ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਨੇ ਆਈਆਈਸੀਟੀ ਦਾ ਦੌਰਾ ਕੀਤਾ, ਵਿਸਥਾਰ ਯੋਜਨਾਵਾਂ ਅਤੇ ਕੰਟੈਂਟ ਕ੍ਰਿਏਟਰ ਲੈਬ ਪਲਾਂਨਿੰਗ ਦੀ ਸਮੀਖਿਆ ਕੀਤੀ


ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਨੇ ਆਈਆਈਸੀਟੀ ਨੂੰ ਭਾਰਤ ਦੇ ਰਚਨਾਤਮਕ ਪ੍ਰਤਿਭਾ ਈਕੋਸਿਸਟਮ ਨੂੰ ਪੋਸ਼ਣ ਦੇਣ ਵਿੱਚ ਮੋਹਰੀ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ

ਸ਼੍ਰੀ ਜਾਜੂ ਨੇ ਆਈਆਈਸੀਟੀ ਨੂੰ ਐੱਮ ਐਂਡ ਈ ਸੈਕਟਰ ਵਿੱਚ ਸਟਾਰਟਅੱਪਸ ਨੂੰ ਉਤਸ਼ਾਹਿਤ ਕਰਨ ਲਈ ਇੱਕ ਜੀਵੰਤ ਕੇਂਦਰ ਬਣਨ ਦਾ ਸੱਦਾ ਦਿੱਤਾ

Posted On: 18 MAR 2026 6:13PM by PIB Chandigarh

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਸੰਜੈ ਜਾਜੂ ਨੇ ਅੱਜ ਮੁੰਬਈ ਦੇ ਐੱਨਐੱਫਡੀਸੀ ਕੰਪਲੈਕਸ ਵਿਖੇ ਇੰਡੀਅਨ ਇੰਸਟੀਟਿਊਟ ਆਫ਼ ਕ੍ਰਿਏਟਿਵ ਟੈਕਨੋਲੋਜੀਜ਼ (ਆਈਆਈਸੀਟੀ) ਦਾ ਦੌਰਾ ਕੀਤਾ, ਅਤੇ ਸੰਸਥਾ ਦੇ ਵਿਕਾਸ ਯਾਤਰਾ ਅਤੇ ਵਿਸਥਾਰ ਯੋਜਨਾਵਾਂ ਦੀ ਸਮੀਖਿਆ ਕੀਤੀ।

ਸ਼੍ਰੀ ਜਾਜੂ ਦੀ ਪ੍ਰਧਾਨਗੀ ਹੇਠ ਹੋਈ ਸਮੀਖਿਆ ਮੀਟਿੰਗ ਵਿੱਚ ਸਾਰੇ ਬੋਰਡ ਮੈਂਬਰ ਅਤੇ ਉਦਯੋਗ ਜਗਤ ਦੇ ਪ੍ਰਤੀਨਿਧੀ ਸ਼ਾਮਲ ਹੋਏ। ਸ਼੍ਰੀ ਜਾਜੂ ਨੇ ਸੰਸਥਾ ਦੀ ਲੀਡਰਸ਼ਿਪ ਟੀਮ ਨਾਲ ਇਸ ਦੇ ਰਣਨੀਤਕ ਰੋਡਮੈਪ 'ਤੇ ਵਿਸਤ੍ਰਿਤ ਚਰਚਾ ਕੀਤੀ। ਚਰਚਾ ਦਾ ਮੁੱਖ ਕੇਂਦਰ ਆਈਆਈਸੀਟੀ ਅਕਾਦਮਿਕ ਪ੍ਰੋਗਰਾਮਾਂ ਅਤੇ ਬੁਨਿਆਦੀ ਢਾਂਚੇ ਨੂੰ ਰਚਨਾਤਮਕ ਅਤੇ ਡਿਜੀਟਲ ਅਰਥਵਿਵਸਥਾ ਦੀਆਂ ਵਧ ਰਹੀਆਂ ਮੰਗਾਂ ਨੂੰ ਪੂਰਾ ਕਰਨ 'ਤੇ ਕੇਂਦ੍ਰਿਤ ਸੀ। ਉਨ੍ਹਾਂ ਨੇ ਉਦਯੋਗ-ਅਕਾਦਮਿਕ ਸਹਿਯੋਗ ਨੂੰ ਮਜ਼ਬੂਤ ​​ਕਰਨ ਦੇ ਉਦੇਸ਼ ਨਾਲ ਚੱਲ ਰਹੀਆਂ ਪਹਿਲਕਦਮੀਆਂ ਦੀ ਵੀ ਸਮੀਖਿਆ ਕੀਤੀ।

ਇਸ ਮੌਕੇ 'ਤੇ ਬੋਲਦਿਆਂ, ਸ਼੍ਰੀ ਜਾਜੂ ਨੇ ਕਿਹਾ, "ਬੁਨਿਆਦੀ ਢਾਂਚਾ ਤਿਆਰ ਹੈ ਅਤੇ ਲਗਭਗ 150 ਵਿਦਿਆਰਥੀ ਪਹਿਲਾਂ ਹੀ IICT ਵਿਖੇ ਆਪਣੇ ਅਧਿਐਨ ਪ੍ਰੋਗਰਾਮ ਸ਼ੁਰੂ ਕਰ ਚੁੱਕੇ ਹਨ। ਸਾਡਾ ਟੀਚਾ ਜੁਲਾਈ ਤੱਕ 400 ਵਿਦਿਆਰਥੀਆਂ ਨੂੰ ਸ਼ਾਮਲ ਕਰਨਾ ਹੈ, ਨਾਲ ਹੀ 20 ਸਟਾਰਟਅੱਪਸ ਭੌਤਿਕ ਤੌਰ ‘ਤੇ ਵਿੱਚ ਅਤੇ ਬਹੁਤ ਸਾਰੇ ਹੋਰ ਵਰਚੁਅਲ ਮੋਡ ਵਿੱਚ ਸਥਾਪਿਤ ਕਰਨਾ ਹੈ। ਸੰਸਥਾ ਪ੍ਰੋਡਕਸ਼ਨ ਅਤੇ ਪੋਸਟ-ਪ੍ਰੋਡਕਸ਼ਨ ਕੰਮ ਲਈ ਉੱਚ-ਗੁਣਵੱਤਾ ਵਾਲਾ ਬੁਨਿਆਦੀ ਢਾਂਚਾ ਪ੍ਰਦਾਨ ਕਰਦੀ ਹੈ"। ਉਨ੍ਹਾਂ ਅੱਗੇ ਦੱਸਿਆ ਕਿ ਵਰਤਮਾਨ ਵਿੱਚ, IICT ਵਿਖੇ 11 ਸਟਾਰਟਅੱਪਸ ਇਨਕਿਊਬੇਟ ਕੀਤੇ ਜਾ ਰਹੇ ਹਨ। ਸ਼੍ਰੀ ਜਾਜੂ ਨੇ ਇਹ ਵੀ ਕਿਹਾ ਕਿ ਛੇਤੀ ਹੀ ਫਿਲਮ ਸਿਟੀ, ਗੋਰੇਗਾਓਂ ਵਿੱਚ ਵੱਡਾ ਕੈਂਪਸ ਵਿਕਸਿਤ ਕੀਤਾ ਜਾਵੇਗਾ, ਅਤੇ ਉੱਥੇ ਕਲਾਸਾਂ 2028 ਵਿੱਚ ਸ਼ੁਰੂ ਹੋਣ ਦੀ ਉਮੀਦ ਹੈ।

ਮੀਟਿੰਗ ਵਿੱਚ ਹੋਏ ਵਿਚਾਰ-ਵਟਾਂਦਰੇ ਦਾ ਹਵਾਲਾ ਦਿੰਦੇ ਹੋਏ, ਆਈ ਐਂਡ ਬੀ ਸਕੱਤਰ ਨੇ ਦੱਸਿਆ ਕਿ ਕੇਂਦਰੀ ਬਜਟ ਵਿੱਚ ਐਲਾਨੇ ਗਏ ਵਿਜ਼ੂਅਲ ਗੇਮਿੰਗ, ਵੀਐੱਫਐਕਸ ਅਤੇ ਕੰਟੈਂਟ ਕ੍ਰਿਏਸ਼ਨ ਲੈਬਸ ਬਾਰੇ ਉਦਯੋਗ ਜਗਤ ਨਾਲ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਸ਼੍ਰੀ ਜਾਜੂ ਨੇ ਕਿਹਾ ਕਿ ਮੀਟਿੰਗ ਦਾ ਮੁੱਖ ਉਦੇਸ਼ ਰਚਨਾਤਮਕ ਅਰਥਵਿਵਸਥਾ ਨੂੰ ਹੋਰ ਮਜ਼ਬੂਤ ​​ਕਰਨਾ ਸੀ। ਪਿਛਲੇ ਸਾਲ, ਵੇਵਸ ਸਮਿਟ ਵਿੱਚ, "ਔਰੇਂਜ ਇਕੌਨਮੀ" ਪਹਿਲਕਦਮੀ ਦੇ ਤਹਿਤ 20 ਲੱਖ ਲੋਕਾਂ ਨੂੰ ਕੰਟੈਂਟ ਕ੍ਰਿਏਸ਼ਨ ਅਤੇ ਰਚਨਾਤਮਕ ਖੇਤਰਾਂ ਨਾਲ ਜੋੜਨ ਦਾ ਟੀਚਾ ਰੱਖਿਆ ਗਿਆ ਸੀ। ਸ਼੍ਰੀ ਜਾਜੂ ਨੇ ਕਿਹਾ ਕਿ ਅੱਜ ਦੀਆਂ ਚਰਚਾਵਾਂ ਵਿੱਚ ਵੀ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਲੋੜੀਂਦੇ ਕਦਮਾਂ 'ਤੇ ਧਿਆਨ ਕੇਂਦ੍ਰਿਤ ਕੀਤਾ ਗਿਆ।

ਇਸ ਦੌਰੇ ਦਾ ਇੱਕ ਮੁੱਖ ਆਕਰਸ਼ਣ ਦੇਸ਼ ਭਰ ਦੇ 15,000 ਸੈਕੰਡਰੀ ਸਕੂਲਾਂ ਅਤੇ 500 ਕਾਲਜਾਂ ਵਿੱਚ ਕੰਟੈਂਟ ਕ੍ਰਿਏਟਰਸ ਦੀਆਂ ਲੈਬਸ ਸਥਾਪਿਤ ਕਰਨ ਦੇ ਪ੍ਰਸਤਾਵ 'ਤੇ ਵਿਚਾਰ-ਵਟਾਂਦਰਾ ਕਰਨਾ ਸੀ। ਇਸ ਪਹਿਲਕਦਮੀ ਦਾ ਉਦੇਸ਼ ਡਿਜੀਟਲ ਕ੍ਰਿਏਟੀਵਿਟੀ ਨੂੰ ਉਤਸ਼ਾਹਿਤ ਕਰਨਾ, ਮੀਡੀਆ ਸਾਖਰਤਾ ਨੂੰ ਵਧਾਉਣਾ ਅਤੇ ਵਿਦਿਆਰਥੀਆਂ ਨੂੰ ਸਿਰਜਣਹਾਰ ਅਰਥਵਿਵਸਥਾ ਵਿੱਚ ਉੱਭਰ ਰਹੇ ਮੌਕਿਆਂ ਦੇ ਅਨੁਸਾਰ ਸਮੱਗਰੀ ਉਤਪਾਦਨ ਹੁਨਰਾਂ ਨਾਲ ਲੈਸ ਕਰਨਾ ਹੈ।

ਸ਼੍ਰੀ ਜਾਜੂ ਨੇ ਸੰਸਥਾ ਦੀਆਂ ਅਤਿ-ਆਧੁਨਿਕ ਸਹੂਲਤਾਂ ਦਾ ਦੌਰਾ ਕੀਤਾ, ਜਿਸ ਵਿੱਚ ਇਸ ਦੇ ਟ੍ਰੇਨਿੰਗ ਪ੍ਰੋਗਰਾਮ, ਪ੍ਰੋਡਕਸ਼ਨ ਦਾ ਬੁਨਿਆਦੀ ਢਾਂਚਾ ਅਤੇ ਨਵੀਨਤਾ ਕੇਂਦਰ ਸ਼ਾਮਲ ਹਨ। ਉਨ੍ਹਾਂ ਨੇ ਬੋਰਡ ਦੇ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ ਅਤੇ ਭਾਰਤ ਦੇ ਰਚਨਾਤਮਕ ਪ੍ਰਤਿਭਾ ਈਕੋਸਿਸਟਮ ਨੂੰ ਉਤਸ਼ਾਹਿਤ ਕਰਨ ਵਿੱਚ IICT ਦੀ ਭੂਮਿਕਾ 'ਤੇ ਵਿਚਾਰ-ਵਟਾਂਦਰਾ ਕੀਤਾ ।

 

ਇਹ ਸੰਸਥਾ ਵਰਤਮਾਨ ਵਿੱਚ ਐਨੀਮੇਸ਼ਨ, ਗੇਮਿੰਗ, ਪੋਸਟ-ਪ੍ਰੋਡਕਸ਼ਨ, ਅਤੇ ਐਕਸਟੈਂਡਿਡ ਰਿਐਲਿਟੀ ਦੇ ਖੇਤਰ ਵਿੱਚ 18 ਵਿਸ਼ੇਸ਼ ਕੋਰਸ ਪ੍ਰਦਾਨ ਕਰਦੀ ਹੈ। ਇਨ੍ਹਾਂ ਵਿੱਚ ਗੇਮਿੰਗ ਵਿੱਚ ਛੇ ਕੋਰਸ, ਪੋਸਟ-ਪ੍ਰੋਡਕਸ਼ਨ ਵਿੱਚ ਚਾਰ, ਅਤੇ ਐਨੀਮੇਸ਼ਨ, ਕੌਮਿਕਸ ਅਤੇ XR ਵਿੱਚ ਅੱਠ ਕੋਰਸ ਸ਼ਾਮਲ ਹਨ। ਮੁੱਖ ਪ੍ਰੋਗਰਾਮਾਂ ਵਿੱਚ ਐਨੀਮੇਸ਼ਨ ਫਿਲਮ ਡਿਜ਼ਾਈਨ, ਇੰਟਰਐਕਟਿਵ ਵੀਡੀਓ ਗੇਮ ਡਿਜ਼ਾਈਨ ਅਤੇ ਵਿਕਾਸ, ਅਤੇ ਪੋਸਟ ਪ੍ਰੋਡਕਸ਼ਨ ਅਤੇ ਵਿਜ਼ੂਅਲ ਇਫੈਕਟਸ ਦੀ ਕਲਾ ਅਤੇ ਵਿਗਿਆਨ ਵਿੱਚ 24-ਮਹੀਨਿਆਂ ਦੇ ਅੰਡਰਗ੍ਰੈਜੂਏਟ ਡਿਪਲੋਮਾਜ਼ ਸ਼ਾਮਲ ਹਨ।

ਇਸ ਤੋਂ ਇਲਾਵਾ, IICT 3ਡੀ ਕਰੈਕਟਰ ਡਿਜ਼ਾਈਨ, ਵਿਜ਼ੂਅਲ ਇਫੈਕਟਸ, ਸਿਨੇਮੈਟਿਕ ਵਰਚੁਅਲ ਰਿਐਲਿਟੀ ਫਿਲਮ ਨਿਰਮਾਣ, ਈ-ਸਪੋਰਟਸ ਪ੍ਰਬੰਧਨ, ਅਤੇ ਫਿਲਮ ਨਿਰਮਾਣ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਵਰਗੇ ਖੇਤਰਾਂ ਵਿੱਚ ਤਿੰਨ ਤੋਂ ਛੇ ਮਹੀਨਿਆਂ ਦੇ ਥੋੜ੍ਹੇ ਸਮੇਂ ਦੇ ਡਿਪਲੋਮਾ ਅਤੇ ਸਰਟੀਫਿਕੇਟ ਕੋਰਸ ਵੀ ਪ੍ਰਦਾਨ ਕਰਦਾ ਹੈ।

ਇਹ ਦੌਰਾ ਭਾਰਤ ਦੇ ਤੇਜ਼ੀ ਨਾਲ ਵਧਦੇ ਮੀਡੀਆ ਅਤੇ ਐਂਟਰਟੇਨਮੈਂਟ ਸੈਕਟਰ ਨੂੰ ਸਮਰਥਨ ਦੇਣ ਲਈ ਡਿਜੀਟਲ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਨ ਅਤੇ ਸੰਸਥਾਗਤ ਢਾਂਚੇ ‘ਤੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਨਿਰੰਤਰ ਜ਼ੋਰ ਨੂੰ ਦਰਸਾਉਂਦਾ ਹੈ।

ਐੱਨਐੱਫਡੀਸੀ ਕੰਪਲੈਕਸ ਵਿਖੇ ਆਈਆਈਸੀਟੀ ਦੀ ਆਪਣੀ ਫੇਰੀ ਦੇ ਮੌਕੇ ‘ਤੇ, ਕੇਂਦਰੀ ਸੂਚਨਾ ਅਤੇ ਪ੍ਰਸਾਰਣ ਸਕੱਤਰ ਨੇ ਨੈਸ਼ਨਲ ਮਿਊਜ਼ੀਅਮ ਆਫ ਇੰਡੀਅਨ ਸਿਨੇਮਾ (ਐੱਨਐੱਮਆਈਸੀ) ਦਾ ਵੀ ਦੌਰਾ ਕੀਤਾ, ਜਿੱਥੇ ਸ਼੍ਰੀ ਜਾਜੂ ਨੇ ਸਕੂਲੀ ਬੱਚਿਆਂ ਦੇ ਇੱਕ ਵਫ਼ਦ ਨਾਲ ਗੱਲਬਾਤ ਕੀਤੀ।

 **************

ਪੀਆਈਬੀ ਮੁੰਬਈ| ਸ੍ਰੀਯਾਂਕਾ ਚੈਟਰਜੀ/ਰੋਬਿਨ ਸਿੰਘ/ਪ੍ਰੀਤੀ ਮਲੰਦਕਰ/ਏਕੇ


(Release ID: 2242249) ਵਿਜ਼ੀਟਰ ਕਾਊਂਟਰ : 5