ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੇ ਪਹਿਲੇ ਨਮੋ ਭਾਰਤ ਆਰਆਰਟੀਐਸ ਦਾ ਉਦਘਾਟਨ ਕੀਤਾ ਅਤੇ ਦਿੱਲੀ-ਮੇਰਠ ਨਮੋ ਭਾਰਤ ਕੋਰੀਡੋਰ ਰਾਸ਼ਟਰ ਨੂੰ ਸਮਰਪਿਤ ਕੀਤਾ
ਅੱਜ ਉੱਤਰ ਪ੍ਰਦੇਸ਼ ਅਤੇ ਪੂਰਾ ਦੇਸ਼ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਦੇ ਇੱਕ ਨਵੇਂ ਯੁੱਗ ਦਾ ਗਵਾਹ ਬਣ ਰਿਹਾ ਹੈ: ਪ੍ਰਧਾਨ ਮੰਤਰੀ
ਮੇਰਠ ਮੈਟਰੋ, ਨਮੋ ਭਾਰਤ ਰੇਲ ਅਤੇ ਰੀਜਨਲ ਰੈਪਿਡ ਟਰਾਂਜ਼ਿਟ ਸਿਸਟਮ (ਆਰਆਰਟੀਐਸ) ਦੇ ਨਵੇਂ ਸੈਕਸ਼ਨ ਦੇ ਉਦਘਾਟਨ ਨਾਲ ਐਨਸੀਆਰ ਦੇ ਲੋਕਾਂ ਦਾ ਜੀਵਨ ਹੋਰ ਵੀ ਸਰਲ, ਸੁਖਾਲਾ ਅਤੇ ਸੁਵਿਧਾਜਨਕ ਹੋ ਜਾਵੇਗਾ: ਪ੍ਰਧਾਨ ਮੰਤਰੀ
ਸਾਡਾ ਕੰਮ ਕਰਨ ਦਾ ਸਭਿਆਚਾਰ ਅਜਿਹਾ ਹੈ ਕਿ ਇੱਕ ਵਾਰ ਕਿਸੇ ਕੰਮ ਦੀ ਨੀਂਹ ਰੱਖ ਦਿੱਤੀ ਜਾਵੇ, ਤਾਂ ਉਸ ਨੂੰ ਪੂਰਾ ਕਰਨ ਲਈ ਦਿਨ-ਰਾਤ ਕੰਮ ਕੀਤਾ ਜਾਂਦਾ ਹੈ, ਇਹੀ ਕਾਰਨ ਹੈ ਕਿ ਹੁਣ ਪ੍ਰੋਜੈਕਟ ਪਹਿਲਾਂ ਵਾਂਗ ਲੰਬਿਤ ਨਹੀਂ ਰਹਿੰਦੇ: ਪ੍ਰਧਾਨ ਮੰਤਰੀ
ਭਾਵੇਂ ਨਮੋ ਭਾਰਤ ਹੋਵੇ ਜਾਂ ਮੈਟਰੋ ਸੇਵਾ, ਮੈਨੂੰ ਦੋਵਾਂ ਦੀ ਨੀਂਹ ਰੱਖਣ ਦਾ ਮੌਕਾ ਮਿਲਿਆ ਅਤੇ ਅੱਜ ਮੈਨੂੰ ਇਨ੍ਹਾਂ ਦਾ ਉਦਘਾਟਨ ਕਰਨ ਦਾ ਸੁਭਾਗ ਵੀ ਪ੍ਰਾਪਤ ਹੋਇਆ ਹੈ: ਪ੍ਰਧਾਨ ਮੰਤਰੀ
ਦੇਸ਼ ਵਿੱਚ ਪਹਿਲੀ ਵਾਰ ਅਜਿਹਾ ਹੋ ਰਿਹਾ ਹੈ ਕਿ ਨਮੋ ਭਾਰਤ ਅਤੇ ਮੈਟਰੋ ਰੇਲ ਇੱਕ ਹੀ ਸਟੇਸ਼ਨ ਅਤੇ ਇੱਕ ਹੀ ਟਰੈਕ 'ਤੇ ਚੱਲਣਗੀਆਂ: ਪ੍ਰਧਾਨ ਮੰਤਰੀ
ਇੱਕ ਹੀ ਪਲੇਟਫ਼ਾਰਮ ਤੋਂ ਸ਼ਹਿਰ ਦੇ ਅੰਦਰ ਯਾਤਰਾ ਕੀਤੀ ਜਾ ਸਕੇਗੀ ਅਤੇ ਉਸੇ ਸਟੇਸ਼ਨ ਤੋਂ ਦਿੱਲੀ ਆਉਣ- ਜਾਣ ਦੀ ਸਿੱਧੀ ਸਹੂਲਤ ਵੀ ਉਪਲਬਧ ਹੋਵੇਗੀ: ਪ੍ਰਧਾਨ ਮੰਤਰੀ
ਅੱਜ ਵਿਸ਼ਵ ਦੇ ਕਈ ਵਿਕਸਤ ਦੇਸ਼ ਭਾਰਤ ਨਾਲ ਵਪਾਰਕ ਸਮਝੌਤੇ ਕਰ ਰਹੇ ਹਨ: ਪ੍ਰਧਾਨ ਮੰਤਰੀ
ਅੱਜ ਵਿਕਸਤ ਦੇਸ਼ ਭਾਰਤ ਨਾਲ ਭਾਈਵਾਲੀ ਕਰਨ ਲਈ ਉਤਸੁਕ ਹਨ, ਅਜਿਹਾ ਇਸ ਲਈ ਹੈ ਕਿਉਂਕਿ ਉਹ ਭਾਰਤ ਦੇ ਵਿਕਾਸ ਵਿੱਚ ਆਪਣਾ ਭਵਿੱਖ ਦੇਖਦੇ ਹਨ ਅਤੇ ਭਾਰਤ ਦੀ ਯੁਵਾ ਸ਼ਕਤੀ ਵਿੱਚ ਉਮੀਦ ਦੇਖਦੇ ਹਨ: ਪ੍ਰਧਾਨ ਮੰਤਰੀ
ਅੱਜ ਵਿਸ਼ਵ ਨੂੰ ਲੱਗਦਾ ਹੈ ਕਿ ਭਾਰਤ ਉਹ ਸ਼ਕਤੀ ਹੈ ਜੋ 21ਵੀਂ ਸਦੀ ਦੀਆਂ ਚੁਣੌਤੀਆਂ ਦਾ ਹੱਲ ਪ੍ਰਦਾਨ ਕਰ ਸਕਦੀ ਹੈ: ਪ੍ਰਧਾਨ ਮੰਤਰੀ
ਮੇਰਠ-ਹਾਪੁੜ ਖੇਤਰ ਅਤੇ ਆਸ-ਪਾਸ ਦੇ ਇਲਾਕਿਆਂ ਨੇ ਸ਼ੁਰੂ ਤੋਂ ਹੀ ਚੌਧਰੀ ਚਰਨ ਸਿੰਘ ਜੀ ਦੀ ਦੂਰਅੰਦੇਸ਼ੀ ਦੇਖੀ ਹੈ ਅਤੇ ਇਹ ਸਾਡੀ ਸਰਕਾਰ ਦਾ ਸੁਭਾਗ ਹੈ ਕਿ ਸਾਨੂੰ ਚੌਧਰੀ ਚਰਨ ਸਿੰਘ ਜੀ ਨੂੰ ਭਾਰਤ ਰਤਨ ਪ੍ਰਦਾਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ: ਪ੍ਰਧਾਨ ਮੰਤਰੀ
Posted On:
22 FEB 2026 4:47PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੇਰਠ ਵਿੱਚ ਨਮੋ ਭਾਰਤ ਰੈਪਿਡ ਰੇਲ ਅਤੇ ਮੇਰਠ ਮੈਟਰੋ ਮਾਰਗ ਦਾ ਉਦਘਾਟਨ ਕੀਤਾ ਅਤੇ ਇਸ ਪ੍ਰੋਜੈਕਟ ਨੂੰ ‘ਵਿਕਸਤ ਉੱਤਰ ਪ੍ਰਦੇਸ਼’ ਅਤੇ ‘ਵਿਕਸਤ ਭਾਰਤ’ ਲਈ ਨਵੀਂ ਊਰਜਾ ਦਾ ਸਰੋਤ ਦੱਸਿਆ। ਇਹ ਭਾਰਤ ਵਿੱਚ ਪਹਿਲੀ ਵਾਰ ਹੈ ਜਦੋਂ ਇੱਕ ਹੀ ਮੰਚ ਤੋਂ ਇੱਕ ਹੀ ਦਿਨ ਰੈਪਿਡ ਰੇਲ ਅਤੇ ਮੈਟਰੋ ਸੇਵਾ ਦੋਵਾਂ ਦੀ ਸ਼ੁਰੂਆਤ ਕੀਤੀ ਗਈ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪ੍ਰੋਜੈਕਟ ਵਿਕਸਤ ਭਾਰਤ ਵਿੱਚ ਸੰਪਰਕ ਦੀ ਸ਼ਾਨਦਾਰ ਮਿਸਾਲ ਪੇਸ਼ ਕਰਦਾ ਹੈ। ਏਕੀਕ੍ਰਿਤ ਪ੍ਰਣਾਲੀ ਸ਼ਹਿਰ ਦੇ ਅੰਦਰ ਯਾਤਰਾ ਲਈ ਮੈਟਰੋ ਅਤੇ ‘ਜੁੜਵਾ ਸ਼ਹਿਰਾਂ’ ਦੀ ਕਲਪਨਾ ਨੂੰ ਗਤੀ ਦੇਣ ਲਈ ਨਮੋ ਭਾਰਤ ਰੇਲ ਗੱਡੀਆਂ ਦੀ ਵਰਤੋਂ ਕਰਦੀ ਹੈ। ਡਬਲ ਇੰਜਣ ਵਾਲੀ ਸਰਕਾਰ ਦੀ ਕਾਰਜਸ਼ੈਲੀ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਪ੍ਰੋਜੈਕਟ ਵਿਚਾਲੇ ਨਹੀਂ ਲਟਕਦੇ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਜਿਸ ਕੰਮ ਦੀ ਨੀਂਹ ਰੱਖਦੀ ਹੈ, ਉਸ ਨੂੰ ਪੂਰਾ ਕਰਦੀ ਹੈ ਕਿਉਂਕਿ ਉਨ੍ਹਾਂ ਨੇ ਖ਼ੁਦ ਇਨ੍ਹਾਂ ਸੇਵਾਵਾਂ ਦੀ ਨੀਂਹ ਰੱਖੀ ਹੈ ਅਤੇ ਇਨ੍ਹਾਂ ਦਾ ਉਦਘਾਟਨ ਕੀਤਾ ਹੈ।
ਆਪਣੀ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਨੇ ਮੇਰਠ ਮੈਟਰੋ ਵਿੱਚ ਸਫ਼ਰ ਕੀਤਾ ਅਤੇ ਵਿਦਿਆਰਥੀਆਂ ਤੇ ਯਾਤਰੀਆਂ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਇਸ ਪ੍ਰੋਜੈਕਟ ਨੂੰ ‘ਨਾਰੀ-ਸ਼ਕਤੀ’ ਦਾ ਪ੍ਰਤੀਕ ਦੱਸਦਿਆਂ ਇਸ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਜ਼ਿਆਦਾਤਰ ਰੇਲ ਅਪਰੇਟਰ ਅਤੇ ਸਟੇਸ਼ਨ ਕੰਟਰੋਲ ਕਰਮਚਾਰੀ ਔਰਤਾਂ ਹਨ। ਉਨ੍ਹਾਂ ਨੇ ਦੇਸ਼ ਦੀ ਪਹਿਲੀ ਨਮੋ ਭਾਰਤ ਰੈਪਿਡ ਰੇਲ ਸੇਵਾ ਲਈ ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਵਧਾਈ ਦਿੱਤੀ।
ਮੇਰਠ ਨਾਲ ਆਪਣੇ ਵਿਸ਼ੇਸ਼ ਲਗਾਅ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ 2014, 2019 ਅਤੇ 2024 ਦੀਆਂ ਉਨ੍ਹਾਂ ਦੀਆਂ ਰਾਸ਼ਟਰੀ ਚੋਣ ਮੁਹਿੰਮਾਂ ਇਸੇ ਕ੍ਰਾਂਤੀਕਾਰੀ ਧਰਤੀ ਤੋਂ ਸ਼ੁਰੂ ਹੋਈਆਂ ਸਨ। ਉਨ੍ਹਾਂ ਨੇ ਖੇਤਰ ਦੇ ਕਿਸਾਨਾਂ, ਕਾਰੀਗਰਾਂ ਅਤੇ ਉੱਦਮੀਆਂ ਦਾ ਉਨ੍ਹਾਂ ਦੇ ਨਿਰੰਤਰ ਸਹਿਯੋਗ ਲਈ ਧੰਨਵਾਦ ਕੀਤਾ। ਸ਼੍ਰੀ ਮੋਦੀ ਨੇ ਕਿਹਾ, “2014 ਤੋਂ ਪਹਿਲਾਂ ਮੈਟਰੋ ਸੇਵਾਵਾਂ ਸਿਰਫ਼ 5 ਸ਼ਹਿਰਾਂ ਤੱਕ ਹੀ ਸੀਮਤ ਸਨ, ਪਰ ਹੁਣ 25 ਤੋਂ ਵੱਧ ਸ਼ਹਿਰਾਂ ਵਿੱਚ ਮੈਟਰੋ ਚੱਲ ਰਹੀ ਹੈ ਜਿਸ ਨਾਲ ਭਾਰਤ ਵਿਸ਼ਵ ਦਾ ਤੀਜਾ ਸਭ ਤੋਂ ਵੱਡਾ ਮੈਟਰੋ ਨੈੱਟਵਰਕ ਬਣ ਗਿਆ ਹੈ।” ਉਨ੍ਹਾਂ ਅੱਗੇ ਕਿਹਾ, “ਇਸ ਪ੍ਰੋਜੈਕਟ ਦੀ ਇੱਕ ਵਿਲੱਖਣ ਵਿਸ਼ੇਸ਼ਤਾ ਸਰਾਏ ਕਾਲੇ ਖਾਂ, ਅਨੰਦ ਵਿਹਾਰ, ਗਾਜ਼ੀਆਬਾਦ ਅਤੇ ਮੇਰਠ ਵਿੱਚ ਭਾਰਤੀ ਰੇਲਵੇ, ਮੈਟਰੋ ਅਤੇ ਬੱਸ ਅੱਡਿਆਂ ਦਾ ਏਕੀਕਰਨ ਹੈ। ਭਾਰਤ ਵਿੱਚ ਪਹਿਲੀ ਵਾਰ ਨਮੋ ਭਾਰਤ ਅਤੇ ਮੈਟਰੋ ਰੇਲ ਇੱਕ ਹੀ ਟਰੈਕ ਅਤੇ ਸਟੇਸ਼ਨ 'ਤੇ ਚੱਲਣਗੀਆਂ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਏਕੀਕਰਨ ਨਾਲ ਯਾਤਰੀਆਂ ਨੂੰ ਸ਼ਹਿਰ ਦੇ ਅੰਦਰ ਸਫ਼ਰ ਕਰਨ ਜਾਂ ਸਿੱਧੇ ਦਿੱਲੀ ਜਾਣ ਦੀ ਸਹੂਲਤ ਮਿਲੇਗੀ ਜਿਸ ਨਾਲ ਕਈ ਮਜ਼ਦੂਰਾਂ ਅਤੇ ਵਿਦਿਆਰਥੀਆਂ ਦੀ ਦਿੱਲੀ ਵਿੱਚ ਕਿਰਾਏ ਦੇ ਮਕਾਨਾਂ ਵਿੱਚ ਰਹਿਣ ਦੀ ਮਜਬੂਰੀ ਖ਼ਤਮ ਹੋ ਜਾਵੇਗੀ।
ਪ੍ਰਧਾਨ ਮੰਤਰੀ ਨੇ ਕਿਹਾ, “ਸਰਕਾਰ ਵੱਲੋਂ ਆਧੁਨਿਕ ਬੁਨਿਆਦੀ ਢਾਂਚੇ ਵਿੱਚ ਕੀਤਾ ਗਿਆ ਨਿਵੇਸ਼—ਜਿਸ ਵਿੱਚ ਐਕਸਪ੍ਰੈੱਸਵੇਅ, ਮਾਲ ਢੁਆਈ ਗਲਿਆਰੇ (ਫਰੇਟ ਕੋਰੀਡੋਰ) ਅਤੇ ਜੇਵਰ ਅੰਤਰਰਾਸ਼ਟਰੀ ਹਵਾਈ ਅੱਡਾ ਸ਼ਾਮਲ ਹਨ—ਵਿਆਪਕ ਰੁਜ਼ਗਾਰ ਦੇ ਮੌਕੇ ਪੈਦਾ ਕਰ ਰਿਹਾ ਹੈ। ਇਹ ਪ੍ਰੋਜੈਕਟ ਖੇਤਰ ਵਿੱਚ ਨਵੇਂ ਉਦਯੋਗਾਂ ਅਤੇ ਕਾਰੋਬਾਰਾਂ ਨੂੰ ਆਕਰਸ਼ਿਤ ਕਰ ਰਹੇ ਹਨ।”
ਉੱਤਰ ਪ੍ਰਦੇਸ਼ ਨੂੰ ਮਿਹਨਤ ਅਤੇ ਸਿਰਜਣਾ ਦੀ ਧਰਤੀ ਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜ ਦੇ ਕਿਸਾਨ ਅਤੇ ਕਾਰੀਗਰ ਵਿਰਾਸਤ ਅਤੇ ਵਿਕਾਸ ਦੇ ਮੰਤਰ ਨੂੰ ਸਫਲਤਾਪੂਰਵਕ ਸਾਕਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਦੀ ਵਿਸ਼ਵ ਪੱਧਰੀ ਸ਼ਕਤੀ ਵਧਣ ਦੇ ਨਾਲ ਹੀ ਵਿਕਸਤ ਦੇਸ਼ ਭਾਰਤ ਦੀ ਯੁਵਾ ਸ਼ਕਤੀ ਦਾ ਲਾਭ ਉਠਾਉਣ ਲਈ ਵਪਾਰਕ ਸਮਝੌਤੇ ਕਰਨ ਲਈ ਉਤਸੁਕ ਹਨ। ਸ਼੍ਰੀ ਮੋਦੀ ਨੇ ਕਿਹਾ, “ਅੱਜ ਵਿਸ਼ਵ ਭਾਰਤ ਨੂੰ 21ਵੀਂ ਸਦੀ ਦੀਆਂ ਚੁਣੌਤੀਆਂ ਦਾ ਹੱਲ ਕਰਨ ਦੇ ਸਮਰੱਥ ਇੱਕ ਮਹਾਸ਼ਕਤੀ ਵਜੋਂ ਦੇਖਦਾ ਹੈ, ਜਿਸ ਨਾਲ ਉੱਤਰ ਪ੍ਰਦੇਸ਼ ਦੇ ਨਾਗਰਿਕ ਸਿੱਧੇ ਲਾਭਵੰਦ ਹੁੰਦੇ ਹਨ।”
ਪ੍ਰਧਾਨ ਮੰਤਰੀ ਨੇ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ (ਐੱਮਐੱਸਐੱਮਈ) ਖੇਤਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਸਾਲ ਦੇ ਕੇਂਦਰੀ ਬਜਟ ਵਿੱਚ 10,000 ਕਰੋੜ ਰੁਪਏ ਦੇ ਵਿਸ਼ੇਸ਼ ਫੰਡ ਦੀ ਵਿਵਸਥਾ ਕੀਤੀ ਗਈ ਹੈ ਜਿਸ ਨਾਲ ਐੱਮਐੱਸਐੱਮਈ ਲਈ ਕਰਜ਼ਾ ਲੈਣਾ ਆਸਾਨ ਹੋ ਜਾਵੇਗਾ। ਉਨ੍ਹਾਂ ਨੇ ਬੁਣਕਰਾਂ ਨੂੰ ਵਿਸ਼ਵ-ਵਿਆਪੀ ਬਾਜ਼ਾਰਾਂ ਤੱਕ ਪਹੁੰਚਣ ਵਿੱਚ ਮਦਦ ਕਰਨ ਲਈ ਮਹਾਤਮਾ ਗਾਂਧੀ ਗ੍ਰਾਮ ਸਵਰਾਜ ਯੋਜਨਾ ਦਾ ਵੀ ਜ਼ਿਕਰ ਕੀਤਾ। ਕੋਰੀਅਰ ਰਾਹੀਂ ਮਾਲ ਭੇਜਣ ਦੀ 10 ਲੱਖ ਰੁਪਏ ਦੀ ਸੀਮਾ ਖ਼ਤਮ ਕਰ ਦਿੱਤੀ ਗਈ ਹੈ। ਇਸ ਨਾਲ ਮੇਰਠ ਅਤੇ ਪੂਰੇ ਉੱਤਰ ਪ੍ਰਦੇਸ਼ ਦੇ ਛੋਟੇ ਉੱਦਮੀ ਆਨਲਾਈਨ ਐਪ ਰਾਹੀਂ ਸਿੱਧੇ ਅਮਰੀਕਾ ਅਤੇ ਯੂਰਪ ਦੇ ਗਾਹਕਾਂ ਨੂੰ ਆਪਣਾ ਮਾਲ ਵੇਚ ਸਕਣਗੇ।
ਸ਼੍ਰੀ ਮੋਦੀ ਨੇ ਕਿਹਾ, “ਚੌਧਰੀ ਚਰਨ ਸਿੰਘ ਜੀ ਦੀ ਦੂਰਅੰਦੇਸ਼ੀ ਦਾ ਸਤਿਕਾਰ ਕਰਦੇ ਹੋਏ ਸਰਕਾਰ ਨੇ ਉਨ੍ਹਾਂ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ। ਉਨ੍ਹਾਂ ਤੋਂ ਪ੍ਰੇਰਿਤ ਹੋ ਕੇ, ਡਬਲ ਇੰਜਣ ਵਾਲੀ ਸਰਕਾਰ ਫੂਡ ਪ੍ਰੋਸੈਸਿੰਗ ਅਤੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਰਾਹੀਂ ਕਿਸਾਨਾਂ ਦੀ ਆਮਦਨ ਵਧਾਉਣ ਲਈ ਕੰਮ ਕਰ ਰਹੀ ਹੈ। ਇਸ ਯੋਜਨਾ ਤਹਿਤ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੂੰ ਲਗਭਗ 95,000 ਕਰੋੜ ਰੁਪਏ ਦਿੱਤੇ ਜਾ ਚੁੱਕੇ ਹਨ।”
ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਵਿਕਾਸ ਨੂੰ ਸਭ ਤੋਂ ਉੱਪਰ ਦੱਸਦੇ ਹੋਏ ਕਿਹਾ ਕਿ ਦੰਗਿਆਂ ਅਤੇ ਅਪਰਾਧ ਦੇ ਦੌਰ ਤੋਂ ਨਿਕਲ ਕੇ ਅੱਜ ਬ੍ਰਹਮੋਸ, ਮੋਬਾਈਲ ਨਿਰਮਾਣ ਅਤੇ ਸੈਰ-ਸਪਾਟੇ ਨੂੰ ਮਿਲੀ ਪਛਾਣ ਤੱਕ ਦਾ ਸਫ਼ਰ ਬੇਹੱਦ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਅੱਜ ਅਪਰਾਧੀ ਜੇਲ੍ਹ ਵਿੱਚ ਹਨ, ਧੀਆਂ ਦਾ ਸਨਮਾਨ ਸੁਰੱਖਿਅਤ ਹੈ ਅਤੇ ਕਾਨੂੰਨ ਵਿਵਸਥਾ ਵਿੱਚ ਸੁਧਾਰ ਨਾਲ ਅਰਥਵਿਵਸਥਾ ਵਿੱਚ ਜ਼ਬਰਦਸਤ ਉਛਾਲ ਆਇਆ ਹੈ ਅਤੇ ਨਿਰਮਾਣ ਖੇਤਰ ਵਿੱਚ ਤੇਜ਼ੀ ਆਈ ਹੈ।
ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੀ ਸਮਾਪਤੀ ਕਰਦਿਆਂ ਕਿਹਾ, “ਉੱਤਰ ਪ੍ਰਦੇਸ਼ ਇੱਕ ਨਿਰਮਾਣ ਕੇਂਦਰ ਵਜੋਂ ਵਿਕਸਤ ਹੋ ਰਿਹਾ ਹੈ ਅਤੇ ਹਾਲ ਹੀ ਵਿੱਚ ਰਾਜ ਦੇ ਪਹਿਲੇ ਸੈਮੀਕੰਡਕਟਰ ਕਾਰਖ਼ਾਨੇ ਦੀ ਨੀਂਹ ਰੱਖੀ ਗਈ ਹੈ। ਇੱਕ ਵਿਕਸਤ ਭਾਰਤ ਲਈ ਇੱਕ ਵਿਕਸਤ ਉੱਤਰ ਪ੍ਰਦੇਸ਼ ਜ਼ਰੂਰੀ ਹੈ।”
********************
ਐੱਮਜੇਪੀਐੱਸ/ਪੀਕੇਕੇ
(Release ID: 2232041)
ਵਿਜ਼ੀਟਰ ਕਾਊਂਟਰ : 35
Read this release in:
English
,
Urdu
,
Marathi
,
हिन्दी
,
Manipuri
,
Assamese
,
Bengali
,
Bengali-TR
,
Gujarati
,
Odia
,
Tamil
,
Telugu
,
Kannada
,
Malayalam