ਪ੍ਰਧਾਨ ਮੰਤਰੀ ਦਫਤਰ
azadi ka amrit mahotsav AI Impact Summit 2026

ਭਾਰਤ-ਫ਼ਰਾਂਸ ਸਾਂਝਾ ਬਿਆਨ

Posted On: 17 FEB 2026 11:08PM by PIB Chandigarh

ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੱਦੇ 'ਤੇ ਫ਼ਰਾਂਸ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਇਮੈਨੁਅਲ ਮੈਕਰੋਨ ਨੇ 17 ਤੋਂ 19 ਫਰਵਰੀ, 2026 ਤੱਕ ਭਾਰਤ ਦੇ ਸਰਕਾਰੀ ਦੌਰੇ ’ਤੇ ਹਨ। ਇਸ ਦਰਮਿਆਨ ਉਨ੍ਹਾਂ ਨੇ 'ਆਰਟੀਫਿਸ਼ੀਅਲ ਇੰਟੈਲੀਜੈਂਸ ਇੰਪੈਕਟ ਸਮਿਟ 2026' ਵਿੱਚ ਹਿੱਸਾ ਲਿਆ। ਇਸ ਦੌਰੇ ਦੌਰਾਨ, ਦੋਵਾਂ ਨੇਤਾਵਾਂ ਨੇ ਦੁਵੱਲੀ ਗੱਲਬਾਤ ਕੀਤੀ ਅਤੇ 17 ਫਰਵਰੀ ਨੂੰ ਮੁੰਬਈ ਵਿੱਚ ਸਾਂਝੇ ਤੌਰ 'ਤੇ 2026 ਭਾਰਤ-ਫ਼ਰਾਂਸ ਨਵੀਨਤਾ ਸਾਲ ਦਾ ਉਦਘਾਟਨ ਕੀਤਾ। ਇਹ ਰਾਸ਼ਟਰਪਤੀ ਮੈਕਰੋਨ ਦਾ ਚੌਥਾ ਭਾਰਤ ਦੌਰਾ ਹੈ ਅਤੇ ਇਹ ਪ੍ਰਧਾਨ ਮੰਤਰੀ ਮੋਦੀ ਦੇ ਫਰਵਰੀ,2025 ਵਿੱਚ ਫ਼ਰਾਂਸ ਦੌਰੇ ਤੋਂ ਬਾਅਦ ਹੋਇਆ ਹੈ।

ਇਸ ਮੌਕੇ ਦੋਵੇਂ ਨੇਤਾ ਆਉਣ ਵਾਲੇ ਦਹਾਕਿਆਂ ਵਿੱਚ ਆਪਸੀ ਸਹਿਯੋਗ ਨੂੰ ਸੇਧ ਦੇਣ ਲਈ ਸਬੰਧਾਂ ਨੂੰ "ਵਿਸ਼ੇਸ਼ ਆਲਮੀ ਰਣਨੀਤਕ ਭਾਈਵਾਲੀ" ਦੇ ਪੱਧਰ ਤੱਕ ਉੱਚਾ ਚੁੱਕਣ ਲਈ ਸਹਿਮਤ ਹੋਏ। ਸਬੰਧਾਂ ਵਿੱਚ ਇਹ ਵਾਧਾ ਭਾਰਤ-ਫ਼ਰਾਂਸ ਰਿਸ਼ਤਿਆਂ ਬਾਰੇ ਦੋਵਾਂ ਨੇਤਾਵਾਂ ਦੀਆਂ ਵਧਦੀਆਂ ਇੱਛਾਵਾਂ ਅਤੇ ਦੂਰ-ਅੰਦੇਸ਼ੀ ਨੂੰ ਦਰਸਾਉਂਦਾ ਹੈ, ਜੋ ਦੁਨੀਆ ਦੇ ਭਲੇ ਲਈ ਇੱਕ ਤਾਕਤ ਵਜੋਂ ਕੰਮ ਕਰਨਾ ਚਾਹੁੰਦੇ ਹਨ। ਇਸ ਨਾਲ ਨਾ ਸਿਰਫ਼ ਉਨ੍ਹਾਂ ਦੇ ਅਰਥਚਾਰਿਆਂ ਵਿੱਚ ਖ਼ੁਸ਼ਹਾਲੀ ਅਤੇ ਮਜ਼ਬੂਤੀ ਆਵੇਗੀ ਅਤੇ ਸੁਰੱਖਿਆ ਵਧੇਗੀ, ਸਗੋਂ ਵਧਦੀ ਅਨਿਸ਼ਚਿਤਤਾ ਵਾਲੇ ਆਲਮੀ ਮਾਹੌਲ ਵਿੱਚ ਚੁਣੌਤੀਆਂ ਦਾ ਮਿਲ ਕੇ ਹੱਲ ਕਰਨ ਅਤੇ ਨਿਯਮਾਂ-ਅਧਾਰਿਤ ਸਥਿਰ ਅੰਤਰਰਾਸ਼ਟਰੀ ਢਾਂਚਾ ਬਣਾਉਣ ਵਿੱਚ ਵੀ ਮਦਦ ਮਿਲੇਗੀ। ਦੋਵਾਂ ਦੇਸ਼ਾਂ ਨੇ 2023 ਵਿੱਚ ਰਣਨੀਤਕ ਭਾਈਵਾਲੀ ਦੀ 25ਵੀਂ ਵਰ੍ਹੇਗੰਢ ਮਨਾਈ ਸੀ, ਜਿਸ ਮੌਕੇ ਉਨ੍ਹਾਂ ਨੇ 2047 ਤੱਕ ਆਪਸੀ ਸਬੰਧਾਂ ਦੀ ਦਿਸ਼ਾ ਤੈਅ ਕਰਨ ਲਈ 'ਹੋਰੀਜ਼ਨ 2047 ਰੋਡਮੈਪ' ਅਪਣਾਇਆ ਸੀ। 2047 ਭਾਰਤ ਦੀ ਆਜ਼ਾਦੀ ਦਾ ਸੌਵਾਂ ਸਾਲ, ਦੋਵਾਂ ਦੇਸ਼ਾਂ ਵਿਚਕਾਰ ਕੂਟਨੀਤਕ ਸਬੰਧਾਂ ਦਾ ਸੌਵਾਂ ਸਾਲ ਅਤੇ ਰਣਨੀਤਕ ਭਾਈਵਾਲੀ ਦੇ 50 ਸਾਲ ਪੂਰੇ ਹੋਣ ਦਾ ਸਾਲ ਹੋਵੇਗਾ। ਨੇਤਾਵਾਂ ਨੇ ਆਰਥਿਕ ਸੁਰੱਖਿਆ, ਆਲਮੀ ਮੁੱਦਿਆਂ ਅਤੇ ਲੋਕਾਂ ਦਰਮਿਆਨ ਆਦਾਨ-ਪ੍ਰਦਾਨ ਦੇ ਖੇਤਰਾਂ ਵਿੱਚ ਆਪਸੀ ਸਹਿਯੋਗ ਅਤੇ ਉੱਚ ਪੱਧਰੀ ਭਾਈਵਾਲੀ ਅਤੇ ਖ਼ਾਸ ਕਰਕੇ 'ਹੋਰੀਜ਼ਨ 2047' ਨੂੰ ਲਾਗੂ ਕਰਨ ਦੀ ਨਿਯਮਤ ਸਮੀਖਿਆ ਲਈ ਸਾਲਾਨਾ ਵਿਦੇਸ਼ ਮੰਤਰੀ ਪੱਧਰੀ ਵਿਆਪਕ ਗੱਲਬਾਤ ਸ਼ੁਰੂ ਕੀਤੀ।

ਭਾਰਤ ਅਤੇ ਫ਼ਰਾਂਸ ਦਾ ਰੱਖਿਆ ਅਤੇ ਸੁਰੱਖਿਆ ਵਿੱਚ ਸਹਿਯੋਗ ਦਾ ਲੰਮਾ ਇਤਿਹਾਸ ਹੈ। ਰੱਖਿਆ ਪਲੇਟਫਾਰਮਾਂ ਦੇ ਸਾਂਝੇ-ਡਿਜ਼ਾਈਨ, ਸਾਂਝੇ-ਵਿਕਾਸ ਅਤੇ ਸਾਂਝੇ-ਉਤਪਾਦਨ 'ਤੇ ਧਿਆਨ ਦੇਣ ਨਾਲ ਇਹ ਸਹਿਯੋਗ ਹੋਰ ਡੂੰਘਾ ਹੋਇਆ ਹੈ ਅਤੇ ਫ਼ਰਾਂਸ ਦੁਨੀਆ ਵਿੱਚ ਭਾਰਤ ਦੇ ਪ੍ਰਮੁੱਖ ਰੱਖਿਆ ਸਾਥੀਆਂ ਵਿੱਚੋਂ ਇੱਕ ਬਣ ਕੇ ਉਭਰਿਆ ਹੈ। ਦੋਵਾਂ ਦੇਸ਼ਾਂ ਨੇ ਵੱਡੀ ਸਮਰੱਥਾ ਵਾਲੇ ਪ੍ਰਮਾਣੂ ਬਿਜਲੀ ਘਰਾਂ ਅਤੇ 'ਸਮਾਲ ਮਾਡਿਊਲਰ ਰਿਐਕਟਰਜ਼' ਅਤੇ 'ਐਡਵਾਂਸਡ ਮਾਡਿਊਲਰ ਰਿਐਕਟਰਜ਼' ਵਰਗੇ ਨਵੇਂ ਖੇਤਰਾਂ ਵਿੱਚ ਸੰਭਾਵੀ ਸਹਿਯੋਗ 'ਤੇ ਲਾਭਕਾਰੀ ਚਰਚਾਵਾਂ ਰਾਹੀਂ ਸਿਵਲ ਪ੍ਰਮਾਣੂ ਊਰਜਾ ਵਿੱਚ ਸਹਿਯੋਗ ਨੂੰ ਗੂੜ੍ਹਾ ਕੀਤਾ ਹੈ। ਪੁਲਾੜ ਖੇਤਰ ਵਿੱਚ ਦੋਵਾਂ ਦੇਸ਼ਾਂ ਦਾ ਲੰਮੇ ਸਮੇਂ ਤੋਂ ਸਹਿਯੋਗ ਚੱਲ ਰਿਹਾ ਹੈ, ਜਿਸ ਵਿੱਚ ਸਾਂਝੇ ਸੈਟੇਲਾਈਟ ਵਿਕਾਸ, ਲਾਂਚਰ ਅਤੇ ਮਨੁੱਖੀ ਉਡਾਣ ਪ੍ਰੋਗਰਾਮ ਸ਼ਾਮਲ ਹਨ। ਦੋਵਾਂ ਦੇਸ਼ਾਂ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ), ਨਵੀਨਤਾ, ਖੋਜ, ਤਕਨਾਲੋਜੀ, ਡਿਜੀਟਲ ਅਤੇ ਸਾਈਬਰ ਸਪੇਸ, ਸਿਹਤ, ਸਭਿਆਚਾਰ, ਅਰਥਚਾਰਾ, ਵਿਦਿਅਕ ਸਬੰਧਾਂ ਅਤੇ ਲੋਕਾਂ ਦਰਮਿਆਨ ਆਦਾਨ-ਪ੍ਰਦਾਨ ਵਰਗੇ ਖੇਤਰਾਂ ਵਿੱਚ ਸਹਿਯੋਗ ਵਧਾਇਆ ਹੈ। ਦੋਵਾਂ ਦੇਸ਼ਾਂ ਵਿਚਕਾਰ ਵਪਾਰ ਅਤੇ ਨਿਵੇਸ਼ ਸਬੰਧ ਗੂੜ੍ਹੇ ਹੋਏ ਹਨ ਅਤੇ ਦੋਵੇਂ ਦੇਸ਼ ਭਰੋਸੇਮੰਦ ਅਤੇ ਲਚਕੀਲੀਆਂ ਸਪਲਾਈ ਚੇਨਾਂ ਬਣਾਉਣ ਦੇ ਨਾਲ-ਨਾਲ ਆਪਣੀ ਆਰਥਿਕ ਸੁਰੱਖਿਆ ਦੀ ਰਾਖੀ ਲਈ ਸਹਿਯੋਗ ਕਰ ਰਹੇ ਹਨ। ਵਿਸ਼ੇਸ਼ ਆਲਮੀ ਰਣਨੀਤਕ ਭਾਈਵਾਲੀ ਦੀ ਸਥਾਪਨਾ ਰਾਹੀਂ, ਭਾਰਤ ਅਤੇ ਫ਼ਰਾਂਸ 'ਭਾਰਤ-ਫ਼ਰਾਂਸ ਹੋਰੀਜ਼ਨ 2047 ਰੋਡਮੈਪ' ਵੱਲੋਂ ਸੇਧਿਤ ਦੁਵੱਲੇ, ਖੇਤਰੀ ਅਤੇ ਆਲਮੀ ਪੱਧਰ 'ਤੇ ਡੂੰਘੇ ਸਹਿਯੋਗ ਅਤੇ ਤਾਲਮੇਲ ਲਈ ਵਚਨਬੱਧ ਹਨ।

ਦੋਵਾਂ ਨੇਤਾਵਾਂ ਨੇ ਵਿਗਿਆਨਕ ਗਿਆਨ, ਖੋਜ ਅਤੇ ਨਵੀਨਤਾ ਨੂੰ ਅੱਗੇ ਵਧਾਉਣ ਦੀ ਮਹੱਤਤਾ ਅਤੇ ਇਨ੍ਹਾਂ ਖੇਤਰਾਂ ਵਿੱਚ ਭਾਰਤ ਅਤੇ ਫ਼ਰਾਂਸ ਦੇ ਲੰਮੇ ਸਮੇਂ ਤੋਂ ਚੱਲ ਰਹੇ ਸਬੰਧਾਂ ਨੂੰ ਮਾਨਤਾ ਦਿੰਦੇ  ਹੋਏ ਸਾਂਝੇ ਤੌਰ 'ਤੇ '2026 ਭਾਰਤ-ਫ਼ਰਾਂਸ ਇਨੋਵੇਸ਼ਨ ਸਾਲ' ਦੀ ਸ਼ੁਰੂਆਤ ਕੀਤੀ। ਇਸ ਸਾਲ ਦੌਰਾਨ ਭਾਰਤ ਅਤੇ ਫ਼ਰਾਂਸ ਵਿੱਚ ਨਵੀਨਤਾ, ਵਿਗਿਆਨ ਅਤੇ ਤਕਨਾਲੋਜੀ, ਸਾਈਬਰ ਸਪੇਸ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ, ਸਿਹਤ ਸੰਭਾਲ, ਟਿਕਾਊ ਵਿਕਾਸ, ਸੱਭਿਆਚਾਰਕ ਅਤੇ ਰਚਨਾਤਮਕ ਅਰਥਚਾਰੇ, ਅਤੇ ਖੋਜ ਤੇ ਸਿੱਖਿਆ ਵਰਗੇ ਵੱਖ-ਵੱਖ ਖੇਤਰਾਂ ਵਿੱਚ ਕਈ ਅਹਿਮ ਸਹਿਯੋਗ ਦੇਖਣ ਨੂੰ ਮਿਲਣਗੇ। ਇਨ੍ਹਾਂ ਗਤੀਵਿਧੀਆਂ ਦਾ ਮਕਸਦ ਮੌਜੂਦਾ ਸਹਿਯੋਗ ਨੂੰ ਹੋਰ ਵਧੀਆ ਬਣਾਉਣਾ ਅਤੇ ਸਟਾਰਟ-ਅੱਪਸ, ਵਿੱਦਿਅਕ ਸੰਸਥਾਵਾਂ, ਖੋਜ ਅਦਾਰਿਆਂ ਅਤੇ ਉਦਯੋਗਾਂ ਵਿਚਕਾਰ ਨਵੇਂ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਹੈ। ਇਹ ਬਿਹਤਰ ਅਤੇ ਵਧੇਰੇ ਟਿਕਾਊ ਭਵਿੱਖ ਲਈ ਮਿਲ ਕੇ ਹੱਲ ਲੱਭਣ ਵਾਸਤੇ ਭਾਰਤ ਅਤੇ ਫ਼ਰਾਂਸ ਦੀ ਸਾਂਝੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਰਾਸ਼ਟਰਪਤੀ ਮੈਕਰੋਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਭਾਰਤ ਵੱਲੋਂ 'ਏਆਈ ਇੰਪੈਕਟ ਸਮਿਟ' ਦੇ ਸਫਲ ਪ੍ਰਬੰਧ ਲਈ ਵਧਾਈ ਦਿੱਤੀ। ਇਸ ਸੰਮੇਲਨ ਨੇ ਜੋਖਮਾਂ ਨੂੰ ਧਿਆਨ ਵਿੱਚ ਰੱਖਦਿਆਂ ਏਆਈ ਰਾਹੀਂ ਮਿਲਣ ਵਾਲੇ ਮੌਕਿਆਂ ਨੂੰ ਵੀ ਉਜਾਗਰ ਕੀਤਾ ਅਤੇ ਇਸ ਨੇ ਫਰਵਰੀ, 2025 ਵਿੱਚ ਪੈਰਿਸ ਵਿੱਚ ਫ਼ਰਾਂਸ ਵੱਲੋਂ ਕਰਵਾਏ ਗਏ ਅਤੇ ਰਾਸ਼ਟਰਪਤੀ ਮੈਕਰੋਨ ਤੇ ਪ੍ਰਧਾਨ ਮੰਤਰੀ ਮੋਦੀ ਦੀ ਸਹਿ-ਪ੍ਰਧਾਨਗੀ ਵਾਲੇ 'ਏਆਈ ਐਕਸ਼ਨ ਸਮਿਟ' ਵਿੱਚ ਹੋਈ ਤਰੱਕੀ ਨੂੰ ਅੱਗੇ ਵਧਾਇਆ। 'ਆਰਟੀਫਿਸ਼ੀਅਲ ਇੰਟੈਲੀਜੈਂਸ 'ਤੇ ਭਾਰਤ-ਫ਼ਰਾਂਸ ਐਲਾਨਨਾਮੇ' ਨੂੰ ਯਾਦ ਕਰਦਿਆਂ ਦੋਵਾਂ ਨੇਤਾਵਾਂ ਨੇ ਲੋਕਾਂ, ਜਨਤਕ ਭਲੇ, ਧਰਤੀ ਅਤੇ ਸਾਡੇ ਲੋਕਾਂ ਦੀ ਤਰੱਕੀ ਦੀ ਸੇਵਾ ਕਰਨ ਵਾਲੀ ਸੁਰੱਖਿਅਤ ਅਤੇ ਭਰੋਸੇਯੋਗ ਏਆਈ ਪ੍ਰਤੀ ਆਪਣੀ ਵਚਨਬੱਧਤਾ ਪ੍ਰਗਟਾਈ। ਦੋਵਾਂ ਧਿਰਾਂ ਨੇ ਖੁੱਲ੍ਹੇਪਣ ਰਾਹੀਂ ਏਆਈ ਸਾਧਨਾਂ ਨੂੰ ਸਾਰਿਆਂ ਤੱਕ ਪਹੁੰਚਾਉਣ ਅਤੇ ਆਲਮੀ ਏਆਈ ਪਾੜੇ ਨੂੰ ਦੂਰ ਕਰਨ ਨੂੰ ਮਹੱਤਵਪੂਰਨ ਸਿਧਾਂਤਾਂ ਵਜੋਂ ਮੰਨਿਆ। ਫ਼ਰਾਂਸ ਨੇ 'ਲਚਕੀਲੇਪਨ, ਨਵੀਨਤਾ ਅਤੇ ਕਾਰਜਕੁਸ਼ਲਤਾ 'ਤੇ ਕਾਰਜ ਸਮੂਹ' ਦੇ ਸਹਿ-ਪ੍ਰਧਾਨ ਵਜੋਂ ਵੀ ਕਾਫ਼ੀ ਯੋਗਦਾਨ ਪਾਇਆ।

ਰਾਸ਼ਟਰਪਤੀ ਮੈਕਰੋਨ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ 2026 ਵਿੱਚ ਫ਼ਰਾਂਸ ਵੱਲੋਂ ਕਰਵਾਏ ਜਾਣ ਵਾਲੇ 'ਜੀ7 ਸਿਖਰ ਸੰਮੇਲਨ' ਵਿੱਚ ਹਿੱਸਾ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਭਾਰਤ ਨੂੰ ਸਿਖਰ ਸੰਮੇਲਨ ਤੋਂ ਪਹਿਲਾਂ ਹੋਣ ਵਾਲੀਆਂ ਚਰਚਾਵਾਂ ਅਤੇ ਤਿਆਰੀ ਦੇ ਕੰਮ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਸੱਦਾ ਦਿੱਤਾ, ਖ਼ਾਸ ਕਰਕੇ ਆਲਮੀ ਆਰਥਿਕ ਅਸੰਤੁਲਨ ਨਾਲ ਨਜਿੱਠਣ ਅਤੇ ਅੰਤਰਰਾਸ਼ਟਰੀ ਭਾਈਵਾਲੀ ਅਤੇ ਏਕਤਾ ਲਈ ਇੱਕ ਨਵਾਂ ਢਾਂਚਾ ਤਿਆਰ ਕਰਨ ਦੇ ਮੁੱਦਿਆਂ 'ਤੇ। ਪ੍ਰਧਾਨ ਮੰਤਰੀ ਮੋਦੀ ਨੇ ਸੱਦੇ ਦਾ ਨਿੱਘਾ ਸਵਾਗਤ ਕੀਤਾ ਅਤੇ ਜੀ7 ਨਾਲ ਭਾਰਤ ਦੀ ਲੰਬੇ ਸਮੇਂ ਦੀ ਭਾਈਵਾਲੀ ਅਤੇ ਆਲਮੀ ਆਰਥਿਕ ਅਸੰਤੁਲਨ, ਵਿਕਾਸ ਫੰਡਿੰਗ, ਅੰਤਰਰਾਸ਼ਟਰੀ ਭਾਈਵਾਲੀ, ਆਰਥਿਕ ਸੁਰੱਖਿਆ, ਲਚਕੀਲੀਆਂ ਸਪਲਾਈ ਚੇਨਾਂ, ਜਲਵਾਯੂ ਕਾਰਵਾਈ ਅਤੇ ਅੰਤਰਰਾਸ਼ਟਰੀ ਸੁਰੱਖਿਆ ਵਰਗੇ ਮਸਲਿਆਂ ਨੂੰ ਹੱਲ ਕਰਨ ਲਈ ਆਲਮੀ ਚਰਚਾਵਾਂ ਵਿੱਚ ਉਸਾਰੂ ਯੋਗਦਾਨ ਪਾਉਣ ਦੇ ਵਾਅਦੇ ਨੂੰ ਦੁਹਰਾਇਆ। ਦੋਵਾਂ ਨੇਤਾਵਾਂ ਨੇ ਭਰੋਸਾ ਜਤਾਇਆ ਕਿ ਭਾਰਤ ਦੀ ਸ਼ਮੂਲੀਅਤ ਆਲਮੀ ਚੁਣੌਤੀਆਂ ਨਾਲ ਨਜਿੱਠਣ ਅਤੇ ਇੱਕ ਵਧੇਰੇ ਸੰਤੁਲਿਤ, ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲੀ ਅਤੇ ਲਚਕੀਲੀ ਅੰਤਰਰਾਸ਼ਟਰੀ ਵਿਵਸਥਾ ਨੂੰ ਉਤਸ਼ਾਹਿਤ ਕਰਨ ਲਈ ਸਾਂਝੇ ਯਤਨਾਂ ਨੂੰ ਹੋਰ ਮਜ਼ਬੂਤ ਕਰੇਗੀ। ਦੋਵਾਂ ਨੇਤਾਵਾਂ ਨੇ ਆਲਮੀ ਚੁਣੌਤੀਆਂ, ਖ਼ਾਸ ਕਰਕੇ ਆਰਥਿਕ ਮੁੱਦਿਆਂ ਨਾਲ ਮਿਲ ਕੇ ਨਜਿੱਠਣ ਲਈ ਸਾਂਝੇ ਯਤਨਾਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ।

ਰਾਸ਼ਟਰਪਤੀ ਮੈਕਰੋਨ ਨੇ ਰਾਸ਼ਟਰਪਤੀ ਰੂਟੋ ਨਾਲ ਮਿਲ ਕੇ ਪ੍ਰਧਾਨ ਮੰਤਰੀ ਮੋਦੀ ਨੂੰ 11 ਅਤੇ 12 ਮਈ, 2026 ਨੂੰ ਨੈਰੋਬੀ, ਕੀਨੀਆ ਵਿੱਚ ਹੋਣ ਵਾਲੇ "ਅਫਰੀਕਾ ਫਾਰਵਰਡ: ਨਵੀਨਤਾ ਅਤੇ ਵਿਕਾਸ ਲਈ ਅਫਰੀਕਾ ਅਤੇ ਫ਼ਰਾਂਸ ਵਿਚਕਾਰ ਭਾਈਵਾਲੀ" ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਦਿੱਤੇ ਗਏ ਸਾਂਝੇ ਸੱਦੇ ਦਾ ਜ਼ਿਕਰ ਕੀਤਾ। ਫ਼ਰਾਂਸ ਅਤੇ ਅਫਰੀਕੀ ਦੇਸ਼ਾਂ ਦੋਵਾਂ ਨਾਲ ਭਾਰਤ ਦੇ ਲੰਬੇ ਸਮੇਂ ਤੋਂ ਚੱਲ ਰਹੇ ਦੋਸਤਾਨਾ ਸਬੰਧਾਂ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਸੱਦੇ ਲਈ ਧੰਨਵਾਦ ਕੀਤਾ ਅਤੇ ਆਪਸੀ ਹਿੱਤ ਦੇ ਖੇਤਰਾਂ, ਖ਼ਾਸ ਕਰਕੇ ਊਰਜਾ ਤਬਦੀਲੀ, ਆਰਟੀਫਿਸ਼ੀਅਲ ਇੰਟੈਲੀਜੈਂਸ, ਸਿਹਤ, ਖੇਤੀਬਾੜੀ ਅਤੇ ਨੀਲੀ ਅਰਥ-ਵਿਵਸਥਾ ਵਿੱਚ ਸਹਿਯੋਗ ਦਾ ਭਰੋਸਾ ਦਿੱਤਾ।

ਦੋਵਾਂ ਨੇਤਾਵਾਂ ਨੇ ਇੰਡੋ-ਪੈਸੀਫਿਕ ਖੇਤਰ ਅਤੇ ਇਸ ਤੋਂ ਬਾਹਰ ਨਿਯਮਾਂ-ਅਧਾਰਿਤ ਵਿਵਸਥਾ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ। ਸਬੰਧਾਂ ਦਾ ਇਹ ਉੱਚਾ ਪੱਧਰ ਭਵਿੱਖ ਦੇ ਖੇਤਰਾਂ ਵਿੱਚ ਦੋਵਾਂ ਦੇਸ਼ਾਂ ਦਰਮਿਆਨ ਸਹਿਯੋਗ ਨੂੰ ਮਜ਼ਬੂਤ ਕਰੇਗਾ, ਤਾਂ ਜੋ ਉਨ੍ਹਾਂ ਦੀ ਪ੍ਰਭੂਸੱਤਾ ਅਤੇ ਫੈਸਲੇ ਲੈਣ ਦੀ ਖੁਦਮੁਖਤਿਆਰੀ ਨੂੰ ਪੱਕਾ ਕੀਤਾ ਜਾ ਸਕੇ, ਅਤੇ ਸਾਡੀ ਦੁਨੀਆ ਨੂੰ ਦਰਪੇਸ਼ ਮੁੱਖ ਚੁਣੌਤੀਆਂ ਦਾ ਮਿਲ ਕੇ ਮੁਕਾਬਲਾ ਕੀਤਾ ਜਾ ਸਕੇ, ਜਿਸ ਵਿੱਚ ਭਾਰਤ ਅਤੇ ਯੂਰਪੀ ਸੰਘ ਵਿਚਕਾਰ ਸਹਿਯੋਗ ਵੀ ਸ਼ਾਮਲ ਹੈ।

ਉਨ੍ਹਾਂ ਨੇ ਇੱਕ ਬਰਾਬਰ ਅਤੇ ਸ਼ਾਂਤੀਪੂਰਨ ਅੰਤਰਰਾਸ਼ਟਰੀ ਵਿਵਸਥਾ ਕਾਇਮ ਰੱਖਣ, ਗੰਭੀਰ ਆਲਮੀ ਚੁਣੌਤੀਆਂ ਨਾਲ ਨਜਿੱਠਣ ਅਤੇ ਤਕਨੀਕੀ ਅਤੇ ਆਰਥਿਕ ਖੇਤਰਾਂ ਸਮੇਤ ਉੱਭਰ ਰਹੇ ਵਿਕਾਸ ਲਈ ਦੁਨੀਆ ਨੂੰ ਤਿਆਰ ਕਰਨ ਵਾਸਤੇ ਸੁਧਾਰੇ ਹੋਏ ਅਤੇ ਅਸਰਦਾਰ ਬਹੁਪੱਖੀਵਾਦ ਦੀ ਆਪਣੀ ਮੰਗ ਦੁਹਰਾਈ। ਦੋਵਾਂ ਨੇਤਾਵਾਂ ਨੇ ਖ਼ਾਸ ਤੌਰ 'ਤੇ, ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਸੁਧਾਰ ਦੀ ਫੌਰੀ ਲੋੜ 'ਤੇ ਜ਼ੋਰ ਦਿੱਤਾ। ਉਹ ਬਹੁਪੱਖੀ ਮੰਚਾਂ 'ਤੇ, ਯੂਐੱਨਐੱਸਸੀ ਮਾਮਲਿਆਂ ਸਮੇਤ, ਨੇੜਿਓਂ ਤਾਲਮੇਲ ਕਰਨ ਲਈ ਸਹਿਮਤ ਹੋਏ, ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਸੁਧਾਰ 'ਤੇ ਸਰਕਾਰਾਂ ਵਿਚਕਾਰ ਗੱਲਬਾਤ ਨੂੰ ਪੂਰਾ ਕਰਨ ਲਈ ਆਪਣੇ ਯਤਨ ਜਾਰੀ ਰੱਖਣ ਦਾ ਪ੍ਰਣ ਲਿਆ। ਫ਼ਰਾਂਸ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਸਥਾਈ ਮੈਂਬਰਸ਼ਿਪ ਲਈ ਭਾਰਤ ਦੇ ਸਮਰਥਨ ਨੂੰ ਦੁਹਰਾਇਆ। ਉਹ ਸਮੂਹਿਕ ਅੱਤਿਆਚਾਰਾਂ ਦੇ ਮਾਮਲਿਆਂ ਵਿੱਚ ਵੀਟੋ ਦੀ ਵਰਤੋਂ ਦੇ ਨਿਯਮ ਬਾਰੇ ਗੱਲਬਾਤ ਨੂੰ ਮਜ਼ਬੂਤ ਕਰਨ ਲਈ ਸਹਿਮਤ ਹੋਏ। ਉਨ੍ਹਾਂ ਨੇ ਲੰਬੇ ਸਮੇਂ ਦੀਆਂ ਆਲਮੀ ਚੁਣੌਤੀਆਂ ਅਤੇ ਮੌਜੂਦਾ ਅੰਤਰਰਾਸ਼ਟਰੀ ਘਟਨਾਕ੍ਰਮ 'ਤੇ ਵਿਆਪਕ ਚਰਚਾ ਕੀਤੀ ਅਤੇ ਆਪਣੀ ਸ਼ਮੂਲੀਅਤ ਨੂੰ ਤੇਜ਼ ਕਰਨ ਲਈ ਸਹਿਮਤ ਹੋਏ।

ਦੋਵਾਂ ਨੇਤਾਵਾਂ ਨੇ ਭਾਰਤ-ਯੂਰਪੀ ਸੰਘ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਮੁੱਖ ਮਹੱਤਤਾ 'ਤੇ ਵੀ ਜ਼ੋਰ ਦਿੱਤਾ ਅਤੇ ਭਾਰਤ ਅਤੇ ਯੂਰਪੀ ਸੰਘ ਦਰਮਿਆਨ ਇਤਿਹਾਸਕ ਸਿਖਰ ਸੰਮੇਲਨ ਦਾ ਸਵਾਗਤ ਕੀਤਾ, ਜਿਸ ਦੌਰਾਨ 'ਭਾਰਤ-ਯੂਰਪੀ ਸੰਘ ਮੁਕਤ ਵਪਾਰ ਸਮਝੌਤੇ' ਦੀ ਗੱਲਬਾਤ ਪੂਰੀ ਹੋਈ ਸੀ। ਇਹ ਐੱਫਟੀਏ ਭਾਰਤ, ਫ਼ਰਾਂਸ ਅਤੇ ਯੂਰਪ ਵਿਚਕਾਰ ਹੋਰ ਆਰਥਿਕ ਸਹਿਯੋਗ ਲਈ ਮੌਕੇ ਖੋਲ੍ਹੇਗਾ, ਸਾਡੇ ਕਾਰੋਬਾਰਾਂ ਦੀ ਮੁਕਾਬਲੇਬਾਜ਼ੀ ਨੂੰ ਮਜ਼ਬੂਤ ਕਰੇਗਾ ਅਤੇ ਟਿਕਾਊ ਖ਼ੁਸ਼ਹਾਲੀ ਤੇ ਲਚਕੀਲੀਆਂ ਮੁੱਲ ਲੜੀਆਂ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰੇਗਾ। ਦੋਵਾਂ ਨੇਤਾਵਾਂ ਨੇ ਸੁਰੱਖਿਆ ਅਤੇ ਰੱਖਿਆ ਭਾਈਵਾਲੀ ਦੇ ਸਿੱਟੇ ਦਾ ਸਵਾਗਤ ਕੀਤਾ, ਜੋ ਯੂਰਪੀ ਸੰਘ ਅਤੇ ਭਾਰਤ ਦੀ ਰਣਨੀਤਕ ਖੁਦਮੁਖਤਿਆਰੀ ਵਿੱਚ ਯੋਗਦਾਨ ਪਾਵੇਗਾ ਅਤੇ ਸਮੁੰਦਰੀ ਸੁਰੱਖਿਆ, ਸਾਈਬਰ ਸੁਰੱਖਿਆ, ਹਾਈਬ੍ਰਿਡ ਖਤਰੇ, ਪੁਲਾੜ ਅਤੇ ਅੱਤਵਾਦ ਦਾ ਮੁਕਾਬਲਾ ਕਰਨ ਵਰਗੀਆਂ ਸਾਂਝੀਆਂ ਸੁਰੱਖਿਆ ਚੁਣੌਤੀਆਂ 'ਤੇ ਡੂੰਘਾਈ ਨਾਲ ਆਦਾਨ-ਪ੍ਰਦਾਨ ਅਤੇ ਸਹਿਯੋਗ ਲਈ ਇੱਕ ਢਾਂਚਾ ਪ੍ਰਦਾਨ ਕਰੇਗਾ ਅਤੇ ਆਪਸੀ ਲਾਭਕਾਰੀ ਰੱਖਿਆ ਉਦਯੋਗਿਕ ਸਹਿਯੋਗ ਨੂੰ ਉਤਸ਼ਾਹਿਤ ਕਰੇਗਾ।

ਦੋਵਾਂ ਨੇਤਾਵਾਂ ਨੇ ਯੂਕਰੇਨ ਵਿੱਚ ਜੰਗ 'ਤੇ ਆਪਣੀ ਚਿੰਤਾ ਦੁਹਰਾਈ, ਜੋ ਬਹੁਤ ਜ਼ਿਆਦਾ ਮਨੁੱਖੀ ਦੁੱਖ ਅਤੇ ਮਾੜੇ ਆਲਮੀ ਨਤੀਜਿਆਂ ਦਾ ਕਾਰਨ ਬਣੀ ਹੋਈ ਹੈ। ਉਨ੍ਹਾਂ ਨੇ ਦੁਸ਼ਮਣੀ ਖਤਮ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਸੰਯੁਕਤ ਰਾਸ਼ਟਰ ਚਾਰਟਰ ਅਤੇ ਅੰਤਰਰਾਸ਼ਟਰੀ ਕਾਨੂੰਨ ਦੇ ਸਿਧਾਂਤਾਂ, ਜਿਸ ਵਿੱਚ ਆਜ਼ਾਦੀ, ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਸ਼ਾਮਲ ਹੈ, ਦੇ ਅਨੁਸਾਰ ਗੱਲਬਾਤ ਅਤੇ ਕੂਟਨੀਤੀ ਰਾਹੀਂ ਯੂਕ੍ਰੇਨ ਵਿੱਚ ਇੱਕ ਵਿਆਪਕ, ਨਿਆਂਪੂਰਨ ਅਤੇ ਪੱਕੀ ਸ਼ਾਂਤੀ ਲਈ ਸਮਰਥਨ ਪ੍ਰਗਟ ਕੀਤਾ।

ਦੋਵਾਂ ਧਿਰਾਂ ਨੇ ਈਰਾਨ ਅਤੇ ਖੇਤਰ ਵਿੱਚ ਚਿੰਤਾ ਦੇ ਤਾਜ਼ਾ ਘਟਨਾਕ੍ਰਮ 'ਤੇ ਚਰਚਾ ਕੀਤੀ। ਉਨ੍ਹਾਂ ਨੇ ਸ਼ਾਂਤੀਪੂਰਨ ਢੰਗ ਨਾਲ ਮਸਲਿਆਂ ਨੂੰ ਹੱਲ ਕਰਨ ਲਈ ਗੱਲਬਾਤ ਅਤੇ ਕੂਟਨੀਤੀ ਦੀ ਮਹੱਤਤਾ 'ਤੇ ਜ਼ੋਰ ਦਿੱਤਾ।

ਦੋਵਾਂ ਨੇਤਾਵਾਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵੱਲੋਂ ਅਪਣਾਏ ਗਏ ਮਤੇ 2803 ਅਤੇ ਨਿਊਯਾਰਕ ਐਲਾਨਨਾਮੇ ਵਿੱਚ ਦਰਜ ਸਿਧਾਂਤਾਂ ਦੇ ਅਨੁਸਾਰ ਗਾਜ਼ਾ ਲਈ ਸ਼ਾਂਤੀ ਯੋਜਨਾ ਨੂੰ ਲਾਗੂ ਕਰਨ ਲਈ ਆਪਣਾ ਸਮਰਥਨ ਪ੍ਰਗਟ ਕੀਤਾ। ਉਨ੍ਹਾਂ ਨੇ ਸਾਰੀਆਂ ਧਿਰਾਂ ਨੂੰ ਮਤੇ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਲਈ ਉਤਸ਼ਾਹਿਤ ਕੀਤਾ। ਦੋਵਾਂ ਧਿਰਾਂ ਨੇ ਨਿਆਂਪੂਰਨ ਅਤੇ ਪੱਕੀ ਸ਼ਾਂਤੀ ਲਈ ਯਤਨਾਂ ਦਾ ਸਮਰਥਨ ਕਰਨ ਦੀ ਆਪਣੀ ਤਿਆਰੀ ਦੁਹਰਾਈ ਅਤੇ ਪੂਰੀ ਗਾਜ਼ਾ ਪੱਟੀ ਵਿੱਚ ਤੇਜ਼, ਸੁਰੱਖਿਅਤ ਅਤੇ ਬੇਰੋਕ ਸਹਾਇਤਾ ਪਹੁੰਚਾਉਣ ਦੀ ਲੋੜ 'ਤੇ ਜ਼ੋਰ ਦਿੱਤਾ। ਦੋਵਾਂ ਨੇਤਾਵਾਂ ਨੇ ਗੱਲਬਾਤ ਅਤੇ ਕੂਟਨੀਤੀ ਰਾਹੀਂ ਦੋ-ਰਾਜ ਹੱਲ ਨੂੰ ਲਾਗੂ ਕਰਨ ਦੇ ਆਧਾਰ 'ਤੇ ਇੱਕ ਨਿਆਂਪੂਰਨ ਅਤੇ ਪੱਕੇ ਹੱਲ ਲਈ ਭਾਰਤ ਅਤੇ ਫ਼ਰਾਂਸ ਦੀ ਵਚਨਬੱਧਤਾ ਦੁਹਰਾਈ।

I. ਸੁਰੱਖਿਆ ਅਤੇ ਪ੍ਰਭੂਸੱਤਾ ਲਈ ਭਾਈਵਾਲੀ

ਫ਼ਰਾਂਸ ਅਤੇ ਭਾਰਤ ਦਰਮਿਆਨ ਡੂੰਘੇ ਅਤੇ ਲੰਮੇ ਸਮੇਂ ਤੋਂ ਚੱਲ ਰਹੇ ਰੱਖਿਆ ਸਹਿਯੋਗ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਮੈਕਰੋਨ ਨੇ 2024 ਵਿੱਚ ਸਹਿਮਤ ਹੋਏ ਉਤਸ਼ਾਹੀ 'ਰੱਖਿਆ ਉਦਯੋਗਿਕ ਰੋਡਮੈਪ' ਅਨੁਸਾਰ ਹਵਾਈ, ਜਲ ਸੈਨਾ ਅਤੇ ਜ਼ਮੀਨੀ ਪ੍ਰਣਾਲੀਆਂ ਅਤੇ ਉੱਭਰਦੀਆਂ ਦੋਹਰੀ ਵਰਤੋਂ ਵਾਲੀਆਂ ਤਕਨਾਲੋਜੀਆਂ ਦੇ ਖੇਤਰ ਸਮੇਤ ਆਧੁਨਿਕ ਰੱਖਿਆ ਪਲੇਟਫਾਰਮਾਂ ਦੀ ਸਾਂਝੀ ਖੋਜ, ਸਹਿ-ਡਿਜ਼ਾਈਨ, ਸਹਿ-ਵਿਕਾਸ ਅਤੇ ਸਹਿ-ਉਤਪਾਦਨ ਨੂੰ ਤੇਜ਼ ਕਰਨ 'ਤੇ ਸਹਿਮਤੀ ਪ੍ਰਗਟਾਈ। ਉਨ੍ਹਾਂ ਨੇ ਇਸ ਦੌਰੇ ਦੌਰਾਨ ਦੋਵਾਂ ਦੇਸ਼ਾਂ ਦੇ ਰੱਖਿਆ ਮੰਤਰੀਆਂ ਦਰਮਿਆਨ 'ਸਾਲਾਨਾ ਰੱਖਿਆ ਵਾਰਤਾ' ਬੁਲਾਉਣ ਦੀ ਉਮੀਦ ਜਤਾਈ। ਉਨ੍ਹਾਂ ਨੇ ਨਵੰਬਰ, 2025 ਵਿੱਚ ਡੀਜੀਏ ਅਤੇ ਡੀਆਰਡੀਓ ਦਰਮਿਆਨ ਰੱਖਿਆ ਤਕਨਾਲੋਜੀਆਂ ਵਿੱਚ ਸਹਿਯੋਗ ਲਈ ਇੱਕ 'ਤਕਨੀਕੀ ਪ੍ਰਬੰਧ' 'ਤੇ ਦਸਤਖ਼ਤ ਕਰਨ ਦਾ ਵੀ ਸਵਾਗਤ ਕੀਤਾ ਜੋ ਦੋਵਾਂ ਏਜੰਸੀਆਂ ਵਿਚਕਾਰ ਖੋਜ ਅਤੇ ਵਿਕਾਸ ਭਾਈਵਾਲੀ ਲਈ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ। ਭਾਰਤ ਅਤੇ ਫ਼ਰਾਂਸ ਦਰਮਿਆਨ ਉੱਚ ਤਕਨਾਲੋਜੀ ਸਹਿਯੋਗ ਵਿੱਚ ਮੌਜੂਦਾ ਭਰੋਸੇ ਨੂੰ ਅਧਾਰ ਬਣਾਉਂਦੇ ਹੋਏ, ਦੋਵੇਂ ਨੇਤਾ ਮੁਕਾਬਲੇਬਾਜ਼ੀ ਫੌਜੀ ਬੜ੍ਹਤ ਬਣਾਈ ਰੱਖਣ ਅਤੇ ਸਪਲਾਈ ਚੇਨ ਦੀਆਂ ਕਮਜ਼ੋਰੀਆਂ ਨੂੰ ਘਟਾਉਣ ਲਈ ਪਛਾਣੇ ਗਏ ਖ਼ਾਸ ਖੇਤਰਾਂ ਵਿੱਚ ਉੱਭਰਦੀਆਂ ਅਤੇ ਮਹੱਤਵਪੂਰਨ ਤਕਨਾਲੋਜੀਆਂ ਨੂੰ ਸਹਿ-ਵਿਕਸਿਤ ਕਰਨ ਦੇ ਮੌਕੇ ਲੱਭਣ ਲਈ ਇੱਕ 'ਜੁਆਇੰਟ ਐਡਵਾਂਸਡ ਟੈਕਨਾਲੋਜੀ ਡਿਵੈਲਪਮੈਂਟ ਗਰੁੱਪ' ਦਾ ਗਠਨ ਕਰਨ ਲਈ ਸਹਿਮਤ ਹੋਏ।

ਉਨ੍ਹਾਂ ਨੇ ਹੈਲੀਕਾਪਟਰ ਅਤੇ ਜੈੱਟ ਇੰਜਣਾਂ ਵਿੱਚ ਰੱਖਿਆ ਸਹਿਯੋਗ ਨੂੰ ਅੱਗੇ ਵਧਾਉਣ ਬਾਰੇ ਚੱਲ ਰਹੀ ਚਰਚਾ ਅਤੇ ਦੋਵਾਂ ਪਾਸਿਆਂ ਦੀਆਂ ਸਬੰਧਤ ਸੰਸਥਾਵਾਂ ਵਿਚਕਾਰ ਵਧੀਆ ਸਹਿਯੋਗ ਦਾ ਸਵਾਗਤ ਕੀਤਾ। ਖ਼ਾਸ ਤੌਰ 'ਤੇ, ਦੋਵਾਂ ਨੇਤਾਵਾਂ ਨੇ 26 ਰਾਫੇਲ-ਮਰੀਨ ਲੜਾਕੂ ਜਹਾਜ਼ ਖਰੀਦਣ ਦੇ ਠੇਕੇ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਰੱਖਿਆ ਹਵਾਬਾਜ਼ੀ ਵਿੱਚ ਆਪਣੀ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੀ ਇੱਛਾ ਜ਼ਾਹਰ ਕੀਤੀ, ਖ਼ਾਸ ਕਰਕੇ 'ਮੇਕ ਇਨ ਇੰਡੀਆ' ਪਹਿਲਕਦਮੀ ਤਹਿਤ ਲੜਾਕੂ ਜਹਾਜ਼ਾਂ ਅਤੇ ਲੜਾਕੂ ਜਹਾਜ਼ ਇੰਜਣਾਂ ਦੇ ਨਿਰਮਾਣ ਦੇ ਖੇਤਰ ਵਿੱਚ, ਅਤੇ ਇਸ ਸਬੰਧ ਵਿੱਚ ਹਾਲੀਆ ਸਕਾਰਾਤਮਕ ਘਟਨਾਕ੍ਰਮਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਸਫਰਾਨ ਸਮੂਹ ਦੀਆਂ ਸਬੰਧਤ ਸੰਸਥਾਵਾਂ ਅਤੇ ਉਨ੍ਹਾਂ ਦੇ ਭਾਰਤੀ ਹਮਰੁਤਬਾ ਵਿਚਕਾਰ ਸ਼ਾਨਦਾਰ ਸਹਿਯੋਗ ਨੂੰ ਨੋਟ ਕੀਤਾ। ਉਨ੍ਹਾਂ ਨੇ 'ਇੰਡੀਅਨ ਮਲਟੀ ਰੋਲ ਹੈਲੀਕਾਪਟਰ' ਦੇ ਵਿਕਾਸ ਲਈ ਸਫਰਾਨ ਅਤੇ ਹਾਲ ਦਰਮਿਆਨ ਚੱਲ ਰਹੀ ਭਾਈਵਾਲੀ ਦੀ ਸ਼ਲਾਘਾ ਕੀਤੀ। ਦੋਵਾਂ ਧਿਰਾਂ ਨੇ ਲੀਪ ਇੰਜਣ ਲਈ ਰੱਖ-ਰਖਾਅ, ਮੁਰੰਮਤ ਅਤੇ ਓਵਰਹਾਲ ਸਹੂਲਤ ਦੇ ਉਦਘਾਟਨ, ਰਾਫੇਲ ਜਹਾਜ਼ਾਂ 'ਤੇ ਲੱਗੇ ਐੱਮ-88 ਇੰਜਣਾਂ ਲਈ ਐੱਮਆਰਓ ਸਹੂਲਤ ਦੀ ਸਥਾਪਨਾ ਅਤੇ ਭਾਰਤ ਵਿੱਚ ਹੈਮਰ ਮਿਜ਼ਾਈਲਾਂ ਬਣਾਉਣ ਲਈ ਭਾਰਤ ਇਲੈਕਟ੍ਰਾਨਿਕਸ ਲਿਮਟਿਡ ਨਾਲ ਸੰਯੁਕਤ ਉੱਦਮ ਦਾ ਸਵਾਗਤ ਕੀਤਾ। ਦੋਵਾਂ ਨੇਤਾਵਾਂ ਨੇ ਸਾਂਝੇ ਤੌਰ 'ਤੇ ਐੱਚ125 ਫਾਈਨਲ ਅਸੈਂਬਲੀ ਲਾਈਨ ਦਾ ਵੀ ਉਦਘਾਟਨ ਕੀਤਾ, ਜੋ ਭਾਰਤ ਵਿੱਚ ਆਪਣੀ ਕਿਸਮ ਦੀ ਪਹਿਲੀ ਨਿੱਜੀ ਖੇਤਰ ਦੀ ਹੈਲੀਕਾਪਟਰ ਨਿਰਮਾਣ ਸਹੂਲਤ ਹੈ, ਇੱਕ ਇਤਿਹਾਸਕ 'ਮੇਕ ਇਨ ਇੰਡੀਆ' ਮੀਲ ਪੱਥਰ, ਜੋ ਟਾਟਾ ਐਡਵਾਂਸਡ ਸਿਸਟਮਜ਼ ਅਤੇ ਏਅਰਬੱਸ ਦੀ ਤਾਕਤ ਨੂੰ ਜੋੜ ਕੇ ਭਾਰਤ ਦੇ ਵਧਦੇ ਬਾਜ਼ਾਰ ਦੀ ਸੇਵਾ ਕਰੇਗਾ ਅਤੇ ਤੀਜੇ ਦੇਸ਼ਾਂ ਨੂੰ ਬਰਾਮਦ ਕਰੇਗਾ। ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੀ ਪਿਨਾਕਾ ਐੱਮਬੀਆਰਐੱਲ ਵਿੱਚ ਫਰਾਂਸੀਸੀ ਪੱਖ ਦੀ ਵਧ ਰਹੀ ਦਿਲਚਸਪੀ ਦੀ ਸ਼ਲਾਘਾ ਕੀਤੀ।

ਦੋਵਾਂ ਨੇਤਾਵਾਂ ਨੇ ਭਾਰਤ ਵਿੱਚ ਬਣੇ ਸਕਾਰਪੀਨ ਪ੍ਰੋਗਰਾਮ (ਪੀ75 - ਕਲਵਰੀ) ਦੀ ਸਫਲਤਾ ਨੂੰ ਉਜਾਗਰ ਕੀਤਾ, ਜਿਸ ਦੀ 6ਵੀਂ ਪਣਡੁੱਬੀ 15 ਜਨਵਰੀ, 2025 ਨੂੰ ਭਾਰਤੀ ਜਲ ਸੈਨਾ ਨੂੰ ਸੌਂਪੀ ਗਈ ਸੀ ਅਤੇ ਪਣਡੁੱਬੀਆਂ ਵਿੱਚ ਸਹਿਯੋਗ ਜਾਰੀ ਰੱਖਣ ਦਾ ਸਵਾਗਤ ਕੀਤਾ।

ਦੋਵਾਂ ਨੇਤਾਵਾਂ ਨੇ ਸਾਰੇ ਖੇਤਰਾਂ ਵਿੱਚ ਲਗਾਤਾਰ ਦੁਵੱਲੇ ਫੌਜੀ ਅਭਿਆਸਾਂ ਦੀ ਸ਼ਲਾਘਾ ਕੀਤੀ। 2025 ਵਿੱਚ ਤਿੰਨ ਵੱਡੇ ਅਭਿਆਸ (ਵਰੁਣ, ਸ਼ਕਤੀ ਅਤੇ ਗਰੁੜ) ਹੋਏ ਸਨ। ਇਸ ਤੋਂ ਇਲਾਵਾ ਦੋਵੇਂ ਦੇਸ਼ਾਂ ਨੇ ਕਈ ਹੋਰ ਸਾਂਝੇ ਅਭਿਆਸਾਂ ਵਿੱਚ ਵੀ ਹਿੱਸਾ ਲਿਆ, ਜਿਵੇਂ ਕਿ ਭਾਰਤ ਨੇ ਫ਼ਰਾਂਸ ਦੇ ਪੁਲਾੜ ਫੌਜੀ ਅਭਿਆਸਾਂ ਵਿੱਚ ਭਾਗ ਲਿਆ। ਉਨ੍ਹਾਂ ਨੇ ਦੋਵਾਂ ਦੇਸ਼ਾਂ ਦੇ ਜਹਾਜ਼ਾਂ ਦੀਆਂ ਨਿਯਮਤ ਫੇਰੀਆਂ ਦਾ ਵੀ ਸਵਾਗਤ ਕੀਤਾ। ਦੋਵੇਂ ਨੇਤਾ ਇਸ ਗੱਲ 'ਤੇ ਸਹਿਮਤ ਹੋਏ ਕਿ 2026 ਵਿੱਚ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਦੇ ਅਧਿਕਾਰੀ ਇੱਕ-ਦੂਜੇ ਦੀਆਂ ਫ਼ੌਜਾਂ ਵਿੱਚ ਤਾਇਨਾਤ ਕੀਤੇ ਜਾਣਗੇ, ਜਿਸ ਨਾਲ ਆਪਸੀ ਸਮਝ ਵਧੇਗੀ। ਉਨ੍ਹਾਂ ਨੇ ਉਮੀਦ ਜਤਾਈ ਕਿ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਵਿਚਕਾਰ ਸਾਂਝੇ ਕੰਮਕਾਜ ਹੋਰ ਵਧਣਗੇ।

ਦੋਵਾਂ ਨੇਤਾਵਾਂ ਨੇ ਜਨਵਰੀ, 2024 ਵਿੱਚ ਦਸਤਖ਼ਤ ਕੀਤੇ ਗਏ 'ਲੈਟਰ ਆਫ ਇੰਟੈਂਟ' ਮੁਤਾਬਕ ਰੱਖਿਆ ਪੁਲਾੜ ਖੇਤਰ ਵਿੱਚ ਸਹਿਯੋਗ ਨੂੰ ਗੂੜ੍ਹਾ ਕਰਨ ਦਾ ਵਾਅਦਾ ਦੁਹਰਾਇਆ। ਡੀਆਰਡੀਓ ਅਤੇ ਡੀਜੀਏ ਵਿਚਕਾਰ ਹੋਇਆ 'ਤਕਨੀਕੀ ਸਮਝੌਤਾ' ਇਸ ਖੇਤਰ ਵਿੱਚ ਸਰਕਾਰੀ ਅਤੇ ਉਦਯੋਗਿਕ ਪੱਧਰ 'ਤੇ ਨਵੇਂ ਸਹਿਯੋਗ ਲਈ ਰਾਹ ਖੋਲ੍ਹਦਾ ਹੈ।

ਹਰੀ ਅਤੇ ਡਿਜੀਟਲ ਅਰਥ-ਵਿਵਸਥਾ, ਨਵੀਆਂ ਤਕਨੀਕਾਂ ਅਤੇ ਆਧੁਨਿਕ ਉਤਪਾਦਨ ਵਿੱਚ 'ਮਹੱਤਵਪੂਰਨ ਖਣਿਜਾਂ' ਦੀ ਅਹਿਮੀਅਤ ਸਮਝਦਿਆਂ ਦੋਵੇਂ ਨੇਤਾ ਇਨ੍ਹਾਂ ਖਣਿਜਾਂ ਅਤੇ 'ਰੇਅਰ ਅਰਥਸ' ਦੀ ਖੋਜ, ਕੱਢਣ, ਪ੍ਰੋਸੈਸਿੰਗ ਅਤੇ ਰੀਸਾਈਕਲਿੰਗ ਤਕਨੀਕਾਂ ਵਿੱਚ ਸਹਿਯੋਗ ਵਧਾਉਣ ਲਈ ਸਹਿਮਤ ਹੋਏ। ਇਸ ਦਾ ਮਕਸਦ ਸਪਲਾਈ ਚੇਨ ਨੂੰ ਮਜ਼ਬੂਤ ਅਤੇ ਭਰੋਸੇਯੋਗ ਬਣਾਉਣਾ ਹੈ। ਇਸ ਸਬੰਧ ਵਿੱਚ, ਦੋਵਾਂ ਧਿਰਾਂ ਨੇ ਭਾਰਤ ਅਤੇ ਫ਼ਰਾਂਸ ਵਿਚਕਾਰ ਮਹੱਤਵਪੂਰਨ ਖਣਿਜਾਂ ਦੇ ਖੇਤਰ ਵਿੱਚ ਸਹਿਯੋਗ ਬਾਰੇ 'ਸਾਂਝੇ ਇਰਾਦੇ ਦੇ ਐਲਾਨਨਾਮੇ' ਦਾ ਸਵਾਗਤ ਕੀਤਾ।

ਦੋਵਾਂ ਨੇਤਾਵਾਂ ਨੇ 'ਭਾਰਤ-ਮੱਧ ਪੂਰਬ-ਯੂਰਪ ਆਰਥਿਕ ਗਲਿਆਰੇ' (ਆਈਮੈਕ) 'ਤੇ ਸਹਿਯੋਗ ਕਰਨ ਦਾ ਵਾਅਦਾ ਦੁਹਰਾਇਆ। ਉਨ੍ਹਾਂ ਨੇ ਮੰਨਿਆ ਕਿ ਇਹ ਪ੍ਰੋਜੈਕਟ ਆਲਮੀ ਵਪਾਰ, ਸੰਪਰਕ ਅਤੇ ਖ਼ੁਸ਼ਹਾਲੀ ਨੂੰ ਨਵਾਂ ਰੂਪ ਦੇਣ ਦੀ ਤਾਕਤ ਰੱਖਦਾ ਹੈ। ਸ਼ੁਰੂਆਤੀ ਗੱਲਬਾਤ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੇ 2026 ਵਿੱਚ ਪਹਿਲੀ ਆਈਮੈਕ ਮੰਤਰੀ ਪੱਧਰੀ ਮੀਟਿੰਗ ਨੂੰ ਇਸ ਪਹਿਲਕਦਮੀ ਨੂੰ ਅੱਗੇ ਵਧਾਉਣ ਲਈ ਠੋਸ ਕਦਮ ਚੁੱਕਣ ਲਈ ਕਿਹਾ।

ਉਨ੍ਹਾਂ ਨੇ ਆਸਟਰੇਲੀਆ ਅਤੇ ਸੰਯੁਕਤ ਅਰਬ ਅਮੀਰਾਤ ਨਾਲ ਤਿਕੋਣੀ ਭਾਈਵਾਲੀ ਦੀ ਸ਼ਲਾਘਾ ਕੀਤੀ ਅਤੇ ਆਪਣੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਇਨ੍ਹਾਂ ਦੇਸ਼ਾਂ ਦੇ ਅਧਿਕਾਰੀਆਂ ਨਾਲ ਮਿਲ ਕੇ ਤੈਅ ਕੀਤੇ ਗਏ ਕੰਮਾਂ ਨੂੰ ਨਵੇਂ ਜੋਸ਼ ਨਾਲ ਨੇਪਰੇ ਚਾੜ੍ਹਨ।

ਉਨ੍ਹਾਂ ਨੇ ਇੱਕ ਆਜ਼ਾਦ, ਖੁੱਲ੍ਹੇ, ਖ਼ੁਸ਼ਹਾਲ ਅਤੇ ਨਿਯਮਾਂ-ਅਧਾਰਿਤ ਇੰਡੋ-ਪੈਸੀਫਿਕ ਖੇਤਰ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ ਅਤੇ 2018 ਦੇ 'ਹਿੰਦ ਮਹਾਸਾਗਰ ਖੇਤਰ ਵਿੱਚ ਸਹਿਯੋਗ ਦੇ ਸਾਂਝੇ ਰਣਨੀਤਕ ਵਿਜ਼ਨ' ਅਤੇ 2023 ਦੇ 'ਇੰਡੋ-ਪੈਸੀਫਿਕ ਰੋਡਮੈਪ' ਮੁਤਾਬਕ ਸਹਿਯੋਗ ਦੀ ਮੰਗ ਕੀਤੀ। ਉਨ੍ਹਾਂ ਨੇ 'ਇੰਡੋ-ਪੈਸੀਫਿਕ ਓਸ਼ਨਜ਼ ਇਨੀਸ਼ੀਏਟਿਵ' ਅਤੇ ਭਾਰਤ ਦੀ ਪ੍ਰਧਾਨਗੀ ਹੇਠ 'ਇੰਡੀਅਨ ਓਸ਼ਨ ਰਿਮ ਐਸੋਸੀਏਸ਼ਨ' ਵਿੱਚ ਸਹਿਯੋਗ ਮਜ਼ਬੂਤ ਕਰਨ ਦੀ ਉਮੀਦ ਵੀ ਜਤਾਈ। ਉਨ੍ਹਾਂ ਨੇ ਖੇਤਰ ਵਿੱਚ ਸਾਂਝੀਆਂ ਪਹਿਲਕਦਮੀਆਂ ਦਾ ਸਵਾਗਤ ਕੀਤਾ, ਜਿਸ ਵਿੱਚ 'ਅੰਤਰਰਾਸ਼ਟਰੀ ਸੂਰਜੀ ਗਠਜੋੜ' ਰਾਹੀਂ ਇੰਡੋ-ਪੈਸੀਫਿਕ ਦੇਸ਼ਾਂ ਵਿੱਚ ਸੂਰਜੀ ਊਰਜਾ ਸਿਖਲਾਈ ਅਤੇ 'ਕੋਲੀਸ਼ਨ ਫਾਰ ਡਿਜ਼ਾਸਟਰ ਰੈਜ਼ੀਲੈਂਟ ਇਨਫਰਾਸਟ੍ਰਕਚਰ' ਅਤੇ 'ਏਐੱਫਡੀ ਗਰੁੱਪ' ਵਿਚਕਾਰ ਸਮਝੌਤਾ ਸ਼ਾਮਲ ਹੈ। ਉਨ੍ਹਾਂ ਨੇ 'ਇੰਡੋ-ਪੈਸੀਫਿਕ ਟਰਾਈਐਂਗੂਲਰ ਡਿਵੈਲਪਮੈਂਟ ਕੋਆਪਰੇਸ਼ਨ' ਤਹਿਤ ਜਲਵਾਯੂ ਅਤੇ ਵਿਕਾਸ ਪ੍ਰੋਜੈਕਟਾਂ ਵਿੱਚ ਤਰੱਕੀ ਦੀ ਸ਼ਲਾਘਾ ਕੀਤੀ, ਜਿਸ ਵਿੱਚ ਡਿਜੀਟਲ ਸਟਾਰਟਅੱਪ, ਸਿਹਤ ਅਤੇ ਡਿਜੀਟਲ ਬੁਨਿਆਦੀ ਢਾਂਚੇ ਦੇ ਖੇਤਰ ਸ਼ਾਮਲ ਹਨ।

ਪੁਲਾੜ ਖੇਤਰ ਵਿੱਚ, ਉਨ੍ਹਾਂ ਨੇ ਸੀਐੱਨਈਐੱਸ ਅਤੇ ਇਸਰੋ ਵਿਚਕਾਰ ਮਜ਼ਬੂਤ ਸਾਂਝੇਦਾਰੀ ਦੀ ਸ਼ਲਾਘਾ ਕੀਤੀ ਅਤੇ ਪੁਲਾੜ ਉਦਯੋਗਾਂ ਵਿੱਚ ਹੋਰ ਡੂੰਘੇ ਸਹਿਯੋਗ ਦਾ ਸਮਰਥਨ ਕੀਤਾ। ਇਸ ਉਦੇਸ਼ ਲਈ 'ਭਾਰਤ-ਫ਼ਰਾਂਸ ਰਣਨੀਤਕ ਪੁਲਾੜ ਵਾਰਤਾ' ਦੇ ਪਹਿਲੇ ਦੋ ਸੈਸ਼ਨਾਂ ਦੇ ਯੋਗਦਾਨ ਨੂੰ ਨੋਟ ਕਰਦਿਆਂ, ਉਨ੍ਹਾਂ ਨੇ 2026 ਵਿੱਚ ਤੀਜੇ ਸੈਸ਼ਨ ਨੂੰ ਜਲਦੀ ਬੁਲਾਉਣ ਲਈ ਕਿਹਾ। ਰੱਖਿਆ ਪੁਲਾੜ ਸਹਿਯੋਗ ਨੂੰ ਆਧਾਰ ਬਣਾਉਂਦਿਆਂ ਦੋਵੇਂ ਨੇਤਾ ਪੁਲਾੜ ਤੱਕ ਪਹੁੰਚ ਅਤੇ ਪੁਲਾੜ ਦੀ ਸਥਿਤੀ ਬਾਰੇ ਜਾਗਰੂਕਤਾ ਵਧਾਉਣ ਲਈ ਮਿਲ ਕੇ ਕੰਮ ਕਰਨ 'ਤੇ ਸਹਿਮਤ ਹੋਏ। ਭਾਰਤ ਨੇ ਜੁਲਾਈ 2026 ਵਿੱਚ ਫ਼ਰਾਂਸ ਵੱਲੋਂ 'ਅੰਤਰਰਾਸ਼ਟਰੀ ਪੁਲਾੜ ਸੰਮੇਲਨ' ਕਰਵਾਉਣ ਦਾ ਸਵਾਗਤ ਕੀਤਾ ਅਤੇ ਇਸ ਵਿੱਚ ਹਿੱਸਾ ਲੈਣ ਦੀ ਪੁਸ਼ਟੀ ਕੀਤੀ।

ਦੋਵਾਂ ਨੇਤਾਵਾਂ ਨੇ ਆਪਣੇ ਪ੍ਰਮੁੱਖ ਸਮੁੰਦਰੀ ਅਦਾਰਿਆਂ ਵਿਚਕਾਰ ਸਹਿਯੋਗ ਵਧਾਉਣ ਅਤੇ ਸਮੁੰਦਰ ਤੇ ਪੁਲਾੜ ਦੇ ਤਾਲਮੇਲ ਨੂੰ ਵਿਕਸਿਤ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਖ਼ਾਸ ਤੌਰ 'ਤੇ ਸੀਐੱਨਈਐੱਸ ਅਤੇ ਇਨਕੋਇਸ ਵਿਚਕਾਰ ਸਹਿਯੋਗ ਰਾਹੀਂ ਸਮੁੰਦਰੀ ਨਿਰੀਖਣ ਨੂੰ ਬਿਹਤਰ ਬਣਾਉਣ ਅਤੇ ਸਮੁੰਦਰ ਦੀ ਸੰਭਾਲ ਅਤੇ ਖ਼ੁਸ਼ਹਾਲੀ ਲਈ ਕੰਮ ਕਰਨ 'ਤੇ ਜ਼ੋਰ ਦਿੱਤਾ।

ਸਾਈਬਰ ਖੇਤਰ ਵਿੱਚ, ਦੋਵਾਂ ਨੇਤਾਵਾਂ ਨੇ ਭਾਰਤੀ ਅਤੇ ਫਰਾਂਸੀਸੀ ਉਦਯੋਗਾਂ ਵਿਚਕਾਰ ਮਜ਼ਬੂਤ ਸਾਂਝੇਦਾਰੀ ਦੀ ਸ਼ਲਾਘਾ ਕੀਤੀ। ਦੋਵਾਂ ਧਿਰਾਂ ਨੇ ਲਗਾਤਾਰ ਗੱਲਬਾਤ ਰਾਹੀਂ ਸਾਈਬਰ ਸਹਿਯੋਗ ਨੂੰ ਹੋਰ ਪੱਕਾ ਕਰਨ 'ਤੇ ਜ਼ੋਰ ਦਿੱਤਾ। ਅਗਲੀ ਗੱਲਬਾਤ 2026 ਵਿੱਚ ਹੋਵੇਗੀ। ਦੋਵਾਂ ਨੇਤਾਵਾਂ ਨੇ ਸਾਈਬਰ ਸਪੇਸ ਦੀ ਰਣਨੀਤਕ ਮਹੱਤਤਾ ਦੁਹਰਾਈ ਅਤੇ ਸੰਯੁਕਤ ਰਾਸ਼ਟਰ ਵਿੱਚ ਅੰਤਰਰਾਸ਼ਟਰੀ ਕਾਨੂੰਨ ਅਤੇ ਜ਼ਿੰਮੇਵਾਰ ਵਿਵਹਾਰ ਦੇ ਢਾਂਚੇ ਨੂੰ ਲਾਗੂ ਕਰਨ ਬਾਰੇ ਤਾਲਮੇਲ ਵਧਾਉਣ ਦੀ ਇੱਛਾ ਜ਼ਾਹਰ ਕੀਤੀ। ਨਾਲ ਹੀ, ਗ਼ਲਤ ਇਰਾਦੇ ਵਾਲੇ ਸਾਈਬਰ ਹਮਲਿਆਂ ਅਤੇ ਤਰੀਕਿਆਂ ਨਾਲ ਨਜਿੱਠਣ ਦੀ ਲੋੜ 'ਤੇ ਵੀ ਜ਼ੋਰ ਦਿੱਤਾ।

ਦੋਵਾਂ ਨੇਤਾਵਾਂ ਨੇ ਸਰਹੱਦ ਪਾਰ ਅੱਤਵਾਦ ਸਮੇਤ ਅੱਤਵਾਦ ਅਤੇ ਹਿੰਸਕ ਕੱਟੜਵਾਦ ਦੇ ਹਰ ਰੂਪ ਦੀ ਸਖ਼ਤ ਨਿੰਦਾ ਕੀਤੀ। ਰਾਸ਼ਟਰਪਤੀ ਮੈਕਰੋਨ ਨੇ ਅਪ੍ਰੈਲ, 2025 ਦੇ ਪਹਿਲਗਾਮ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕੀਤੀ ਅਤੇ ਅੱਤਵਾਦ ਵਿਰੁੱਧ ਆਪਣੇ ਬਚਾਅ ਦੇ ਭਾਰਤ ਦੇ ਹੱਕ ਦਾ ਸਮਰਥਨ ਕੀਤਾ। ਉਨ੍ਹਾਂ ਨੇ ਨਵੰਬਰ, 2025 ਵਿੱਚ ਨਵੀਂ ਦਿੱਲੀ ਦੇ ਲਾਲ ਕਿਲ੍ਹੇ ਨੇੜੇ ਹੋਈ ਅੱਤਵਾਦੀ ਘਟਨਾ ਦੀ ਵੀ ਨਿੰਦਾ ਕੀਤੀ। ਨੇਤਾਵਾਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ 1267 ਪਾਬੰਦੀ ਕਮੇਟੀ ਵੱਲੋਂ ਸੂਚੀਬੱਧ ਅੱਤਵਾਦੀਆਂ ਅਤੇ ਸਮੂਹਾਂ ਵਿਰੁੱਧ ਲੜਾਈ ਵਿੱਚ ਸਹਿਯੋਗ ਕਰਨ ਦਾ ਵਾਅਦਾ ਦੁਹਰਾਇਆ। ਦੋਵਾਂ ਧਿਰਾਂ ਨੇ ਸਾਰੇ ਦੇਸ਼ਾਂ ਨੂੰ ਅਪੀਲ ਕੀਤੀ ਕਿ ਉਹ ਅੱਤਵਾਦੀ ਟਿਕਾਣਿਆਂ ਨੂੰ ਖਤਮ ਕਰਨ, ਨੈੱਟਵਰਕਾਂ ਨੂੰ ਤੋੜਨ ਅਤੇ ਅੱਤਵਾਦ ਨੂੰ ਮਿਲਣ ਵਾਲੇ ਪੈਸੇ ਨੂੰ ਰੋਕਣ ਲਈ ਕੰਮ ਕਰਨ, ਜੋ 'ਵਿੱਤੀ ਕਾਰਵਾਈ ਟਾਸਕ ਫੋਰਸ' (ਐੱਫਏਟੀਐੱਫ) ਦੇ ਨਿਯਮਾਂ ਮੁਤਾਬਕ ਹੋਵੇ। ਦੋਵਾਂ ਦੇਸ਼ਾਂ ਨੇ ਸੰਯੁਕਤ ਰਾਸ਼ਟਰ, ਐੱਫਏਟੀਐੱਫ ਅਤੇ ਹੋਰ ਮੰਚਾਂ 'ਤੇ ਮਿਲ ਕੇ ਕੰਮ ਕਰਨ ਦਾ ਵਾਅਦਾ ਕੀਤਾ। ਭਾਰਤ ਨੇ ਮਈ, 2026 ਵਿੱਚ ਪੈਰਿਸ ਵਿੱਚ ਹੋਣ ਵਾਲੀ ਅਗਲੀ 'ਨੋ ਮਨੀ ਫਾਰ ਟੈਰਰ' ਕਾਨਫਰੰਸ ਦੀ ਮੇਜ਼ਬਾਨੀ ਲਈ ਫ਼ਰਾਂਸ ਦਾ ਸਮਰਥਨ ਕੀਤਾ।

ਦੋਵਾਂ ਨੇਤਾਵਾਂ ਨੇ ਨਵੰਬਰ, 2025 ਵਿੱਚ ਭਾਰਤ ਦੇ 'ਨੈਸ਼ਨਲ ਸਕਿਓਰਿਟੀ ਗਾਰਡ' (ਐੱਨਐੱਸਜੀ) ਅਤੇ ਫ਼ਰਾਂਸ ਦੇ 'ਜੀਆਈਜੀਐੱਨ' ਵਿਚਕਾਰ ਅੱਤਵਾਦ ਵਿਰੋਧੀ ਸਹਿਯੋਗ ਲਈ ਸਮਝੌਤੇ 'ਤੇ ਦਸਤਖ਼ਤ ਕਰਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ 2025 ਵਿੱਚ ਇੱਕ-ਦੂਜੇ ਦੇ ਦੇਸ਼ਾਂ ਵਿੱਚ 'ਮਿਲੀਪੋਲ' ਪ੍ਰਦਰਸ਼ਨੀਆਂ ਦੇ ਆਯੋਜਨ ਵਿੱਚ ਸਹਿਯੋਗ ਦੀ ਤਾਰੀਫ਼ ਕੀਤੀ ਅਤੇ ਉਮੀਦ ਜਤਾਈ ਕਿ 2027 ਵਿੱਚ ਨਵੀਂ ਦਿੱਲੀ ਅਤੇ ਪੈਰਿਸ ਵਿੱਚ 'ਮਿਲੀਪੋਲ' ਪ੍ਰਦਰਸ਼ਨੀਆਂ ਸਫਲ ਰਹਿਣਗੀਆਂ। ਦੋਵਾਂ ਨੇਤਾਵਾਂ ਨੇ ਸਤੰਬਰ, 2025 ਵਿੱਚ ਹੋਈ ਅੱਤਵਾਦ ਵਿਰੋਧੀ ਗੱਲਬਾਤ ਦੇ ਨਤੀਜਿਆਂ ਦਾ ਸਵਾਗਤ ਕੀਤਾ, ਜੋ ਵਧਦੇ ਭਾਰਤ-ਫ਼ਰਾਂਸ ਸਹਿਯੋਗ ਨੂੰ ਦਰਸਾਉਂਦਾ ਹੈ।

2. ਗ੍ਰਹਿ ਲਈ ਭਾਈਵਾਲੀ

ਦੋਵਾਂ ਨੇਤਾਵਾਂ ਨੇ ਜਲਵਾਯੂ ਪਰਿਵਰਤਨ ਦੇ ਵਧਦੇ ਮਾੜੇ ਅਸਰਾਂ ਨੂੰ ਮੰਨਿਆ, ਜਿਸ ਦੀ ਨਿਸ਼ਾਨੀ ਖਰਾਬ ਮੌਸਮ ਦੀਆਂ ਘਟਨਾਵਾਂ ਦਾ ਵਧਣਾ ਹੈ। ਉਨ੍ਹਾਂ ਨੇ ਪੈਰਿਸ ਸਮਝੌਤੇ ਅਤੇ ਕੁਦਰਤ ਦੇ ਅਨੁਕੂਲ ਜੀਵਨ-ਸ਼ੈਲੀ ਨੂੰ ਉਤਸ਼ਾਹਿਤ ਕਰਨ ਦੀ ਮਹੱਤਤਾ ਦੁਹਰਾਈ। ਉਹ ਇਸ ਸਮਝੌਤੇ ਨੂੰ ਸਹੀ ਢੰਗ ਨਾਲ ਲਾਗੂ ਕਰਨ ਲਈ ਮਿਲ ਕੇ ਕੰਮ ਕਰਨ 'ਤੇ ਸਹਿਮਤ ਹੋਏ। ਉਨ੍ਹਾਂ ਦਾ ਟੀਚਾ ਧਰਤੀ ਦੇ ਤਾਪਮਾਨ ਵਿੱਚ ਵਾਧੇ ਨੂੰ 2 ਡਿਗਰੀ ਸੈਲਸੀਅਸ ਤੋਂ ਕਾਫ਼ੀ ਹੇਠਾਂ ਰੱਖਣਾ ਅਤੇ 1.5 ਡਿਗਰੀ ਸੈਲਸੀਅਸ ਤੱਕ ਸੀਮਤ ਕਰਨ ਦੀ ਕੋਸ਼ਿਸ਼ ਕਰਨਾ ਹੈ। ਫ਼ਰਾਂਸ ਅਤੇ ਭਾਰਤ ਨੇ ਜਲਵਾਯੂ ਲਈ ਵਿਗਿਆਨ ਦੀ ਅਹਿਮੀਅਤ ਨੂੰ ਮੰਨਿਆ ਅਤੇ 'ਜਲਵਾਯੂ ਪਰਿਵਰਤਨ 'ਤੇ ਅੰਤਰ-ਸਰਕਾਰੀ ਪੈਨਲ' (ਆਈਪੀਸੀਸੀ) ਦੇ ਕੰਮ ਦਾ ਸਮਰਥਨ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਨੇ 'ਕੋਲੀਸ਼ਨ ਫਾਰ ਡਿਜ਼ਾਸਟਰ ਰੈਜ਼ੀਲੈਂਟ ਇਨਫਰਾਸਟ੍ਰਕਚਰ' (ਸੀਡੀਆਰਆਈ) ਅਤੇ 'ਅੰਤਰਰਾਸ਼ਟਰੀ ਸੂਰਜੀ ਗਠਜੋੜ' (ਆਈਐੱਸਏ) ਵਿੱਚ ਦੋਵਾਂ ਦੇਸ਼ਾਂ ਦੇ ਸਾਂਝੇ ਕੰਮਕਾਜ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਨਵੀਂ ਦਿੱਲੀ ਸਥਿਤ ਇਨ੍ਹਾਂ ਦੋਵਾਂ ਸੰਸਥਾਵਾਂ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ। ਫ਼ਰਾਂਸ ਨੇ ਸਹਿ-ਪ੍ਰਧਾਨ ਵਜੋਂ 2025 ਵਿੱਚ ਸੀਡੀਆਰਆਈ ਦੀ ਅੰਤਰਰਾਸ਼ਟਰੀ ਕਾਨਫਰੰਸ ਦੀ ਮੇਜ਼ਬਾਨੀ ਕੀਤੀ। ਉਨ੍ਹਾਂ ਨੇ ਪੈਰਿਸ ਵਿੱਚ ਅੰਤਰਰਾਸ਼ਟਰੀ ਸੂਰਜੀ ਗਠਜੋੜ ਦਾ ਯੂਰਪੀ ਦਫ਼ਤਰ ਖੋਲ੍ਹਣ ਬਾਰੇ ਚੱਲ ਰਹੀ ਗੱਲਬਾਤ ਦਾ ਵੀ ਸਵਾਗਤ ਕੀਤਾ। ਉਹ ਇਮਾਰਤਾਂ ਤੋਂ ਹੋਣ ਵਾਲੇ ਪ੍ਰਦੂਸ਼ਣ ਨੂੰ ਘਟਾਉਣ ਅਤੇ ਉਨ੍ਹਾਂ ਨੂੰ ਮਜ਼ਬੂਤ ਬਣਾਉਣ ਲਈ ਕੰਮ ਕਰਨਗੇ। ਇਸ ਤੋਂ ਇਲਾਵਾ, ਉਹ ਉਦਯੋਗਾਂ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ 'ਲੀਡਰਸ਼ਿਪ ਗਰੁੱਪ ਫਾਰ ਇੰਡਸਟਰੀ ਟ੍ਰਾਂਜਿਸ਼ਨ' (ਲੀਡਆਈਟੀ) ਪਹਿਲਕਦਮੀ ਦਾ ਸਮਰਥਨ ਕਰਨਗੇ।

ਦੋਵਾਂ ਨੇਤਾਵਾਂ ਨੇ ਜਲਵਾਯੂ ਅਤੇ ਵਾਤਾਵਰਣ ਦੇ ਮੁੱਦਿਆਂ 'ਤੇ ਭਾਰਤ ਅਤੇ ਫ਼ਰਾਂਸ ਵਿਚਕਾਰ ਮਜ਼ਬੂਤ ਸਹਿਯੋਗ ਦੀ ਤਾਰੀਫ਼ ਕੀਤੀ। ਉਨ੍ਹਾਂ ਨੇ ਨਵਿਆਉਣਯੋਗ ਊਰਜਾ ਸਹਿਯੋਗ ਬਾਰੇ ਸਮਝੌਤੇ ਦੇ ਨਵੀਨੀਕਰਨ ਦਾ ਸਵਾਗਤ ਕੀਤਾ। ਉਨ੍ਹਾਂ ਨੇ ਭਾਰਤ ਵਿੱਚ ਸ਼ਹਿਰੀ ਆਵਾਜਾਈ, ਊਰਜਾ ਤਬਦੀਲੀ, ਹਰੀ ਵਿੱਤੀ ਸਹਾਇਤਾ, ਜੀਵ-ਵਿਭਿੰਨਤਾ ਦੀ ਸੰਭਾਲ ਅਤੇ ਆਫ਼ਤ ਪ੍ਰਬੰਧਨ ਦੇ ਪ੍ਰੋਜੈਕਟਾਂ ਵਿੱਚ 'ਏਐੱਫਡੀ ਗਰੁੱਪ' ਦੇ ਸਹਿਯੋਗ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਭਾਰਤ ਵਿੱਚ ਊਰਜਾ ਤਬਦੀਲੀ ਦੇ ਪ੍ਰਭਾਵਾਂ ਨੂੰ ਸਮਝਣ ਲਈ ਨਵੇਂ ਆਰਥਿਕ ਮਾਡਲ ਬਣਾਉਣ ਵਾਸਤੇ ਨੀਤੀ ਆਯੋਗ ਅਤੇ ਏਐੱਫਡੀ ਗਰੁੱਪ ਵਿਚਕਾਰ ਸਮਝੌਤੇ 'ਤੇ ਹੋਈ ਤਰੱਕੀ ਨੂੰ ਨੋਟ ਕੀਤਾ।

ਦੋਵਾਂ ਨੇਤਾਵਾਂ ਨੇ ਜੂਨ, 2025 ਵਿੱਚ ਨੀਸ ਵਿੱਚ ਹੋਈ 'ਸੰਯੁਕਤ ਰਾਸ਼ਟਰ ਮਹਾਸਾਗਰ ਕਾਨਫਰੰਸ' (ਯੂਐੱਨਓਸੀ-3) ਦੀ ਸਫਲਤਾ ਦਾ ਸਵਾਗਤ ਕੀਤਾ। ਫ਼ਰਾਂਸ ਅਤੇ ਭਾਰਤ ਨੇ ਖੁੱਲ੍ਹੇ ਸਮੁੰਦਰਾਂ ਵਿੱਚ ਸਮੁੰਦਰੀ ਜੀਵ-ਵਿਭਿੰਨਤਾ ਦੀ ਸੰਭਾਲ ਅਤੇ ਸਹੀ ਵਰਤੋਂ ਬਾਰੇ ਸਮਝੌਤੇ (ਬੀਬੀਐੱਨਜੇ ਸੰਧੀ) ਦੇ ਲਾਗੂ ਹੋਣ ਦਾ ਸਵਾਗਤ ਕੀਤਾ। ਨੇਤਾਵਾਂ ਨੇ ਇਸ ਸਮਝੌਤੇ ਨੂੰ ਵੱਧ ਤੋਂ ਵੱਧ ਦੇਸ਼ਾਂ ਵੱਲੋਂ ਮਨਜ਼ੂਰੀ ਦੇਣ ਦੀ ਲੋੜ 'ਤੇ ਜ਼ੋਰ ਦਿੱਤਾ ਤਾਂ ਜੋ ਇਸਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾ ਸਕੇ। ਸਮੁੰਦਰੀ ਜੀਵ-ਵਿਭਿੰਨਤਾ ਦੀ ਰਾਖੀ ਦੀ ਅਹਿਮੀਅਤ ਸਮਝਦਿਆਂ ਫ਼ਰਾਂਸ ਅਤੇ ਭਾਰਤ ਨੇ ਦੁਨੀਆ ਭਰ ਵਿੱਚ ਸੁਰੱਖਿਅਤ ਸਮੁੰਦਰੀ ਖੇਤਰਾਂ ਨੂੰ ਵਧਾਉਣ ਦੀ ਮੰਗ ਕੀਤੀ। ਉਨ੍ਹਾਂ ਨੇ 'ਕੁਨਮਿੰਗ-ਮਾਂਟਰੀਅਲ ਗਲੋਬਲ ਬਾਇਓਡਾਇਵਰਸਿਟੀ ਫਰੇਮਵਰਕ' ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦਾ ਵਾਅਦਾ ਵੀ ਦੁਹਰਾਇਆ। ਦੋਵਾਂ ਦੇਸ਼ਾਂ ਨੇ ਸਮੁੰਦਰ ਦੀ ਖੋਜ ਅਤੇ ਨਿਰੀਖਣ ਵਿੱਚ ਸਹਿਯੋਗ ਵਧਾਉਣ, ਭਰੋਸੇਯੋਗ ਵਿਗਿਆਨਕ ਜਾਣਕਾਰੀ ਸਾਂਝੀ ਕਰਨ ਅਤੇ ਨਵੇਂ ਸੁਰੱਖਿਅਤ ਸਮੁੰਦਰੀ ਖੇਤਰ ਬਣਾਉਣ ਦਾ ਪ੍ਰਣ ਲਿਆ।

ਸਾਰੀਆਂ ਘੱਟ ਪ੍ਰਦੂਸ਼ਣ ਵਾਲੀਆਂ ਊਰਜਾਵਾਂ ਵਿੱਚ ਤਾਲਮੇਲ ਨੂੰ ਪਛਾਣਦੇ ਹੋਏ, ਜਿਸ ਵਿੱਚ ਪ੍ਰਮਾਣੂ ਊਰਜਾ ਅਹਿਮ ਹੈ, ਰਾਸ਼ਟਰਪਤੀ ਮੈਕਰੋਨ ਨੇ 2047 ਤੱਕ 100 ਗੀਗਾਵਾਟ ਪ੍ਰਮਾਣੂ ਊਰਜਾ ਪੈਦਾ ਕਰਨ ਦੇ ਭਾਰਤ ਦੇ ਟੀਚੇ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਭਾਰਤ ਦੇ ਪ੍ਰਮਾਣੂ ਖੇਤਰ ਵਿੱਚ ਹਾਲੀਆ ਸੁਧਾਰਾਂ, ਜਿਵੇਂ ਕਿ ਨਿੱਜੀ ਨਿਵੇਸ਼ ਦੀ ਇਜਾਜ਼ਤ ਦੇਣ, ਦੀ ਵੀ ਤਾਰੀਫ਼ ਕੀਤੀ। ਨੇਤਾ ਖੋਜ, ਹੁਨਰ ਵਿਕਾਸ ਤੋਂ ਲੈ ਕੇ ਉਦਯੋਗਿਕ ਵਰਤੋਂ ਤੱਕ ਪ੍ਰਮਾਣੂ ਊਰਜਾ ਵਿੱਚ ਸਹਿਯੋਗ ਵਧਾਉਣ 'ਤੇ ਸਹਿਮਤ ਹੋਏ। ਉਨ੍ਹਾਂ ਨੇ ਸਿਵਲ ਪ੍ਰਮਾਣੂ ਊਰਜਾ 'ਤੇ ਵਿਸ਼ੇਸ਼ ਟਾਸਕ ਫੋਰਸ ਦੀਆਂ ਮੀਟਿੰਗਾਂ ਅਤੇ ਜੈਤਪੁਰ ਪ੍ਰਮਾਣੂ ਬਿਜਲੀ ਘਰ ਪ੍ਰੋਜੈਕਟ 'ਤੇ ਚੱਲ ਰਹੀ ਗੱਲਬਾਤ ਨੂੰ ਨੋਟ ਕੀਤਾ। ਉਨ੍ਹਾਂ ਨੇ 2025 ਵਿੱਚ ਪੈਰਿਸ ਵਿਖੇ ਹੋਈ 'ਵਿਸ਼ਵ ਪ੍ਰਮਾਣੂ ਪ੍ਰਦਰਸ਼ਨੀ' (ਡਬਲਿਊਐੱਨਈ) ਵਿੱਚ ਭਾਰਤੀ ਕੰਪਨੀਆਂ ਦੀ ਸ਼ਮੂਲੀਅਤ ਅਤੇ ਫ਼ਰਾਂਸ ਵਿੱਚ ਹੋਣ ਵਾਲੇ 'ਦੂਜੇ ਵਿਸ਼ਵ ਪ੍ਰਮਾਣੂ ਊਰਜਾ ਸੰਮੇਲਨ' ਵਿੱਚ ਭਾਰਤ ਦੀ ਹਿੱਸੇਦਾਰੀ 'ਤੇ ਤਸੱਲੀ ਪ੍ਰਗਟਾਈ।

ਇਸ ਸਬੰਧ ਵਿੱਚ ਨੇਤਾਵਾਂ ਨੇ 'ਪ੍ਰਮਾਣੂ ਊਰਜਾ ਵਿਭਾਗ' (ਡੀਏਈ) ਅਤੇ ਫ਼ਰਾਂਸ ਦੇ 'ਸੀਈਏ' ਵਿਚਕਾਰ ਲੰਬੇ ਸਮੇਂ ਦੇ ਸਬੰਧਾਂ ਦਾ ਸਵਾਗਤ ਕੀਤਾ ਅਤੇ ਸ਼ਾਂਤੀਪੂਰਨ ਉਦੇਸ਼ਾਂ ਲਈ ਪ੍ਰਮਾਣੂ ਵਿਗਿਆਨ ਅਤੇ ਤਕਨਾਲੋਜੀ ਵਿੱਚ ਸਹਿਯੋਗ ਮਜ਼ਬੂਤ ਕਰਨ ਲਈ ਕਿਹਾ। ਦੋਵੇਂ ਨੇਤਾ ਆਪਣੀਆਂ ਨਿਯਮਕ ਸੰਸਥਾਵਾਂ ਵਿਚਕਾਰ ਸਹਿਯੋਗ ਵਧਾਉਣ ਦੀ ਸੰਭਾਵਨਾ ਲੱਭਣ ਲਈ ਵੀ ਸਹਿਮਤ ਹੋਏ।

2025 ਵਿੱਚ ਦਸਤਖ਼ਤ ਕੀਤੇ ਗਏ 'ਸਮਾਲ ਐਂਡ ਐਡਵਾਂਸਡ ਮਾਡਿਊਲਰ ਰਿਐਕਟਰਜ਼' (ਐੱਸਐੱਮਆਰ/ਏਐੱਮਆਰ) 'ਤੇ ਸਹਿਯੋਗ ਸਥਾਪਤ ਕਰਨ ਦੇ ਇਰਾਦੇ ਨੂੰ ਯਾਦ ਕਰਦਿਆਂ, ਦੋਵਾਂ ਨੇਤਾਵਾਂ ਨੇ ਸੁਰੱਖਿਆ ਦੇ ਉੱਚੇ ਮਿਆਰਾਂ ਨੂੰ ਲਾਗੂ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਨੇ ਫਰਾਂਸੀਸੀ ਸਟਾਰਟਅੱਪ ਕੰਪਨੀਆਂ ਅਤੇ ਭਾਰਤੀ ਕੰਪਨੀਆਂ ਵਿਚਕਾਰ ਸਹਿਯੋਗ ਵਧਾਉਣ ਦੇ ਯਤਨਾਂ ਨੂੰ ਨੋਟ ਕੀਤਾ। ਦੋਵੇਂ ਧਿਰਾਂ ਫ਼ਰਾਂਸ ਦੇ 'ਸੀਈਏ' ਅਤੇ ਭਾਰਤ ਦੇ 'ਡੀਏਈ' ਵਿਚਕਾਰ ਐੱਸਐੱਮਆਰ/ਏਐੱਮਆਰ 'ਤੇ ਖੋਜ ਅਤੇ ਵਿਕਾਸ ਵਿੱਚ ਸਹਿਯੋਗ ਕਰਨ ਲਈ ਸਹਿਮਤ ਹੋਈਆਂ।

ਨੇਤਾਵਾਂ ਨੇ ਦੁਵੱਲੇ ਵਪਾਰ ਵਿੱਚ ਲਗਾਤਾਰ ਵਾਧੇ ਅਤੇ ਦੋਵਾਂ ਦੇਸ਼ਾਂ ਵਿਚਕਾਰ ਮਜ਼ਬੂਤ ਨਿਵੇਸ਼ ਦਾ ਸਵਾਗਤ ਕੀਤਾ। ਉਨ੍ਹਾਂ ਨੇ ਛੋਟੇ ਅਤੇ ਦਰਮਿਆਨੇ ਉਦਯੋਗਾਂ (ਐੱਮਐੱਸਐੱਮਈ), ਸਟਾਰਟਅੱਪਸ, ਡਿਜੀਟਲਾਈਜ਼ੇਸ਼ਨ, ਏਆਈ ਅਤੇ ਨਵੀਨਤਾ ਵਾਲੇ ਕਾਰੋਬਾਰਾਂ ਰਾਹੀਂ ਆਰਥਿਕ ਸਮਰੱਥਾ ਨੂੰ ਪੂਰੀ ਤਰ੍ਹਾਂ ਵਰਤਣ ਦਾ ਵਾਅਦਾ ਦੁਹਰਾਇਆ। ਇਸ ਸੰਦਰਭ ਵਿੱਚ, ਦੋਵਾਂ ਨੇਤਾਵਾਂ ਨੇ ਇਸ ਦੌਰੇ ਦੌਰਾਨ 'ਭਾਰਤ-ਫ਼ਰਾਂਸ ਸੀਈਓ ਫੋਰਮ' ਦੇ ਆਯੋਜਨ 'ਤੇ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਨੇ ਇਸ ਸਾਲ 'ਆਰਥਿਕ ਅਤੇ ਵਿੱਤੀ ਵਾਰਤਾ' ਕਰਨ ਦਾ ਵਾਅਦਾ ਵੀ ਸਾਂਝਾ ਕੀਤਾ। ਨੇਤਾਵਾਂ ਨੇ ਏਰੋਸਪੇਸ, ਊਰਜਾ, ਖੇਤੀ-ਭੋਜਨ, ਦੂਰਸੰਚਾਰ ਅਤੇ ਤਕਨੀਕੀ ਖੇਤਰਾਂ ਵਿੱਚ ਕੰਪਨੀਆਂ ਵਿਚਕਾਰ ਵਧਦੇ ਵਪਾਰਕ ਸਬੰਧਾਂ 'ਤੇ ਖੁਸ਼ੀ ਪ੍ਰਗਟਾਈ। ਕੱਲ੍ਹ ਹੋਣ ਵਾਲਾ ਸੀਈਓ ਫੋਰਮ ਦੋਵਾਂ ਦੇਸ਼ਾਂ ਵਿਚਕਾਰ ਵਪਾਰਕ ਭਾਈਵਾਲੀ ਨੂੰ ਅੱਗੇ ਵਧਾਏਗਾ।

ਨੇਤਾਵਾਂ ਨੇ ਦੁਵੱਲੇ ਟੈਕਸ ਸਮਝੌਤੇ ਵਿੱਚ ਸੋਧ ਦੇ ਦਸਤਖਤਾਂ ਦਾ ਸਵਾਗਤ ਕੀਤਾ, ਜੋ ਫਰਾਂਸੀਸੀ ਅਤੇ ਭਾਰਤੀ ਕਾਰੋਬਾਰਾਂ ਲਈ ਆਰਥਿਕ ਗਤੀਵਿਧੀਆਂ ਨੂੰ ਸੁਰੱਖਿਅਤ ਕਰੇਗਾ ਅਤੇ ਦੋਵਾਂ ਦੇਸ਼ਾਂ ਵਿਚਕਾਰ ਵਧੇਰੇ ਨਿਵੇਸ਼ ਲਈ ਰਾਹ ਪੱਧਰਾ ਕਰੇਗਾ।

ਦੋਵਾਂ ਨੇਤਾਵਾਂ ਨੇ ਫ਼ਰਾਂਸ ਵਿੱਚ 'ਯੂਪੀਆਈ' ਦੀ ਲਗਾਤਾਰ ਤਰੱਕੀ 'ਤੇ ਤਸੱਲੀ ਪ੍ਰਗਟਾਈ। ਫ਼ਰਾਂਸ ਯੂਪੀਆਈ ਦੀ ਪੇਸ਼ਕਸ਼ ਕਰਨ ਵਾਲਾ ਪਹਿਲਾ ਯੂਰਪੀ ਦੇਸ਼ ਹੈ। ਕਈ ਵੱਡੇ ਸਟੋਰ ਪਹਿਲਾਂ ਹੀ ਯੂਪੀਆਈ ਸਵੀਕਾਰ ਕਰਦੇ ਹਨ, ਜਿਸ ਨਾਲ ਪੈਰਿਸ ਭਾਰਤੀ ਸੈਲਾਨੀਆਂ ਲਈ ਵਧੇਰੇ ਆਕਰਸ਼ਕ ਬਣ ਗਿਆ ਹੈ। ਦੋਵੇਂ ਨੇਤਾ ਸੈਲਾਨੀਆਂ ਲਈ ਸੁਰੱਖਿਅਤ ਅਤੇ ਕੁਸ਼ਲ ਡਿਜੀਟਲ ਭੁਗਤਾਨ ਤਰੀਕਿਆਂ ਨੂੰ ਹੋਰ ਵਧਾਉਣ ਲਈ ਸਹਿਮਤ ਹੋਏ।

ਦੋਵਾਂ ਨੇਤਾਵਾਂ ਨੇ ਰੇਲਵੇ ਖੇਤਰ ਵਿੱਚ ਸਹਿਯੋਗ ਦਾ ਸਵਾਗਤ ਕੀਤਾ ਅਤੇ ਸੰਚਾਲਨ, ਰੱਖ-ਰਖਾਅ, ਯਾਤਰੀ ਸਹੂਲਤਾਂ, ਵਾਤਾਵਰਣ ਪ੍ਰਬੰਧਨ, ਰੇਲਵੇ ਕਰਮਚਾਰੀਆਂ ਦੀ ਸਿਖਲਾਈ, ਹਾਈ-ਸਪੀਡ ਰੇਲ ਅਤੇ ਹਾਈਡ੍ਰੋਜਨ ਨਾਲ ਚੱਲਣ ਵਾਲੀਆਂ ਰੇਲਗੱਡੀਆਂ ਵਰਗੇ ਖੇਤਰਾਂ ਵਿੱਚ ਸਹਿਯੋਗ ਕਰਨ ਦਾ ਇਰਾਦਾ ਪ੍ਰਗਟਾਇਆ। ਇਸ ਸਬੰਧ ਵਿੱਚ, ਉਨ੍ਹਾਂ ਨੇ ਭਾਰਤ ਵਿੱਚ ਰੇਲਵੇ ਅਤੇ ਹਾਈ-ਸਪੀਡ ਰੇਲਵੇ ਵਿਕਾਸ 'ਤੇ ਸਹਿਯੋਗ ਬਾਰੇ 'ਸਾਂਝੇ ਇਰਾਦੇ ਦੇ ਐਲਾਨਨਾਮੇ' 'ਤੇ ਦਸਤਖ਼ਤ ਕਰਨ ਦੀ ਉਮੀਦ ਜਤਾਈ।

3. ਲੋਕਾਂ ਲਈ ਭਾਈਵਾਲੀ

ਵਿਗਿਆਨ ਅਤੇ ਤਕਨਾਲੋਜੀ ਵਿੱਚ ਭਾਰਤ ਅਤੇ ਫ਼ਰਾਂਸ ਦੇ ਅਮੀਰ ਇਤਿਹਾਸ ਨੂੰ ਯਾਦ ਕਰਦਿਆਂ ਨੇਤਾਵਾਂ ਨੇ ਇਸ ਖੇਤਰ ਵਿੱਚ ਸਹਿਯੋਗ ਨੂੰ ਹੋਰ ਡੂੰਘਾ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ, ਖ਼ਾਸ ਕਰਕੇ '2026 ਭਾਰਤ-ਫ਼ਰਾਂਸ ਇਨੋਵੇਸ਼ਨ ਸਾਲ' (ਨਵੀਨਤਾ ਸਾਲ) ਦੇ ਸੰਦਰਭ ਵਿੱਚ। ਉਨ੍ਹਾਂ ਨੇ ਪੁਲਾੜ, ਸਿਵਲ ਪ੍ਰਮਾਣੂ ਊਰਜਾ, ਸਾਈਬਰ ਅਤੇ ਏਆਈ ਸਮੇਤ ਮਹੱਤਵਪੂਰਨ ਅਤੇ ਉੱਭਰਦੀਆਂ ਤਕਨੀਕਾਂ 'ਤੇ ਮੌਜੂਦਾ ਸਹਿਯੋਗ ਵਿੱਚ ਤਰੱਕੀ ਦਾ ਸਵਾਗਤ ਕੀਤਾ ਅਤੇ ਤਕਨੀਕੀ ਸਹਿਯੋਗ ਵਿੱਚ ਹੋਰ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ 'ਭਾਰਤ-ਫ਼ਰਾਂਸ ਇਨੋਵੇਸ਼ਨ ਨੈੱਟਵਰਕ' ਦੀ ਸ਼ੁਰੂਆਤ ਦਾ ਸਵਾਗਤ ਕੀਤਾ। ਇਸ ਦਾ ਮਕਸਦ ਨਵੀਨਤਾਕਾਰਾਂ, ਸਟਾਰਟ-ਅੱਪਸ, ਕਾਰੋਬਾਰਾਂ ਅਤੇ ਇਨਕਿਊਬੇਟਰਾਂ ਸਮੇਤ ਮੁੱਖ ਹਿੱਸੇਦਾਰਾਂ ਨੂੰ ਜੋੜ ਕੇ ਡਿਜੀਟਲ ਨੈੱਟਵਰਕ ਰਾਹੀਂ ਫ਼ਰਾਂਸ ਅਤੇ ਭਾਰਤ ਦੇ ਨਵੀਨਤਾ ਈਕੋਸਿਸਟਮ ਨੂੰ ਇਕੱਠਾ ਕਰਨਾ ਹੈ।

ਪਿਛਲੇ ਸਾਲ 'ਸਟੇਸ਼ਨ ਐੱਫ' ਵਿੱਚ ਦਸ ਭਾਰਤੀ ਸਟਾਰਟਅੱਪਸ ਦੀ ਸਫਲਤਾ ਤੋਂ ਬਾਅਦ, ਨੇਤਾਵਾਂ ਨੇ ਹੋਰ ਸਟਾਰਟਅੱਪ ਇਨਕਿਊਬੇਸ਼ਨ ਅਤੇ ਭਾਰਤੀ ਤੇ ਫਰਾਂਸੀਸੀ ਸਟਾਰਟਅੱਪ ਈਕੋਸਿਸਟਮ ਦੇ ਵਧੇਰੇ ਮੇਲ-ਜੋਲ ਬਾਰੇ ਚੱਲ ਰਹੀ ਗੱਲਬਾਤ ਦਾ ਸਵਾਗਤ ਕੀਤਾ। ਉਨ੍ਹਾਂ ਨੇ ਦੋਵਾਂ ਸਟਾਰਟਅੱਪ ਈਕੋਸਿਸਟਮ ਵਿਚਕਾਰ ਸਹਿਯੋਗ ਲਈ 'ਟੀ-ਹੱਬ' ਅਤੇ 'ਨੌਰਡ ਫ਼ਰਾਂਸ ਇਨਵੈਸਟ' ਵਿਚਕਾਰ ਸਮਝੌਤੇ ਦਾ ਵੀ ਸਵਾਗਤ ਕੀਤਾ। ਇਸ ਸੰਦਰਭ ਵਿੱਚ, ਫਰਾਂਸੀਸੀ ਪੱਖ ਨੇ 'ਬੰਗਲੌਰ ਟੈਕ ਸਮਿਟ' ਦੀ ਭਾਈਵਾਲੀ ਨਾਲ, ਯੂਰਪ ਦੇ ਸਭ ਤੋਂ ਵੱਡੇ ਤਕਨੀਕੀ ਮੇਲੇ, 'ਵੀਵਾਟੈੱਕ' ਨੂੰ ਭਾਰਤ ਲਿਆਉਣ ਦਾ ਵਾਅਦਾ ਵੀ ਕੀਤਾ। ਕਈ ਪ੍ਰੋਜੈਕਟਾਂ 'ਤੇ ਮੌਜੂਦਾ ਮਜ਼ਬੂਤ ਵਿਗਿਆਨਕ ਭਾਈਵਾਲੀ ਨੂੰ ਅੱਗੇ ਵਧਾਉਂਦੇ ਹੋਏ, ਦੋਵਾਂ ਨੇਤਾਵਾਂ ਨੇ ਭਾਰਤ ਵਿੱਚ ਡਿਜੀਟਲ ਵਿਗਿਆਨ ਅਤੇ ਤਕਨਾਲੋਜੀ 'ਤੇ ਇੱਕ ਦੁਵੱਲੇ ਕੇਂਦਰ ਨੂੰ ਖੋਲ੍ਹਣ ਦੇ ਐਲਾਨ ਦਾ ਸਵਾਗਤ ਕੀਤਾ। ਇਹ ਕੇਂਦਰ 'ਇੰਸਟੀਚਿਊਟ ਨੈਸ਼ਨਲ ਡੀ ਰੀਚਰਚੇ ਐਨ ਇਨਫਾਰਮੇਟਿਕ ਐਟ ਐਨ ਆਟੋਮੈਟਿਕ' ਅਤੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਵਿਚਕਾਰ ਹੋਵੇਗਾ, ਜਿਸ ਲਈ ਦੋਵਾਂ ਪਾਸਿਆਂ ਨੇ 'ਸਾਂਝੇ ਇਰਾਦੇ ਦੇ ਐਲਾਨਨਾਮੇ' 'ਤੇ ਦਸਤਖ਼ਤ ਕੀਤੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ 'ਸੈਂਟਰ ਨੈਸ਼ਨਲ ਡੀ ਲਾ ਰੀਚਰਚੇ ਸਾਇੰਟਿਫਿਕ' ਅਤੇ ਡੀਐੱਸਟੀ ਵਿਚਕਾਰ ਵਿਗਿਆਨਕ ਸਹਿਯੋਗ ਲਈ ਸਮਝੌਤੇ ਦੇ ਨਵੀਨੀਕਰਨ, ਅਤੇ 'ਜੁਆਇੰਟ ਸੈਂਟਰ ਫਾਰ ਐਡਵਾਂਸਡ ਮਟੀਰੀਅਲਜ਼' ਸਥਾਪਤ ਕਰਨ ਲਈ ਡੀਐੱਸਟੀ ਅਤੇ ਸੀਐੱਨਆਰਐੱਸ ਵਿਚਕਾਰ 'ਲੈਟਰ ਆਫ਼ ਇੰਟੈਂਟ' ਦਾ ਵੀ ਸਵਾਗਤ ਕੀਤਾ। ਉਨ੍ਹਾਂ ਨੇ ਏਆਈ ਅਤੇ ਅਪਲਾਈਡ ਮੈਥੇਮੈਟਿਕਸ ਦੇ ਖੇਤਰ ਵਿੱਚ ਏਐੱਨਆਰ ਅਤੇ ਡੀਐੱਸਟੀ  ਰਾਹੀਂ ਪ੍ਰੋਜੈਕਟਾਂ ਲਈ ਸਾਂਝੇ ਸੱਦੇ ਨੂੰ ਜਲਦੀ ਅੰਤਿਮ ਰੂਪ ਦੇਣ ਲਈ ਕਿਹਾ।

ਸਿਵਲ ਹਵਾਬਾਜ਼ੀ ਵਿੱਚ ਦੁਵੱਲੇ ਸਹਿਯੋਗ ਨੂੰ ਡੂੰਘਾ ਕਰਨ ਦੇ ਉਦੇਸ਼ ਨਾਲ, ਦੋਵਾਂ ਧਿਰਾਂ ਨੇ ਸਿਵਲ ਹਵਾਬਾਜ਼ੀ ਦੇ ਖੇਤਰ ਵਿੱਚ ਇਰਾਦੇ ਦੇ ਐਲਾਨਨਾਮੇ 'ਤੇ ਹਾਲ ਹੀ ਵਿੱਚ ਦਸਤਖ਼ਤ ਕਰਨ ਦਾ ਸਵਾਗਤ ਕੀਤਾ। ਉਨ੍ਹਾਂ ਨੇ ਸੇਂਟ-ਡੈਨਿਸ ਡੀ ਲਾ ਰੀਯੂਨੀਅਨ ਅਤੇ ਚੇਨਈ ਵਿਚਕਾਰ ਇੱਕ ਨਵੇਂ ਹਵਾਈ ਰਸਤੇ ਦੀ ਸ਼ੁਰੂਆਤ ਦਾ ਸਵਾਗਤ ਕੀਤਾ, ਜੋ ਲਾ ਰੀਯੂਨੀਅਨ ਅਤੇ ਭਾਰਤ ਵਿਚਕਾਰ ਆਰਥਿਕ ਅਤੇ ਸਭਿਆਚਾਰਕ ਆਦਾਨ-ਪ੍ਰਦਾਨ ਵਧਾਉਣ ਵਿੱਚ ਮਦਦ ਕਰੇਗਾ। ਦੋਵਾਂ ਨੇਤਾਵਾਂ ਨੇ 'ਨੈਸ਼ਨਲ ਸਕਿੱਲ ਟ੍ਰੇਨਿੰਗ ਇੰਸਟੀਚਿਊਟ', ਕਾਨਪੁਰ ਵਿੱਚ ਏਅਰੋਨੌਟਿਕਸ ਅਤੇ ਸਬੰਧਤ ਖੇਤਰਾਂ ਵਿੱਚ 'ਨੈਸ਼ਨਲ ਸੈਂਟਰ ਆਫ਼ ਐਕਸੀਲੈਂਸ' ਦੀ ਸਥਾਪਨਾ ਲਈ 'ਲੈਟਰ ਆਫ਼ ਇੰਟੈਂਟ' 'ਤੇ ਦਸਤਖ਼ਤ ਕਰਨ ਦਾ ਸਵਾਗਤ ਕੀਤਾ। ਉਨ੍ਹਾਂ ਨੇ ਹੁਨਰ ਵਿਕਾਸ, ਵੋਕੇਸ਼ਨਲ ਸਿੱਖਿਆ ਅਤੇ ਸਿਖਲਾਈ ਦੇ ਖੇਤਰਾਂ ਵਿੱਚ ਮੌਜੂਦਾ ਸਮਝੌਤੇ ਤਹਿਤ ਦੁਵੱਲੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ, ਜਿਸਦਾ ਧਿਆਨ ਹੁਨਰ ਦੇ ਨਤੀਜਿਆਂ ਨੂੰ ਵਧਾਉਣ 'ਤੇ ਹੋਵੇਗਾ।

ਭਾਰਤ ਅਤੇ ਫ਼ਰਾਂਸ ਨੇ ਸਿਹਤ ਸਹਿਯੋਗ ਦੇ ਖੇਤਰ ਵਿੱਚ ਬੇਮਿਸਾਲ ਤੇਜ਼ੀ ਦਾ ਸਵਾਗਤ ਕੀਤਾ। ਜਨਵਰੀ, 2024 ਵਿੱਚ ਨਵੀਂ ਦਿੱਲੀ ਵਿੱਚ ਪਿਛਲੇ ਰਾਸ਼ਟਰਪਤੀ ਦੌਰੇ ਦੌਰਾਨ ਸਿਹਤ ਅਤੇ ਦਵਾਈ ਦੇ ਖੇਤਰ ਵਿੱਚ ਸਹਿਯੋਗ ਲਈ ਇਰਾਦੇ ਦੇ ਐਲਾਨਨਾਮੇ 'ਤੇ ਦਸਤਖ਼ਤ ਕਰਨ ਤੋਂ ਬਾਅਦ, ਭਾਰਤ ਅਤੇ ਫ਼ਰਾਂਸ ਨੇ ਏਆਈ ਅਤੇ ਡਿਜੀਟਲ ਸਿਹਤ ਨੂੰ ਇਸ ਰਣਨੀਤਕ ਸਹਿਯੋਗ ਦੇ ਕੇਂਦਰ ਵਿੱਚ ਰੱਖਿਆ ਹੈ। ਇਸ ਨੂੰ ਅੱਗੇ ਵਧਾਉਂਦੇ ਹੋਏ, ਦੋਵੇਂ ਨੇਤਾ ਦੌਰੇ ਦੌਰਾਨ ਸਿਹਤ ਸੰਭਾਲ ਵਿੱਚ ਏਆਈ ਨੂੰ ਸਮਰਪਿਤ ਇੱਕ ਵਿਲੱਖਣ ਖੋਜ ਕੇਂਦਰ ਦੀ ਸ਼ੁਰੂਆਤ ਕਰਨ ਦੀ ਉਮੀਦ ਕਰਦੇ ਹਨ। ਇਸ ਵਿੱਚ ਸੋਰਬੋਨ ਯੂਨੀਵਰਸਿਟੀ, ਏਮਜ਼, ਨਵੀਂ ਦਿੱਲੀ, ਅਤੇ ਪੈਰਿਸ ਬ੍ਰੇਨ ਇੰਸਟੀਚਿਊਟ ਵਿਚਕਾਰ ਸਹਿਯੋਗ ਸ਼ਾਮਲ ਹੈ। ਡਿਜੀਟਲ ਸਿਹਤ ਦੇ ਖੇਤਰ ਵਿੱਚ ਭਾਰਤ-ਫ਼ਰਾਂਸ ਸਹਿਯੋਗ ਇਸ ਗਤੀਸ਼ੀਲਤਾ ਨੂੰ ਮਜ਼ਬੂਤ ਕਰੇਗਾ, ਜਿਸ ਵਿੱਚ ਪੈਰੀਸਾਂਟੇ ਕੈਂਪਸ ਅਤੇ ਸੀ-ਕੈਂਪ ਵਿਚਕਾਰ, ਅਤੇ ਹੈਲਥ ਡਾਟਾ ਹੱਬ ਅਤੇ ਆਈਸੀਐੱਮਆਰ ਵਿਚਕਾਰ ਭਾਈਵਾਲੀ ਸ਼ਾਮਲ ਹੈ। ਦੋਵਾਂ ਨੇਤਾਵਾਂ ਨੇ 'ਸਿਹਤ ਲਈ ਜੀਵਨ ਵਿਗਿਆਨ 'ਤੇ ਫਰੈਂਚ-ਇੰਡੀਅਨ ਕੈਂਪਸ' ਦੀ ਪ੍ਰਗਤੀ ਅਤੇ ਇੱਛਾ ਦੀ ਵੀ ਸ਼ਲਾਘਾ ਕੀਤੀ। ਇਹ ਇੱਕ ਪ੍ਰਮੁੱਖ ਪ੍ਰੋਜੈਕਟ ਹੈ, ਜੋ ਆਲਮੀ ਸਿਹਤ ਚੁਣੌਤੀਆਂ ਨੂੰ ਹੱਲ ਕਰਨ ਲਈ ਦੋਵਾਂ ਦੇਸ਼ਾਂ ਦੇ 22 ਤੋਂ ਵੱਧ ਵੱਕਾਰੀ ਉੱਚ ਸਿੱਖਿਆ ਅਤੇ ਖੋਜ ਅਦਾਰਿਆਂ ਨੂੰ ਇਕੱਠਾ ਕਰਦਾ ਹੈ। ਉਨ੍ਹਾਂ ਦੋਵਾਂ ਨੇ ਛੂਤ ਦੀਆਂ ਬਿਮਾਰੀਆਂ ਅਤੇ ਆਲਮੀ ਸਿਹਤ ਖੋਜ 'ਤੇ ਖੋਜ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਭਾਰਤ-ਫ਼ਰਾਂਸ ਸਹਿਯੋਗ 'ਤੇ 'ਲੈਟਰ ਆਫ਼ ਇੰਟੈਂਟ' 'ਤੇ ਦਸਤਖ਼ਤ ਕਰਨ ਦਾ ਸਵਾਗਤ ਕੀਤਾ।

ਦੋਵਾਂ ਦੇਸ਼ਾਂ ਦਰਮਿਆਨ ਲੰਬੇ ਸਮੇਂ ਤੋਂ ਚੱਲ ਰਹੇ ਸਭਿਆਚਾਰਕ ਸਹਿਯੋਗ ਨੂੰ ਅਧਾਰ ਬਣਾਉਂਦੇ ਹੋਏ ਦੋਵਾਂ ਨੇਤਾਵਾਂ ਨੇ ਸੱਭਿਆਚਾਰਕ ਸਬੰਧਾਂ ਨੂੰ ਡੂੰਘਾ ਕਰਨ ਦੀ ਵਚਨਬੱਧਤਾ ਦੁਹਰਾਈ, ਖ਼ਾਸ ਤੌਰ 'ਤੇ '2026 ਭਾਰਤ-ਫ਼ਰਾਂਸ ਇਨੋਵੇਸ਼ਨ ਸਾਲ' ਦੇ ਸੰਦਰਭ ਵਿੱਚ। ਇਸ ਲਈ ਦੋਵਾਂ ਦੇਸ਼ਾਂ ਵਿੱਚ ਸਭਿਆਚਾਰਕ ਸਮਾਗਮਾਂ ਦੀ ਇੱਕ ਲੜੀ ਕਰਵਾਈ ਜਾਵੇਗੀ, ਜਿਸਦਾ ਉਦੇਸ਼ ਭਾਰਤ ਅਤੇ ਫ਼ਰਾਂਸ ਦੀ ਸਾਂਝੀ ਅਮੀਰ ਸਭਿਆਚਾਰਕ ਵਿਰਾਸਤ ਨੂੰ ਮਨਾਉਣਾ ਅਤੇ ਉਤਸ਼ਾਹਿਤ ਕਰਨਾ ਹੈ। ਦੋਵਾਂ ਨੇਤਾਵਾਂ ਨੇ ਸਭਿਆਚਾਰਕ ਆਦਾਨ-ਪ੍ਰਦਾਨ ਨੂੰ ਵਧਾਉਣ ਲਈ ਆਪਸੀ 'ਵਿਲਾ ਸਵਾਗਤਮ' ਰੈਜ਼ੀਡੈਂਸੀ ਨੈੱਟਵਰਕ ਦੀ ਮਹੱਤਤਾ ਨੂੰ ਮੰਨਿਆ।

ਦਸੰਬਰ, 2024 ਵਿੱਚ ਰਾਸ਼ਟਰੀ ਅਜਾਇਬ ਘਰ, ਦਿੱਲੀ ਅਤੇ ਫ਼ਰਾਂਸ ਮਿਊਜ਼ੀਅਮ ਡਿਵੈਲਪਮੈਂਟ ਵਿਚਕਾਰ ਸਮਝੌਤੇ 'ਤੇ ਦਸਤਖ਼ਤ ਕਰਨ ਨੂੰ ਯਾਦ ਕਰਦਿਆਂ, ਦੋਵਾਂ ਨੇਤਾਵਾਂ ਨੇ 'ਯੁਗੇ ਯੁਗੀਨ ਭਾਰਤ ਮਿਊਜ਼ੀਅਮ' ਨੂੰ ਇੱਕ ਆਲਮੀ ਸਭਿਆਚਾਰਕ ਨਿਸ਼ਾਨੀ ਵਜੋਂ ਸਥਾਪਤ ਕਰਨ ਵਿੱਚ ਹੋਈ ਤਰੱਕੀ ਦੀ ਸ਼ਲਾਘਾ ਕੀਤੀ। ਦੋਵਾਂ ਨੇਤਾਵਾਂ ਨੇ ਲੋਥਲ ਵਿੱਚ 'ਨੈਸ਼ਨਲ ਮੈਰੀਟਾਈਮ ਹੈਰੀਟੇਜ ਕੰਪਲੈਕਸ' 'ਤੇ ਸਹਿਯੋਗ ਲਈ ਚਰਚਾ ਵਿੱਚ ਤਰੱਕੀ ਦਾ ਵੀ ਸਵਾਗਤ ਕੀਤਾ। ਉਨ੍ਹਾਂ ਨੇ 2028 ਵਿੱਚ 'ਫਰੈਂਚ ਨੈਸ਼ਨਲ ਮਿਊਜ਼ੀਅਮ ਆਫ਼ ਏਸ਼ੀਅਨ ਆਰਟਸ' ਵਿੱਚ ਭਾਰਤ ਨੂੰ ਸਮਰਪਿਤ ਇੱਕ ਸਭਿਆਚਾਰਕ ਸਾਲ ਮਨਾਉਣ ਦੇ ਐਲਾਨ ਦਾ ਸਵਾਗਤ ਕੀਤਾ। ਇਸ ਤੋਂ ਇਲਾਵਾ, 2028 ਵਿੱਚ ਫਰੈਂਕੋ-ਇੰਡੀਅਨ ਰਣਨੀਤਕ ਭਾਈਵਾਲੀ ਦੀ 30ਵੀਂ ਵਰ੍ਹੇਗੰਢ ਮਨਾਉਣ ਲਈ 'ਮਿਊਜ਼ੀ ਡੂ ਕਵੇ ਬ੍ਰੈਨਲੀ - ਜੈਕ ਚਿਰਾਕ' ਵਿੱਚ ਸਮਕਾਲੀ ਭਾਰਤੀ ਫੋਟੋਗ੍ਰਾਫੀ ਨੂੰ ਸਮਰਪਿਤ ਇੱਕ ਪ੍ਰਦਰਸ਼ਨੀ ਦੇ ਐਲਾਨ ਦਾ ਵੀ ਸਵਾਗਤ ਕੀਤਾ। ਪ੍ਰਦਰਸ਼ਨੀ "ਸੇ ਕੀ ਸੇ ਟ੍ਰਾਮ" / "ਟੈਕਸਟਾਈਲ ਮੈਟਰਸ, ਜੋ ਦੋਵਾਂ ਦੇਸ਼ਾਂ ਦੀ ਟੈਕਸਟਾਈਲ ਮਹਾਰਤ ਨੂੰ ਸਮਰਪਿਤ ਹੈ ਅਤੇ ਜਿਸ ਨੂੰ 2025 ਦੇ ਅਖੀਰ ਵਿੱਚ 'ਮੋਬਿਲੀਅਰ ਨੈਸ਼ਨਲ' ਵਿੱਚ ਪੇਸ਼ ਕੀਤਾ ਗਿਆ ਸੀ, ਜਲਦੀ ਹੀ ਭਾਰਤ ਵਿੱਚ ਦਿਖਾਈ ਜਾਵੇਗੀ।

ਫ਼ਰਾਂਸ ਅਤੇ ਭਾਰਤ ਦੋਵੇਂ, ਆਪਣੀਆਂ ਅਮੀਰ ਸਭਿਆਚਾਰਕ ਅਤੇ ਰਚਨਾਤਮਕ ਪਰੰਪਰਾਵਾਂ ਦੇ ਨਾਲ, ਨਵੇਂ ਸਹਿਯੋਗ ਅਤੇ ਵਧੀਆ ਤਰੀਕਿਆਂ ਨੂੰ ਸਾਂਝਾ ਕਰਨ ਨੂੰ ਉਤਸ਼ਾਹਿਤ ਕਰਨ ਲਈ ਸਭਿਆਚਾਰਕ ਅਤੇ ਰਚਨਾਤਮਕ ਉਦਯੋਗਾਂ ਵਿੱਚ ਸਹਿਯੋਗ ਕਰਨ ਦੀ ਆਪਣੀ ਇੱਛਾ ਦਾ ਐਲਾਨ ਕਰਦੇ ਹਨ।

'ਪੈਰਿਸ ਬੁੱਕ ਫੈਸਟੀਵਲ 2022' ਵਿੱਚ ਭਾਰਤ ਅਤੇ 'ਨਵੀਂ ਦਿੱਲੀ ਵਿਸ਼ਵ ਪੁਸਤਕ ਮੇਲੇ 2023' ਵਿੱਚ ਫ਼ਰਾਂਸ ਦੇ ਆਪਸੀ ਸੱਦੇ ਦੀ ਸਫਲਤਾ ਨੂੰ ਆਧਾਰ ਬਣਾਉਂਦੇ ਹੋਏ, ਫ਼ਰਾਂਸ ਅਤੇ ਭਾਰਤ ਪੇਸ਼ਾਵਰਾਂ ਦੇ ਆਪਸੀ ਸੱਦਿਆਂ, ਦੋ-ਪਾਸੜ ਅਨੁਵਾਦ ਪ੍ਰਵਾਹ ਅਤੇ ਸਾਂਝੇ ਉੱਦਮਾਂ ਨੂੰ ਉਤਸ਼ਾਹਿਤ ਕਰਕੇ ਕਿਤਾਬਾਂ ਅਤੇ ਸਾਹਿਤ ਦੇ ਖੇਤਰਾਂ ਵਿੱਚ ਆਪਣਾ ਸਹਿਯੋਗ ਮਜ਼ਬੂਤ ਕਰਨ ਦਾ ਇਰਾਦਾ ਰੱਖਦੇ ਹਨ।

2023 ਵਿੱਚ 'ਨਮਸਤੇ ਫ਼ਰਾਂਸ' ਦੀ ਸਫਲਤਾ ਨੂੰ ਅਧਾਰ ਬਣਾਉਂਦੇ ਹੋਏ, ਦੋਵੇਂ ਨੇਤਾ ਸਾਲ 2028 ਵਿੱਚ ਰਣਨੀਤਕ ਭਾਈਵਾਲੀ ਦੇ 30 ਸਾਲ ਪੂਰੇ ਹੋਣ 'ਤੇ 'ਨਮਸਤੇ ਫ਼ਰਾਂਸ' ਦਾ ਅਗਲਾ ਐਡੀਸ਼ਨ ਮਨਾਉਣ ਅਤੇ ਇਸ ਨੂੰ ਦੁਵੱਲੇ ਸਭਿਆਚਾਰਕ ਸਹਿਯੋਗ ਦਾ ਨਿਯਮਤ ਹਿੱਸਾ ਬਣਾਉਣ ਲਈ ਸਹਿਮਤ ਹੋਏ।

ਉਨ੍ਹਾਂ ਨੇ ਭਾਰਤ ਵਿੱਚ 'ਅਲਾਇੰਸ ਫ੍ਰਾਂਸੇਜ਼' ਨੈੱਟਵਰਕ ਅਤੇ ਲਾ ਰੀਯੂਨੀਅਨ ਵਿੱਚ 'ਭਾਰਤੀ ਸਭਿਆਚਾਰਕ ਕੇਂਦਰ' ਵੱਲੋਂ ਕੀਤੇ ਗਏ ਕੰਮ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਪੈਰਿਸ ਵਿੱਚ ਭਾਰਤੀ ਸਭਿਆਚਾਰਕ ਕੇਂਦਰ (ਸੁਆਮੀ ਵਿਵੇਕਾਨੰਦ ਸਭਿਆਚਾਰਕ ਕੇਂਦਰ) ਖੋਲ੍ਹਣ ਦਾ ਸਵਾਗਤ ਕੀਤਾ ਅਤੇ ਆਪਣੇ ਅਧਿਕਾਰੀਆਂ ਨੂੰ ਪੈਰਿਸ ਵਿੱਚ ਭਾਰਤੀ ਸੱਭਿਆਚਾਰਕ ਕੇਂਦਰ ਅਤੇ ਭਾਰਤ ਵਿੱਚ ਅਲਾਇੰਸ ਫ੍ਰਾਂਸੇਜ਼ ਨੈੱਟਵਰਕ ਦੇ ਵਿਸ਼ੇਸ਼ ਮਿਸ਼ਨਾਂ ਨੂੰ ਮਾਨਤਾ ਦੇਣ ਲਈ ਇੱਕ ਦੁਵੱਲੇ ਸਮਝੌਤੇ ਨੂੰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ। ਇਸ ਸੰਦਰਭ ਵਿੱਚ, ਦੋਵੇਂ ਪੱਖ ਭਾਰਤ ਵਿੱਚ ਸੈਕੰਡਰੀ ਸਕੂਲਾਂ, ਯੂਨੀਵਰਸਿਟੀਆਂ ਅਤੇ ਵੋਕੇਸ਼ਨਲ ਸਿੱਖਿਆ ਕੇਂਦਰਾਂ ਵਿੱਚ ਫਰਾਂਸੀਸੀ ਭਾਸ਼ਾ ਦੀ ਪੜ੍ਹਾਈ ਦਾ ਵਿਸਥਾਰ ਕਰਨ ਦੇ ਟੀਚੇ ਲਈ ਵਚਨਬੱਧ ਹਨ, ਜਿਸ ਵਿੱਚ 'ਫ੍ਰੈਂਚ ਫਾਰ ਆਲ, ਫ੍ਰੈਂਚ ਫਾਰ ਏ ਬੈਟਰ ਫਿਊਚਰ' ਪ੍ਰੋਗਰਾਮ ਸ਼ਾਮਲ ਹੈ।

ਦੋਵਾਂ ਨੇਤਾਵਾਂ ਨੇ ਵਿਦਿਅਕ ਸਹਿਯੋਗ ਅਤੇ ਵਿਦਿਆਰਥੀਆਂ ਦੇ ਆਉਣ-ਜਾਣ ਨੂੰ ਮਜ਼ਬੂਤ ਕਰਨ ਲਈ ਦਿੱਤੀ ਗਈ ਪਹਿਲ ਦੀ ਪੁਸ਼ਟੀ ਕੀਤੀ। ਇਸ ਮਕਸਦ ਲਈ, ਉਨ੍ਹਾਂ ਨੇ 'ਇੰਟਰਨੈਸ਼ਨਲ ਕਲਾਸਾਂ' ਪਹਿਲਕਦਮੀ ਦੀ ਸ਼ਲਾਘਾ ਕੀਤੀ। ਇਹ ਪਹਿਲਕਦਮੀ ਭਾਰਤੀ ਸੈਕੰਡਰੀ ਸਕੂਲ ਪ੍ਰਣਾਲੀ ਦੇ ਵਿਦਿਆਰਥੀਆਂ ਲਈ ਸਮਰਪਿਤ ਭਾਸ਼ਾਈ ਅਤੇ ਕਾਰਜਪ੍ਰਣਾਲੀ ਸਿਖਲਾਈ ਦੀ ਪੇਸ਼ਕਸ਼ ਕਰਕੇ ਫਰਾਂਸੀਸੀ ਯੂਨੀਵਰਸਿਟੀਆਂ ਤੱਕ ਪਹੁੰਚ ਨੂੰ ਆਸਾਨ ਬਣਾਉਂਦੀ ਹੈ। ਇਹ 2030 ਤੱਕ ਫ਼ਰਾਂਸ ਵਿੱਚ ਮੌਜੂਦਾ 10,000 ਤੋਂ 30,000 ਭਾਰਤੀ ਵਿਦਿਆਰਥੀਆਂ ਦਾ ਸਵਾਗਤ ਕਰਨ ਦੇ ਟੀਚੇ ਨੂੰ ਪੂਰਾ ਕਰਨ ਦੇ ਉਦੇਸ਼ ਨਾਲ ਵਿਦਿਆਰਥੀਆਂ ਦੇ ਆਉਣ-ਜਾਣ ਨੂੰ ਉਤਸ਼ਾਹਿਤ ਕਰੇਗਾ। ਦੋਵਾਂ ਨੇਤਾਵਾਂ ਨੇ ਮੁੰਬਈ ਵਿੱਚ ਇੱਕ ਹੱਬ ਦੀ ਸਥਾਪਨਾ ਦਾ ਸਵਾਗਤ ਕੀਤਾ ਜੋ 'ਈਐੱਸਐੱਸਈਸੀ ਬਿਜ਼ਨਸ ਸਕੂਲ' ਅਤੇ 'ਸੈਂਟਰਲਸੁਪੇਲੇਕ ਇੰਜੀਨੀਅਰਿੰਗ ਸਕੂਲ' ਨੂੰ ਇਕੱਠਾ ਕਰੇਗਾ। ਦੋਵਾਂ ਨੇਤਾਵਾਂ ਨੇ 'ਅਕਾਦਮਿਕ ਯੋਗਤਾਵਾਂ ਦੀ ਆਪਸੀ ਮਾਨਤਾ' ਬਾਰੇ ਸਮਝੌਤੇ ਦੇ ਆਉਣ ਵਾਲੇ ਸੁਧਾਰ ਦਾ ਸਵਾਗਤ ਕੀਤਾ।

ਦੋਵਾਂ ਨੇਤਾਵਾਂ ਨੇ ਅਕਾਦਮਿਕ ਅਤੇ ਵਿਗਿਆਨਕ ਸਹਿਯੋਗ ਦੇ ਵਾਧੇ ਅਤੇ 18 ਤੇ 19 ਫਰਵਰੀ ਨੂੰ ਨਵੀਂ ਦਿੱਲੀ ਵਿੱਚ ਏਮਜ਼ ਵੱਲੋਂ ਕਰਵਾਈਆਂ ਗਈਆਂ 'ਉੱਚ ਪੱਧਰੀ ਅਕਾਦਮਿਕ ਅਤੇ ਵਿਗਿਆਨਕ ਮੀਟਿੰਗਾਂ' ਦੀ ਸਫਲਤਾ ਦੀ ਸ਼ਲਾਘਾ ਕੀਤੀ। ਇਨ੍ਹਾਂ ਉੱਚ ਪੱਧਰੀ ਮੀਟਿੰਗਾਂ ਨੇ ਦੋਵਾਂ ਦੇਸ਼ਾਂ ਦੀਆਂ 200 ਤੋਂ ਵੱਧ ਯੂਨੀਵਰਸਿਟੀਆਂ ਅਤੇ ਖੋਜ ਸੰਸਥਾਵਾਂ ਅਤੇ ਵਿਗਿਆਨਕ ਸੰਗਠਨਾਂ ਨੂੰ ਇਕੱਠਾ ਕੀਤਾ। ਇਨ੍ਹਾਂ ਨੇ ਦੋਹਰੀ ਅਤੇ ਸਾਂਝੀ ਡਿਗਰੀ ਪ੍ਰਬੰਧਾਂ ਸਮੇਤ ਦੋਵਾਂ ਪਾਸਿਆਂ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਅਤੇ ਅਕਾਦਮਿਕ ਸੰਸਥਾਵਾਂ ਵਿਚਕਾਰ ਜੀਵੰਤ ਸਹਿਯੋਗ ਨੂੰ ਉਜਾਗਰ ਕੀਤਾ। ਸਮਾਜਿਕ ਵਿਗਿਆਨ ਦੇ ਖੇਤਰ ਵਿੱਚ, ਦੋਵਾਂ ਨੇਤਾਵਾਂ ਨੇ ਦੁਵੱਲੀ ਵਿਗਿਆਨਕ ਖੋਜ ਨੂੰ ਉਤਸ਼ਾਹਿਤ ਕਰਨ ਅਤੇ ਫੰਡ ਦੇਣ ਵਿੱਚ 'ਸੀਈਐੱਫਆਈਪੀਆਰਏ' ਵੱਲੋਂ ਕੀਤੇ ਗਏ ਕੰਮ ਲਈ ਆਪਣੀ ਤਾਰੀਫ਼ ਅਤੇ ਸਮਰਥਨ ਪ੍ਰਗਟ ਕੀਤਾ।

ਦੇਸ਼ਾਂ ਵਿਚਕਾਰ ਆਪਸੀ ਲਾਭਕਾਰੀ ਹੁਨਰ ਅਤੇ ਪ੍ਰਤਿਭਾ ਦੇ ਆਉਣ-ਜਾਣ ਨੂੰ ਵਧਾਉਣ ਦੇ ਉਦੇਸ਼ ਨਾਲ, ਦੋਵਾਂ ਨੇਤਾਵਾਂ ਨੇ 'ਭਾਰਤ-ਫ਼ਰਾਂਸ ਪ੍ਰਵਾਸ ਅਤੇ ਗਤੀਸ਼ੀਲਤਾ ਭਾਈਵਾਲੀ ਸਮਝੌਤੇ' (ਐੱਮਐੱਮਪੀਏ) ਅਤੇ 'ਯੰਗ ਪ੍ਰੋਫੈਸ਼ਨਲ ਸਕੀਮ' (ਵਾਈਪੀਐੱਸ) ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਦੋਵਾਂ ਨੇਤਾਵਾਂ ਨੇ ਹੁਨਰ ਵਿਕਾਸ, ਵੋਕੇਸ਼ਨਲ ਸਿੱਖਿਆ ਅਤੇ ਸਿਖਲਾਈ ਦੇ ਖੇਤਰਾਂ ਵਿੱਚ ਸਹਿਯੋਗ ਬਾਰੇ ਸਮਝੌਤੇ 'ਤੇ ਦਸਤਖ਼ਤ ਕਰਨ ਦਾ ਸਵਾਗਤ ਕੀਤਾ। ਇਹ ਸਮਝੌਤਾ ਨੌਜਵਾਨਾਂ ਅਤੇ ਪੇਸ਼ੇਵਰਾਂ ਦੇ ਆਉਣ-ਜਾਣ ਦੇ ਮੌਕਿਆਂ ਨੂੰ ਮਜ਼ਬੂਤ ਕਰੇਗਾ ਅਤੇ ਭਾਰਤ ਅਤੇ ਫ਼ਰਾਂਸ ਦਰਮਿਆਨ ਲੋਕਾਂ ਦੇ ਆਪਸੀ ਸਬੰਧਾਂ ਨੂੰ ਪੱਕਾ ਕਰੇਗਾ। ਇਸ ਭਾਵਨਾ ਵਿੱਚ, ਨੇਤਾਵਾਂ ਨੇ ਫਰਾਂਸੀਸੀ ਹਵਾਈ ਅੱਡਿਆਂ ਰਾਹੀਂ ਭਾਰਤੀ ਨਾਗਰਿਕਾਂ ਦੇ ਆਉਣ ਵਾਲੇ ਵੀਜ਼ਾ ਮੁਕਤ ਰਸਤੇ ਦੇ ਐਲਾਨ ਦਾ ਸਵਾਗਤ ਕੀਤਾ, ਜਿਸਦੀ ਛੇ ਮਹੀਨਿਆਂ ਦੇ ਅਜ਼ਮਾਇਸ਼ੀ ਸਮੇਂ ਤੋਂ ਬਾਅਦ ਸਮੀਖਿਆ ਕੀਤੀ ਜਾਵੇਗੀ।

ਦੋਵਾਂ ਨੇਤਾਵਾਂ ਨੇ ਭੂਮੱਧ ਸਾਗਰ ਅਤੇ ਇੰਡੋ-ਪੈਸੀਫਿਕ ਖੇਤਰਾਂ ਵਿਚਕਾਰ ਵਪਾਰ ਅਤੇ ਸੰਪਰਕ ਵਧਾਉਣ ਦੇ ਉਦੇਸ਼ ਨਾਲ 'ਰਾਇਸੀਨਾ ਡਾਇਲਾਗ' ਦੇ ਉਦਘਾਟਨੀ 'ਮੈਡੀਟੇਰੀਅਨ ਐਡੀਸ਼ਨ' ਦਾ ਸਵਾਗਤ ਕੀਤਾ ਜੋ ਮਾਰਸੇ ਵਿੱਚ ਹੋਇਆ। ਇਸ ਦਾ ਮਕਸਦ ਸਰਕਾਰਾਂ ਦੇ ਨੁਮਾਇੰਦਿਆਂ, ਉਦਯੋਗ ਦੇ ਨੇਤਾਵਾਂ, ਵਪਾਰ ਅਤੇ ਸੰਪਰਕ ਮੁੱਦਿਆਂ ਦੇ ਮਾਹਰਾਂ ਅਤੇ ਹੋਰ ਸਬੰਧਤ ਹਿੱਸੇਦਾਰਾਂ ਨੂੰ ਸ਼ਾਮਲ ਕਰਦੇ ਹੋਏ ਉੱਚ-ਪੱਧਰੀ ਗੱਲਬਾਤ ਨੂੰ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਨੇ ਨੋਟ ਕੀਤਾ ਕਿ ਇਹ ਦੋਵਾਂ ਪਾਸਿਆਂ ਦੇ ਅਕਾਦਮਿਕਾਂ ਅਤੇ ਥਿੰਕ-ਟੈਂਕਾਂ ਦੇ ਨਾਲ-ਨਾਲ ਭੂਮੱਧ ਖੇਤਰ ਦੇ ਦੇਸ਼ਾਂ ਦੇ ਲੋਕਾਂ ਵਿਚਕਾਰ ਦੁਵੱਲੇ ਆਦਾਨ-ਪ੍ਰਦਾਨ ਨੂੰ ਹੋਰ ਵਧਾਏਗਾ। ਇਸ ਸਬੰਧ ਵਿੱਚ, ਦੋਵੇਂ ਨੇਤਾ ਇਸ ਫੋਰਮ ਦੇ ਆਉਣ ਵਾਲੇ ਐਡੀਸ਼ਨ ਦੀ ਉਡੀਕ ਕਰ ਰਹੇ ਹਨ।

ਭਾਰਤ-ਫ਼ਰਾਂਸ ਵਿਸ਼ੇਸ਼ ਆਲਮੀ ਰਣਨੀਤਕ ਭਾਈਵਾਲੀ ਦੀ ਸਥਾਪਨਾ ਭਾਰਤ-ਫ਼ਰਾਂਸ ਸਬੰਧਾਂ ਵਿੱਚ ਇੱਕ ਨਵਾਂ ਅਧਿਆਏ ਖੋਲ੍ਹਦੀ ਹੈ ਜੋ ਦੋਵਾਂ ਦੇਸ਼ਾਂ ਦੇ ਲੋਕਾਂ ਲਈ ਹੋਰ ਮੌਕੇ ਪੈਦਾ ਕਰਦੀ ਹੈ ਅਤੇ ਅੰਤਰਰਾਸ਼ਟਰੀ ਸ਼ਾਂਤੀ, ਸਥਿਰਤਾ ਅਤੇ ਖ਼ੁਸ਼ਹਾਲੀ ਨੂੰ ਅੱਗੇ ਵਧਾਉਂਦੀ ਹੈ।

************

ਐੱਮਜੇਪੀਐੱਸ/ਐੱਸਆਰ


(Release ID: 2230617) ਵਿਜ਼ੀਟਰ ਕਾਊਂਟਰ : 4