ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਅਸਾਮ ਦੇ ਗੁਹਾਟੀ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ

Posted On: 13 MAR 2026 8:00PM by PIB Chandigarh

ਮੁਰ ਮਰੋਮੋਰ ਗੁਹਾਟੀ ਬਾਸ਼ੀ ਰਾਈਜ, ਆਪੁਨਾਲੋਕਕ ਮੋਈ ਮੁਰ, ਆਂਤੋਰਿਕ ਨਮੋਸ਼ਕਾਰ ਜੋਨਾਇਸ਼ੁ।(मुर मरोमोर गुवाहाटी बाशी राइज, आपुनालोकक मोई मुर, आंतोरिक नमोश्कार जोनाइशु।)

ਅਸਾਮ ਦੇ ਰਾਜਪਾਲ ਲਕਸ਼ਮਣ ਪ੍ਰਸਾਦ ਆਚਾਰਿਆ ਜੀ, ਇੱਥੋਂ ਦੇ ਪ੍ਰਸਿੱਧ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਜੀ, ਕੇਂਦਰੀ ਕੈਬਨਿਟ ਵਿੱਚ ਮੇਰੇ ਸਾਥੀ ਸਰਬਾਨੰਦ ਸੋਨੋਵਾਲ ਜੀ, ਮੌਜੂਦ ਸੂਬਾ ਸਰਕਾਰ ਦੇ ਸਾਰੇ ਮੰਤਰੀ, ਜਨਪ੍ਰਤਿਨਿਧੀ, ਦੇਸ਼ ਭਰ ਤੋਂ ਤਕਨਾਲੋਜੀ ਦੇ ਜ਼ਰੀਏ, ਇਸ ਸਮਾਗਮ ਵਿੱਚ ਜੁੜੇ ਸਾਡੇ ਸਾਰੇ ਅੰਨਦਾਤਾ ਸਾਥੀ, ਟੀ-ਗਾਰਡਨ ਵਿੱਚ ਕੰਮ ਕਰਨ ਵਾਲੇ ਮੇਰੇ ਭਾਈ-ਭੈਣ, ਅਤੇ ਮੈਂ ਦੇਖ ਰਿਹਾ ਹਾਂ ਕਿ ਕਾਫ਼ੀ ਸੀਨੀਅਰ ਸਾਡੇ ਸਾਰੇ ਮੁੱਖ ਮੰਤਰੀ ਜੀ ਵੀ ਅੱਜ ਸਾਡੇ ਨਾਲ ਇਸ ਸਮਾਗਮ ਵਿੱਚ ਦੇਸ਼ ਦੇ ਕੋਨੇ-ਕੋਨੇ ਵਿੱਚ ਜੁੜੇ ਹੋਏ ਹਨ, ਮੇਰਾ ਸਭ ਨੂੰ ਨਮਸਕਾਰ।

ਭਾਈਓ ਅਤੇ ਭੈਣੋ,

ਅੱਜ ਮੈਨੂੰ ਨਰਾਤ‌ਿਆਂ ਤੋਂ ਪਹਿਲਾਂ, ਮਾਂ ਕਾਮਾਖਿਆ ਦੀ ਇਸ ਪਵਿੱਤਰ ਧਰਤੀ ’ਤੇ, ਤੁਹਾਡੇ ਸਾਰਿਆਂ ਦੇ ਦਰਸ਼ਨ ਕਰਨ ਦਾ ਸੁਭਾਗ ਮਿਲਿਆ ਹੈ। ਮਾਂ ਕਾਮਾਖਿਆ ਦੇ ਆਸ਼ੀਰਵਾਦ ਨਾਲ, ਥੋੜ੍ਹੀ ਦੇਰ ਪਹਿਲਾਂ, ਇੱਥੋਂ ਸਾਢੇ 19 ਹਜ਼ਾਰ ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ ਅਤੇ ਉਦਘਾਟਨ ਹੋਇਆ ਹੈ। ਅਸਾਮ ਨੂੰ ਊਰਜਾ ਖੇਤਰ ਵਿੱਚ ਆਤਮਨਿਰਭਰ ਬਣਾਉਣ ਵਾਲੇ ਪ੍ਰੋਜੈਕਟਾਂ ਤੋਂ ਲੈ ਕੇ ਅਸਾਮ ਆਉਣ ਵਾਲੇ ਲੋਕਾਂ ਦੀ ਸਹੂਲਤ ਲਈ ਕੀਤੇ ਗਏ ਕੰਮਾਂ ਤੱਕ, ਬਹੁਤ ਸਾਰੇ ਪ੍ਰਾਜੈਕਟ ਅੱਜ ਅਸਾਮ ਨੂੰ ਮਿਲੇ ਹਨ। ਅੱਜ ਦੇਸ਼ ਦੇ ਕਿਸਾਨਾਂ ਅਤੇ ਅਸਾਮ ਵਿੱਚ ਟੀ-ਗਾਰਡਨ ਵਿੱਚ ਕੰਮ ਕਰਨ ਵਾਲੇ ਸਾਥੀਆਂ ਲਈ ਵੀ ਬਹੁਤ ਵੱਡਾ ਦਿਨ ਹੈ। ਕੁਝ ਪਲ ਪਹਿਲਾਂ, ਪੂਰੇ ਦੇਸ਼ ਵਿੱਚ ਪੀਐੱਮ ਕਿਸਾਨ ਸਨਮਾਨ ਨਿਧੀ ਦੇ ਤਹਿਤ, 18 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਰਕਮ, ਸਾਡੇ ਕਰੋੜਾਂ ਅੰਨਦਾਤਿਆਂ ਦੇ ਖਾਤਿਆਂ ਵਿੱਚ ਭੇਜੀ ਗਈ ਹੈ। ਇਸ ਤੋਂ ਇਲਾਵਾ, ਅਸਾਮ ਦੇ ਚਾਹ ਬਾਗ਼ਾਂ ਨਾਲ ਜੁੜੇ ਅਨੇਕਾਂ ਪਰਿਵਾਰਾਂ ਨੂੰ ਅੱਜ ਜ਼ਮੀਨ ਦੇ ਮਾਲਕੀ ਹੱਕ ਵੀ ਦਿੱਤੇ ਗਏ ਹਨ। ਮੈਂ ਅਸਾਮ ਦੇ ਲੋਕਾਂ ਨੂੰ ਇੱਥੋਂ ਦੇ ਸਾਰੇ ਪਰਿਵਾਰਾਂ ਨੂੰ ਅਤੇ ਦੇਸ਼ ਭਰ ਦੇ ਕਿਸਾਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਸਾਥੀਓ,

ਅੱਜ ਦੇਸ਼ ਭਰ ਤੋਂ ਕਿਸਾਨ ਸਾਥੀ, ਮਾਂ ਕਾਮਾਖਿਆ ਦੀ ਇਸ ਧਰਤੀ ਨਾਲ ਜੁੜੇ ਹਨ। ਥੋੜ੍ਹੀ ਦੇਰ ਪਹਿਲਾਂ ਕਰੋੜਾਂ ਕਿਸਾਨਾਂ ਦੇ ਖਾਤਿਆਂ ਵਿੱਚ ਪੀਐੱਮ ਕਿਸਾਨ ਨਿਧੀ ਜਮ੍ਹਾਂ ਹੋਣ ਦੇ ਮੈਸੇਜ ਹਰ ਕਿਸੇ ਦੇ ਮੋਬਾਇਲ ਵਿੱਚ ਪਹੁੰਚ ਚੁੱਕੇ ਹਨ। ਇਹ ਯੋਜਨਾ ਅਸਲ ਵਿਚ ਸ਼ਾਨਦਾਰ ਹੈ। ਇੱਕ ਕਲਿੱਕ ਨਾਲ ਕਰੋੜਾਂ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਸਿੱਧਾ ਪੈਸਾ ਜਮ੍ਹਾਂ ਹੁੰਦਾ ਹੈ। ਦੁਨੀਆ ਦੇ ਵਿਕਸਿਤ ਦੇਸ਼ਾਂ ਵਿੱਚ ਵੀ ਅਜਿਹਾ ਸੰਭਵ ਨਹੀਂ ਹੈ। ਅਤੇ ਮੈਨੂੰ ਵਿਦੇਸ਼ ਦੇ ਮਹਿਮਾਨ ਜਦੋਂ ਮਿਲਦੇ ਹਨ ਅਤੇ ਇਸ ਵਿਸ਼ੇ ਵਿੱਚ ਇੰਨੇ ਸਵਾਲ ਪੁੱਛਦੇ ਹਨ, ਉਹ ਜਾਣਕਾਰੀ ਦੇ ਲਈ ਇੰਨੇ ਉਤਾਵਲੇ ਰਹਿੰਦੇ ਹਨ, ਕਿ ਇਹ ਸਭ ਕਿਵੇਂ ਸੰਭਵ ਹੋ ਰਿਹਾ ਹੈ। ਦੁਨੀਆ ਦੇ ਵੱਡੇ-ਵੱਡੇ ਦੇਸ਼ਾਂ ਦੇ ਵੱਡੇ-ਵੱਡੇ ਆਗੂਆਂ ਨੂੰ ਵੀ ਇਹ ਬਹੁਤ ਅਜੂਬਾ ਲਗਦਾ ਹੈ, ਅਤੇ ਇਹ ਮੇਰੇ ਉਹੀ ਕਿਸਾਨ ਭਾਈ-ਭੈਣ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਕੋਲ 2014 ਤੋਂ ਪਹਿਲਾਂ ਨਾ ਮੋਬਾਇਲ ਫ਼ੋਨ ਸੀ ਅਤੇ ਨਾ ਹੀ ਬੈਂਕ ਵਿੱਚ ਉਨ੍ਹਾਂ ਦਾ ਕੋਈ ਖਾਤਾ ਸੀ। ਅੱਜ ਅਜਿਹੇ ਕਰੋੜਾਂ ਕਿਸਾਨਾਂ ਦੇ ਖਾਤਿਆਂ ਵਿੱਚ, ਹੋਣ ਤੱਕ ਸਵਾ ਚਾਰ ਲੱਖ ਕਰੋੜ ਰੁਪਏ ਤੋਂ ਵੱਧ ਪੈਸਾ ਜਮ੍ਹਾਂ ਹੋ ਚੁੱਕਿਆ ਹੈ। ਇਸ ਵਿੱਚ ਅਸਾਮ ਦੇ ਵੀ ਤਕਰੀਬਨ 19 ਲੱਖ ਕਿਸਾਨ ਹਨ, ਜਿਨ੍ਹਾਂ ਨੂੰ ਹੁਣ ਤੱਕ ਲਗਭਗ 8 ਹਜ਼ਾਰ ਕਰੋੜ ਰੁਪਏ ਮਿਲ ਚੁੱਕੇ ਹਨ।

ਸਾਥੀਓ,

ਮੈਨੂੰ ਯਾਦ ਹੈ, ਜਦੋਂ ਪੀਐੱਮ ਕਿਸਾਨ ਸਨਮਾਨ ਨਿਧੀ ਯੋਜਨਾ ਸ਼ੁਰੂ ਹੋਈ, ਤਾਂ ਅਫ਼ਵਾਹਾਂ ਫੈਲਾਉਣ ਵਿੱਚ, ਝੂਠ ਬੋਲਣ ਵਿੱਚ ਮਾਹਿਰ ਕਾਂਗਰਸ ਵਾਲੇ ਕਹਿੰਦੇ ਸੀ ਕਿ ਇਸ ਯੋਜਨਾ ਦਾ ਪੈਸਾ ਅੱਜ ਭਾਵੇਂ ਮੋਦੀ ਦਿੰਦਾ ਹੈ, ਪਰ ਚੋਣਾਂ ਤੋਂ ਬਾਅਦ ਵਾਪਸ ਕਰਨਾ ਪਵੇਗਾ, ਇਹ ਝੂਠ ਬੋਲਣ ਵਿੱਚ ਅਜਿਹੇ ਮਾਹਿਰ ਹਨ। ਪਰ ਅੱਜ ਸਨਮਾਨ ਨਿਧੀ ਦੀ ਇਹ ਯੋਜਨਾ ਦੇਸ਼ ਦੇ ਛੋਟੇ ਕਿਸਾਨਾਂ ਲਈ, ਸਮਾਜਿਕ ਸੁਰੱਖਿਆ ਦਾ ਇੱਕ ਜ਼ਰ੍ਹੀਆ ਬਣ ਗਈ ਹੈ।

ਸਾਥੀਓ,

ਬੀਜੇਪੀ-ਐੱਨਡੀਏ ਸਰਕਾਰ ਲਈ ਕਿਸਾਨ ਹਿੱਤ ਤੋਂ ਵੱਡਾ ਹੋਰ ਕੁਝ ਨਹੀਂ। ਜਦੋਂ ਕਿਸਾਨਾਂ ਨੂੰ ਪੈਸੇ ਦੇਣ ਦੀ ਗੱਲ ਆਉਂਦੀ ਸੀ, ਕਾਂਗਰਸ ਵਾਲਿਆਂ ਦੇ ਸਾਹ ਅਟਕ ਜਾਂਦੇ ਸੀ। ਮੈਂ ਤੁਹਾਨੂੰ ਇੱਕ ਹੋਰ ਉਦਾਹਰਣ ਦਿੰਦਾ ਹਾਂ। 2014 ਤੋਂ ਪਹਿਲਾਂ ਕੇਂਦਰ ਵਿੱਚ 10 ਸਾਲ ਤੱਕ ਕਾਂਗਰਸ ਦੀ ਸਰਕਾਰ ਸੀ। ਕਾਂਗਰਸ ਸਰਕਾਰ ਦੇ 10 ਸਾਲਾਂ ਵਿੱਚ ਕਿਸਾਨਾਂ ਨੂੰ ਐੱਮਐੱਸਪੀ ਵਜੋਂ ਸਾਢੇ 6 ਲੱਖ ਕਰੋੜ ਰੁਪਏ ਮਿਲੇ ਸੀ, 10 ਸਾਲਾਂ ਵਿੱਚ ਸਾਢੇ 6 ਲੱਖ ਕਰੋੜ। ਜਦੋਂ ਕਿ ਸਾਡੀ ਸਰਕਾਰ ਦੇ 10 ਸਾਲਾਂ ਵਿੱਚ, ਕਿਸਾਨਾਂ ਨੂੰ ਐੱਮਐੱਸਪੀ ਦੇ ਰੂਪ ਵਿੱਚ 20 ਲੱਖ ਕਰੋੜ ਰੁਪਏ ਤੋਂ ਵੱਧ ਮਿਲ ਚੁੱਕੇ ਹਨ।

ਸਾਥੀਓ,

ਬੀਤੇ 11 ਸਾਲਾਂ ਵਿੱਚ ਦੇਸ਼ ਦੇ ਕਿਸਾਨ ਦੇ ਆਲੇ-ਦੁਆਲੇ ਬੀਜੇਪੀ-ਐੱਨਡੀਏ ਸਰਕਾਰ ਨੇ ਇੱਕ ਮਜ਼ਬੂਤ ਸੁਰੱਖਿਆ ਕਵਚ ਬੁਣਿਆ ਹੈ। ਐੱਮਐੱਸਪੀ ਹੋਵੇ, ਸਸਤਾ ਕਰਜ਼ ਹੋਵੇ, ਫ਼ਸਲ ਬੀਮਾ ਹੋਵੇ, ਪੀਐੱਮ ਕਿਸਾਨ ਸਨਮਾਨ ਨਿਧੀ ਹੋਵੇ, ਇਹ ਯੋਜਨਾਵਾਂ ਕਿਸਾਨਾਂ ਦਾ ਬਹੁਤ ਵੱਡਾ ਸਹਾਰਾ ਬਣੀਆਂ ਹਨ। ਇੰਨਾ ਹੀ ਨਹੀਂ, ਅਸੀਂ ਇਸ ਗੱਲ ਦਾ ਧਿਆਨ ਰੱਖਿਆ ਹੈ ਕਿ ਅੰਤਰਰਾਸ਼ਟਰੀ ਪੱਧਰ ’ਤੇ ਸੰਕਟ ਦਾ ਅਸਰ ਖੇਤੀ-ਕਿਸਾਨਾਂ ’ਤੇ ਨਾ ਪਵੇ। ਹੁਣ ਜਿਵੇਂ ਕੋਰੋਨਾ ਅਤੇ ਉਸ ਤੋਂ ਬਾਅਦ ਜੋ ਯੁੱਧ ਹੋਏ ਹਨ, ਉਨ੍ਹਾਂ ਦੇ ਕਾਰਨ, ਅੰਤਰਰਾਸ਼ਟਰੀ ਬਜ਼ਾਰ ਵਿੱਚ ਖਾਦ ਦੀਆਂ ਕੀਮਤਾਂ ਕਈ ਗੁਣਾ ਵਧ ਗਈਆਂ ਸੀ। ਵਿਦੇਸ਼ੀ ਬਜ਼ਾਰਾਂ ਵਿੱਚ ਖਾਦ ਮਿਲਣੀ ਵੀ ਮੁਸ਼ਕਿਲ ਹੋ ਗਈ ਸੀ। ਪਰ ਕੇਂਦਰ ਸਰਕਾਰ ਨੇ ਇਸ ਸੰਕਟ ਨੂੰ ਰੋਕਣ ਲਈ ਭਰਪੂਰ ਕੋਸ਼ਿਸ਼ ਕੀਤੀ। ਯੂਰੀਆ ਦੀ ਜੋ ਬੋਰੀ ਅੰਤਰਰਾਸ਼ਟਰੀ ਬਜ਼ਾਰ ਵਿੱਚ 3000 ਵਿੱਚ ਮਿਲਦੀ ਹੈ, ਉਹੀ ਬੋਰੀ ਸਾਡੀ ਸਰਕਾਰ ਨੇ ਆਪਣੇ ਕਿਸਾਨਾਂ ਨੂੰ ਸਿਰਫ਼ 300 ਰੁਪਏ ਵਿੱਚ ਦਿੱਤੀ ਹੈ। ਇਸ ’ਤੇ ਸਰਕਾਰ ਨੇ ਆਪਣੇ ਖ਼ਜ਼ਾਨੇ ਤੋਂ 12 ਲੱਖ ਕਰੋੜ ਰੁਪਏ ਤੋਂ ਵੱਧ ਖ਼ਰਚ ਕੀਤੇ ਹਨ, ਤਾਂ ਕਿ ਮੇਰੇ ਕਿਸਾਨਾਂ ’ਤੇ ਬੋਝ ਨਾ ਪਵੇ। ਇਹ ਬੋਝ ਸਰਕਾਰ ਆਪਣੇ ਮੋਢਿਆਂ ’ਤੇ ਚੁੱਕ ਰਹੀ ਹੈ।

ਸਾਥੀਓ,

ਬੀਤੇ ਦਹਾਕੇ ਵਿੱਚ ਭਾਜਪਾ-ਐੱਨਡੀਏ ਸਰਕਾਰ ਨੇ, ਇੱਕ ਹੋਰ ਬਹੁਤ ਵੱਡਾ ਕੰਮ ਸਵੈ-ਨਿਰਭਰਤਾ ਨੂੰ ਲੈ ਕੇ ਕੀਤਾ ਹੈ। ਅਸੀਂ ਖੇਤੀਬਾੜੀ ਨੂੰ ਬਾਹਰੀ ਸੰਕਟਾਂ ਤੋਂ ਬਚਾਉਣ ਲਈ ਸਵੈ-ਨਿਰਭਰਤਾ ਨੂੰ ਉਤਸ਼ਾਹਿਤ ਕੀਤਾ ਹੈ। ਅਸੀਂ ਆਜ਼ਾਦ ਭਾਰਤ ਵਿੱਚ ਵਾਰ-ਵਾਰ ਦੇਖਿਆ ਹੈ, ਕਿ ਦੁਨੀਆ ਦੇ ਦੂਸਰੇ ਹਿੱਸਿਆਂ ਵਿੱਚ ਲੜਾਈਆਂ ਹੁੰਦੀਆਂ ਹਨ, ਕਿਤੇ ਸਪਲਾਈ ਚੇਨ ਵਿੱਚ ਦਿੱਕਤ ਆਉਂਦੀ ਹੈ, ਤਾਂ ਪਰੇਸ਼ਾਨੀ ਸਾਡੇ ਕਿਸਾਨਾਂ ਨੂੰ ਹੁੰਦੀ ਸੀ। ਕਦੇ ਖਾਦ ਮਹਿੰਗੀ ਹੋ ਜਾਂਦੀ ਸੀ, ਕਦੇ ਡੀਜ਼ਲ ਅਤੇ ਊਰਜਾ ਦੀ ਕੀਮਤ ਵਧ ਜਾਂਦੀ ਹੈ। ਕਿਉਂਕਿ ਦਹਾਕਿਆਂ ਤੱਕ ਕਾਂਗਰਸ ਪਾਰਟੀ ਨੇ ਦੇਸ਼ ਨੂੰ ਦੂਸਰੇ ਦੇਸ਼ਾਂ ’ਤੇ ਨਿਰਭਰ ਰੱਖਿਆ। ਇਸ ਨਾਲ ਖੇਤੀ ਦੀ ਲਾਗਤ ਵੀ ਵਧ ਜਾਂਦੀ ਸੀ।

ਸਾਥੀਓ,

ਕਿਸਾਨਾਂ ਦੀ ਖੇਤੀ ਨਵੀਂ ਤਕਨੀਕ ਨਾਲ ਜੁੜੇ, ਉਨ੍ਹਾਂ ਨੂੰ ਸਿੰਚਾਈ ਦੇ ਨਵੇਂ ਤਰੀਕਿਆਂ ਨਾਲ ਜੋੜਿਆ ਜਾਵੇ, ਅਤੇ ਫ਼ਸਲਾਂ ਨੂੰ ਵੀ ਲਾਭ ਮਿਲੇ, ਇਸ ਨੀਅਤ ਨਾਲ ਸਾਡੀ ਸਰਕਾਰ ਨੇ ‘ਪਰ ਡ੍ਰੋਪ ਮੋਰ ਕ੍ਰੋਪ’ ਦੀ ਨੀਤੀ ਬਣਾਈ, ਡ੍ਰਿੱਪ ਅਤੇ ਸਪਰਿੰਕਲਰ ਜਿਹੀਆਂ ਮਾਈਕ੍ਰੋ-ਇਰਿਗੇਸ਼ਨ ਤਕਨੀਕਾਂ ਨੂੰ ਕਿਸਾਨਾਂ ਤੱਕ ਪਹੁੰਚਾਇਆ। ਇਸ ਨਾਲ ਸਿੰਚਾਈ ਵੀ ਬਿਹਤਰ ਹੋਈ ਅਤੇ ਲਾਗਤ ਵੀ ਘੱਟ ਹੋ ਗਈ। ਅੱਜ ਸਰਕਾਰ, ਆਪਣੇ ਖੇਤਾਂ ਨੂੰ ਸੋਲਰ ਪੰਪ ਨਾਲ ਜੋੜਨ ਲਈ ਕੰਮ ਕਰ ਰਹੀ ਹੈ, ਅਤੇ ਸਾਡੀ ਕੋਸ਼ਿਸ਼ ਹੈ ਕਿ ਡੀਜ਼ਲ ’ਤੇ ਤੁਹਾਡਾ ਖ਼ਰਚਾ ਘੱਟ ਤੋਂ ਘੱਟ ਹੋਵੇ। ਕੇਂਦਰ ਨੇ ਜੋ ਕੁਸੁਮ ਯੋਜਨਾ ਬਣਾਈ ਹੈ, ਉਹ ਇਸੇ ਲਈ ਹੈ। ਅੱਜ ਬਹੁਤ ਸਾਰੇ ਕਿਸਾਨ, ਨਾ ਸਿਰਫ਼ ਸੋਲਰ ਪੰਪ ਲਗਾ ਕੇ ਸਿੰਚਾਈ ਕਰ ਰਹੇ ਹਨ ਬਲਕਿ ਉਸ ਤੋਂ ਬਿਜਲੀ ਬਣਾ ਕੇ, ਪੈਸੇ ਵੀ ਕਮਾ ਰਹੇ ਹਨ। ਅਤੇ ਇਸ ਲਈ ਮੈਂ ਕਹਿੰਦਾ ਹਾਂ, ਅੰਨਦਾਤਾ ਊਰਜਾਦਾਤਾ ਬਣੇ।

ਸਾਥੀਓ,

ਸਾਡਾ ਲਗਾਤਾਰ ਯਤਨ ਹੈ ਕਿ ਖਾਦ ਅਤੇ ਕੀਟਨਾਸ਼ਕਾਂ ’ਤੇ ਕਿਸਾਨਾਂ ਦੀ ਨਿਰਭਰਤਾ ਵੀ ਘੱਟ ਹੋਵੇ। ਕਾਂਗਰਸ ਦੀਆਂ ਗ਼ਲਤ ਨੀਤੀਆਂ ਕਾਰਨ ਦੇਸ਼ ਦੇ ਪੰਜ ਵੱਡੇ ਖਾਦ ਕਾਰਖ਼ਾਨੇ ਬੰਦ ਹੋ ਗਏ। ਅਸੀਂ ਉਨ੍ਹਾਂ ਖਾਦ ਕਾਰਖ਼ਾਨਿਆਂ ਨੂੰ ਫਿਰ ਤੋਂ ਸ਼ੁਰੂ ਕਰਵਾਇਆ। ਨਾਲ ਹੀ, ਕਿਸਾਨਾਂ ਨੂੰ ਨੈਨੋ ਯੂਰੀਆ ਨਾਲ ਜੋੜਨ ਲਈ ਵੀ ਕੰਮ ਕੀਤੇ। ਅੱਜ ਦੇਸ਼ ਦੇ ਕਿਸਾਨ ਨੂੰ ਇਸ ਦਾ ਲਾਭ ਮਿਲ ਰਿਹਾ ਹੈ। ਹੁਣ ਬੀਜੇਪੀ-ਐੱਨਡੀਏ ਸਰਕਾਰ ਦੇਸ਼ ਦੇ ਕਿਸਾਨਾਂ ਨੂੰ, ਕੁਦਰਤੀ ਖੇਤੀ ਲਈ ਉਤਸ਼ਾਹਿਤ ਕਰ ਰਹੀ ਹੈ। ਕਿਸਾਨ ਜਦੋਂ ਬਹੁਤ ਵੱਡੇ ਪੱਧਰ ’ਤੇ ਕੁਦਰਤੀ ਖੇਤੀ ਨੂੰ ਅਪਣਾਉਣਗੇ ਤਾਂ ਮਿੱਟੀ ਵੀ ਸੁਰੱਖਿਅਤ ਰਹੇਗੀ ਅਤੇ ਸਾਡੇ ਅੰਨਦਾਤਾ ਵਿਸ਼ਵ-ਵਿਆਪੀ ਸੰਕਟਾਂ ਤੋਂ ਵੀ ਸੁਰੱਖਿਅਤ ਰਹਿਣਗੇ।

ਸਾਥੀਓ,

ਇੱਕ ਪਾਸੇ ਬੀਜੇਪੀ-ਐੱਨਡੀਏ ਸਰਕਾਰ ਕਿਸਾਨਾਂ ਨੂੰ ਲੈ ਕੇ ਕੰਮ ਕਰ ਰਹੀ ਹੈ, ਅਸੀਂ ਦੇਸ਼ ਨੂੰ ਸਵੈ-ਨਿਰਭਰ ਬਣਾਉਣ ਵਿੱਚ ਜੁਟੇ ਹਾਂ, ਉੱਥੇ ਹੀ ਅੱਜ ਕਾਂਗਰਸ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਉਹ ਕਿਸੇ ਵੀ ਹਾਲਤ ਵਿੱਚ ਦੇਸ਼ ਪ੍ਰਤੀ ਇਮਾਨਦਾਰ ਨਹੀਂ ਹੈ। ਅੱਜ ਜੰਗ ਤੋਂ ਬਣੇ ਸੰਕਟਾਂ ਦੇ ਵਿੱਚ ਵੀ ਕਾਂਗਰਸ ਸਿਰਫ਼ ਅਫ਼ਵਾਹਾਂ ਫੈਲਾਉਣ ਅਤੇ ਕੂੜ-ਪ੍ਰਚਾਰ ਕਰਨ ਵਿੱਚ ਜੁਟੀ ਹੈ। ਅਤੇ ਮੈਂ ਜ਼ਰਾ ਕਾਂਗਰਸ ਦੇ ਸਾਥੀਆਂ ਨੂੰ ਕਹਿਣਾ ਚਾਹੁੰਦਾ ਹਾਂ, ਇੱਕ ਕੰਮ ਕਰੋ, ਲਾਲ ਕਿਲ੍ਹੇ ਤੋਂ 15 ਅਗਸਤ ਨੂੰ ਪੰਡਿਤ ਨਹਿਰੂ ਜੀ ਨੇ ਜੋ ਭਾਸ਼ਣ ਦਿੱਤਾ ਹੈ, ਉਹ ਭਾਸ਼ਣ ਸੁਣੋ, ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ। ਲਾਲ ਕਿਲ੍ਹੇ ਤੋਂ 15 ਅਗਸਤ ਨੂੰ ਪੰਡਿਤ ਜੀ ਇੱਕ ਵਾਰ ਕਹਿ ਰਹੇ ਹਨ, ਕਿ ਉੱਤਰ ਕੋਰੀਆ ਅਤੇ ਦੱਖਣੀ ਕੋਰੀਆ ਵਿੱਚ ਲੜਾਈ ਚੱਲ ਰਹੀ ਹੈ, ਇਸ ਲਈ ਭਾਰਤ ਵਿੱਚ ਮਹਿੰਗਾਈ ਵਧ ਰਹੀ ਹੈ। ਹੁਣ ਉੱਤਰ ਕੋਰੀਆ, ਦੱਖਣੀ ਕੋਰੀਆ ਕਿੱਥੇ ਹੈ ਅਤੇ ਇੱਥੇ ਮਹਿੰਗਾਈ ਵਧਣ ਦੀ ਗੱਲ ਨਹਿਰੂ ਜੀ ਕਹਿ ਰਹੇ ਸੀ। ਅਤੇ ਅੱਜ ਕਾਂਗਰਸ ਦੇ ਲੋਕ ਦੇਸ਼ ਨੂੰ ਗੁਮਰਾਹ ਕਰਨ ਵਿੱਚ ਲੱਗੇ ਹਨ। ਵਿਸ਼ਵ ਸੰਕਟਾਂ ਦਾ ਅਸਰ ਕੀ ਹੁੰਦਾ ਹੈ, ਇਹ ਅੱਜ ਦੁਨੀਆ ਦੇਖ ਰਹੀ ਹੈ।

ਸਾਥੀਓ,

ਬੀਜੇਪੀ-ਐੱਨਡੀਏ ਸਰਕਾਰ ਦੀ ਸਰਕਾਰ ਨੇ ਸਾਡੀਆਂ ਰਿਫ਼ਾਈਨਰੀ ਦੇ ਵਿਕਾਸ ਲਈ, ਰਿਫਾਇਨਿੰਗ ਸਮਰੱਥਾ ਦੇ ਵਿਸਤਾਰ ਲਈ ਕੰਮ ਕੀਤਾ ਹੈ। ਅੱਜ ਭਾਰਤ ਦੁਨੀਆ ਦਾ ਉਹ ਦੇਸ਼ ਹੈ, ਜੋ ਆਪਣੀ ਹੀ ਨਹੀਂ, ਬਲਕਿ ਵਿਸ਼ਵ ਦੀਆਂ ਊਰਜਾ ਜ਼ਰੂਰਤਾਂ ਦਾ ਵੀ ਧਿਆਨ ਰੱਖ ਸਕਦਾ ਹੈ। ਇੱਥੇ ਅਸਾਮ ਵਿੱਚ ਜੋ ਸਾਡੀਆਂ ਰਿਫਾਇਨਰੀਆਂ ਹਨ, ਉਨ੍ਹਾਂ ਨੂੰ ਵੀ ਬੀਤੇ ਸਾਲਾਂ ਵਿੱਚ ਵਧਾਇਆ ਗਿਆ ਹੈ। ਅਸਾਮ ਸਮੇਤ ਪੂਰੇ ਨੌਰਥ ਈਸਟ ਵਿੱਚ ਗੈਸ ਪਾਈਪਲਾਈਨ ਇਨਫ੍ਰਾਸਟ੍ਰਕਚਰ ’ਤੇ ਬੇਮਿਸਾਲ ਨਿਵੇਸ਼ ਕੀਤਾ ਜਾ ਰਿਹਾ ਹੈ। ਨੁਮਾਲੀਗੜ੍ਹ-ਸਿਲੀਗੁੜੀ ਪਾਈਪਲਾਈਨ ਦੇ ਅੱਪਗ੍ਰੇਡੇਸ਼ਨ ਦਾ ਕੰਮ ਵੀ ਪੂਰਾ ਹੋ ਚੁੱਕਿਆ ਹੈ। ਅਤੇ ਅਸਾਮ ਦੇ ਗੋਲਾਘਾਟ ਵਿੱਚ ਦੁਨੀਆ ਦਾ ਪਹਿਲਾ ਸੈਕੰਡ ਜੇਨਰੇਸ਼ਨ ਬਾਇਓ-ਈਥੇਨੌਲ ਪਲਾਂਟ ਵੀ ਸਥਾਪਤ ਕੀਤਾ ਗਿਆ ਹੈ। ਇਨ੍ਹਾਂ ਸਾਰੇ ਪ੍ਰਾਜੈਕਟਾਂ ਦਾ ਬਹੁਤ ਵੱਡਾ ਫ਼ਾਇਦਾ ਇਸ ਪੂਰੇ ਖੇਤਰ ਨੂੰ ਹੋਵੇਗਾ।

ਸਾਥੀਓ,

ਰੇਲਵੇ ਦੀ ਵਿਦੇਸ਼ਾਂ ’ਤੇ ਨਿਰਭਰਤਾ ਘੱਟ ਹੋਵੇ, ਸਾਨੂੰ ਵਿਦੇਸ਼ਾਂ ਤੋਂ ਘੱਟ ਤੇਲ ਮੰਗਣਾ ਪਵੇ, ਇਸ ਦੇ ਲਈ ਇੱਕ ਦਹਾਕੇ ਵਿੱਚ ਬਹੁਤ ਵੱਡਾ ਕੰਮ ਹੋਇਆ ਹੈ। ਪਿਛਲੇ 10 ਸਾਲਾਂ ਵਿੱਚ, ਅੱਜ ਦੇਸ਼ ਦਾ ਤਕਰੀਬਨ ਪੂਰਾ ਰੇਲ ਨੈੱਟਵਰਕ ਇਲੈਕਟ੍ਰਿਕ ਰੂਟ ਨਾਲ ਜੁੜ ਚੁੱਕਿਆ ਹੈ। ਅਤੇ ਜਲਦ ਹੀ, ਅਸੀਂ 100 ਫ਼ੀਸਦੀ ਇਲੈਕਟ੍ਰੀਫਿਕੇਸ਼ਨ ਦਾ ਟੀਚਾ ਵੀ ਪੂਰਾ ਕਰ ਰਹੇ ਹਾਂ। ਇਸ ਇਲੈਕਟ੍ਰੀਫਿਕੇਸ਼ਨ ਕਾਰਨ ਦੇਸ਼ ਵਿੱਚ ਤਕਰੀਬਨ ਪੌਣੇ ਦੋ ਸੌ ਕਰੋੜ ਲੀਟਰ ਡੀਜ਼ਲ ਦੀ ਬੱਚਤ ਹੋ ਰਹੀ ਹੈ। ਅਸਾਮ ਵਿੱਚ ਵੀ ਰੇਲਵੇ ਨੈੱਟਵਰਕ ਦਾ ਤੇਜ਼ੀ ਨਾਲ ਬਿਜਲੀਕਰਨ ਹੋ ਰਿਹਾ ਹੈ। ਅੱਜ ਵੀ ਇੱਥੇ ਰੇਲਵੇ ਦੇ ਬਿਜਲੀਕਰਨ ਨਾਲ ਜੁੜੇ ਪ੍ਰਾਜੈਕਟਾਂ ਦਾ ਉਦਘਾਟਨ ਹੋਇਆ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ।

ਸਾਥੀਓ,

ਅਸਾਮ, ਦੇਸ਼ ਵਿੱਚ ਨਵਿਆਉਣਯੋਗ ਊਰਜਾ ਨਾਲ ਜੁੜੇ ਸੰਕਲਪਾਂ ਦੀ ਸਿੱਧੀ ਵਿੱਚ ਵੀ ਵੱਡੀ ਭੂਮਿਕਾ ਨਿਭਾ ਰਿਹਾ ਹੈ। ਲੋਅਰ ਕਪੈਸਿਟੀ ਹਾਈਡ੍ਰੋ ਪਾਵਰ ਪ੍ਰਾਜੈਕਟ ਨਾਲ ਅਸਾਮ ਸਮੇਤ ਪੂਰੇ ਨੌਰਥ ਈਸਟ ਨੂੰ ਫ਼ਾਇਦਾ ਹੋਵੇਗਾ। ਅਤੇ ਸਭ ਤੋਂ ਵੱਡੀ ਗੱਲ, ਜੋ ਇਹ ਹਜ਼ਾਰਾਂ ਕਰੋੜ ਰੁਪਏ ਦੇ ਪ੍ਰਾਜੈਕਟ ਅਸਾਮ ਵਿੱਚ ਸ਼ੁਰੂ ਹੋਏ ਹਨ, ਉਹ ਅਸਾਮ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਬਣਾ ਰਹੇ ਹਨ, ਅਸਾਮ ਦੀ ਖ਼ੁਸ਼ਹਾਲੀ ਵਧਾ ਰਹੇ ਹਨ।

ਸਾਥੀਓ,

ਬੀਜੇਪੀ-ਐੱਨਡੀਏ ਦੀ ਡਬਲ ਇੰਜਣ ਸਰਕਾਰ ਦੀ ਪਹਿਚਾਣ ਸੰਵੇਦਨਸ਼ੀਲਤਾ ਨਾਲ ਹੈ, ਚੰਗੇ ਸ਼ਾਸਨ ਨਾਲ ਹੈ। ਦੇਸ਼ ਦੇ ਖੇਤਰ, ਹਰ ਵਰਗ ਦਾ ਵਿਕਾਸ, ਇਹ ਸਾਡੀ ਤਰਜੀਹ ਹੈ। ਇਸੇ ਭਾਵਨਾ ਨਾਲ, ਅੱਜ ਅਸਾਮ ਦੇ ਟੀ-ਗਾਰਡਨ ਵਿੱਚ ਕੰਮ ਕਰਨ ਵਾਲੇ ਸਾਥੀਆਂ ਲਈ ਬਹੁਤ ਵੱਡੀ ਪਹਿਲਕਦਮੀ ਹੋਈ ਹੈ। ਜਿਨ੍ਹਾਂ ਦੀ ਮਿਹਨਤ ਨਾਲ ਅਸਾਮ ਦੀ ਵਿਸ਼ਵ ਪਹਿਚਾਣ ਨੂੰ ਬਲ ਮਿਲਿਆ, ਜਿਨ੍ਹਾਂ ਦੀ ਉਗਾਈ ਚਾਹ ਦੀ ਖ਼ੁਸ਼ਬੂ ਦੁਨੀਆ ਭਰ ਵਿੱਚ ਭਾਰਤ ਦੀ ਪਹਿਚਾਣ ਬਣੀ, ਅੱਜ ਉਨ੍ਹਾਂ ਸਾਥੀਆਂ ਨੂੰ ਬੀਜੇਪੀ-ਐੱਨਡੀਏ ਸਰਕਾਰ ਸਨਮਾਨ ਵੀ ਦੇ ਰਹੀ ਹੈ ਅਤੇ ਸਹਾਇਤਾ ਵੀ ਦੇ ਰਹੀ ਹੈ। ਕਾਂਗਰਸ ਦੀਆਂ ਸਰਕਾਰਾਂ ਨੇ ਇਨ੍ਹਾਂ ਸਾਥੀਆਂ ਨੂੰ ਪੁੱਛਿਆ ਤੱਕ ਨਹੀਂ, ਇਨ੍ਹਾਂ ਦੇ ਕੋਲ ਜ਼ਮੀਨ ਦੇ ਕਾਨੂੰਨੀ ਦਸਤਾਵੇਜ਼ ਤੱਕ ਨਹੀਂ ਸੀ। ਮੈਂ ਹਿਮੰਤਾ ਜੀ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਵਧਾਈ ਦੇਵਾਂਗਾ, ਤੁਸੀਂ ਟੀ-ਗਾਰਡਨ ਨਾਲ ਜੁੜੇ ਇਨ੍ਹਾਂ ਪਰਿਵਾਰਾਂ ਲਈ ਬਹੁਤ ਵੱਡਾ ਕੰਮ ਕੀਤਾ ਹੈ। ਅੱਜ ਅਸਾਮ ਦੀ ਸਰਕਾਰ ਇਸ ਇਤਿਹਾਸਕ ਬੇਇਨਸਾਫ਼ੀ ਨੂੰ ਖ਼ਤਮ ਕਰਨ ਦਾ ਕੰਮ ਕਰ ਰਹੀ ਹੈ। ਹੁਣ ਇਨ੍ਹਾਂ ਪਰਿਵਾਰਾਂ ਨੂੰ ਉਨ੍ਹਾਂ ਦੀ ਆਪਣੀ ਜ਼ਮੀਨ ਮਿਲੀ ਹੈ, ਅਤੇ ਇਨ੍ਹਾਂ ਦੇ ਲਈ ਪੱਕੇ ਘਰ ਮਿਲਣ ਦਾ ਰਸਤਾ ਵੀ ਸਾਫ਼ ਹੋ ਗਿਆ ਹੈ। ਇਸ ਨਾਲ ਟੀ-ਗਾਰਡਨ ਵਿੱਚ ਰਹਿਣ ਵਾਲੀਆਂ ਭੈਣਾਂ ਨੂੰ ਖ਼ਾਸ ਤੌਰ ’ਤੇ ਬਹੁਤ ਫ਼ਾਇਦਾ ਹੋਵੇਗਾ। ਮੈਂ ਚਾਹੂੰਗਾ ਕਿ ਹੁਣ ਟੀ-ਗਾਰਡਨ ਵਿੱਚ ਕੰਮ ਕਰਨ ਵਾਲੇ ਪਰਿਵਾਰਾਂ ਦੇ ਬੱਚੇ ਵੀ ਚੰਗੀ ਤਰ੍ਹਾਂ ਪੜ੍ਹਾਈ ਕਰਨ ਅਤੇ ਅੱਗੇ ਵਧਣ। ਅਤੇ ਬੀਜੇਪੀ ਸਰਕਾਰ ਨੇ ਇਸ ਦੇ ਲਈ ਵੀ ਪੂਰੀਆਂ ਸਹੂਲਤਾਂਵਾਂ ਬਣਾ ਦਿੱਤੀਆਂ ਹਨ। ਇਸ ਲਈ ਹੀ ਤਾਂ ਹਰ ਟੀ-ਗਾਰਡਨ ਵਰਕਰ ਕਹਿ ਰਿਹਾ ਹੈ – ਆਕੋ ਏਬਾਰ, ਬੀਜੇਪੀ ਸ਼ੋਰਕਾਰ! ਅਤੇ ਮੇਰੇ ਲਈ ਤਾਂ, ਇਹ ਮੇਰੇ ਟੀ-ਗਾਰਡਨ ਦੇ ਮਜ਼ਦੂਰਾਂ ਦਾ ਸਨਮਾਨ ਕਰਨਾ ਮਤਲਬ, ਮੈਂ ਖ਼ੁਦ ਇੱਕ ਕਰਜ਼ ਉਤਾਰ ਰਿਹਾ ਹਾਂ, ਕਿਉਂਕਿ ਤੁਸੀਂ ਚਾਹੇ ਬਾਗ਼ਾਂ ਵਿੱਚ ਕੰਮ ਕਰਦੇ ਸੀ, ਦੂਰ-ਦੁਰਾਡੇ ਗੁਜਰਾਤ ਵਿੱਚ ਮੇਰੇ ਪਿੰਡ ਵਿੱਚ ਜੋ ਚਾਹ ਦੀ ਪੱਤੀ ਪਹੁੰਚਦੀ ਸੀ, ਅਤੇ ਮੈਂ ਚਾਹ ਵੇਚ ਕੇ ਇੱਥੇ ਤੱਕ ਪਹੁੰਚ ਗਿਆ। ਹੁਣ ਮੈਨੂੰ ਦੱਸੋ ਕਿ ਜੇ ਇਹ ਟੀ-ਗਾਰਡਨ ਵਾਲਿਆਂ ਦਾ ਆਸ਼ੀਰਵਾਦ ਨਾ ਹੁੰਦਾ, ਤਾਂ ਕੀ ਮੈਂ ਇੱਥੇ ਪਹੁੰਚਦਾ? ਇਹ ਟੀ-ਗਾਰਡਨ ਵਾਲਿਆਂ ਦੀ ਚਾਹ ਮੇਰੇ ਉੱਥੇ ਪਹੁੰਚੀ ਅਤੇ ਮੈਂ ਅੱਜ ਤੁਹਾਡੇ ਵਿੱਚ ਪਹੁੰਚਿਆ। ਅਤੇ ਦੇਖੋ ਮਾਂ ਕਾਮਾਖਿਆ ਦੀ ਕਿਹੋ ਜਿਹੀ ਕਿਰਪਾ ਹੈ, ਕਿ ਮੈਨੂੰ ਅੱਜ ਮੇਰੇ ਟੀ-ਗਾਰਡਨ ਦੇ ਭਾਈਆਂ ਦਾ ਕਰਜ਼ ਉਤਾਰਨ ਦਾ ਮੌਕਾ, ਮਾਂ ਕਾਮਾਖਿਆ ਦੇਵੀ ਨੇ ਮੈਨੂੰ ਦਿੱਤਾ।

ਸਾਥੀਓ,

ਅੱਜ ਤੋਂ ਪ੍ਰਸਿੱਧ ਨਿਮਾਤੀ ਘਾਟ ਅਤੇ ਬਿਸ਼ਵਨਾਥ ਘਾਟ ’ਤੇ ਆਧੁਨਿਕ ਕ੍ਰੂਜ ਟਰਮੀਨਲ ਬਣਾਉਣ ਦਾ ਕੰਮ ਵੀ ਸ਼ੁਰੂ ਹੋਇਆ ਹੈ। ਇਹ ਸਿਰਫ਼ ਇੱਕ ਇਨਫ੍ਰਾਸਟ੍ਰਕਚਰ ਪ੍ਰਾਜੈਕਟ ਨਹੀਂ ਹੈ, ਇਹ ਅਸਾਮ ਵਿੱਚ ਟੂਰਿਜ਼ਮ ਅਤੇ ਸਥਾਨਕ ਅਰਥਵਿਵਸਥਾ ਨੂੰ ਨਵੀਂ ਦਿਸ਼ਾ ਦੇਣ ਵਾਲਾ ਕੰਮ ਹੈ। ਬੀਜੇਪੀ ਸਰਕਾਰ ਨੇ ਟੂਰਿਜ਼ਮ ਨੂੰ ਸਿਰਫ਼ ਦ੍ਰਿਸ਼ ਦੇਖਣ ਵਾਲੇ ਸਥਾਨਾਂ ਤੱਕ ਸੀਮਤ ਨਹੀਂ ਰੱਖਿਆ ਹੈ, ਬਲਕਿ ਉਸ ਨੂੰ ਰੁਜ਼ਗਾਰ ਅਤੇ ਵਿਕਾਸ ਦੇ ਵੱਡੇ ਮੌਕਿਆਂ ਵਜੋਂ ਦੇਖਿਆ ਹੈ। ਇਸੇ ਸੋਚ ਨਾਲ ਬ੍ਰਹਮਪੁਤ੍ਰ ਦਰਿਆ ਵਿੱਚ ਵੀ, ਵਾਟਰ ਟੂਰਿਜ਼ਮ ਦੀਆਂ ਸੰਭਾਵਨਾਵਾਂ ਵਧਾਈਆਂ ਜਾ ਰਹੀਆਂ ਹਨ। ਕ੍ਰੂਜ ਟਰਮੀਨਲ ਬਣਨ ਨਾਲ ਬ੍ਰਹਮਪੁਤ੍ਰ ’ਤੇ ਕ੍ਰੂਜ ਚਲਾਉਣ ਦਾ ਕੰਮ ਅੱਗੇ ਵਧੇਗਾ ਅਤੇ ਦੇਸ਼-ਦੁਨੀਆ ਦੇ ਸੈਲਾਨੀਆਂ ਲਈ ਅਸਾਮ ਤੱਕ ਪਹੁੰਚਣਾ ਹੋਰ ਸੌਖਾ ਹੋਵੇਗਾ। ਜਦੋਂ ਕ੍ਰੂਜ ਟੂਰਿਜ਼ਮ ਵਧੇਗਾ, ਤਾਂ ਸਥਾਨਕ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਬਣਨਗੇ। ਕਾਰੀਗਰਾਂ ਅਤੇ ਦਸਤਕਾਰੀ ਨਾਲ ਜੁੜੇ ਲੋਕਾਂ ਨੂੰ ਨਵਾਂ ਬਜ਼ਾਰ ਮਿਲੇਗਾ। ਛੋਟੇ ਦੁਕਾਨਦਾਰਾਂ, ਨਾਵਿਕਾਂ, ਹੋਟਲ ਅਤੇ ਟ੍ਰਾਂਸਪੋਰਟ ਨਾਲ ਜੁੜੇ ਲੋਕਾਂ ਦੀ ਆਮਦਨੀ ਵੀ ਵਧੇਗੀ। ਯਾਨੀ ਅਸਾਮ ਵਿੱਚ ਟੂਰਿਜ਼ਮ ਹੁਣ ਸਿਰਫ਼ ਘੁੰਮਣ-ਫਿਰਨ ਤੱਕ ਸੀਮਤ ਨਹੀਂ ਹੈ, ਇਹ ਸਥਾਨਕ ਵਿਕਾਸ ਅਤੇ ਜਨ-ਖ਼ੁਸ਼ਹਾਲੀ ਦਾ ਇੱਕ ਨਵਾਂ ਇੰਜਣ ਬਣ ਰਿਹਾ ਹੈ।

ਸਾਥੀਓ,

ਅਸਾਮ, ਅੱਜ ਸਾਡੇ ਨੌਰਥ ਈਸਟ ਯਾਨੀ ਅਸਟਲਕਸ਼ਮੀ ਦੇ ਨਵੇਂ ਭਵਿੱਖ ਦਾ ਇੱਕ ਮਾਡਲ ਬਣ ਰਿਹਾ ਹੈ। ਇੱਥੋਂ ਦੀ ਤਰੱਕੀ ਪੂਰੇ ਨੌਰਥ ਈਸਟ ਨੂੰ ਨਵੀਂ ਗਤੀ ਦੇ ਰਹੀ ਹੈ। ਅਸਾਮ ਵਿੱਚ ਜੋ ਬਦਲਾਅ ਬੀਤੇ ਇੱਕ ਦਹਾਕੇ ਵਿੱਚ ਬੀਜੇਪੀ-ਐੱਨਡੀਏ ਸਰਕਾਰ ਨੇ ਕੀਤਾ ਹੈ, ਉਸਦਾ ਅਸਰ ਗਵਾਂਢ ਵਿੱਚ ਪੱਛਮੀ ਬੰਗਾਲ ਵਿੱਚ ਵੀ ਦਿਖ ਰਿਹਾ ਹੈ। ਉੱਥੇ ਵੀ ਲੋਕ ਬੀਜੇਪੀ-ਐੱਨਡੀਏ ਦਾ ਅਜਿਹਾ ਹੀ ਚੰਗਾ ਸ਼ਾਸਨ ਚਾਹੁੰਦੇ ਹਨ। ਇਸ ਲਈ ਮੈਂ ਅਸਾਮ ਦੇ ਹਰ ਨੌਜਵਾਨ, ਹਰ ਪਰਿਵਾਰ ਨੂੰ ਕਹੂੰਗਾ, ਕਿ ਅਸੀਂ ਮਿਲ ਕੇ ਵਿਕਸਿਤ ਅਸਾਮ ਲਈ ਕੰਮ ਕਰਦੇ ਰਹਿਣਾ ਹੈ। ਤਾਂ ਕਿ ਅਸਾਮ, ਦੇਸ਼ ਵਿੱਚ ਇੱਕ ਮਾਡਲ ਸਟੇਟ ਬਣ ਕੇ ਉੱਭਰੇ। ਇਸੇ ਤਾਕੀਦ ਦੇ ਨਾਲ ਮੈਂ ਜਦੋਂ ਸਾਰੇ ਮਾਣਯੋਗ ਮੁੱਖ ਮੰਤਰੀ, ਇਸ ਸਮਾਰੋਹ ਵਿੱਚ ਸਾਡੇ ਨਾਲ ਜੁੜੇ ਹੋਏ ਹਨ, ਤਾਂ ਮੈਂ ਉਨ੍ਹਾਂ ਨੂੰ ਇੱਕ ਤਾਕੀਦ ਕਰਨਾ ਚਾਹੁੰਦਾ ਹਾਂ, ਇੱਥੇ ਜੋ ਪੀਐੱਮ ਏਕਤਾ ਮੌਲ ਦਾ ਉਦਘਾਟਨ ਹੋਇਆ ਹੈ, ਤੁਸੀਂ ਆਪਣੇ ਸੂਬਿਆਂ ਦੀਆਂ ਚੀਜ਼ਾਂ ਵੀ ਇੱਥੇ ਵੇਚਣ ਦਾ ਪ੍ਰਬੰਧ ਕਰੋ। ਤੁਸੀਂ ਕੁਝ ਜਗ੍ਹਾ ਇੱਥੇ ਲਓ ਅਤੇ ਅਸਾਮ ਵਿੱਚ ਕਿਸੇ ਨੂੰ ਕੇਰਲ ਦੀ ਚੀਜ਼ ਚਾਹੀਦੀ ਹੈ, ਤਾਂ ਇੱਥੋਂ ਮਿਲਣੀ ਚਾਹੀਦੀ ਹੈ, ਮਹਾਰਾਸ਼ਟਰ ਦੀ ਕੋਈ ਚੀਜ਼ ਚਾਹੀਦੀ ਹੈ, ਇੱਥੋਂ ਹੀ ਮਿਲ ਜਾਣੀ ਚਾਹੀਦੀ ਹੈ, ਗੁਜਰਾਤ ਦੀ ਕੋਈ ਚੀਜ਼ ਚਾਹੀਦੀ ਹੈ, ਤਾਂ ਇੱਥੋਂ ਮਿਲ ਜਾਵੇ, ਰਾਜਸਥਾਨ ਦੀ ਚਾਹੀਦੀ ਹੈ, ਇੱਥੋਂ ਮਿਲ ਜਾਵੇ, ਯਾਨੀ ਪੂਰੇ ਦੇਸ਼ ਦੀ ਏਕਤਾ ਦਾ ਦਰਸ਼ਨ ਹੋਵੇ। ਇਸ ਮੌਲ ਵਿੱਚ ਹਿੰਦੁਸਤਾਨ ਦੇ ਸਾਰੇ ਸੂਬਿਆਂ ਦੀ ਮੌਜੂਦਗੀ ਹੋਵੇ, ਇਸ ਮੌਲ ਵਿੱਚ ਅਸਾਮ ਦੇ ਹਰ ਜ਼ਿਲ੍ਹੇ ਦੀ ਮੌਜੂਦਗੀ ਹੋਵੇ। ਵਨ ਡਿਸਟ੍ਰਿਕ, ਵਨ ਪ੍ਰੋਡਕਟ, ਯਾਨੀ ਇੱਕ ਤਰ੍ਹਾਂ ਨਾਲ ਕੋਈ ਵੀ ਵਿਅਕਤੀ ਏਕਤਾ ਮੌਲ ਵਿੱਚ ਜਾਵੇ, ਤਾਂ ਉਸ ਨੂੰ ਉੱਥੇ ਪੂਰਾ ਹਿੰਦੁਸਤਾਨ ਮਿਲ ਜਾਣਾ ਚਾਹੀਦਾ ਹੈ। ਅਤੇ ਮੈਨੂੰ ਭਰੋਸਾ ਹੈ ਕਿ ਅਸਾਮ ਦੀ ਧਰਤੀ ਤੋਂ ਪੂਰੇ ਦੇਸ਼ ਨੂੰ ਇੱਕ ਮਾਡਲ ਮਿਲੇਗਾ ਅਤੇ ਸਫ਼ਲਤਾਪੂਰਵਕ ਦੇਸ਼ ਦੇ ਹਰ ਸੂਬੇ ਵਿੱਚ ਏਕਤਾ ਮੌਲ ਤਿਆਰ ਹੋ ਜਾਣਗੇ। ਤੁਹਾਨੂੰ ਸਾਰਿਆਂ ਨੂੰ ਫਿਰ ਤੋਂ ਇੱਕ ਵਾਰ ਵਿਕਾਸ ਦੇ ਪ੍ਰਾਜੈਕਟਾਂ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਦੇਸ਼ ਭਰ ਤੋਂ ਜੋ ਕਿਸਾਨ ਸਾਥੀ ਸਾਡੇ ਨਾਲ ਜੁੜੇ ਰਹੇ ਹਨ, ਮੈਂ ਉਨ੍ਹਾਂ ਦਾ ਵੀ ਫਿਰ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਅਤੇ ਮੈਂ ਮਾਂ ਕਾਮਾਖਿਆ ਨੂੰ ਪ੍ਰਾਰਥਨਾ ਕਰਦਾ ਹਾਂ, ਕਿ ਕੁਝ ਹੀ ਦਿਨਾਂ ਬਾਅਦ ਜਦੋਂ ਨਰਾਤ‌ਿਆਂ ਦੀ ਸ਼ੁਰੂਆਤ ਹੋ ਰਹੀ ਹੈ, ਮਾਂ ਕਾਮਾਖਿਆ ਦੀ ਕਿਰਪਾ ਸਾਰੇ ਦੇਸ਼ਵਾਸੀਆਂ ’ਤੇ ਬਣੀ ਰਹੇ ਅਤੇ ਅਸੀਂ ਸਾਰੇ ਸੰਕਟਾਂ ਨੂੰ ਪਾਰ ਕਰਦੇ ਹੋਏ ਨਵੇਂ ਭਰੋਸੇ, ਨਵੀਂ ਸਮਰੱਥਾ ਦੇ ਨਾਲ ਅੱਗੇ ਵਧੀਏ, ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ।

ਭਾਰਤ ਮਾਤਾ ਦੀ ਜੈ!

ਭਾਰਤ ਮਾਤਾ ਦੀ ਜੈ!

ਭਾਰਤ ਮਾਤਾ ਦੀ ਜੈ!

ਵੰਦੇ ਮਾਤਰਮ!

ਵੰਦੇ ਮਾਤਰਮ!

ਵੰਦੇ ਮਾਤਰਮ!

ਵੰਦੇ ਮਾਤਰਮ!

ਵੰਦੇ ਮਾਤਰਮ!

ਵੰਦੇ ਮਾਤਰਮ!

ਵੰਦੇ ਮਾਤਰਮ!

ਵੰਦੇ ਮਾਤਰਮ!

****

ਐੱਮਜੇਪੀਐੱਸ/ ਵੀਜੇ


(Release ID: 2240646) ਵਿਜ਼ੀਟਰ ਕਾਊਂਟਰ : 15