ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪੱਛਮੀ ਬੰਗਾਲ ਦੇ ਮਾਲਦਾ ਵਿਖੇ ₹3,250 ਕਰੋੜ ਤੋਂ ਵੱਧ ਦੇ ਕਈ ਰੇਲ ਅਤੇ ਸੜਕੀ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ


ਭਾਰਤੀ ਰੇਲਵੇ ਦੇ ਆਧੁਨਿਕੀਕਰਨ ਵੱਲ ਅੱਜ ਇੱਕ ਹੋਰ ਵੱਡਾ ਕਦਮ ਚੁੱਕਿਆ ਗਿਆ ਹੈ, ਭਾਰਤ ਵਿੱਚ ਵੰਦੇ ਭਾਰਤ ਸਲੀਪਰ ਰੇਲਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ: ਪ੍ਰਧਾਨ ਮੰਤਰੀ

ਇਹ ਦੇਸ਼ ਦੀ ਪਹਿਲੀ ਵੰਦੇ ਭਾਰਤ ਸਲੀਪਰ ਰੇਲ ਹੈ, ਜੋ ਮਾਂ ਕਾਲੀ ਦੀ ਭੂਮੀ ਨੂੰ ਮਾਂ ਕਾਮਾਖਿਆ ਦੀ ਭੂਮੀ ਨਾਲ ਜੋੜਦੀ ਹੈ; ਆਉਣ ਵਾਲੇ ਸਮੇਂ ਵਿੱਚ, ਇਹ ਆਧੁਨਿਕ ਰੇਲ ਪੂਰੇ ਦੇਸ਼ ਵਿੱਚ ਫੈਲੇਗੀ; ਮੈਂ ਬੰਗਾਲ, ਅਸਾਮ ਅਤੇ ਪੂਰੇ ਦੇਸ਼ ਨੂੰ ਇਸ ਆਧੁਨਿਕ ਸਲੀਪਰ ਰੇਲ ਲਈ ਵਧਾਈ ਦਿੰਦਾ ਹਾਂ: ਪ੍ਰਧਾਨ ਮੰਤਰੀ

ਬੰਗਾਲ ਨੂੰ ਅੱਜ ਚਾਰ ਹੋਰ ਆਧੁਨਿਕ ਅੰਮ੍ਰਿਤ ਭਾਰਤ ਐਕਸਪ੍ਰੈੱਸ ਰੇਲਾਂ: ਨਿਊ ਜਲਪਾਈਗੁੜੀ - ਨਾਗਰਕੋਇਲ ਅੰਮ੍ਰਿਤ ਭਾਰਤ ਐਕਸਪ੍ਰੈੱਸ, ਨਿਊ ਜਲਪਾਈਗੁੜੀ - ਤਿਰੂਚਿਰੱਪੱਲੀ ਅੰਮ੍ਰਿਤ ਭਾਰਤ ਐਕਸਪ੍ਰੈੱਸ, ਅਲੀਪੁਰਦੁਆਰ - ਬੰਗਲੁਰੂ ਅੰਮ੍ਰਿਤ ਭਾਰਤ ਐਕਸਪ੍ਰੈੱਸ, ਅਲੀਪੁਰਦੁਆਰ - ਮੁੰਬਈ ਅੰਮ੍ਰਿਤ ਭਾਰਤ ਐਕਸਪ੍ਰੈੱਸ ਮਿਲੀਆਂ ਹਨ; ਇਸ ਨਾਲ ਬੰਗਾਲ ਅਤੇ ਖ਼ਾਸ ਕਰਕੇ ਉੱਤਰੀ ਬੰਗਾਲ ਦਾ ਦੱਖਣੀ ਅਤੇ ਪੱਛਮੀ ਭਾਰਤ ਨਾਲ ਸੰਪਰਕ ਹੋਰ ਮਜ਼ਬੂਤ ​​ਹੋਵੇਗਾ: ਪ੍ਰਧਾਨ ਮੰਤਰੀ

प्रविष्टि तिथि: 17 JAN 2026 3:23PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪੱਛਮੀ ਬੰਗਾਲ ਦੇ ਮਾਲਦਾ ਵਿਖੇ ₹3,250 ਕਰੋੜ ਦੇ ਕਈ ਰੇਲ ਅਤੇ ਸੜਕੀ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਇਸਦਾ ਮੰਤਵ ਪੱਛਮੀ ਬੰਗਾਲ ਅਤੇ ਉੱਤਰ-ਪੂਰਬੀ ਖੇਤਰ ਵਿੱਚ ਸੰਪਰਕ ਨੂੰ ਮਜ਼ਬੂਤ ​​ਕਰਨਾ ਅਤੇ ਵਿਕਾਸ ਨੂੰ ਤੇਜ਼ ਕਰਨਾ ਹੈ। ਇਸ ਮੌਕੇ 'ਤੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ ਅੱਜ ਮਾਲਦਾ ਤੋਂ ਪੱਛਮੀ ਬੰਗਾਲ ਦੀ ਤਰੱਕੀ ਨੂੰ ਤੇਜ਼ ਕਰਨ ਦੀ ਮੁਹਿੰਮ ਨੂੰ ਹੋਰ ਗਤੀ ਮਿਲੀ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪੱਛਮੀ ਬੰਗਾਲ ਦੇ ਵਿਕਾਸ ਨਾਲ ਸਬੰਧਤ ਕਈ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ ਹੈ। ਇਹ ਜ਼ਿਕਰ ਕਰਦੇ ਹੋਏ ਕਿ ਇਹ ਪ੍ਰੋਜੈਕਟ ਲੋਕਾਂ ਲਈ ਯਾਤਰਾ ਨੂੰ ਆਸਾਨ ਬਣਾਉਣਗੇ ਅਤੇ ਵਪਾਰ ਅਤੇ ਵਣਜ ਨੂੰ ਵੀ ਸੁਖਾਲ਼ਾ ਬਣਾਉਣਗੇ, ਪ੍ਰਧਾਨ ਮੰਤਰੀ ਨੇ ਕਿਹਾ ਕਿ ਪੱਛਮੀ ਬੰਗਾਲ ਲਈ ਨਵੀਆਂ ਰੇਲ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇੱਥੇ ਸਥਾਪਤ ਨਵੀਆਂ ਰੇਲ ਰੱਖ-ਰਖਾਅ ਸਹੂਲਤਾਂ ਬੰਗਾਲ ਦੇ ਨੌਜਵਾਨਾਂ ਲਈ ਨਵੇਂ ਮੌਕੇ ਪ੍ਰਦਾਨ ਕਰਨਗੀਆਂ।

ਇਸ ਗੱਲ ਨੂੰ ਰੇਖਾਂਕਿਤ ਕਰਦੇ ਹੋਏ ਕਿ ਬੰਗਾਲ ਦੀ ਪਵਿੱਤਰ ਧਰਤੀ ਤੋਂ ਭਾਰਤੀ ਰੇਲਵੇ ਦੇ ਆਧੁਨਿਕੀਕਰਨ ਵੱਲ ਇੱਕ ਹੋਰ ਵੱਡਾ ਕਦਮ ਚੁੱਕਿਆ ਗਿਆ ਹੈ, ਸ਼੍ਰੀ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅੱਜ ਤੋਂ ਭਾਰਤ ਵਿੱਚ ਵੰਦੇ ਭਾਰਤ ਸਲੀਪਰ ਰੇਲਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਨਵੀਂ ਵੰਦੇ ਭਾਰਤ ਸਲੀਪਰ ਰੇਲ ਨਾਗਰਿਕਾਂ ਲਈ ਲੰਬੀ ਯਾਤਰਾ ਨੂੰ ਵਧੇਰੇ ਆਰਾਮਦਾਇਕ ਅਤੇ ਸ਼ਾਨਦਾਰ ਬਣਾਏਗੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵਿਕਸਿਤ ਭਾਰਤ ਵਿੱਚ ਰੇਲਾਂ ਕਿਵੇਂ ਹੋਣੀਆਂ ਚਾਹੀਦੀਆਂ ਹਨ, ਇਸਦਾ ਦ੍ਰਿਸ਼ਟੀਕੋਣ ਇਸ ਵੰਦੇ ਭਾਰਤ ਸਲੀਪਰ ਰੇਲ ਵਿੱਚ ਸਪੱਸ਼ਟ ਤੌਰ 'ਤੇ ਝਲਕਦਾ ਹੈ। ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਮਾਲਦਾ ਸਟੇਸ਼ਨ 'ਤੇ ਕੁਝ ਯਾਤਰੀਆਂ ਨਾਲ ਗੱਲਬਾਤ ਕੀਤੀ ਸੀ ਅਤੇ ਸਾਰਿਆਂ ਨੇ ਦੱਸਿਆ ਕਿ ਇਸ ਰੇਲ ਵਿੱਚ ਯਾਤਰਾ ਕਰਨਾ ਇੱਕ ਅਸਾਧਾਰਨ ਤਜਰਬਾ ਸੀ। ਉਨ੍ਹਾਂ ਯਾਦ ਕੀਤਾ ਕਿ ਪਹਿਲਾਂ ਲੋਕ ਵਿਦੇਸ਼ੀ ਰੇਲਾਂ ਦੀਆਂ ਤਸਵੀਰਾਂ ਦੇਖਦੇ ਸਨ ਅਤੇ ਚਾਹੁੰਦੇ ਸਨ ਕਿ ਅਜਿਹੀਆਂ ਰੇਲਾਂ ਭਾਰਤ ਵਿੱਚ ਹੋਣ ਅਤੇ ਅੱਜ ਉਹ ਸੁਪਨਾ ਪੂਰਾ ਹੋ ਰਿਹਾ ਹੈ। ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਹਾਲ ਹੀ ਦੇ ਦਿਨਾਂ ਵਿੱਚ ਵਿਦੇਸ਼ੀ ਸੈਲਾਨੀ ਇਸ ਗੱਲ ਦੇ ਵੀਡੀਓ ਬਣਾ ਰਹੇ ਹਨ ਕਿ ਭਾਰਤੀ ਰੇਲਵੇ ਵਿੱਚ ਕਿਵੇਂ ਕ੍ਰਾਂਤੀ ਆ ਰਹੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਵੰਦੇ ਭਾਰਤ ਰੇਲ 'ਮੇਡ ਇਨ ਇੰਡੀਆ' ਹੈ, ਜੋ ਭਾਰਤੀਆਂ ਦੀ ਸਖ਼ਤ ਮਿਹਨਤ ਅਤੇ ਸਮਰਪਣ ਨਾਲ ਬਣਾਈ ਗਈ ਹੈ। ਸ਼੍ਰੀ ਮੋਦੀ ਨੇ ਜ਼ਿਕਰ ਕੀਤਾ ਕਿ ਦੇਸ਼ ਦੀ ਪਹਿਲੀ ਵੰਦੇ ਭਾਰਤ ਸਲੀਪਰ ਰੇਲ ਮਾਂ ਕਾਲੀ ਦੀ ਭੂਮੀ ਨੂੰ ਮਾਂ ਕਾਮਾਖਿਆ ਦੀ ਭੂਮੀ ਨਾਲ ਜੋੜ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਆਧੁਨਿਕ ਰੇਲਗੱਡੀ ਪੂਰੇ ਦੇਸ਼ ਵਿੱਚ ਫੈਲੇਗੀ ਅਤੇ ਇਸ ਆਧੁਨਿਕ ਸਲੀਪਰ ਰੇਲਗੱਡੀ ਲਈ ਬੰਗਾਲ, ਅਸਾਮ ਅਤੇ ਪੂਰੇ ਦੇਸ਼ ਨੂੰ ਵਧਾਈ ਦਿੱਤੀ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਟਿੱਪਣੀ ਕੀਤੀ ਕਿ ਭਾਰਤੀ ਰੇਲਵੇ ਇੱਕ ਤਬਦੀਲੀ ਵਿੱਚੋਂ ਲੰਘ ਰਿਹਾ ਹੈ, ਜਿਸ ਵਿੱਚ ਰੇਲਵੇ ਲਾਈਨਾਂ ਦਾ ਬਿਜਲੀਕਰਨ ਅਤੇ ਸਟੇਸ਼ਨਾਂ ਦਾ ਆਧੁਨਿਕੀਕਰਨ ਸ਼ਾਮਲ ਹੈ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅੱਜ, ਪੱਛਮੀ ਬੰਗਾਲ ਸਮੇਤ, ਦੇਸ਼ ਭਰ ਵਿੱਚ 150 ਤੋਂ ਵੱਧ ਵੰਦੇ ਭਾਰਤ ਰੇਲਗੱਡੀਆਂ ਚੱਲ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦੇ ਨਾਲ, ਆਧੁਨਿਕ ਅਤੇ ਹਾਈ-ਸਪੀਡ ਰੇਲਗੱਡੀਆਂ ਦਾ ਇੱਕ ਪੂਰਾ ਨੈੱਟਵਰਕ ਵਿਕਸਿਤ ਕੀਤਾ ਜਾ ਰਿਹਾ ਹੈ, ਜਿਸ ਨਾਲ ਬੰਗਾਲ ਵਿੱਚ ਗਰੀਬ ਅਤੇ ਮੱਧ ਵਰਗ ਦੇ ਪਰਿਵਾਰਾਂ ਨੂੰ ਬਹੁਤ ਲਾਭ ਹੋ ਰਿਹਾ ਹੈ। ਉਨ੍ਹਾਂ ਐਲਾਨ ਕੀਤਾ ਕਿ ਬੰਗਾਲ ਨੂੰ ਚਾਰ ਹੋਰ ਆਧੁਨਿਕ ਅੰਮ੍ਰਿਤ ਭਾਰਤ ਐਕਸਪ੍ਰੈੱਸ ਰੇਲਗੱਡੀਆਂ - ਨਿਊ ਜਲਪਾਈਗੁੜੀ-ਨਾਗਰਕੋਇਲ ਅੰਮ੍ਰਿਤ ਭਾਰਤ ਐਕਸਪ੍ਰੈੱਸ, ਨਿਊ ਜਲਪਾਈਗੁੜੀ-ਤਿਰੂਚਿਰਾਪੱਲੀ ਅੰਮ੍ਰਿਤ ਭਾਰਤ ਐਕਸਪ੍ਰੈੱਸ, ਅਲੀਪੁਰਦੁਆਰ-ਬੈਂਗਲੁਰੂ ਅੰਮ੍ਰਿਤ ਭਾਰਤ ਐਕਸਪ੍ਰੈੱਸ, ਅਤੇ ਅਲੀਪੁਰਦੁਆਰ-ਮੁੰਬਈ ਅੰਮ੍ਰਿਤ ਭਾਰਤ ਐਕਸਪ੍ਰੈੱਸ ਮਿਲੀਆਂ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਰੇਲਗੱਡੀਆਂ ਬੰਗਾਲ, ਖ਼ਾਸ ਕਰਕੇ ਉੱਤਰੀ ਬੰਗਾਲ, ਅਤੇ ਦੱਖਣੀ ਅਤੇ ਪੱਛਮੀ ਭਾਰਤ ਵਿਚਾਲੇ ਸੰਪਰਕ ਨੂੰ ਮਜ਼ਬੂਤ ​​ਕਰਨਗੀਆਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਅੰਮ੍ਰਿਤ ਭਾਰਤ ਐਕਸਪ੍ਰੈੱਸ ਰੇਲਾਂ ਗੰਗਾਸਾਗਰ, ਦਕਸ਼ਨੇਸ਼ਵਰ ਅਤੇ ਕਾਲੀਘਾਟ ਜਾਣ ਵਾਲੇ ਸ਼ਰਧਾਲੂਆਂ ਦੇ ਨਾਲ-ਨਾਲ ਤਾਮਿਲਨਾਡੂ ਅਤੇ ਮਹਾਰਾਸ਼ਟਰ ਦੀ ਯਾਤਰਾ ਕਰਨ ਵਾਲਿਆਂ ਲਈ ਯਾਤਰਾ ਨੂੰ ਸੁਖਾਲ਼ਾ ਬਣਾਉਣਗੀਆਂ।

ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, "ਭਾਰਤੀ ਰੇਲਵੇ ਨਾ ਸਿਰਫ਼ ਆਧੁਨਿਕ ਬਣ ਰਿਹਾ ਹੈ, ਸਗੋਂ ਆਤਮ-ਨਿਰਭਰ ਵੀ ਹੋ ਰਿਹਾ ਹੈ ਅਤੇ ਭਾਰਤ ਦੇ ਰੇਲ ਇੰਜਣ, ਕੋਚ ਅਤੇ ਮੈਟਰੋ ਕੋਚ ਭਾਰਤ ਦੀ ਤਕਨਾਲੋਜੀ ਦੇ ਪ੍ਰਤੀਕ ਵਜੋਂ ਉੱਭਰ ਰਹੇ ਹਨ।" ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਅਮਰੀਕਾ ਅਤੇ ਯੂਰਪ ਨਾਲੋਂ ਜ਼ਿਆਦਾ ਲੋਕੋਮੋਟਿਵ ਬਣਾ ਰਿਹਾ ਹੈ ਅਤੇ ਕਈ ਦੇਸ਼ਾਂ ਨੂੰ ਯਾਤਰੀ ਰੇਲ ਅਤੇ ਮੈਟਰੋ ਰੇਲ ਕੋਚ ਨਿਰਯਾਤ ਕਰ ਰਿਹਾ ਹੈ, ਜਿਸ ਨਾਲ ਦੇਸ਼ ਦੀ ਆਰਥਿਕਤਾ ਨੂੰ ਬਹੁਤ ਲਾਭ ਮਿਲਦਾ ਹੈ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਮਿਲਦੇ ਹਨ। ਸ਼੍ਰੀ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੰਦਿਆਂ ਸਮਾਪਤੀ ਕੀਤੀ ਕਿ ਭਾਰਤ ਨੂੰ ਜੋੜਨਾ ਇੱਕ ਤਰਜੀਹ ਹੈ ਅਤੇ ਦੂਰੀਆਂ ਘਟਾਉਣਾ ਇੱਕ ਮਿਸ਼ਨ ਹੈ, ਜੋ ਕਿ ਅੱਜ ਦੇ ਪ੍ਰੋਗਰਾਮ ਵਿੱਚ ਸਪਸ਼ਟ ਤੌਰ 'ਤੇ ਝਲਕਦਾ ਹੈ।

ਇਸ ਸਮਾਗਮ ਵਿੱਚ ਪੱਛਮੀ ਬੰਗਾਲ ਦੇ ਰਾਜਪਾਲ ਸ਼੍ਰੀ ਸੀ.ਵੀ. ਆਨੰਦ ਬੋਸ, ਕੇਂਦਰੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ, ਸ਼੍ਰੀ ਸ਼ਾਂਤਨੂ ਠਾਕੁਰ, ਸ਼੍ਰੀ ਸੁਕਾਂਤ ਮਜੂਮਦਾਰ ਹੋਰ ਪਤਵੰਤਿਆਂ ਸਮੇਤ ਮੌਜੂਦ ਸਨ।

ਪਿਛੋਕੜ

ਪ੍ਰਧਾਨ ਮੰਤਰੀ ਨੇ ਮਾਲਦਾ ਟਾਊਨ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਹਾਵੜਾ ਅਤੇ ਗੁਹਾਟੀ (ਕਾਮਾਖਿਆ) ਵਿਚਾਲੇ ਭਾਰਤ ਦੀ ਪਹਿਲੀ ਵੰਦੇ ਭਾਰਤ ਸਲੀਪਰ ਰੇਲ ਨੂੰ ਹਰੀ ਝੰਡੀ ਦਿਖਾਈ। ਉਨ੍ਹਾਂ ਨੇ ਗੁਹਾਟੀ (ਕਾਮਾਖਿਆ)-ਹਾਵੜਾ ਵੰਦੇ ਭਾਰਤ ਸਲੀਪਰ ਟ੍ਰੇਨ ਨੂੰ ਵਰਚੁਅਲੀ ਹਰੀ ਝੰਡੀ ਵੀ ਦਿਖਾਈ। ਆਧੁਨਿਕ ਭਾਰਤ ਦੀਆਂ ਵਧਦੀਆਂ ਆਵਾਜਾਈ ਲੋੜਾਂ ਨੂੰ ਪੂਰਾ ਕਰਨ ਲਈ ਤਿਆਰ ਕੀਤੀ ਗਈ, ਪੂਰੀ ਤਰ੍ਹਾਂ ਏਅਰ-ਕੰਡੀਸ਼ਨਡ ਵੰਦੇ ਭਾਰਤ ਸਲੀਪਰ ਰੇਲ ਯਾਤਰੀਆਂ ਨੂੰ ਕਿਫਾਇਤੀ ਕਿਰਾਏ 'ਤੇ ਏਅਰਲਾਈਨ ਵਰਗਾ ਯਾਤਰਾ ਤਜਰਬਾ ਪ੍ਰਦਾਨ ਕਰਨ ਲਈ ਤਿਆਰ ਹੈ। ਇਹ ਲੰਬੀ ਦੂਰੀ ਦੀਆਂ ਯਾਤਰਾਵਾਂ ਨੂੰ ਤੇਜ਼, ਸੁਰੱਖਿਅਤ ਅਤੇ ਵਧੇਰੇ ਸੁਖਾਲ਼ਾ ਬਣਾਏਗੀ। ਹਾਵੜਾ-ਗੁਹਾਟੀ (ਕਾਮਾਖਿਆ) ਰੂਟ 'ਤੇ ਯਾਤਰਾ ਦੇ ਸਮੇਂ ਨੂੰ ਲਗਭਗ 2.5 ਘੰਟੇ ਘਟਾ ਕੇ, ਇਹ ਰੇਲ ਧਾਰਮਿਕ ਯਾਤਰਾ ਅਤੇ ਸੈਰ-ਸਪਾਟੇ ਨੂੰ ਵੀ ਵੱਡਾ ਹੁਲਾਰਾ ਦੇਵੇਗੀ।

ਪ੍ਰਧਾਨ ਮੰਤਰੀ ਨੇ ਪੱਛਮੀ ਬੰਗਾਲ ਵਿੱਚ ਚਾਰ ਵੱਡੇ ਰੇਲਵੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ, ਜਿਨ੍ਹਾਂ ਵਿੱਚ ਬਾਲੁਰਘਾਟ ਅਤੇ ਹਿਲੀ ਦਰਮਿਆਨ ਨਵੀਂ ਰੇਲ ਲਾਈਨ, ਨਿਊ ਜਲਪਾਈਗੁੜੀ ਵਿੱਚ ਅਗਲੀ ਪੀੜ੍ਹੀ ਦੀਆਂ ਮਾਲ ਰੱਖ-ਰਖਾਅ ਸਹੂਲਤਾਂ, ਸਿਲੀਗੁੜੀ ਲੋਕੋ ਸ਼ੈੱਡ ਦਾ ਅਪਗ੍ਰੇਡੇਸ਼ਨ ਅਤੇ ਜਲਪਾਈਗੁੜੀ ਜ਼ਿਲ੍ਹੇ ਵਿੱਚ ਵੰਦੇ ਭਾਰਤ ਰੇਲ ਰੱਖ-ਰਖਾਅ ਸਹੂਲਤਾਂ ਦਾ ਆਧੁਨਿਕੀਕਰਨ ਸ਼ਾਮਲ ਹੈ। ਇਹ ਪ੍ਰੋਜੈਕਟ ਯਾਤਰੀ ਅਤੇ ਮਾਲ ਢੋਆ-ਢੁਆਈ ਦੇ ਸੰਚਾਲਨ ਨੂੰ ਮਜ਼ਬੂਤ ​​ਬਣਾਉਣਗੇ, ਉੱਤਰੀ ਬੰਗਾਲ ਵਿੱਚ ਲੌਜਿਸਟਿਕਸ ਕੁਸ਼ਲਤਾ ਵਿੱਚ ਸੁਧਾਰ ਕਰਨਗੇ ਅਤੇ ਖੇਤਰ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਕਰਨਗੇ।

ਪ੍ਰਧਾਨ ਮੰਤਰੀ ਨੇ ਨਿਊ ਕੂਚਬਿਹਾਰ-ਬਾਮਨਹਾਟ ਅਤੇ ਨਿਊ ਕੂਚਬਿਹਾਰ-ਬਾਕਸੀਰਹਾਟ ਵਿਚਾਲੇ ਰੇਲ ਲਾਈਨਾਂ ਦੇ ਬਿਜਲੀਕਰਨ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ, ਜਿਸ ਨਾਲ ਤੇਜ਼, ਸਵੱਛ ਅਤੇ ਵਧੇਰੇ ਊਰਜਾ-ਕੁਸ਼ਲ ਰੇਲ ਸੰਚਾਲਨ ਨੂੰ ਸਮਰੱਥ ਬਣਾਇਆ ਜਾ ਸਕੇਗਾ।

ਪ੍ਰਧਾਨ ਮੰਤਰੀ ਨੇ 4 ਨਵੀਆਂ ਅੰਮ੍ਰਿਤ ਭਾਰਤ ਐਕਸਪ੍ਰੈੱਸ ਰੇਲਾਂ- ਨਿਊ ਜਲਪਾਈਗੁੜੀ-ਨਾਗਰਕੋਇਲ ਅੰਮ੍ਰਿਤ ਭਾਰਤ ਐਕਸਪ੍ਰੈੱਸ; ਨਿਊ ਜਲਪਾਈਗੁੜੀ-ਤਿਰੂਚਿਰਾਪੱਲੀ ਅੰਮ੍ਰਿਤ ਭਾਰਤ ਐਕਸਪ੍ਰੈੱਸ; ਅਲੀਪੁਰਦੁਆਰ - ਐੱਸਐੱਮਵੀਟੀ ਬੰਗਲੁਰੂ ਅੰਮ੍ਰਿਤ ਭਾਰਤ ਐਕਸਪ੍ਰੈੱਸ; ਅਲੀਪੁਰਦੁਆਰ - ਮੁੰਬਈ (ਪਨਵੇਲ) ਅੰਮ੍ਰਿਤ ਭਾਰਤ ਐਕਸਪ੍ਰੈੱਸ ਨੂੰ ਵਰਚੁਅਲੀ ਹਰੀ ਝੰਡੀ ਦਿਖਾਈ। ਇਸ ਨਾਲ ਕਿਫਾਇਤੀ ਅਤੇ ਭਰੋਸੇਮੰਦ ਲੰਬੀ ਦੂਰੀ ਦੀ ਰੇਲ ਕਨੈਕਟੀਵਿਟੀ ਵਧੇਗੀ। ਇਹ ਸੇਵਾਵਾਂ ਆਮ ਨਾਗਰਿਕਾਂ, ਵਿਦਿਆਰਥੀਆਂ, ਪ੍ਰਵਾਸੀ ਕਾਮਿਆਂ ਅਤੇ ਵਪਾਰੀਆਂ ਦੀਆਂ ਗਤੀਸ਼ੀਲਤਾ ਲੋੜਾਂ ਨੂੰ ਪੂਰਾ ਕਰਨਗੀਆਂ, ਜਦਕਿ ਅੰਤਰ-ਰਾਜੀ ਆਰਥਿਕ ਅਤੇ ਸਮਾਜਿਕ ਸਬੰਧਾਂ ਨੂੰ ਮਜ਼ਬੂਤ ​​ਬਣਾਉਣਗੀਆਂ।

ਪ੍ਰਧਾਨ ਮੰਤਰੀ ਨੇ ਐੱਲਐੱਚਬੀ ਕੋਚਾਂ ਨਾਲ ਲੈਸ ਦੋ ਨਵੀਆਂ ਰੇਲ ਸੇਵਾਵਾਂ - ਰਾਧਿਕਾਪੁਰ - ਐੱਸਐੱਮਵੀਟੀ ਬੰਗਲੁਰੂ ਐਕਸਪ੍ਰੈੱਸ; ਬਾਲੁਰਘਾਟ - ਐੱਸਐੱਮਵੀਟੀ ਬੰਗਲੁਰੂ ਐਕਸਪ੍ਰੈੱਸ ਨੂੰ ਵੀ ਹਰੀ ਝੰਡੀ ਦਿਖਾਈ। ਇਹ ਰੇਲਾਂ ਖੇਤਰ ਦੇ ਨੌਜਵਾਨਾਂ, ਵਿਦਿਆਰਥੀਆਂ ਅਤੇ ਆਈਟੀ ਪੇਸ਼ੇਵਰਾਂ ਨੂੰ ਬੈਂਗਲੁਰੂ ਵਰਗੇ ਪ੍ਰਮੁੱਖ ਆਈਟੀ ਅਤੇ ਰੁਜ਼ਗਾਰ ਕੇਂਦਰਾਂ ਨਾਲ ਸਿੱਧੀ, ਸੁਰੱਖਿਅਤ ਅਤੇ ਆਰਾਮਦਾਇਕ ਯਾਤਰਾ ਕਨੈਕਟੀਵਿਟੀ ਪ੍ਰਦਾਨ ਕਰਨਗੀਆਂ।

ਪ੍ਰਧਾਨ ਮੰਤਰੀ ਨੇ ਰਾਸ਼ਟਰੀ ਰਾਜਮਾਰਗ-31ਡੀ ਦੇ ਧੂਪਗੁੜੀ-ਫਲਕਾਟਾ ਭਾਗ ਦੇ ਮੁੜ ਨਿਰਮਾਣ ਅਤੇ ਚਾਰ-ਮਾਰਗੀਕਰਨ ਲਈ ਨੀਂਹ ਪੱਥਰ ਰੱਖਿਆ, ਇਹ ਇੱਕ ਮੁੱਖ ਸੜਕ ਪ੍ਰੋਜੈਕਟ ਹੈ ਜੋ ਖੇਤਰੀ ਸੜਕ ਸੰਪਰਕ ਨੂੰ ਬਿਹਤਰ ਬਣਾਏਗਾ ਅਤੇ ਉੱਤਰੀ ਬੰਗਾਲ ਵਿੱਚ ਯਾਤਰੀਆਂ ਅਤੇ ਮਾਲ ਦੀ ਸੁਚਾਰੂ ਆਵਾਜਾਈ ਨੂੰ ਸੁਖਾਲ਼ਾ ਬਣਾਏਗਾ।

ਇਹ ਪ੍ਰੋਜੈਕਟ ਆਧੁਨਿਕ ਬੁਨਿਆਦੀ ਢਾਂਚੇ ਦੀ ਸਿਰਜਣਾ ਅਤੇ ਬਿਹਤਰ ਸੰਪਰਕ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ, ਜੋ ਪੂਰਬੀ ਅਤੇ ਉੱਤਰ-ਪੂਰਬੀ ਖੇਤਰਾਂ ਨੂੰ ਰਾਸ਼ਟਰ ਦੇ ਮੁੱਖ ਵਿਕਾਸ ਇੰਜਣਾਂ ਵਜੋਂ ਮਜ਼ਬੂਤ ​​ਕਰਨਗੇ।

****

ਐੱਮਜੇਪੀਐੱਸ/ਐੱਸਆਰ


(रिलीज़ आईडी: 2215930) आगंतुक पटल : 3
इस विज्ञप्ति को इन भाषाओं में पढ़ें: English , Urdu , Marathi , हिन्दी , Manipuri , Bengali , Assamese , Gujarati , Odia , Tamil , Telugu , Kannada , Malayalam