਨੀ ਨਾਲ ਭਰੀ ਦੁਨੀਆ ਵਿੱਚ ਸੌੜੇ ਹਿੱਤਾਂ ਲਈ ਵਪਾਰ ਅਤੇ ਤਕਨਾਲੋਜੀ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ, ਜਿਸ ਕਾਰਨ ਕੌਮਾਂਤਰੀ ਪੱਧਰ ’ਤੇ ਭਰੋਸੇ ਦੀ ਘਾਟ ਪੈਦਾ ਹੋਈ ਹੈ। ਕੋਵਿਡ ਮਹਾਮਾਰੀ ਤੋਂ ਮਿਲੇ ਸਬਕਾਂ ਦਾ ਹਵਾਲਾ ਦਿੰਦਿਆਂ, ਉਨ੍ਹਾਂ ਨੇ ਸਾਰੇ ਦੇਸ਼ਾਂ ਨੂੰ ਆਲਮੀ ਭਾਈਵਾਲੀਆਂ ਵਿੱਚ ਭਰੋਸਾ ਅਤੇ ਪਾਰਦਰਸ਼ਤਾ ਬਣਾਉਣ ’ਤੇ ਧਿਆਨ ਦੇਣ ਦਾ ਸੱਦਾ ਦਿੱਤਾ।
ਕੌਮਾਂਤਰੀ ਸਹਿਯੋਗ ਪ੍ਰਤੀ ਭਾਰਤ ਦੇ ਨਜ਼ਰੀਏ ਨੂੰ ਸਾਂਝਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਹਮੇਸ਼ਾ ‘ਮਨੁੱਖਤਾ ਪਹਿਲਾਂ’ ਦੇ ਸਿਧਾਂਤ ਦੀ ਪਾਲਣਾ ਕੀਤੀ ਹੈ, ਅਤੇ ਇਹ ਸੋਚ ਸਾਡੇ ਯਤਨਾਂ ਦੇ ਕੇਂਦਰ ਵਿੱਚ ਬਣੀ ਹੋਈ ਹੈ; ਭਾਵੇਂ ਇਹ ਇੰਟਰਨੈਸ਼ਨਲ ਸੋਲਰ ਅਲਾਇੰਸ, ਕੋਏਲੀਸ਼ਨ ਫਾਰ ਡਿਜ਼ਾਸਟਰ ਰੈਜ਼ਿਲੀਐਂਟ ਇਨਫਰਾਸਟ੍ਰਕਚਰ, ਗਲੋਬਲ ਬਾਇਓਫਿਊਲ ਅਲਾਇੰਸ, ਮਿਸ਼ਨ ਲਾਈਫ (LiFE) ਜਾਂ ‘ਏਕ ਪੇੜ ਮਾਂ ਕੇ ਨਾਮ’ ਮੁਹਿੰਮ ਤਹਿਤ ਕੀਤੇ ਜਾਣ ਵਾਲੇ ਕੰਮ ਹੋਣ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸੇ ਸਭ ਨੂੰ ਨਾਲ ਲੈ ਕੇ ਚੱਲਣ ਵਾਲੀ ਪਹੁੰਚ ਕਰਕੇ ਹੀ ਭਾਰਤ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਕੁਦਰਤੀ ਆਫ਼ਤਾਂ ਆਉਣ ’ਤੇ ਸਭ ਤੋਂ ਪਹਿਲਾਂ ਮਦਦ ਲਈ ਪਹੁੰਚਣ ਵਾਲਾ ਦੇਸ਼ ਬਣਿਆ ਹੈ - ਭਾਵੇਂ ਉਹ ਸ੍ਰੀਲੰਕਾ ਵਿੱਚ ਆਇਆ ਚੱਕਰਵਾਤ ਹੋਵੇ, ਅਫ਼ਗਾਨਿਸਤਾਨ ਵਿੱਚ ਭੂਚਾਲ, ਮੋਜ਼ਾਮਬੀਕ ਵਿੱਚ ਹੜ੍ਹ ਜਾਂ ਫਿਰ ਜਮੈਕਾ ਵਿੱਚ ਆਇਆ ਤੂਫ਼ਾਨ ਹੋਵੇ।
ਭਾਰਤ ਦੇ ਸਭ ਨੂੰ ਨਾਲ ਲੈ ਕੇ ਚੱਲਣ ਵਾਲੇ ਅਤੇ ਟਿਕਾਊ ਵਿਕਾਸ ਬਾਰੇ ਪ੍ਰਧਾਨ ਮੰਤਰੀ ਨੇ ਵਿਸਥਾਰ ਨਾਲ ਦੱਸਿਆ ਕਿ “ਸਰਵਜਨ ਹਿਤਾਯ, ਸਰਵਜਨ ਸੁਖਾਯ” (ਸਭ ਦੇ ਭਲੇ ਅਤੇ ਸਭ ਦੇ ਸੁੱਖ) ਦੇ ਮੰਤਰ ਨੇ ਵਿੱਤੀ ਸ਼ਮੂਲੀਅਤ, ਸਿਹਤ ਸੁਰੱਖਿਆ, ਡਿਜੀਟਲ ਪਛਾਣ, ਤਕਨਾਲੋਜੀ ਰਾਹੀਂ ਲੋਕਾਂ ਦੇ ਸ਼ਕਤੀਕਰਨ ਅਤੇ ਔਰਤਾਂ ਦੀ ਅਗਵਾਈ ਹੇਠਲੇ ਵਿਕਾਸ ਨੂੰ ਹੁਲਾਰਾ ਦੇਣ ਵਿੱਚ ਸ਼ਲਾਘਾਯੋਗ ਨਤੀਜੇ ਦਿੱਤੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੌਮਾਂਤਰੀ ਭਾਈਵਾਲੀਆਂ ਨੂੰ ਦੇਣ ਵਾਲੇ ਅਤੇ ਲੈਣ ਵਾਲੇ ਦੀ ਧਾਰਨਾ ਤੋਂ ਅੱਗੇ ਵਧ ਕੇ ਇੱਕਜੁੱਟਤਾ ਅਤੇ ਬਰਾਬਰ ਦੀ ਭਾਈਵਾਲੀ ਵੱਲ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੌਮਾਂਤਰੀ ਕਾਨੂੰਨਾਂ ਦਾ ਸਤਿਕਾਰ ਨਾ ਕਰਨਾ ਕੌਮਾਂਤਰੀ ਇਕਜੁੱਟਤਾ ਬਣਾਉਣ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ ਅਤੇ ਇਸ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਦੀ ਲੋੜ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸ਼ਾਂਤੀ ਅਤੇ ਸਥਿਰਤਾ ਯਕੀਨੀ ਬਣਾਉਣ ਲਈ ਕੌਮਾਂਤਰੀ ਭਾਈਵਾਲੀਆਂ ਵਿੱਚ ਗੱਲਬਾਤ ਅਤੇ ਕੂਟਨੀਤੀ ਨੂੰ ਪਹਿਲ ਦੇਣ ਦੀ ਲੋੜ ਹੈ।
************
ਐੱਮਜੇਪੀਐੱਸ/ਐੱਸਐੱਸ/ਐੱਸਟੀ
(रिलीज़ आईडी: 2274148)
आगंतुक पटल : 6
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Bengali
,
Manipuri
,
Assamese
,
Gujarati
,
Telugu
,
Kannada
,
Malayalam