ਪ੍ਰਧਾਨ ਮੰਤਰੀ ਦਫਤਰ
ਅਹਿਮਦਾਬਾਦ ਵਿੱਚ ਵਿਸ਼ਵ ਚੈਂਪੀਅਨਸ਼ਿਪ ਮੌਕੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
प्रविष्टि तिथि:
04 JUN 2026 7:47PM by PIB Chandigarh
ਨਮਸਕਾਰ !
ਅੱਜ ਅਹਿਮਦਾਬਾਦ ਦੀ ਧਰਤੀ ਤੋਂ ਵਿਸ਼ਵ ਦੀ ਖੇਡ ਵਿਰਾਸਤ ਵਿੱਚ ਇੱਕ ਹੋਰ ਨਵਾਂ ਅਧਿਆਇ ਜੁੜਿਆ ਹੈ। ਅੱਜ, ਪਹਿਲੀ ਵਿਸ਼ਵ ਯੋਗਾਸਨ ਚੈਂਪੀਅਨਸ਼ਿਪ ਸ਼ੁਰੂ ਹੋ ਰਹੀ ਹੈ। ਮੈਂ ਇਸ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਆਏ, ਸਾਰੇ ਦੇਸ਼ਾਂ ਦੇ ਐਥਲੀਟਾਂ ਦਾ ਭਾਰਤ ਵਿੱਚ ਸਵਾਗਤ ਕਰਦਾ ਹਾਂ ਅਤੇ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ। ਅਹਿਮਦਾਬਾਦ, ਯੂਨੈਸਕੋ ਵਰਲਡ ਹੈਰੀਟੇਜ ਸਿਟੀ ਹੈ ਅਤੇ ਭਾਰਤ ਦੇ ਇਸ ਇਤਿਹਾਸਕ ਸ਼ਹਿਰ ਵਿੱਚ ਇਹ ਸਮਾਗਮ ਪੂਰੇ ਦੇਸ਼ ਲਈ ਮਾਣ ਵਾਲੀ ਗੱਲ ਹੈ। ਹੁਣ ਤੋਂ ਕੁਝ ਦਿਨਾਂ ਬਾਅਦ, 21 ਜੂਨ ਨੂੰ ‘ਵਿਸ਼ਵ ਯੋਗਾ ਦਿਵਸ’ ਵੀ ਮਨਾਇਆ ਜਾਵੇਗਾ। ਉਸ ਦਿਨ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਯੋਗ ਨਾਲ ਜੁੜੇ ਸਮਾਗਮ ਹੋਣਗੇ, ਅਤੇ ਇਸ ਦਾ ਮੁੱਖ ਪ੍ਰੋਗਰਾਮ ਭਾਰਤ ਦੇ ਇੱਕ ਹੋਰ ਇਤਿਹਾਸਕ ਸ਼ਹਿਰ ਕੋਲਕਾਤਾ ਵਿੱਚ ਹੋਵੇਗਾ। ਵਿਸ਼ਵ ਯੋਗਾ ਦਿਵਸ ਤੋਂ ਪਹਿਲਾਂ ਵਿਸ਼ਵ ਯੋਗਾਸਨ ਚੈਂਪੀਅਨਸ਼ਿਪ, ਆਪਣੇ ਆਪ ਵਿੱਚ ਹੈਲਥ ਅਤੇ ਵੈੱਲਨੈੱਸ ਦੀ ਡਬਲ ਡੋਜ਼ ਲੈ ਕੇ ਆਈ ਹੈ।
ਸਾਥੀਓ,
ਕਰੀਬ ਇੱਕ ਦਹਾਕਾ ਪਹਿਲਾਂ ਭਾਰਤ ਸੰਯੁਕਤ ਰਾਸ਼ਟਰ (ਯੂਐੱਨ) ਵਿੱਚ ਕੌਮਾਂਤਰੀ ਯੋਗ ਦਿਵਸ ਦਾ ਮਤਾ ਲੈ ਕੇ ਗਿਆ ਸੀ। ਅਸੀਂ ਪ੍ਰਾਚੀਨ ਭਾਰਤੀ ਪਰੰਪਰਾ ਨੂੰ ਪੂਰੀ ਮਨੁੱਖਤਾ ਦੀ ਸਿਹਤ ਅਤੇ ਸਮੂਹਿਕ ਭਲਾਈ ਨਾਲ ਜੋੜਨਾ ਚਾਹੁੰਦੇ ਸੀ ਅਤੇ ਉਦੋਂ ਯੂਐੱਨ ਵਿੱਚ 190 ਦੇਸ਼ਾਂ ਨੇ ਭਾਰਤ ਦੇ ਇਸ ਮਤੇ ਦਾ ਸਮਰਥਨ ਕੀਤਾ ਸੀ। ਅੱਜ ਇਹ ਦੇਖ ਕੇ ਬਹੁਤ ਖ਼ੁਸ਼ੀ ਹੁੰਦੀ ਹੈ ਕਿ ਕਰੋੜਾਂ ਲੋਕ ਯੋਗ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਾ ਚੁੱਕੇ ਹਨ। ਧਿਆਨ, ਪ੍ਰਾਣਾਯਾਮ, ਉਨ੍ਹਾਂ ਦੀ ਜੀਵਨ-ਸ਼ੈਲੀ ਦਾ ਹਿੱਸਾ ਬਣ ਰਹੇ ਹਨ।
ਪਰ ਸਾਥੀਓ,
ਹਰ ਜਿਊਂਦੀ-ਜਾਗਦੀ ਪਰੰਪਰਾ, ਸਮੇਂ ਦੇ ਨਾਲ ਨਵੇਂ ਪੜਾਅ ਵਿੱਚ ਦਾਖਲ ਹੁੰਦੀ ਹੈ। ਯੋਗਾਸਨ ਸਪੋਰਟਸ ਦੀ ਇਹ ਵਿਸ਼ਵ ਚੈਂਪੀਅਨਸ਼ਿਪ, ਇਸੇ ਪੜਾਅ ਦੀ ਸ਼ੁਰੂਆਤ ਹੈ। ਇਸ ਚੈਂਪੀਅਨਸ਼ਿਪ ਰਾਹੀਂ ਯੋਗਾਸਨ ਨੂੰ ਇੱਕ ਮੁਕਾਬਲੇਬਾਜ਼ੀ ਵਾਲੀ ਖੇਡ ਵਜੋਂ ਨਵੀਂ ਪਛਾਣ ਮਿਲੇਗੀ। ਮੈਨੂੰ ਵਿਸ਼ਵਾਸ ਹੈ ਕਿ ਭਵਿੱਖ ਵਿੱਚ ਯੋਗਾਸਨ ਵੀ ਕੌਮਾਂਤਰੀ ਖੇਡਾਂ ਵਿੱਚ ਆਪਣੀ ਜਗ੍ਹਾ ਬਣਾਵੇਗਾ, ਭਾਵੇਂ ਓਲੰਪਿਕਸ ਹੋਵੇ ਜਾਂ ਮਲਟੀ-ਸਪੋਰਟਸ ਈਵੈਂਟਸ ਹੋਣ, ਅਸੀਂ ਜਿੰਨੀ ਮਿਹਨਤ ਕਰਾਂਗੇ, ਓਨੇ ਹੀ ਵਧੀਆ ਨਤੀਜੇ ਆ ਸਕਦੇ ਹਨ। ਅਤੇ ਯਕੀਨੀ ਤੌਰ ਉੱਤੇ ਇਸ ਵਿੱਚ ਅਹਿਮਦਾਬਾਦ ਵਿੱਚ ਹੋਣ ਜਾ ਰਹੀ ਇਸ ਪਹਿਲੀ ਵਿਸ਼ਵ ਯੋਗਾਸਨ ਚੈਂਪੀਅਨਸ਼ਿਪ ਦੀ ਬਹੁਤ ਵੱਡੀ ਭੂਮਿਕਾ ਹੋਵੇਗੀ।
ਸਾਥੀਓ,
ਯੋਗਾਸਨ ਸਪੋਰਟਸ ਦਾ ਇੱਕ ਹੋਰ ਪੱਖ ਹੈ। ਅਸੀਂ ਜਾਣਦੇ ਹਾਂ ਕਿ ਹਰ ਵੱਡੀ ਖੇਡ ਆਪਣੇ ਨਾਲ ਇੱਕ ਪੂਰਾ ਈਕੋਸਿਸਟਮ ਲੈ ਕੇ ਆਉਂਦੀ ਹੈ। ਇਹ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਦੀ ਹੈ, ਇਸ ਲਈ ਜਿਵੇਂ-ਜਿਵੇਂ ਯੋਗਾਸਨ ਸਪੋਰਟਸ ਦਾ ਵਿਸਥਾਰ ਹੋਵੇਗਾ, ਉਵੇਂ-ਉਵੇਂ ਇਸ ਨਾਲ ਜੁੜੀਆਂ ਨਵੀਆਂ ਸੰਭਾਵਨਾਵਾਂ ਵੀ ਵਧਣਗੀਆਂ। ਇਹ ਖਿਡਾਰੀਆਂ ਲਈ ਕਰੀਅਰ ਦੀਆਂ ਨਵੀਆਂ ਸੰਭਾਵਨਾਵਾਂ ਲੈ ਕੇ ਆਵੇਗਾ। ਇਹ ਟ੍ਰੇਨਰਾਂ, ਖੇਡ ਵਿਗਿਆਨੀਆਂ, ਖੋਜਕਾਰਾਂ ਅਤੇ ਈਵੈਂਟ ਮੈਨੇਜਰਾਂ ਲਈ ਵੀ ਨਵੇਂ ਮੌਕੇ ਪੈਦਾ ਕਰੇਗਾ।
ਸਾਥੀਓ,
ਜਿਵੇਂ ਮੈਂ ਪਹਿਲਾਂ ਕਿਹਾ, ਇਹ ਚੈਂਪੀਅਨਸ਼ਿਪ ਅਜਿਹੇ ਸਮੇਂ ਵਿੱਚ ਕਰਵਾਈ ਜਾ ਰਹੀ ਹੈ, ਜਦੋਂ ਪੂਰੀ ਦੁਨੀਆ ਕੌਮਾਂਤਰੀ ਯੋਗ ਦਿਵਸ ਦੀਆਂ ਤਿਆਰੀਆਂ ਵਿੱਚ ਵੀ ਜੁਟੀ ਹੋਈ ਹੈ। ਇਸ ਸਾਲ ਕੌਮਾਂਤਰੀ ਯੋਗ ਦਿਵਸ ਦਾ ਥੀਮ ਹੈ- ‘ਯੋਗਾ ਫੌਰ ਹੈਲਦੀ ਏਜਿੰਗ’। ਅੱਜ ਲੋਕ ਅਜਿਹੇ ਤਰੀਕਿਆਂ ਦੀ ਭਾਲ ਵਿੱਚ ਹਨ, ਜੋ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਸਿਹਤਮੰਦ ਅਤੇ ਚੁਸਤ ਬਣਾਈ ਰੱਖ ਸਕਣ। ਯੋਗ ਇਸ ਦਾ ਬਹੁਤ ਢੁਕਵਾਂ ਬਦਲ ਹੈ। ਯੋਗ, ਭੋਗ ਤੋਂ ਵੀ ਮੁਕਤੀ ਦਿੰਦਾ ਹੈ ਅਤੇ ਰੋਗ ਤੋਂ ਵੀ ਮੁਕਤੀ ਦਿੰਦਾ ਹੈ, ਅਤੇ ਸਭ ਤੋਂ ਅਹਿਮ ਗੱਲ ਇਹ ਹੈ ਕਿ ਘੱਟੋ-ਘੱਟ ਖਰਚੇ ਵਿੱਚ ਸਿਹਤਮੰਦ ਲਾਈਫਸਟਾਈਲ ਦਾ ਇਹ ਸਭ ਤੋਂ ਵਧੀਆ ਤਰੀਕਾ ਹੈ। ਇਸ ਲਈ, ਤੁਹਾਨੂੰ ਇਹ ਮੰਤਰ ਯਾਦ ਰੱਖਣਾ ਹੈ- ਹਰ ਰੋਜ਼ ਯੋਗ, ਭਜਾਵੇਗਾ ਸਾਰੇ ਰੋਗ।
ਸਾਥੀਓ,
ਇਸੇ ਸੋਚ ਨੂੰ ਅੱਗੇ ਵਧਾਉਂਦਿਆਂ, ਭਾਰਤ ਸਰਕਾਰ ਦੇ ਆਯੂਸ਼ ਮੰਤਰਾਲੇ ਨੇ ‘ਯੋਗਾ ਥ੍ਰੀ ਸਿਕਸਟੀ ਫਾਈਵ’ ਮੁਹਿੰਮ ਸ਼ੁਰੂ ਕੀਤੀ ਹੈ। ਮੈਂ ਇਸ ਵਿਸ਼ਵ ਯੋਗਾਸਨ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਵਾਲੇ ਸਾਰੇ ਖਿਡਾਰੀਆਂ ਨੂੰ ਵੀ ਅਪੀਲ ਕਰਾਂਗਾ ਕਿ ਜਦੋਂ ਤੁਸੀਂ ਆਪੋ-ਆਪਣੇ ਦੇਸ਼ਾਂ ਵਿੱਚ ਪਰਤੋ, ਤਾਂ ਯੋਗ ਦੇ ਇਸ ਸੁਨੇਹੇ ਨੂੰ ਵੀ ਆਪਣੇ ਨਾਲ ਲੈ ਕੇ ਜਾਓ। ਤੁਸੀਂ ਸਾਰੇ, ਆਪੋ-ਆਪਣੇ ਦੇਸ਼ਾਂ ਵਿੱਚ ‘ਯੋਗਾ ਥ੍ਰੀ ਸਿਕਸਟੀ ਫਾਈਵ’ ਦੇ ਅੰਬੈਸਡਰ ਬਣ ਸਕਦੇ ਹੋ। ਤੁਹਾਡਾ ਤਜਰਬਾ ਅਤੇ ਯੋਗ ਪ੍ਰਤੀ ਤੁਹਾਡਾ ਵਿਸ਼ਵਾਸ, ਪੂਰੀ ਦੁਨੀਆ ਨੂੰ ਇਸ ਸੁਨੇਹੇ ਨਾਲ ਜੋੜ ਸਕਦਾ ਹੈ।
ਸਾਥੀਓ,
ਇਸ ਮੁਕਾਬਲੇ ਵਿੱਚ ਜਿੱਤ ਭਾਵੇਂ ਕਿਸੇ ਦੀ ਵੀ ਹੋਵੇ, ਇਤਿਹਾਸ ਦੇ ਇਸ ਮਹੱਤਵਪੂਰਨ ਅਧਿਆਇ ਦਾ ਹਿੱਸਾ ਬਣ ਕੇ ਤੁਸੀਂ ਸਾਰੇ ਪਹਿਲਾਂ ਤੋਂ ਹੀ ਚੈਂਪੀਅਨ ਬਣ ਗਏ ਹੋ। ਤੁਹਾਡਾ ਹੁਨਰ ਅਤੇ ਤੁਹਾਡਾ ਅਨੁਸ਼ਾਸਨ ਦੁਨੀਆ ਭਰ ਦੇ ਨੌਜਵਾਨਾਂ ਨੂੰ ਪ੍ਰੇਰਿਤ ਕਰੇਗਾ। ਇਨ੍ਹਾਂ ਸ਼ੁਭਕਾਮਨਾਵਾਂ ਦੇ ਨਾਲ, ਮੈਂ ਵਿਸ਼ਵ ਯੋਗਾਸਨ ਚੈਂਪੀਅਨਸ਼ਿਪ ਲਈ ਸਾਰੇ ਭਾਗੀਦਾਰਾਂ ਅਤੇ ਪ੍ਰਬੰਧਕਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਮੈਂ ਇਸ ਦੇ ਨਾਲ ਹੀ ਪਹਿਲੀ ਵਿਸ਼ਵ ਯੋਗਾਸਨ ਚੈਂਪੀਅਨਸ਼ਿਪ 2026, ਅਹਿਮਦਾਬਾਦ, ਨੂੰ ਸ਼ੁਰੂ ਕਰਨ ਦਾ ਐਲਾਨ ਕਰਦਾ ਹਾਂ।
*********
ਐੱਮਜੇਪੀਐੱਸ/ਐੱਸਐੱਸ/ਐੱਸਟੀ
(रिलीज़ आईडी: 2269226)
आगंतुक पटल : 7