ਰੇਲ ਮੰਤਰਾਲਾ
azadi ka amrit mahotsav

ਭਾਰਤੀ ਰੇਲਵੇ ਨੇ ਰੁਝੇਵੇਂ ਵਾਲੇ ਹਾਵੜਾ-ਦਿੱਲੀ ਮਾਰਗ ’ਤੇ ਸਮਰੱਥਾ ਵਧਾਉਣ ਲਈ 962 ਕਰੋੜ ਰੁਪਏ ਦੀ ਲਾਗਤ ਵਾਲੀ 54 ਕਿੱਲੋਮੀਟਰ ਲੰਮੀ ਕਿਊਲ-ਝਾਝਾ ਤੀਜੀ ਲਾਈਨ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ


ਕਿਊਲ-ਝਾਝਾ ਤੀਜੀ ਲਾਈਨ ਪ੍ਰੋਜੈਕਟ ਨਾਲ ਮੁਸਾਫ਼ਰਾਂ ਦੀ ਆਵਾਜਾਈ, ਸੰਪਰਕ ਅਤੇ ਖੇਤਰੀ ਉਦਯੋਗਿਕ ਵਿਕਾਸ ਨੂੰ ਮਜ਼ਬੂਤੀ ਮਿਲੇਗੀ: ਅਸ਼ਵਿਨੀ ਵੈਸ਼ਣਵ

Posted On: 19 MAY 2026 11:35AM by PIB Chandigarh

ਭਾਰਤੀ ਰੇਲਵੇ ਨੇ ਹਾਵੜਾ-ਦਿੱਲੀ ਕੌਰੀਡੋਰ ’ਤੇ ਸਮਰੱਥਾ ਵਧਾਉਣ, ਸੰਚਾਲਨ ਕੁਸ਼ਲਤਾ ਵਿੱਚ ਸੁਧਾਰ ਕਰਨ ਅਤੇ ਨਿਰਵਿਘਨ ਰੇਲ ਆਵਾਜਾਈ ਨੂੰ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਰੇਲਵੇ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦੇ ਹੋਏ 962 ਕਰੋੜ ਰੁਪਏ ਦੀ ਲਾਗਤ ਵਾਲੀ ਕਿਊਲ-ਝਾਝਾ ਤੀਜੀ ਲਾਈਨ ਪ੍ਰੋਜੈਕਟ (54 ਕਿੱਲੋਮੀਟਰ) ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਪ੍ਰੋਜੈਕਟ ਭਾਰਤੀ ਰੇਲਵੇ ਦੇ ਬਹੁਤ ਜ਼ਿਆਦਾ ਰੁਝੇਵਾਂ ਭਰਪੂਰ ਆਵਾਜਾਈ ਵਾਲੇ ਨੈੱਟਵਰਕ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਅਤੇ ਇਸ ਨਾਲ ਪੂਰਬੀ ਅਤੇ ਉੱਤਰੀ ਭਾਰਤ ਵਿੱਚ ਮੁਸਾਫ਼ਰਾਂ ਦੀ ਆਵਾਜਾਈ ਅਤੇ ਮਾਲ ਢੋਆ-ਢੁਆਈ ਦੋਵਾਂ ਦੀ ਸਥਿਤੀ ਮਜ਼ਬੂਤ ਹੋਣ ਦੀ ਉਮੀਦ ਹੈ।

ਰੇਲ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਕਿਹਾ ਹੈ ਕਿ ਕਿਊਲ-ਝਾਝਾ ਤੀਜੀ ਲਾਈਨ ਪ੍ਰੋਜੈਕਟ ਨਾਲ ਹਾਵੜਾ-ਦਿੱਲੀ ਕੌਰੀਡੋਰ ’ਤੇ ਆਵਾਜਾਈ ਸਮਰੱਥਾ ਵਿੱਚ ਵੱਡਾ ਵਾਧਾ ਹੋਵੇਗਾ ਅਤੇ ਰੇਲ ਸੇਵਾਵਾਂ ਦੀ ਸਮਾਂਬੱਧਤਾ ਤੇ ਸੰਚਾਲਨ ਦੀ ਸਮਰੱਥਾ ਵਿੱਚ ਸੁਧਾਰ ਹੋਵੇਗਾ। ਉਨ੍ਹਾਂ ਕਿਹਾ ਕਿ ਵਾਧੂ ਰੇਲ ਲਾਈਨ ਨਾਲ ਸਵਾਰੀ ਗੱਡੀਆਂ ਅਤੇ ਮਾਲ ਗੱਡੀਆਂ ਦੀ ਸੁਚਾਰੂ ਰੂਪ ਵਿੱਚ ਆਵਾਜਾਈ ਯਕੀਨੀ ਹੋਵੇਗੀ ਅਤੇ ਇਸ ਦੇ ਨਾਲ ਹੀ ਖੇਤਰ ਵਿੱਚ ਉਦਯੋਗਿਕ ਵਿਕਾਸ ਅਤੇ ਵਪਾਰਕ ਸੰਪਰਕ ਵਿੱਚ ਮਦਦ ਮਿਲੇਗੀ।

ਹੁਣੇ ਕਿਊਲ ਅਤੇ ਝਾਝਾ ਵਿਚਕਾਰ ਮੌਜੂਦਾ ਦੋਹਰੀ ਲਾਈਨ ਦੇ ਹਿੱਸੇ ਦੀ ਆਪਣੀ ਵੱਧ ਤੋਂ ਵੱਧ ਸਮਰੱਥਾ ਨਾਲੋਂ ਵੀ ਜ਼ਿਆਦਾ ਵਰਤੋਂ ਹੋ ਰਹੀ ਹੈ, ਜਦੋਂ ਕਿ ਆਉਣ ਵਾਲੇ ਸਾਲਾਂ ਵਿੱਚ ਇਸ ਕੌਰੀਡੋਰ ’ਤੇ ਆਵਾਜਾਈ ਦੀ ਮੰਗ ਹੋਰ ਵਧਣ ਦੀ ਉਮੀਦ ਹੈ, ਜਿਸ ਦੇ ਲਈ ਵਾਧੂ ਬੁਨਿਆਦੀ ਢਾਂਚੇ ਦੇ ਵਿਸਥਾਰ ਦੀ ਲੋੜ ਪਵੇਗੀ। ਪ੍ਰਸਤਾਵਿਤ 54 ਕਿੱਲੋਮੀਟਰ ਲੰਮੀ ਤੀਜੀ ਲਾਈਨ ਪ੍ਰੋਜੈਕਟ ਨਾਲ ਇਸ ਲਾਈਨ ਦੀ ਸਮਰੱਥਾ ਵਿੱਚ ਵੱਡਾ ਸੁਧਾਰ ਹੋਵੇਗਾ, ਭੀੜ ਘੱਟ ਹੋਵੇਗੀ ਅਤੇ ਸਵਾਰੀ ਗੱਡੀਆਂ ਤੇ ਮਾਲ ਗੱਡੀਆਂ ਦੀ ਸੁਚਾਰੂ ਆਵਾਜਾਈ ਯਕੀਨੀ ਹੋਵੇਗੀ। ਇਸ ਪ੍ਰੋਜੈਕਟ ਨਾਲ ਪਟਨਾ ਅਤੇ ਕੋਲਕਾਤਾ ਵਿਚਾਲੇ ਸੰਪਰਕ ਹੋਰ ਮਜ਼ਬੂਤ ਹੋਵੇਗਾ। ਨਾਲ ਹੀ, ਇਸ ਨਾਲ ਉੱਤਰੀ ਅਤੇ ਪੂਰਬੀ ਭਾਰਤ ਦੇ ਪ੍ਰਮੁੱਖ ਉਦਯੋਗਿਕ ਅਤੇ ਲੌਜਿਸਟਿਕਸ ਕੇਂਦਰਾਂ ਵਿਚਾਲੇ ਮਾਲ ਢੋਆ-ਢੁਆਈ ਵੀ ਆਸਾਨ ਹੋ ਜਾਵੇਗੀ।

ਇਹ ਰਸਤਾ ਕੋਲਕਾਤਾ/ਹਲਦੀਆ ਬੰਦਰਗਾਹਾਂ ਅਤੇ ਰਕਸੌਲ/ਨੇਪਾਲ ਵਿਚਕਾਰ ਮਹੱਤਵਪੂਰਨ ਰੂਪ ਵਿੱਚ ਸੰਪਰਕ ਪ੍ਰਦਾਨ ਕਰਦਾ ਹੈ ਅਤੇ ਬਾੜ ਐੱਸ.ਟੀ.ਪੀ.ਪੀ., ਜਵਾਹਰ ਐੱਸ.ਟੀ.ਪੀ.ਪੀ.  ਅਤੇ ਬੀਰਗੰਜ ਆਈ.ਸੀ.ਡੀ. ਸਮੇਤ ਪ੍ਰਮੁੱਖ ਉਦਯੋਗਿਕ ਇਕਾਈਆਂ ਨਾਲ ਜੁੜੀ ਭਾਰੀ ਮਾਲ ਢੋਆ-ਢੁਆਈ ਲਈ ਮਾਲ ਗੱਡੀਆਂ ਦੀ ਆਵਾਜਾਈ ਨੂੰ ਸੰਭਾਲਦਾ ਹੈ। ਇਸ ਰੇਲ ਖੰਡ ਨੂੰ ਭਾਰਤੀ ਰੇਲਵੇ ਦੇ ਬਹੁਤ ਜ਼ਿਆਦਾ ਰੁੱਝੇ ਆਵਾਜਾਈ ਵਾਲੇ ਨੈੱਟਵਰਕ ਕੌਰੀਡੋਰ ਵਜੋਂ ਪਛਾਣਿਆ ਗਿਆ ਹੈ।

ਇਸ ਰਣਨੀਤਕ ਲਾਂਘੇ ’ਤੇ ਵਧਦੀ ਆਵਾਜਾਈ ਦੀ ਮੰਗ ਨੂੰ ਦੇਖਦੇ ਹੋਏ ਇਸ ਪ੍ਰੋਜੈਕਟ ਨਾਲ ਮੁਸਾਫ਼ਰਾਂ ਦੀ ਆਵਾਜਾਈ ਅਤੇ ਮਾਲ ਢੋਆ-ਢੁਆਈ ਦੋਵਾਂ ਲਈ ਲੰਮੇ ਸਮੇਂ ਦੇ ਪੱਧਰ ’ਤੇ ਬੁਨਿਆਦੀ ਢਾਂਚਾਗਤ ਮਦਦ ਮਿਲਣ ਦੀ ਉਮੀਦ ਹੈ। ਇਸ ਦੇ ਜ਼ਰੀਏ ਬਿਹਤਰ ਸੰਪਰਕ ਅਤੇ ਸਮਰੱਥਾ ਵਿੱਚ ਵਾਧੂ ਵਾਧੇ ਨਾਲ ਪੂਰਬੀ ਅਤੇ ਉੱਤਰੀ ਭਾਰਤ ਦੇ ਪ੍ਰਮੁੱਖ ਆਰਥਿਕ ਕੇਂਦਰਾਂ ਵਿਚਕਾਰ ਸਮੱਗਰੀ ਦੀ ਆਵਾਜਾਈ ਦੀ ਸਮਰੱਥਾ ਵਧੇਗੀ, ਭੀੜ ਘੱਟ ਹੋਵੇਗੀ ਅਤੇ ਰੇਲ ਆਵਾਜਾਈ ਦੀ ਭਰੋਸੇਯੋਗਤਾ ਵਿੱਚ ਸੁਧਾਰ ਹੋਵੇਗਾ।

*****

ਧਰਮਿੰਦਰ ਤਿਵਾੜੀ/ਡਾ.ਨਯਨ ਸੋਲੰਕੀ/ਰਿਤੂ ਰਾਜ/ਮਾਨਿਕ ਸ਼ਰਮਾ


(Release ID: 2263264) ਵਿਜ਼ੀਟਰ ਕਾਊਂਟਰ : 67