ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੇਂਦਰੀ ਸਿਹਤ ਮੰਤਰੀ ਸ਼੍ਰੀ ਜੇ.ਪੀ. ਨੱਡਾ ਨੇ ਜਿਨੇਵਾ ਵਿੱਚ 79ਵੀਂ ਵਿਸ਼ਵ ਸਿਹਤ ਅਸੈਂਬਲੀ ਦੌਰਾਨ "ਫੇਫੜਿਆਂ ਦੀ ਸਿਹਤ ਜਾਂਚ 'ਤੇ ਮੰਤਰੀ ਪੱਧਰੀ ਦ੍ਰਿਸ਼ਟੀਕੋਣ" 'ਤੇ ਟੀ.ਬੀ. ਪਾਰਟਨਰਸ਼ਿਪ ਸਾਈਡ-ਈਵੈਂਟ ਨੂੰ ਸੰਬੋਧਨ ਕੀਤਾ


ਸਮੇਂ ਸਿਰ ਸਕ੍ਰੀਨਿੰਗ, ਸ਼ੁਰੂਆਤੀ ਨਿਦਾਨ, ਅਤੇ ਦੇਖਭਾਲ ਤੱਕ ਬਰਾਬਰ ਪਹੁੰਚ ਮਜ਼ਬੂਤ ​​ਅਤੇ ਲੋਕ-ਕੇਂਦ੍ਰਿਤ ਸਿਹਤ ਪ੍ਰਣਾਲੀਆਂ ਦਾ ਅਧਾਰ ਹਨ: ਸ਼੍ਰੀ ਨੱਡਾ

"ਰਾਸ਼ਟਰੀ ਟੀਬੀ ਦੇ ਖਾਤਮੇ ਸਬੰਧੀ ਪ੍ਰੋਗਰਾਮ ਅਤੇ 'ਟੀਬੀ-ਮੁਕਤ ਭਾਰਤ' ਦੇ ਦ੍ਰਿਸ਼ਟੀਕੋਣ ਦੇ ਤਹਿਤ, ਭਾਰਤ ਨੇ ਦੁਨੀਆ ਦੇ ਸਭ ਤੋਂ ਵੱਡੇ ਸਕ੍ਰੀਨਿੰਗ ਅਤੇ ਸ਼ੁਰੂਆਤੀ ਨਿਦਾਨ ਯਤਨਾਂ ਵਿੱਚੋਂ ਇੱਕ ਨੂੰ ਅਪਣਾਇਆ ਹੈ"

"ਦੇਸ਼ ਦੇ ਦੂਰ-ਦੁਰਾਡੇ ਅਤੇ ਘੱਟ ਸੁਵਿਧਾ ਵਾਲੇ ਖੇਤਰਾਂ ਵਿੱਚ ਨਿਦਾਨ ਵਿੱਚ ਦੇਰੀ ਨੂੰ ਘਟਾਉਣ ਲਈ ਅਣੂ ਟੈਸਟਿੰਗ ਪਲੈਟਫਾਰਮ, ਡਿਜੀਟਲ ਚੇਸਟ ਐਕਸ-ਰੇਅ ਸੇਵਾਵਾਂ, ਏਆਈ-ਸਹਾਇਤਾ ਪ੍ਰਾਪਤ ਯੰਤਰ, ਹੈਂਡਹੈਲਡ ਸਕ੍ਰੀਨਿੰਗ ਯੰਤਰ ਅਤੇ ਵਿਕੇਂਦਰੀਕ੍ਰਿਤ ਟੈਸਟਿੰਗ ਪ੍ਰਣਾਲੀਆਂ ਨੂੰ ਵਿਆਪਕ ਤੌਰ 'ਤੇ ਤਾਇਨਾਤ ਕੀਤਾ ਜਾ ਰਿਹਾ ਹੈ।"

"ਟੀਬੀ ਮੁਕਤ ਭਾਰਤ ਮੁਹਿੰਮ ਰਾਹੀਂ, ਭਾਰਤ ਨੇ ਟੀਬੀ ਦੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਨਾਗਰਿਕਾਂ, ਸੰਸਥਾਵਾਂ, ਕਾਰਪੋਰੇਸ਼ਨਾਂ ਅਤੇ ਭਾਈਚਾਰਿਆਂ ਨੂੰ ਇਕਜੁੱਟ ਕੀਤਾ ਹੈ"

ਭਾਰਤ ਦੀ ਟੀਬੀ ਮੁਕਤ ਭਾਰਤ ਐੱਪ, ਜਿਸ ਵਿੱਚ ਏਆਈ-ਸਮਰੱਥ ਬਹੁ-ਭਾਸ਼ਾਈ ਚੈਟਬੌਟ "ਖੁਸ਼ੀ" ਸ਼ਾਮਲ ਹੈ, ਉਪਭੋਗਤਾਵਾਂ ਨੂੰ ਲੱਛਣਾਂ, ਅਧਿਕਾਰਾਂ ਅਤੇ ਨਜ਼ਦੀਕੀ ਡਾਇਗਨੌਸਟਿਕ ਸਹੂਲਤਾਂ ਬਾਰੇ ਰੀਅਲ ਟਾਈਮ ਦੀ ਜਾਣਕਾਰੀ ਅਤੇ ਮਾਰਗਦਰਸ਼ਨ ਪ੍ਰਦਾਨ ਕਰਦੀਆਂ ਹਨ

ਕੇਂਦਰੀ ਸਿਹਤ ਮੰਤਰੀ ਨੇ ਵਿਸ਼ਵ ਪੱਧਰ 'ਤੇ ਫੇਫੜਿਆਂ ਦੀ ਸਿਹਤ ਦੀ ਜਾਂਚ ਲਈ ਵਿਵਹਾਰਿਕ ਅਤੇ ਸੰਪੂਰਨ ਹੱਲ ਵਿਕਸਿਤ ਕਰਨ ਵਿੱਚ ਸਰਕਾਰਾਂ, ਨਵੀਨਤਾਕਾਰਾਂ, ਭਾਈਵਾਲਾਂ ਅਤੇ ਭਾਈਚਾਰਿਆਂ ਨਾਲ ਸਹਿਯੋਗ ਦੀ ਤੱਤਪਰਤਾ ਨੂੰ ਦੁਹਰਾਇਆ

Posted On: 21 MAY 2026 9:18AM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ ਨੇ ਜਿਨੇਵਾ ਵਿੱਚ ਆਯੋਜਿਤ 79ਵੀਂ ਵਿਸ਼ਵ ਸਿਹਤ ਅਸੈਂਬਲੀ ਦੌਰਾਨ "ਫੇਫੜਿਆਂ ਦੀ ਜਾਂਚ 'ਤੇ ਮੰਤਰੀ ਪੱਧਰੀ ਦ੍ਰਿਸ਼ਟੀਕੋਣ" ਥੀਮ 'ਤੇ ਇੱਕ ਉੱਚ-ਪੱਧਰੀ ਸਮਾਗਮ ਨੂੰ ਸੰਬੋਧਨ ਕੀਤਾ। "ਕੀ ਤੁਹਾਡੀ ਸਿਹਤ ਪ੍ਰਣਾਲੀ ਫੇਫੜਿਆਂ ਦੀ ਜਾਂਚ ਵਿੱਚ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ?" ਸਿਰਲੇਖ ‘ਤੇ ਅਧਾਰਿਤ ਇਸ ਸਮਾਗਮ ਦਾ ਆਯੋਜਨ ਸਟਾਪ ਟੀਬੀ ਪਾਰਟਨਰਸ਼ਿਪ ਨੇ ਕੀਤਾ ਸੀ, ਜਿਸ ਵਿੱਚ ਭਾਰਤ, ਜਪਾਨ, ਫਿਲੀਪੀਨਜ਼ ਅਤੇ ਜ਼ਾਮਬੀਆ ਸਹਿ-ਆਯੋਜਕਾਂ ਵਜੋਂ ਹਿੱਸਾ ਲਿਆ ।

 

ਹਾਜ਼ਰ ਪਤਵੰਤਿਆਂ ਨੂੰ ਸੰਬੋਧਨ ਕਰਦਿਆਂ, ਸ਼੍ਰੀ ਨੱਡਾ ਨੇ ਕਿਹਾ ਕਿ ਸਮੇਂ ਸਿਰ ਜਾਂਚ, ਜਲਦੀ ਨਿਦਾਨ ਅਤੇ ਸਿਹਤ ਸੇਵਾਵਾਂ ਤੱਕ ਬਰਾਬਰ ਪਹੁੰਚ ਮਜ਼ਬੂਤ ​​ਅਤੇ ਲੋਕ-ਕੇਂਦ੍ਰਿਤ ਸਿਹਤ ਪ੍ਰਣਾਲੀਆਂ ਦਾ ਅਧਾਰ ਹਨ। ਉਨ੍ਹਾਂ ਕਿਹਾ ਕਿ ਫੇਫੜਿਆਂ ਦੀ ਸਿਹਤ ਜਾਂਚ ਨੂੰ ਮਜ਼ਬੂਤ ​​ਕਰਨਾ ਸਿਰਫ਼ ਤਕਨਾਲੋਜੀ ਜਾਂ ਡਾਇਗਨੌਸਟਿਕ ਉਪਕਰਣਾਂ ਤੱਕ ਸੀਮਤ ਨਹੀਂ ਹੈ, ਸਗੋਂ ਜਾਨਾਂ ਬਚਾਉਣ, ਪੀੜ੍ਹਾ ਨੂੰ ਘਟਾਉਣ, ਸਿਹਤ ਸੰਭਾਲ ਸਬੰਧੀ ਭਾਰੀ ਖਰਚਿਆਂ, ਰੋਜ਼ੀ-ਰੋਟੀ ਦੀ ਰੱਖਿਆ ਕਰਨ ਅਤੇ ਸਿਹਤ ਸੰਭਾਲ ਪ੍ਰਣਾਲੀਆਂ ਨੂੰ ਮਜ਼ਬੂਤ ​​ਕਰਨ ਨਾਲ ਸਬੰਧਿਤ ਹੈ।

ਟੀਬੀ ਦੇ ਖਾਤਮੇ ਲਈ ਭਾਰਤ ਦੀ ਵਚਨਬੱਧਤਾ ਨੂੰ ਉਜਾਗਰ ਕਰਦੇ ਹੋਏ, ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਰਾਸ਼ਟਰੀ ਟੀਬੀ ਖਾਤਮੇ ਪ੍ਰੋਗਰਾਮ ਅਤੇ 'ਟੀਬੀ ਮੁਕਤ ਭਾਰਤ' ਦੇ ਦ੍ਰਿਸ਼ਟੀਕੋਣ ਦੇ ਤਹਿਤ, ਭਾਰਤ ਨੇ ਦੁਨੀਆ ਦੇ ਸਭ ਤੋਂ ਵੱਡੇ ਸਕ੍ਰੀਨਿੰਗ ਅਤੇ ਸ਼ੁਰੂਆਤੀ ਖੋਜ ਯਤਨਾਂ ਵਿੱਚੋਂ ਇੱਕ ਨੂੰ ਅਪਣਾਇਆ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦੇਸ਼ ਨੇ ਘਰ-ਘਰ ਜਾਗਰੂਕਤਾ ਮੁਹਿੰਮਾਂ, ਮੋਬਾਈਲ ਸਕ੍ਰੀਨਿੰਗ ਟੀਮਾਂ, ਭਾਈਚਾਰਕ ਮੁਹਿੰਮਾਂ, ਅਤੇ ਉੱਚ-ਜੋਖਮ ਵਾਲੇ ਖੇਤਰਾਂ ਅਤੇ ਕਮਜ਼ੋਰ ਆਬਾਦੀ ਵਿਚਕਾਰ ਨਿਸ਼ਾਨਾਬੱਧ ਮੁਹਿੰਮਾਂ ਰਾਹੀਂ ਕਮਜ਼ੋਰ ਆਬਾਦੀ ਵਿੱਚ ਸਰਗਰਮ ਮਾਮਲਿਆਂ ਦੀ ਖੋਜ ਦਾ ਵਿਸਤਾਰ ਕੀਤਾ ਹੈ।

ਸ਼੍ਰੀ ਨੱਡਾ ਨੇ ਅੱਗੇ ਦੱਸਿਆ ਕਿ ਭਾਰਤ ਨੇ ਟੀਬੀ ਅਤੇ ਫੇਫੜਿਆਂ ਦੀਆਂ ਹੋਰ ਬਿਮਾਰੀਆਂ ਦਾ ਪਤਾ ਲਗਾਉਣ ਲਈ ਆਧੁਨਿਕ ਡਾਇਗਨੌਸਟਿਕ ਸਿਸਟਮਾਂ ਨੂੰ ਮਹੱਤਵਪੂਰਨ ਤੌਰ 'ਤੇ ਵਿਕਸਿਤ ਕੀਤਾ ਹੈ। ਨਿਦਾਨ ਵਿੱਚ ਦੇਰੀ ਨੂੰ ਘੱਟ ਕਰਨ ਲਈ, ਖਾਸ ਕਰਕੇ ਦੂਰ-ਦੁਰਾਡੇ ਅਤੇ ਘੱਟ ਸੁਵਿਧਾ ਵਾਲੇ ਖੇਤਰਾਂ ਵਿੱਚ,ਅਣੂ ਟੈਸਟਿੰਗ ਪਲੈਟਫਾਰਮ, ਡਿਜੀਟਲ ਚੇਸਟ ਐਕਸ-ਰੇਅ ਸੇਵਾਵਾਂ, ਏਆਈ-ਸਹਾਇਤਾ ਪ੍ਰਾਪਤ ਉਪਕਰਣ, ਹੈਂਡਹੈਲਡ ਸਕ੍ਰੀਨਿੰਗ ਉਪਕਰਣ, ਅਤੇ ਵਿਕੇਂਦਰੀਕ੍ਰਿਤ ਟੈਸਟਿੰਗ ਪ੍ਰਣਾਲੀਆਂ ਨੂੰ ਵਿਆਪਕ ਤੌਰ 'ਤੇ ਤੈਨਾਤ ਕੀਤਾ ਜਾ ਰਿਹਾ ਹੈ । ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਨਵੀਨਤਾ ਨੂੰ ਬਰਾਬਰੀ ਵੱਲ ਲੈ ਜਾਣਾ ਚਾਹੀਦਾ ਹੈ ਅਤੇ ਤਕਨਾਲੋਜੀ ਨੂੰ ਆਖਰੀ ਮੀਲ ਤੱਕ ਪਹੁੰਚਣਾ ਚਾਹੀਦਾ ਹੈ।

ਕੇਂਦਰੀ ਸਿਹਤ ਮੰਤਰੀ ਨੇ ਆਯੁਸ਼ਮਾਨ ਭਾਰਤ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਅਧੀਨ ਮੁੱਢਲੇ ਸਿਹਤ ਸੰਭਾਲ ਸੁਧਾਰਾਂ ਅਤੇ ਫਰੰਟਲਾਈਨ ਵਰਕਫੋਰਸ ਦੀ ਭੂਮਿਕਾ 'ਤੇ ਵੀ ਚਾਨਣਾ ਪਾਇਆ, ਜਿਸ ਨਾਲ ਸਿਹਤ ਸੇਵਾਵਾਂ ਭਾਈਚਾਰਿਆਂ ਦੇ ਨੇੜੇ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਬਿਮਾਰੀ ਦਾ ਨਿਦਾਨ ਕਰਨਾ ਹੀ ਕਾਫ਼ੀ ਨਹੀਂ ਹੁੰਦਾ; ਪੋਸ਼ਣ ਸੰਬੰਧੀ ਸਹਾਇਤਾ, ਇਲਾਜ ਦੀ ਪਾਲਣਾ ਨੂੰ ਯਕੀਨੀ ਬਣਾਉਣਾ, ਸਮਾਜਿਕ ਸੁਰੱਖਿਆ ਪ੍ਰਦਾਨ ਕਰਨਾ ਅਤੇ ਭਾਈਚਾਰਕ ਏਕਤਾ ਬਣਾਈ ਰੱਖਣਾ ਵੀ ਉਨ੍ਹਾਂ ਹੀ ਮਹੱਤਵਪੂਰਨ ਹੈ। ਉਨ੍ਹਾਂ ਅੱਗੇ ਕਿਹਾ ਕਿ ਟੀਬੀ ਮੁਕਤ ਭਾਰਤ ਮੁਹਿੰਮ ਰਾਹੀਂ, ਭਾਰਤ ਨੇ ਟੀਬੀ ਦੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਮਦਦ ਲਈ ਨਾਗਰਿਕਾਂ, ਸੰਸਥਾਵਾਂ, ਕਾਰਪੋਰੇਸ਼ਨਾਂ ਅਤੇ ਭਾਈਚਾਰਿਆਂ ਨੂੰ ਲਾਮਬੰਦ ਕੀਤਾ ਹੈ।

ਭਾਰਤ ਦੀਆਂ ਡਿਜੀਟਲ ਪਹਿਲਕਦਮੀਆਂ ਬਾਰੇ ਚਰਚਾ ਕਰਦੇ ਹੋਏ, ਸ਼੍ਰੀ ਨੱਡਾ ਨੇ ਦੱਸਿਆ ਕਿ ਮੰਤਰਾਲੇ ਨੇ ਟੀਬੀ ਮੁਕਤ ਭਾਰਤ ਐੱਪ ਲਾਂਚ ਕੀਤੀ ਹੈ, ਜਿਸ ਵਿੱਚ "ਖੁਸ਼ੀ" ਨਾਮਕ ਇੱਕ ਏਆਈ-ਸਮਰੱਥ ਬਹੁ-ਭਾਸ਼ਾਈ ਚੈਟਬੌਟ ਸ਼ਾਮਲ ਹੈ, ਜਿਸ ਦੀ ਵਰਤੋਂ ਬੁਨਿਆਦੀ ਸਮਾਰਟਫੋਨ 'ਤੇ ਵੀ ਅਸਾਨੀ ਨਾਲ ਕੀਤੀ ਜਾ ਸਕਦੀ ਹੈ। ਇਹ ਪਲੈਟਫਾਰਮ ਲੱਛਣਾਂ, ਅਧਿਕਾਰਾਂ ਅਤੇ ਨਜ਼ਦੀਕੀ ਡਾਇਗਨੌਸਟਿਕ ਸਹੂਲਤ ਬਾਰੇ ਮਾਰਗਦਰਸ਼ਨ ਪ੍ਰਦਾਨ ਕਰਦਾ ਹੈ, ਜੋ ਲੱਛਣਾਂ ਦੀ ਸ਼ੁਰੂਆਤ ਅਤੇ ਸਮੇਂ ਸਿਰ ਇਲਾਜ ਵਿਚਕਾਰ ਅੰਤਰ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ।

ਮਜ਼ਬੂਤ ​​ਵਿਸ਼ਵਵਿਆਪੀ ਸਹਿਯੋਗ ਦੀ ਮੰਗ ਕਰਦੇ ਹੋਏ, ਸ਼੍ਰੀ ਨੱਡਾ ਨੇ ਫੇਫੜਿਆਂ ਦੀ ਸਿਹਤ ਨੂੰ ਉਤਸ਼ਾਹਿਤ ਕਰਨ ਲਈ ਮੁੱਖ ਅੰਤਰਰਾਸ਼ਟਰੀ ਤਰਜੀਹਾਂ ਦਾ ਪ੍ਰਸਤਾਵ ਰੱਖਿਆ। ਇਨ੍ਹਾਂ ਵਿੱਚ ਯੂਨੀਵਰਸਲ ਹੈਲਥ ਕਵਰੇਜ ਫਰੇਮਵਰਕ ਦੇ ਅੰਦਰ ਫੇਫੜਿਆਂ ਦੀ ਸਿਹਤ ਨੂੰ ਮੁੱਖ ਧਾਰਾ ਵਿੱਚ ਲਿਆਉਣਾ, ਡਾਇਗਨੌਸਟਿਕਸ, ਡਿਜੀਟਲ ਟੂਲਸ ਅਤੇ ਸਕ੍ਰੀਨਿੰਗ ਤਕਨਾਲੋਜੀਆਂ ਤੱਕ ਕਿਫਾਇਤੀ ਪਹੁੰਚ ਦਾ ਵਿਸਤਾਰ ਕਰਨਾ, ਸਾਹ ਸਬੰਧੀ ਸਿਹਤ ਲਈ ਪ੍ਰਾਇਮਰੀ ਸਿਹਤ ਸੰਭਾਲ ਪ੍ਰਣਾਲੀਆਂ ਨੂੰ ਮਜ਼ਬੂਤ ​​ਕਰਨਾ, ਨਵੀਨਤਾ, ਘਰੇਲੂ ਨਿਰਮਾਣ ਅਤੇ ਤਕਨਾਲੋਜੀ ਟ੍ਰਾਂਸਫਰ ਨੂੰ ਉਤਸ਼ਾਹਿਤ ਕਰਨਾ, ਅਤੇ ਟੀਬੀ ਅਤੇ ਹੋਰ ਫੇਫੜਿਆਂ ਦੀਆਂ ਬਿਮਾਰੀਆਂ ਦੀ ਰੋਕਥਾਮ ਅਤੇ ਜਲਦੀ ਪਤਾ ਲਗਾਉਣ ਲਈ ਟਿਕਾਊ ਫੰਡਿੰਗ ਯਕੀਨੀ ਬਣਾਉਣਾ ਸ਼ਾਮਲ ਹੈ।

ਭਾਰਤ ਦੀ ਵਿਸ਼ਵਵਿਆਪੀ ਟੀਚਿਆਂ ਤੋਂ ਪਹਿਲਾਂ ਟੀਬੀ ਨੂੰ ਖਤਮ ਕਰਨ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ, ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਟੀਬੀ ਵਿਰੁੱਧ ਲੜਾਈ ਮਜ਼ਬੂਤ ​​ਸਿਹਤ ਪ੍ਰਣਾਲੀਆਂ, ਬਿਹਤਰ ਨਿਦਾਨ, ਸਵੱਛ ਵਾਤਾਵਰਣ, ਬਿਹਤਰ ਪੋਸ਼ਣ ਅਤੇ ਵਧੇਰੇ ਨਿਆਂਸੰਗਤ ਸਮਾਜ ਲਈ ਰਾਹ ਪੱਧਰਾ ਕਰ ਸਕਦੀ ਹੈ। ਉਨ੍ਹਾਂ ਨੇ ਵਿਸ਼ਵਵਿਆਪੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਦੇਰੀ ਨਾਲ ਨਿਦਾਨ ਤੋਂ ਸ਼ੁਰੂਆਤੀ ਨਿਦਾਨ ਵੱਲ, ਖੰਡਿਤ ਪ੍ਰੋਗਰਾਮਾਂ ਤੋਂ ਏਕੀਕ੍ਰਿਤ ਦੇਖਭਾਲ ਅਤੇ ਬਿਮਾਰੀ ਨਿਯੰਤਰਣ ਤੋਂ ਸਿਹਤ ਪ੍ਰਣਾਲੀ ਦੇ ਪਰਿਵਰਤਨ ਵੱਲ ਵਧਣ ।

ਆਪਣੇ ਸੰਬੋਧਨ ਦੀ ਸਮਾਪਤੀ ਕਰਦੇ ਹੋਏ, ਸ਼੍ਰੀ ਨੱਡਾ ਨੇ ਵਿਸ਼ਵ ਪੱਧਰ 'ਤੇ ਫੇਫੜਿਆਂ ਦੀ ਜਾਂਚ ਲਈ ਵਿਵਹਾਰਿਕ ਅਤੇ ਵਿਆਪਕ ਹੱਲਾਂ ਨੂੰ ਅੱਗੇ ਵਧਾਉਣ ਲਈ ਸਰਕਾਰਾਂ, ਨਵੀਨਤਾਕਾਰਾਂ, ਵਿਕਾਸ ਭਾਈਵਾਲਾਂ ਅਤੇ ਭਾਈਚਾਰਿਆਂ ਨਾਲ ਸਹਿਯੋਗ ਕਰਨ ਲਈ ਭਾਰਤ ਦੀ ਤੱਤਪਰਤਾ ਨੂੰ ਦੁਹਰਾਇਆ।

*****

ਐੱਸਆਰ/ਏਕੇ


(Release ID: 2264137) ਵਿਜ਼ੀਟਰ ਕਾਊਂਟਰ : 9