ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਖੇਡ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਅਦਾਕਾਰ ਵਿਕਰਾਂਤ ਮੈਸੀ ਦੇ ਨਾਲ ਦੇਸ਼ ਭਰ ਵਿੱਚ ਵਿਸ਼ਵ ਸਾਈਕਲ ਦਿਵਸ ਸਮਾਗਮਾਂ ਦੀ ਅਗਵਾਈ ਕੀਤੀ


ਫਿਟਨੈੱਸ ਅਤੇ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਦੇਸ਼ ਭਰ ਦੀਆਂ ਹਜ਼ਾਰਾਂ ਥਾਵਾਂ 'ਤੇ ਆਯੋਜਿਤ ਇੱਕ ਰੋਜ਼ਾ ਪ੍ਰੋਗਰਾਮ ਵਿੱਚ 4 ਲੱਖ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ

प्रविष्टि तिथि: 07 JUN 2026 4:30PM by PIB Chandigarh

ਵਿਸ਼ਵ ਸਾਈਕਲ ਦਿਵਸ ਦੇ ਮੌਕੇ 'ਤੇ ਰਾਸ਼ਟਰੀ ਰਾਜਧਾਨੀ ਸਥਿਤ ਪ੍ਰਸਿੱਧ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਲੋਕਾਂ ਦਾ ਇੱਕ ਵਿਸ਼ਾਲ ਇਕੱਠ ਉਮੜ ਪਿਆ, ਜਿੱਥੇ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਪ੍ਰਸਿੱਧ ਅਦਾਕਾਰ ਵਿਕਰਾਂਤ ਮੈਸੀ, ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਦਾ ਤਗ਼ਮਾ ਜੇਤੂ ਮੁੱਕੇਬਾਜ਼ ਨੁਪੁਰ ਸ਼ਿਓਰਾਨ ਅਤੇ ਕੰਨੜ ਫ਼ਿਲਮ ਅਦਾਕਾਰਾ ਰਾਗਿਨੀ ਦਿਵੇਦੀ ਦੇ ਨਾਲ ਇਸ ਵਿਸ਼ੇਸ਼ ਦੇਸ਼ ਵਿਆਪੀ ਪ੍ਰੋਗਰਾਮ ਦੀ ਅਗਵਾਈ ਕੀਤੀ।

ਨਵੀਂ ਦਿੱਲੀ ਵਿੱਚ 15,000 ਤੋਂ ਵੱਧ ਫਿਟਨੈੱਸ ਪ੍ਰੇਮੀਆਂ ਨੇ ਸਾਈਕਲ ਚਲਾਇਆ, ਜਦੋਂ ਕਿ ਦੇਸ਼ ਭਰ ਵਿੱਚ ਕਾਰਗਿਲ ਅਤੇ ਲੇਹ ਤੋਂ ਲੈ ਕੇ ਕੰਨਿਆਕੁਮਾਰੀ ਅਤੇ ਅਲਾਪੁਝਾ ਤੱਕ ਅਤੇ ਤ੍ਰਿਪੁਰਾ ਤੋਂ ਵਡੋਦਰਾ ਤੱਕ ਹਜ਼ਾਰਾਂ ਥਾਵਾਂ 'ਤੇ ਆਯੋਜਿਤ ਇਸ ਇੱਕ ਰੋਜ਼ਾ ਸਾਈਕਲਿੰਗ ਮੁਹਿੰਮ ਵਿੱਚ 4 ਲੱਖ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ।

 

 

ਦਸੰਬਰ, 2024 ਵਿੱਚ ਡਾ. ਮਨਸੁਖ ਮਾਂਡਵੀਆ ਵੱਲੋਂ ਸ਼ੁਰੂ ਕੀਤੀ ਗਈ ਇਸ ਸਾਈਕਲ ਪਹਿਲਕਦਮੀ ਨਾਲ ਹੁਣ ਤੱਕ 30 ਲੱਖ ਤੋਂ ਵੱਧ ਲੋਕ ਜੁੜ ਚੁੱਕੇ ਹਨ ਅਤੇ ਇਹ ਦੇਸ਼ ਭਰ ਦੀਆਂ ਹਜ਼ਾਰਾਂ ਥਾਵਾਂ ਤੱਕ ਪਹੁੰਚ ਚੁੱਕੀ ਹੈ। ਕੇਂਦਰੀ ਖੇਡ ਮੰਤਰੀ ਨੇ ਇੱਕ ਦੋਸਤਾਨਾ ਰੱਸਾਕਸ਼ੀ ਮੁਕਾਬਲੇ ਵਿੱਚ ਅਦਾਕਾਰ ਵਿਕਰਾਂਤ ਮੈਸੀ ਨੂੰ ਹਰਾਇਆ ਅਤੇ ਇਸ ਤੋਂ ਬਾਅਦ ਭਾਗੀਦਾਰਾਂ ਦੇ ਨਾਲ "ਭਾਰਤ ਮਾਤਾ ਕੀ ਜੈ" ਅਤੇ "ਫਿੱਟ ਇੰਡੀਆ, ਹਿੱਟ ਇੰਡੀਆ" ਦੇ ਨਾਅਰਿਆਂ ਦੇ ਵਿਚਕਾਰ ਸਾਈਕਲ ਚਲਾਇਆ।

ਦੇਸ਼ ਭਰ ਵਿੱਚ ਵੱਖ-ਵੱਖ ਰਾਜ ਸਰਕਾਰਾਂ ਦੇ ਖੇਡ ਵਿਭਾਗਾਂ, ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਏਪੀਐੱਫ), ਤਟਰੱਖਿਅਕ ਬਲ, ਥਲ ਸੈਨਾ, ਨੌ-ਸੈਨਾ, ਹਵਾਈ ਸੈਨਾ, ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐੱਸਐੱਫ), ਸਰਹੱਦੀ ਸੁਰੱਖਿਆ ਬਲ (ਬੀਐੱਸਐੱਫ), ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐੱਫ), ਭਾਰਤ-ਤਿੱਬਤ ਸਰਹੱਦੀ ਪੁਲਿਸ (ਆਈਟੀਬੀਪੀ) ਅਤੇ ਹਥਿਆਰਬੰਦ ਸਰਹੱਦੀ ਬਲ (ਐੱਸਐੱਸਬੀ) ਨੇ ਵੀ ਵੱਡੀ ਗਿਣਤੀ ਵਿੱਚ ਇਸ ਮੁਹਿੰਮ ਵਿੱਚ ਹਿੱਸਾ ਲਿਆ।

ਸਾਈਕਲਿੰਗ ਦੇ ਫਾਇਦਿਆਂ 'ਤੇ ਜ਼ੋਰ ਦਿੰਦੇ ਹੋਏ ਡਾ. ਮਾਂਡਵੀਆ ਨੇ ਕਿਹਾ:

“ਅੱਜ ‘ਫਿੱਟ ਇੰਡੀਆ ਸੰਡੇਜ਼ ਓਨ ਸਾਈਕਲ’ ਦਾ 77ਵਾਂ ਐਡੀਸ਼ਨ ਆਯੋਜਿਤ ਕੀਤਾ ਗਿਆ ਹੈ। ਸਾਈਕਲਿੰਗ ਸਿਹਤ ਵਿੱਚ ਸੁਧਾਰ ਕਰਦੀ ਹੈ ਅਤੇ ਮਾਨਸਿਕ ਤੌਰ 'ਤੇ ਵੀ ਫਿੱਟ ਰੱਖਦੀ ਹੈ। ਇਹ ਬਾਲਣ ਦੀ ਬਚਤ ਕਰਨ ਦੇ ਨਾਲ-ਨਾਲ ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣ ਵਿੱਚ ਵੀ ਸਹਾਇਕ ਹੈ। ਵਧਦੀ ਟ੍ਰੈਫਿਕ ਜਾਮ ਦੀ ਸਮੱਸਿਆ ਦਾ ਹੱਲ ਵੀ ਸਾਈਕਲਿੰਗ ਰਾਹੀਂ ਕੀਤਾ ਜਾ ਸਕਦਾ ਹੈ। ਸਾਈਕਲਿੰਗ ਇੱਕੋ ਸਮੇਂ ਕਈ ਚੁਣੌਤੀਆਂ ਦਾ ਹੱਲ ਪੇਸ਼ ਕਰਦੀ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀ ਰੋਜ਼ਾਨਾ ਘੱਟੋ-ਘੱਟ 30 ਮਿੰਟ ਫਿਟਨੈੱਸ ਲਈ ਸਮਰਪਿਤ ਕਰਨ ਦੀ ਸਲਾਹ ਦਿੱਤੀ ਹੈ। ਜੇਕਰ ਅਸੀਂ ਆਪਣੀ ਰੋਜ਼ਾਨਾ ਫਿਟਨੈੱਸ ਰੁਟੀਨ ਵਿੱਚ ਸਾਈਕਲਿੰਗ ਨੂੰ ਸ਼ਾਮਲ ਕਰੀਏ, ਤਾਂ ਇਹ ਸਾਡੀਆਂ ਕਈ ਸਮੱਸਿਆਵਾਂ ਦਾ ਹੱਲ ਕਰ ਸਕਦੀ ਹੈ। ਆਓ, ਅਸੀਂ ਸਾਰੇ ਆਪਣੇ ਰੋਜ਼ਾਨਾ ਜੀਵਨ ਵਿੱਚ ਸਾਈਕਲਿੰਗ ਨੂੰ ਅਪਣਾਈਏ। ਮੈਨੂੰ ਉਮੀਦ ਹੈ ਕਿ ਤੁਸੀਂ ‘ਸੰਡੇਜ਼ ਓਨ ਸਾਈਕਲ’ ਪਹਿਲਕਦਮੀ ਨਾਲ ਜੁੜੋਗੇ। ਨਿਯਮਿਤ ਤੌਰ 'ਤੇ ਸਾਈਕਲ ਚਲਾਓ, ਫਿੱਟ ਰਹੋ ਅਤੇ ਪ੍ਰਧਾਨ ਮੰਤਰੀ ਮੋਦੀ ਦੇ ਫਿੱਟ ਇੰਡੀਆ ਅੰਦੋਲਨ ਨੂੰ ਅੱਗੇ ਵਧਾਉਣ ਵਿੱਚ ਯੋਗਦਾਨ ਦਿਓ।”

 

 

ਰਾਸ਼ਟਰੀ ਕੈਡੇਟ ਕੋਰ (ਐੱਸੀਸੀ), ਐਗਰੀਵਿਜ਼ਨ, ਕਿਸਾਨ ਯੂਨੀਅਨਾਂ, ਖਿਡਾਰੀਆਂ, ਆਮ ਨਾਗਰਿਕਾਂ, ਮਾਈ ਭਾਰਤ ਵਾਲੰਟੀਅਰਾਂ, ਫਿਜ਼ੀਕਲ ਐਜੂਕੇਸ਼ਨ ਫਾਊਂਡੇਸ਼ਨ ਆਫ਼ ਇੰਡੀਆ (ਪੀਈਐੱਫਆਈ) ਦੇ ਮੈਂਬਰਾਂ, ਕ੍ਰੀੜਾ ਭਾਰਤੀ ਦੇ ਮੈਂਬਰਾਂ ਅਤੇ ਕਈ ਨਮੋ ਫਿੱਟ ਇੰਡੀਆ ਸਾਈਕਲਿੰਗ ਕਲੱਬਾਂ ਨੇ ਵੀ ਇਸ ਮੁਹਿੰਮ ਵਿੱਚ ਹਿੱਸਾ ਲਿਆ। ਇਸ ਮੁਹਿੰਮ ਨੂੰ ਹੇਕਾ, ਫਿਟਸਪਾਇਰ, ਦੇਸੀ ਫਾਰਮਜ਼ , ਏਵਨ ਸਾਈਕਲਜ਼  ਅਤੇ ਸਾਈਕਲੋਫਿਟ ਵਰਗੇ ਸਪਾਂਸਰਾਂ ਦਾ ਸਹਿਯੋਗ ਪ੍ਰਾਪਤ ਹੋਇਆ।

ਵੱਖ-ਵੱਖ ਨਗਰ ਨਿਗਮਾਂ ਨੇ ਵੀ ਆਪਣੇ-ਆਪਣੇ ਖੇਤਰਾਂ ਵਿੱਚ ਸਾਈਕਲਿੰਗ ਪ੍ਰੋਗਰਾਮਾਂ ਦਾ ਆਯੋਜਨ ਕੀਤਾ। ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਨੇ ਦੇਸ਼ ਭਰ ਵਿੱਚ ਮਹਿਲਾਵਾਂ ਲਈ ਵਿਸ਼ੇਸ਼ ਤੌਰ 'ਤੇ ‘ਅਸਮਿਤਾ’ ਸਾਈਕਲਿੰਗ ਮੁਕਾਬਲਿਆਂ ਦਾ ਆਯੋਜਨ ਕੀਤਾ। ਸਾਈਕਲਿੰਗ ਖੇਡਾਂ ਦੀ ਅੰਤਰਰਾਸ਼ਟਰੀ ਸੰਸਥਾ ਯੂਸੀਆਈ (ਯੂਸੀਆਈ) ਨੇ ਵੀ ਇਸ ਪ੍ਰੋਗਰਾਮ ਵਿੱਚ ਸਹਿਯੋਗ ਦਿੱਤਾ।

ਪ੍ਰਸਿੱਧ ਫ਼ਿਲਮ ਅਦਾਕਾਰ ਵਿਕਰਾਂਤ ਮੈਸੀ ਲਈ ‘ਫਿੱਟ ਇੰਡੀਆ ਸੰਡੇਜ਼ ਓਨ ਸਾਈਕਲ’ ਪਹਿਲਕਦਮੀ ਨੇ ਬਚਪਨ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਅਤੇ ਉਨ੍ਹਾਂ ਨੂੰ ਸੁਸਤ ਜੀਵਨ-ਸ਼ੈਲੀ ਅਤੇ ਸਕ੍ਰੀਨ 'ਤੇ ਬਿਤਾਏ ਜਾਣ ਵਾਲੇ ਬਹੁਤ ਜ਼ਿਆਦਾ ਸਮੇਂ ਦੇ ਇਸ ਦੌਰ ਵਿੱਚ ਚੰਗੀ ਸਿਹਤ ਦੇ ਮਹੱਤਵ ਦੀ ਯਾਦ ਦਿਵਾਈ।

ਉਨ੍ਹਾਂ ਨੇ ਕਿਹਾ:

“ਕਈ ਸਾਲਾਂ ਬਾਅਦ ਇਸ ਐਤਵਾਰ ਦੀ ਸਵੇਰ ਨੇ ਮੈਨੂੰ ਉਨ੍ਹਾਂ ਦਿਨਾਂ ਦੀ ਯਾਦ ਦਿਵਾ ਦਿੱਤੀ, ਜਦੋਂ ਅਸੀਂ ਬਚਪਨ ਵਿੱਚ ਆਪਣੇ ਦੋਸਤਾਂ ਨਾਲ ਬਾਹਰ ਘੁੰਮਣ ਜਾਇਆ ਕਰਦੇ ਸੀ। ਕਈ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ। ਖੇਡ ਮੰਤਰੀ ਡਾ. ਮਨਸੁਖ ਮਾਂਡਵੀਆ ਪਿਛਲੇ ਡੇਢ ਤੋਂ ਦੋ ਸਾਲਾਂ ਤੋਂ ਇਸ ਪਹਿਲਕਦਮੀ ਪ੍ਰਤੀ ਬਹੁਤ ਸਮਰਪਿਤ ਹਨ। ਉਹ ਰੋਜ਼ਾਨਾ ਸਾਈਕਲ ਚਲਾਉਂਦੇ ਹਨ ਅਤੇ ਹਰ ਐਤਵਾਰ ਇਸ ਵਿੱਚ ਹਿੱਸਾ ਲੈਂਦੇ ਹਨ, ਜੋ ਕਿ ਸੱਚਮੁੱਚ ਪ੍ਰੇਰਨਾਦਾਇਕ ਹੈ। ਇਹ ਹੁਣ ਇੱਕ ਅੰਦੋਲਨ ਦਾ ਰੂਪ ਲੈ ਚੁੱਕਾ ਹੈ। ਅੱਜ ਇੱਥੇ ਘੱਟੋ-ਘੱਟ 15,000 ਤੋਂ 18,000 ਲੋਕ ਮੌਜੂਦ ਹਨ, ਜੋ ਉਨ੍ਹਾਂ ਦੀ ਮਿਹਨਤ ਨੂੰ ਦਰਸਾਉਂਦਾ ਹੈ। ਅਸੀਂ ਸਾਰੇ ਚੰਗੀ ਸਿਹਤ ਦੇ ਮਹੱਤਵ ਨੂੰ ਸਮਝਦੇ ਹਾਂ। ਸਾਨੂੰ ਆਪਣੇ ਬੱਚਿਆਂ ਨੂੰ ਸਕ੍ਰੀਨ 'ਤੇ ਬਿਤਾਏ ਜਾਣ ਵਾਲੇ ਸਮੇਂ ਨੂੰ ਘਟਾਉਣ ਅਤੇ ਮੈਦਾਨਾਂ ਵਿੱਚ ਜਾ ਕੇ ਖੇਡਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਤੁਸੀਂ ਚਾਹੇ ਜਿੰਨਾ ਮਰਜ਼ੀ ਪੈਸਾ ਕਮਾ ਲਓ ਜਾਂ ਜਿੰਨੀ ਮਰਜ਼ੀ ਦੌਲਤ-ਸ਼ੋਹਰਤ ਹਾਸਲ ਕਰ ਲਓ, ਸਿਹਤ ਤੋਂ ਬਿਨਾਂ ਉਸਦਾ ਕੋਈ ਮਹੱਤਵ ਨਹੀਂ ਹੈ।”

उन्होंने कहा:

80 ਕਿਲੋਗ੍ਰਾਮ ਵਰਗ ਵਿੱਚ ਵਿਸ਼ਵ ਕੱਪ ਦੀ ਦੋ ਵਾਰ ਦੀ ਸੋਨ ਤਗ਼ਮਾ ਜੇਤੂ ਮੁੱਕੇਬਾਜ਼ ਨੁਪੁਰ ਸ਼ਿਓਰਾਨ ਨੇ ਕਿਹਾ ਕਿ ‘ਫਿੱਟ ਇੰਡੀਆ’ ਵਰਗੀਆਂ ਪਹਿਲਕਦਮੀਆਂ ਕਾਰਨ ਭਾਰਤੀ ਨਾਗਰਿਕ ਹੁਣ ਸਰੀਰਕ ਫਿਟਨੈੱਸ ਪ੍ਰਤੀ ਵਧੇਰੇ ਜਾਗਰੂਕ ਹੋਏ ਹਨ। ਸਾਈਕਲ ਚਲਾਉਣ ਤੋਂ ਪਹਿਲਾਂ ਉਨ੍ਹਾਂ ਨੇ ਅਦਾਕਾਰ ਵਿਕਰਾਂਤ ਮੈਸੀ ਨੂੰ ਮੁੱਕੇਬਾਜ਼ੀ ਨਾਲ ਸਬੰਧਤ ਕੁਝ ਸੁਝਾਅ ਵੀ ਦਿੱਤੇ।

 

 

 

ਨੁਪੁਰ ਸ਼ਿਓਰਾਨ ਨੇ ਕਿਹਾ:

“‘ਫਿੱਟ ਇੰਡੀਆ ਸੰਡੇਜ਼ ਓਨ ਸਾਈਕਲ’ ਇੱਕ ਬਹੁਤ ਹੀ ਸ਼ਲਾਘਾਯੋਗ ਪਹਿਲਕਦਮੀ ਹੈ। ਅੱਜ ਇੱਥੇ ਉਮੜੀ ਵੱਡੀ ਭੀੜ ਇਸ ਗੱਲ ਦਾ ਸਬੂਤ ਹੈ ਕਿ ਲੋਕ ਸਰੀਰਕ ਫਿਟਨੈੱਸ ਪ੍ਰਤੀ ਕਿੰਨੇ ਜਾਗਰੂਕ ਹੋ ਚੁੱਕੇ ਹਨ। ਸਾਈਕਲਿੰਗ ਸੱਚਮੁੱਚ ਇੱਕ ਅਨੰਦਦਾਇਕ ਅਤੇ ਲਾਭਦਾਇਕ ਗਤੀਵਿਧੀ ਹੈ। ਮੈਂ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਉਹ ਰੋਜ਼ਾਨਾ ਘੱਟੋ-ਘੱਟ 15 ਤੋਂ 30 ਮਿੰਟ ਸਾਈਕਲਿੰਗ ਜਾਂ ਕਿਸੇ ਹੋਰ ਸਰੀਰਕ ਗਤੀਵਿਧੀ ਲਈ ਜ਼ਰੂਰ ਕੱਢਣ।”

ਪ੍ਰਸਿੱਧ ਟ੍ਰਿਪਲ ਜੰਪ ਖਿਡਾਰੀ ਪ੍ਰਾਚੀ ਤੋਮਰ ਅਤੇ ਰਾਸ਼ਟਰੀ ਪੱਧਰ ਦੀ 3000 ਮੀਟਰ ਸਟੀਪਲਚੇਜ਼ ਦੌੜਾਕ ਸ਼ਿਵਾਨੀ ਪ੍ਰਧਾਨੀਆ ਨੇ ਵੀ ਸਾਈਕਲੋਥਾਨ ਵਿੱਚ ਹਿੱਸਾ ਲਿਆ।

ਪ੍ਰੋਗਰਾਮ ਵਾਲੀ ਥਾਂ 'ਤੇ ਇੱਕ ਮਨੋਰੰਜਨ ਖੇਤਰ ਵੀ ਬਣਾਇਆ ਗਿਆ ਸੀ, ਜਿੱਥੇ ਲੋਕਾਂ ਨੂੰ ਬੈਡਮਿੰਟਨ, ਸ਼ਤਰੰਜ, ਕੈਰਮ ਅਤੇ ਲੂਡੋ ਵਰਗੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ। ਇਸ ਤੋਂ ਇਲਾਵਾ ਲੈਮਨ ਰੇਸ , ਬਾਲ ਗੇਮ, ਰੱਸਾਕਸ਼ੀ, ਸਕੁਐਟ ਚੈਲੇਂਜ ਅਤੇ ਪੁਸ਼-ਅੱਪ ਚੈਲੇਂਜ ਵਰਗੇ ਮੁਕਾਬਲੇ ਵੀ ਕਰਵਾਏ ਗਏ।

‘ਫਿੱਟ ਇੰਡੀਆ ਸੰਡੇਜ਼ ਓਨ ਸਾਈਕਲ’ ਦਾ ਆਯੋਜਨ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ (ਐੱਮਵਾਈਏਐੱਸ) ਵੱਲੋਂ ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ (ਸੀਐੱਫਆਈ), ਯੋਗਾਸਨ ਭਾਰਤ, ਰਾਹਗੀਰੀ ਫਾਊਂਡੇਸ਼ਨ ਅਤੇ ਮਾਈ ਭਾਰਤ ਦੇ ਸਹਿਯੋਗ ਨਾਲ ਕੀਤਾ ਜਾਂਦਾ ਹੈ। ਇਹ ਸਾਈਕਲਿੰਗ ਮੁਹਿੰਮ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਇੱਕੋ ਸਮੇਂ ਆਯੋਜਿਤ ਕੀਤੀ ਜਾਂਦੀ ਹੈ, ਜਿਸ ਵਿੱਚ ਭਾਰਤੀ ਖੇਡ ਅਥਾਰਟੀ ਐੱਸਏਆਈ (SAI) ਦੇ ਖੇਤਰੀ ਕੇਂਦਰ, ਰਾਸ਼ਟਰੀ ਉੱਤਮਤਾ ਕੇਂਦਰ (ਐੱਨਸੀਓਈ), ਸਾਈ ਸਿਖਲਾਈ ਕੇਂਦਰ (ਐੱਸਟੀਸੀ), ਖੇਲੋ ਇੰਡੀਆ ਰਾਜ ਉੱਤਮਤਾ ਕੇਂਦਰ (ਕੇਆਈਐੱਸਸੀਈ) ਅਤੇ ਖੇਲੋ ਇੰਡੀਆ ਕੇਂਦਰ (ਕੇਆਈਸੀ) ਸ਼ਾਮਲ ਹਨ।

 

************

ਆਯੁਸ਼ਮਾਨ ਕੁਮਾਰ


(रिलीज़ आईडी: 2271197) आगंतुक पटल : 27
इस विज्ञप्ति को इन भाषाओं में पढ़ें: English , Urdu , Marathi , हिन्दी , Gujarati , Tamil , Telugu , Malayalam