ਪ੍ਰਧਾਨ ਮੰਤਰੀ ਦਫਤਰ
ਗੰਗਟੋਕ ਵਿੱਚ ਸਿੱਕਮ ਦੇ 50ਵੇਂ ਰਾਜ ਸਥਾਪਨਾ ਦਿਵਸ ਸਮਾਰੋਹ ਦੇ ਸਮਾਪਤੀ ਸਮਾਗਮ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Posted On:
28 APR 2026 1:51PM by PIB Chandigarh
ਭਾਰਤ ਮਾਤਾ ਕੀ ਜੈ।
ਭਾਰਤ ਮਾਤਾ ਕੀ ਜੈ।
ਭਾਰਤ ਮਾਤਾ ਕੀ ਜੈ।
ਸਿੱਕਮ ਦੇ ਰਾਜਪਾਲ ਸ੍ਰੀ ਓਮ ਮਾਥੁਰ ਜੀ, ਇੱਥੋਂ ਦੇ ਹਰਮਨ-ਪਿਆਰੇ, ਊਰਜਾਵਾਨ ਨੌਜਵਾਨ ਅਤੇ ਮੇਰੇ ਪਰਮ ਮਿੱਤਰ ਸ੍ਰੀ ਪ੍ਰੇਮ ਸਿੰਘ ਤਮਾਂਗ ਜੀ, ਸੰਸਦ ਵਿੱਚ ਮੇਰੇ ਸਾਥੀ ਸ੍ਰੀ ਦੋਰਜੀ ਸ਼ੇਰਿੰਗ ਲੇਪਚਾ ਜੀ, ਡਾ. ਇੰਦਰ ਹਾਂਗ ਸੁੱਬਾ ਜੀ, ਸ੍ਰੀ ਦਿਲੀ ਰਾਮ ਥਾਪਾ ਜੀ ਅਤੇ ਸਿੱਕਮ ਦੇ ਮੇਰੇ ਪਿਆਰੇ ਭਰਾਵੋ ਅਤੇ ਭੈਣੋ।
ਸਮੁੱਚੇ ਸਿੱਕਮ ਵਾਸੀਆਂ ਨੂੰ ਸੋਨ ਜਯੰਤੀ ਦੀਆਂ ਢੇਰ ਸਾਰੀਆਂ ਵਧਾਈਆਂ ਅਤੇ ਸ਼ੁਭਕਾਮਨਾਵਾਂ, ਨਮਸਤੇ, ਟਾਸ਼ੀ ਡਿਲੇ!
ਖਾਮ-ਰੀ-ਮੋ! ਤਪਾਈਂਹਰੂ ਕੋਸਤੋ ਹੁਨੂ-ਹੁੰਛ?
ਸਾਥੀਓ,
ਮੈਂ ਕੱਲ੍ਹ ਦੁਪਹਿਰ ਤੋਂ ਬਾਅਦ ਗੰਗਟੋਕ ਪਹੁੰਚਿਆ ਸੀ, ਅਤੇ ਇੱਥੇ ਮੇਰੇ ਆਉਣ ਤੋਂ ਪਹਿਲਾਂ, ਮੈਂ ਬੰਗਾਲ ਚੋਣਾਂ ਦੀ ਭੱਜ-ਦੌੜ ਵਿੱਚ ਥੋੜ੍ਹਾ ਰੁੱਝਿਆ ਹੋਇਆ ਸੀ। ਇੱਥੇ ਆਉਂਦਿਆਂ ਹੀ ਇੱਕ ਨਵਾਂ ਅਹਿਸਾਸ, ਇੱਕ ਨਵਾਂ ਆਨੰਦ, ਚਾਰੇ ਪਾਸੇ ਉਤਸਵ ਦਾ ਮਾਹੌਲ, ਮਨ ਖੁਸ਼ੀਆਂ ਨਾਲ ਭਰ ਗਿਆ। ਰਾਤ ਨੂੰ ਪਿਆ ਮੀਂਹ, ਫਿਰ ਸਵੇਰ ਦੀ ਠੰਢਕ ਅਤੇ ਇਹ ਖਿੜੀ ਹੋਈ ਧੁੱਪ, ਸਿੱਕਮ ਦੇ ਰੰਗ ਹੀ ਨਿਰਾਲੇ ਹਨ।
ਸਾਥੀਓ,
ਪੂਰਬ ਦਾ ਸਵਰਗ ਸਿੱਕਮ, ਆਰਕਿਡਜ਼ ਦਾ ਗਾਰਡਨ ਸਿੱਕਮ, ਇਸ ਦੀ ਬੇਮਿਸਾਲ ਸੁੰਦਰਤਾ, ਇੱਥੋਂ ਦੀ ਸ਼ਾਂਤੀ, ਇੱਥੋਂ ਦਾ ਅਧਿਆਤਮਿਕ ਆਨੰਦ, ਇਹ ਅਹਿਸਾਸ ਬੜੀ ਕਿਸਮਤ ਨਾਲ ਮਿਲਦਾ ਹੈ। ਅੱਜ ਮੈਂ ਇੱਥੋਂ ਦੇ ਆਰਕਿਡਜ਼ ਨੂੰ ਵੀ ਵੇਖਣ ਗਿਆ ਸੀ। ਮੇਰੇ ਲਈ ਜਿੰਨਾ ਸਮਾਂ ਤੈਅ ਹੋਇਆ ਸੀ, ਮੈਂ ਉਸ ਤੋਂ ਵੱਧ ਸਮਾਂ ਉੱਥੇ ਬਿਤਾ ਰਿਹਾ ਸੀ। ਅਤੇ ਮੈਂ ਦੇਸ਼ ਭਰ ਦੇ ਸੈਲਾਨੀਆਂ ਨੂੰ, ਕੁਦਰਤ ਪ੍ਰੇਮੀ ਸੈਲਾਨੀਆਂ ਨੂੰ, ਕਹਿੰਦਾ ਹਾਂ ਕਿ ਜੇ ਉਨ੍ਹਾਂ ਨੇ ਸਿੱਕਮ ਦੇ ਇਹ ਆਰਕਿਡ ਨਹੀਂ ਵੇਖੇ ਹਨ, ਤਾਂ ਕੁਝ ਵੀ ਨਹੀਂ ਵੇਖਿਆ ਹੈ। ਅਤੇ ਮੈਨੂੰ ਵਿਸ਼ਵਾਸ ਹੈ ਕਿ ਇਸ ਵਾਰ ਸੈਲਾਨੀ, ਸਿੱਕਮ ਦੇ ਸੈਰ-ਸਪਾਟੇ ਦੇ ਸਾਰੇ ਅੰਕੜੇ ਇਸ ਵਾਰ ਪਾਰ ਕਰ ਦੇਣਗੇ। ਆਰਕਿਡਜ਼ ਵਿੱਚ ਮੈਂ ਵੇਖੇ ਕੁਦਰਤ ਦੇ ਉਹ ਰੰਗ, ਉਨ੍ਹਾਂ ਦਾ ਉਤਸ਼ਾਹ, ਮੇਰਾ ਮਨ ਹਾਲੇ ਵੀ ਉਸੇ ਵਿੱਚ ਡੁੱਬਿਆ ਹੋਇਆ ਹੈ।
ਸਾਥੀਓ,
ਅੱਜ ਸਾਨੂੰ ਸਿੱਕਮ ਦੀ 50 ਸਾਲਾਂ ਦੀ ਯਾਤਰਾ ਦਾ ਉਤਸਵ ਮਨਾਉਣ ਦਾ ਮੌਕਾ ਮਿਲਿਆ ਹੈ। ਜਦੋਂ ਮੌਕਾ ਇੰਨਾ ਇਤਿਹਾਸਕ ਹੋਵੇ ਅਤੇ ਇੰਨੇ ਪਵਿੱਤਰ ਮਾਹੌਲ ਵਿੱਚ ਹੋ ਰਿਹਾ ਹੋਵੇ, ਤਾਂ ਉਸ ਦੀ ਸ਼ਾਨ ਕਈ ਗੁਣਾ ਵਧ ਜਾਂਦੀ ਹੈ। ਪਾਲਜੋਰ ਦਾ ਇਹ ਸਟੇਡੀਅਮ ਅੱਜ ਉਸੇ ਰੌਣਕ ਨਾਲ ਭਰਿਆ ਹੋਇਆ ਹੈ। ਇੱਥੇ ਜੋ ਸੱਭਿਆਚਾਰਕ ਪ੍ਰੋਗਰਾਮ ਹੋਏ, ਕਲਾਕਾਰਾਂ ਦੀਆਂ ਮਨਮੋਹਕ ਪੇਸ਼ਕਾਰੀਆਂ ਹੋਈਆਂ। ਸਿੱਕਮ ਦੇ ਤੁਹਾਡੇ ਲੋਕਾਂ ਦਾ ਜੋ ਉਤਸ਼ਾਹ ਦਿਸਿਆ, ਸਾਹਮਣੇ ਪਹਾੜਾਂ ਅਤੇ ਅਸਮਾਨ ਵਿੱਚ ਕੁਦਰਤ ਦੀ ਸੁੰਦਰ ਛਟਾ ਦਿਸ ਰਹੀ ਸੀ। ਅਜਿਹਾ ਲੱਗ ਰਿਹਾ ਸੀ, ਜਿਵੇਂ ਕੁਦਰਤ ਅਤੇ ਸੱਭਿਆਚਾਰ ਇਕੱਠੇ ਮਿਲ ਕੇ ਜੀਵੰਤ ਹੋ ਉੱਠੇ ਹੋਣ। ਵਾਕਈ ਇਹ ਯਾਦਾਂ ਹਮੇਸ਼ਾ ਮੇਰੇ ਦਿਲ ਵਿੱਚ ਬਣੀਆਂ ਰਹਿਣਗੀਆਂ। ਅਤੇ ਮੈਂ ਜੋ ਵੀ ਕੋਰੀਓਗ੍ਰਾਫੀ ਕਰਨ ਵਾਲੇ ਲੋਕ ਹੋਣਗੇ, ਜੋ ਵੀ ਗਾਉਣ ਵਾਲੇ ਲੋਕ ਹੋਣਗੇ, ਸਾਰਿਆਂ ਨੂੰ ਵਧਾਈ ਦਿੰਦਾ ਹਾਂ। ਅਤੇ ਅੱਜ ਦੇ ਇਸ ਪ੍ਰੋਗਰਾਮ ਨੂੰ ਮੈਂ ਚਾਹਾਂਗਾ ਕਿ ਇਹ ਟੀਵੀ, ਮੀਡੀਆ ਵਾਲੇ, ਦੂਰਦਰਸ਼ਨ ਵਾਲੇ ਦੇਸ਼ ਨੂੰ ਵਾਰ-ਵਾਰ ਦਿਖਾਉਣ। ਜਦੋਂ ਦੇਸ਼ ਵਿੱਚ ਰਾਜਨੀਤਕ ਸੁਆਰਥਾਂ ਕਾਰਨ ਭਾਸ਼ਾਵਾਦ, ਸੂਬਾਪ੍ਰਸਤੀ, ਊਚ-ਨੀਚ, ਦੇਸ਼ ਵਿੱਚ ਵਿਤਕਰੇ ਲਈ ਲਗਾਤਾਰ ਕੋਸ਼ਿਸ਼ਾਂ ਹੋ ਰਹੀਆਂ ਹਨ, ਅੱਜ ਸਿੱਕਮ ਨੇ ‘ਇੱਕ ਭਾਰਤ, ਸ੍ਰੇਸ਼ਠ ਭਾਰਤ’ ਦੇ ਦਰਸ਼ਨ ਕਰਵਾ ਦਿੱਤੇ ਹਨ। ਉਨ੍ਹਾਂ ਨੇ ਇਸ ਛੋਟੇ ਜਿਹੇ ਪ੍ਰੋਗਰਾਮ ਵਿੱਚ ਪੂਰਾ ਹਿੰਦੁਸਤਾਨ ਅੱਖਾਂ ਸਾਹਮਣੇ ਖੜ੍ਹਾ ਕਰ ਦਿੱਤਾ। ਅਤੇ ਹਾਲੇ ਵੀ ਜੋ ਉਨ੍ਹਾਂ ਨੇ ਬੈਠਣ ਦੀ ਬਣਤਰ ਕੀਤੀ ਹੈ, ਮੈਨੂੰ ਉੱਪਰੋਂ ਦਿਸਦਾ ਹੈ, ਪੂਰਾ ਹਿੰਦੁਸਤਾਨ ਹੈ, ਅਤੇ ਜੋ ਜਿਸ ਸੂਬੇ ਦਾ ਹੈ, ਉਸੇ ਤਰ੍ਹਾਂ ਦੇ ਪਹਿਰਾਵੇ ਵਿੱਚ ਹੈ, ਉੱਧਰ ਗੁਜਰਾਤ ਤਾਂ ਗੁਜਰਾਤੀ ਕੱਪੜਿਆਂ ਵਿੱਚ ਲੋਕ ਬੈਠੇ ਹਨ। ਵਾਕਈ-ਵਾਕਈ ਤੁਸੀਂ ਦਿਲ ਜਿੱਤ ਲਿਆ ਹੈ। ਇਹ ਮੋਦੀ ਦਾ ਨਹੀਂ, ਪੂਰੇ ਹਿੰਦੁਸਤਾਨ ਦਾ ਦਿਲ ਜਿੱਤ ਲਿਆ ਹੈ ਅੱਜ। ਇਹੀ ਤਾਂ ਭਾਰਤ ਭਗਤੀ ਹੁੰਦੀ ਹੈ, ਇਹੀ ਤਾਂ ਦੇਸ਼ ਭਗਤੀ ਹੁੰਦੀ ਹੈ। ਨਵੀਂ ਪੀੜ੍ਹੀ ਵਿੱਚ ਇਸੇ ਨਾਲ ਦੇਸ਼ ਭਗਤੀ ਦੀਆਂ ਭਾਵਨਾਵਾਂ ਜਾਗਦੀਆਂ ਹਨ। ਬਹੁਤ-ਬਹੁਤ ਵਧਾਈ ਤੁਹਾਨੂੰ ਲੋਕਾਂ ਨੂੰ।
ਸਾਥੀਓ,
ਸਿੱਕਮ ਆਉਣ 'ਤੇ ਮੈਨੂੰ ਇਸ ਲਈ ਵੀ ਬਹੁਤ ਖੁਸ਼ੀ ਹੈ, ਕਿਉਂਕਿ ਪਿਛਲੀ ਵਾਰ ਮੈਂ ਖਰਾਬ ਮੌਸਮ ਕਾਰਨ ਇੱਥੋਂ ਤੱਕ ਨਹੀਂ ਪਹੁੰਚ ਸਕਿਆ ਸੀ। ਮੈਨੂੰ ਬਾਗਡੋਗਰਾ ਤੋਂ ਆਨਲਾਈਨ ਹੀ ਤੁਹਾਡੇ ਨਾਲ ਜੁੜਨਾ ਪਿਆ ਸੀ। ਤੁਹਾਨੂੰ ਇੱਥੇ ਆ ਕੇ ਨਾ ਮਿਲ ਸਕਣ ਦੀ ਉਹ ਚੀਸ ਮੇਰੇ ਮਨ ਵਿੱਚ ਬਣੀ ਹੋਈ ਸੀ। ਅਤੇ ਜਦੋਂ ਵੀ ਪ੍ਰੇਮ ਸਿੰਘ ਜੀ ਮਿਲਦੇ ਸਨ ਨਾ, ਤਾਂ ਮੇਰੀਆਂ ਅੱਖਾਂ ਝੁਕ ਜਾਂਦੀਆਂ ਸਨ ਕਿ ਤੁਸੀਂ ਇੰਨੀ ਮਿਹਨਤ ਕੀਤੀ, ਮੈਂ ਆ ਨਹੀਂ ਸਕਿਆ, ਅਤੇ ਇਸ ਲਈ ਮੈਂ ਇੰਤਜ਼ਾਰ ਵਿੱਚ ਸੀ, ਉਹ ਇੰਤਜ਼ਾਰ ਵੀ ਅੱਜ ਇਸ ਮੌਕੇ ਰਾਹੀਂ ਪੂਰਾ ਹੋਇਆ ਹੈ।
ਸਾਥੀਓ,
ਸਿੱਕਮ ਦੇ ਲੋਕਾਂ ਨੂੰ ਮਿਲਣਾ ਮੈਨੂੰ ਹਮੇਸ਼ਾ ਇੱਕ ਵੱਖਰਾ ਸਕੂਨ ਦਿੰਦਾ ਹੈ। ਤੁਹਾਡੀ ਇਹ ਨਰਮਾਈ, ਤੁਹਾਡੀ ਇਹ ਸਾਦਗੀ, ਤੁਹਾਡੇ ਚਿਹਰਿਆਂ ਦੀ ਮੁਸਕਰਾਹਟ ਅਦਭੁੱਤ ਹੈ। ਇੱਥੇ ਆਉਣ ਤੋਂ ਪਹਿਲਾਂ ਵੀ ਮੈਂ ਸਿੱਕਮ ਦੇ ਕਈ ਪ੍ਰਤਿਭਾਸ਼ਾਲੀ ਲੋਕਾਂ ਨੂੰ ਮਿਲਿਆ। ਸਿੱਕਮ ਦੇ ਬੁੱਧੀਜੀਵੀ ਲੋਕ, ਪਦਮ ਸਨਮਾਨ ਜੇਤੂ, ਕਲਾਕਾਰ ਅਤੇ ਫੁਟਬਾਲਰ, ਉਨ੍ਹਾਂ ਨਾਲ ਵੱਖ-ਵੱਖ ਵਿਸ਼ਿਆਂ 'ਤੇ ਮੇਰੀ ਗੱਲ ਹੋਈ।
ਸਾਥੀਓ,
ਕੱਲ੍ਹ ਸ਼ਾਮ ਨੂੰ ਜੋ ਰੋਡ ਸ਼ੋਅ ਹੋਇਆ, ਮੈਂ ਉਸਨੂੰ ਵੀ ਹਾਲੇ ਤੱਕ ਭੁੱਲ ਨਹੀਂ ਸਕਿਆ ਹਾਂ, ਅਤੇ ਸ਼ਾਇਦ ਕਦੇ ਨਹੀਂ ਭੁੱਲ ਸਕਾਂਗਾ। ਹੱਥਾਂ ਵਿੱਚ ਸਾਡਾ ਇਹ ਪਿਆਰਾ ਤਿਰੰਗਾ। ਲਗਾਤਾਰ ਭਾਰਤ ਮਾਤਾ ਦਾ ਜੈਕਾਰਾ, ਅਤੇ ਵੰਦੇ ਮਾਤਰਮ ਦਾ ਜੈ-ਘੋਸ਼, ਪੂਰਾ ਵਾਤਾਵਰਨ ‘ਏਕ ਭਾਰਤ, ਸ੍ਰੇਸ਼ਠ ਭਾਰਤ’ ਦੀਆਂ ਤਸਵੀਰਾਂ ਨਾਲ ਰੰਗਿਆ ਹੋਇਆ ਸੀ। ਗੰਜੂ ਲਾਮਾ ਦੁਆਰ ਤੋਂ ਲੋਕਭਵਨ ਦੇ ਰਸਤੇ ਤੱਕ, ਜਿਸ ਤਰ੍ਹਾਂ ਸਿੱਕਮ ਦੇ ਮੇਰੇ ਭਾਈ-ਭੈਣ ਆਪਣਾ ਪਿਆਰ ਦੇਣ ਲਈ ਉਮੜੇ, ਜਿਸ ਤਰ੍ਹਾਂ ਸਾਰੇ ਜਾਤੀ ਭਾਈਚਾਰਿਆਂ ਨੇ ਸਵਾਗਤ ਕੀਤਾ, ਹਰ ਭਾਈਚਾਰੇ ਦਾ ਆਪਣਾ ਪਹਿਰਾਵਾ, ਆਪਣਾ-ਆਪਣਾ ਸੰਗੀਤ, ਆਪਣੀਆਂ-ਆਪਣੀਆਂ ਪਰੰਪਰਾਵਾਂ, ਪੂਰਾ ਮਾਹੌਲ ਹੀ ਇੱਕ ਵੱਡੇ ਮਹੋਤਸਵ ਵਿੱਚ ਬਦਲ ਗਿਆ ਸੀ। ਇਹ ਦ੍ਰਿਸ਼ ਅਜਿਹਾ ਸੀ, ਜਿਵੇਂ ਕੁਦਰਤ ਦੀ ਗੋਦ ਵਿੱਚ ਵੱਖ-ਵੱਖ ਰੰਗ ਖਿੜੇ ਹੋਣ। ਵੱਡੀ ਗਿਣਤੀ ਵਿੱਚ ਮੇਰੀਆਂ ਮਾਵਾਂ-ਭੈਣਾਂ, ਬੱਚੇ ਅਤੇ ਬਜ਼ੁਰਗ ਵੀ ਆਪਣਾ ਅਸ਼ੀਰਵਾਦ ਦੇਣ ਆਏ ਸਨ। ਅਤੇ ਜੋ ਇੱਕ ਸਭ ਤੋਂ ਚੰਗੀ ਗੱਲ ਮੈਨੂੰ ਪੂਰੇ ਰਸਤੇ ਦੌਰਾਨ ਦਿਸ ਰਹੀ ਸੀ, ਉਹ ਸੀ ਸਿੱਕਮ ਦੀਆਂ ਸੜਕਾਂ ਦੀ ਸਫ਼ਾਈ, ਤੁਹਾਡੇ ਸਾਰਿਆਂ ਨੂੰ ਸਲਾਮ। ਦੂਰ-ਦੂਰ ਤੱਕ ਕੋਈ ਗੰਦਗੀ ਨਹੀਂ, ਹਵਾ ਵਿੱਚ ਵੀ ਸਫ਼ਾਈ, ਸੜਕਾਂ 'ਤੇ ਵੀ ਸਫ਼ਾਈ, ਸਿੱਕਮ ਦੇ ਤੁਸੀਂ ਲੋਕ ਕੁਦਰਤ ਦੇ ਪੱਕੇ ਰਾਖੇ ਹੋ, ਬ੍ਰਾਂਡ ਅੰਬੈਸਡਰ ਹੋ। ਮੈਂ ਫਿਰ ਦੇਸ਼ ਵਾਸੀਆਂ ਨੂੰ ਕਹਿੰਦਾ ਹਾਂ, ਸਿੱਕਮ ਆਓ। ਕਿੰਨਾ ਸਾਫ਼-ਸੁਥਰਾ, ਸਵੱਛ ਬਣਾਈ ਰੱਖਿਆ ਹੈ ਸਿੱਕਮ ਨੂੰ।
ਭਰਾਵੋ ਅਤੇ ਭੈਣੋ,
ਕੱਲ੍ਹ ਜੋ ਰੋਡ ਸ਼ੋਅ ਹੋਇਆ, ਅਤੇ ਹੁਣ ਇਸ ਸਮਾਗਮ ਲਈ ਮੈਂ ਤੁਹਾਡੇ ਸਾਰਿਆਂ ਦਾ ਅਤੇ ਸਾਰੇ ਕਲਾਕਾਰਾਂ ਦਾ ਦਿਲੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ, ਤੁਹਾਡਾ ਅਭਿਨੰਦਨ ਕਰਦਾ ਹਾਂ। ਮੈਂ ਸਿੱਕਮ ਦੇ ਲੋਕਾਂ ਨੂੰ, ਅਤੇ ਸਾਰੇ ਦੇਸ਼ ਵਾਸੀਆਂ ਨੂੰ 50 ਸਾਲਾਂ ਦੀ ਇਸ ਮਹੱਤਵਪੂਰਨ ਯਾਤਰਾ ਦੇ ਇਸ ਉਤਸਵ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ। ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ, ਤੁਹਾਡੇ ਪਿਆਰ, ਤੁਹਾਡੇ ਸਨੇਹ, ਤੁਹਾਡੇ ਅਸ਼ੀਰਵਾਦ ਦਾ ਇਹ ਕਰਜ਼, ਇਸ ਨੂੰ ਚੁਕਾਉਣ ਲਈ ਮੈਂ ਕੋਈ ਕਸਰ ਬਾਕੀ ਨਹੀਂ ਛੱਡਾਂਗਾ।
ਸਾਥੀਓ,
ਸਿੱਕਮ ਦੀ ਯਾਤਰਾ ਮਨੁੱਖੀ ਕਦਰਾਂ-ਕੀਮਤਾਂ ਦੀ ਯਾਤਰਾ ਹੈ। ਇਹ ਵਿਕਾਸ ਅਤੇ ਵਿਰਾਸਤ ਨੂੰ ਨਾਲ ਲੈ ਕੇ ਚੱਲਣ ਦੀ ਯਾਤਰਾ ਹੈ। ਸਿੱਕਮ ਦੀਆਂ ਅਨੇਕਾਂ ਪੀੜ੍ਹੀਆਂ ਨੇ ਇਸ ਯਾਤਰਾ ਨੂੰ ਅੱਗੇ ਵਧਾਇਆ ਹੈ। ਪਿਛਲੇ 50 ਸਾਲਾਂ ਵਿੱਚ ਜਿਨ੍ਹਾਂ-ਜਿਨ੍ਹਾਂ ਲੋਕਾਂ ਨੇ ਸਿੱਕਮ ਨੂੰ ਅੱਗੇ ਵਧਾਇਆ ਹੈ, ਇੱਥੋਂ ਤੱਕ ਪਹੁੰਚਾਇਆ ਹੈ, ਉਨ੍ਹਾਂ ਸਾਰਿਆਂ ਨੂੰ ਮੈਂ ਅੱਜ ਦਿਲੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਉਨ੍ਹਾਂ ਦਾ ਅਭਿਨੰਦਨ ਕਰਦਾ ਹਾਂ। ਜਿਸ ਸਮੇਂ, ਜਿਸਨੂੰ ਜੋ ਕਰਨਾ ਸੀ, ਉਸਨੇ ਕੀਤਾ, ਉਸਨੇ ਸਿੱਕਮ ਨੂੰ ਦਿੱਤਾ। ਹੁਣ, ਇਸਦੀ ਜ਼ਿੰਮੇਵਾਰੀ ਸਾਡੇ 'ਤੇ ਹੈ, ਸਾਡੇ ਉੱਪਰ ਹੈ। ਸਿੱਕਮ ਦੀ ਸਰਕਾਰ, ਮੇਰੇ ਮਿੱਤਰ ਪ੍ਰੇਮ ਸਿੰਘ ਜੀ ਦੀ ਅਗਵਾਈ ਵਿੱਚ ਪੂਰੀ ਇਮਾਨਦਾਰੀ ਨਾਲ ਸਿੱਕਮ ਦੀ ਵਿਰਾਸਤ ਨੂੰ ਸੰਭਾਲਣ ਅਤੇ ਵਿਕਾਸ ਨੂੰ ਗਤੀ ਦੇਣ ਦਾ ਕੰਮ ਕਰ ਰਹੀ ਹੈ। ਸਾਡੇ ਲਈ ਸਿੱਕਮ, ਨੌਰਥ-ਈਸਟ ਸਿਰਫ਼ ਦੇਸ਼ ਦਾ ਇੱਕ ਅਹਿਮ ਹਿੱਸਾ ਹੀ ਨਹੀਂ ਹੈ, ਸਗੋਂ ਇਹ ਭਾਰਤ ਦੀ ‘ਅਸ਼ਟ ਲਕਸ਼ਮੀ’ ਹੈ। ਨੌਰਥ-ਈਸਟ ਇਹ ਹਿੰਦੁਸਤਾਨ ਦੀ ‘ਅਸ਼ਟ ਲਕਸ਼ਮੀ’ ਹੈ। ਇਸ ਲਈ, ਅਸੀਂ ‘ਐਕਟ ਈਸਟ’ ਦੀ ਨੀਤੀ 'ਤੇ ਤਾਂ ਕੰਮ ਕਰ ਹੀ ਰਹੇ ਹਾਂ, ਅਸੀਂ ਨੌਰਥ-ਈਸਟ ਲਈ ‘ਐਕਟ ਫਾਸਟ’ ਦਾ ਸੰਕਲਪ ਵੀ ਲਿਆ ਹੈ। ਅਤੇ ਇਸ ਲਈ ‘ਐਕਟ ਈਸਟ’, ‘ਐਕਟ ਫਾਸਟ’। ਅੱਜ ਵੀ ਇੱਥੇ ਹਜ਼ਾਰਾਂ ਕਰੋੜ ਰੁਪਏ ਦੇ 30 ਤੋਂ ਵੱਧ ਪ੍ਰੋਜੈਕਟਾਂ ਦਾ ਲੋਕ ਅਰਪਣ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ। ਇਨ੍ਹਾਂ ਵਿੱਚ ਸੜਕ, ਬਿਜਲੀ, ਸੈਰ-ਸਪਾਟਾ, ਸਿਹਤ, ਸਿੱਖਿਆ, ਹਰ ਤਰ੍ਹਾਂ ਦੇ ਪ੍ਰੋਜੈਕਟ ਸ਼ਾਮਲ ਹਨ। ਉੱਤਰੀ ਸਿੱਕਮ ਦੇ ਖੇਤਰਾਂ ਵਿੱਚ 2023 ਤੋਂ ਬਾਅਦ ਜੋ ਚੁਣੌਤੀਆਂ ਆਈਆਂ, ਉਨ੍ਹਾਂ ਨੂੰ ਵੀ ਧਿਆਨ ਵਿੱਚ ਰੱਖਿਆ ਗਿਆ ਹੈ। ਜਿੱਥੇ-ਜਿੱਥੇ ਸੰਪਰਕ ਪ੍ਰਭਾਵਿਤ ਹੋਇਆ, ਉੱਥੇ ਉਸਨੂੰ ਫਿਰ ਤੋਂ ਮਜ਼ਬੂਤ ਕਰਨ 'ਤੇ ਧਿਆਨ ਦਿੱਤਾ ਗਿਆ ਹੈ। ਮੈਂ ਇਨ੍ਹਾਂ ਲਈ ਸਿੱਕਮ ਦੇ ਤੁਹਾਡੇ ਸਾਰੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਸਾਥੀਓ,
ਸਾਡੇ ਸਿੱਕਮ ਦੀ ਬਹੁਤ ਵੱਡੀ ਤਾਕਤ ਉਸਦੀ ਸੈਰ-ਸਪਾਟਾ ਆਰਥਿਕਤਾ (ਟੂਰਿਜ਼ਮ ਇਕਾਨਮੀ) ਹੈ। ਸਿੱਕਮ ਦਾ ਖੇਤਰਫਲ ਦੇਸ਼ ਦੇ ਕੁੱਲ ਖੇਤਰਫਲ ਦਾ ਇੱਕ ਫੀਸਦੀ ਤੋਂ ਵੀ ਘੱਟ ਹੈ, ਪਰ ਦੇਸ਼ ਦੀ 25 ਫੀਸਦੀ ਤੋਂ ਵੱਧ ਫੁੱਲਾਂ ਦੀ ਵਿਭਿੰਨਤਾ (ਫਲੋਰਲ ਡਾਇਵਰਸਿਟੀ) ਸਾਡੇ ਸਿੱਕਮ ਵਿੱਚ ਮਿਲਦੀ ਹੈ। ਇੱਥੇ ਪੰਛੀਆਂ ਦੀਆਂ ਕਰੀਬ 500 ਪ੍ਰਜਾਤੀਆਂ, ਤਿਤਲੀਆਂ ਦੀਆਂ ਕਰੀਬ 700 ਪ੍ਰਜਾਤੀਆਂ, ਖੂਬਸੂਰਤ ਜੰਗਲਾਤ, ਕੰਚਨਜੰਗਾ ਦਾ ਅਦਭੁੱਤ ਖਿੱਚ, ਕਿੰਨਾ ਕੁਝ ਹੈ। ਇਸ ਲਈ ਹਰ ਕੋਈ ਵਾਰ-ਵਾਰ ਸਿੱਕਮ ਆਉਣਾ ਚਾਹੁੰਦਾ ਹੈ।
ਸਾਥੀਓ,
ਸਿੱਕਮ ਦੇ ਸੈਰ-ਸਪਾਟੇ ਨਾਲ ਇੱਥੇ ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਦੀ ਆਮਦਨ ਜੁੜੀ ਹੋਈ ਹੈ। ਅਤੇ ਸੈਰ-ਸਪਾਟਾ ਉਦੋਂ ਹੀ ਵਧਦਾ ਹੈ, ਜਦੋਂ ਉਸ ਸੂਬੇ ਦਾ ਬੁਨਿਆਦੀ ਢਾਂਚਾ ਵਧੀਆ ਹੋਵੇ, ਉਦੋਂ ਵਧਦਾ ਹੈ। ਇਸੇ ਲਈ ਅਸੀਂ ਸਿੱਕਮ ਦੇ ਸੰਪਰਕ (ਕਨੈਕਟੀਵਿਟੀ) ਅਤੇ ਇੱਥੋਂ ਦੇ ਬੁਨਿਆਦੀ ਢਾਂਚੇ 'ਤੇ ਸਭ ਤੋਂ ਵੱਧ ਧਿਆਨ ਦੇ ਰਹੇ ਹਾਂ। ਬੀਤੇ ਸਾਲਾਂ ਵਿੱਚ ਇੱਥੇ ਸੈਂਕੜੇ ਕਿਲੋਮੀਟਰ ਹਾਈਵੇਅ ਦਾ ਨਿਰਮਾਣ ਹੋਇਆ ਹੈ। ਪਿੰਡ-ਪਿੰਡ ਤੱਕ ਸੜਕਾਂ ਨੂੰ ਪਹੁੰਚਾਉਣ ਲਈ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਅਜਿਹਾ ਆਧੁਨਿਕ ਬੁਨਿਆਦੀ ਢਾਂਚਾ ਜਿਸਦੀ ਪਹਿਲਾਂ ਕਲਪਨਾ ਵੀ ਨਹੀਂ ਹੁੰਦੀ ਸੀ, ਅੱਜ ਉਹ ਹਕੀਕਤ ਬਣ ਰਿਹਾ ਹੈ। ਬਾਗਡੋਗਰਾ ਤੋਂ ਗੰਗਟੋਕ ਤੱਕ ਐਕਸਪ੍ਰੈਸਵੇਅ ਦਾ ਨਿਰਮਾਣ ਹੋਵੇ, ਸੇਵੋਕ-ਰੰਗਪੋ ਰੇਲ ਲਾਈਨ ਹੋਵੇ, ਇਹ ਪ੍ਰੋਜੈਕਟ ਸਿੱਕਮ ਨੂੰ ਪੂਰੇ ਦੇਸ਼ ਨਾਲ ਜੋੜਨ ਦਾ ਜ਼ਰੀਆ ਬਣ ਰਹੇ ਹਨ। ਇੱਥੇ ਨਵੇਂ ਨੈਸ਼ਨਲ ਹਾਈਵੇਅ, ਉਸਦਾ ਨਿਰਮਾਣ ਵੀ ਕਰਵਾਇਆ ਜਾ ਰਿਹਾ ਹੈ। ਗੰਗਟੋਕ ਵਰਗੇ ਸ਼ਹਿਰਾਂ ਵਿੱਚ ਰਿੰਗ ਰੋਡ ਵਰਗੇ ਪ੍ਰੋਜੈਕਟ ਭਵਿੱਖ ਲਈ ਜ਼ਰੂਰੀ ਹਨ। ਇਸ ਦਿਸ਼ਾ ਵਿੱਚ ਵੀ ਕੰਮ ਅੱਗੇ ਵਧ ਰਿਹਾ ਹੈ।
ਭਰਾਵੋ ਅਤੇ ਭੈਣੋ,
ਬੀਜੇਪੀ ਸਰਕਾਰ ਜੋ ਕੰਮ ਅੱਜ ਕਰ ਰਹੀ ਹੈ, ਉਹ ਪਹਿਲਾਂ ਵੀ ਹੋ ਸਕਦੇ ਸਨ, ਪਰ ਕਾਂਗਰਸ ਦੀਆਂ ਸਰਕਾਰਾਂ ਨੇ ਹਮੇਸ਼ਾ ਸਿੱਕਮ ਦੇ ਵਿਕਾਸ ਨੂੰ ਪਿੱਛੇ ਧੱਕਿਆ। ਸੇਵੋਕ-ਰੰਗਪੋ ਰੇਲ ਲਾਈਨ ਦੀ ਹੀ ਮਿਸਾਲ ਲਵੋ, ਇਸ ਪ੍ਰੋਜੈਕਟ ਨੂੰ 2008-2009 ਵਿੱਚ ਮਨਜ਼ੂਰੀ ਮਿਲੀ ਸੀ, ਪਰ ਜ਼ਮੀਨ 'ਤੇ ਕੰਮ ਨਹੀਂ ਹੋਇਆ, ਕਾਗਜ਼ਾਂ 'ਤੇ ਲਟਕਿਆ ਰਿਹਾ। ਪ੍ਰੋਜੈਕਟ ਫਾਈਲਾਂ ਵਿੱਚ ਹੀ ਪਿਆ ਰਿਹਾ। ਕੇਂਦਰ ਵਿੱਚ ਬੀਜੇਪੀ ਸਰਕਾਰ ਆਉਣ ਤੋਂ ਬਾਅਦ ਵਿਕਾਸ ਨੂੰ ਫਿਰ ਤੋਂ ਗਤੀ ਮਿਲੀ ਹੈ। ਪਹਿਲੀ ਵਾਰ ਸਿੱਕਮ ਤੱਕ ਰੇਲ ਪਹੁੰਚਣ ਜਾ ਰਹੀ ਹੈ।
ਸਾਥੀਓ,
ਸੈਰ-ਸਪਾਟੇ ਨੂੰ ਹੁਲਾਰਾ ਦੇਣ ਲਈ ਸਾਨੂੰ ਨਵੇਂ ਵਿਚਾਰਾਂ ਦੀ ਵੀ ਲੋੜ ਹੁੰਦੀ ਹੈ। ਅੱਜ ਅਸੀਂ ਇਸੇ ਸੋਚ ਨਾਲ ਕੰਮ ਕਰ ਰਹੇ ਹਾਂ। ਭਾਲੇਡੁੰਗਾ, ਯੇਨ-ਯੇਂਗ ਅਤੇ ਪੇਲਿੰਗ ਵਿੱਚ ਰੋਪਵੇਅ ਦਾ ਨਿਰਮਾਣ ਇਸੇ ਦੀ ਮਿਸਾਲ ਹੈ। ਭਾਲੇਡੁੰਗਾ ਵਿੱਚ ਸਕਾਈਵਾਕ ਦਾ ਵੀ ਨਿਰਮਾਣ ਕਰਵਾਇਆ ਜਾ ਰਿਹਾ ਹੈ। ਅਤੇ ਹੁਣ ਸਿੰਘਸ਼ੋਰ ਬ੍ਰਿਜ 'ਤੇ ਗਲਾਸ ਡੈੱਕ ਸਕਾਈਵਾਕ ਵੀ ਬਣਾਉਣ ਦੀ ਤਿਆਰੀ ਹੈ। ਨਾਥੂਲਾ ਅਤੇ ਨਾਮਲੀ ਵਰਗੀਆਂ ਥਾਵਾਂ 'ਤੇ ਸਰਹੱਦੀ ਤਜਰਬੇ ਨੂੰ ਬਿਹਤਰ ਬਣਾਉਣ ਦਾ ਕੰਮ ਵੀ ਹੋ ਰਿਹਾ ਹੈ।
ਸਾਥੀਓ,
ਸਾਡੀ ਸਰਕਾਰ ਦੇ ਇਨ੍ਹਾਂ ਯਤਨਾਂ ਨਾਲ ਤੁਹਾਡਾ ਜੀਵਨ ਸੌਖਾ ਹੋਵੇਗਾ, ਸਿੱਕਮ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਹੋਰ ਵਧੇਗੀ, ਅਤੇ ਤੁਹਾਡੀ ਆਮਦਨੀ ਵਿੱਚ ਵੀ ਵਾਧਾ ਹੋਵੇਗਾ। ਅਤੇ ਮੈਂ ਦੇਸ਼ ਭਰ ਦੇ ਸੈਲਾਨੀਆਂ ਨੂੰ ਹਮੇਸ਼ਾ ਬੇਨਤੀ ਕਰਦਾ ਹਾਂ। ਤੁਸੀਂ ਯਾਤਰਾ ਲਈ ਜਾਓ, ਤੁਸੀਂ ਐਡਵੈਂਚਰ ਟੂਰਿਜ਼ਮ ਲਈ ਜਾਓ, ਤੁਸੀਂ ਵਾਤਾਵਰਨ ਟੂਰਿਜ਼ਮ ਲਈ ਜਾਓ, ਪਰ ਜਿੱਥੇ ਜਾਓ, ਉੱਥੇ ਜੋ ਸਥਾਨਕ ਵਸਤਾਂ ਹੁੰਦੀਆਂ ਹਨ, ਤੁਹਾਡੀ ਯਾਤਰਾ ਦੇ ਬਜਟ ਦਾ 5% ਉੱਥੋਂ ਕੁਝ ਨਾ ਕੁਝ ਖਰੀਦਣਾ ਲਾਜ਼ਮੀ ਹੋਣਾ ਚਾਹੀਦਾ ਹੈ। 'ਲੋਕਲ ਨੂੰ ਵੋਕਲ' ਬਣਾਉਣ ਦਾ ਰਸਤਾ ਇੱਥੋਂ ਹੀ ਸ਼ੁਰੂ ਹੁੰਦਾ ਹੈ। ਤੁਸੀਂ ਜਿੱਥੇ ਜਾਓ, ਉੱਥੋਂ ਦਾ ਖਾਣਾ ਖਾਓ, ਜਿੱਥੇ ਜਾਓ ਉੱਥੋਂ ਦੀਆਂ ਚੀਜ਼ਾਂ ਖਰੀਦੋ, ਯਾਦਗਾਰ ਵਜੋਂ ਲੈ ਜਾਓ। ਤਾਂਕਿ ਇੱਥੋਂ ਦੇ ਲੋਕਾਂ ਨੂੰ, ਦੂਰ-ਦੂਰ ਪਹਾੜਾਂ ਵਿੱਚ ਰਹਿਣ ਵਾਲੇ ਛੋਟੇ-ਛੋਟੇ ਸਮੂਹਾਂ ਨੂੰ, ਇਹ ਜੋ ਇੰਨੀ ਵੱਡੀ ਮਾਤਰਾ ਵਿੱਚ ਮੇਰੀਆਂ ਭੈਣਾਂ ਆਈਆਂ ਹਨ, ਇਹ ਇੰਨੀਆਂ ਵਧੀਆ-ਵਧੀਆ ਚੀਜ਼ਾਂ ਬਣਾਉਂਦੀਆਂ ਹਨ ਸਵੈ-ਸਹਾਇਤਾ ਸਮੂਹਾਂ ਵਿੱਚ, ਉਹ ਖਰੀਦਣ ਵਾਲੇ ਲੋਕ ਦੇਸ਼ ਭਰ ਤੋਂ ਆਉਣੇ ਚਾਹੀਦੇ ਹਨ ਅਤੇ ਇਸ ਨਾਲ ਇੱਥੇ ਰੁਜ਼ਗਾਰ ਦੇ ਮੌਕੇ ਵੀ ਵਧਣਗੇ।
ਸਾਥੀਓ,
ਸਿੱਕਮ ਵਿੱਚ 'ਈਕੋ-ਵੈੱਲਨੈੱਸ ਟੂਰਿਜ਼ਮ' ਦੀ ਵੀ ਬਹੁਤ ਗੁੰਜਾਇਸ਼ ਹੈ, ਅਸੀਂ ਇਸਨੂੰ ਵੀ ਉਤਸ਼ਾਹਿਤ ਕਰ ਰਹੇ ਹਾਂ। ਸਥਾਨਕ ਲੋਕਾਂ ਨੂੰ ਸੈਰ-ਸਪਾਟੇ ਤੋਂ ਵੱਧ ਤੋਂ ਵੱਧ ਆਮਦਨ ਹੋਵੇ, ਇਸ ਲਈ 1 ਹਜ਼ਾਰ 'ਹੋਮਸਟੇਅ' ਵੀ ਬਣਾਏ ਜਾ ਰਹੇ ਹਨ। ਐਡਵੈਂਚਰ ਟੂਰਿਜ਼ਮ ਲਈ ਵੀ ਬੁਨਿਆਦੀ ਢਾਂਚੇ ਨੂੰ ਸਹਾਇਤਾ ਦਿੱਤੀ ਜਾ ਰਹੀ ਹੈ।
ਸਾਥੀਓ,
ਸਿੱਕਮ ਲਈ ਸੰਭਾਵਨਾਵਾਂ ਦਾ ਇੱਕ ਹੋਰ ਅਸਮਾਨ ਖੇਡਾਂ ਵਿੱਚ ਵੀ ਹੈ। ਇੱਥੋਂ ਦੇ ਨੌਜਵਾਨਾਂ ਨੇ ਖੇਡਾਂ ਵਿੱਚ ਆਪਣੀ ਕਾਬਲੀਅਤ ਅਤੇ ਪ੍ਰਤਿਭਾ ਨੂੰ ਵੱਡੇ-ਵੱਡੇ ਮੰਚਾਂ 'ਤੇ ਸਾਬਤ ਕੀਤਾ ਹੈ। ਫੁੱਟਬਾਲ, ਬਾਕਸਿੰਗ, ਤੀਰਅੰਦਾਜ਼ੀ, ਇਨ੍ਹਾਂ ਖੇਡਾਂ ਵਿੱਚ ਇੱਥੋਂ ਨਿਕਲੇ ਖਿਡਾਰੀਆਂ ਨੇ ਸਿੱਕਮ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ।
ਸਾਥੀਓ,
ਇਨ੍ਹਾਂ ਪ੍ਰਤਿਭਾਵਾਂ ਨੂੰ ਅੱਗੇ ਵਧਾਉਣ ਲਈ ਅਸੀਂ ‘ਖੇਲੋ ਇੰਡੀਆ’ ਅਤੇ ‘ਫਿੱਟ ਇੰਡੀਆ’ ਵਰਗੀਆਂ ਲਹਿਰਾਂ ਚਲਾ ਰਹੇ ਹਾਂ। ਇੱਥੋਂ ਦੀ 'ਸਟੇਟ ਸਪੋਰਟਸ ਅਕੈਡਮੀ' ਨੂੰ ਵੀ ਮੁੜ-ਸੁਰਜੀਤ ਕੀਤਾ ਗਿਆ ਹੈ। 'ਸਿੱਕਮ ਪ੍ਰੀਮੀਅਰ ਲੀਗ' ਵਰਗੇ ਖੇਡ ਆਯੋਜਨਾਂ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ, ਤਾਂਕਿ ਵੱਧ ਤੋਂ ਵੱਧ ਗਿਣਤੀ ਵਿੱਚ ਖਿਡਾਰੀਆਂ ਨੂੰ ਖੇਡਣ ਦਾ ਮੌਕਾ ਮਿਲੇ, ਉਨ੍ਹਾਂ ਦੀ ਖੇਡ ਵਿੱਚ ਸੁਧਾਰ ਆਵੇ।
ਸਾਥੀਓ,
ਇੱਥੇ ਜਸਲਾਲ ਪ੍ਰਧਾਨ ਜੀ ਦੇ ਨਾਮ 'ਤੇ ਅਤਿ-ਆਧੁਨਿਕ ਬਾਕਸਿੰਗ ਅਕੈਡਮੀ ਦਾ ਵੀ ਪ੍ਰਸਤਾਵ ਹੈ। 'ਇੰਟੈਗਰੇਟਿਡ ਸਪੋਰਟਸ ਐਂਡ ਕਲਚਰਲ ਵਿਲੇਜ' ਵਰਗੇ ਪ੍ਰੋਜੈਕਟ ਵੀ ਅੱਗੇ ਵਧ ਰਹੇ ਹਨ। ਇਸ ਨਾਲ ਸਿੱਕਮ ਦੇ ਨੌਜਵਾਨਾਂ ਨੂੰ ਬਿਹਤਰ ਸਹੂਲਤਾਂ ਮਿਲਣਗੀਆਂ, ਅਤੇ ਉਹ ਆਪਣੀ ਖੇਡ ਨੂੰ ਹੋਰ ਨਿਖਾਰ ਵੀ ਸਕਣਗੇ।
ਸਾਥੀਓ,
ਅੱਜ ਜਿਨ੍ਹਾਂ ਪ੍ਰੋਜੈਕਟਾਂ ਦਾ ਲੋਕ ਅਰਪਣ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ, ਉਨ੍ਹਾਂ ਵਿੱਚ ਸਿਹਤ ਖੇਤਰ ਨਾਲ ਜੁੜੇ ਕਈ ਵੱਡੇ ਕੰਮ ਵੀ ਸ਼ਾਮਲ ਹਨ। ਇੱਕ ਸਮਾਂ ਸੀ, ਜਦੋਂ ਸਿੱਕਮ ਅਤੇ ਨੌਰਥ-ਈਸਟ ਨੂੰ ਕਾਂਗਰਸ ਦੀਆਂ ਸਰਕਾਰਾਂ ਨੇ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਰੱਖਿਆ ਸੀ। ਇੱਥੇ ਸਿਹਤ ਸੇਵਾਵਾਂ ਬਹੁਤ ਸੀਮਤ ਹੁੰਦੀਆਂ ਸਨ। ਇਸ ਕਾਰਨ ਸੈਲਾਨੀ ਵੀ ਇੱਥੇ ਆਉਣ ਵਿੱਚ ਸੰਕੋਚ ਕਰਦੇ ਸਨ, ਪਰ ਅੱਜ ਉਹ ਚੁਣੌਤੀ ਵੀ ਖਤਮ ਹੋ ਰਹੀ ਹੈ। ਅੱਜ ਸਿੱਕਮ ਵਿੱਚ ਕਰੀਬ 200 'ਆਯੁਸ਼ਮਾਨ ਆਰੋਗਯ ਮੰਦਰ' ਕੰਮ ਕਰ ਰਹੇ ਹਨ। ਅੱਜ ਇੱਥੇ 4 ਜ਼ਿਲ੍ਹਾ ਹਸਪਤਾਲ ਹਨ, ਟਰਸ਼ਰੀ ਕੇਅਰ ਹਸਪਤਾਲ ਹੈ, ਵੈੱਲਨੈੱਸ ਸੈਂਟਰ ਹਨ, ਇੱਥੇ ਆਯੁਸ਼ ਸਹੂਲਤਾਂ ਦਾ ਵੀ ਹਜ਼ਾਰਾਂ ਲੋਕ ਲਾਭ ਲੈ ਰਹੇ ਹਨ। 'ਡ੍ਰੇਜ਼ੋਂਗ ਨਾਮਗਯਲ ਸੋਵਾ ਰਿਗਪਾ ਹਸਪਤਾਲ' ਦੇ ਲੋਕ ਅਰਪਣ ਤੋਂ ਬਾਅਦ ਸਿੱਕਮ ਦੇ ਸਿਹਤ ਸੰਭਾਲ ਪ੍ਰਬੰਧ ਨੂੰ ਹੋਰ ਹੁਲਾਰਾ ਮਿਲੇਗਾ।
ਭਰਾਵੋ ਅਤੇ ਭੈਣੋ,
ਸਿਹਤ ਦੇ ਬੁਨਿਆਦੀ ਢਾਂਚੇ ਦੇ ਨਾਲ-ਨਾਲ ਲੋਕਾਂ ਨੂੰ ਸਸਤਾ ਇਲਾਜ ਵੀ ਮਿਲੇ, ਸਾਡੀ ਸਰਕਾਰ ਇਸ ਲਈ ਵੀ ਵਚਨਬੱਧ ਹੈ। ਪਹਿਲਾਂ ਅਸੀਂ ਗਰੀਬਾਂ ਨੂੰ ਮੁਫ਼ਤ ਇਲਾਜ ਲਈ 'ਆਯੁਸ਼ਮਾਨ ਕਾਰਡ' ਦਿੱਤੇ ਸਨ। ਹੁਣ ਇਹ ਸਹੂਲਤ 70 ਸਾਲ ਅਤੇ ਉਸ ਤੋਂ ਉੱਪਰ ਦੀ ਉਮਰ ਦੇ ਸਾਰੇ ਬਜ਼ੁਰਗਾਂ ਨੂੰ ਵੀ ਦਿੱਤੀ ਜਾ ਰਹੀ ਹੈ। ਨਾਲ ਹੀ, 'ਜਨ ਔਸ਼ਧੀ ਕੇਂਦਰਾਂ' 'ਤੇ ਦਵਾਈਆਂ ਵੀ ਬੇਹੱਦ ਸਸਤੇ ਭਾਅ 'ਤੇ ਉਪਲਬਧ ਹਨ। ਇਨ੍ਹਾਂ ਯਤਨਾਂ ਨਾਲ ਇੱਥੋਂ ਦੇ ਲੋਕਾਂ ਦਾ ਜੀਵਨ ਤਾਂ ਸੌਖਾ ਹੋਇਆ ਹੀ ਹੈ, ਇਲਾਜ 'ਤੇ ਹੋਣ ਵਾਲਾ ਤੁਹਾਡਾ ਖਰਚ ਵੀ ਘੱਟ ਹੋ ਰਿਹਾ ਹੈ।
ਸਾਥੀਓ,
ਅੱਜ ਆਰਥਿਕ ਤਰੱਕੀ ਅਤੇ ਸੰਸਾਧਨਾਂ ਨੂੰ ਲੈ ਕੇ ਵਿਸ਼ਵ ਦਾ ਨਜ਼ਰੀਆ ਤੇਜ਼ੀ ਨਾਲ ਬਦਲ ਰਿਹਾ ਹੈ। ਅੱਜ ਦੁਨੀਆ ਟਿਕਾਊ ਜੀਵਨ ਸ਼ੈਲੀ ਦੀ ਗੱਲ ਕਰ ਰਹੀ ਹੈ। ਅੱਜ ਸਾਫ਼ ਊਰਜਾ 'ਤੇ ਦੁਨੀਆ ਦਾ ਧਿਆਨ ਹੈ। ਅੱਜ ਜੈਵਿਕ ਭੋਜਨ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਮੈਨੂੰ ਖੁਸ਼ੀ ਹੈ ਕਿ ਸਾਡਾ ਨੌਰਥ-ਈਸਟ ਅਤੇ ਸਿੱਕਮ ਇਸ ਭਵਿੱਖਮੁਖੀ ਵਿਕਾਸ ਦਾ ਵੱਡਾ ਕੇਂਦਰ ਹੈ। ਸਿੱਕਮ ਨੇ ਪੂਰੇ ਦੇਸ਼ ਨੂੰ ਰਾਹ ਦਿਖਾਇਆ ਹੈ। ਸਿੱਕਮ ਨੇ ਤਾਂ 10 ਸਾਲ ਪਹਿਲਾਂ, 2016 ਵਿੱਚ ਹੀ ਪੂਰੇ ਸੂਬੇ ਨੂੰ ਜੈਵਿਕ ਸੂਬਾ ਘੋਸ਼ਿਤ ਕਰ ਦਿੱਤਾ ਸੀ। ਸਾਡਾ 'ਡੇਮਾਜੋਂਗ' ਹੁਣ ਸਿਰਫ਼ ਚੌਲਾਂ ਦੇ ਉਤਪਾਦਨ ਲਈ ਨਹੀਂ ਜਾਣਿਆ ਜਾਂਦਾ, ਉਸਦੀ ਪਛਾਣ ਹੁਣ ਜੈਵਿਕ ਚੌਲਾਂ ਲਈ ਹੋਣ ਲੱਗੀ ਹੈ। ਵੱਡੀ ਇਲਾਇਚੀ, ਅਦਰਕ, ਹਲਦੀ, ਐਵੋਕਾਡੋ, ਕੀਵੀ, ਅਜਿਹੇ ਕਿੰਨੇ ਹੀ ਉਤਪਾਦ ਦੇਸ਼ ਅਤੇ ਦੁਨੀਆ ਦੇ ਬਾਜ਼ਾਰ ਤੱਕ ਪਹੁੰਚ ਰਹੇ ਹਨ। ਸਿੱਕਮ ਵਿੱਚ ਦਵਾਈਆਂ ਵਾਲੇ ਪੌਦਿਆਂ ਦੀਆਂ ਵੀ ਸੈਂਕੜੇ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ। ਇਹ ਵੀ ਸਥਾਨਕ ਲੋਕਾਂ ਦੀ ਆਮਦਨ ਵਧਾਉਣ ਦਾ ਜ਼ਰੀਆ ਬਣ ਰਹੀਆਂ ਹਨ।
ਸਾਥੀਓ,
ਜੈਵਿਕ ਅਤੇ ਕੁਦਰਤੀ ਖੇਤੀ ਦਾ ਸਿੱਕਮ ਦਾ ਮਾਡਲ, ਇਹ ਪੂਰੇ ਦੇਸ਼ ਲਈ ਇੱਕ ਪ੍ਰੇਰਣਾ ਹੈ। ਸਿੱਕਮ ਦੀ ਜੀਵਨ ਸ਼ੈਲੀ, ਸਿੱਕਮ ਦੇ ਸੰਕਲਪ, ਅੱਜ ਇਹ ਦੇਸ਼ ਦੇ ਦ੍ਰਿਸ਼ਟੀਕੋਣ ਦਾ ਹਿੱਸਾ ਬਣ ਚੁੱਕੇ ਹਨ। ਇੱਥੇ ਕੁਦਰਤੀ ਖੇਤੀ ਨੂੰ ਹੁਲਾਰਾ ਦੇਣ ਲਈ ਹੁਣ 'ਆਰਗੈਨਿਕ ਪ੍ਰੋਸੈਸਿੰਗ ਪਲਾਂਟ' ਵੀ ਸ਼ੁਰੂ ਕੀਤੇ ਗਏ ਹਨ। ਇਸ ਨਾਲ ਕਿਸਾਨਾਂ ਨੂੰ ਬਾਜ਼ਾਰ ਨਾਲ ਸਿੱਧਾ ਜੁੜਨ ਦਾ ਮੌਕਾ ਮਿਲ ਰਿਹਾ ਹੈ।
ਸਾਥੀਓ,
ਸਿੱਕਮ ਦੀ ਆਰਥਿਕ ਤਰੱਕੀ ਵਿੱਚ ਇੱਕ ਬਹੁਤ ਵੱਡੀ ਭੂਮਿਕਾ ਇੱਥੋਂ ਦੇ ਸਵੈ-ਸਹਾਇਤਾ ਸਮੂਹਾਂ ਅਤੇ ਇਨ੍ਹਾਂ ਔਰਤਾਂ ਦੀ ਵੀ ਹੈ। ਇਨ੍ਹਾਂ ਸਵੈ-ਸਹਾਇਤਾ ਸਮੂਹਾਂ ਦੇ ਉਤਪਾਦ ਵੱਡੇ ਬਾਜ਼ਾਰਾਂ ਤੱਕ ਪਹੁੰਚਣ, ਡਿਜੀਟਲ ਇੰਡੀਆ ਇਸ ਵਿੱਚ ਇੱਕ ਵੱਡੀ ਭੂਮਿਕਾ ਨਿਭਾ ਰਿਹਾ ਹੈ। “ਸਵੈਮ ਸਿੱਕਮ” ਵਰਗੇ ਪਲੇਟਫਾਰਮ ਅੱਜ ਇਨ੍ਹਾਂ ਔਰਤਾਂ ਨੂੰ ਸਸ਼ਕਤ ਬਣਾ ਰਹੇ ਹਨ।
ਸਾਥੀਓ,
ਸਾਫ਼ ਊਰਜਾ ਦੇ ਖੇਤਰ ਵਿੱਚ ਸਿੱਕਮ ਦੀ ਵੱਡੀ ਸਮਰੱਥਾ ਮੌਜੂਦ ਹੈ। ਇੱਥੋਂ ਦੇ ਵਾਤਾਵਰਨ ਨੂੰ ਵੀ ਸੁਰੱਖਿਅਤ ਰੱਖਦਿਆਂ, ਸਾਨੂੰ ਸਿੱਕਮ ਦੀ ਇਸ ਸਮਰੱਥਾ ਦੀ ਹੋਰ ਵਰਤੋਂ ਕਰਨੀ ਹੈ। ਮੈਂ ਜਾਣਦਾ ਹਾਂ, ਵਾਤਾਵਰਨ ਦੀ ਸਾਂਭ-ਸੰਭਾਲ, ਇਹ ਸਿੱਕਮ ਦੇ ਲੋਕਾਂ ਦਾ ਸੁਭਾਅ ਹੈ। ਜਦੋਂ ਦੇਸ਼ ਨੇ ‘ਇੱਕ ਰੁੱਖ ਮਾਂ ਦੇ ਨਾਮ’ ਦੀ ਪਹਿਲ ਸ਼ੁਰੂ ਕੀਤੀ ਸੀ, ਸਿੱਕਮ ਦੇ ਲੋਕਾਂ ਨੇ ਫਰਜ਼ ਦੀ ਭਾਵਨਾ ਨਾਲ ਅੱਗੇ ਵਧਾਇਆ, ਅਤੇ ਮੁੱਖ ਮੰਤਰੀ ਜੀ ਨੇ ਇੱਥੋਂ ਦੇ ਲੋਕਾਂ ਨੂੰ ਪ੍ਰੇਰਣਾ ਦੇ ਕੇ “ਮੇਰੋ ਰੁੱਖ ਮੇਰੋ ਸੰਤਤੀ” ਪਹਿਲ ਵੀ ਚਲਾ ਰਹੇ ਹਨ। ਇਸ ਤਹਿਤ ਹਰ ਬੱਚੇ ਦੇ ਜਨਮ 'ਤੇ 108 ਰੁੱਖ ਲਗਾਏ ਜਾਂਦੇ ਹਨ। ਮੈਨੂੰ ਲੱਗਦਾ ਹੈ ਇਹ ਪਹਿਲ ਪੂਰੀ ਦੁਨੀਆ ਲਈ ਇੱਕ ਪ੍ਰੇਰਣਾ ਹੈ। ਸਾਨੂੰ ਵਾਤਾਵਰਨ ਨਾਲ ਜੁੜੇ ਆਪਣੇ ਯਤਨਾਂ ਨੂੰ ਹੋਰ ਸ਼ਰਧਾ ਨਾਲ ਅੱਗੇ ਵਧਾਉਣਾ ਹੈ। ਇਹ ਸਾਡੀ ਅਜਿਹੀ ਵਿਰਾਸਤ ਹੈ, ਜੋ ਸਾਨੂੰ ਅਗਲੀ ਪੀੜ੍ਹੀ ਲਈ ਸੁਰੱਖਿਅਤ ਰੱਖਣੀ ਹੈ।
ਸਾਥੀਓ,
ਸਿੱਕਮ ਹੋਰ ਤੇਜ਼ ਗਤੀ ਨਾਲ ਅੱਗੇ ਵਧੇ, ਵਿਕਸਿਤ ਭਾਰਤ ਦੇ ਸੁਪਨੇ ਨੂੰ ਗਤੀ ਦੇਵੇ, ਸਾਨੂੰ ਇਸ ਲਈ ਮਿਲ ਕੇ ਮਿਹਨਤ ਕਰਨੀ ਹੈ। ਅਸੀਂ ਸਿੱਕਮ ਨੂੰ ਨਵੀਆਂ ਬੁਲੰਦੀਆਂ 'ਤੇ ਲੈ ਕੇ ਜਾਣਾ ਹੈ। ਇਸੇ ਸੰਕਲਪ ਨਾਲ ਇੱਕ ਵਾਰ ਫਿਰ, ਤੁਹਾਡੇ ਸਾਰਿਆਂ ਨੂੰ ਇਸ ਮੌਕੇ 'ਤੇ ਸ਼ੁਭਕਾਮਨਾਵਾਂ ਦਿੰਦਾ ਹਾਂ। ਤੁਹਾਡੇ ਸਾਰਿਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਾ ਹਾਂ। ਅਤੇ ਅੱਜ 50 ਸਾਲਾਂ ਦੀ ਯਾਤਰਾ, ਹੁਣ ਸਾਨੂੰ ਦੋ ਪੜਾਅ ਪੂਰੇ ਕਰਨੇ ਹਨ। ਜਦੋਂ ਸਿੱਕਮ ਦੀ ਯਾਤਰਾ ਦੇ 100 ਸਾਲ ਹੋਣਗੇ, ਉਦੋਂ ਕੀ ਕਰਾਂਗੇ? ਸਿੱਕਮ ਦੀ ਯਾਤਰਾ ਦੇ 75 ਸਾਲ ਹੋਣਗੇ, ਉਦੋਂ ਤੱਕ ਕੀ ਕਰਾਂਗੇ? ਅਤੇ ਦੇਸ਼ ਦੀ ਆਜ਼ਾਦੀ ਦੇ 100 ਸਾਲ ਹੋਣਗੇ, ਵਿਕਸਿਤ ਭਾਰਤ ਦਾ ਜੋ ਸੁਪਨਾ ਹੈ, 2047, ਉਸ ਲਈ ਅੱਜ ਤੋਂ ਤਿਆਰੀ ਸ਼ੁਰੂ ਕਰਕੇ ਸੰਕਲਪ ਨਾਲ ਅਸੀਂ ਅੱਗੇ ਵਧੀਏ। ਇਸੇ ਭਾਵਨਾ ਨਾਲ ਫਿਰ ਇੱਕ ਵਾਰ ਦਿਲੋਂ ਮੈਂ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਬਹੁਤ-ਬਹੁਤ ਧੰਨਵਾਦ। ਮੇਰੇ ਨਾਲ ਬੋਲੋ-
ਭਾਰਤ ਮਾਤਾ ਕੀ ਜੈ। ਭਾਰਤ ਮਾਤਾ ਕੀ ਜੈ। ਭਾਰਤ ਮਾਤਾ ਕੀ ਜੈ।
ਵੰਦੇ ਮਾਤਰਮ। ਵੰਦੇ ਮਾਤਰਮ। ਵੰਦੇ ਮਾਤਰਮ।
ਵੰਦੇ ਮਾਤਰਮ। ਵੰਦੇ ਮਾਤਰਮ। ਵੰਦੇ ਮਾਤਰਮ।
ਵੰਦੇ ਮਾਤਰਮ। ਵੰਦੇ ਮਾਤਰਮ। ਵੰਦੇ ਮਾਤਰਮ।
ਵੰਦੇ ਮਾਤਰਮ।
************
ਐੱਮਜੇਪੀਐੱਸ/ਵੀਜੇ/ਐੱਸਟੀ
(Release ID: 2256533)
ਵਿਜ਼ੀਟਰ ਕਾਊਂਟਰ : 2