ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਲੇਸ਼ੀਆ ਦੇ ਕੁਆਲਾਲੰਪੁਰ ਵਿੱਚ ਇੱਕ ਭਾਈਚਾਰਕ ਸਮਾਗਮ ਦੌਰਾਨ ਭਾਰਤੀ ਪ੍ਰਵਾਸੀਆਂ ਨੂੰ ਸੰਬੋਧਨ ਕੀਤਾ


ਕੁਆਲਾਲੰਪੁਰ ਵਿੱਚ ਭਾਰਤੀ ਪ੍ਰਵਾਸੀਆਂ ਦੇ ਪਿਆਰ ਲਈ ਤਹਿ ਦਿਲੋਂ ਧੰਨਵਾਦੀ ਹਾਂ, ਸਾਡਾ ਪ੍ਰਵਾਸੀ ਭਾਈਚਾਰਾ ਭਾਰਤ ਅਤੇ ਮਲੇਸ਼ੀਆ ਦਰਮਿਆਨ ਇੱਕ ਮਜ਼ਬੂਤ ​​ਪੁਲ ਵਜੋਂ ਨਿਰੰਤਰ ਸੇਵਾ ਕਰਦਾ ਰਹੇਗਾ: ਪ੍ਰਧਾਨ ਮੰਤਰੀ

ਮਲੇਸ਼ੀਆ ਵਿੱਚ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਭਾਰਤੀ ਮੂਲ ਦਾ ਭਾਈਚਾਰੇ ਰਹਿੰਦਾ ਹੈ, ਭਾਰਤ ਅਤੇ ਮਲੇਸ਼ੀਆ ਦੇ ਦਿਲਾਂ ਨੂੰ ਜੋੜਨ ਵਾਲੇ ਬਹੁਤ ਸਾਰੇ ਡੂੰਘੇ ਸਬੰਧ ਹਨ: ਪ੍ਰਧਾਨ ਮੰਤਰੀ

ਇਹ ਸ਼ਲਾਘਾਯੋਗ ਹੈ ਕਿ ਤੁਸੀਂ ਸਦੀਆਂ ਤੋਂ ਆਪਣੀਆਂ ਪਰੰਪਰਾਵਾਂ ਨੂੰ ਸੁਰੱਖਿਅਤ ਰੱਖਿਆ ਹੈ। ਹਾਲ ਹੀ ਵਿੱਚ, ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਵਿੱਚ ਮੈਂ 140 ਕਰੋੜ ਭਾਰਤੀਆਂ ਨਾਲ ਸਾਂਝਾ ਕੀਤਾ ਕਿ ਕਿਵੇਂ ਮਲੇਸ਼ੀਆ ਦੇ 500 ਤੋਂ ਵੱਧ ਸਕੂਲਾਂ ਵਿੱਚ ਬੱਚਿਆਂ ਨੂੰ ਭਾਰਤੀ ਭਾਸ਼ਾਵਾਂ ਸਿਖਾਈਆਂ ਜਾ ਰਹੀਆਂ ਹਨ: ਪ੍ਰਧਾਨ ਮੰਤਰੀ

ਮਲੇਸ਼ੀਆ ਵਿੱਚ ਤਾਮਿਲ ਪ੍ਰਵਾਸੀ ਵੱਖ-ਵੱਖ ਖੇਤਰਾਂ ਵਿੱਚ ਸਮਾਜ ਦੀ ਸੇਵਾ ਕਰ ਰਹੇ ਹਨ ਅਤੇ ਉਨ੍ਹਾਂ ਦਾ ਇੱਥੇ ਦਾ ਇਤਿਹਾਸ ਸਦੀਆਂ ਪੁਰਾਣਾ ਹੈ, ਇਸ ਸ਼ਾਨਦਾਰ ਇਤਿਹਾਸ ਤੋਂ ਪ੍ਰੇਰਿਤ ਹੋ ਕੇ, ਅਸੀਂ ਯੂਨੀਵਰਸਿਟੀ ਆਫ਼ ਮਲਾਇਆ ਵਿੱਚ ਤਿਰੂਵੱਲੁਵਰ ਚੇਅਰ ਦੀ ਸਥਾਪਨਾ ਕੀਤੀ ਹੈ ਅਤੇ ਹੁਣ ਸਾਡੀ ਸਾਂਝੀ ਵਿਰਾਸਤ ਨੂੰ ਹੋਰ ਮਜ਼ਬੂਤ ​​ਕਰਨ ਲਈ ਇੱਕ ਤਿਰੂਵੱਲੁਵਰ ਸੈਂਟਰ ਸਥਾਪਤ ਕਰਾਂਗੇ: ਪ੍ਰਧਾਨ ਮੰਤਰੀ

ਭਾਰਤ ਦੀ ਸਫਲਤਾ ਮਲੇਸ਼ੀਆ ਦੀ ਸਫਲਤਾ ਹੈ ਅਤੇ ਇਹ ਸਾਰੇ ਏਸ਼ੀਆ ਦੀ ਸਫਲਤਾ ਹੈ। ਇਸ ਲਈ, ਮੈਂ ਕਹਿੰਦਾ ਹਾਂ ਕਿ ਸਾਡੇ ਸਬੰਧਾਂ ਦਾ ਮਾਰਗ-ਦਰਸ਼ਕ ਸ਼ਬਦ 'IMPACT' ਹੈ – ਜਿਸ ਦਾ ਅਰਥ ਹੈ ਇੰਡੀਆ-ਮਲੇਸ਼ੀਆ ਪਾਰਟਨਰਸ਼ਿਪ ਫ਼ਾਰ ਐਡਵਾਂਸਿੰਗ ਕਲੈਕਟਿਵ ਟ੍ਰਾਂਸਫ਼ਾਰਮੇਸ਼ਨ (ਸਮੂਹਿਕ ਪਰਿਵਰਤਨ ਨੂੰ ਅੱਗੇ ਵਧਾਉਣ ਲਈ ਭਾਰਤ-ਮਲੇਸ਼ੀਆ ਸਾਂਝੇਦਾਰੀ): ਪ੍ਰਧਾਨ ਮੰਤਰੀ

ਮੈਂ ਤੁਹਾਡੇ ਵਿੱਚੋਂ ਵੱਧ ਤੋਂ ਵੱਧ ਲੋਕਾਂ ਨੂੰ ਇਨਕ੍ਰੈਡਿਬਲ ਇੰਡੀਆ (ਅਦਭੁਤ ਭਾਰਤ) ਦਾ ਦੌਰਾ ਕਰਨ ਅਤੇ ਉਸ ਦਾ ਅਨੁਭਵ ਕਰਨ ਲਈ ਉਤਸ਼ਾਹਿਤ ਕਰਦਾ ਹਾਂ ਅਤੇ ਤੁਸੀਂ ਆਪਣੇ ਨਾਲ ਮਲੇਸ਼ੀਆਈ ਦੋਸਤਾਂ ਨੂੰ ਵੀ ਜ਼ਰੂਰ ਨਾਲ ਲਿਆਓ, ਕਿਉਂਕਿ ਜਨਤਾ ਦਰਮਿਆਨ ਆਪਸੀ ਸੰਪਰਕ ਹੀ ਸਾਡੀ ਦੋਸਤੀ ਦੀ ਨੀਂਹ ਹੈ: ਪ੍ਰਧਾਨ ਮੰਤਰੀ

ਅੱਜ ਦੁਨੀਆ ਭਾਰਤ ਨੂੰ ਵਿਕਾਸ ਦੇ ਇੱਕ ਭਰੋਸੇਮੰਦ ਭਾਈਵਾਲ ਵਜੋਂ ਦੇਖਦੀ ਹੈ। ਭਾਵੇਂ ਇਹ ਯੂਕੇ, ਯੂਏਈ, ਆਸਟ੍ਰੇਲੀਆ, ਨਿਊਜ਼ੀਲੈਂਡ, ਓਮਾਨ, ਯੂਰਪੀ ਯੂਨੀਅਨ ਜਾਂ ਅਮਰੀਕਾ ਹੋਵੇ - ਸਾਰੇ ਦੇਸ਼ ਭਾਰਤ ਨਾਲ ਵਪਾਰ ਸਮਝੌਤੇ ਕਰ ਰਹੇ ਹਨ, ਅੱਜ ਵਿਸ਼ਵਾਸ ਹੀ ਭਾਰਤ ਦੀ ਸਭ ਤੋਂ ਵੱਡੀ ਮੁਦਰਾ (ਕਰੰਸੀ) ਬਣ ਗਿਆ ਹੈ: ਪ੍ਰਧਾਨ ਮੰਤਰੀ

Posted On: 07 FEB 2026 6:15PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੁਆਲਾਲੰਪੁਰ ਵਿੱਚ ਇੱਕ ਭਾਈਚਾਰਕ ਸਮਾਗਮ ਨੂੰ ਸੰਬੋਧਨ ਕੀਤਾ। ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਨਿੱਘਾ ਸਵਾਗਤ ਸਾਡੇ ਸਾਂਝੇ ਸੱਭਿਆਚਾਰ ਦੀ ਖ਼ੂਬਸੂਰਤ ਵਿਭਿੰਨਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਆਪਣੇ ਪਿਆਰੇ ਦੋਸਤ, ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਦਾ ਇਸ ਜਸ਼ਨ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ ਕਿ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨਿੱਜੀ ਤੌਰ ’ਤੇ ਉਨ੍ਹਾਂ ਦਾ ਸਵਾਗਤ ਕਰਨ ਲਈ ਹਵਾਈ ਅੱਡੇ ’ਤੇ ਆਏ ਅਤੇ ਉਨ੍ਹਾਂ ਨੂੰ ਆਪਣੀ ਕਾਰ ਵਿੱਚ ਸਮਾਗਮ ਵਾਲੀ ਥਾਂ ਤੱਕ ਲੈ ਗਏ। ਸ਼੍ਰੀ ਮੋਦੀ ਨੇ ਕਿਹਾ, "ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਦਾ ਇਹ ਵਿਸ਼ੇਸ਼ ਸੰਕੇਤ ਭਾਰਤ ਪ੍ਰਤੀ ਉਨ੍ਹਾਂ ਦੇ ਪਿਆਰ ਅਤੇ ਸਤਿਕਾਰ ਨੂੰ ਦਰਸਾਉਂਦਾ ਹੈ, ਨਾਲ ਹੀ ਇੱਥੇ ਮੌਜੂਦ ਤੁਹਾਡੇ ਸਾਰਿਆਂ ਲਈ ਉਨ੍ਹਾਂ ਦੇ ਸਤਿਕਾਰ ਨੂੰ ਵੀ ਦਰਸਾਉਂਦਾ ਹੈ।"

ਪ੍ਰਧਾਨ ਮੰਤਰੀ ਨੇ ਕਿਹਾ ਕਿ 800 ਤੋਂ ਵੱਧ ਨ੍ਰਿਤਕਾਂ ਵੱਲੋਂ ਸੰਪੂਰਨ ਤਾਲ ਅਤੇ ਗਤੀ ਨਾਲ ਪੇਸ਼ ਕੀਤਾ ਗਿਆ ਰਿਕਾਰਡ-ਤੋੜ ਸਭਿਆਚਾਰਕ ਪ੍ਰਦਰਸ਼ਨ ਆਉਣ ਵਾਲੇ ਸਾਲਾਂ ਤੱਕ ਯਾਦ ਰੱਖਿਆ ਜਾਵੇਗਾ। ਉਨ੍ਹਾਂ ਨੇ ਇਸ ਸ਼ਾਨਦਾਰ ਪ੍ਰਦਰਸ਼ਨ ਲਈ ਸਾਰੇ ਕਲਾਕਾਰਾਂ ਨੂੰ ਵਧਾਈ ਦਿੱਤੀ। ਸ਼੍ਰੀ ਮੋਦੀ ਨੇ ਦੱਸਿਆ ਕਿ ਉਹ ਅਤੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ, ਉਹ ਦੋਵੇਂ ਤਦ ਤੋਂ ਦੋਸਤ ਹਨ, ਜਦੋਂ ਉਹ ਪ੍ਰਧਾਨ ਮੰਤਰੀ ਵੀ ਨਹੀਂ ਬਣੇ ਸਨ। ਉਨ੍ਹਾਂ ਨੇ ਸੁਧਾਰਾਂ ਲਈ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਦੇ ਦ੍ਰਿਸ਼ਟੀਕੋਣ, ਉਨ੍ਹਾਂ ਦੀਆਂ ਸ਼ਾਨਦਾਰ ਬੌਧਿਕ ਯੋਗਤਾਵਾਂ ਅਤੇ 2025 ਵਿੱਚ ਆਸੀਆਨ ਦੇ ਚੇਅਰਮੈਨ ਵਜੋਂ ਉਨ੍ਹਾਂ ਦੀ ਯੋਗ ਅਗਵਾਈ ਦੀ ਪ੍ਰਸ਼ੰਸਾ ਕੀਤੀ।

ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਉਹ ਪਿਛਲੇ ਸਾਲ ਆਸੀਆਨ ਸਿਖਰ ਸੰਮੇਲਨ ਲਈ ਮਲੇਸ਼ੀਆ ਨਹੀਂ ਜਾ ਸਕੇ ਸਨ, ਪਰ ਜਲਦੀ ਹੀ ਆਉਣ ਦਾ ਵਾਅਦਾ ਕੀਤਾ ਸੀ ਅਤੇ ਅੱਜ ਉਨ੍ਹਾਂ ਨੇ ਉਸ ਵਾਅਦੇ ਨੂੰ ਪੂਰਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਾਲ 2026 ਦੀ ਉਨ੍ਹਾਂ ਦੀ ਪਹਿਲੀ ਵਿਦੇਸ਼ ਯਾਤਰਾ ਹੈ ਅਤੇ ਇਸ ਤਿਉਹਾਰਾਂ ਦੇ ਸੀਜ਼ਨ ਦੌਰਾਨ ਭਾਰਤੀ ਭਾਈਚਾਰੇ ਵਿੱਚ ਸ਼ਾਮਲ ਹੋ ਕੇ ਖ਼ੁਸ਼ ਹਨ। ਪ੍ਰਧਾਨ ਮੰਤਰੀ ਨੇ ਉਮੀਦ ਪ੍ਰਗਟਾਈ ਕਿ ਸਾਰਿਆਂ ਨੇ ਸੰਕ੍ਰਾਂਤੀ, ਪੋਂਗਲ ਅਤੇ ਥਾਈਪੁਸਮ ਨੂੰ ਬਹੁਤ ਉਤਸ਼ਾਹ ਨਾਲ ਮਨਾਇਆ ਹੋਵੇਗਾ। ਉਨ੍ਹਾਂ ਨੇ ਅੱਗੇ ਆਉਣ ਵਾਲੇ ਤਿਉਹਾਰਾਂ - ਸ਼ਿਵਰਾਤਰੀ, ਰਮਜ਼ਾਨ ਦੀ ਸ਼ੁਰੂਆਤ ਅਤੇ ਹਰਿ ਰਾਏ  ਲਈ ਸਾਰਿਆਂ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ ਅਤੇ ਉਨ੍ਹਾਂ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ।

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ ਕਿ ਮਲੇਸ਼ੀਆ ਵਿੱਚ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਭਾਰਤੀ ਮੂਲ ਦਾ ਭਾਈਚਾਰਾ ਰਹਿੰਦਾ ਕਰਦਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਬਹੁਤ ਸਾਰੀਆਂ ਚੀਜ਼ਾਂ ਹਨ, ਜੋ ਭਾਰਤ ਅਤੇ ਮਲੇਸ਼ੀਆ ਦੇ ਲੋਕਾਂ ਦੇ ਦਿਲਾਂ ਨੂੰ ਜੋੜਦੀਆਂ ਹਨ। ਸਮਾਗਮ ਤੋਂ ਪਹਿਲਾਂ ਦੇਖੀ ਗਈ ਇੱਕ ਪ੍ਰਦਰਸ਼ਨੀ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਸ ਵਿੱਚ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਬਹੁਤ ਸੁੰਦਰਤਾ ਨਾਲ ਦਿਖਾਇਆ ਗਿਆ ਹੈ। ਸ਼੍ਰੀ ਮੋਦੀ ਨੇ ਕਿਹਾ, "ਭਾਰਤੀ ਮੂਲ ਦਾ ਭਾਈਚਾਰਾ ਦੋਵਾਂ ਦੇਸ਼ਾਂ ਨੂੰ ਜੋੜਨ ਵਾਲਾ ਇੱਕ ਜੀਵਤ ਪੁਲ ਹੈ।" ਉਨ੍ਹਾਂ ਨੇ ਭੋਜਨ ਅਤੇ ਸਭਿਆਚਾਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮਲੇਸ਼ੀਆ ਦੀ ਰੋਟੀ ਕਨਾਈ ਅਤੇ ਭਾਰਤ ਦਾ ਮਾਲਾਬਾਰ ਪਰੋਟਾ ਇੱਕੋ ਜਿਹੇ ਹਨ। ਨਾਰੀਅਲ, ਮਸਾਲੇ ਅਤੇ ਇੱਥੇ ਦੀ ਤੇਹ ਤਾਰਿਕ ਦਾ ਸੁਆਦ ਕੁਆਲਾਲੰਪੁਰ ਅਤੇ ਕੋਚੀ, ਦੋਵਾਂ ਥਾਵਾਂ ’ਤੇ ਇੱਕੋ ਜਿਹਾ ਹੀ ਮਹਿਸੂਸ ਹੁੰਦਾ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਲੋਕ ਇੱਕ ਦੂਜੇ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਹਨ। ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਭਾਰਤੀ ਭਾਸ਼ਾਵਾਂ ਅਤੇ ਮਲਾਏ ਭਾਸ਼ਾ ਵਿੱਚ ਬਹੁਤ ਸਾਰੇ ਸ਼ਬਦ ਇੱਕੋ ਜਿਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮਲੇਸ਼ੀਆ ਵਿੱਚ ਭਾਰਤੀ ਫਿਲਮਾਂ ਅਤੇ ਸੰਗੀਤ ਬਹੁਤ ਮਸ਼ਹੂਰ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਬਹੁਤ ਵਧੀਆ ਗਾਉਂਦੇ ਹਨ ਅਤੇ ਇਹ ਜਾਣ ਕੇ ਬਹੁਤ ਖ਼ੁਸ਼ੀ ਹੁੰਦੀ ਹੈ ਕਿ ਉਨ੍ਹਾਂ ਨੂੰ ਮਹਾਨ ਕਲਾਕਾਰ ਐੱਮਜੀਆਰ ਦੇ ਤਾਮਿਲ ਗੀਤ ਵੀ ਬਹੁਤ ਪਸੰਦ ਹਨ।

 

ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਮਲੇਸ਼ੀਆ ਵਿੱਚ ਭਾਰਤੀ ਮੂਲ ਦੇ ਭਾਈਚਾਰੇ ਦੇ ਦਿਲਾਂ ਵਿੱਚ ਭਾਰਤ ਦਾ ਵਿਸ਼ੇਸ਼ ਸਥਾਨ ਹੈ। ਸਾਲ 2001 ਦੀ ਇੱਕ ਘਟਨਾ ਨੂੰ ਯਾਦ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਜਦੋਂ ਉਨ੍ਹਾਂ ਦੇ ਗ੍ਰਹਿ ਰਾਜ ਗੁਜਰਾਤ ਵਿੱਚ ਭੂਚਾਲ ਆਇਆ ਸੀ ਤਾਂ ਇੱਥੇ ਦੇ ਭਾਈਚਾਰੇ ਦੇ ਬਹੁਤ ਸਾਰੇ ਮੈਂਬਰ ਮਦਦ ਲਈ ਅੱਗੇ ਆਏ। ਉਨ੍ਹਾਂ ਨੇ ਇਸ ਲਈ ਸਾਰਿਆਂ ਦਾ ਧੰਨਵਾਦ ਕੀਤਾ। ਸ੍ਰੀ ਮੋਦੀ ਨੇ ਭਾਵੁਕ ਹੁੰਦੇ ਹੋਏ ਕਿਹਾ, "ਮਲੇਸ਼ੀਆ ਵਿੱਚ ਰਹਿਣ ਵਾਲੇ ਇਸ ਭਾਈਚਾਰੇ ਦੇ ਹਜ਼ਾਰਾਂ ਪੁਰਖਿਆਂ ਨੇ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਬਹੁਤ ਕੁਰਬਾਨੀਆਂ ਦਿੱਤੀਆਂ। ਉਨ੍ਹਾਂ ਵਿੱਚੋਂ ਬਹੁਤਿਆਂ ਨੇ ਕਦੇ ਭਾਰਤ ਨੂੰ ਦੇਖਿਆ ਤੱਕ ਨਹੀਂ ਸੀ, ਫਿਰ ਵੀ ਉਹ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਆਜ਼ਾਦ ਹਿੰਦ ਫੌਜ ਵਿੱਚ ਸ਼ਾਮਲ ਹੋਣ ਵਾਲੇ ਸ਼ੁਰੂਆਤੀ ਲੋਕਾਂ ਵਿੱਚੋਂ ਸਨ।" ਪ੍ਰਧਾਨ ਮੰਤਰੀ ਨੇ ਕਿਹਾ ਕਿ ਮਲੇਸ਼ੀਆ ਵਿੱਚ ਭਾਰਤੀ ਸਭਿਆਚਾਰਕ ਕੇਂਦਰ ਦਾ ਨਾਮ ਉਨ੍ਹਾਂ ਦੇ ਸਨਮਾਨ ਵਿੱਚ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਨਾਮ ’ਤੇ ਰੱਖਿਆ ਗਿਆ ਹੈ। ਉਨ੍ਹਾਂ ਮਲੇਸ਼ੀਆ ਵਿੱਚ ਨੇਤਾਜੀ ਸੇਵਾ ਕੇਂਦਰ ਅਤੇ ਨੇਤਾਜੀ ਵੈਲਫੇਅਰ ਫਾਊਂਡੇਸ਼ਨ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਯਤਨਾਂ ਨੂੰ ਸਲਾਮ ਕੀਤਾ।

ਪ੍ਰਧਾਨ ਮੰਤਰੀ ਨੇ ਇਸ ਗੱਲ ਨੂੰ ਦੁਹਰਾਇਆ ਕਿ ਮਲੇਸ਼ੀਆ ਵਿੱਚ ਰਹਿਣ ਵਾਲੇ ਭਾਰਤੀ ਮੂਲ ਦੇ ਲੋਕਾਂ ਨੇ ਸਦੀਆਂ ਤੋਂ ਆਪਣੀਆਂ ਪਰੰਪਰਾਵਾਂ ਨੂੰ ਸੁਰੱਖਿਅਤ ਰੱਖਿਆ ਹੈ। ਆਪਣੇ "ਮਨ ਕੀ ਬਾਤ" ਪ੍ਰੋਗਰਾਮ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਕਿਹਾ, "ਮੈਂ ਪੂਰੇ ਭਾਰਤ ਨੂੰ ਦੱਸਿਆ ਸੀ ਕਿ ਮਲੇਸ਼ੀਆ ਦੇ 500 ਤੋਂ ਵੱਧ ਸਕੂਲਾਂ ਵਿੱਚ ਬੱਚਿਆਂ ਨੂੰ ਭਾਰਤੀ ਭਾਸ਼ਾਵਾਂ ਸਿਖਾਈਆਂ ਜਾ ਰਹੀਆਂ ਹਨ।" ਸ਼੍ਰੀ ਮੋਦੀ ਨੇ ਕਿਹਾ, "ਮਲੇਸ਼ੀਆ ਵਿੱਚ ਸੰਤ ਤਿਰੂਵੱਲੁਵਰ ਅਤੇ ਸਵਾਮੀ ਵਿਵੇਕਾਨੰਦ ਦਾ ਪ੍ਰਭਾਵ ਸਪਸ਼ਟ ਤੌਰ ’ਤੇ ਦਿਖਾਈ ਦਿੰਦਾ ਹੈ। ਬਾਟੂ ਗੁਫਾਵਾਂ ਵਿੱਚ ਹਾਲ ਹੀ ਵਿੱਚ ਹੋਏ ਥਾਈਪੁਸਮ ਤਿਉਹਾਰ ਦੀ ਸ਼ਾਨ ਅਦਭੁਤ ਸੀ, ਜੋ ਭਾਰਤ ਦੇ ਪਲਾਨੀ ਵਿੱਚ ਹੋਏ ਜਸ਼ਨਾਂ ਦੀ ਯਾਦ ਦਿਵਾਉਂਦੀ ਹੈ।" ਪ੍ਰਧਾਨ ਮੰਤਰੀ ਨੇ ਇਹ ਵੀ ਜ਼ਿਕਰ ਕੀਤਾ ਕਿ ਗਰਬਾ ਮਲੇਸ਼ੀਆ ਵਿੱਚ ਬਹੁਤ ਮਸ਼ਹੂਰ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ ਸਿੱਖ ਭਾਈਚਾਰੇ ਨਾਲ ਆਪਣੇ ਸਭਿਆਚਾਰਕ ਸਬੰਧਾਂ ਨੂੰ ਬਹੁਤ ਮਹੱਤਵ ਦਿੰਦਾ ਹੈ, ਜੋ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰ ਰਹੇ ਹਨ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਤਾਮਿਲ ਦੁਨੀਆ ਦੇ ਲਈ ਭਾਰਤ ਦਾ ਤੋਹਫ਼ਾ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਤਾਮਿਲ ਸਾਹਿਤ ਸਦੀਵੀ ਹੈ, ਤਾਮਿਲ ਸਭਿਆਚਾਰ ਵਿਸ਼ਵ-ਵਿਆਪੀ ਹੈ ਅਤੇ ਤਾਮਿਲ ਲੋਕਾਂ ਨੇ ਆਪਣੀ ਪ੍ਰਤਿਭਾ ਰਾਹੀਂ ਮਨੁੱਖਤਾ ਦੀ ਸੇਵਾ ਕੀਤੀ ਹੈ। ਸ਼੍ਰੀ ਮੋਦੀ ਨੇ ਰੇਖਾਂਕਿਤ ਕਰਦੇ ਹੋਏ ਕਿਹਾ, “ਭਾਰਤ ਦੇ ਉਪ ਰਾਸ਼ਟਰਪਤੀ ਥਿਰੂ ਸੀ.ਪੀ. ਰਾਧਾਕ੍ਰਿਸ਼ਣਨ, ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ, ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਅਤੇ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਡਾ. ਮੁਰੂਗਨ, ਇਹ ਸਾਰੇ ਤਾਮਿਲਨਾਡੂ ਤੋਂ ਹਨ।”

ਪ੍ਰਧਾਨ ਮੰਤਰੀ ਨੇ ਕਿਹਾ ਕਿ ਮਲੇਸ਼ੀਆ ਵਿੱਚ ਤਾਮਿਲ ਪ੍ਰਵਾਸੀ ਸਮਾਜ ਦੀ ਸੇਵਾ ਵੱਖ-ਵੱਖ ਖੇਤਰਾਂ ਵਿੱਚ ਕਰ ਰਹੇ ਹਨ ਅਤੇ ਕਿਹਾ ਕਿ ਤਾਮਿਲ ਭਾਈਚਾਰਾ ਮਲੇਸ਼ੀਆ ਵਿੱਚ ਕਈ ਸਦੀਆਂ ਤੋਂ ਮੌਜੂਦ ਹੈ। ਉਨ੍ਹਾਂ ਨੇ ਕਿਹਾ ਕਿ ਇਸ ਇਤਿਹਾਸ ਤੋਂ ਪ੍ਰੇਰਿਤ ਹੋ ਕੇ, ਭਾਰਤ ਨੇ ਯੂਨੀਵਰਸਿਟੀ ਆਫ਼ ਮਲਾਇਆ ਵਿੱਚ ਤਿਰੂਵੱਲੁਵਰ ਚੇਅਰ ਦੀ ਸਥਾਪਨਾ ਕੀਤੀ ਸੀ ਅਤੇ ਹੁਣ ਇਸ ਸਾਂਝਾ ਵਿਰਾਸਤ ਨੂੰ ਹੋਰ ਮਜ਼ਬੂਤ ​​ਕਰਨ ਲਈ ਇੱਕ ਤਿਰੂਵੱਲੁਵਰ ਸੈਂਟਰ ਸਥਾਪਤ ਕੀਤਾ ਜਾਵੇਗਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ-ਮਲੇਸ਼ੀਆ ਸਬੰਧ ਹਰ ਸਾਲ ਨਵੀਆਂ ਉਚਾਈਆਂ ’ਤੇ ਪਹੁੰਚ ਰਹੇ ਹਨ। ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਦੀ ਸਾਲ 2024 ਵਿੱਚ ਨਵੀਂ ਦਿੱਲੀ ਦੀ ਯਾਤਰਾ ਨੂੰ ਯਾਦ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਦੁਵੱਲੇ ਸਬੰਧਾਂ ਨੂੰ ਇੱਕ ਵਿਆਪਕ ਰਣਨੀਤਕ ਭਾਈਵਾਲੀ ਦੇ ਪੱਧਰ ਤੱਕ ਵਧਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਦੋਵੇਂ ਦੇਸ਼ ਹੁਣ ਤਰੱਕੀ ਅਤੇ ਖ਼ੁਸ਼ਹਾਲੀ ਵੱਲ ਭਾਈਵਾਲਾਂ ਵਜੋਂ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੇ ਹਨ ਅਤੇ ਇੱਕ ਦੂਜੇ ਦੀਆਂ ਸਫਲਤਾਵਾਂ ਨੂੰ ਆਪਣੀਆਂ ਸਫਲਤਾਵਾਂ ਵਜੋਂ ਮਨਾ ਰਹੇ ਹਨ।

ਸ਼੍ਰੀ ਮੋਦੀ ਨੇ ਯਾਦ ਕੀਤਾ ਕਿ ਚੰਦਰਯਾਨ-3 ਦੀ ਇਤਿਹਾਸਕ ਸਫਲਤਾ ’ਤੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਵੱਲੋਂ ਦਿੱਤੀਆਂ ਗਈਆਂ ਵਧਾਈਆਂ ਤੋਂ ਉਹ ਬਹੁਤ ਪ੍ਰਭਾਵਿਤ ਹੋਏ ਸਨ। ਉਨ੍ਹਾਂ ਨੇ ਇਸ ਗੱਲ ’ਤੇ ਸਹਿਮਤੀ ਜਤਾਈ ਕਿ ਭਾਰਤ ਦੀ ਸਫਲਤਾ ਮਲੇਸ਼ੀਆ ਅਤੇ ਪੂਰੇ ਏਸ਼ੀਆ ਦੀ ਸਫਲਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧਾਂ ਦਾ ਮਾਰਗ-ਦਰਸ਼ਕ ਸ਼ਬਦ ਇੰਪੈਕਟ (IMPACT) ਹੈ –ਇੰਡੀਆ-ਮਲੇਸ਼ੀਆ ਪਾਰਟਨਰਸ਼ਿਪ ਫ਼ਾਰ ਐਡਵਾਂਸਿੰਗ ਕਲੈਕਟਿਵ ਟ੍ਰਾਂਸਫ਼ਾਰਮੇਸ਼ਨ  (ਸਮੂਹਿਕ ਤਬਦੀਲੀ ਨੂੰ ਅੱਗੇ ਵਧਾਉਣ ਲਈ ਭਾਰਤ-ਮਲੇਸ਼ੀਆ ਭਾਈਵਾਲੀ)। ਉਨ੍ਹਾਂ ਨੇ ਸਬੰਧਾਂ ਦੀ ਗਤੀ, ਇਸ ਦੀ ਅਭਿਲਾਸ਼ਾ ਦੀ ਵਿਸ਼ਾਲਤਾ ਅਤੇ ਲੋਕਾਂ ਲਈ ਇਸ ਦੇ ਲਾਭਾਂ ਦੇ ਪੈਣ ਵਾਲੇ ਪ੍ਰਭਾਵ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਦੋਵੇਂ ਦੇਸ਼ ਇਕੱਠੇ ਮਿਲ ਕੇ ਸਾਰੀ ਮਨੁੱਖਤਾ ਦੀ ਭਲਾਈ ਨੂੰ ਅੱਗੇ ਵਧਾ ਸਕਦੇ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਕੰਪਨੀਆਂ ਹਮੇਸ਼ਾ ਤੋਂ ਮਲੇਸ਼ੀਆ ਨਾਲ ਕੰਮ ਕਰਨ ਲਈ ਉਤਸੁਕ ਰਹੀਆਂ ਹਨ। ਉਨ੍ਹਾਂ ਨੇ ਮਲੇਸ਼ੀਆ ਵਿੱਚ ਪਹਿਲੀ ਅਤੇ ਏਸ਼ੀਆ ਦੀ ਸਭ ਤੋਂ ਵੱਡੀ ਇਨਸੁਲਿਨ ਨਿਰਮਾਣ ਸਹੂਲਤ ਬਣਾਉਣ ਵਿੱਚ ਭਾਰਤ ਦੀ ਭੂਮਿਕਾ ਦਾ ਜ਼ਿਕਰ ਕੀਤਾ। ਸ੍ਰੀ ਮੋਦੀ ਨੇ ਕਿਹਾ, "ਮਲੇਸ਼ੀਆ ਵਿੱਚ 100 ਤੋਂ ਵੱਧ ਭਾਰਤੀ ਆਈਟੀ ਕੰਪਨੀਆਂ ਸਰਗਰਮ ਹਨ, ਜੋ ਹਜ਼ਾਰਾਂ ਨੌਕਰੀਆਂ ਪੈਦਾ ਕਰ ਰਹੀਆਂ ਹਨ।" ਉਨ੍ਹਾਂ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਮਲੇਸ਼ੀਆ-ਭਾਰਤ ਡਿਜੀਟਲ ਕੌਂਸਲ ਡਿਜੀਟਲ ਸਹਿਯੋਗ ਲਈ ਨਵੇਂ ਰਸਤੇ ਖੋਲ੍ਹ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਐਲਾਨ ਵੀ ਕੀਤਾ ਕਿ ਭਾਰਤ ਦਾ ਯੂਪੀਆਈ ਸਿਸਟਮ ਜਲਦੀ ਹੀ ਮਲੇਸ਼ੀਆ ਵਿੱਚ ਸ਼ੁਰੂ ਹੋਵੇਗਾ।

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਮਲੇਸ਼ੀਆ ਹਿੰਦ ਮਹਾਸਾਗਰ ਦੇ ਇੱਕੋ ਜਿਹੇ ਵਿਸਤਾਰ ਨੂੰ ਸਾਂਝਾ ਕਰਦੇ ਹਨ। ਉਨ੍ਹਾਂ ਨੇ ਸਾਰਿਆਂ ਨੂੰ ਭਾਰਤ ਦੇ ਵੱਖ-ਵੱਖ ਹਿੱਸਿਆਂ ਦਾ ਦੌਰਾ ਕਰਨ ਦਾ ਸੱਦਾ ਦਿੱਤਾ। ਸ਼੍ਰੀ ਮੋਦੀ ਨੇ ਕਿਹਾ, "ਭਾਰਤ ਦੇ ਬੁਨਿਆਦੀ ਢਾਂਚਾ ਵਿੱਚ ਸ਼ਾਨਦਾਰ ਵਾਧਾ ਹੋਇਆ ਹੈ, ਇੱਕ ਦਹਾਕੇ ਵਿੱਚ ਹਵਾਈ ਅੱਡਿਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ, ਹਾਈਵੇਅ ਰਿਕਾਰਡ ਗਤੀ ਨਾਲ ਬਣਾਏ ਜਾ ਰਹੇ ਹਨ ਅਤੇ ਵੰਦੇ ਭਾਰਤ ਵਰਗੀਆਂ ਆਧੁਨਿਕ ਰੇਲਗੱਡੀਆਂ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਪ੍ਰਸ਼ੰਸਾ ਮਿਲ ਰਹੀ ਹੈ।" ਉਨ੍ਹਾਂ ਨੇ ਜਨਤਾ ਦਰਮਿਆਨ ਆਪਸੀ ਸੰਪਰਕ ਦੇ ਲਈ ਵੱਧ ਤੋਂ ਵੱਧ ਯਾਤਰਾਵਾਂ ਨੂੰ ਉਤਸ਼ਾਹਿਤ ਕੀਤਾ ਅਤੇ ਆਪਣੇ ਮਲੇਸ਼ੀਆਈ ਦੋਸਤਾਂ ਨੂੰ ਭਾਰਤ ਲਿਆਉਣ ਦਾ ਸੁਝਾਅ ਦਿੱਤਾ, ਕਿਉਂਕਿ ਅਜਿਹਾ ਆਪਸੀ ਸੰਪਰਕ ਹੀ ਦੋਵਾਂ ਦੇਸ਼ਾਂ ਦਰਮਿਆਨ ਦੋਸਤੀ ਦੀ ਨੀਂਹ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਇੱਕ ਦਹਾਕੇ ਦੌਰਾਨ ਭਾਰਤ ਵਿੱਚ ਇੱਕ ਵੱਡਾ ਬਦਲਾਅ ਆਇਆ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ 11ਵੀਂ ਸਭ ਤੋਂ ਵੱਡੀ ਅਰਥ-ਵਿਵਸਥਾ ਤੋਂ ਵਧ ਕੇ ਹੁਣ ਚੋਟੀ ਦੇ ਤਿੰਨ ਦੇਸ਼ਾਂ ਵਿੱਚ ਸ਼ਾਮਲ ਹੋਣ ਲਈ ਖੜ੍ਹਿਆ ਹੈ। ਸ੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਮੇਕ ਇਨ ਇੰਡੀਆ ਮੁਹਿੰਮ ਨੇ ਭਾਰਤ ਨੂੰ ਇੱਕ ਛੋਟੇ ਪਲਾਂਟ ਤੋਂ ਦੁਨੀਆ ਦੇ ਦੂਜੇ ਸਭ ਤੋਂ ਵੱਡੇ ਮੋਬਾਈਲ ਨਿਰਮਾਤਾ ਵਿੱਚ ਬਦਲ ਦਿੱਤਾ ਹੈ, ਜਦੋਂ ਕਿ 2014 ਤੋਂ ਰੱਖਿਆ ਨਿਰਯਾਤ ਵਿੱਚ ਲਗਭਗ 30 ਗੁਣਾ ਵਾਧਾ ਹੋਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ, "ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸਟਾਰਟਅੱਪ ਹੱਬ ਬਣ ਗਿਆ ਹੈ ਅਤੇ ਅਸੀਂ ਦੁਨੀਆ ਦਾ ਸਭ ਤੋਂ ਵੱਡਾ ਡਿਜੀਟਲ ਜਨਤਕ ਬੁਨਿਆਦੀ ਢਾਂਚਾ ਅਤੇ ਫਿਨਟੈੱਕ ਈਕੋਸਿਸਟਮ ਬਣਾਇਆ ਹੈ। ਅੱਜ, ਦੁਨੀਆ ਦੇ ਲਗਭਗ ਅੱਧੇ ਰੀਅਲ-ਟਾਈਮ ਡਿਜੀਟਲ ਲੈਣ-ਦੇਣ ਭਾਰਤ ਦੇ ਯੂਪੀਆਈ ਰਾਹੀਂ ਹੋ ਰਹੇ ਹਨ।" ਭਾਰਤ ਦੇ ਸਾਫ਼ ਅਤੇ ਹਰੇ ਵਿਕਾਸ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਨੇ ਦੱਸਿਆ ਕਿ ਇੱਕ ਦਹਾਕੇ ਵਿੱਚ ਸੂਰਜੀ ਊਰਜਾ ਸਮਰੱਥਾ ਵਿੱਚ ਲਗਭਗ 40 ਗੁਣਾ ਵਾਧਾ ਹੋਇਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਹੁਣ ਸਿਰਫ਼ ਇੱਕ ਵੱਡੇ ਬਾਜ਼ਾਰ ਵਜੋਂ ਹੀ ਨਹੀਂ, ਸਗੋਂ ਨਿਵੇਸ਼ ਅਤੇ ਵਪਾਰ ਦੇ ਕੇਂਦਰ ਅਤੇ ਵਿਕਾਸ ਲਈ ਇੱਕ ਭਰੋਸੇਯੋਗ ਭਾਈਵਾਲ ਵਜੋਂ ਦੇਖਿਆ ਜਾਂਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਭਾਰਤ ਦੇ ਬਰਤਾਨੀਆ, ਯੂਏਈ, ਆਸਟ੍ਰੇਲੀਆ, ਨਿਊਜ਼ੀਲੈਂਡ, ਓਮਾਨ, ਯੂਰਪੀਅਨ ਯੂਨੀਅਨ ਅਤੇ ਅਮਰੀਕਾ ਵਰਗੇ ਦੇਸ਼ਾਂ ਨਾਲ ਵਪਾਰਕ ਸਮਝੌਤੇ ਹਨ ਅਤੇ ਅੱਜ ਵਿਸ਼ਵਾਸ ਭਾਰਤ ਦੀ ਸਭ ਤੋਂ ਮਜ਼ਬੂਤ ​​ਮੁਦਰਾ (ਕਰੰਸੀ) ਬਣ ਗਿਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਹਮੇਸ਼ਾ ਆਪਣੇ ਪ੍ਰਵਾਸੀਆਂ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕਰੇਗਾ। ਉਨ੍ਹਾਂ ਨੇ ਇੱਕ ਇਤਿਹਾਸਕ ਫੈਸਲੇ ’ਤੇ ਚਾਨਣਾ ਪਾਇਆ ਕਿ ਹੁਣ ਛੇਵੀਂ ਪੀੜ੍ਹੀ ਤੱਕ ਦੇ ਭਾਰਤੀ ਮੂਲ ਦੇ ਮਲੇਸ਼ੀਅਨ ਨਾਗਰਿਕ ਓਸੀਆਈ (ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ) ਕਾਰਡਾਂ ਲਈ ਯੋਗ ਹੋਣਗੇ। ਸ਼੍ਰੀ ਮੋਦੀ ਨੇ ਇੰਡੀਅਨ ਸਕਾਲਰਸ਼ਿਪ ਟ੍ਰਸਟ ਫੰਡ ਰਾਹੀਂ ਭਾਰਤ ਦੇ ਨਿਰੰਤਰ ਸਮਰਥਨ ਨੂੰ ਦੁਹਰਾਇਆ ਅਤੇ ਭਾਰਤੀ ਸੰਸਥਾਵਾਂ ਵਿੱਚ ਪੜ੍ਹਾਈ ਲਈ ਤਿਰੂਵੱਲੁਵਰ ਸਕਾਲਰਸ਼ਿਪ ਦੀ ਸ਼ੁਰੂਆਤ ਦਾ ਐਲਾਨ ਕੀਤਾ। ਉਨ੍ਹਾਂ ਨੇ ਨੋ ਇੰਡੀਆ ਪ੍ਰੋਗਰਾਮ (ਕੇਆਈਪੀ) ਦਾ ਵੀ ਜ਼ਿਕਰ ਕੀਤਾ ਅਤੇ ਦੱਸਿਆ ਕਿ ਮਲੇਸ਼ੀਆ ਵਿੱਚ ਜਲਦੀ ਹੀ ਇੱਕ ਨਵਾਂ ਭਾਰਤੀ ਦੂਤਾਵਾਸ ਖੋਲ੍ਹਿਆ ਜਾਵੇਗਾ, ਜਿਸ ਨਾਲ ਦੋਵਾਂ ਦੇਸ਼ਾਂ ਦਰਮਿਆਨ ਸਬੰਧ ਹੋਰ ਮਜ਼ਬੂਤ ​​ਹੋਣਗੇ।

ਪ੍ਰਧਾਨ ਮੰਤਰੀ ਨੇ ਕਿਹਾ ਕਿ 140 ਕਰੋੜ ਭਾਰਤੀਆਂ ਦਾ ਟੀਚਾ 2047 ਤੱਕ ਇੱਕ ਵਿਕਸਿਤ ਭਾਰਤ ਬਣਾਉਣਾ ਹੈ ਅਤੇ ਭਾਰਤੀ ਪ੍ਰਵਾਸੀ ਇਸ ਯਾਤਰਾ ਵਿੱਚ ਇੱਕ ਕੀਮਤੀ ਭਾਈਵਾਲ ਹਨ। ਆਪਣੇ ਸੰਬੋਧਨ ਦੀ ਸਮਾਪਤੀ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ, "ਜਨਮ ਭਾਵੇਂ ਕੁਆਲਾਲੰਪੁਰ ਵਿੱਚ ਹੋਇਆ ਹੋਵੇ ਜਾਂ ਕੋਲਕਾਤਾ ਵਿੱਚ, ਭਾਰਤ ਹਮੇਸ਼ਾ ਪ੍ਰਵਾਸੀ ਭਾਰਤੀਆਂ ਦੇ ਦਿਲਾਂ ਵਿੱਚ ਰਹਿੰਦਾ ਹੈ, ਜੋ ਮਲੇਸ਼ੀਆ ਅਤੇ ਭਾਰਤ, ਦੋਵਾਂ ਦੀ ਤਰੱਕੀ ਦਾ ਇੱਕ ਸਰਗਰਮ ਹਿੱਸਾ ਹਨ ਅਤੇ ਇੱਕ ਖ਼ੁਸ਼ਹਾਲ ਮਲੇਸ਼ੀਆ ਅਤੇ ਇੱਕ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿੱਚ ਮਦਦ ਕਰਨਗੇ।"

************

 

ਐੱਮਜੇਪੀਐੱਸ/ਵੀਜੇ


(Release ID: 2225692) ਵਿਜ਼ੀਟਰ ਕਾਊਂਟਰ : 7