ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਇੰਡੀਅਨ ਮਿਲਟਰੀ ਅਕੈਡਮੀ ਵਿੱਚ 158ਵੇਂ ਨਿਯਮਤ ਕੋਰਸ ਅਤੇ 141ਵੇਂ ਤਕਨੀਕੀ ਗ੍ਰੈਜੂਏਟ ਕੋਰਸ ਦੀ ਪਾਸਿੰਗ ਆਊਟ ਪਰੇਡ ਦਾ ਨਿਰੀਖਣ ਕੀਤਾ

प्रविष्टि तिथि: 13 JUN 2026 11:13AM by PIB Chandigarh

ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (13 ਜੂਨ, 2026) ਦੇਹਰਾਦੂਨ ਸਥਿਤ ਇੰਡੀਅਨ ਮਿਲਟਰੀ ਅਕੈਡਮੀ ਵਿੱਚ 158ਵੇਂ ਨਿਯਮਤ ਕੋਰਸ ਅਤੇ 141ਵੇਂ ਤਕਨੀਕੀ ਗ੍ਰੈਜੂਏਟ ਕੋਰਸ ਦੀ ਪਾਸਿੰਗ ਆਊਟ ਪਰੇਡ ਦਾ ਨਿਰੀਖਣ ਕੀਤਾ।

ਇਸ ਮੌਕੇ ਰਾਸ਼ਟਰਪਤੀ ਨੇ ਦੇਸ਼ ਦੇ ਸਭ ਤੋਂ ਔਖੇ ਸਿਖਲਾਈ ਪ੍ਰੋਗਰਾਮਾਂ ਵਿੱਚੋਂ ਇੱਕ ਨੂੰ ਸਫਲਤਾਪੂਰਵਕ ਪੂਰਾ ਕਰਨ 'ਤੇ ਅਧਿਕਾਰੀ ਕੈਡੇਟਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਹਿੰਮਤ ਅਤੇ ਬੁੱਧੀਮਤਾ ਹੀ ਉਨ੍ਹਾਂ ਦੀ ਤਾਕਤ ਹੋਵੇਗੀ। ਨੌਂ ਮਹਿਲਾ ਕੈਡੇਟਾਂ ਨੂੰ ਦੇਖ ਕੇ ਉਨ੍ਹਾਂ ਨੂੰ ਬੇਹੱਦ ਖ਼ੁਸ਼ੀ ਹੋਈ। ਉਨ੍ਹਾਂ ਕਿਹਾ ਕਿ ਇਹ ਆਈ.ਐੱਮ.ਏ. ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਪਲ ਹੈ। ਇਹ ਨਾ ਸਿਰਫ਼ ਭਾਰਤ ਦੇ ਰੱਖਿਆ ਬਲਾਂ ਦੇ ਇਤਿਹਾਸ ਵਿੱਚ ਇੱਕ ਵੱਡੀ ਪ੍ਰਾਪਤੀ ਹੈ, ਸਗੋਂ ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ ਦੀ ਦਿਸ਼ਾ ਵਿੱਚ ਭਾਰਤ ਦੀ ਤਰੱਕੀ ਦੀ ਇੱਕ ਪ੍ਰੇਰਨਾਦਾਇਕ ਮਿਸਾਲ ਵੀ ਹੈ। ਉਨ੍ਹਾਂ ਉਮੀਦ ਜਤਾਈ ਕਿ ਹੋਰ ਵੀ ਕਈ ਮਹਿਲਾ ਕੈਡੇਟ ਅਕੈਡਮੀ ਵਿੱਚ ਸ਼ਾਮਲ ਹੋਣਗੀਆਂ।

ਰਾਸ਼ਟਰਪਤੀ ਨੇ ਮਿੱਤਰ ਦੇਸ਼ਾਂ ਦੇ ਕੈਡੇਟਾਂ ਨੂੰ ਵੀ ਵਧਾਈ ਦਿੱਤੀ। ਉਨ੍ਹਾਂ ਨੇ ਭਰੋਸਾ ਪ੍ਰਗਟਾਇਆ ਕਿ ਉਹ ਆਪਣੀ ਸੇਵਾ ਅਤੇ ਆਈ.ਐੱਮ.ਏ. ਵਿੱਚ ਸਿੱਖੀਆਂ ਗਈਆਂ ਕਦਰਾਂ-ਕੀਮਤਾਂ ਰਾਹੀਂ ਆਪਣੇ ਰੱਖਿਆ ਬਲਾਂ ਅਤੇ ਦੇਸ਼ਾਂ ਲਈ ਸ਼ਾਨਦਾਰ ਸੇਵਾਵਾਂ ਪ੍ਰਦਾਨ ਕਰਨਗੇ।

ਰਾਸ਼ਟਰਪਤੀ ਨੇ ਕਿਹਾ ਕਿ ਇੰਡੀਅਨ ਮਿਲਟਰੀ ਅਕੈਡਮੀ (IMA) ਵਿੱਚ ਵਿਦੇਸ਼ੀ ਕੈਡੇਟਾਂ ਦੀ ਮੌਜੂਦਗੀ ਦੁਨੀਆ ਭਰ ਦੇ ਦੇਸ਼ਾਂ ਨਾਲ ਦੋਸਤੀ, ਸਹਿਯੋਗ ਅਤੇ ਸ਼ਾਂਤੀਪੂਰਨ ਸਬੰਧਾਂ ਨੂੰ ਉਤਸ਼ਾਹਿਤ ਕਰਨ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇਸ ਸੰਸਥਾ ਵਿੱਚ ਕੈਡੇਟ ਆਪਸੀ ਵਿਸ਼ਵਾਸ, ਸਮਝ ਅਤੇ ਪੇਸ਼ਾਵਰ ਸਬੰਧ ਵਿਕਸਿਤ ਕਰਦੇ ਹਨ, ਜੋ ਦੇਸ਼ਾਂ ਵਿਚਕਾਰ ਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

ਰਾਸ਼ਟਰਪਤੀ ਨੇ ਅਧਿਕਾਰੀ ਕੈਡੇਟਾਂ ਨੂੰ ਕਿਹਾ ਕਿ ਉਹ ਸਾਡੇ ਦੇਸ਼ ਦੀ ਪ੍ਰਭੂਸੱਤਾ, ਏਕਤਾ ਅਤੇ ਅਖੰਡਤਾ ਦੇ ਰਾਖੇ ਹਨ। ਉਨ੍ਹਾਂ ਉੱਤੇ 140 ਕਰੋੜ ਤੋਂ ਵੱਧ ਨਾਗਰਿਕਾਂ ਦਾ ਭਰੋਸਾ ਹੈ। ਉਨ੍ਹਾਂ ਨੇ ਕੈਡੇਟਾਂ ਨੂੰ ਯਾਦ ਦਿਵਾਇਆ ਕਿ ਸੇਵਾ ਹੀ ਪਰਮ ਧਰਮ ਹੈ। ਉਨ੍ਹਾਂ ਕਿਹਾ ਕਿ ਤੇਜ਼ੀ ਨਾਲ ਬਦਲ ਰਹੀਆਂ ਸੁਰੱਖਿਆ ਚੁਣੌਤੀਆਂ, ਤਕਨੀਕੀ ਤਰੱਕੀ ਅਤੇ ਗੁੰਝਲਦਾਰ ਆਲਮੀ ਮਾਹੌਲ ਦੇ ਇਸ ਦੌਰ ਵਿੱਚ ਭਾਰਤੀ ਸੈਨਾ ਨੂੰ ਹਾਲਾਤ ਮੁਤਾਬਕ ਢਲਣ ਵਾਲੀ ਅਤੇ ਭਵਿੱਖ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਨੌਜਵਾਨ ਅਧਿਕਾਰੀਆਂ ਨੂੰ ਜੀਵਨ ਭਰ ਸਿੱਖਦੇ ਰਹਿਣ ਵਾਲੇ, ਦਲੇਰੀ ਨਾਲ ਫੈਸਲੇ ਲੈਣ ਵਾਲੇ ਅਤੇ ਨੈਤਿਕ ਆਗੂ ਬਣਨ ਦੀ ਅਪੀਲ ਕੀਤੀ।

ਰਾਸ਼ਟਰਪਤੀ ਨੇ ਕਿਹਾ ਕਿ ਸੈਨਾ ਅਧਿਕਾਰੀ ਹੋਣ ਦੇ ਨਾਤੇ, ਕੈਡੇਟ ਜਵਾਨਾਂ ਦੀ ਅਗਵਾਈ ਕਰਨ, ਉਨ੍ਹਾਂ ਦਾ ਮਾਰਗ-ਦਰਸ਼ਨ ਕਰਨ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਲਈ ਜ਼ੁੰਮੇਵਾਰ ਹੋਣਗੇ। ਉਨ੍ਹਾਂ ਨੂੰ ਖੁਦ ਮਿਸਾਲ ਬਣ ਕੇ ਅਗਵਾਈ ਕਰਨੀ ਪਵੇਗੀ, ਉਨ੍ਹਾਂ ਵਿੱਚ ਆਤਮ-ਵਿਸ਼ਵਾਸ ਜਗਾਉਣਾ ਹੋਵੇਗਾ ਅਤੇ ਟੀਮ ਵਰਕ ਤੇ ਸਮਰਪਣ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਹੋਵੇਗਾ। ਜਵਾਨਾਂ ਦੀ ਭਲਾਈ ਦੇ ਨਾਲ-ਨਾਲ ਸੰਚਾਲਨ ਕੁਸ਼ਲਤਾ ਵਿੱਚ ਸੰਤੁਲਨ ਬਣਾ ਕੇ, ਉਹ ਵਿਸ਼ਵਾਸ ਦਾ ਨਿਰਮਾਣ ਕਰਨਗੇ ਅਤੇ ਜਿਨ੍ਹਾਂ ਯੂਨਿਟਾਂ ਦੀ ਉਹ ਅਗਵਾਈ ਕਰਨਗੇ, ਉਨ੍ਹਾਂ ਦੀ ਯੁੱਧ ਸਮਰੱਥਾ ਨੂੰ ਮਜ਼ਬੂਤ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਤੋਂ ਅੱਗੇ ਹੋ ਕੇ ਅਗਵਾਈ ਕਰਨ, ਆਪਣੇ ਜਵਾਨਾਂ ਦੀ ਦੇਖਭਾਲ ਕਰਨ ਅਤੇ ਸਾਡੀਆਂ ਹਥਿਆਰਬੰਦ ਸੈਨਾਵਾਂ ਦੀਆਂ ਸ਼ਾਨਦਾਰ ਪਰੰਪਰਾਵਾਂ ਨੂੰ ਬਰਕਰਾਰ ਰੱਖਣ ਦੀ ਉਮੀਦ ਕੀਤੀ ਜਾਂਦੀ ਹੈ।

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ [ਅੰਗਰੇਜ਼ੀ]

https://static.pib.gov.in/WriteReadData/specificdocs/documents/2026/jun/doc2026613891601.pdf

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ [ਹਿੰਦੀ]

https://static.pib.gov.in/WriteReadData/specificdocs/documents/2026/jun/doc2026613891701.pdf

********

ਐੱਮਜੇਪੀਐੱਸ/ਐੱਸਐੱਸ/ਪੀਆਰਕੇ


(रिलीज़ आईडी: 2273868) आगंतुक पटल : 3
इस विज्ञप्ति को इन भाषाओं में पढ़ें: English , Urdu , हिन्दी , Marathi , Assamese , Bengali , Bengali-TR , Gujarati , Tamil , Malayalam