ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੇਰਲਮ ਦੇ ਏਰਨਾਕੁਲਮ ਵਿੱਚ ਲਗਭਗ 11,000 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ
ਇਹ ਪ੍ਰੋਜੈਕਟ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣਗੇ, ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨਗੇ ਅਤੇ ਕੇਰਲਮ ਦੇ ਲੋਕਾਂ ਲਈ ਜੀਵਨ ਨੂੰ ਆਸਾਨ ਬਣਾਉਣਗੇ: ਪ੍ਰਧਾਨ ਮੰਤਰੀ
ਪੈਟਰੋਲੀਅਮ ਖੇਤਰ ਦਾ ਵਿਸਤਾਰ 'ਮੇਕ ਇਨ ਇੰਡੀਆ' ਅਤੇ ਆਤਮ-ਨਿਰਭਰ ਭਾਰਤ ਲਈ ਜ਼ਰੂਰੀ ਹੈ, ਇਹੀ ਕਾਰਨ ਹੈ ਕਿ ਅੱਜ ਕੋਚੀ ਰਿਫਾਇਨਰੀ ਵਿਖੇ ਪੌਲੀ-ਪ੍ਰੋਪਾਈਲੀਨ ਯੂਨਿਟ ਦਾ ਨੀਂਹ ਪੱਥਰ ਰੱਖਿਆ ਗਿਆ: ਪ੍ਰਧਾਨ ਮੰਤਰੀ
ਅੱਜ, ਦੁਨੀਆ ਆਧੁਨਿਕ ਬੁਨਿਆਦੀ ਢਾਂਚੇ ਵਿੱਚ ਭਾਰਤ ਦੇ ਨਿਵੇਸ਼ ਦੀ ਸ਼ਲਾਘਾ ਕਰ ਰਹੀ ਹੈ; ਇਸ ਸਾਲ ਦੇ ਕੇਂਦਰੀ ਬਜਟ ਵਿੱਚ ਵੀ ਬੁਨਿਆਦੀ ਢਾਂਚੇ ਲਈ ਸਭ ਤੋਂ ਵੱਧ ਰਕਮ ਵੰਡੀ ਗਈ ਹੈ: ਪ੍ਰਧਾਨ ਮੰਤਰੀ
ਬੁਨਿਆਦੀ ਢਾਂਚੇ ਵਿੱਚ ਇਸ ਨਿਵੇਸ਼ ਤੋਂ ਕੇਰਲਮ ਬਹੁਤ ਲਾਭ ਲੈ ਰਿਹਾ ਹੈ: ਪ੍ਰਧਾਨ ਮੰਤਰੀ
ਇਹ ਪ੍ਰੋਜੈਕਟ 'ਵਿਕਸਿਤ ਕੇਰਲਮ' ਦੇ ਸਾਡੇ ਸੰਕਲਪ ਨੂੰ ਪੂਰਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ: ਪ੍ਰਧਾਨ ਮੰਤਰੀ
Posted On:
11 MAR 2026 3:22PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੇਰਲਮ ਦੇ ਵਿਕਾਸ ਨੂੰ ਹੁਲਾਰਾ ਦੇਣ ਲਈ ਅੱਜ ਜੀਵੰਤ ਤਟਵਰਤੀ ਸ਼ਹਿਰ ਕੋਚੀ ਦਾ ਦੌਰਾ ਕੀਤਾ ਅਤੇ ਕਈ ਪ੍ਰਭਾਵਸ਼ਾਲੀ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ। ਨਿਵੇਸ਼ ਦੀ ਵਿਆਪਕਤਾ 'ਤੇ ਜ਼ੋਰ ਦਿੰਦਿਆਂ, ਪ੍ਰਧਾਨ ਮੰਤਰੀ ਨੇ ਲਗਭਗ 11,000 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਚੀ ਦਾ ਦੌਰਾ ਹਮੇਸ਼ਾ ਇੱਕ ਸ਼ਾਨਦਾਰ ਅਨੁਭਵ ਹੁੰਦਾ ਹੈ। ਉਨ੍ਹਾਂ ਕਿਹਾ "ਮੈਂ ਇਨ੍ਹਾਂ ਪ੍ਰੋਜੈਕਟਾਂ ਲਈ ਕੇਰਲਮ ਦੇ ਲੋਕਾਂ ਨੂੰ ਦਿਲੋਂ ਵਧਾਈ ਦਿੰਦਾ ਹਾਂ।"
ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕੋਚੀ ਰਿਫਾਇਨਰੀ ਵਿਖੇ ਅੱਜ ਪੌਲੀਪ੍ਰੋਪਾਈਲੀਨ ਯੂਨਿਟ ਦਾ ਨੀਂਹ ਪੱਥਰ ਰੱਖਣ ਦਾ ਉਦੇਸ਼ ਪੈਟਰੋਲੀਅਮ ਖੇਤਰ ਨੂੰ ਮਜ਼ਬੂਤ ਬਣਾਉਣਾ ਹੈ। ਇਸ ਯੂਨਿਟ ਤੋਂ ਹਰ ਸਾਲ 4 ਲੱਖ ਟਨ ਪੌਲੀਪ੍ਰੋਪਾਈਲੀਨ ਦਾ ਉਤਪਾਦਨ ਹੋਣ ਦੀ ਉਮੀਦ ਹੈ, ਜਿਸ ਨਾਲ ਪੈਕੇਜਿੰਗ, ਟੈਕਸਟਾਈਲ ਅਤੇ ਮੈਡੀਕਲ ਡਿਵਾਈਸ ਉਦਯੋਗਾਂ ਨੂੰ ਸਮਰਥਨ ਮਿਲੇਗਾ । ਇਸ ਸਹੂਲਤ ਦੇ ਰਣਨੀਤਕ ਮਹੱਤਵ ਬਾਰੇ ਚਰਚਾ ਕਰਦਿਆਂ ਸ਼੍ਰੀ ਮੋਦੀ ਨੇ ਕਿਹਾ, "ਆਤਮ-ਨਿਰਭਰ ਭਾਰਤ ਬਣਾਉਣ ਲਈ, 'ਮੇਕ ਇਨ ਇੰਡੀਆ' ਲਈ ਪੈਟਰੋਲੀਅਮ ਖੇਤਰ ਦਾ ਵਿਸਥਾਰ ਬਹੁਤ ਜ਼ਰੂਰੀ ਹੈ।"
ਭਾਰਤ ਨੂੰ ਇੱਕ ਗਲੋਬਲ ਨਿਰਮਾਣ ਅਤੇ ਤਕਨਾਲੋਜੀ ਹੱਬ ਵਜੋਂ ਮਜ਼ਬੂਤ ਕਰਨ ਦੇ ਉਦੇਸ਼ ਨਾਲ ਪ੍ਰਧਾਨ ਮੰਤਰੀ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਅਤੇ ਸੈਮੀਕੰਡਕਟਰਾਂ ਦੇ ਖੇਤਰ ਵਿੱਚ ਦੇਸ਼ ਦੀ ਪ੍ਰਗਤੀ ਨੂੰ ਟਿਕਾਊ ਊਰਜਾ ਦੀ ਵੱਧ ਰਹੀ ਮੰਗ ਨਾਲ ਜੋੜਿਆ। ਸ਼੍ਰੀ ਮੋਦੀ ਨੇ ਕਿਹਾ ਕਿ ਕੇਰਲਮ ਨੂੰ ਸੂਰਜੀ ਊਰਜਾ ਉਤਪਾਦਨ ਵਿੱਚ ਤਰੱਕੀ ਕਰਨ ਨੂੰ ਯਕੀਨੀ ਬਣਾਉਣ ਦੇ ਟੀਚੇ ਨਾਲ ਅੱਜ ਪੱਛਮੀ ਕਾਲਾਡਾ ਵਿੱਚ 50 ਮੈਗਾਵਾਟ ਦੇ ਫਲੋਟਿੰਗ ਸੋਲਰ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਕੇਰਲਮ ਵਿੱਚ ਵੱਡੀ ਗਿਣਤੀ ਵਿੱਚ ਜਲ ਭੰਡਾਰ ਮੌਜੂਦ ਹਨ, ਇਸ ਲਈ ਰਾਜ ਵਿੱਚ ਫਲੋਟਿੰਗ ਸੂਰਜੀ ਊਰਜਾ ਦੀ ਅਥਾਹ ਸੰਭਾਵਨਾਵਾਂ ਹਨ। ਹਰੇ ਭਵਿੱਖ ਵੱਲ ਵਧਦੇ ਕਦਮ ਬਾਰੇ ਦੱਸਦੇ ਹੋਏ ਸ਼੍ਰੀ ਮੋਦੀ ਨੇ ਕਿਹਾ, "ਸਾਡੀ ਕੋਸ਼ਿਸ਼ ਹੈ ਕਿ ਕੇਰਲਮ ਸੂਰਜੀ ਊਰਜਾ ਉਤਪਾਦਨ ਵਿੱਚ ਹੋਰ ਅੱਗੇ ਵਧੇ।"
ਪ੍ਰਧਾਨ ਮੰਤਰੀ ਨੇ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਅਤੇ ਰੇਲਵੇ ਬਿਜਲੀਕਰਨ ਰਾਹੀਂ ਖੇਤਰੀ ਸੰਪਰਕ ਵਿੱਚ ਹੋਈ ਮਹੱਤਵਪੂਰਨ ਤਰੱਕੀ ਦਾ ਵੀ ਵਿਸਥਾਰਪੂਰਵਕ ਵੇਰਵਾ ਦਿੱਤਾ। ਸ਼ੋਰਾਨੂਰ ਜੰਕਸ਼ਨ, ਕੁੱਟੀਪੁਰਮ ਅਤੇ ਚਾਂਗਨਾਸੇਰੀ ਵਿਖੇ ਆਧੁਨਿਕੀਕਰਨ ਦੇ ਯਤਨਾਂ ਦੇ ਨਾਲ-ਨਾਲ ਨਵੀਂ ਪਲੱਕੜ-ਪੋਲਾਚੀ ਰੇਲ ਸੇਵਾ ਦੇ ਨਾਲ ਕੇਰਲਮ ਅਤੇ ਤਾਮਿਲਨਾਡੂ ਦੋਵਾਂ ਸੂਬਿਆਂ ਦੇ ਨਿਵਾਸੀਆਂ ਲਈ ਯਾਤਰਾ ਅਨੁਭਵ ਵਿੱਚ ਵੱਡਾ ਬਦਲਾਅ ਆਉਣ ਵਾਲਾ ਹੈ । ਸਥਾਨਕ ਵਿਕਾਸ 'ਤੇ ਕੇਂਦਰੀ ਬਜਟ ਦੇ ਪੈਣ ਵਾਲੇ ਪ੍ਰਭਾਵ 'ਤੇ ਜ਼ੋਰ ਦਿੰਦਿਆਂ ਸ਼੍ਰੀ ਮੋਦੀ ਨੇ ਕਿਹਾ, "ਅੱਜ ਦੁਨੀਆ ਆਧੁਨਿਕ ਬੁਨਿਆਦੀ ਢਾਂਚੇ 'ਤੇ ਹੋ ਰਹੇ ਨਿਵੇਸ਼ ਲਈ ਭਾਰਤ ਦੀ ਸ਼ਲਾਘਾ ਕਰਦੀ ਹੈ।"
ਸੜਕੀ ਬੁਨਿਆਦੀ ਢਾਂਚੇ ਦੇ ਵਿਸ਼ੇ 'ਤੇ ਪ੍ਰਧਾਨ ਮੰਤਰੀ ਨੇ ਚਾਨਣਾ ਪਾਇਆ ਕਿ ਕੋਜ਼ੀਕੋਡ ਬਾਈਪਾਸ ਅਤੇ ਅਝਿਕੱਲ ਬੰਦਰਗਾਹ ਨਾਲ ਬਿਹਤਰ ਸੰਪਰਕ ਸਮੇਤ ਨਵੇਂ ਛੇ-ਮਾਰਗੀ ਪ੍ਰੋਜੈਕਟ, ਯਾਤਰਾ 'ਤੇ ਲੱਗਣ ਵਾਲੇ ਸਮੇਂ ਅਤੇ ਭੀੜ ਨੂੰ ਕਾਫ਼ੀ ਹੱਦ ਤੱਕ ਘਟਾ ਦੇਣਗੇ। ਸ਼੍ਰੀ ਮੋਦੀ ਨੇ ਕਿਹਾ, "ਇਹ ਸਾਰੇ ਪ੍ਰੋਜੈਕਟਾਂ ਨਾਲ ਕੇਰਲਮ ਦੇ ਕਿਸਾਨਾਂ ਨੂੰ ਲਾਭ ਹੋਵੇਗਾ ਅਤੇ ਇੱਥੇ ਸੈਰ-ਸਪਾਟਾ ਅਤੇ ਹੋਰ ਉਦਯੋਗਾਂ ਨੂੰ ਹੁਲਾਰਾ ਮਿਲੇਗਾ।"
ਆਪਣੇ ਸੰਬੋਧਨ ਦੀ ਸਮਾਪਤੀ ਵਿੱਚ ਪ੍ਰਧਾਨ ਮੰਤਰੀ ਨੇ ਦੁਹਰਾਉਂਦੇ ਹੋਏ ਕਿਹਾ ਕਿ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਕੀਤਾ ਗਿਆ ਹਰ ਰੁਪਿਆ ਨੌਜਵਾਨਾਂ ਲਈ ਵੱਡੇ ਪੱਧਰ 'ਤੇ ਰੁਜ਼ਗਾਰ ਪੈਦਾ ਕਰਨ ਲਈ ਇੱਕ ਉਤਪ੍ਰੇਰਕ ਵਜੋਂ ਕੰਮ ਕਰਦਾ ਹੈ। ਸ਼੍ਰੀ ਮੋਦੀ ਨੇ ਦ੍ਰਿੜ੍ਹ ਵਿਸ਼ਵਾਸ ਪ੍ਰਗਟ ਕੀਤਾ ਕਿ ਇਹ ਬਹੁ-ਖੇਤਰੀ ਪ੍ਰੋਜੈਕਟ ਸੂਬੇ ਦੇ ਖੁਸ਼ਹਾਲ ਭਵਿੱਖ ਲਈ ਜ਼ਰੂਰੀ ਅਧਾਰ ਹਨ । ਖੇਤਰ ਦੀ ਤਰੱਕੀ ਲਈ ਆਪਣੇ ਸੰਕਲਪ ਨੂੰ ਦੁਹਰਾਉਂਦੇ ਹੋਏ ਸ਼੍ਰੀ ਮੋਦੀ ਨੇ ਕਿਹਾ, "ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਪ੍ਰੋਜੈਕਟ 'ਵਿਕਸਤ ਕੇਰਲਮ' ਦੇ ਸਾਡੇ ਸੰਕਲਪ ਨੂੰ ਪੂਰਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।"
*********
ਐੱਮਜੇਪੀਐੱਸ/ਪੀਆਰਕੇ
(Release ID: 2239060)
ਵਿਜ਼ੀਟਰ ਕਾਊਂਟਰ : 18
Read this release in:
English
,
Urdu
,
Marathi
,
हिन्दी
,
Bengali
,
Bengali-TR
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam