ਰੇਲ ਮੰਤਰਾਲਾ
azadi ka amrit mahotsav

ਕੇਂਦਰੀ ਰੇਲ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਬੈਂਗਲੁਰੂ -ਮੁੰਬਈ ਐਕਸਪ੍ਰੈਸ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ, ਜਿਸ ਨਾਲ ਕਰਨਾਟਕ ਅਤੇ ਮਹਾਰਾਸ਼ਟਰ ਵਿਚਕਾਰ ਰੇਲ ਸੰਪਰਕ ਮਜ਼ਬੂਤ ​​ਹੋਇਆ


ਬੈਂਗਲੁਰੂ-ਮੁੰਬਈ ਵੰਦੇ ਭਾਰਤ ਸਲੀਪਰ ਸੇਵਾ ਜਲਦੀ ਸ਼ੁਰੂ ਕੀਤੀ ਜਾਵੇਗੀ: ਸ਼੍ਰੀ ਅਸ਼ਵਿਨੀ ਵੈਸ਼ਣਵ

Posted On: 17 MAY 2026 3:40PM by PIB Chandigarh

ਕੇਂਦਰੀ ਰੇਲ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਅੱਜ ਬੈਂਗਲੁਰੂ-ਮੁੰਬਈ ਵਿਚਾਲੇ ਚੱਲਣ ਵਾਲੀ ਇੱਕ ਐਕਸਪ੍ਰੈਸ ਰੇਲਗੱਡੀ ਨੂੰ ਵਰਚੁਅਲ ਤੌਰ ’ਤੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ, ਜੋ ਕਰਨਾਟਕ ਅਤੇ ਮਹਾਰਾਸ਼ਟਰ ਵਿਚਾਲੇ ਸੰਪਰਕ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ।

ਸ਼੍ਰੀ ਵੈਸ਼ਣਵ ਨੇ ਕਿਹਾ ਕਿ ਦੱਖਣ ਅਤੇ ਉੱਤਰ ਕਰਨਾਟਕ ਦੀਆਂ ਲੰਬੇ ਸਮੇਂ ਤੋਂ ਕੀਤੀਆਂ ਜਾ ਰਹੀਆਂ ਮੰਗਾਂ ਹੁਣ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ, ਉਨ੍ਹਾਂ ਨੇ ਐਲਾਨ ਕੀਤਾ ਕਿ ਬੈਂਗਲੁਰੂ ਅਤੇ ਮੁੰਬਈ ਵਿਚਾਲੇ ਵੰਦੇ ਭਾਰਤ ਸਲੀਪਰ ਸੇਵਾ ਜਲਦੀ ਹੀ ਸ਼ੁਰੂ ਹੋਣ ਦੀ ਉਮੀਦ ਹੈ।

ਬੁਨਿਆਦੀ ਢਾਂਚੇ  ਦੇ ਵਿਕਾਸ ’ਤੇ ਚਾਨਣਾ ਪਾਉਂਦਿਆਂ ਉਨ੍ਹਾਂ ਨੇ ਹਾਲ ਹੀ ਦੇ ਸਾਲਾਂ ਵਿੱਚ ਰੇਲਵੇ ਦੇ ਫੰਡਿੰਗ ਵਿੱਚ ਹੋਏ ਸ਼ਾਨਦਾਰ ਵਾਧੇ ਦਾ ਜ਼ਿਕਰ ਕੀਤਾ, ਜਿਸ ਨਾਲ ਪੂਰੇ ਕਰਨਾਟਕ ਵਿੱਚ ਪ੍ਰੋਜੈਕਟਾਂ ਨੂੰ ਨੇਪਰੇ ਚਾੜ੍ਹਨ ਵਿੱਚ ਤੇਜ਼ੀ ਆਈ ਹੈ।

ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 2,160 ਕਰੋੜ ਰੁਪਏ ਦੀ ਲਾਗਤ ਨਾਲ 61 ਸਟੇਸ਼ਨਾਂ ਦਾ ਪੁਨਰ-ਵਿਕਾਸ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿੱਚੋਂ 9 ਦਾ ਕੰਮ ਪੂਰਾ ਹੋ ਚੁੱਕਾ ਹੈ। ਬੈਂਗਲੁਰੂ ਛਾਉਣੀ ਸਟੇਸ਼ਨ ਦਾ ਪੁਨਰ-ਵਿਕਾਸ 485 ਕਰੋੜ ਰੁਪਏ ਅਤੇ ਯਸ਼ਵੰਤਪੁਰ ਸਟੇਸ਼ਨ ਦਾ ਪੁਨਰ-ਵਿਕਾਸ 367 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾ ਰਿਹਾ ਹੈ।

 

2014 ਤੋਂ ਕਰਨਾਟਕ ਵਿੱਚ ਲਗਭਗ 1,750 ਕਿੱਲੋਮੀਟਰ ਨਵੀਆਂ ਰੇਲਵੇ ਲਾਈਨਾਂ ਬਣਾਈਆਂ ਗਈਆਂ ਹਨ, ਅਤੇ ਹਸਨ-ਮੰਗਲੁਰੂ ਸੈਕਸ਼ਨ ਵਿੱਚ ਗੁੰਝਲਦਾਰ ਬਿਜਲੀਕਰਨ ਦੇ ਕੰਮ ਪੂਰੇ ਕੀਤੇ ਗਏ ਹਨ, ਨਾਲ ਹੀ ਟੈਸਟਿੰਗ ਦਾ ਕੰਮ ਚੱਲ ਰਿਹਾ ਹੈ।

ਬੈਂਗਲੁਰੂ ਉਪਨਗਰੀ ਰੇਲਵੇ ਪ੍ਰੋਜੈਕਟ ਬਾਰੇ ਉਨ੍ਹਾਂ ਨੇ ਦੱਸਿਆ ਕਿ ਚਾਰੋਂ ਕੌਰੀਡੋਰਜ਼ ’ਤੇ ਕੰਮ ਪ੍ਰਗਤੀ ਅਧੀਨ ਹੈ। ਬੈਯੱਪਨਹੱਲੀ-ਚਿੱਕਬਨਵਾਰਾ ਅਤੇ ਹੀਲਾਲੀਗੇ-ਰਾਜਨੁਕੁੰਟੇ ਕੌਰੀਡੋਰ ਲਈ ਜ਼ਮੀਨ ਐਕਵਾਇਰ ਦਾ ਕੰਮ ਪੂਰਾ ਹੋ ਚੁੱਕਾ ਹੈ ਅਤੇ ਸਟੇਸ਼ਨ ਨਿਰਮਾਣ ਦਾ ਕੰਮ ਇਸ ਵੇਲੇ ਚੱਲ ਰਿਹਾ ਹੈ। ਕੇ.ਐੱਸ.ਆਰ. ਬੈਂਗਲੁਰੂ-ਦੇਵਨਹੱਲੀ ਮਾਰਗ ਨੂੰ ਰਾਜ ਸਰਕਾਰ ਅਤੇ ਰੇਲਵੇ ਨੇ ਸਾਂਝੇ ਤੌਰ ’ਤੇ ਮਨਜ਼ੂਰੀ ਦੇ ਦਿੱਤੀ ਹੈ ਅਤੇ ਭੂ-ਤਕਨੀਕੀ ਸਰਵੇਖਣ ਪੂਰਾ ਹੋ ਚੁੱਕਾ ਹੈ। ਕੈਂਗੇਰੀ-ਵਾਈਟਫੀਲਡ ਮਾਰਗ ਨੂੰ ਹਾਲ ਹੀ ਵਿੱਚ ਮਨਜ਼ੂਰੀ ਮਿਲੀ ਹੈ ਅਤੇ ਸਰਵੇਖਣ ਦਾ ਕੰਮ ਜਲਦੀ ਹੀ ਸ਼ੁਰੂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਉਪਨਗਰੀ ਰੇਲ ਨੈੱਟਵਰਕ ਹਵਾਈ ਅੱਡੇ, ਇਲੈਕਟ੍ਰਾਨਿਕ ਸਿਟੀ, ਮਰਾਠਾਹੱਲੀ ਅਤੇ ਹੇੱਬਲ ਸਮੇਤ ਪ੍ਰਮੁੱਖ ਕੇਂਦਰਾਂ ਨੂੰ ਆਪਸ ਵਿੱਚ ਜੋੜੇਗਾ।

ਰੇਲ ਮੰਤਰੀ ਨੇ ਅੱਗੇ ਦੱਸਿਆ ਕਿ ਕਰਨਾਟਕ ਵਿੱਚ ਇਸ ਵੇਲੇ ਵੰਦੇ ਭਾਰਤ ਟ੍ਰੇਨਾਂ ਦੀਆਂ 12 ਜੋੜੀਆਂ ਚੱਲਦੀਆਂ ਹਨ। ਬੈਂਗਲੁਰੂ-ਮੰਗਲੁਰੂ ਰਸਤੇ ’ਤੇ ਟੈਸਟਿੰਗ ਜਾਰੀ ਹੈ ਅਤੇ ਇਸ ਨਾਲ ਜਲਦੀ ਹੀ ਮਡਗਾਂਵ ਤੱਕ ਤਟਵਰਤੀ ਸੰਪਰਕ ਵਿੱਚ ਸੁਧਾਰ ਹੋਵੇਗਾ।

ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਦੱਸਿਆ ਕਿ ਬੈਂਗਲੁਰੂ ਨੂੰ ਹੈਦਰਾਬਾਦ ਅਤੇ ਚੇਨਈ ਨਾਲ ਜੋੜਨ ਵਾਲੇ ਬੁਲੇਟ ਟ੍ਰੇਨ ਕੌਰੀਡੋਰ ਨੂੰ ਵੀ ਮਨਜ਼ੂਰੀ ਮਿਲ ਚੁੱਕੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਮੁੰਬਈ, ਬੈਂਗਲੁਰੂ ਅਤੇ ਹੋਰ ਪ੍ਰਮੁੱਖ ਸ਼ਹਿਰਾਂ ਨੂੰ ਜੋੜਨ ਦੀ ਲੰਬੀ ਮਿਆਦ ਦੀ ਯੋਜਨਾ ਤਹਿਤ, ਇਸ ਨੈੱਟਵਰਕ ਦਾ ਵਿਸਤਾਰ 7,000 ਕਿੱਲੋਮੀਟਰ ਤੱਕ ਹੋਣ ਦੀ ਉਮੀਦ ਹੈ।

ਰੇਲ ਰਾਜ ਮੰਤਰੀ ਸ਼੍ਰੀ ਵੀ. ਸੋਮੰਨਾ ਨੇ ਟ੍ਰੇਨ ਨੰਬਰ 16553/54 ਐੱਸ.ਐੱਮ.ਵੀ.ਟੀ. ਬੈਂਗਲੁਰੂ – ਲੋਕਮਾਨਿਆ ਤਿਲਕ ਟਰਮੀਨਸ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਦੇ ਮੌਕੇ ’ਤੇ  ਇਕੱਠ ਨੂੰ ਸੰਬੋਧਨ ਕਰਦਿਆਂ, ਸ਼੍ਰੀ ਅਸ਼ਵਿਨੀ ਵੈਸ਼ਨਵ ਦਾ ਨਵੀਂ ਬੈਂਗਲੁਰੂ-ਮੁੰਬਈ ਟ੍ਰੇਨ ਨੂੰ ਮਨਜ਼ੂਰੀ ਦੇਣ ਲਈ ਧੰਨਵਾਦ ਪ੍ਰਗਟ ਕੀਤਾ ਅਤੇ ਕਿਹਾ ਕਿ ਇਸ ਨਾਲ ਸਭ ਤੋਂ ਰੁੱਝੇ ਹੋਏ ਰੂਟਾਂ ਵਿੱਚੋਂ ਇੱਕ ’ਤੇ ਯਾਤਰੀਆਂ ਨੂੰ ਬਹੁਤ ਫਾਇਦਾ ਹੋਵੇਗਾ ਅਤੇ ਕਰਨਾਟਕ ਦੇ ਵਿਕਾਸ ਨੂੰ ਹੋਰ ਹੁਲਾਰਾ ਮਿਲੇਗਾ।

ਉਨ੍ਹਾਂ ਨੇ ਇਸ ਗੱਲ ’ਤੇ ਵੀ ਚਾਨਣਾ ਪਾਇਆ ਕਿ ਕਰਨਾਟਕ ਵਿੱਚ ਇਸ ਵੇਲੇ 14 ਜ਼ਿਲ੍ਹਿਆਂ ਨੂੰ ਕਵਰ ਕਰਨ ਵਾਲੀਆਂ ਵੰਦੇ ਭਾਰਤ ਟ੍ਰੇਨਾਂ ਦੀਆਂ 12 ਜੋੜੀਆਂ ਚੱਲਦੀਆਂ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਥਾਨੀਸੰਦਰਾ ਵਿੱਚ 270 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਵੰਦੇ ਭਾਰਤ ਸਲੀਪਰ ਰੱਖ-ਰਖਾਅ ਡਿਪੂ ਸਥਾਪਿਤ ਕੀਤਾ ਜਾਵੇਗਾ, ਨਾਲ ਹੀ ਐੱਸ.ਐੱਮ.ਵੀ.ਟੀ. ਬੈਂਗਲੁਰੂ ਵਿੱਚ 52.73 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਚੇਅਰ ਕਾਰ ਰੱਖ-ਰਖਾਅ ਸਹੂਲਤ ਵੀ ਸਥਾਪਿਤ ਕੀਤੀ ਜਾਵੇਗੀ। ਸਮਰੱਥਾ ਵਧਾਉਣ ਲਈ ਬੈਯੱਪਨਹੱਲੀ-ਹੋਸੁਰ (1,116 ਕਰੋੜ ਰੁਪਏ), ਬੇੱਟਾਹਲਸੁਰੂ-ਰਾਜਨੁਕੁੰਟੇ (248 ਕਰੋੜ ਰੁਪਏ) ਮਾਰਗਾਂ ਦਾ ਦੋਹਰੀਕਰਨ  ਅਤੇ ਬੈਂਗਲੁਰੂ ਦੇ ਆਲੇ-ਦੁਆਲੇ ਰੇਲ ਪਟੜੀਆਂ ਨੂੰ ਚੌਗੁਣਾ ਕਰਨ ਦੇ ਕੰਮ (1,347 ਕਰੋੜ ਰੁਪਏ) ਚੱਲ ਰਹੇ ਹਨ ।

ਸ਼੍ਰੀ ਸੋਮੰਨਾ ਨੇ ਦੱਸਿਆ ਕਿ ਯਸ਼ਵੰਤਪੁਰ, ਕੇ.ਐੱਸ.ਆਰ. ਬੈਂਗਲੁਰੂ, ਲੋਟੇਗੋੱਲਾਹੱਲੀ, ਬੈਯੱਪਨਹੱਲੀ, ਪੇਨੂਕੋਂਡਾ, ਮੈਸੂਰੂ ਅਤੇ ਜੋਲਾਰਪੇੱਟਈ ਸਮੇਤ ਪ੍ਰਮੁੱਖ ਸੈਕਸ਼ਨਾਂ ਵਿੱਚ 6,396 ਕਰੋੜ ਰੁਪਏ ਦੀ ਕੁੱਲ ਲਾਗਤ ਨਾਲ ਆਟੋਮੈਟਿਕ ਸਿਗਨਲਿੰਗ ਦੇ ਕੰਮ ਲਾਗੂ ਕੀਤੇ ਜਾ ਰਹੇ ਹਨ। ਸਮੁੱਚੇ ਵਿਕਾਸ ’ਤੇ ਚਾਨਣਾ ਪਾਉਂਦਿਆਂ ਉਨ੍ਹਾਂ ਕਿਹਾ ਕਿ ਕਰਨਾਟਕ ਨੂੰ ਰੇਲਵੇ ਬਜਟ ਵਜੋਂ ਰਿਕਾਰਡ 7,748 ਕਰੋੜ ਰੁਪਏ ਦੇ ਫੰਡ ਪ੍ਰਾਪਤ ਹੋਏ ਹਨ। 2014 ਤੋਂ ਹੁਣ ਤੱਕ ਲਗਭਗ 3,840 ਕਿਲੋਮੀਟਰ ਰੇਲਵੇ ਪਟੜੀਆਂ ਵਿਕਸਿਤ ਕੀਤੀ ਗਈਆਂ ਹਨ ਅਤੇ 3,742 ਕਿਲੋਮੀਟਰ ਦਾ ਬਿਜਲੀਕਰਨ ਕੀਤਾ ਗਿਆ ਹੈ, ਜਿਸ ਨਾਲ ਰਾਜ 100 ਫੀਸਦੀ ਬਿਜਲੀਕਰਨ ਦੇ ਨੇੜੇ ਪਹੁੰਚ ਗਿਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਆਰ.ਓ.ਬੀ./ਆਰ.ਯੂ.ਬੀ. ਦੀ ਸੰਖਿਆ 2014 ਤੋਂ ਪਹਿਲਾਂ ਲਗਭਗ 150 ਸੀ ਜੋ ਹੁਣ ਵੱਧ ਕੇ 707 ਹੋ ਗਈ ਹੈ, ਅਗਲੇ ਇੱਕ ਸਾਲ ਦੇ ਅੰਦਰ 146 ਹੋਰ ਲੈਵਲ ਕਰਾਸਿੰਗਾਂ ਪੂਰੀਆਂ ਕੀਤੀਆਂ ਜਾਣੀਆਂ ਹਨ, ਅਤੇ ਅਗਲੇ ਤਿੰਨ ਸਾਲਾਂ ਵਿੱਚ ਸਾਰੀਆਂ ਲੈਵਲ ਕਰਾਸਿੰਗਾਂ ਨੂੰ ਖਤਮ ਕਰਨ ਦਾ ਟੀਚਾ ਰੱਖਿਆ ਗਿਆ ਹੈ।

ਇਸ ਮੌਕੇ ਹਾਜ਼ਰ ਪਤਵੰਤੇ ਸੱਜਣਾਂ ਵਿੱਚ ਬੈਂਗਲੁਰੂ ਸੈਂਟਰਲ ਤੋਂ ਮਾਣਯੋਗ ਸੰਸਦ ਮੈਂਬਰ ਸ਼੍ਰੀ ਪੀ. ਸੀ. ਮੋਹਨ; ਰਾਜ ਸਭਾ ਦੇ ਮਾਣਯੋਗ ਸੰਸਦ ਮੈਂਬਰ ਸ਼੍ਰੀ ਲਹਰ ਸਿੰਘ ਸਿਰੋਯਾ; ਅਤੇ ਬੈਂਗਲੁਰੂ ਸਾਊਥ ਤੋਂ ਮਾਣਯੋਗ ਸੰਸਦ ਮੈਂਬਰ ਸ਼੍ਰੀ ਤੇਜਸਵੀ ਸੂਰਿਆ ਸ਼ਾਮਲ ਸਨ, ਜੋ ਸੀਨੀਅਰ ਰੇਲਵੇ ਅਧਿਕਾਰੀਆਂ ਦੇ ਨਾਲ ਵੀਡੀਓ ਕਾਨਫਰੰਸ ਰਾਹੀਂ ਸਮਾਗਮ ਵਿੱਚ ਸ਼ਾਮਲ ਹੋਏ।

*****

ਧਰਮਿੰਦਰ ਤਿਵਾੜੀ/ਡਾ.ਨਯਨ ਸੋਲੰਕੀ/ਰਿਤੂ ਰਾਜ/ਮਾਨਿਕ ਸ਼ਰਮਾ


(Release ID: 2262371) ਵਿਜ਼ੀਟਰ ਕਾਊਂਟਰ : 18