ਪ੍ਰਧਾਨ ਮੰਤਰੀ ਦਫਤਰ
azadi ka amrit mahotsav

‘ਮਨ ਕੀ ਬਾਤ’ ਦੇ 130ਵੇਂ ਐਪੀਸੋਡ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ (25.01.2026)

प्रविष्टि तिथि: 25 JAN 2026 11:53AM by PIB Chandigarh

ਮੇਰੇ ਪਿਆਰੇ ਦੇਸ਼-ਵਾਸੀਓ, ਨਮਸਕਾਰ। 

 

ਸਾਲ 2026 ਦੀ ਇਹ ਪਹਿਲੀ 'ਮਨ ਕੀ ਬਾਤ' ਹੈ। ਕੱਲ੍ਹ 26 ਜਨਵਰੀ ਨੂੰ ਅਸੀਂ ਸਾਰੇ ਗਣਤੰਤਰ ਦਿਵਸ ਦਾ ਪਰਵ ਮਨਾਵਾਂਗੇ। ਸਾਡਾ ਸੰਵਿਧਾਨ ਇਸ ਦਿਨ ਲਾਗੂ ਹੋਇਆ ਸੀ। 26 ਜਨਵਰੀ ਦਾ ਇਹ ਦਿਨ ਸਾਨੂੰ ਆਪਣੇ ਸੰਵਿਧਾਨ ਦੇ ਨਿਰਮਾਤਾਵਾਂ ਨੂੰ ਸ਼ਰਧਾਂਜਲੀ ਦੇਣ ਦਾ ਮੌਕਾ ਦਿੰਦਾ ਹੈ। ਅੱਜ 25 ਜਨਵਰੀ ਇੱਕ ਬਹੁਤ ਮਹੱਤਵਪੂਰਨ ਦਿਨ ਵੀ ਹੈ। ਅੱਜ ‘ਰਾਸ਼ਟਰੀ ਵੋਟਰ ਦਿਵਸ’ ਹੈ। ਵੋਟਰ ਹੀ ਲੋਕਤੰਤਰ ਦੀ ਆਤਮਾ ਹੁੰਦਾ ਹੈ।

 

ਸਾਥੀਓ, 

ਆਮ ਤੌਰ 'ਤੇ ਜਦੋਂ ਕੋਈ 18 ਸਾਲ ਦਾ ਹੋ ਜਾਂਦਾ ਹੈ ਅਤੇ ਵੋਟਰ ਬਣ ਜਾਂਦਾ ਹੈ, ਤਾਂ ਇਸ ਨੂੰ ਜ਼ਿੰਦਗੀ ਦਾ ਇੱਕ ਆਮ ਪੜਾਅ ਮੰਨਿਆ ਜਾਂਦਾ ਹੈ। ਹਾਲਾਂਕਿ, ਇਹ ਮੌਕਾ ਅਸਲ ਵਿੱਚ ਕਿਸੇ ਵੀ ਭਾਰਤੀ ਦੇ ਜੀਵਨ ਵਿੱਚ ਇੱਕ ਵੱਡਾ ਮੀਲ ਪੱਥਰ ਹੁੰਦਾ ਹੈ। ਇਸ ਲਈ, ਇਹ ਬਹੁਤ ਮਹੱਤਵਪੂਰਨ ਹੈ ਕਿ ਅਸੀਂ ਦੇਸ਼ ਵਿੱਚ ਵੋਟਰ ਬਣਨ ਦਾ ਜਸ਼ਨ ਮਨਾਈਏ। ਜਿਵੇਂ ਅਸੀਂ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦਿੰਦੇ ਹਾਂ ਅਤੇ ਮਨਾਉਂਦੇ ਹਾਂ, ਠੀਕ ਉਸੇ ਤਰ੍ਹਾਂ ਹੀ , ਜਦੋਂ ਵੀ ਕੋਈ ਨੌਜਵਾਨ ਪਹਿਲੀ ਵਾਰ ਵੋਟਰ ਬਣਦਾ ਹੈ, ਤਾਂ ਪੂਰੇ ਇਲਾਕੇ, ਪਿੰਡ ਜਾਂ ਸ਼ਹਿਰ ਨੂੰ ਇਕੱਠੇ ਹੋ ਕੇ ਉਸ ਨੂੰ ਵਧਾਈ ਦੇਣੀ ਚਾਹੀਦੀ ਹੈ ਅਤੇ ਮਠਿਆਈਆਂ ਵੰਡਣੀਆਂ ਚਾਹੀਦੀਆਂ ਹਨ। ਇਸ ਨਾਲ ਲੋਕਾਂ ਵਿੱਚ ਵੋਟ ਪਾਉਣ ਪ੍ਰਤੀ ਜਾਗਰੂਕਤਾ ਵਧੇਗੀ ਅਤੇ ਇਹ ਇਸ ਭਾਵਨਾ ਨੂੰ ਵੀ ਮਜ਼ਬੂਤ ​​ਕਰੇਗਾ ਕਿ ਵੋਟਰ ਹੋਣਾ ਕਿੰਨਾ ਮਹੱਤਵਪੂਰਨ ਹੈ।

 

ਸਾਥੀਓ,

 ਮੈਂ ਦੇਸ਼ ਦੇ ਉਨ੍ਹਾਂ ਸਾਰੇ ਲੋਕਾਂ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ ਜੋ ਚੋਣ ਪ੍ਰਕਿਰਿਆ ਨਾਲ ਜੁੜੇ ਹੋਏ ਹਨ ਅਤੇ ਜੋ ਸਾਡੇ ਲੋਕਤੰਤਰ ਨੂੰ ਜਿਊਂਦਾ ਰੱਖਣ ਲਈ ਜ਼ਮੀਨੀ ਪੱਧਰ 'ਤੇ ਕੰਮ ਕਰਦੇ ਹਨ । ਅੱਜ, 'ਵੋਟਰ ਦਿਵਸ' 'ਤੇ ਮੈਂ ਇੱਕ ਵਾਰ ਫਿਰ ਆਪਣੇ ਨੌਜਵਾਨ ਦੋਸਤਾਂ ਨੂੰ ਅਪੀਲ ਕਰਾਂਗਾ ਕਿ ਉਹ 18 ਸਾਲ ਦੇ ਹੋਣ 'ਤੇ ਆਪਣੇ ਆਪ ਨੂੰ ਵੋਟਰ ਵਜੋਂ ਰਜਿਸਟਰ ਕਰਵਾਉਣ। ਸੰਵਿਧਾਨ ਹਰੇਕ ਨਾਗਰਿਕ ਤੋ ਜਿਸ ਫ਼ਰਜ਼ ਦੀ ਭਾਵਨਾ ਦੀ ਉਮੀਦ ਕਰਦਾ ਹੈ, ਉਹ ਪੂਰੀ ਹੋਵੇਗੀ ਅਤੇ ਭਾਰਤ ਦਾ ਲੋਕਤੰਤਰ ਵੀ ਮਜ਼ਬੂਤ ​​ਹੋਵੇਗਾ। 

 

ਮੇਰੇ ਪਿਆਰੇ ਦੇਸ਼ ਵਾਸੀਓ, 

ਇਨ੍ਹੀਂ ਦਿਨੀਂ ਮੈਂ ਸੋਸ਼ਲ ਮੀਡੀਆ 'ਤੇ ਇੱਕ ਦਿਲਚਸਪ ਰੁਝਾਨ ਦੇਖ ਰਿਹਾ ਹਾਂ। ਲੋਕ ਸਾਲ 2016 ਦੀਆਂ ਆਪਣੀਆਂ ਯਾਦਾਂ ਨੂੰ ਤਾਜ਼ਾ ਕਰ ਰਹੇ ਹਨ। ਇਸੇ ਭਾਵਨਾ ਨਾਲ, ਅੱਜ ਮੈਂ ਤੁਹਾਡੇ ਨਾਲ ਇੱਕ ਯਾਦ ਸਾਂਝੀ ਕਰਨਾ ਚਾਹੁੰਦਾ ਹਾਂ। ਦਸ ਸਾਲ ਪਹਿਲਾਂ, ਜਨਵਰੀ 2016 ਵਿੱਚ ਅਸੀਂ ਇੱਕ ਅਭਿਲਾਸ਼ੀ ਯਾਤਰਾ ਸ਼ੁਰੂ ਕੀਤੀ ਸੀ। ਫਿਰ ਸਾਨੂੰ ਅਹਿਸਾਸ ਹੋਇਆ ਕਿ ਭਾਵੇਂ ਇਹ ਛੋਟੀ ਜਿਹੀ ਗੱਲ ਹੋ ਸਕਦੀ ਹੈ, ਪਰ ਇਹ ਨੌਜਵਾਨ ਪੀੜ੍ਹੀ ਲਈ ਅਤੇ ਦੇਸ਼ ਦੇ ਭਵਿੱਖ ਲਈ ਬਹੁਤ ਮਹੱਤਵਪੂਰਨ ਹੈ। ਉਸ ਸਮੇਂ, ਕੁਝ ਲੋਕ ਸਮਝ ਨਹੀਂ ਪਾ ਰਹੇ ਸਨ ਕਿ ਇਹ ਸਭ ਕੀ ਹੈ ? ਸਾਥੀਓ, ਜਿਸ ਯਾਤਰਾ ਬਾਰੇ ਮੈਂ ਗੱਲ ਕਰ ਰਿਹਾ ਹਾਂ ਉਹ ਸਟਾਰਟ-ਅੱਪ ਇੰਡੀਆ ਦੀ ਯਾਤਰਾ ਹੈ। ਇਸ ਸ਼ਾਨਦਾਰ ਯਾਤਰਾ ਦੇ ਹੀਰੋ ਸਾਡੇ ਨੌਜਵਾਨ ਦੋਸਤ ਹਨ। ਆਪਣੇ ਆਰਾਮ ਖੇਤਰਾਂ ਤੋ ਬਾਹਰ ਨਿਕਲ ਕੇ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਕਾਢਾਂ ਇਤਿਹਾਸ ਵਿੱਚ ਦਰਜ ਹੋ ਰਹੀਆਂ ਹਨ। 

 

ਸਾਥੀਓ, 

ਅੱਜ ਭਾਰਤ ਕੋਲ ਦੁਨੀਆ ਦਾ ਤੀਜਾ ਸਭ ਤੋ ਵੱਡਾ ਸਟਾਰਟ-ਅੱਪਜ਼ ਈਕੋਸਿਸਟਮ ਹੈ। ਇਹ ਸਟਾਰਟ-ਅੱਪਜ਼ ਬਹੁਤ ਹੀ ਸ਼ਾਨਦਾਰ ਹਨ। ਅੱਜ, ਉਹ ਅਜਿਹੇ ਖੇਤਰਾਂ ਵਿੱਚ ਕੰਮ ਕਰ ਰਹੇ ਹਨ ਜਿਨ੍ਹਾਂ ਦੀ 10 ਸਾਲ ਪਹਿਲਾਂ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ। ਏਆਈ, ਸਪੇਸ, ਨਿਊਕਲੀਅਰ ਐਨਰਜੀ, ਸੈਮੀ ਕੰਡਕਟਰ, ਮੋਬਿਲਿਟੀ, ਗ੍ਰੀਨ ਹਾਈਡ੍ਰੋਜਨ, ਬਾਇਓਟੈਕਨਾਲੋਜੀ, ਤੁਸੀਂ ਸਾਰੇ ਖੇਤਰਾਂ ਵਿੱਚ ਕੰਮ ਕਰਨ ਵਾਲੇ ਕੁਝ ਭਾਰਤੀ ਸਟਾਰਟ-ਅੱਪ ਵੇਖੋਗੇ। ਮੈਂ ਆਪਣੇ ਸਾਰੇ ਨੌਜਵਾਨ ਦੋਸਤਾਂ ਨੂੰ ਸਲਾਮ ਕਰਦਾ ਹਾਂ ਜੋ ਕਿਸੇ ਸਟਾਰਟ-ਅੱਪ ਨਾਲ ਜੁੜੇ ਹੋਏ ਹਨ ਜਾਂ ਆਪਣਾ ਸਟਾਰਟ-ਅੱਪ ਸ਼ੁਰੂ ਕਰਨਾ ਚਾਹੁੰਦੇ ਹਨ।

 

ਸਾਥੀਓ,

 ਅੱਜ 'ਮਨ ਕੀ ਬਾਤ' ਰਾਹੀਂ ਮੈਂ ਦੇਸ਼ ਵਾਸੀਆਂ ਨੂੰ, ਖ਼ਾਸ ਕਰਕੇ ਉਦਯੋਗ ਅਤੇ ਸਟਾਰਟ-ਅੱਪ ਨਾਲ ਜੁੜੇ ਨੌਜਵਾਨਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ। ਭਾਰਤ ਦੀ ਅਰਥ-ਵਿਵਸਥਾ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਦੁਨੀਆ ਭਾਰਤ ਨੂੰ ਦੇਖ ਰਹੀ ਹੈ। ਅਜਿਹੇ ਸਮੇਂ ਵਿੱਚ, ਸਾਡੇ ਸਾਰਿਆਂ ਦੀ ਇੱਕ ਵੱਡੀ ਜ਼ਿੰਮੇਵਾਰੀ ਵੀ ਹੈ। ਉਹ ਜ਼ਿੰਮੇਵਾਰੀ ਗੁਣਵੱਤਾ ’ਤੇ ਜ਼ੋਰ ਦੇਣ ਦੀ ਹੈ। ਇਹ ਵਾਪਰਦਾ ਹੈ, ਇਹ ਕੰਮ ਕਰਦਾ ਹੈ, ਇਹ ਲੰਘ ਜਾਵੇਗਾ; ਇਹ ਯੁੱਗ ਖ਼ਤਮ ਹੋ ਗਿਆ ਹੈ। ਆਓ ਇਸ ਸਾਲ ਆਪਣੀ ਪੂਰੀ ਤਾਕਤ ਨਾਲ ਗੁਣਵੱਤਾ ਨੂੰ ਤਰਜੀਹ ਦੇਈਏ। ਸਾਡਾ ਮੰਤਰ ਗੁਣਵੱਤਾ, ਗੁਣਵੱਤਾ ਅਤੇ ਸਿਰਫ਼ ਗੁਣਵੱਤਾ ਹੋਵੇ। ਅੱਜ, ਕੱਲ੍ਹ ਨਾਲੋਂ ਬਿਹਤਰ ਗੁਣਵੱਤਾ। ਆਓ ਅਸੀਂ ਜੋ ਵੀ ਨਿਰਮਾਣ ਕਰਦੇ ਹਾਂ, ਉਸ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਦਾ ਸੰਕਲਪ ਲਈਏ। ਭਾਵੇਂ ਇਹ ਸਾਡਾ ਕੱਪੜਾ ਹੋਵੇ, ਤਕਨਾਲੋਜੀ ਹੋਵੇ, ਇਲੈਕਟ੍ਰੋਨਿਕਸ ਹੋਵੇ, ਜਾਂ ਇੱਥੋਂ ਤੱਕ ਕਿ ਪੈਕੇਜਿੰਗ ਵੀ ਹੋਵੇ, ਇੱਕ ਭਾਰਤੀ ਉਤਪਾਦ ਦਾ ਅਰਥ ਉੱਚ ਗੁਣਵੱਤਾ ਵਾਲਾ ਹੋਣਾ ਚਾਹੀਦਾ ਹੈ। ਆਓ ਅਸੀਂ ਉੱਤਮਤਾ ਨੂੰ ਆਪਣਾ ਮਾਪਦੰਡ ਬਣਾਈਏ। ਆਓ ਅਸੀਂ ਇਹ ਸੰਕਲਪ ਕਰੀਏ ਕਿ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਮੈਂ ਲਾਲ ਕਿਲ੍ਹੇ ਤੋ ਕਿਹਾ ਸੀ, "ਜ਼ੀਰੋ ਡਿਫੈਕਟ - ਜ਼ੀਰੋ ਇਫੈਕਟ।" ਅਜਿਹਾ ਕਰਕੇ ਹੀ ਅਸੀਂ ਇੱਕ ਵਿਕਸਿਤ ਭਾਰਤ ਵੱਲ ਯਾਤਰਾ ਨੂੰ ਤੇਜ਼ੀ ਨਾਲ ਅੱਗੇ ਵਧਾ ਸਕਾਂਗੇ।

 

ਮੇਰੇ ਪਿਆਰੇ ਦੇਸ਼ ਵਾਸੀਓ,

 

ਸਾਡੇ ਦੇਸ਼ ਦੇ ਲੋਕ ਬਹੁਤ ਨਵੀਨਤਾਕਾਰੀ ਹਨ। ਸਮੱਸਿਆਵਾਂ ਦੇ ਹੱਲ ਲੱਭਣਾ ਸਾਡੇ ਦੇਸ਼ ਵਾਸੀਆਂ ਵਿੱਚ ਨਿਹਿਤ ਹੈ। ਕੁਝ ਲੋਕ ਸਟਾਰਟ-ਅੱਪਸ ਰਾਹੀਂ ਅਜਿਹਾ ਕਰਦੇ ਹਨ, ਜਦੋਂ ਕਿ ਕੁਝ ਸਮਾਜ ਦੀ ਸਮੂਹਿਕ ਸ਼ਕਤੀ ਰਾਹੀਂ ਹੱਲ ਲੱਭਣ ਦੀ ਕੋਸ਼ਿਸ਼ ਕਰਦੇ ਹਨ। ਅਜਿਹਾ ਹੀ ਇੱਕ ਯਤਨ ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਵਿੱਚ ਸਾਹਮਣੇ ਆਇਆ ਹੈ। ਇੱਥੋਂ ਵਗਦੀ ਤਮਸਾ ਨਦੀ ਨੂੰ ਲੋਕਾਂ ਨੇ ਨਵਾਂ ਜੀਵਨ ਦਿੱਤਾ ਹੈ। ਤਮਸਾ ਸਿਰਫ਼ ਇੱਕ ਨਦੀ ਨਹੀਂ ਹੈ, ਸਗੋਂ ਸਾਡੀ ਸਭਿਆਚਾਰਕ ਅਤੇ ਅਧਿਆਤਮਿਕ ਵਿਰਾਸਤ ਦਾ ਇੱਕ ਜੀਵਤ ਸਰੋਤ ਹੈ। ਅਯੋਧਿਆ ਵਿੱਚ ਉਤਪੰਨ ਹੋਈ ਅਤੇ ਗੰਗਾ ਵਿੱਚ ਮਿਲਦੀ, ਇਹ ਨਦੀ ਕਦੇ ਇਸ ਖੇਤਰ ਦੇ ਲੋਕਾਂ ਦੇ ਜੀਵਨ ਦਾ ਕੇਂਦਰ ਸੀ ਪਰ ਪ੍ਰਦੂਸ਼ਣ ਨੇ ਇਸ ਦੇ ਨਿਰਵਿਘਨ ਵਹਾਅ ਨੂੰ ਰੋਕ ਦਿੱਤਾ ਸੀ। ਗਾਦ, ਕੂੜਾ ਅਤੇ ਗੰਦਗੀ ਨੇ ਨਦੀ ਦੇ ਵਹਾਅ ਨੂੰ ਰੋਕ ਦਿੱਤਾ ਸੀ। ਇਸ ਤੋ ਬਾਅਦ, ਸਥਾਨਕ ਲੋਕਾਂ ਨੇ ਇਸ ਨੂੰ ਇੱਕ ਨਵਾਂ ਜੀਵਨ ਦੇਣ ਲਈ ਇੱਕ ਮੁਹਿੰਮ ਸ਼ੁਰੂ ਕੀਤੀ। ਨਦੀ ਨੂੰ ਸਾਫ਼ ਕੀਤਾ ਗਿਆ ਅਤੇ ਇਸ ਦੇ ਕੰਢਿਆਂ ’ਤੇ ਛਾਂ ਦਾਰ, ਫਲ਼ ਦੇਣ ਵਾਲੇ ਰੁੱਖ ਲਗਾਏ ਗਏ। ਸਥਾਨਕ ਲੋਕਾਂ ਨੇ ਇਸ ਕੰਮ ਵਿੱਚ ਫ਼ਰਜ਼ ਦੀ ਭਾਵਨਾ ਨਾਲ ਹਿੱਸਾ ਲਿਆ ਅਤੇ ਸਾਰਿਆਂ ਦੇ ਯਤਨਾਂ ਨਾਲ, ਨਦੀ ਨੂੰ ਮੁੜ ਸੁਰਜੀਤ ਕੀਤਾ ਗਿਆ। 

 

ਸਾਥੀਓ,

 ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਵਿੱਚ ਵੀ ਇਸੇ ਤਰ੍ਹਾਂ ਦੀ ਜਨਤਕ ਭਾਗੀਦਾਰੀ ਦੀ ਕੋਸ਼ਿਸ਼ ਦੇਖੀ ਗਈ ਹੈ। ਇਹ ਖੇਤਰ ਗੰਭੀਰ ਸੋਕੇ ਨਾਲ ਜੂਝਦਾ ਰਿਹਾ ਹੈ। ਇੱਥੋਂ ਦੀ ਮਿੱਟੀ ਲਾਲ ਅਤੇ ਰੇਤਲੀ ਹੈ। ਇਸੇ ਕਰਕੇ ਲੋਕਾਂ ਨੂੰ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈਂਦਾ ਹੈ। ਇੱਥੋਂ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਲੰਬੇ ਸਮੇਂ ਤੱਕ ਮੀਂਹ ਨਹੀਂ ਪੈਂਦਾ। ਲੋਕ ਕਈ ਵਾਰ ਅਨੰਤਪੁਰ ਦੀ ਤੁਲਨਾ ਮਾਰੂਥਲ ਦੇ ਸੋਕੇ ਨਾਲ ਕਰਦੇ ਹਨ। 

 

ਸਾਥੀਓ, 

ਇਸ ਸਮੱਸਿਆ ਦੇ ਹੱਲ ਲਈ ਸਥਾਨਕ ਨਿਵਾਸੀਆਂ ਨੇ ਜਲ ਸਰੋਤਾਂ ਨੂੰ ਸਾਫ਼ ਕਰਨ ਦਾ ਸੰਕਲਪ ਲਿਆ। ਫਿਰ, ਪ੍ਰਸ਼ਾਸਨ ਦੇ ਸਹਿਯੋਗ ਨਾਲ, "ਅਨੰਤ ਨੀਰੂ ਸੰਰਕਸ਼ਣਮ ਪ੍ਰੋਜੈਕਟ" ਸ਼ੁਰੂ ਕੀਤਾ ਗਿਆ। ਇਸ ਯਤਨ ਦੇ ਹਿੱਸੇ ਵਜੋਂ, 10 ਤੋ ਵੱਧ ਜਲ ਭੰਡਾਰਾਂ ਨੂੰ ਮੁੜ ਸੁਰਜੀਤ ਕੀਤਾ ਗਿਆ ਹੈ। ਉਹ ਹੁਣ ਪਾਣੀ ਨਾਲ ਭਰ ਰਹੇ ਹਨ। ਇਸ ਤੋ ਇਲਾਵਾ 7,000 ਤੋਂ ਵੱਧ ਰੁੱਖ ਲਗਾਏ ਗਏ ਹਨ। ਇਸ ਦਾ ਮਤਲਬ ਹੈ ਕਿ ਅਨੰਤਪੁਰ ਨੇ ਨਾ ਸਿਰਫ਼ ਪਾਣੀ ਦੀ ਸੰਭਾਲ ਕੀਤੀ ਹੈ ਬਲਕਿ ਹਰੇ ਭਰੇ ਖੇਤਰ ਨੂੰ ਵੀ ਵਧਾਇਆ ਹੈ। ਬੱਚੇ ਹੁਣ ਇੱਥੇ ਤੈਰਾਕੀ ਦਾ ਅਨੰਦ ਮਾਣ ਸਕਦੇ ਹਨ। ਇੱਕ ਤਰ੍ਹਾਂ ਨਾਲ, ਇੱਥੇ ਪੂਰਾ ਈਕੋਸਿਸਟਮ ਮੁੜ ਸੁਰਜੀਤ ਹੋ ਗਿਆ ਹੈ।

 
ਸਾਥੀਓ, 

ਭਾਵੇਂ ਇਹ ਆਜ਼ਮਗੜ੍ਹ ਹੋਵੇ, ਅਨੰਤਪੁਰ ਹੋਵੇ ਜਾਂ ਦੇਸ਼ ਦਾ ਕੋਈ ਹੋਰ ਸਥਾਨ ਹੋਵੇ, ਇਹ ਦੇਖ ਕੇ ਖ਼ੁਸ਼ੀ ਹੁੰਦੀ ਹੈ ਕਿ ਲੋਕ ਇਕੱਠੇ ਹੋ ਰਹੇ ਹਨ ਅਤੇ ਫ਼ਰਜ਼ ਦੀ ਭਾਵਨਾ ਨਾਲ ਵੱਡੇ ਸੰਕਲਪਾਂ ਨੂੰ ਪੂਰਾ ਕਰ ਰਹੇ ਹਨ। ਜਨਤਕ ਭਾਗੀਦਾਰੀ ਅਤੇ ਸਮੂਹਿਕਤਾ ਦੀ ਇਹ ਭਾਵਨਾ ਸਾਡੇ ਦੇਸ਼ ਦੀ ਸਭ ਤੋ ਵੱਡੀ ਤਾਕਤ ਹੈ।

 

ਮੇਰੇ ਪਿਆਰੇ ਦੇਸ਼-ਵਾਸੀਓ, 

ਸਾਡੇ ਦੇਸ਼ ’ਚ ਭਜਨ ਅਤੇ ਕੀਰਤਨ ਸਦੀਆਂ ਤੋ ਸਾਡੀ ਸੰਸਕ੍ਰਿਤੀ ਦੀ ਆਤਮਾ ਰਹੇ ਹਨ। ਅਸੀਂ ਮੰਦਿਰਾਂ ’ਚ ਭਜਨ ਸੁਣੇ ਹਨ, ਕਥਾ ਸੁਣਦੇ ਸਮੇਂ ਅਤੇ ਹਰ ਦੌਰ ਨੇ ਭਗਤੀ ਨੂੰ ਆਪਣੇ ਸਮੇਂ ਦੇ ਹਿਸਾਬ ਨਾਲ ਜੀਵਿਆ ਹੈ। ਅੱਜ ਦੀ ਪੀੜ੍ਹੀ ਵੀ ਕੁਝ ਨਵੇਂ ਕਮਾਲ ਕਰ ਰਹੀ ਹੈ। ਅੱਜ ਦੇ ਨੌਜਵਾਨਾਂ ਨੇ ਭਗਤੀ ਨੂੰ ਆਪਣੇ ਅਨੁਭਵ ਅਤੇ ਆਪਣੀ ਜੀਵਨ ਸ਼ੈਲੀ ’ਚ ਢਾਲ ਦਿੱਤਾ ਹੈ। ਇਸੇ ਸੋਚ ਨਾਲ ਇਕ ਨਵਾਂ ਸਭਿਆਚਾਰਕ ਚਲਨ ਉੱਭਰ ਕੇ ਸਾਹਮਣੇ ਆਇਆ ਹੈ। ਤੁਸੀਂ ਸੋਸ਼ਲ ਮੀਡੀਆ ’ਤੇ ਅਜਿਹੇ ਵੀਡੀਓ ਜ਼ਰੂਰ ਵੇਖੇ ਹੋਣਗੇ। ਦੇਸ਼ ਦੇ ਵੱਖ-ਵੱਖ ਸ਼ਹਿਰਾਂ ’ਚ ਵੱਡੀ ਗਿਣਤੀ ਵਿੱਚ ਨੌਜਵਾਨ ਇਕੱਠੇ ਹੋ ਰਹੇ ਹਨ, ਮੰਚ ਸਜਿਆ ਹੁੰਦਾ ਹੈ, ਰੋਸ਼ਨੀ ਹੁੰਦੀ ਹੈ, ਸੰਗੀਤ ਹੁੰਦਾ ਹੈ, ਪੂਰਾ ਤਾਮ-ਝਾਮ ਹੁੰਦਾ ਹੈ ਅਤੇ ਮਾਹੌਲ ਕਿਸੇ ਕੰਸਰਟ ਤੋਂ ਜ਼ਰਾ ਵੀ ਘੱਟ ਨਹੀਂ ਹੁੰਦਾ। ਇਸੇ ਤਰ੍ਹਾਂ ਹੀ ਲੱਗ ਰਿਹਾ ਹੈ ਕਿ ਜਿਵੇਂ ਕੋਈ ਬਹੁਤ ਵੱਡਾ ਕੰਸਰਟ ਹੋ ਰਿਹਾ ਹੈ ਪਰ ਉੱਥੇ ਜੋ ਗਾਇਆ ਜਾ ਰਿਹਾ ਹੁੰਦਾ ਹੈ, ਉਹ ਪੂਰੀ ਤਨਦੇਹੀ ਦੇ ਨਾਲ, ਪੂਰੀ ਲਗਨ ਦੇ ਨਾਲ, ਪੂਰੀ ਲੈਅ ਦੇ ਨਾਲ ਭਜਨ ਦੀ ਗੂੰਜ। ਇਸ ਚਲਨ ਨੂੰ ਅੱਜ ਭਜਨ ਕਲਬਿੰਗ ਕਿਹਾ ਜਾ ਰਿਹਾ ਹੈ ਅਤੇ ਇਹ ਖ਼ਾਸ ਤੌਰ ’ਤੇ ਜੈਨ-ਜ਼ੈੱਡ (Genz) ਦੇ ਦਰਮਿਆਨ ਤੇਜ਼ੀ ਨਾਲ ਮਸ਼ਹੂਰ ਹੋ ਰਿਹਾ ਹੈ। ਇਹ ਵੇਖ ਕੇ ਚੰਗਾ ਲੱਗਦਾ ਹੈ ਕਿ ਇਨ੍ਹਾਂ ਆਯੋਜਨਾਂ ਵਿੱਚ ਭਜਨ ਦੀ ਗਰਿਮਾ ਅਤੇ ਮਰਿਯਾਦਾ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ। ਭਗਤੀ ਨੂੰ ਹਲਕੇ ਪਨ ਵਿੱਚ ਨਹੀਂ ਲਿਆ ਜਾਂਦਾ ਨਾ ਸ਼ਬਦਾਂ ਦੀ ਮਰਿਯਾਦਾ ਟੁੱਟਦੀ ਹੈ ਅਤੇ ਨਾ ਹੀ ਭਾਵ ਦੀ। ਮੰਚ ਆਧੁਨਿਕ ਹੋ ਸਕਦਾ ਹੈ, ਸੰਗੀਤ ਦੀ ਪੇਸ਼ਕਸ਼ ਅਲੱਗ ਹੋ ਸਕਦੀ ਹੈ ਪਰ ਅਸਲ ਭਾਵਨਾ ਉਹੀ ਰਹਿੰਦੀ ਹੈ। ਅਧਿਆਤਮ ਦਾ ਇਕ ਨਿਰੰਤਰ ਪ੍ਰਵਾਹ ਉੱਥੇ ਮਹਿਸੂਸ ਹੁੰਦਾ ਹੈ। 

 

ਮੇਰੇ ਪਿਆਰੇ ਦੇਸ਼ਵਾਸੀਓ,

ਅੱਜ ਸਾਡੀ ਸੰਸਕ੍ਰਿਤੀ ਅਤੇ ਤਿਉਹਾਰ ਦੁਨੀਆ ਭਰ ’ਚ ਆਪਣੀ ਪਛਾਣ ਬਣਾ ਰਹੇ ਹਨ। ਦੁਨੀਆ ਦੇ ਹਰ ਕੋਨੇ ’ਚ ਭਾਰਤ ਦੇ ਤਿਉਹਾਰ ਵੱਡੇ ਉਤਸ਼ਾਹ ਅਤੇ ਗਰਮਜੋਸ਼ੀ ਨਾਲ ਮਨਾਏ ਜਾਂਦੇ ਹਨ। ਹਰ ਤਰ੍ਹਾਂ ਦੀ ਕਲਚਰਲ ਵਾਈਬਰੈਂਸੀ ਨੂੰ ਬਣਾਏ ਰੱਖਣ ’ਚ ਸਾਡੇ ਭਾਰਤਵੰਸ਼ੀ ਭਰਾਵਾਂ-ਭੈਣਾਂ ਦਾ ਅਹਿਮ ਯੋਗਦਾਨ ਹੈ। ਉਹ ਜਿੱਥੇ ਵੀ ਹਨ, ਉੱਥੇ ਆਪਣੀ ਸੰਸਕ੍ਰਿਤੀ ਦੀ ਮੂਲ ਭਾਵਨਾ ਨੂੰ ਸੰਜੋਅ ਕੇ ਅਤੇ ਉਸ ਨੂੰ ਅੱਗੇ ਵਧਾ ਰਹੇ ਹਨ। ਇਸ ਨੂੰ ਲੈ ਕੇ ਮਲੇਸ਼ੀਆ ’ਚ ਵੀ ਸਾਡਾ ਭਾਰਤੀ ਸਮਾਜ ਬਹੁਤ ਸ਼ਲਾਘਾਯੋਗ ਕੰਮ ਕਰ ਰਿਹਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਮਲੇਸ਼ੀਆ ’ਚ 500 ਤੋ ਜ਼ਿਆਦਾ ਤਾਮਿਲ ਸਕੂਲ ਹਨ। ਇਨ੍ਹਾਂ ’ਚ ਤਾਮਿਲ ਭਾਸ਼ਾ ਦੀ ਪੜ੍ਹਾਈ ਦੇ ਨਾਲ ਹੀ ਹੋਰਾਂ ਵਿਸ਼ਿਆਂ ਨੂੰ ਵੀ ਤਾਮਿਲ ’ਚ ਪੜ੍ਹਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇੱਥੇ ਤੇਲਗੂ ਅਤੇ ਪੰਜਾਬੀ ਸਣੇ ਹੋਰ ਭਾਰਤੀ ਭਾਸ਼ਾਵਾਂ ’ਤੇ ਵੀ ਬਹੁਤ ਫੋਕਸ ਰਹਿੰਦਾ ਹੈ। 

 

ਸਾਥੀਓ,

ਭਾਰਤ ਅਤੇ ਮਲੇਸ਼ੀਆ ਦੇ ਦਰਮਿਆਨ ਇਤਿਹਾਸਕ ਅਤੇ ਸਭਿਆਚਾਰਕ ਸਬੰਧਾਂ ਨੂੰ ਮਜ਼ਬੂਤ ਕਰਨ ’ਚ ਇੱਕ ਸੁਸਾਇਟੀ ਦੀ ਵੱਡੀ ਭੂਮਿਕਾ ਹੈ, ਇਸ ਦਾ ਨਾਮ ਹੈ ਮਲੇਸ਼ੀਆ ਇੰਡੀਆ ਹੈਰੀਟੇਜ ਸੁਸਾਇਟੀ। ਵੱਖ-ਵੱਖ ਪ੍ਰੋਗਰਾਮਾਂ ਦੇ ਨਾਲ ਹੀ ਇਹ ਅਦਾਰਾ ਇਕ ਹੈਰੀਟੇਜ ਵਾਕ ਦਾ ਵੀ ਆਯੋਜਨ ਕਰਦੀ ਹੈ। ਇਸ ’ਚ ਦੋਵਾਂ ਦੇਸ਼ਾਂ ਨੂੰ ਆਪਸ ’ਚ ਜੋੜਨ ਵਾਲੇ ਸਭਿਆਚਾਰਕ ਥਾਵਾਂ ਨੂੰ ਕਵਰ ਕੀਤਾ ਜਾਂਦਾ ਹੈ। ਪਿਛਲੇ ਮਹੀਨੇ ਮਲੇਸ਼ੀਆ ’ਚ ‘ਲਾਲ ਪਾੜ ਸਾੜ੍ਹੀ’ ਆਈਕੋਨਿਕ ਵਾਕ ਇਸ ਦਾ ਆਯੋਜਨ ਕੀਤਾ ਗਿਆ। ਇਸ ਸਾੜ੍ਹੀ ਦਾ ਬੰਗਾਲ ਦੀ ਸਾਡੀ ਸੰਸਕ੍ਰਿਤੀ ਨਾਲ ਵਿਸ਼ੇਸ਼ ਰਿਸ਼ਤਾ ਰਿਹਾ ਹੈ। ਇਸ ਪ੍ਰੋਗਰਾਮ ’ਚ ਸਭ ਤੋ ਜ਼ਿਆਦਾ ਗਿਣਤੀ ਵਿੱਚ ਇਸ ਸਾੜ੍ਹੀ ਨੂੰ ਪਾਉਣ ਦਾ ਰਿਕਾਰਡ ਬਣਿਆ, ਜਿਸ ਨੂੰ ਮਲੇਸ਼ੀਅਨ ਬੁੱਕ ਆਫ਼ ਰਿਕਾਰਡ ਵਿੱਚ ਦਰਜ ਕੀਤਾ ਗਿਆ। ਇਸ ਮੌਕੇ ’ਤੇ ਓਡੀਸੀ ਡਾਂਸ ਅਤੇ ਬਾਲ ਮਿਊਜ਼ਿਕ ਨੇ ਤਾਂ ਲੋਕਾਂ ਦਾ ਦਿਲ ਜਿੱਤ ਲਿਆ। ਮੈਂ ਕਹਿ ਸਕਦਾ ਹਾਂ -

ਸਾਯਾ ਬਰਬਾਂਗਾ/ਦੇਂਗਾਨ ਡੀਯਾਸਪੋਰਾ ਇੰਡੀਆ। ਦਿ ਮਲੇਸ਼ੀਆ//      

ਮੇਰੇਕਾ ਮੰਬਾਵਾ / ਇੰਡੀਆ ਦਾਨ ਮਲੇਸ਼ੀਆ/ਸੇਮਾਕਿਨ ਰਾਪਾ //

(ਪੰਜਾਬੀ ਅਨੁਵਾਦ- ਮੈਨੂੰ ਮਲੇਸ਼ੀਆ ’ਚ ਭਾਰਤੀ ਪ੍ਰਵਾਸੀਆਂ ’ਤੇ ਮਾਣ ਹੈ, ਭਾਰਤ ਅਤੇ ਮਲੇਸ਼ੀਆ ਨੂੰ ਉਹ ਹੋਰ ਨੇੜੇ ਲਿਆ ਰਹੇ ਹਨ।) 

 

ਮਲੇਸ਼ੀਆ ਦੇ ਸਾਡੇ ਭਾਰਤਵੰਸ਼ੀਆਂ ਨੂੰ ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ। 

 

ਮੇਰੇ ਪਿਆਰੇ ਦੇਸ਼-ਵਾਸੀਓ, 

ਅਸੀਂ ਭਾਰਤ ਦੇ ਕਿਸੇ ਵੀ ਹਿੱਸੇ ’ਚ ਚਲੇ ਜਾਈਏ, ਸਾਨੂੰ ਉੱਥੇ ਕੁਝ ਨਾ ਕੁਝ ਅਸਧਾਰਨ, ਸ਼ਾਨਦਾਰ ਹੁੰਦਾ ਹੋਇਆ ਜ਼ਰੂਰ ਦਿੱਖ ਜਾਂਦਾ ਹੈ। ਕਈ ਵਾਰ ਮੀਡੀਆ ਦੀ ਚਕਾਚੌਂਧ ’ਚ ਇਹ ਗੱਲਾਂ ਜਗ੍ਹਾ ਨਹੀਂ ਬਣਾ ਪਾਉਂਦੀਆਂ ਪਰ ਇਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਸਾਡੇ ਸਮਾਜ ਦੀ ਅਸਲੀ ਤਾਕਤ ਕੀ ਹੈ? ਇਨ੍ਹਾਂ ਤੋਂ ਸਾਡੇ ਉਨ੍ਹਾਂ ਵੈਲਿਊ ਸਿਸਟਮ ਦੀ ਵੀ ਝਲਕ ਮਿਲਦੀ ਹੈ, ਜਿਨ੍ਹਾਂ ’ਚ ਇੱਕਜੁੱਟਤਾ ਦੀ ਭਾਵਨਾ ਸਭ ਤੋ ਉੱਪਰ ਹੈ। ਗੁਜਰਾਤ ’ਚ ਬੇਚਰਾਜੀ ਦੇ ਚੰਦਨਕੀ ਪਿੰਡ ਦੀ ਪ੍ਰੰਪਰਾ ਆਪਣੇ ਆਪ ’ਚ ਨਿਵੇਕਲੀ ਹੈ। ਜੇ ਮੈਂ ਤੁਹਾਨੂੰ ਕਹਾਂ ਕਿ ਇੱਥੋਂ ਦੇ ਲੋਕ ਖ਼ਾਸਕਰ ਬਜ਼ੁਰਗ ਆਪਣੇ ਘਰਾਂ ’ਚ ਖਾਣਾ ਨਹੀਂ ਬਣਾਉਂਦੇ ਤਾਂ ਤੁਹਾਨੂੰ ਹੈਰਾਨੀ ਹੋਵੇਗੀ। ਇਸ ਦੀ ਵਜ੍ਹਾ ਪਿੰਡ ਦਾ ਸ਼ਾਨਦਾਰ ਕਮਿਊਨਿਟੀ ਕਿਚਨ। ਇਸ ਕਮਿਊਨਿਟੀ ਕਿਚਨ ’ਚ ਇਕੱਠੇ ਪੂਰੇ ਪਿੰਡ ਦਾ ਸਾਰਿਆਂ ਦਾ ਖਾਣਾ ਬਣਦਾ ਹੈ ਅਤੇ ਲੋਕ ਇਕੱਠੇ ਬੈਠ ਕੇ ਭੋਜਨ ਕਰਦੇ ਹਨ। ਬੀਤੇ 15 ਵਰ੍ਹਿਆਂ ਤੋ ਇਹ ਪ੍ਰੰਪਰਾ ਲਗਾਤਾਰ ਚੱਲੀ ਆ ਰਹੀ ਹੈ, ਇੰਨਾ ਹੀ ਨਹੀਂ ਜੇ ਕੋਈ ਵਿਅਕਤੀ ਬਿਮਾਰ ਹੈ ਤਾਂ ਉਸ ਦੇ ਲਈ ਟਿਫ਼ਨ ਸਰਵਿਸ ਵੀ ਉਪਲਬਧ ਹੈ, ਯਾਨੀ ਹੋਮ ਡਿਲਵਰੀ ਦਾ ਵੀ ਪੂਰਾ ਇੰਤਜ਼ਾਮ ਹੈ। ਪਿੰਡ ਦਾ ਸਮੂਹਿਕ ਭੋਜਨ ਲੋਕਾਂ ਨੂੰ ਅਨੰਦ ਨਾਲ ਭਰ ਦਿੰਦਾ ਹੈ। ਇਹ ਪਹਿਲ ਨਾ ਸਿਰਫ਼ ਲੋਕਾਂ ਨੂੰ ਆਪਸ ਵਿੱਚ ਜੋੜਦੀ ਹੈ, ਸਗੋਂ ਇਸ ਨਾਲ ਪਰਿਵਾਰਕ ਭਾਵਨਾ ਨੂੰ ਵੀ ਵਧਾਵਾ ਮਿਲਦਾ ਹੈ। 

 

ਸਾਥੀਓ,

ਭਾਰਤ ਦੀ ਪਰਿਵਾਰ ਵਿਵਸਥਾ-ਫੈਮਲੀ ਸਿਸਟਮ ਸਾਡੀ ਪ੍ਰੰਪਰਾ ਦਾ ਅਟੁੱਟ ਹਿੱਸਾ ਹੈ। ਦੁਨੀਆ ਦੇ ਕਈ ਦੇਸ਼ਾਂ ’ਚ ਇਸ ਨੂੰ ਬਹੁਤ ਉਤਸੁਕਤਾ ਨਾਲ ਵੇਖਿਆ ਜਾਂਦਾ ਹੈ। ਕਈ ਦੇਸ਼ਾਂ ’ਚ ਅਜਿਹੇ ਫੈਮਲੀ ਸਿਸਟਮ ਨੂੰ ਲੈ ਕੇ ਬਹੁਤ ਸਨਮਾਨ ਦਾ ਭਾਵ ਹੈ। ਕੁਝ ਹੀ ਦਿਨ ਪਹਿਲਾਂ ਮੇਰੇ ਭਰਾ ਯੂ.ਏ.ਈ. ਦੇ ਰਾਸ਼ਟਰਪਤੀ ਮਹਾਮਹਿਮ ਸ਼ੇਖ਼ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਭਾਰਤ ਆਏ ਸਨ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਯੂ.ਏ.ਈ. ਸਾਲ 2026 ਨੂੰ ਈਅਰ ਆਫ਼ ਫੈਮਲੀ ਦੇ ਰੂਪ ਵਿੱਚ ਮਨਾ ਰਿਹਾ ਹੈ। ਮਕਸਦ ਇਹ ਕਿ ਉੱਥੋਂ ਦੇ ਲੋਕਾਂ ਦੇ ਦਰਮਿਆਨ ਪਿਆਰ ਅਤੇ ਸਮਾਜਿਕ ਭਾਵਨਾ ਹੋਰ ਮਜ਼ਬੂਤ ਹੋਵੇ, ਵਾਕਿਆ ਹੀ ਇਹ ਬਹੁਤ ਹੀ ਸ਼ਲਾਘਾਯੋਗ ਪਹਿਲ ਹੈ। 

 

ਸਾਥੀਓ, 

ਜਦੋਂ ਪਰਿਵਾਰ ਅਤੇ ਸਮਾਜ ਦੀ ਤਾਕਤ ਮਿਲਦੀ ਹੈ ਤਾਂ ਅਸੀਂ ਵੱਡੀਆਂ ਤੋ ਵੱਡੀਆਂ ਚੁਣੌਤੀਆਂ ਨੂੰ ਸ਼ਿਕਸਤ ਦੇ ਸਕਦੇ ਹਾਂ। ਮੈਨੂੰ ਅਨੰਤਨਾਗ ਦੇ ਸ਼ੇਖਗੁੰਡ ਪਿੰਡ ਬਾਰੇ ਜਾਣਕਾਰੀ ਮਿਲੀ ਹੈ, ਇੱਥੇ ਡਰੱਗਜ਼, ਤੰਬਾਕੂ, ਸਿਗਰਟ ਅਤੇ ਸ਼ਰਾਬ ਨਾਲ ਜੁੜੀਆਂ ਚੁਣੌਤੀਆਂ ਕਾਫ਼ੀ ਵਧ ਗਈਆਂ ਸਨ। ਇਨ੍ਹਾਂ ਸਭ ਨੂੰ ਵੇਖ ਕੇ ਇੱਥੋਂ ਦੇ ਮੀਰਜ਼ਾਫਰ ਜੀ ਏਨਾ ਪ੍ਰੇਸ਼ਾਨ ਹੋਏ ਕਿ ਉਨ੍ਹਾਂ ਨੇ ਇਸ ਸਮੱਸਿਆ ਨੂੰ ਦੂਰ ਕਰਨ ਦੀ ਠਾਨ ਲਈ। ਉਨ੍ਹਾਂ ਨੇ ਪਿੰਡ ਦੇ ਨੌਜਵਾਨਾਂ ਤੋ ਲੈ ਕੇ ਬਜ਼ੁਰਗਾਂ ਤੱਕ ਸਾਰਿਆਂ ਨੂੰ ਇਕੱਠਾ ਕੀਤਾ, ਉਨ੍ਹਾਂ ਦੀ ਇਸ ਪਹਿਲ ਦਾ ਅਸਰ ਕੁਝ ਅਜਿਹਾ ਰਿਹਾ ਕਿ ਉੱਥੇ ਦੀਆਂ ਦੁਕਾਨਾਂ ਨੇ ਤੰਬਾਕੂ ਉਤਪਾਦਾਂ ਨੂੰ ਵੇਚਣਾ ਹੀ ਬੰਦ ਕਰ ਦਿੱਤਾ। ਇਸ ਕੋਸ਼ਿਸ਼ ਨਾਲ ਡਰੱਗਜ਼ ਦੇ ਖ਼ਤਰਿਆਂ ਨੂੰ ਲੈ ਕੇ ਵੀ ਲੋਕਾਂ ਵਿੱਚ ਜਾਗਰੂਕਤਾ ਵਧੀ ਹੈ। 

 

ਸਾਥੀਓ, 

ਸਾਡੇ ਦੇਸ਼ ’ਚ ਅਜਿਹੀਆਂ ਅਨੇਕਾਂ ਸੰਸਥਾਵਾਂ ਵੀ ਹਨ, ਜੋ ਵਰ੍ਹਿਆਂ ਤੋ ਨਿਰਸਵਾਰਥ ਭਾਵ ਨਾਲ ਸਮਾਜਸੇਵਾ ਵਿੱਚ ਜੁੱਟੀਆਂ ਹਨ, ਜਿਵੇਂ ਇਕ ਸੰਸਥਾ ਹੈ ਪੱਛਮ ਬੰਗਾਲ ਦੇ ਪੂਰਬ ਮੇਦਿਨੀਪੁਰ ਦੇ ਫਰੀਦਪੁਰ ਵਿੱਚ। ਇਸ ਦਾ ਨਾਮ ਹੈ ‘ਵਿਵੇਕਾਨੰਦ ਲੋਕ ਸਿੱਖਿਆ ਨਿਕੇਤਨ’। ਇਹ ਸੰਸਥਾ ਪਿਛਲੇ 4 ਦਹਾਕਿਆਂ ਤੋ ਬੱਚਿਆਂ ਅਤੇ ਬਜ਼ੁਰਗਾਂ ਦੀ ਦੇਖਭਾਲ ਵਿੱਚ ਜੁਟੀ ਹੈ। ਗੁਰੂਕੁਲ ਪੱਧਤੀ ਦੀ ਸਿੱਖਿਆ ਅਤੇ ਟੀਚਰਜ਼ ਦੀ ਟਰੇਨਿੰਗ ਦੇ ਨਾਲ ਹੀ ਇਹ ਸੰਸਥਾ ਸਮਾਜ ਭਲਾਈ ਦੇ ਕਈ ਨੇਕ ਕੰਮਾਂ ਵਿੱਚ ਜੁਟੀ ਹੈ। ਮੇਰੀ ਕਾਮਨਾ ਹੈ ਕਿ ਨਿਰਸਵਾਰਥ ਸੇਵਾ ਦਾ ਇਹ ਭਾਵ ਦੇਸ਼ਵਾਸੀਆਂ ਦੇ ਦਰਮਿਆਨ ਲਗਾਤਾਰ ਅਤੇ ਹੋਰ ਸਸ਼ਕਤ ਹੁੰਦਾ ਰਹੇ। 

 

ਮੇਰੇ ਪਿਆਰੇ ਦੇਸ਼-ਵਾਸੀਓ, 

‘ਮਨ ਕੀ ਬਾਤ’ ਵਿੱਚ ਅਸੀਂ ਲਗਾਤਾਰ ਸਵੱਛਤਾ ਦੇ ਵਿਸ਼ੇ ਨੂੰ ਚੁੱਕਦੇ ਰਹੇ ਹਾਂ। ਮੈਨੂੰ ਇਹ ਦੇਖ ਕੇ ਮਾਣ ਹੁੰਦਾ ਹੈ ਕਿ ਸਾਡੇ ਨੌਜਵਾਨ ਆਪਣੇ ਆਲ਼ੇ-ਦੁਆਲ਼ੇ ਦੀ ਸਵੱਛਤਾ ਨੂੰ ਲੈ ਕੇ ਬਹੁਤ ਜਾਗਰੂਕ ਹਨ। ਅਰੁਣਾਚਲ ਪ੍ਰਦੇਸ਼ ਵਿੱਚ ਹੋਏ ਇਕ ਅਜਿਹੇ ਹੀ ਨਿਵੇਕਲੇ ਯਤਨ ਦੇ ਬਾਰੇ ਮੈਨੂੰ ਜਾਣਕਾਰੀ ਮਿਲੀ ਹੈ। ਅਰੁਣਾਚਲ ਉਹ ਧਰਤੀ ਹੈ, ਜਿੱਥੇ ਦੇਸ਼ ’ਚ ਸਭ ਤੋਂ ਪਹਿਲਾਂ ਸੂਰਜ ਦੀਆਂ ਕਿਰਨਾਂ ਪਹੁੰਚਦੀਆਂ ਹਨ। ਇੱਥੇ ਲੋਕ ‘ਜੈ ਹਿੰਦ’ ਕਹਿ ਕੇ ਇਕ-ਦੂਜੇ ਨੂੰ ਨਮਸਕਾਰ ਕਰਦੇ ਹਨ। ਇੱਥੇ ਈਟਾਨਗਰ ਵਿੱਚ ਨੌਜਵਾਨਾਂ ਦਾ ਸਮੂਹ ਉਨ੍ਹਾਂ ਹਿੱਸਿਆਂ ਦੀ ਸਫ਼ਾਈ ਲਈ ਇੱਕਜੁੱਟ ਹੋਇਆ, ਜਿਨ੍ਹਾਂ ’ਤੇ ਜ਼ਿਆਦਾ ਧਿਆਨ ਦੇਣ ਦੀ ਲੋੜ ਸੀ। ਇਨ੍ਹਾਂ ਨੌਜਵਾਨਾਂ ਨੇ ਵੱਖ-ਵੱਖ ਸ਼ਹਿਰਾਂ ’ਚ ਜਨਤਕ ਥਾਵਾਂ ਦੀ ਸਾਫ਼-ਸਫ਼ਾਈ ਨੂੰ ਆਪਣਾ ਮਿਸ਼ਨ ਬਣਾ ਲਿਆ। ਇਸ ਤੋ ਬਾਅਦ ਈਟਾਨਗਰ, ਨਾਹਰਲਾਗੁਨ, ਦੋਈਮੁੱਖ, ਸੇਪਾ, ਪਾਲਿਨ ਅਤੇ ਪਾਸੀਘਾਟ ਉੱਥੇ ਵੀ ਇਹ ਮੁਹਿੰਮ ਚਲਾਈ ਗਈ। ਇਹ ਨੌਜਵਾਨ ਹੁਣ ਤੱਕ ਤਕਰੀਬਨ 11 ਲੱਖ ਕਿੱਲੋ ਤੋ ਜ਼ਿਆਦਾ ਕੂੜੇ ਦੀ ਸਫ਼ਾਈ ਕਰ ਚੁੱਕੇ ਹਨ। ਸੋਚੋ ਸਾਥੀਓ, ਨੌਜਵਾਨਾਂ ਨੇ ਮਿਲ ਕੇ 11 ਲੱਖ ਕਿੱਲੋ ਕੂੜਾ-ਕਚਰਾ ਹਟਾਇਆ। 

 

ਸਾਥੀਓ, 

ਇਕ ਹੋਰ ਉਦਾਹਰਣ ਅਸਾਮ ਦਾ ਹੈ, ਅਸਾਮ ਦੇ ਨਾਗਾਂਵ ਵਿੱਚ ਉੱਥੇ ਦੀਆਂ ਪੁਰਾਣੀਆਂ ਗਲੀਆਂ ’ਚ ਲੋਕ ਭਾਵਨਾਤਮਕ ਰੂਪ ਨਾਲ ਜੁੜੇ ਹਨ। ਇੱਥੇ ਕੁਝ ਲੋਕਾਂ ਨੇ ਆਪਣੀਆਂ ਗਲੀਆਂ ਨੂੰ ਮਿਲ ਕੇ ਸਾਫ਼ ਕਰਨ ਦਾ ਸੰਕਲਪ ਲਿਆ। ਹੌਲੀ-ਹੌਲੀ ਉਨ੍ਹਾਂ ਨਾਲ ਕੁਝ ਹੋਰ ਲੋਕ ਜੁੜਦੇ ਗਏ, ਇਸ ਤਰ੍ਹਾਂ ਇਕ ਅਜਿਹੀ ਟੀਮ ਤਿਆਰ ਹੋ ਗਈ, ਜਿਸ ਨੇ ਗਲੀਆਂ ਤੋਂ ਬਹੁਤ ਸਾਰਾ ਕੂੜਾ ਹਟਾ ਦਿੱਤਾ। ਸਾਥੀਓ, ਅਜਿਹੀ ਹੀ ਇਕ ਕੋਸ਼ਿਸ਼ ਬੈਂਗਲੂਰੂ ’ਚ ਵੀ ਹੋ ਰਹੀ ਹੈ, ਬੈਂਗਲੂਰੂ ’ਚ ਸੋਫ਼ਾ ਵੇਸਟ ਇਕ ਵੱਡੀ ਸਮੱਸਿਆ ਬਣ ਕੇ ਸਾਹਮਣੇ ਆਇਆ ਹੈ। ਇਸ ਲਈ ਕੁਝ ਪ੍ਰੋਫੈਸ਼ਨਲ ਇਕੱਠੇ ਹੋ ਕੇ ਇਸ ਸਮੱਸਿਆ ਨੂੰ ਆਪਣੇ ਤਰੀਕੇ ਨਾਲ ਹੱਲ ਕਰ ਰਹੇ ਹਨ। 

 

ਸਾਥੀਓ, 

ਅੱਜ ਕਈ ਸ਼ਹਿਰਾਂ ’ਚ ਅਜਿਹੀਆਂ ਟੀਮਾਂ ਹਨ, ਜੋ ਲੈਂਡ ਫਿਲ ਵੇਸਟ ਦੀ ਰੀਸਾਈਕਲਿੰਗ ’ਚ ਜੁੱਟੀਆਂ ਹਨ। ਚੇਨਈ ’ਚ ਅਜਿਹੀ ਹੀ ਇਕ ਟੀਮ ਨੇ ਬਹੁਤ ਬੇਹਤਰੀਨ ਕੰਮ ਕੀਤਾ ਹੈ। ਅਜਿਹੇ ਉਦਾਹਰਨਾਂ ਤੋਂ ਪਤਾ ਲੱਗਦਾ ਹੈ ਕਿ ਸਵੱਛਤਾ ਨਾਲ ਜੁੜੀ ਹਰ ਕੋਸ਼ਿਸ਼ ਕਿੰਨੀ ਅਹਿਮ ਹੈ। ਸਾਨੂੰ ਸਵੱਛਤਾ ਲਈ ਜਾਤੀ ਤੌਰ ’ਤੇ ਜਾਂ ਫਿਰ ਟੀਮ ਦੇ ਤੌਰ ’ਤੇ ਆਪਣੀਆਂ ਕੋਸ਼ਿਸ਼ਾਂ ਵਧਾਉਣੀਆਂ ਪੈਣਗੀਆਂ ਤਾਂ ਹੀ ਸਾਡੇ ਸ਼ਹਿਰ ਹੋਰ ਬਿਹਤਰ ਬਣਨਗੇ। 

 

ਮੇਰੇ ਪਿਆਰੇ ਦੇਸ਼-ਵਾਸੀਓ, 

ਜਦੋਂ ਵਾਤਾਵਰਨ ਸੰਭਾਲ ਦੀ ਗੱਲ ਹੁੰਦੀ ਹੈ ਤਾਂ ਅਕਸਰ ਸਾਡੇ ਮਨ ’ਚ ਵੱਡੀਆਂ ਯੋਜਨਾਵਾਂ, ਵੱਡੀਆਂ ਮੁਹਿੰਮਾਂ ਅਤੇ ਵੱਡੇ-ਵੱਡੇ ਸੰਗਠਨਾਂ ਦੀਆਂ ਗੱਲਾਂ ਆਉਂਦੀਆਂ ਹਨ ਪਰ ਕਈ ਵਾਰ ਤਬਦੀਲੀ ਦੀ ਸ਼ੁਰੂਆਤ ਬਹੁਤ ਸਧਾਰਨ ਤਰੀਕੇ ਨਾਲ ਹੁੰਦੀ ਹੈ। ਇਕ ਵਿਅਕਤੀ ਤੋਂ, ਇਕ ਇਲਾਕੇ ਤੋਂ, ਇਕ ਕਦਮ ਤੋਂ ਅਤੇ ਲਗਾਤਾਰ ਕੀਤੀਆਂ ਗਈਆਂ ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਨਾਲ ਵੀ ਵੱਡੇ ਬਦਲਾਅ ਆਉਂਦੇ ਹਨ। ਪੱਛਮੀ ਬੰਗਾਲ ਦੇ ਕੂਚ ਬਿਹਾਰ ਦੇ ਰਹਿਣ ਵਾਲੇ ਬੇਨੌਏ ਦਾਸ ਜੀ ਦੀ ਕੋਸ਼ਿਸ਼ ਇਸੇ ਦਾ ਉਦਾਹਰਣ ਹੈ। ਪਿਛਲੇ ਕਈ ਵਰ੍ਹਿਆਂ ਤੋਂ ਉਨ੍ਹਾਂ ਨੇ ਆਪਣੇ ਜ਼ਿਲ੍ਹੇ ਨੂੰ ਹਰਾ-ਭਰਾ ਬਣਾਉਣ ਦਾ ਕੰਮ ਇਕੱਲਿਆਂ ਦੇ ਦਮ ’ਤੇ ਕੀਤਾ ਹੈ। ਬੇਨੌਏ ਦਾਸ ਜੀ ਨੇ ਹਜ਼ਾਰਾਂ ਦਰੱਖਤ ਲਗਾਏ ਹਨ। ਕਈ ਵਾਰ ਪੌਦੇ ਖ਼ਰੀਦਣ ਤੋ ਲੈ ਕੇ ਉਨ੍ਹਾਂ ਨੂੰ ਲਗਾਉਣ ਅਤੇ ਦੇਖਭਾਲ ਕਰਨ ਦਾ ਸਾਰਾ ਖ਼ਰਚ ਉਨ੍ਹਾਂ ਨੇ ਖ਼ੁਦ ਚੁੱਕਿਆ ਹੈ, ਜਿੱਥੇ ਲੋੜ ਪਈ, ਉੱਥੇ ਸਥਾਨਕ ਲੋਕਾਂ, ਵਿਦਿਆਰਥੀਆਂ ਅਤੇ ਨਗਰ ਨਿਗਮਾਂ ਦੇ ਨਾਲ ਮਿਲ ਕੇ ਕੰਮ ਕੀਤਾ। ਉਨ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਸੜਕਾਂ ਦੇ ਕਿਨਾਰੇ ਹਰਿਆਲੀ ਹੋਰ ਵਧ ਗਈ ਹੈ। 

 

ਸਾਥੀਓ,

ਮੱਧ ਪ੍ਰਦੇਸ਼ ’ਚ ਪੰਨਾ ਜ਼ਿਲ੍ਹੇ ਦੇ ਜਗਦੀਸ਼ ਪ੍ਰਸਾਦ ਅਹਿਰਵਾਰ ਜੀ, ਉਨ੍ਹਾਂ ਦੀ ਕੋਸ਼ਿਸ਼ ਵੀ ਬਹੁਤ ਸ਼ਲਾਘਾਯੋਗ ਹੈ। ਉਹ ਜੰਗਲ ’ਚ ਬੀਟ ਗਾਰਡ ਦੇ ਰੂਪ ਵਿੱਚ ਆਪਣੀਆਂ ਸੇਵਾਵਾਂ ਦਿੰਦੇ ਹਨ। ਇਕ ਵਾਰ ਗਸ਼ਤ ਦੇ ਦੌਰਾਨ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਜੰਗਲ ’ਚ ਮੌਜੂਦ ਕਈ ਔਸ਼ਧੀ ਪੌਦਿਆਂ ਦੀ ਜਾਣਕਾਰੀ ਕਿਤੇ ਵੀ ਵਿਵਸਥਿਤ ਰੂਪ ’ਚ ਦਰਜ ਨਹੀਂ ਹੈ। ਜਗਦੀਸ਼ ਜੀ ਇਹ ਜਾਣਕਾਰੀ ਅਗਲੀ ਪੀੜ੍ਹੀ ਤੱਕ ਪਹੁੰਚਾਉਣਾ ਚਾਹੁੰਦੇ ਸਨ, ਇਸ ਲਈ ਉਨ੍ਹਾਂ ਨੇ ਔਸ਼ਧੀ ਪੌਦਿਆਂ ਦੀ ਪਛਾਣ ਕਰਨਾ ਅਤੇ ਉਨ੍ਹਾਂ ਦਾ ਰਿਕਾਰਡ ਬਣਾਉਣਾ ਸ਼ੁਰੂ ਕੀਤਾ। ਉਨ੍ਹਾਂ ਨੇ ਸਵਾ ਸੌ ਤੋਂ ਜ਼ਿਆਦਾ ਔਸ਼ਧੀ ਪੌਦਿਆਂ ਦੀ ਪਛਾਣ ਕੀਤੀ। ਹਰ ਪੌਦੇ ਦੀ ਤਸਵੀਰ, ਨਾਮ, ਵਰਤੋਂ ਅਤੇ ਮਿਲਣ ਦੀ ਥਾਂ ਦੀ ਜਾਣਕਾਰੀ ਇਕੱਠੀ ਕੀਤੀ। ਉਨ੍ਹਾਂ ਦੀ ਇਕੱਠੀ ਕੀਤੀ ਗਈ ਜਾਣਕਾਰੀ ਨੂੰ ਵਣ ਵਿਭਾਗ ਨੇ ਇਕੱਠਾ ਕੀਤਾ ਅਤੇ ਕਿਤਾਬ ਦੇ ਰੂਪ ਵਿੱਚ ਪ੍ਰਕਾਸ਼ਿਤ ਵੀ ਕੀਤਾ। ਇਸ ਕਿਤਾਬ ’ਚ ਦਿੱਤੀ ਗਈ ਜਾਣਕਾਰੀ ਹੁਣ ਰੀਸਰਚਰ, ਵਿਦਿਆਰਥੀਆਂ ਅਤੇ ਵਣ ਅਧਿਕਾਰੀਆਂ ਦੇ ਬਹੁਤ ਕੰਮ ਆ ਰਹੀ ਹੈ। 

 

ਸਾਥੀਓ, 

ਵਾਤਾਵਰਨ ਸੰਭਾਲ ਦੀ ਇਹੀ ਭਾਵਨਾ ਅੱਜ ਵੱਡੇ ਪੱਧਰ ’ਤੇ ਵੀ ਦਿਖਾਈ ਦੇ ਰਹੀ ਹੈ। ਇਸੇ ਸੋਚ ਦੇ ਨਾਲ ਦੇਸ਼ ਭਰ ’ਚ ‘ਏਕ ਪੇੜ ਮਾਂ ਕੇ ਨਾਮ’ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਨਾਲ ਅੱਜ ਕਰੋੜਾਂ ਲੋਕ ਜੁੜ ਚੁੱਕੇ ਹਨ। ਹੁਣ ਤੱਕ ਦੇਸ਼ ’ਚ 200 ਕਰੋੜ ਤੋ ਵੀ ਜ਼ਿਆਦਾ ਦਰੱਖਤ ਲਗਾਏ ਜਾ ਚੁੱਕੇ ਹਨ। ਇਹ ਦਰਸਾਉਂਦਾ ਹੈ ਕਿ ਵਾਤਾਵਰਨ ਸੰਭਾਲ ਨੂੰ ਲੈ ਕੇ ਹੁਣ ਲੋਕ ਜ਼ਿਆਦਾ ਜਾਗਰੂਕ ਹਨ ਅਤੇ ਕਿਸੇ ਨਾ ਕਿਸੇ ਰੂਪ ਵਿੱਚ ਆਪਣਾ ਯੋਗਦਾਨ ਦੇਣਾ ਚਾਹੁੰਦੇ ਹਨ। 

 

ਮੇਰੇ ਪਿਆਰੇ ਦੇਸ਼-ਵਾਸੀਓ, 

ਮੈਂ ਤੁਹਾਡੀ ਸਾਰਿਆਂ ਦੀ ਇਕ ਹੋਰ ਗੱਲ ਲਈ ਬਹੁਤ ਸ਼ਲਾਘਾ ਕਰਨਾ ਚਾਹੁੰਦਾ ਹਾਂ - ਵਜ੍ਹਾ ਹੈ ਮਿਲੇਟਸ ਭਾਵ ਸ਼੍ਰੀਅੰਨ। ਮੈਨੂੰ ਇਹ ਦੇਖ ਕੇ ਖ਼ੁਸ਼ੀ ਹੈ ਕਿ ਸ਼੍ਰੀਅੰਨ ਦੇ ਪ੍ਰਤੀ ਦੇਸ਼ ਦੇ ਲੋਕਾਂ ਦਾ ਲਗਾਓ ਲਗਾਤਾਰ ਵਧ ਰਿਹਾ ਹੈ। ਵੈਸੇ ਤਾਂ ਅਸੀਂ 2023 ਨੂੰ ਮਿਲੇਟ ਈਅਰ ਐਲਾਨਿਆ ਸੀ ਪਰ ਅੱਜ 3 ਸਾਲਾਂ ਬਾਅਦ ਵੀ ਇਸ ਨੂੰ ਲੈ ਕੇ ਦੇਸ਼ ਅਤੇ ਦੁਨੀਆ ’ਚ ਜੋ ਪੈਸ਼ਨ ਅਤੇ ਕਮਿਟਮੈਂਟ ਹੈ, ਉਹ ਉਤਸ਼ਾਹਿਤ ਕਰਨ ਵਾਲਾ ਹੈ। 

 

ਸਾਥੀਓ,

ਤਾਮਿਲਨਾਡੂ ਦੇ ਕੱਲ-ਕੁਰੀਚੀ ਜ਼ਿਲ੍ਹੇ ਵਿੱਚ ਮਹਿਲਾ ਕਿਸਾਨਾਂ ਦਾ ਇਕ ਸਮੂਹ ਪ੍ਰੇਰਣਾ ਸਰੋਤ ਬਣ ਗਿਆ ਹੈ। ਇੱਥੋਂ ਦੇ ‘ਪੇਰੀਆਪਲਯਮ ਮਿਲੇਟ’ ਐੱਫਪੀਸੀ ਨਾਲ ਤਕਰੀਬਨ 800 ਮਹਿਲਾ ਕਿਸਾਨ ਜੁੜੀਆਂ ਹਨ। ਮਿਲੇਟਸ ਦੀ ਵੱਧਦੀ ਹਰਮਨ-ਪਿਆਰਤਾ ਨੂੰ ਵੇਖਦੇ ਹੋਏ ਇਨ੍ਹਾਂ ਮਹਿਲਾਵਾਂ ਨੇ ਮਿਲੇਟ ਪ੍ਰੋਸੈਸਿੰਗ ਯੂਨਿਟ ਦੀ ਸਥਾਪਨਾ ਕੀਤੀ। ਹੁਣ ਉਹ ਮਿਲੇਟਸ ਨਾਲ ਬਣੇ ਉਤਪਾਦਾਂ ਨੂੰ ਸਿੱਧੇ ਬਾਜ਼ਾਰ ਤੱਕ ਪਹੁੰਚਾ ਰਹੀਆਂ ਹਨ। 

 

ਸਾਥੀਓ, 

ਰਾਜਸਥਾਨ ਦੇ ਰਾਮਸਰ ਵਿੱਚ ਵੀ ਕਿਸਾਨ ਸ਼੍ਰੀਅੰਨ ਨੂੰ ਲੈ ਕੇ ਨਵੀਨਤਾਕਾਰੀ ਕਰ ਰਹੇ ਹਨ। ਇੱਥੋਂ ਦੇ ਰਾਮਸਰ ਆਰਗੈਨਿਕ ਫਾਰਮਰ ਪ੍ਰੋਡਿਊਸਰ ਕੰਪਨੀ ਨਾਲ 900 ਤੋਂ ਜ਼ਿਆਦਾ ਕਿਸਾਨ ਜੁੜੇ ਹਨ। ਇਹ ਕਿਸਾਨ ਮੁੱਖ ਰੂਪ ਵਿੱਚ ਬਾਜਰੇ ਦੀ ਖੇਤੀ ਕਰਦੇ ਹਨ। ਇੱਥੇ ਬਾਜਰੇ ਨੂੰ ਪ੍ਰੋਸੈੱਸ ਕਰਕੇ ਰੈਡੀ ਟੂ ਈਟ ਲੱਡੂ ਤਿਆਰ ਕੀਤਾ ਜਾਂਦਾ ਹੈ। ਇਸ ਦੀ ਬਾਜ਼ਾਰ ਵਿੱਚ ਵੱਡੀ ਮੰਗ ਹੈ। ਇੰਨਾ ਹੀ ਨਹੀਂ ਸਾਥੀਓ, ਮੈਨੂੰ ਤਾਂ ਇਹ ਜਾਣ ਕੇ ਖ਼ੁਸ਼ੀ ਹੁੰਦੀ ਹੈ ਕਿ ਅੱਜ-ਕੱਲ੍ਹ ਕਈ ਮੰਦਿਰ ਅਜਿਹੇ ਹਨ, ਜੋ ਆਪਣੇ ਪ੍ਰਸਾਦ ਵਿੱਚ ਸਿਰਫ਼ ਮਿਲੇਟਸ ਦੀ ਵਰਤੋਂ ਕਰਦੇ ਹਨ। ਮੈਂ ਉਨ੍ਹਾਂ ਮੰਦਿਰਾਂ ਦੇ ਸਾਰੇ ਵਿਵਸਥਾਪਕਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ, ਉਨ੍ਹਾਂ ਦੀ ਇਸ ਪਹਿਲ ਲਈ। 

 

ਸਾਥੀਓ, 

ਮਿਲੇਟਸ ਸ਼੍ਰੀਅੰਨ ਤੋਂ ਅੰਨਦਾਤਾਵਾਂ ਦੀ ਕਮਾਈ ਵਧਣ ਦੇ ਨਾਲ ਹੀ ਲੋਕਾਂ ਦੀ ਸਿਹਤ ’ਚ ਸੁਧਾਰ ਦੀ ਗਾਰੰਟੀ ਬਣਦਾ ਜਾ ਰਿਹਾ ਹੈ। ਮਿਲੇਟਸ ਪੋਸ਼ਣ ਨਾਲ ਭਰਪੂਰ ਹੁੰਦੇ ਹਨ, ਸੁਪਰ ਫੂਡ ਹੁੰਦੇ ਹਨ। ਸਾਡੇ ਦੇਸ਼ ’ਚ ਸਰਦੀਆਂ ਦਾ ਮੌਸਮ ਤਾਂ ਖਾਣ-ਪਾਣ ਦੇ ਲਈ ਬਹੁਤ ਚੰਗਾ ਮੰਨਿਆ ਜਾਂਦਾ ਹੈ। ਅਜਿਹੇ ਵੇਲੇ ਇਨ੍ਹਾਂ ਦਿਨਾਂ ’ਚ ਸ਼੍ਰੀਅੰਨ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। 

 

ਮੇਰੇ ਪਿਆਰੇ ਦੇਸ਼-ਵਾਸੀਓ

‘ਮਨ ਕੀ ਬਾਤ’ ’ਚ ਸਾਨੂੰ ਇਕ ਵਾਰ ਫਿਰ ਕਈ ਵੱਖ-ਵੱਖ ਵਿਸ਼ਿਆਂ ’ਤੇ ਚਰਚਾ ਕਰਨ ਦਾ ਮੌਕਾ ਮਿਲਿਆ। ਇਹ ਪ੍ਰੋਗਰਾਮ ਸਾਨੂੰ ਸਾਰਿਆਂ ਨੂੰ ਆਪਣੇ ਦੇਸ਼ ਦੀਆਂ ਉਪਲਬਧੀਆਂ ਨੂੰ ਮਹਿਸੂਸ ਕਰਨ ਅਤੇ ਸੈਲੀਬ੍ਰੇਟ ਕਰਨ ਦਾ ਮੌਕਾ ਦਿੰਦਾ ਹੈ। ਫਰਵਰੀ ’ਚ ਇਕ ਅਜਿਹਾ ਹੋਰ ਮੌਕਾ ਆ ਰਿਹਾ ਹੈ, ਅਗਲੇ ਮਹੀਨੇ ਇੰਡੀਆ ਏ ਆਈ ਇੰਪੈਕਟ ਸਮਿਟ ਹੋਣ ਜਾ ਰਹੀ ਹੈ, ਇਸ ਸਮਿਟ ’ਚ ਦੁਨੀਆ ਭਰ ਤੋ ਖ਼ਾਸਕਰ ਟੈਕਨਾਲੋਜੀ ਦੇ ਖੇਤਰ ਨਾਲ ਜੁੜੇ ਐਕਸਪਰਟ ਭਾਰਤ ਆਉਣਗੇ। ਇਹ ਸੰਮੇਲਨ ਏਆਈ ਦੀ ਦੁਨੀਆ ’ਚ ਭਾਰਤ ਦੀ ਪ੍ਰਗਤੀ ਅਤੇ ਉਪਲਬਧੀਆਂ ਨੂੰ ਵੀ ਸਾਹਮਣੇ ਲਿਆਏਗਾ। ਮੈਂ ਇਸ ਵਿੱਚ ਸ਼ਾਮਲ ਹੋਣ ਵਾਲੇ ਹਰ ਇਕ ਦਾ ਦਿਲੋਂ ਧੰਨਵਾਦ ਕਰਦਾ ਹਾਂ। ਅਗਲੇ ਮਹੀਨੇ ‘ਮਨ ਕੀ ਬਾਤ’ ‘ਚ ਇੰਡੀਆ ਏ ਆਈ ਇੰਪੈਕਟ ਸਮਿਟ ’ਤੇ ਅਸੀਂ ਜ਼ਰੂਰ ਗੱਲ ਕਰਾਂਗੇ। ਦੇਸ਼-ਵਾਸੀਆਂ ਦੀਆਂ ਕੁਝ ਕੁ ਹੋਰ ਉਪਲਬਧੀਆਂ ਦੀ ਵੀ ਚਰਚਾ ਕਰਾਂਗੇ। ਓਦੋਂ ਤੱਕ ਲਈ ਮੈਨੂੰ ‘ਮਨ ਕੀ ਬਾਤ’ ਤੋਂ ਵਿਦਾ ਦਿਓ। ਕੱਲ੍ਹ ਦੇ ਗਣਤੰਤਰ ਦਿਵਸ ਲਈ ਇਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ।

 

ਧੰਨਵਾਦ।

*****

 

ਐੱਮਜੇਪੀਐੱਸ/ਵੀਜੇ/ਵੀਕੇ


(रिलीज़ आईडी: 2218622) आगंतुक पटल : 4
इस विज्ञप्ति को इन भाषाओं में पढ़ें: Gujarati , Telugu , Assamese , Manipuri , English , Urdu , Marathi , हिन्दी , Bengali , Odia , Tamil , Kannada , Malayalam