ਕਿਰਤ ਤੇ ਰੋਜ਼ਗਾਰ ਮੰਤਰਾਲਾ
ਕੇਂਦਰੀ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਕਿਰਤ ਕੋਡ ਦੇ ਅਧੀਨ ਆਉਣ ਵਾਲੇ ਕਾਮਿਆਂ ਲਈ ਇੱਕ ਦੇਸ਼-ਵਿਆਪੀ ਸਲਾਨਾ ਸਿਹਤ ਜਾਂਚ ਪਹਿਲਕਦਮੀ ਦੀ ਸ਼ੁਰੂਆਤ ਕੀਤੀ
ਦੇਸ਼ ਭਰ ਦੇ 40 ਵਰ੍ਹਿਆਂ ਤੋਂ ਵੱਧ ਉਮਰ ਦੇ ਕਾਮਿਆਂ ਲਈ ਮੁਫ਼ਤ ਸਲਾਨਾ ਸਿਹਤ ਜਾਂਚ ਕੀਤੀ ਜਾਵੇਗੀ
ਡਾ. ਮਾਂਡਵੀਆ ਨੇ ਕਿਹਾ, "ਭਾਰਤ ਲੇਬਰ ਕੋਡ ਦੇ ਤਹਿਤ ਗਿਗ ਅਤੇ ਪਲੈਟਫਾਰਮ ਵਰਕਰਾਂ ਨੂੰ ਸਮਾਜਿਕ ਸੁਰੱਖਿਆ ਕਵਰੇਜ ਪ੍ਰਦਾਨ ਕਰਨ ਵਾਲੇ ਪਹਿਲੇ ਦੇਸ਼ਾਂ ਵਿੱਚੋਂ ਇੱਕ ਬਣ ਗਿਆ ਹੈ"
ਕੇਂਦਰੀ ਮੰਤਰੀ ਨੇ ਭਾਰਤ ਵਿੱਚ ਸਮਾਜਿਕ ਸੁਰੱਖਿਆ ਕਵਰੇਜ ਦੇ 19 ਪ੍ਰਤੀਸ਼ਤ ਤੋਂ ਵਧ ਕੇ 64 ਪ੍ਰਤੀਸ਼ਤ ਹੋਣ ‘ਤੇ ਜ਼ੋਰ ਦਿੱਤਾ, ਜਿਸ ਨਾਲ ਲਗਭਗ 94 ਕਰੋੜ ਲੋਕਾਂ ਨੂੰ ਲਾਭ ਹੋਇਆ ਹੈ
ਈਐੱਸਆਈਸੀ ਕਵਰੇਜ ਇੱਕ ਦਹਾਕੇ ਪਹਿਲਾਂ ਲਗਭਗ 7 ਕਰੋੜ ਲਾਭਪਾਤਰੀਆਂ ਤੋਂ ਵਧ ਕੇ ਅੱਜ ਲਗਭਗ 15 ਕਰੋੜ ਲਾਭਪਾਤਰੀਆਂ ਤੱਕ ਪਹੁੰਚ ਗਈ ਹੈ: ਡਾ. ਮਾਂਡਵੀਆ
Posted On:
07 MAY 2026 1:54PM by PIB Chandigarh
ਕੇਂਦਰੀ ਕਿਰਤ ਅਤੇ ਰੁਜ਼ਗਾਰ ਅਤੇ ਯੁਵਾ ਮਾਮਲੇ ਅਤੇ ਖੇਡ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਅੱਜ ਦਿੱਲੀ ਦੇ ਬਸੈਦਰਪੁਰ (Basaidarapur) ਸਥਿਤ ਈਐੱਸਆਈਸੀ ਮੈਡੀਕਲ ਕਾਲਜ ਅਤੇ ਹਸਪਤਾਲ ਤੋਂ 40 ਵਰ੍ਹਿਆਂ ਅਤੇ ਇਸ ਤੋਂ ਵੱਧ ਉਮਰ ਦੇ ਸਾਰੇ ਕਾਮਿਆਂ ਲਈ ਇੱਕ ਦੇਸ਼-ਵਿਆਪੀ ਸਲਾਨਾ ਸਿਹਤ ਜਾਂਚ ਪਹਿਲਕਦਮੀ ਦੀ ਸ਼ੁਰੂਆਤ ਕੀਤੀ। ਇਹ ਦੇਸ਼ ਦੇ ਕਾਰਜਬਲ ਲਈ ਕਿੱਤਾਮੁਖੀ ਸਿਹਤ ਸੰਭਾਲ ਅਤੇ ਸਮਾਜਿਕ ਸੁਰੱਖਿਆ ਕਵਰੇਜ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਮੀਲ ਪੱਥਰ ਹੈ।

ਇਸ ਮੌਕੇ 'ਤੇ ਇਕੱਠ ਨੂੰ ਸੰਬੋਧਨ ਕਰਦਿਆਂ, ਕੇਂਦਰੀ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਕਿਹਾ ਕਿ ਚਾਰ ਕਿਰਤ ਕੋਡਸ ਨੂੰ ਲਾਗੂ ਕਰਨਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਦੇਸ਼ ਭਰ ਦੇ ਮਜ਼ਦੂਰਾਂ ਲਈ ਮਾਣ, ਭਲਾਈ ਅਤੇ ਸਮਾਜਿਕ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਗਰੰਟੀ ਨੂੰ ਦਰਸਾਉਂਦਾ ਹੈ।
ਇਸ ਮੌਕੇ ਨੂੰ "ਸ਼੍ਰਮ ਸ਼ਕਤੀ" (ਕਿਰਤ ਸ਼ਕਤੀ) ਦੇ ਸਨਮਾਨ ਲਈ ਸਮਰਪਿਤ ਦਿਨ ਦੱਸਦਿਆਂ, ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਸਰਕਾਰ ਸਾਰੇ ਮਜ਼ਦੂਰਾਂ ਲਈ ਸਮਾਜਿਕ ਸੁਰੱਖਿਆ ਕਵਰੇਜ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ।

ਕੇਂਦਰੀ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ, ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ, ਸਰਕਾਰ ਨੇ ਪਿਛਲੇ 12 ਵਰ੍ਹਿਆਂ ਵਿੱਚ ਰੁਜ਼ਗਾਰ ਸਿਰਜਣ ਅਤੇ ਭਲਾਈ ਉਪਾਵਾਂ ਰਾਹੀਂ "ਕਿਰਤ ਸ਼ਕਤੀ" ਅਤੇ "ਯੁਵਾ ਸ਼ਕਤੀ" ਨੂੰ ਸਸ਼ਕਤ ਬਣਾਉਣ ਲਈ ਕੰਮ ਕੀਤਾ ਹੈ।
ਸ਼੍ਰੀ ਮਾਂਡਵੀਆ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਦੇਸ਼ ਵਿੱਚ ਸਮਾਜਿਕ ਸੁਰੱਖਿਆ ਕਵਰੇਜ ਵਿੱਚ ਇੱਕ ਸ਼ਾਨਦਾਰ ਵਾਧਾ ਹੋਇਆ ਹੈ, ਜੋ ਇੱਕ ਦਹਾਕੇ ਪਹਿਲਾਂ ਲਗਭਗ 30 ਕਰੋੜ ਲੋਕਾਂ ਤੋਂ ਵਧ ਕੇ ਅੱਜ ਲਗਭਗ 94 ਕਰੋੜ ਲਾਭਪਾਤਰੀਆਂ ਤੱਕ ਪਹੁੰਚ ਗਿਆ ਹੈ - ਭਾਵ ਸਮਾਜਿਕ ਸੁਰੱਖਿਆ ਕਵਰੇਜ 19 ਪ੍ਰਤੀਸ਼ਤ ਤੋਂ ਵਧ ਕੇ 64 ਪ੍ਰਤੀਸ਼ਤ ਹੋ ਗਈ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਇੱਕ ਦਹਾਕੇ ਪਹਿਲਾਂ ਈਐੱਸਆਈਸੀ ਦੇ ਦਾਇਰੇ ਵਿੱਚ ਆਉਣ ਵਾਲੇ ਲਾਭਪਾਤਰੀਆਂ ਦੀ ਗਿਣਤੀ ਲਗਭਗ 7 ਕਰੋੜ ਸੀ, ਜੋ ਹੁਣ ਵਧ ਕੇ ਲਗਭਗ 15 ਕਰੋੜ ਹੋ ਗਈ ਹੈ।
ਕਾਮਿਆਂ ਦੀ ਭਲਾਈ ਲਈ ਇੱਕ ਵੱਡੀ ਪਹਿਲਕਦਮੀ ਦਾ ਐਲਾਨ ਕਰਦੇ ਹੋਏ, ਡਾ. ਮਾਂਡਵੀਆ ਨੇ ਕਿਹਾ ਕਿ ਹੁਣ ਦੇਸ਼ ਭਰ ਵਿੱਚ 40 ਵਰ੍ਹਿਆਂ ਤੋਂ ਵੱਧ ਉਮਰ ਦੇ ਸਾਰੇ ਕਾਮਿਆਂ ਲਈ ਮੁਫ਼ਤ ਸਲਾਨਾ ਸਿਹਤ ਜਾਂਚ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਇਨ੍ਹਾਂ ਸਿਹਤ ਜਾਂਚਾਂ ਰਾਹੀਂ ਸ਼ੁਰੂਆਤੀ ਜਾਂਚ ਗੰਭੀਰ ਬਿਮਾਰੀਆਂ ਨੂੰ ਰੋਕਣ ਵਿੱਚ ਮਦਦ ਕਰ ਸਕਦੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਸਕ੍ਰੀਨਿੰਗ ਕੈਂਪਾਂ ਦੌਰਾਨ ਪਛਾਣੀਆਂ ਗਈਆਂ ਬਿਮਾਰੀਆਂ ਦਾ ਇਲਾਜ ਅਤੇ ਦਵਾਈਆਂ ਈਐੱਸਆਈਸੀ ਸਹੂਲਤਾਂ ਰਾਹੀਂ ਉਪਲਬਧ ਕਰਵਾਈਆਂ ਜਾਣਗੀਆਂ।
ਚਾਰ ਲੇਬਰ ਕੋਡਸ ਦੇ ਤਹਿਤ ਮੁੱਖ ਕਿਰਤ ਸੁਧਾਰਾਂ ਨੂੰ ਉਜਾਗਰ ਕਰਦੇ ਹੋਏ, ਡਾ. ਮਾਂਡਵੀਆ ਨੇ ਕਿਹਾ ਕਿ ਪੁਰਸ਼ ਅਤੇ ਮਹਿਲਾ ਕਾਮਿਆਂ ਲਈ ਬਰਾਬਰ ਤਨਖਾਹ ਯਕੀਨੀ ਬਣਾਉਣ ਦੇ ਪ੍ਰਬੰਧ ਪੁਖਤਾ ਕੀਤੇ ਗਏ ਹਨ, ਜਣੇਪਾ ਛੁੱਟੀ 12 ਹਫ਼ਤਿਆਂ ਤੋਂ ਵਧਾ ਕੇ 26 ਹਫ਼ਤੇ ਕਰ ਦਿੱਤੀ ਗਈ ਹੈ, ਅਤੇ ਮਹਿਲਾਵਾਂ ਲਈ ਘਰੋਂ ਕੰਮ ਕਰਨ ਦੇ ਪ੍ਰਬੰਧ ਵੀ ਸ਼ਾਮਲ ਕੀਤੇ ਗਏ ਹਨ।

ਡਾ. ਮਾਂਡਵੀਆ ਨੇ ਅੱਗੇ ਕਿਹਾ ਕਿ ਜਿੱਥੇ ਦੁਨੀਆ ਭਰ ਦੇ ਦੇਸ਼ ਅਜੇ ਵੀ ਗਿਗ ਅਤੇ ਪਲੈਟਫਾਰਮ ਵਰਕਰਾਂ ਨੂੰ ਸਮਾਜਿਕ ਸੁਰੱਖਿਆ ਢਾਂਚੇ ਦੇ ਅਧੀਨ ਲਿਆਉਣ ਦੇ ਤਰੀਕਿਆਂ ਦੀ ਖੋਜ ਕਰ ਰਹੇ ਹਨ, ਉੱਥੇ ਮੋਦੀ ਸਰਕਾਰ ਨੇ ਨਵੇਂ ਲੇਬਰ ਕੋਡਸ ਰਾਹੀਂ ਉਨ੍ਹਾਂ ਦੀ ਸ਼ਮੂਲੀਅਤ ਨੂੰ ਸਰਗਰਮੀ ਨਾਲ ਯਕੀਨੀ ਬਣਾਇਆ ਹੈ।
ਡਾ. ਮਾਂਡਵੀਆ ਨੇ ਅੱਗੇ ਕਿਹਾ ਕਿ ਖਤਰਨਾਕ ਕਿੱਤਿਆਂ ਵਿੱਚ ਲੱਗੇ ਕਾਮਿਆਂ ਅਤੇ ਇੱਥੋਂ ਤੱਕ ਕਿ 10 ਤੋਂ ਘੱਟ ਸਟਾਫ਼ ਮੈਂਬਰਾਂ ਵਾਲੇ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਵੀ ਹੁਣ ਈਐੱਸਆਈਸੀ ਦੇ ਦਾਇਰੇ ਵਿੱਚ ਲਿਆਂਦਾ ਜਾ ਰਿਹਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਪਹਿਲਾਂ, ਕਾਮਿਆਂ ਨੂੰ ਅਣਗੌਲਿਆ ਕੀਤਾ ਜਾਂਦਾ ਸੀ ਅਤੇ ਉਨ੍ਹਾਂ ਦੀ ਗੱਲ ਨੂੰ ਸੁਣਿਆ ਨਹੀਂ ਸੀ ਜਾਂਦਾ; ਹਾਲਾਂਕਿ, ਮੌਜੂਦਾ ਸਰਕਾਰ ਨੇ ਇਹ ਯਕੀਨੀ ਬਣਾਇਆ ਹੈ ਕਿ ਉਨ੍ਹਾਂ ਦੀਆਂ ਸ਼ਿਕਾਇਤਾਂ ਨੂੰ ਵਚਨਬੱਧਤਾ ਅਤੇ ਸੰਵੇਦਨਸ਼ੀਲਤਾ ਨਾਲ ਹੱਲ ਕੀਤਾ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਦੇਸ਼-ਵਿਆਪੀ ਸਿਹਤ ਜਾਂਚ ਪਹਿਲਕਦਮੀ ਦੇਸ਼ ਦੇ ਕਰਮਚਾਰੀਆਂ ਲਈ ਮਾਣ, ਸੁਰੱਖਿਆ ਅਤੇ ਬਿਹਤਰ ਸਿਹਤ ਸੰਭਾਲ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਚੁੱਕਿਆ ਗਿਆ ਇੱਕ ਹੋਰ ਮਹੱਤਵਪੂਰਨ ਕਦਮ ਹੈ।
ਇਹ ਲਾਂਚ ਸਮਾਗਮ ਦੇਸ਼ ਭਰ ਦੇ 11 ਹੋਰ ਸਥਾਨਾਂ 'ਤੇ ਕਰਮਚਾਰੀ ਰਾਜ ਬੀਮਾ ਨਿਗਮ (ਈਐੱਸਆਈਸੀ) ਹਸਪਤਾਲਾਂ ਵਿੱਚ ਇੱਕੋ ਸਮੇਂ ਮਨਾਇਆ ਗਿਆ, ਜਿਸ ਵਿੱਚ ਰਾਜ ਦੇ ਕਿਰਤ ਮੰਤਰੀ, ਸੰਸਦ ਮੈਂਬਰ, ਵਿਧਾਨ ਸਭਾਵਾਂ ਦੇ ਮੈਂਬਰ, ਸੀਨੀਅਰ ਅਧਿਕਾਰੀ, ਮਾਲਕਾਂ ਦੇ ਪ੍ਰਤੀਨਿਧੀ, ਕਾਮੇ ਅਤੇ ਹੋਰ ਪਤਵੰਤੇ ਵੀ ਸ਼ਾਮਲ ਹੋਏ।

ਇਸ ਮੌਕੇ 'ਤੇ, ਦਿੱਲੀ ਸਰਕਾਰ ਵਿੱਚ ਕਾਨੂੰਨ ਅਤੇ ਨਿਆਂ, ਕਿਰਤ, ਰੁਜ਼ਗਾਰ, ਵਿਕਾਸ, ਕਲਾ, ਸੱਭਿਆਚਾਰ ਅਤੇ ਭਾਸ਼ਾ ਅਤੇ ਸੈਰ-ਸਪਾਟਾ ਮੰਤਰੀ ਸ਼੍ਰੀ ਕਪਿਲ ਮਿਸ਼ਰਾ ਅਤੇ ਈਐੱਸਆਈਸੀ ਦੇ ਡਾਇਰੈਕਟਰ ਜਨਰਲ ਸ਼੍ਰੀ ਅਸ਼ੋਕ ਕੁਮਾਰ ਸਿੰਘ ਵੀ ਮੌਜੂਦ ਸਨ।
*****
ਰਿਨੀ ਚੌਧਰੀ/ਐਂਜੇਲੀਨਾ ਅਲੈਗਜ਼ੈਂਡਰ /ਏਕੇ
(Release ID: 2258924)
ਵਿਜ਼ੀਟਰ ਕਾਊਂਟਰ : 6