ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ 31 ਮਾਰਚ ਨੂੰ ਗੁਜਰਾਤ ਦਾ ਦੌਰਾ ਕਰਨਗੇ

ਮਹਾਵੀਰ ਜਯੰਤੀ ਮੌਕੇ ਪ੍ਰਧਾਨ ਮੰਤਰੀ ਗਾਂਧੀਨਗਰ ਦੇ ਕੋਬਾ ਤੀਰਥ ਵਿੱਚ ਸਮਰਾਟ ਸੰਪ੍ਰਤੀ ਮਿਊਜ਼ੀਅਮ ਦਾ ਉਦਘਾਟਨ ਕਰਨਗੇ

ਇਹ ਮਿਊਜ਼ੀਅਮ ਜੈਨ ਧਰਮ ਦੀ ਅਮੀਰ ਇਤਿਹਾਸਕ, ਸੱਭਿਆਚਾਰਕ ਅਤੇ ਅਧਿਆਤਮਿਕ ਵਿਰਾਸਤ ਨੂੰ ਦਰਸਾਉਂਦਾ ਹੈ ਅਤੇ ਸੈਲਾਨੀਆਂ ਨੂੰ ਜੈਨ ਧਰਮ ਦੇ ਵਿਕਾਸ ਅਤੇ ਇਸ ਦੇ ਡੂੰਘੇ ਸੱਭਿਆਚਾਰਕ ਪ੍ਰਭਾਵ ਨੂੰ ਕਾਲਕ੍ਰਮ ਅਨੁਸਾਰ ਸਮਝਣ ਵਿੱਚ ਮਦਦ ਕਰੇਗਾ

ਭਾਰਤ ਦੇ ਸੈਮੀਕੰਡਕਟਰ ਸਫ਼ਰ ਵਿੱਚ ਅਹਿਮ ਮੀਲ ਪੱਥਰ ਸਥਾਪਿਤ ਕਰਦਿਆਂ ਪ੍ਰਧਾਨ ਮੰਤਰੀ ਸਾਨੰਦ ਵਿੱਚ ਕੇਨਜ਼ ਸੈਮੀਕਾਨ ਪਲਾਂਟ ਦਾ ਉਦਘਾਟਨ ਕਰਨਗੇ

ਭਾਰਤ ਵਿੱਚ ਵਪਾਰਕ ਉਤਪਾਦਨ ਸ਼ੁਰੂ ਕਰਨ ਵਾਲੀ ਇਹ ਦੂਜੀ ਸੈਮੀਕੰਡਕਟਰ ਸਹੂਲਤ ਹੋਵੇਗੀ

ਇਹ ਸਹੂਲਤ ਸਵਦੇਸ਼ੀ ਸੈਮੀਕੰਡਕਟਰ ਪੈਕੇਜਿੰਗ ਸਮਰੱਥਾ ਬਣਾਉਣ ਵਿੱਚ ਯੋਗਦਾਨ ਪਾਵੇਗੀ, ਭਾਰਤ ਦੇ ਚਿੱਪ ਈਕੋਸਿਸਟਮ ਵਿੱਚ ਅਹਿਮ ਕਮੀ ਨੂੰ ਦੂਰ ਕਰੇਗੀ ਅਤੇ ਆਤਮ-ਨਿਰਭਰਤਾ ਦੇ ਨਜ਼ਰੀਏ ਨੂੰ ਅੱਗੇ ਵਧਾਏਗੀ

ਪ੍ਰਧਾਨ ਮੰਤਰੀ ਵਾਵ-ਥਰਾਦ ਵਿੱਚ 20,000 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ, ਉਦਘਾਟਨ ਕਰਨਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ

ਇਹ ਪ੍ਰੋਜੈਕਟ ਬਿਜਲੀ, ਰੇਲਵੇ, ਸੜਕ ਆਵਾਜਾਈ ਅਤੇ ਰਾਜਮਾਰਗ, ਸਿਹਤ, ਸ਼ਹਿਰੀ ਵਿਕਾਸ, ਕਬਾਇਲੀ ਵਿਕਾਸ ਅਤੇ ਪੇਂਡੂ ਵਿਕਾਸ ਸਮੇਤ ਪ੍ਰਮੁੱਖ ਖੇਤਰਾਂ ਨਾਲ ਸਬੰਧਤ ਹਨ

Posted On: 30 MAR 2026 11:05AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 31 ਮਾਰਚ 2026 ਨੂੰ ਗੁਜਰਾਤ ਦਾ ਦੌਰਾ ਕਰਨਗੇ। ਸਵੇਰੇ ਤਕਰੀਬਨ 10 ਵਜੇ ਪ੍ਰਧਾਨ ਮੰਤਰੀ ਗਾਂਧੀਨਗਰ ਵਿੱਚ ਸਮਰਾਟ ਸੰਪ੍ਰਤੀ ਮਿਊਜ਼ੀਅਮ ਦਾ ਉਦਘਾਟਨ ਕਰਨਗੇ। ਇਸ ਮੌਕੇ ਉਹ ਇਕੱਠ ਨੂੰ ਸੰਬੋਧਨ ਵੀ ਕਰਨਗੇ। ਦੁਪਹਿਰ ਤਕਰੀਬਨ 12:45 ਵਜੇ ਪ੍ਰਧਾਨ ਮੰਤਰੀ ਸਾਨੰਦ, ਅਹਿਮਦਾਬਾਦ ਵਿੱਚ ਕੇਨਜ਼ ਸੈਮੀਕਾਨ ਪਲਾਂਟ ਦਾ ਉਦਘਾਟਨ ਕਰਨਗੇ ਅਤੇ ਜਨਤਕ ਇਕੱਠ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ ਉਹ ਵਾਵ-ਥਰਾਦ ਜਾਣਗੇ ਜਿੱਥੇ ਸ਼ਾਮ ਤਕਰੀਬਨ 4 ਵਜੇ ਉਹ 20,000 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ, ਉਦਘਾਟਨ ਕਰਨਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਮੌਕੇ ਉਹ ਇਕੱਠ ਨੂੰ ਸੰਬੋਧਨ ਵੀ ਕਰਨਗੇ।

ਗਾਂਧੀਨਗਰ ਵਿੱਚ ਪ੍ਰਧਾਨ ਮੰਤਰੀ

ਮਹਾਵੀਰ ਜਯੰਤੀ ਮੌਕੇ ਪ੍ਰਧਾਨ ਮੰਤਰੀ ਗਾਂਧੀਨਗਰ ਦੇ ਕੋਬਾ ਤੀਰਥ ਵਿੱਚ ਸਮਰਾਟ ਸੰਪ੍ਰਤੀ ਮਿਊਜ਼ੀਅਮ ਦਾ ਉਦਘਾਟਨ ਕਰਨਗੇ। ਅਸ਼ੋਕ ਦੇ ਪੋਤੇ ਅਤੇ ਅਹਿੰਸਾ ਪ੍ਰਤੀ ਆਪਣੀ ਵਚਨਬੱਧਤਾ ਤੇ ਜੈਨ ਧਰਮ ਦੇ ਪ੍ਰਚਾਰ ਲਈ ਜਾਣੇ ਜਾਂਦੇ ਜੈਨ ਪਰੰਪਰਾ ਦੀ ਸਤਿਕਾਰਤ ਸ਼ਖਸੀਅਤ ਸਮਰਾਟ ਸੰਪ੍ਰਤੀ ਦੇ ਨਾਮ 'ਤੇ ਬਣਿਆ ਇਹ ਮਿਊਜ਼ੀਅਮ ਜੈਨ ਧਰਮ ਦੀ ਅਮੀਰ ਇਤਿਹਾਸਕ, ਸੱਭਿਆਚਾਰਕ ਅਤੇ ਅਧਿਆਤਮਿਕ ਵਿਰਾਸਤ ਨੂੰ ਦਰਸਾਉਂਦਾ ਹੈ।

ਮਹਾਵੀਰ ਜੈਨ ਅਰਾਧਨਾ ਕੇਂਦਰ ਕੈਂਪਸ ਦੇ ਅੰਦਰ ਸਥਿਤ ਇਸ ਮਿਊਜ਼ੀਅਮ ਵਿੱਚ ਸੱਤ ਵੱਖੋ-ਵੱਖਰੇ ਵਿੰਗ (ਹਿੱਸੇ) ਹਨ, ਜੋ ਭਾਰਤ ਦੀਆਂ ਸੱਭਿਅਕ ਪਰੰਪਰਾਵਾਂ ਦੇ ਵਿਲੱਖਣ ਪਹਿਲੂਆਂ ਨੂੰ ਸਮਰਪਿਤ ਹਨ। ਇਹ ਸੈਲਾਨੀਆਂ ਨੂੰ ਸਦੀਆਂ ਦੇ ਗਿਆਨ ਅਤੇ ਵਿਰਾਸਤ ਰਾਹੀਂ ਇੱਕ ਵਿਆਪਕ ਯਾਤਰਾ ਕਰਵਾਉਂਦਾ ਹੈ। ਇਹ ਮਿਊਜ਼ੀਅਮ ਰਵਾਇਤੀ ਪ੍ਰਦਰਸ਼ਨੀਆਂ ਨੂੰ ਆਧੁਨਿਕ ਡਿਜੀਟਲ ਅਤੇ ਆਡੀਓ-ਵਿਜ਼ੂਅਲ ਸਥਾਪਨਾਵਾਂ ਨਾਲ ਜੋੜਦਾ ਹੈ, ਜਿਸ ਨਾਲ ਸੈਲਾਨੀਆਂ, ਖੋਜਕਰਤਾਵਾਂ ਅਤੇ ਵਿਦਵਾਨਾਂ ਲਈ ਇੱਕ ਡੂੰਘਾ ਅਤੇ ਦਿਲਚਸਪ ਤਜਰਬਾ ਪੈਦਾ ਹੁੰਦਾ ਹੈ।

ਇਹ ਮਿਊਜ਼ੀਅਮ ਸਦੀਆਂ ਪੁਰਾਣੇ ਦੁਰਲੱਭ ਅਵਸ਼ੇਸ਼ਾਂ, ਜੈਨ ਕਲਾਕ੍ਰਿਤੀਆਂ ਅਤੇ ਰਵਾਇਤੀ ਵਿਰਾਸਤ ਦੇ ਸੰਗ੍ਰਹਿ ਨੂੰ ਸੰਭਾਲਦਾ ਅਤੇ ਪ੍ਰਦਰਸ਼ਿਤ ਕਰਦਾ ਹੈ। ਇਨ੍ਹਾਂ ਵਿੱਚ ਬਾਰੀਕੀ ਨਾਲ ਘੜੀਆਂ ਗਈਆਂ ਪੱਥਰ ਅਤੇ ਧਾਤੂ ਦੀਆਂ ਮੂਰਤੀਆਂ, ਵੱਡੇ ਤੀਰਥ ਪੱਟ ਅਤੇ ਯੰਤਰ ਪੱਟ, ਮਿਨੀਏਚਰ ਪੇਂਟਿੰਗਸ (ਛੋਟੀਆਂ ਪੇਂਟਿੰਗਾਂ), ਚਾਂਦੀ ਦੇ ਰੱਥ, ਸਿੱਕੇ ਅਤੇ ਪ੍ਰਾਚੀਨ ਖਰੜੇ ਸ਼ਾਮਲ ਹਨ, ਜੋ ਸੱਤ ਵਿਸ਼ਾਲ ਗੈਲਰੀਆਂ ਵਿੱਚ ਪ੍ਰਦਰਸ਼ਿਤ ਕੀਤੇ ਗਏ ਹਨ। ਵਿਸ਼ਾਲ ਹਾਲਾਂ ਵਿੱਚ ਰੱਖੇ ਗਏ ਦੋ ਹਜ਼ਾਰ ਤੋਂ ਵੱਧ ਦੁਰਲੱਭ ਖਜ਼ਾਨਿਆਂ ਵਾਲਾ ਇਹ ਮਿਊਜ਼ੀਅਮ ਸੈਲਾਨੀਆਂ ਨੂੰ ਜੈਨ ਧਰਮ ਦੇ ਵਿਕਾਸ ਅਤੇ ਇਸਦੇ ਡੂੰਘੇ ਸੱਭਿਆਚਾਰਕ ਪ੍ਰਭਾਵ ਨੂੰ ਕਾਲਕ੍ਰਮ ਅਨੁਸਾਰ ਸਮਝਣ ਦੇ ਯੋਗ ਬਣਾਉਂਦਾ ਹੈ।

ਸਾਨੰਦ ਵਿੱਚ ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਅਹਿਮਦਾਬਾਦ ਦੇ ਸਾਨੰਦ ਜੀਆਈਡੀਸੀ ਵਿੱਚ ਕੇਨਜ਼ ਸੈਮੀਕਾਨ ਪਲਾਂਟ ਦਾ ਉਦਘਾਟਨ ਕਰਨਗੇ। ਇਹ ਇਸ ਸਹੂਲਤ ਵਿੱਚ ਵਪਾਰਕ ਉਤਪਾਦਨ ਦੀ ਸ਼ੁਰੂਆਤ ਦਾ ਪ੍ਰਤੀਕ ਹੋਵੇਗਾ, ਜੋ ਭਾਰਤ ਦੇ ਸੈਮੀਕੰਡਕਟਰ ਸਫ਼ਰ ਵਿੱਚ ਇੱਕ ਅਹਿਮ ਮੀਲ ਪੱਥਰ ਦੀ ਨੁਮਾਇੰਦਗੀ ਕਰਦਾ ਹੈ।

ਵਪਾਰਕ ਉਤਪਾਦਨ ਐਡਵਾਂਸਡ ਇੰਟੈਲੀਜੈਂਟ ਪਾਵਰ ਮੋਡਿਊਲਜ਼ (ਆਈਪੀਐੱਮਐੱਸ) ਦੇ ਨਿਰਮਾਣ ਨਾਲ ਸ਼ੁਰੂ ਹੋਵੇਗਾ, ਜੋ ਆਟੋਮੋਟਿਵ ਅਤੇ ਉਦਯੋਗਿਕ ਐਪਲੀਕੇਸ਼ਨਾਂ ਲਈ ਅਹਿਮ ਕੰਪੋਨੈਂਟ ਹਨ, ਜਿਨ੍ਹਾਂ ਲਈ ਸੰਖੇਪ, ਕੁਸ਼ਲ ਅਤੇ ਭਰੋਸੇਯੋਗ ਪਾਵਰ ਸਵਿਚਿੰਗ ਪ੍ਰਣਾਲੀਆਂ ਦੀ ਲੋੜ ਹੁੰਦੀ ਹੈ। ਹਰੇਕ ਮੋਡਿਊਲ ਵਿੱਚ 17 ਚਿੱਪਾਂ ਸ਼ਾਮਲ ਹਨ ਅਤੇ ਇਨ੍ਹਾਂ ਦੀ ਸਪਲਾਈ ਕੈਲੀਫੋਰਨੀਆ ਸਥਿਤ ਅਲਫ਼ਾ ਐਂਡ ਓਮੇਗਾ ਸੈਮੀਕੰਡਕਟਰ (ਏਓਐੱਸ) ਨੂੰ ਕੀਤੀ ਜਾਵੇਗੀ। ਜਦੋਂ ਪਲਾਂਟ ਦੇ ਸਾਰੇ ਪੜਾਅ ਪੂਰੇ ਹੋ ਜਾਣਗੇ, ਤਾਂ ਇਸ ਦੀ ਸਮਰੱਥਾ ਪ੍ਰਤੀ ਦਿਨ 6.33 ਮਿਲੀਅਨ (63 ਲੱਖ 30 ਹਜ਼ਾਰ) ਯੂਨਿਟ ਪੈਦਾ ਕਰਨ ਦੀ ਹੋਵੇਗੀ।

ਕੇਨਜ਼ ਸੈਮੀਕਾਨ ਪਲਾਂਟ ਦਾ ਉਦਘਾਟਨ 'ਇੰਡੀਆ ਸੈਮੀਕੰਡਕਟਰ ਮਿਸ਼ਨ' (ਆਈਐੱਸਐੱਮ) ਤਹਿਤ ਵੱਡਾ ਕਦਮ ਹੈ। ਮਾਈਕ੍ਰੋਨ ਟੈਕਨਾਲੋਜੀ ਤੋਂ ਬਾਅਦ ਪ੍ਰੋਗਰਾਮ ਤਹਿਤ ਮਨਜ਼ੂਰਸ਼ੁਦਾ ਪ੍ਰੋਜੈਕਟਾਂ ਵਿੱਚੋਂ ਵਪਾਰਕ ਉਤਪਾਦਨ ਸ਼ੁਰੂ ਕਰਨ ਵਾਲੀ ਇਹ ਦੂਜੀ ਸੈਮੀਕੰਡਕਟਰ ਸਹੂਲਤ ਹੋਵੇਗੀ।

ਇਹ ਪ੍ਰੋਜੈਕਟ ਖਾਸ ਅਹਿਮੀਅਤ ਰੱਖਦਾ ਹੈ ਕਿਉਂਕਿ ਇਹ ਉਤਪਾਦਨ ਦੇ ਪੜਾਅ ਵਿੱਚ ਦਾਖਲ ਹੋਣ ਵਾਲੀ ਭਾਰਤ ਦੀ ਦੂਜੀ ਓਸੈਟ/ਏਟੀਐੱਮਪੀ (ਆਊਟਸੋਰਸਡ ਸੈਮੀਕੰਡਕਟਰ ਅਸੈਂਬਲੀ ਐਂਡ ਟੈਸਟ / ਅਸੈਂਬਲੀ, ਟੈਸਟਿੰਗ, ਮਾਰਕਿੰਗ, ਅਤੇ ਪੈਕਿੰਗ) ਯੂਨਿਟ ਸਥਾਪਿਤ ਕਰਦਾ ਹੈ। ਇਹ ਸੈਮੀਕੰਡਕਟਰ ਨਿਰਮਾਣ ਵਿੱਚ ਭਾਰਤੀ ਮੂਲ ਦੀ ਇੱਕ ਇਲੈਕਟ੍ਰੋਨਿਕਸ ਮੈਨੂਫੈਕਚਰਿੰਗ ਸਰਵਿਸਿਜ਼ (ਈਐੱਮਐੱਸ) ਕੰਪਨੀ ਦੇ ਦਾਖਲੇ ਦੀ ਵੀ ਨਿਸ਼ਾਨਦੇਹੀ ਕਰਦਾ ਹੈ, ਜਿਸ ਨਾਲ ਘਰੇਲੂ ਸਮਰੱਥਾਵਾਂ ਮਜ਼ਬੂਤ ਹੁੰਦੀਆਂ ਹਨ।

ਇਹ ਸਹੂਲਤ ਸਵਦੇਸ਼ੀ ਸੈਮੀਕੰਡਕਟਰ ਪੈਕੇਜਿੰਗ ਸਮਰੱਥਾ ਬਣਾਉਣ ਵਿੱਚ ਯੋਗਦਾਨ ਪਾਵੇਗੀ, ਭਾਰਤ ਦੇ ਚਿੱਪ ਈਕੋਸਿਸਟਮ ਵਿੱਚ ਇੱਕ ਅਹਿਮ ਕਮੀ ਨੂੰ ਦੂਰ ਕਰੇਗੀ ਅਤੇ ਉੱਚ-ਤਕਨਾਲੋਜੀ ਨਿਰਮਾਣ ਵਿੱਚ ਆਤਮ-ਨਿਰਭਰਤਾ ਦੇ ਵਿਜ਼ਨ ਨੂੰ ਅੱਗੇ ਵਧਾਏਗੀ।

ਵਾਵ-ਥਰਾਦ ਵਿੱਚ ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ 20,000 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ, ਉਦਘਾਟਨ ਕਰਨਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਹ ਪ੍ਰੋਜੈਕਟ ਬਿਜਲੀ, ਰੇਲਵੇ, ਸੜਕ ਆਵਾਜਾਈ ਅਤੇ ਰਾਜਮਾਰਗ, ਸਿਹਤ, ਸ਼ਹਿਰੀ ਵਿਕਾਸ, ਕਬਾਇਲੀ ਵਿਕਾਸ ਅਤੇ ਪੇਂਡੂ ਵਿਕਾਸ ਸਮੇਤ ਪ੍ਰਮੁੱਖ ਖੇਤਰਾਂ ਨਾਲ ਸਬੰਧਤ ਹਨ।

ਪ੍ਰਧਾਨ ਮੰਤਰੀ ਅਹਿਮਦਾਬਾਦ-ਢੋਲੇਰਾ ਐਕਸਪ੍ਰੈੱਸਵੇਅ ਦਾ ਉਦਘਾਟਨ ਕਰਨਗੇ, ਜੋ 5,100 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਇਆ ਗਿਆ ਇੱਕ ਐਕਸੈੱਸ-ਕੰਟਰੋਲਡ ਹਾਈਵੇਅ ਹੈ। ਇਹ ਐਕਸਪ੍ਰੈੱਸਵੇਅ ਖੇਤਰੀ ਕਨੈਕਟੀਵਿਟੀ ਨੂੰ ਵਧਾਏਗਾ, ਢੋਲੇਰਾ ਸਪੈਸ਼ਲ ਇਨਵੈਸਟਮੈਂਟ ਰੀਜਨ (ਡੀਐੱਸਆਈਆਰ) ਵਿੱਚ ਉਦਯੋਗਿਕ ਵਿਕਾਸ ਨੂੰ ਸਮਰਥਨ ਦੇਵੇਗਾ ਅਤੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਵੇਗਾ।

ਪ੍ਰਧਾਨ ਮੰਤਰੀ ਪੇਵਡ ਸ਼ੋਲਡਰਜ਼ ਵਾਲੇ 4-ਲੇਨ ਈਡਰ-ਬਡੋਲੀ ਬਾਈਪਾਸ ਸੈਕਸ਼ਨ ਦੇ ਨਿਰਮਾਣ ਲਈ ਨੀਂਹ ਪੱਥਰ ਰੱਖਣਗੇ। ਉਹ ਐੱਨਐੱਚ-754ਕੇ ਦੇ ਢੋਲਾਵੀਰਾ-ਮੌਵਾਨਾ-ਵਾਉਵਾ-ਸਾਂਤਲਪੁਰ ਸੈਕਸ਼ਨ (ਪੈਕੇਜ-II) ਨੂੰ ਟੂ-ਲੇਨ ਪੇਵਡ ਸ਼ੋਲਡਰ ਕੈਰੇਜਵੇਅ ਵਜੋਂ ਅਪਗ੍ਰੇਡ ਕਰਨ ਦਾ ਨੀਂਹ ਪੱਥਰ ਵੀ ਰੱਖਣਗੇ। ਇਹ ਪ੍ਰੋਜੈਕਟ ਹਾਈਵੇਅ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਗੇ, ਢੋਲਾਵੀਰਾ ਵਰਗੇ ਸੈਰ-ਸਪਾਟਾ ਸਥਾਨਾਂ ਸਮੇਤ ਪ੍ਰਮੁੱਖ ਖੇਤਰਾਂ ਨਾਲ ਕਨੈਕਟੀਵਿਟੀ ਨੂੰ ਬਿਹਤਰ ਬਣਾਉਣਗੇ, ਲੌਜਿਸਟਿਕਸ ਕੁਸ਼ਲਤਾ ਵਧਾਉਣਗੇ ਅਤੇ ਸਮਾਜਿਕ-ਆਰਥਿਕ ਵਿਕਾਸ ਵਿੱਚ ਸਹਾਇਤਾ ਕਰਨਗੇ।

ਪ੍ਰਧਾਨ ਮੰਤਰੀ ਸੜਕ ਦੇ ਬੁਨਿਆਦੀ ਢਾਂਚੇ ਨਾਲ ਜੁੜੇ ਪ੍ਰਮੁੱਖ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਗੇ, ਜਿਨ੍ਹਾਂ ਵਿੱਚ ਗਾਂਧੀਨਗਰ-ਕੋਬਾ-ਏਅਰਪੋਰਟ ਰੋਡ 'ਤੇ ਭਾਈਜੀਪੁਰਾ ਜੰਕਸ਼ਨ ਵਿੱਚ ਫਲਾਈਓਵਰ ਸ਼ਾਮਲ ਹੈ, ਜੋ ਟਰੈਫਿਕ ਜਾਮ ਘਟਾਏਗਾ ਅਤੇ ਢਾਂਚੇ ਦੇ ਹੇਠਾਂ ਸੁਚੱਜੀ ਪਾਰਕਿੰਗ ਜਗ੍ਹਾ ਪ੍ਰਦਾਨ ਕਰੇਗਾ। ਗਾਂਧੀਨਗਰ-ਕੋਬਾ-ਐਰੋਡ੍ਰਮ ਰੋਡ 'ਤੇ ਪੀਡੀਪੀਯੂ ਜੰਕਸ਼ਨ 'ਤੇ ਬਣੇ ਫਲਾਈਓਵਰ ਬ੍ਰਿਜ ਦਾ ਉਦਘਾਟਨ ਵੀ ਕੀਤਾ ਜਾਵੇਗਾ। ਗਾਂਧੀਨਗਰ ਨੂੰ ਏਅਰਪੋਰਟ ਨਾਲ ਜੋੜਨ ਵਾਲੀ ਸੜਕ 'ਤੇ ਰੋਜ਼ਾਨਾ 1,40,000 ਤੋਂ ਵੱਧ ਵਾਹਨਾਂ ਦੀ ਆਵਾਜਾਈ ਹੁੰਦੀ ਹੈ। ਇਹ ਫਲਾਈਓਵਰ ਅਹਿਮਦਾਬਾਦ ਅਤੇ ਗਾਂਧੀਨਗਰ ਵਿਚਕਾਰ ਸੀਐੱਚ-0 ਜੰਕਸ਼ਨ ਤੋਂ ਏਅਰਪੋਰਟ ਤੱਕ ਸੁਚਾਰੂ ਅਤੇ ਨਿਰਵਿਘਨ ਟ੍ਰੈਫਿਕ ਆਵਾਜਾਈ ਨੂੰ ਯਕੀਨੀ ਬਣਾਏਗਾ।

ਪ੍ਰਧਾਨ ਮੰਤਰੀ ਬਿਜਲੀ ਟਰਾਂਸਮਿਸ਼ਨ ਦੇ ਪ੍ਰਮੁੱਖ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਜਿਨ੍ਹਾਂ ਵਿੱਚ ਤਕਰੀਬਨ 3,650 ਕਰੋੜ ਰੁਪਏ ਦੀ ਸਾਂਝੀ ਲਾਗਤ ਵਾਲਾ ਖਾਵੜਾ ਪੂਲਿੰਗ ਸਟੇਸ਼ਨ-2 ਅਤੇ 4.5 ਗੀਗਾਵਾਟ (ਜੀਡਬਲਿਊ) ਨਵਿਆਉਣਯੋਗ ਊਰਜਾ ਦੀ ਨਿਕਾਸੀ ਲਈ ਸੰਬੰਧਿਤ ਟਰਾਂਸਮਿਸ਼ਨ ਸਿਸਟਮ ਸ਼ਾਮਲ ਹਨ। ਇਹ ਪ੍ਰੋਜੈਕਟ ਨਵਿਆਉਣਯੋਗ ਊਰਜਾ ਦੇ ਏਕੀਕਰਨ ਅਤੇ ਟਰਾਂਸਮਿਸ਼ਨ ਸਮਰੱਥਾ ਨੂੰ ਮਜ਼ਬੂਤ ਕਰਨਗੇ।

ਰੇਲ ਖੇਤਰ ਵਿੱਚ ਪ੍ਰਧਾਨ ਮੰਤਰੀ ਰਾਜਕੋਟ-ਕਨਾਲੁਸ ਡਬਲਿੰਗ ਪ੍ਰੋਜੈਕਟ (111.20 ਕਿਲੋਮੀਟਰ) ਦੇ ਹਿੱਸੇ ਵਜੋਂ ਕਨਾਲੁਸ-ਜਾਮਨਗਰ ਡਬਲਿੰਗ ਪ੍ਰੋਜੈਕਟ (28 ਕਿਲੋਮੀਟਰ) ਅਤੇ ਗਾਂਧੀਧਾਮ-ਆਦੀਪੁਰ ਸੈਕਸ਼ਨ (10.69 ਕਿਲੋਮੀਟਰ) ਦੇ ਚੌਹਰੀਕਰਨ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਹ ਪ੍ਰੋਜੈਕਟ ਰੇਲ ਸਮਰੱਥਾ ਵਧਾਉਣਗੇ, ਭੀੜ-ਭੜੱਕਾ ਘਟਾਉਣਗੇ, ਸੰਚਾਲਨ ਕੁਸ਼ਲਤਾ ਵਿੱਚ ਸੁਧਾਰ ਕਰਨਗੇ ਅਤੇ ਯਾਤਰੀਆਂ ਤੇ ਮਾਲ ਦੀ ਤੇਜ਼ੀ ਨਾਲ ਆਵਾਜਾਈ ਨੂੰ ਸੰਭਵ ਬਣਾਉਣਗੇ।

ਪ੍ਰਧਾਨ ਮੰਤਰੀ ਹਿੰਮਤਨਗਰ-ਖੇਡਬ੍ਰਹਮਾ ਗੇਜ ਪਰਿਵਰਤਨ ਪ੍ਰੋਜੈਕਟ (54.83 ਕਿਲੋਮੀਟਰ) ਦਾ ਉਦਘਾਟਨ ਵੀ ਕਰਨਗੇ, ਜੋ ਖੇਤਰ ਵਿੱਚ ਰੇਲ ਕਨੈਕਟੀਵਿਟੀ ਅਤੇ ਯਾਤਰੀਆਂ ਦੀ ਆਵਾਜਾਈ ਵਿੱਚ ਸੁਧਾਰ ਕਰੇਗਾ। ਉਹ ਖੇਡਬ੍ਰਹਮਾ-ਹਿੰਮਤਨਗਰ-ਅਸਾਰਵਾ ਰੇਲ ਸੇਵਾ ਨੂੰ ਹਰੀ ਝੰਡੀ ਵੀ ਦਿਖਾਉਣਗੇ।

ਪ੍ਰਧਾਨ ਮੰਤਰੀ ਗੁਜਰਾਤ ਭਰ ਵਿੱਚ ਤਕਰੀਬਨ 5,300 ਕਰੋੜ ਰੁਪਏ ਦੇ 44 ਸ਼ਹਿਰੀ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ, ਜਿਨ੍ਹਾਂ ਦਾ ਉਦੇਸ਼ ਸ਼ਹਿਰੀ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣਾ ਅਤੇ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਹੈ। ਪ੍ਰਧਾਨ ਮੰਤਰੀ ਸਿਹਤ ਅਤੇ ਪਰਿਵਾਰ ਭਲਾਈ ਨਾਲ ਜੁੜੀਆਂ ਵੱਖ-ਵੱਖ ਪਹਿਲਕਦਮੀਆਂ ਦਾ ਉਦਘਾਟਨ ਕਰਨਗੇ, ਜਿਨ੍ਹਾਂ ਵਿੱਚ ਸਿਵਲ ਹਸਪਤਾਲ ਅਸਾਰਵਾ (ਅਹਿਮਦਾਬਾਦ) ਵਿੱਚ 858 ਬਿਸਤਰਿਆਂ ਵਾਲੇ ਰੈਣ-ਬਸੇਰੇ ਅਤੇ ਗਾਂਧੀਨਗਰ ਸਿਵਲ ਹਸਪਤਾਲ ਤੇ ਜੀਐੱਮਈਆਰਐੱਸ ਮੈਡੀਕਲ ਕਾਲਜ, ਗਾਂਧੀਨਗਰ ਵਿੱਚ ਅਜਿਹੀ ਹੀ ਸਹੂਲਤ ਦਾ ਉਦਘਾਟਨ ਸ਼ਾਮਲ ਹੈ।

ਪ੍ਰਧਾਨ ਮੰਤਰੀ ਸੈਰ-ਸਪਾਟਾ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਜਿਨ੍ਹਾਂ ਵਿੱਚ ਰਾਣੀ ਕੀ ਵਾਵ (ਪਾਟਣ) ਵਿੱਚ ਲਾਈਟ ਐਂਡ ਸਾਊਂਡ ਸ਼ੋਅ, ਸ਼ਰਮਿਸ਼ਠਾ ਝੀਲ (ਵਡਨਗਰ) ਵਿੱਚ ਵਾਟਰ ਸਕ੍ਰੀਨ ਪ੍ਰੋਜੈਕਸ਼ਨ ਸ਼ੋਅ ਸ਼ਾਮਲ ਹਨ ਅਤੇ ਬਨਾਸਕਾਂਠਾ ਵਿੱਚ ਬਲਰਾਮ ਮਹਾਦੇਵ ਤੇ ਵਿਸ਼ਵੇਸ਼ਵਰ ਮਹਾਦੇਵ ਵਿੱਚ ਸੈਰ-ਸਪਾਟਾ ਬੁਨਿਆਦੀ ਢਾਂਚੇ ਦੇ ਕਾਰਜਾਂ ਦਾ ਨੀਂਹ ਪੱਥਰ ਰੱਖਣਗੇ। ਇਨ੍ਹਾਂ ਦਾ ਉਦੇਸ਼ ਸੈਰ-ਸਪਾਟੇ ਦੇ ਤਜਰਬੇ ਨੂੰ ਬਿਹਤਰ ਬਣਾਉਣਾ ਅਤੇ ਸੱਭਿਆਚਾਰਕ ਵਿਰਾਸਤ ਨੂੰ ਉਤਸ਼ਾਹਿਤ ਕਰਨਾ ਹੈ।

ਪ੍ਰਧਾਨ ਮੰਤਰੀ ਤਕਰੀਬਨ 1,780 ਕਰੋੜ ਰੁਪਏ ਦੇ ਦੋ ਪ੍ਰਮੁੱਖ ਵਾਟਰ ਪਾਈਪਲਾਈਨ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ, ਜਿਨ੍ਹਾਂ ਵਿੱਚ ਬਨਾਸਕਾਂਠਾ ਵਿੱਚ ਕਸਾਰਾ-ਦਾਂਤੀਵਾੜਾ ਪਾਈਪਲਾਈਨ ਅਤੇ ਪਾਟਣ ਤੇ ਬਨਾਸਕਾਂਠਾ ਵਿੱਚ ਡਿੰਡਰੋਲ-ਮੁਕਤੇਸ਼ਵਰ ਪਾਈਪਲਾਈਨ ਸ਼ਾਮਲ ਹੈ। ਪ੍ਰਧਾਨ ਮੰਤਰੀ ਅੰਬਾਜੀ ਅਤੇ ਆਸਪਾਸ ਦੇ ਪੇਂਡੂ ਖੇਤਰਾਂ ਲਈ ਜਲ ਸਪਲਾਈ ਸਕੀਮ ਦਾ ਨੀਂਹ ਪੱਥਰ ਰੱਖਣਗੇ। ਇਹ ਬਨਾਸਕਾਂਠਾ ਜ਼ਿਲ੍ਹੇ ਦੇ ਦਾਂਤਾ ਅਤੇ ਅਮੀਰਗੜ੍ਹ ਤਾਲੁਕਾ ਦੇ 34 ਪਿੰਡਾਂ ਅਤੇ ਅੰਬਾਜੀ ਸ਼ਹਿਰ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਵਾਏਗੀ, ਜਿਸ ਨਾਲ ਲਗਭਗ 1.5 ਲੱਖ ਲੋਕਾਂ ਨੂੰ ਫਾਇਦਾ ਹੋਵੇਗਾ। ਪ੍ਰਧਾਨ ਮੰਤਰੀ ਗਾਂਧੀਨਗਰ ਜ਼ਿਲ੍ਹੇ ਵਿੱਚ ਸਾਬਰਮਤੀ ਰਿਵਰਫਰੰਟ ਦੇ ਵਿਸਥਾਰ ਦੇ ਤਿੰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਗੇ, ਜਿਨ੍ਹਾਂ ਵਿੱਚ ਤਕਰੀਬਨ 1000 ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ।

ਪ੍ਰਧਾਨ ਮੰਤਰੀ ਵੇਜਲਪੁਰ, ਅਹਿਮਦਾਬਾਦ ਵਿੱਚ ਸਰਕਾਰੀ ਲੜਕਿਆਂ ਦੇ ਹੋਸਟਲ ਦਾ ਉਦਘਾਟਨ ਕਰਨਗੇ। ਇਹ ਸਹੂਲਤ ਉੱਚ ਸਿੱਖਿਆ ਹਾਸਲ ਕਰ ਰਹੇ ਕਬਾਇਲੀ ਵਿਦਿਆਰਥੀਆਂ ਦੀ ਮਦਦ ਕਰੇਗੀ।

********


ਐੱਮਜੇਪੀਐੱਸ/ਵੀਜੇ


(Release ID: 2247137) ਵਿਜ਼ੀਟਰ ਕਾਊਂਟਰ : 5