ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਕੇਵੀਆਈਸੀ ਨੇ ਵਿੱਤੀ ਸਾਲ 2025-26 ਦੇ ਲਈ ਆਰਜ਼ੀ ਅੰਕੜੇ ਜਾਰੀ ਕੀਤੇ, ਚੇਅਰਮੈਨ ਸ਼੍ਰੀ ਮਨੋਜ ਕੁਮਾਰ ਨੇ 'ਵੋਕਲ ਫਾਰ ਲੋਕਲ' ਅਤੇ 'ਲੋਕਲ ਟੂ ਗਲੋਬਲ' ਵਰਗੀਆਂ ਪਹਿਲਕਦਮੀਆਂ ਰਾਹੀਂ ਪੇਂਡੂ ਅਰਥ-ਵਿਵਸਥਾ ਵਿੱਚ ਨਵੀਂ ਗਤੀ ਲਿਆਉਣ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਮਾਰਗ-ਦਰਸ਼ਨ ਦਾ ਜ਼ਿਕਰ ਕੀਤਾ
ਖਾਦੀ ਅਤੇ ਗ੍ਰਾਮ-ਉਦਯੋਗ ਉਤਪਾਦਾਂ ਦੀ ਵਿਕਰੀ 1.87 ਲੱਖ ਕਰੋੜ ਰੁਪਏ ਤੋਂ ਪਾਰ ਪਹੁੰਚੀ, ਕਾਰੀਗਰਾਂ ਦੇ ਮਿਹਨਤਾਨੇ ਵਿੱਚ 275% ਤੱਕ ਦਾ ਵਾਧਾ ਹੋਇਆ
ਪਿਛਲੇ 12 ਸਾਲਾਂ ਵਿੱਚ ਖਾਦੀ ਅਤੇ ਗ੍ਰਾਮ-ਉਦਯੋਗ ਖੇਤਰ ਵਿੱਚ ਰੁਜ਼ਗਾਰ ਸਿਰਜਣ ਵਿੱਚ 56 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ, ਜਿਸ ਨਾਲ 2.04 ਕਰੋੜ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੈ
Posted On:
26 MAY 2026 3:09PM by PIB Chandigarh


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਅਤੇ ਮਾਰਗ-ਦਰਸ਼ਨ ਵਿੱਚ ਖਾਦੀ ਅਤੇ ਗ੍ਰਾਮ-ਉਦਯੋਗ ਖੇਤਰ ਨੇ ਪਿਛਲੇ 12 ਸਾਲਾਂ ਵਿੱਚ ਵਿਕਾਸ ਅਤੇ ਬਦਲਾਅ ਦੀ ਅਸਾਧਾਰਨ ਯਾਤਰਾ ਤੈਅ ਕੀਤੀ ਹੈ। ਵਿੱਤੀ ਸਾਲ 2025-26 ਵਿੱਚ ਖਾਦੀ ਅਤੇ ਗ੍ਰਾਮ-ਉਦਯੋਗ ਉਤਪਾਦਾਂ ਦੀ ਵਿਕਰੀ 1,87,105 ਕਰੋੜ ਰੁਪਏ ਦੇ ਇਤਿਹਾਸਕ ਪੱਧਰ ’ਤੇ ਪਹੁੰਚ ਗਈ ਹੈ, ਜੋ ਹੁਣ ਤੱਕ ਸਭ ਤੋਂ ਵੱਧ ਹੈ ਅਤੇ ਪੇਂਡੂ ਭਾਰਤ ਦੀ ਵਧਦੀ ਉੱਦਮਤਾ, ਆਤਮ-ਨਿਰਭਰਤਾ ਅਤੇ ਆਰਥਿਕ ਸਸ਼ਕਤੀਕਰਨ ਦਾ ਇੱਕ ਮਜ਼ਬੂਤ ਪ੍ਰਮਾਣ ਹੈ। 'ਆਤਮ-ਨਿਰਭਰ ਭਾਰਤ', 'ਵੋਕਲ ਫਾਰ ਲੋਕਲ' ਅਤੇ 'ਲੋਕਲ ਟੂ ਗਲੋਬਲ' ਵਰਗੇ ਰਾਸ਼ਟਰੀ ਅਭਿਆਨਾਂ ਤੋਂ ਪ੍ਰੇਰਿਤ ਹੋ ਕੇ ਖਾਦੀ ਹੁਣ ਸਿਰਫ ਇੱਕ ਰਵਾਇਤੀ ਉਤਪਾਦ ਨਹੀਂ ਰਹਿ ਗਈ ਹੈ, ਸਗੋਂ ਇਹ 'ਨਵੇਂ ਭਾਰਤ' ਦੀ ਆਤਮ-ਨਿਰਭਰਤਾ, ਸਵਦੇਸ਼ੀ ਮਾਣ ਅਤੇ ਪੇਂਡੂ ਖੁਸ਼ਹਾਲੀ ਦਾ ਇੱਕ ਜਿਊਂਦਾ-ਜਾਗਦਾ ਪ੍ਰਤੀਕ ਬਣ ਗਈ ਹੈ। ਖਾਦੀ ਅਤੇ ਗ੍ਰਾਮ-ਉਦਯੋਗ ਖੇਤਰ ਨੇ ਉਤਪਾਦਨ, ਮੰਡੀਕਰਨ ਅਤੇ ਰੁਜ਼ਗਾਰ ਸਿਰਜਣ ਵਿੱਚ ਨਵੇਂ ਮਾਪਦੰਡ ਸਥਾਪਿਤ ਕਰਦੇ ਹੋਏ ਦੇਸ਼ ਦੀ ਪੇਂਡੂ ਅਰਥ-ਵਿਵਸਥਾ ਵਿੱਚ ਨਵੀਂ ਊਰਜਾ ਦਾ ਸੰਚਾਰ ਕੀਤਾ ਹੈ ਅਤੇ ਉਸ ਨੂੰ ਦਿਸ਼ਾ ਦਿੱਤੀ ਹੈ।

ਕੇਵੀਆਈਸੀ ਨੇ ਵਿੱਤੀ ਸਾਲ 2025-26 ਦੇ ਲਈ ਆਰਜ਼ੀ ਅੰਕੜੇ ਜਾਰੀ ਕੀਤੇ
ਨਵੀਂ ਦਿੱਲੀ ਵਿੱਚ ਰਾਜਘਾਟ ਦੇ ਗਾਂਧੀ ਦਰਸ਼ਨ ਸਥਿਤ ਕੇਵੀਆਈਸੀ ਦੇ ਦਫ਼ਤਰ ਵਿੱਚ ਵਿੱਤੀ ਸਾਲ 2025-26 ਦੇ ਆਰਜ਼ੀ ਅੰਕੜੇ ਜਾਰੀ ਕਰਦੇ ਹੋਏ ਇਸ ਦੇ ਚੇਅਰਮੈਨ ਸ਼੍ਰੀ ਮਨੋਜ ਕੁਮਾਰ ਨੇ ਕਿਹਾ ਕਿ ਕਮਿਸ਼ਨ ਨੇ ਉਤਪਾਦਨ, ਵਿਕਰੀ ਅਤੇ ਰੁਜ਼ਗਾਰ ਸਿਰਜਣ ਦੇ ਖੇਤਰ ਵਿੱਚ ਨਵੇਂ ਰਿਕਾਰਡ ਸਥਾਪਿਤ ਕੀਤੇ ਹਨ। ਉਨ੍ਹਾਂ ਨੇ ਦੱਸਿਆ ਕਿ ਸਾਲ 2013-14 ਦੀ ਤੁਲਨਾ ਵਿੱਚ ਪਿਛਲੇ 12 ਸਾਲਾਂ ਵਿੱਚ ਖਾਦੀ ਅਤੇ ਗ੍ਰਾਮ-ਉਦਯੋਗ ਉਤਪਾਦਾਂ ਦੀ ਵਿਕਰੀ ਵਿੱਚ 501 ਪ੍ਰਤੀਸ਼ਤ, ਉਤਪਾਦਨ ਵਿੱਚ 380 ਪ੍ਰਤੀਸ਼ਤ ਅਤੇ ਰੁਜ਼ਗਾਰ ਸਿਰਜਣ ਵਿੱਚ 56 ਪ੍ਰਤੀਸ਼ਤ ਦਾ ਸ਼ਲਾਘਾਯੋਗ ਵਾਧਾ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਪਿਛਲੇ ਸਾਲਾਂ ਵਿੱਚ ਹੋਏ ਵਾਧੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਵਿੱਤੀ ਸਾਲ 2013-14 ਦੀ ਤੁਲਨਾ ਵਿੱਚ ਸਾਲ 2024-25 ਵਿੱਚ ਵਿਕਰੀ ਵਿੱਚ 447 ਪ੍ਰਤੀਸ਼ਤ ਅਤੇ ਉਤਪਾਦਨ ਵਿੱਚ 347 ਪ੍ਰਤੀਸ਼ਤ ਦਾ ਵਾਧਾ ਹੋਇਆ। ਇਸੇ ਤਰ੍ਹਾਂ, ਵਿੱਤੀ ਸਾਲ 2013-14 ਦੀ ਤੁਲਨਾ ਵਿੱਚ ਸਾਲ 2023-24 ਵਿੱਚ ਵਿਕਰੀ ਵਿੱਚ 400 ਪ੍ਰਤੀਸ਼ਤ ਅਤੇ ਉਤਪਾਦਨ ਵਿੱਚ 315 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਸੀ।
ਖਾਦੀ ਅਤੇ ਗ੍ਰਾਮ-ਉਦਯੋਗ ਉਤਪਾਦਾਂ ਦੀ ਵਿਕਰੀ 1.87 ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਗਈ ਹੈ
ਚੇਅਰਮੈਨ ਸ਼੍ਰੀ ਮਨੋਜ ਕੁਮਾਰ ਨੇ ਕਿਹਾ ਕਿ ਕੇਵੀਆਈਸੀ ਦਾ ਇਹ ਸ਼ਲਾਘਾਯੋਗ ਪ੍ਰਦਰਸ਼ਨ ਨਾ ਸਿਰਫ 'ਵਿਕਸਿਤ ਭਾਰਤ@2047' ਦੇ ਸੰਕਲਪ ਨੂੰ ਗਤੀ ਪ੍ਰਦਾਨ ਕਰ ਰਿਹਾ ਹੈ, ਸਗੋਂ ਭਾਰਤ ਨੂੰ ਵਿਸ਼ਵ ਦੀਆਂ ਪ੍ਰਮੁੱਖ ਅਰਥਵਿਵਸਥਾਵਾਂ ਵਿੱਚ ਥਾਂ ਦਿਵਾਉਣ ਵਿੱਚ ਵੀ ਮਹੱਤਵਪੂਰਨ ਯੋਗਦਾਨ ਦੇ ਰਿਹਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਪ੍ਰਭਾਵਸ਼ਾਲੀ ਮਾਰਗ-ਦਰਸ਼ਨ, ਮਹਾਤਮਾ ਗਾਂਧੀ ਤੋਂ ਮਿਲੀ ਪ੍ਰੇਰਨਾ ਅਤੇ ਦੇਸ਼ ਦੇ ਦੂਰ-ਦੁਰਾਡੇ ਪੇਂਡੂ ਖੇਤਰਾਂ ਵਿੱਚ ਕੰਮ ਕਰ ਰਹੇ ਲੱਖਾਂ ਕਾਰੀਗਰਾਂ ਦੀ ਸਖ਼ਤ ਮਿਹਨਤ ਨੂੰ ਇਸ ਪ੍ਰਾਪਤੀ ਦਾ ਸਿਹਰਾ ਦਿੱਤਾ। ਕੇਵੀਆਈਸੀ ਦੇ ਚੇਅਰਮੈਨ ਨੇ ਇਹ ਵੀ ਦੱਸਿਆ ਕਿ ਜਿੱਥੇ ਵਿੱਤੀ ਸਾਲ 2013-14 ਵਿੱਚ ਖਾਦੀ ਅਤੇ ਗ੍ਰਾਮ ਉਦਯੋਗ ਉਤਪਾਦਾਂ ਦਾ ਉਤਪਾਦਨ 26,109 ਕਰੋੜ ਰੁਪਏ ਦਾ ਸੀ, ਉੱਥੇ ਹੀ ਵਿੱਤੀ ਸਾਲ 2025-26 ਵਿੱਚ ਇਸ ਵਿੱਚ ਲਗਭਗ ਪੰਜ ਗੁਣਾ ਵਾਧਾ ਹੋਇਆ ਜੋ 380 ਪ੍ਰਤੀਸ਼ਤ ਦੇ ਵਾਧੇ ਦੇ ਨਾਲ 1,25,296 ਕਰੋੜ ਰੁਪਏ ਤੱਕ ਪਹੁੰਚ ਗਿਆ। ਵਿੱਤੀ ਸਾਲ 2013-14 ਵਿੱਚ ਵਿਕਰੀ ਜਿੱਥੇ 31,154 ਕਰੋੜ ਰੁਪਏ ਸੀ, ਉੱਥੇ ਹੀ ਇਸ ਵਿੱਚ ਲਗਭਗ ਛੇ ਗੁਣਾ ਵਾਧਾ ਦਰਜ ਕੀਤਾ ਗਿਆ ਜੋ 501 ਪ੍ਰਤੀਸ਼ਤ ਦੇ ਬੇਮਿਸਾਲ ਵਾਧੇ ਦੇ ਨਾਲ ਵਿੱਤੀ ਸਾਲ 2025-26 ਵਿੱਚ 1,87,105 ਕਰੋੜ ਰੁਪਏ ਤੱਕ ਪਹੁੰਚ ਗਿਆ। ਇਹ ਹੁਣ ਤੱਕ ਦੀ ਵਿਕਰੀ ਦਾ ਸਭ ਤੋਂ ਵੱਧ ਅੰਕੜਾ ਹੈ।
ਖਾਦੀ ਕੱਪੜਿਆਂ ਦੇ ਉਤਪਾਦਨ ਅਤੇ ਵਿਕਰੀ ਵਿੱਚ ਬੇਮਿਸਾਲ ਵਾਧਾ
ਖਾਦੀ ਦੇ ਕੱਪੜਿਆਂ ਦੇ ਖੇਤਰ ਵਿੱਚ ਵੀ ਸ਼ਲਾਘਾਯੋਗ ਤਰੱਕੀ ਦੇਖੀ ਗਈ ਹੈ। ਇਨ੍ਹਾਂ ਦਾ ਉਤਪਾਦਨ ਸਾਲ 2013-14 ਵਿੱਚ 811 ਕਰੋੜ ਰੁਪਏ ਦਾ ਸੀ, ਜੋ ਵਿੱਤੀ ਸਾਲ 2025-26 ਵਿੱਚ ਵਧ ਕੇ 3,974 ਕਰੋੜ ਰੁਪਏ ਹੋ ਗਿਆ। ਇਹ ਲਗਭਗ 390 ਪ੍ਰਤੀਸ਼ਤ ਦੇ ਵਾਧੇ ਨੂੰ ਦਰਸਾਉਂਦਾ ਹੈ। ਇਸ ਦੇ ਨਾਲ ਹੀ, ਖਾਦੀ ਕੱਪੜਿਆਂ ਦੀ ਵਿਕਰੀ 1,081 ਕਰੋੜ ਰੁਪਏ ਤੋਂ ਵਧ ਕੇ 7,869 ਕਰੋੜ ਰੁਪਏ ਹੋ ਗਈ ਹੈ, ਜੋ ਇਸ ਵਿੱਚ ਲਗਭਗ 628 ਪ੍ਰਤੀਸ਼ਤ ਦਾ ਵਾਧਾ ਹੈ। ਖਾਦੀ ਦੇ ਪ੍ਰਤੀ ਪ੍ਰਧਾਨ ਮੰਤਰੀ ਦੇ ਨਿਰੰਤਰ ਪ੍ਰੋਤਸਾਹਨ ਅਤੇ ਇਸ ਦੇ ਪ੍ਰਚਾਰ ਦਾ ਸਕਾਰਾਤਮਕ ਪ੍ਰਭਾਵ ਇਸ ਖੇਤਰ ਦੀ ਵਧਦੀ ਪ੍ਰਵਾਨਗੀ ਅਤੇ ਬਾਜ਼ਾਰ ਦੇ ਵਿਸਤਾਰ ਵਿੱਚ ਸਪੱਸ਼ਟ ਰੂਪ ਵਿੱਚ ਦਿਖਾਈ ਦਿੰਦਾ ਹੈ।
ਗ੍ਰਾਮ-ਉਦਯੋਗ ਖੇਤਰ ਵਿੱਚ ਉਤਪਾਦਨ ਅਤੇ ਵਿਕਰੀ ਦੇ ਨਵੇਂ ਰਿਕਾਰਡ
ਗ੍ਰਾਮ-ਉਦਯੋਗ ਖੇਤਰ ਵਿੱਚ ਵੀ ਸ਼ਲਾਘਾਯੋਗ ਤਰੱਕੀ ਦੇਖੀ ਗਈ ਹੈ। ਸਾਲ 2013-14 ਵਿੱਚ ਗ੍ਰਾਮ-ਉਦਯੋਗ ਸਮੱਗਰੀਆਂ ਦਾ ਉਤਪਾਦਨ ਜਿੱਥੇ 25,298 ਕਰੋੜ ਰੁਪਏ ਸੀ, ਉੱਥੇ ਹੀ ਵਿੱਤੀ ਸਾਲ 2025-26 ਵਿੱਚ ਇਹ ਵਧ ਕੇ 1,21,322 ਕਰੋੜ ਰੁਪਏ ਹੋ ਗਿਆ ਹੈ, ਜੋ ਇਸ ਵਿੱਚ ਲਗਭਗ 380 ਪ੍ਰਤੀਸ਼ਤ ਦੇ ਵਾਧੇ ਨੂੰ ਦਰਸਾਉਂਦਾ ਹੈ। ਇਸੇ ਤਰ੍ਹਾਂ, ਉਨ੍ਹਾਂ ਦੀ ਵਿਕਰੀ 30,073 ਕਰੋੜ ਰੁਪਏ ਤੋਂ ਵਧ ਕੇ 1,79,236 ਕਰੋੜ ਰੁਪਏ ਹੋ ਗਈ, ਜੋ ਲਗਭਗ 496 ਪ੍ਰਤੀਸ਼ਤ ਦੇ ਵਾਧੇ ਨੂੰ ਦਰਸਾਉਂਦੀ ਹੈ। ਗ੍ਰਾਮ-ਉਦਯੋਗ ਖੇਤਰ ਨੇ ਰੁਜ਼ਗਾਰ ਸਿਰਜਣ ਵਿੱਚ ਵੀ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਸਾਲ 2013-14 ਵਿੱਚ ਜਿੱਥੇ ਇਸ ਖੇਤਰ ਵਿੱਚ 1.19 ਕਰੋੜ ਲੋਕ ਕੰਮ ਕਰ ਰਹੇ ਸਨ, ਉੱਥੇ ਹੀ ਵਿੱਤੀ ਸਾਲ 2025-26 ਵਿੱਚ ਇਹ ਅੰਕੜਾ ਵਧ ਕੇ ਲਗਭਗ 1.99 ਕਰੋੜ ਹੋ ਗਿਆ ਹੈ, ਜੋ ਪੇਂਡੂ ਰੋਜ਼ੀ-ਰੋਟੀ ਸਿਰਜਣ ਵਿੱਚ ਇਸ ਖੇਤਰ ਦੀ ਵਧਦੀ ਭੂਮਿਕਾ ਨੂੰ ਉਜਾਗਰ ਕਰਦਾ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ 'ਆਤਮ-ਨਿਰਭਰ ਭਾਰਤ' ਅਤੇ 'ਘਰ-ਘਰ ਸਵਦੇਸ਼ੀ' ਵਰਗੇ ਅਭਿਆਨਾਂ ਦੇ ਪ੍ਰਭਾਵ ਤੋਂ ਪ੍ਰੇਰਿਤ ਹੋ ਕੇ ਗ੍ਰਾਮ-ਉਦਯੋਗ ਉਤਪਾਦਾਂ ਦੀ ਮੰਗ ਵਿੱਚ ਲਗਾਤਾਰ ਵਾਧਾ ਦੇਖਿਆ ਗਿਆ ਹੈ। ਨਤੀਜੇ ਵਜੋਂ, ਇਹ ਖੇਤਰ ਪੇਂਡੂ ਉਦਯੋਗਾਂ ਦੇ ਵਿਸਤਾਰ, ਬਾਜ਼ਾਰ ਨੂੰ ਮਜ਼ਬੂਤ ਕਰਨ ਅਤੇ ਰੁਜ਼ਗਾਰ ਸਿਰਜਣ ਦੇ ਲਈ ਇੱਕ ਮਹੱਤਵਪੂਰਨ ਥੰਮ੍ਹ ਵਜੋਂ ਉੱਭਰਿਆ ਹੈ।
ਰੁਜ਼ਗਾਰ ਸਿਰਜਣ ਵਿੱਚ ਕੇਵੀਆਈਸੀ ਦੀ ਇਤਿਹਾਸਕ ਪ੍ਰਾਪਤੀ
ਕੇਵੀਆਈਸੀ ਨੇ ਰੁਜ਼ਗਾਰ ਸਿਰਜਣ ਦੇ ਖੇਤਰ ਵਿੱਚ ਵੀ ਸ਼ਲਾਘਾਯੋਗ ਪ੍ਰਾਪਤੀ ਹਾਸਲ ਕੀਤੀ ਹੈ। ਖਾਦੀ ਅਤੇ ਗ੍ਰਾਮ-ਉਦਯੋਗ ਨਾਲ ਸਬੰਧਿਤ ਗਤੀਵਿਧੀਆਂ ਵਿੱਚ ਸਾਲ 2013-14 ਵਿੱਚ ਲਗਾਤਾਰ ਵਾਧੇ ਦੇ ਨਾਲ ਰੁਜ਼ਗਾਰ 1.30 ਕਰੋੜ ਸੀ, ਜੋ ਇਸ ਖੇਤਰ ਵਿੱਚ 56 ਪ੍ਰਤੀਸ਼ਤ ਦੇ ਵਾਧੇ ਦੇ ਨਾਲ ਵਿੱਤੀ ਸਾਲ 2025-26 ਵਿੱਚ ਵਧ ਕੇ 2.04 ਕਰੋੜ ਹੋ ਗਿਆ। ਇਸ ਨਾਲ ਪੇਂਡੂ ਰੋਜ਼ੀ-ਰੋਟੀ ਸਿਰਜਣ ਵਿੱਚ ਕੇਵੀਆਈਸੀ ਦੀ ਮਹੱਤਵਪੂਰਨ ਭੂਮਿਕਾ ਉਜਾਗਰ ਹੁੰਦੀ ਹੈ।
ਪੀਐੱਮਈਜੀਪੀ ਨੇ ਸਵੈ-ਰੁਜ਼ਗਾਰ ਅਤੇ ਉੱਦਮਤਾ ਨੂੰ ਨਵੀਂ ਗਤੀ ਪ੍ਰਦਾਨ ਕੀਤੀ ਹੈ
ਪ੍ਰਧਾਨ ਮੰਤਰੀ ਰੁਜ਼ਗਾਰ ਸਿਰਜਣ ਪ੍ਰੋਗਰਾਮ (ਪੀਐੱਮਈਜੀਪੀ) ਦੇ ਤਹਿਤ ਵਿੱਤੀ ਸਾਲ 2025-26 ਵਿੱਚ 66,494 ਨਵੀਆਂ ਇਕਾਈਆਂ ਸਥਾਪਿਤ ਕੀਤੀਆਂ ਗਈਆਂ ਅਤੇ ਇਨ੍ਹਾਂ ਇਕਾਈਆਂ ਦੇ ਲਈ 7,375 ਕਰੋੜ ਰੁਪਏ ਦੇ ਲੋਨ ਦੇ ਬਦਲੇ ਸਰਕਾਰੀ ਖ਼ਰਚੇ ’ਤੇ 2,457 ਕਰੋੜ ਰੁਪਏ ਦੀ ਮਾਰਜਿਨ ਮਨੀ ਵਿੱਤੀ ਸਹਾਇਤਾ ਵੰਡੀ ਗਈ। ਇਨ੍ਹਾਂ ਇਕਾਈਆਂ ਰਾਹੀਂ 7,31,434 ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਗਏ। ਯੋਜਨਾ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੁੱਲ 10,84,679 ਇਕਾਈਆਂ ਸਥਾਪਿਤ ਕੀਤੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਦੇ ਲਈ 80,705 ਕਰੋੜ ਰੁਪਏ ਦੇ ਲੋਨ ਦੇ ਬਦਲੇ 29,623 ਕਰੋੜ ਰੁਪਏ ਦੀ ਮਾਰਜਿਨ ਮਨੀ ਵਿੱਤੀ ਸਹਾਇਤਾ ਵੰਡੀ ਗਈ ਹੈ। ਇਸ ਪਹਿਲਕਦਮੀ ਰਾਹੀਂ ਹੁਣ ਤੱਕ ਲਗਭਗ 97.95 ਲੱਖ ਲੋਕਾਂ ਨੂੰ ਰੁਜ਼ਗਾਰ ਪ੍ਰਦਾਨ ਕੀਤਾ ਗਿਆ ਹੈ।
ਗ੍ਰਾਮ-ਉਦਯੋਗ ਵਿਕਾਸ ਯੋਜਨਾ ਦੇ ਤਹਿਤ ਟੂਲ-ਕਿੱਟਾਂ ਦੀ ਵੰਡ ਰਾਹੀਂ ਕਾਰੀਗਰਾਂ ਦਾ ਸਸ਼ਕਤੀਕਰਨ
ਗ੍ਰਾਮ-ਉਦਯੋਗ ਵਿਕਾਸ ਯੋਜਨਾ ਦੇ ਤਹਿਤ ਹੁਣ ਤੱਕ 51,230 ਇਲੈਕਟ੍ਰਿਕ ਪੌਟਰੀ ਵ੍ਹੀਲ, 2,46,099 ਮਧੂ-ਮੱਖੀ ਪਾਲਣ ਦੇ ਬਕਸੇ ਅਤੇ ਮਧੂ-ਮੱਖੀਆਂ ਦੇ ਛੱਤੇ, 2,674 ਆਟੋਮੈਟਿਕ ਅਤੇ ਪੈਡਲ ਨਾਲ ਚੱਲਣ ਵਾਲੀਆਂ ਅਗਰਬੱਤੀ ਬਣਾਉਣ ਵਾਲੀਆਂ ਮਸ਼ੀਨਾਂ, 7,669 ਜੁੱਤੀਆਂ ਬਣਾਉਣ ਅਤੇ ਮੁਰੰਮਤ ਕਰਨ ਦੀਆਂ ਟੂਲ-ਕਿੱਟਾਂ, 836 ਪੇਪਰ ਪਲੇਟ ਅਤੇ ਦੌਣੇ ਬਣਾਉਣ ਵਾਲੀਆਂ ਮਸ਼ੀਨਾਂ, ਏਸੀ ਮੁਰੰਮਤ, ਮੋਬਾਈਲ ਮੁਰੰਮਤ, ਸਿਲਾਈ, ਇਲੈਕਟ੍ਰੀਸ਼ੀਅਨ ਅਤੇ ਪਲੰਬਰ ਦੇ ਲਈ 7,571 ਟੂਲ-ਕਿੱਟਾਂ, ਕਾਸ਼ਠ ਸ਼ਿਲਪ (ਲੱਕੜ ਦੀ ਕਲਾਕਾਰੀ), ਬੇਕਾਰ ਲੱਕੜ ਦੇ ਸਾਮਾਨ ਅਤੇ ਲੱਕੜ ਦੇ ਖਿਡੌਣੇ ਬਣਾਉਣ ਦੇ ਲਈ 5,138 ਮਸ਼ੀਨਾਂ ਅਤੇ ਤਾੜ ਦੇ ਗੁੜ, ਤੇਲ ਘਾਣੀ ਕੱਢਣ ਅਤੇ ਇਮਲੀ ਪ੍ਰੋਸੈਸਿੰਗ ਦੇ ਲਈ 1,789 ਮਸ਼ੀਨਾਂ ਵੰਡੀਆਂ ਜਾ ਚੁੱਕੀਆਂ ਹਨ। ਇਸ ਯੋਜਨਾ ਦੇ ਤਹਿਤ ਵਿੱਤੀ ਸਾਲ 2025-26 ਦੌਰਾਨ 37,769 ਮਸ਼ੀਨਾਂ, ਟੂਲ-ਕਿੱਟਾਂ ਅਤੇ ਉਪਕਰਨ ਵੰਡੇ ਜਾ ਚੁੱਕੇ ਹਨ। ਪਿਛਲੇ ਚਾਰ ਸਾਲਾਂ ਦੀ ਸਮੀਖਿਆ ਤੋਂ ਸੰਕੇਤ ਮਿਲਦਾ ਹੈ ਕਿ 2022-23 ਵਿੱਚ 21,874, 2023-24 ਵਿੱਚ 29,540, 2024-25 ਵਿੱਚ 38,904 ਅਤੇ 2025-26 ਵਿੱਚ 37,769 ਮਸ਼ੀਨਾਂ ਅਤੇ ਉਪਕਰਨ ਵੰਡੇ ਗਏ। ਇਸ ਪ੍ਰਕਾਰ, ਗ੍ਰਾਮ-ਉਦਯੋਗ ਵਿਕਾਸ ਯੋਜਨਾ ਦੇ ਤਹਿਤ ਕੇਵੀਆਈਸੀ ਨੇ ਹੁਣ ਤੱਕ ਕੁੱਲ 3,23,006 ਮਸ਼ੀਨਾਂ, ਟੂਲ-ਕਿੱਟਾਂ ਅਤੇ ਉਪਕਰਨ ਵੰਡੇ ਹਨ ਅਤੇ ਇਸ ਤਰ੍ਹਾਂ 'ਆਤਮ-ਨਿਰਭਰ ਭਾਰਤ' ਦੇ ਟੀਚੇ ਨੂੰ ਸਾਕਾਰ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ।
ਕੇਵੀਆਈਸੀ ਦੇ ਯਤਨਾਂ ਰਾਹੀਂ ਮਹਿਲਾ ਸਸ਼ਕਤੀਕਰਨ ਨੂੰ ਹੁਲਾਰਾ
ਕੇਵੀਆਈਸੀ ਨੇ ਮਹਿਲਾ ਸਸ਼ਕਤੀਕਰਨ ਦੇ ਖੇਤਰ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਵਿੱਤੀ ਸਾਲ 2025-26 ਦੌਰਾਨ ਕੇਵੀਆਈਸੀ ਦੇ ਵੱਖ-ਵੱਖ ਸਿਖਲਾਈ ਪ੍ਰੋਗਰਾਮਾਂ ਦੇ ਤਹਿਤ 79,682 ਸਿਖਿਆਰਥੀਆਂ ਨੇ ਸਿਖਲਾਈ ਪ੍ਰਾਪਤ ਕੀਤੀ। ਇਨ੍ਹਾਂ ਵਿੱਚੋਂ 47,382 ਸਿਖਿਆਰਥੀ ਮਹਿਲਾਵਾਂ ਸਨ, ਜੋ ਕੁੱਲ ਸੰਖਿਆ ਦਾ ਲਗਭਗ 59 ਪ੍ਰਤੀਸ਼ਤ ਹਨ। ਇਸ ਤੋਂ ਇਲਾਵਾ, ਪੀਐੱਮਈਜੀਪੀ ਯੋਜਨਾ ਦੇ ਤਹਿਤ 2025-26 ਦੌਰਾਨ 28,180 ਮਹਿਲਾ ਉੱਦਮੀਆਂ ਨੇ ਕਾਰੋਬਾਰੀ ਇਕਾਈਆਂ ਸਥਾਪਿਤ ਕੀਤੀਆਂ, ਜਿਸ ਨਾਲ 3,09,980 ਮਹਿਲਾਵਾਂ ਦੇ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਏ। ਇਹ ਅੰਕੜਾ ਮਹਿਲਾ ਉੱਦਮਤਾ ਨੂੰ ਹੁਲਾਰਾ ਦੇਣ ਵਿੱਚ ਇਸ ਯੋਜਨਾ ਦੀ ਮਹੱਤਵਪੂਰਨ ਭੂਮਿਕਾ ਨੂੰ ਦਰਸਾਉਂਦਾ ਹੈ। ਖਾਦੀ ਖੇਤਰ ਵਿੱਚ ਲਗਭਗ 5,00,000 ਕਾਰੀਗਰਾਂ ਵਿੱਚੋਂ 80 ਪ੍ਰਤੀਸ਼ਤ ਤੋਂ ਵੱਧ ਮਹਿਲਾਵਾਂ ਦੇ ਹੋਣ ਨਾਲ, ਇਹ ਖੇਤਰ ਮਹਿਲਾਵਾਂ ਦੀ ਅਗਵਾਈ ਵਾਲੇ ਆਰਥਿਕ ਸਸ਼ਕਤੀਕਰਨ ਦੇ ਲਈ ਇੱਕ ਪ੍ਰਭਾਵਸ਼ਾਲੀ ਮਾਧਿਅਮ ਵਜੋਂ ਕੰਮ ਕਰ ਰਿਹਾ ਹੈ।
ਕਾਰੀਗਰਾਂ ਦੇ ਮਿਹਨਤਾਨੇ ਵਿੱਚ 275% ਤੱਕ ਦਾ ਵਾਧਾ
ਕਾਰੀਗਰਾਂ ਨੂੰ ਦਿੱਤੇ ਜਾਣ ਵਾਲੇ ਮਿਹਨਤਾਨੇ ਵਿੱਚ ਵੀ ਸ਼ਲਾਘਾਯੋਗ ਵਾਧਾ ਹੋਇਆ ਹੈ, ਜੋ 2013-14 ਵਿੱਚ 4 ਰੁਪਏ ਪ੍ਰਤੀ ਗੁੱਛੇ ਤੋਂ ਵਧ ਕੇ ਵਰਤਮਾਨ ਵਿੱਚ 15 ਰੁਪਏ ਪ੍ਰਤੀ ਗੁੱਛਾ ਹੋ ਗਿਆ ਹੈ। ਇਹ ਮਿਹਨਤਾਨੇ ਵਿੱਚ ਲਗਭਗ 275 ਪ੍ਰਤੀਸ਼ਤ ਦੇ ਵਾਧੇ ਨੂੰ ਦਰਸਾਉਂਦਾ ਹੈ।
ਸਰਕਾਰੀ ਖ਼ਰੀਦ, ਪ੍ਰਦਰਸ਼ਨੀ ਵਿੱਚ ਵਿੱਕਰੀ ਅਤੇ ਰਾਸ਼ਟਰੀ ਝੰਡਿਆਂ ਦੀ ਮੰਗ ਵਿੱਚ ਵਾਧਾ
ਇਸ ਦੇ ਨਾਲ ਹੀ, ਖਾਦੀ ਅਤੇ ਗ੍ਰਾਮ-ਉਦਯੋਗ ਉਤਪਾਦਾਂ ਦੀ ਸਰਕਾਰੀ ਖ਼ਰੀਦ ਵਧ ਕੇ 92.08 ਕਰੋੜ ਰੁਪਏ ਹੋ ਗਈ ਹੈ, ਜੋ ਇਸ ਖੇਤਰ ਦੀ ਵਧਦੀ ਪ੍ਰਵਾਨਗੀ ਅਤੇ ਸੰਸਥਾਗਤ ਮੰਗ ਵਿੱਚ ਵਾਧੇ ਨੂੰ ਦਰਸਾਉਂਦੀ ਹੈ। ਇਸੇ ਤਰ੍ਹਾਂ, ਖਾਦੀ ਉਤਪਾਦਾਂ ਦੀਆਂ ਪ੍ਰਦਰਸ਼ਨੀਆਂ ਅਤੇ ਮੰਡੀਕਰਨ ਦੀਆਂ ਪਹਿਲਕਦਮੀਆਂ ਰਾਹੀਂ 30.83 ਕਰੋੜ ਰੁਪਏ ਦੀ ਵਿਕਰੀ ਹੋਈ, ਜਿਸ ਨਾਲ ਬਾਜ਼ਾਰ ਦੇ ਵਿਸਤਾਰ ਅਤੇ ਉਪਭੋਗਤਾਵਾਂ ਦੀ ਭਾਗੀਦਾਰੀ ਨੂੰ ਮਜ਼ਬੂਤੀ ਮਿਲੀ ਹੈ। ਇਸ ਤੋਂ ਇਲਾਵਾ, ਰਾਸ਼ਟਰੀ ਝੰਡਿਆਂ ਦੀ ਵਿਕਰੀ ਵਿੱਚ ਸ਼ਲਾਘਾਯੋਗ ਵਾਧਾ ਹੋਇਆ ਹੈ, ਜੋ 2013-14 ਵਿੱਚ 0.87 ਕਰੋੜ ਰੁਪਏ ਸੀ, ਉਹ ਵਿੱਤੀ ਸਾਲ 2025-26 ਵਿੱਚ ਵਧ ਕੇ 2.35 ਕਰੋੜ ਰੁਪਏ ਹੋ ਗਈ ਹੈ। ਇਹ ਵਾਧਾ ਦੇਸ਼ ਵਿੱਚ 'ਹਰ ਘਰ ਤਿਰੰਗਾ' ਵਰਗੇ ਜਨ ਅਭਿਆਨਾਂ ਦੇ ਪ੍ਰਭਾਵ ਅਤੇ ਖਾਦੀ ਦੀ ਵਰਤੋਂ ਦੇ ਪ੍ਰਤੀ ਜਨਤਾ ਵਿੱਚ ਵਧਦੀ ਸ਼ਮੂਲੀਅਤ ਨੂੰ ਰੇਖਾਂਕਿਤ ਕਰਦਾ ਹੈ।


*********
ਸੁਨੀਲ ਕੁਮਾਰ ਤਿਵਾੜੀ
(Release ID: 2265712)
ਵਿਜ਼ੀਟਰ ਕਾਊਂਟਰ : 16