ਪ੍ਰਧਾਨ ਮੰਤਰੀ ਦਫਤਰ
ਅਹਿਮਦਾਬਾਦ ਵਿੱਚ ਭਾਰਤ-ਜਰਮਨੀ ਸੀਈਓ ਫੋਰਮ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
प्रविष्टि तिथि:
12 JAN 2026 9:17PM by PIB Chandigarh
ਮਾਣਯੋਗ,
ਚਾਂਸਲਰ ਮਰਜ਼, ਦੋਵਾਂ ਦੇਸ਼ਾਂ ਦੇ ਬਿਜ਼ਨਸ ਲੀਡਰਜ਼, ਨਮਸਕਾਰ।
ਭਾਰਤ-ਜਰਮਨੀ ਸੀਈਓ ਫੋਰਮ ਵਿੱਚ ਸ਼ਾਮਲ ਹੋ ਕੇ ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ। ਇਸ ਫੋਰਮ ਦੀ ਬੈਠਕ ਬਹੁਤ ਹੀ ਮਹੱਤਵਪੂਰਨ ਸਮੇਂ 'ਤੇ ਹੋ ਰਹੀ ਹੈ, ਜਦੋਂ ਅਸੀਂ ਭਾਰਤ-ਜਰਮਨੀ ਰਿਸ਼ਤਿਆਂ ਦੀ ਪਲੈਟੀਨਮ ਜੁਬਲੀ ਅਤੇ ਭਾਰਤ-ਜਰਮਨੀ ਰਣਨੀਤਕ ਭਾਈਵਾਲੀ ਦੀ ਸਿਲਵਰ ਜੁਬਲੀ ਮਨਾ ਰਹੇ ਹਾਂ। ਭਾਵ, ਸਾਡੇ ਰਿਸ਼ਤਿਆਂ ਵਿੱਚ ਪਲੈਟੀਨਮ ਵਰਗੀ ਸਥਿਰਤਾ (ਪੱਕਾਪਣ) ਅਤੇ ਚਾਂਦੀ ਵਰਗੀ ਚਮਕ ਵੀ ਹੈ।
ਦੋਸਤੋ,
ਭਾਰਤ ਅਤੇ ਜਰਮਨੀ ਦੀ ਭਾਈਵਾਲੀ ਇੱਕ ਸਹਿਜ ਭਾਈਵਾਲੀ ਹੈ, ਜਿਸ ਦੀ ਨੀਂਹ ਸਾਂਝੀਆਂ ਕਦਰਾਂ-ਕੀਮਤਾਂ ਅਤੇ ਆਪਸੀ ਭਰੋਸੇ 'ਤੇ ਟਿਕੀ ਹੈ। ਹਰ ਖੇਤਰ ਵਿੱਚ ਸਾਡੇ ਵਿਚਕਾਰ ਆਪਸੀ ਲਾਭ ਵਾਲੇ ਮੌਕੇ ਹਨ। ਸਾਡੀਆਂ ਐੱਮਐੱਸਐੱਮਈਜ਼ ਅਤੇ ਜਰਮਨੀ ਦੀਆਂ 'ਮਿਟਲਸਟੈਂਡ' ਵਿਚਕਾਰ ਜਾਰੀ ਨਿਰਮਾਣ ਸਹਿਯੋਗ, ਆਈਟੀ ਅਤੇ ਸੇਵਾ ਖੇਤਰ ਵਿੱਚ ਤੇਜ਼ੀ ਨਾਲ ਵਧਦਾ ਸਹਿਯੋਗ, ਆਟੋਮੋਟਿਵ, ਊਰਜਾ, ਮਸ਼ੀਨਰੀ ਅਤੇ ਰਸਾਇਣ ਖੇਤਰਾਂ ਵਿੱਚ ਸਾਂਝੇ ਉੱਦਮ ਅਤੇ ਖੋਜ ਸਹਿਯੋਗ ਨਾਲ ਉੱਭਰਦੀ ਨਵੀਂ ਤਕਨਾਲੋਜੀ। ਅਤੇ ਇਨ੍ਹਾਂ ਮਜ਼ਬੂਤ ਸੰਪਰਕਾਂ ਦਾ ਸਿੱਧਾ ਲਾਭ ਸਾਡੇ ਵਪਾਰ ਨੂੰ ਮਿਲਿਆ ਹੈ, ਜੋ ਅੱਜ ਲਗਭਗ 50 ਬਿਲੀਅਨ ਡਾਲਰ ਦੇ ਅੰਕੜੇ ਨੂੰ ਪਾਰ ਕਰ ਚੁੱਕਾ ਹੈ।
ਦੋਸਤੋ,
ਦੁਨੀਆ ਤੇਜ਼ੀ ਨਾਲ ਬਦਲ ਰਹੀ ਹੈ, ਅਸੀਂ ਦੇਖ ਰਹੇ ਹਾਂ ਕਿ ਕਿਵੇਂ ਅਹਿਮ ਤਕਨਾਲੋਜੀਆਂ ਅਤੇ ਪੂੰਜੀਗਤ ਮਸ਼ੀਨਰੀ 'ਤੇ ਨਿਰਭਰਤਾ ਨੂੰ ਅੱਜ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ। ਅੱਜ ਸਵਾਮੀ ਵਿਵੇਕਾਨੰਦ ਜੀ ਦੀ ਜਯੰਤੀ ਦੇ ਪਵਿੱਤਰ ਮੌਕੇ 'ਤੇ ਸਾਨੂੰ ਉਨ੍ਹਾਂ ਦੇ ਵਿਚਾਰਾਂ ਅਤੇ ਸੰਦੇਸ਼ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਉਨ੍ਹਾਂ ਦਾ ਸੰਦੇਸ਼ ਸਪਸ਼ਟ ਸੀ ਕਿ ਇੱਕ ਮਜ਼ਬੂਤ ਰਾਸ਼ਟਰ ਉਹੀ ਹੁੰਦਾ ਹੈ, ਜੋ ਆਤਮ-ਬਲ, ਆਤਮ-ਨਿਰਭਰਤਾ ਅਤੇ ਜ਼ਿੰਮੇਵਾਰੀ ਨਾਲ ਦੁਨੀਆ ਨਾਲ ਜੁੜਦਾ ਹੈ। ਅੱਜ ਦੇ ਵਿਸ਼ਵਵਿਆਪੀ ਸੰਦਰਭ ਵਿੱਚ ਇਹ ਸੰਦੇਸ਼ ਹੋਰ ਵੀ ਪ੍ਰਾਸੰਗਿਕ ਹੈ। ਇਸੇ ਸੋਚ ਦੇ ਮੁਤਾਬਕ ਸਾਡੀ ਸਾਂਝੀ ਜ਼ਿੰਮੇਵਾਰੀ ਹੈ ਕਿ ਅਸੀਂ ਦੁਨੀਆ ਲਈ ਭਰੋਸੇਯੋਗ ਅਤੇ ਲਚਕੀਲੀ ਸਪਲਾਈ ਚੇਨ ਨੂੰ ਮਜ਼ਬੂਤ ਕਰੀਏ, ਅਤੇ ਇਸ ਕੋਸ਼ਿਸ਼ ਵਿੱਚ ਭਾਰਤ ਅਤੇ ਜਰਮਨੀ ਵਰਗੇ ਭਰੋਸੇਮੰਦ ਭਾਈਵਾਲਾਂ ਦੀ ਸਾਂਝ ਨਿਰਣਾਇਕ ਭੂਮਿਕਾ ਨਿਭਾਉਂਦੀ ਹੈ।
ਦੋਸਤੋ,
ਆਪਣੀ ਪਹਿਲੀ ਏਸ਼ੀਆ ਯਾਤਰਾ ਲਈ ਚਾਂਸਲਰ ਮਰਜ਼ ਨੇ ਭਾਰਤ ਨੂੰ ਚੁਣਿਆ। ਇਹ ਜਰਮਨੀ ਦੀ ਵਿਭਿੰਨਤਾ ਰਣਨੀਤੀ ਵਿੱਚ ਭਾਰਤ ਦੀ ਕੇਂਦਰੀ ਭੂਮਿਕਾ ਨੂੰ ਦਰਸਾਉਂਦਾ ਹੈ ਅਤੇ ਇਹ ਭਾਰਤ ਪ੍ਰਤੀ ਜਰਮਨੀ ਦੇ ਭਰੋਸੇ ਦਾ ਸਾਫ਼ ਸੰਕੇਤ ਹੈ। ਇਸੇ ਭਰੋਸੇ ਦੇ ਮੁਤਾਬਕ ਅੱਜ ਅਸੀਂ ਕਈ ਮਹੱਤਵਪੂਰਨ ਫੈਸਲੇ ਲਏ ਹਨ। ਸਭ ਤੋਂ ਪਹਿਲਾਂ ਅਸੀਂ ਤੈਅ ਕੀਤਾ ਹੈ ਕਿ ਇਸ ਸਹਿਜ ਆਰਥਿਕ ਭਾਈਵਾਲੀ ਨੂੰ ਅਸੀਮਤ ਬਣਾਇਆ ਜਾਵੇ। ਭਾਵ, ਰਵਾਇਤੀ ਆਰਥਿਕ ਖੇਤਰਾਂ ਦੇ ਨਾਲ-ਨਾਲ ਹੁਣ ਰਣਨੀਤਕ ਖੇਤਰਾਂ ਵਿੱਚ ਵੀ ਡੂੰਘਾ ਸਹਿਯੋਗ ਹੋਵੇਗਾ। ਰੱਖਿਆ ਖੇਤਰ ਵਿੱਚ ਅੱਜ ਅਸੀਂ ਸਾਂਝੇ ਇਰਾਦੇ ਦੇ ਐਲਾਨਨਾਮੇ ਦਾ ਆਦਾਨ-ਪ੍ਰਦਾਨ ਕਰ ਰਹੇ ਹਾਂ। ਇਸ ਨਾਲ ਰੱਖਿਆ ਵਿੱਚ ਸਹਿ-ਨਵੀਨਤਾ ਅਤੇ ਸਹਿ-ਉਤਪਾਦਨ ਲਈ ਸਾਡੀਆਂ ਕੰਪਨੀਆਂ ਨੂੰ ਸਪੱਸ਼ਟ ਨੀਤੀਗਤ ਸਹਿਯੋਗ ਮਿਲੇਗਾ। ਪੁਲਾੜ ਖੇਤਰ ਵਿੱਚ ਵੀ ਹੁਣ ਸਹਿਯੋਗ ਦੇ ਨਵੇਂ ਮੌਕੇ ਖੁੱਲ੍ਹਣਗੇ।
ਦੂਜਾ, ਅਸੀਂ ਇਸ ਗੱਲ 'ਤੇ ਵੀ ਸਹਿਮਤ ਹਾਂ ਕਿ ਭਰੋਸੇਯੋਗ ਭਾਈਵਾਲੀ ਨੂੰ ਹੁਣ ਤਕਨਾਲੋਜੀ ਭਾਈਵਾਲੀ ਦਾ ਰੂਪ ਦਿੱਤਾ ਜਾਵੇ। ਦੁਨੀਆ ਦੀਆਂ ਦੋ ਵੱਡੀਆਂ ਲੋਕਤੰਤਰੀ ਅਰਥ-ਵਿਵਸਥਾਵਾਂ ਅਹਿਮ ਅਤੇ ਉੱਭਰਦੀਆਂ ਤਕਨਾਲੋਜੀਆਂ ਵਿੱਚ ਸਹਿਯੋਗ ਹੋਰ ਗੂੜ੍ਹਾ ਕਰਨਗੀਆਂ। ਸੈਮੀਕੰਡਕਟਰਾਂ ਵਿੱਚ ਅਸੀਂ ਆਪਸੀ ਭਾਈਵਾਲ ਹਾਂ। ਇਸ ਦੇ ਨਾਲ ਪਾਵਰ ਇਲੈਕਟ੍ਰੋਨਿਕਸ, ਬਾਇਓਟੈਕ, ਫਿਨਟੈਕ, ਫਾਰਮਾ, ਕੁਆਂਟਮ ਅਤੇ ਸਾਈਬਰ, ਅਜਿਹੇ ਖੇਤਰਾਂ ਵਿੱਚ ਵੀ ਅਥਾਹ ਸੰਭਾਵਨਾਵਾਂ ਹਨ।
ਤੀਜਾ, ਸਾਨੂੰ ਸਾਰਿਆਂ ਨੂੰ ਇਸ ਗੱਲ 'ਤੇ ਪੂਰੀ ਸਪਸ਼ਟਤਾ ਹੈ ਕਿ ਭਾਰਤ-ਜਰਮਨੀ ਭਾਈਵਾਲੀ ਨਾ ਸਿਰਫ਼ ਆਪਸੀ ਲਾਭਕਾਰੀ ਹੈ, ਸਗੋਂ ਇਹ ਦੁਨੀਆ ਲਈ ਵੀ ਬਿਹਤਰ ਹੈ। ਭਾਰਤ ਗ੍ਰੀਨ ਹਾਈਡ੍ਰੋਜਨ, ਸੋਲਰ, ਵਿੰਡ ਅਤੇ ਬਾਇਓਫਿਊਲ ਵਿੱਚ ਵਿਸ਼ਵ ਆਗੂ ਬਣਨ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ। ਇਸ ਵਿੱਚ ਜਰਮਨ ਕੰਪਨੀਆਂ ਲਈ ਸੋਲਰ ਸੈੱਲ, ਇਲੈਕਟ੍ਰੋਲਾਈਜ਼ਰ, ਬੈਟਰੀਆਂ ਅਤੇ ਵਿੰਡ ਟਰਬਾਈਨਾਂ ਵਰਗੇ ਖੇਤਰ ਵਿੱਚ ਨਿਰਮਾਣ ਦੇ ਬਹੁਤ ਸਾਰੇ ਮੌਕੇ ਹਨ। ਅਸੀਂ ਮਿਲ ਕੇ ਈ-ਮੋਬਿਲਿਟੀ ਤੋਂ ਲੈ ਕੇ ਭੋਜਨ ਅਤੇ ਸਿਹਤ ਸੁਰੱਖਿਆ ਤੱਕ ਦੁਨੀਆ ਲਈ ਹੱਲ ਵਿਕਸਤ ਕਰ ਸਕਦੇ ਹਾਂ। ਏਆਈ ਨੂੰ ਲੈ ਕੇ ਭਾਰਤ ਦਾ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲਾ ਵਿਜ਼ਨ ਹੈ, ਜਦੋਂ ਜਰਮਨੀ ਦਾ ਏਆਈ ਈਕੋਸਿਸਟਮ ਇਸ ਨਾਲ ਜੁੜਦਾ ਹੈ, ਤਾਂ ਅਸੀਂ ਇੱਕ ਮਨੁੱਖੀ-ਕੇਂਦਰਿਤ ਡਿਜੀਟਲ ਭਵਿੱਖ ਯਕੀਨੀ ਬਣਾ ਸਕਦੇ ਹਾਂ।
ਦੋਸਤੋ,
ਭਾਰਤ ਦਾ ਪ੍ਰਤਿਭਾ ਭੰਡਾਰ ਜਰਮਨ ਸਨਅਤ ਦੀ ਨਵੀਨਤਾ ਅਤੇ ਉਤਪਾਦਕਤਾ ਨੂੰ ਅੱਗੇ ਵਧਾਉਣ ਦੇ ਸਮਰੱਥ ਹੈ। ਪਿਛਲੇ ਕੁਝ ਸਾਲਾਂ ਵਿੱਚ ਖਾਸ ਕਰਕੇ ਹਾਈਟੈਕ ਖੇਤਰ ਵਿੱਚ ਹੁਨਰ ਗਤੀਸ਼ੀਲਤਾ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਅਸੀਂ ਜਰਮਨ ਕੰਪਨੀਆਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਭਾਰਤ ਦੀ ਇਸ ਪ੍ਰਤਿਭਾ ਦੀ ਪੂਰੀ ਵਰਤੋਂ ਕਰਨ ਅਤੇ ਹੁਨਰ, ਨਵੀਨਤਾ ਅਤੇ ਸਨਅਤੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ।
ਦੋਸਤੋ,
ਅੱਜ ਦੇ ਇਸ ਚੁਣੌਤੀਪੂਰਨ ਵਿਸ਼ਵ-ਵਿਆਪੀ ਮਾਹੌਲ ਵਿੱਚ ਭਾਰਤ 8% ਤੋਂ ਵੱਧ ਵਿਕਾਸ ਦਰ ਨਾਲ ਅੱਗੇ ਵਧ ਰਿਹਾ ਹੈ। ਇਸ ਦੇ ਪਿੱਛੇ ਕੋਈ ਇੱਕ ਵਜ੍ਹਾ ਨਹੀਂ ਹੈ, ਸਗੋਂ ਲਗਾਤਾਰ ਅਤੇ ਵਿਆਪਕ ਸੁਧਾਰ ਹਨ। ਹਰ ਖੇਤਰ ਵਿੱਚ ਨਿੱਜੀ ਖੇਤਰ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ, ਭਾਵੇਂ ਉਹ ਰੱਖਿਆ ਹੋਵੇ ਜਾਂ ਪੁਲਾੜ, ਖਣਨ ਹੋਵੇ ਜਾਂ ਪ੍ਰਮਾਣੂ ਊਰਜਾ, ਰਸਮੀ ਕਾਰਵਾਈਆਂ ਲਗਾਤਾਰ ਘੱਟ ਹੋ ਰਹੀਆਂ ਹਨ, ਕਾਰੋਬਾਰ ਕਰਨ ਦੀ ਸੌਖ ਵਧ ਰਹੀ ਹੈ। ਇਨ੍ਹਾਂ ਕੋਸ਼ਿਸ਼ਾਂ ਨੇ ਭਾਰਤ ਨੂੰ ਅੱਜ ਦੁਨੀਆ ਲਈ ਵਿਕਾਸ ਅਤੇ ਆਸ਼ਾਵਾਦ ਦਾ ਪ੍ਰਤੀਕ ਬਣਾ ਦਿੱਤਾ ਹੈ। ਭਾਰਤ-ਯੂਰਪੀ ਸੰਘ ਮੁਕਤ ਵਪਾਰ ਸਮਝੌਤਾ ਵੀ ਜਲਦ ਸਾਕਾਰ ਹੋਣ ਜਾ ਰਿਹਾ ਹੈ। ਇਹ ਸਾਡੇ ਵਪਾਰ, ਨਿਵੇਸ਼ ਅਤੇ ਭਾਈਵਾਲੀ ਲਈ ਇੱਕ ਨਵਾਂ ਅਧਿਆਇ ਖੋਲ੍ਹਣ ਵਾਲਾ ਹੈ। ਭਾਵ, ਤੁਹਾਡੇ ਲਈ ਰਸਤਾ ਸਾਫ਼ ਹੈ। ਮੈਂ ਜਰਮਨ ਸਟੀਕਤਾ ਅਤੇ ਨਵੀਨਤਾ ਨੂੰ ਭਾਰਤ ਦੇ ਪੈਮਾਨੇ ਅਤੇ ਰਫ਼ਤਾਰ ਨਾਲ ਜੁੜਨ ਦਾ ਸੱਦਾ ਦਿੰਦਾ ਹਾਂ। ਤੁਸੀਂ ਭਾਰਤ ਵਿੱਚ ਨਿਰਮਾਣ ਕਰ ਸਕਦੇ ਹੋ, ਘਰੇਲੂ ਮੰਗ ਦਾ ਪੂਰਾ ਲਾਭ ਲੈ ਸਕਦੇ ਹੋ ਅਤੇ ਬਿਨਾਂ ਕਿਸੇ ਰੁਕਾਵਟ ਦੇ ਨਿਰਯਾਤ ਵੀ ਕਰ ਸਕਦੇ ਹੋ।
ਦੋਸਤੋ,
ਸਰਕਾਰ ਵੱਲੋਂ ਮੈਂ ਤੁਹਾਨੂੰ ਇਹ ਭਰੋਸਾ ਦਿਵਾਉਂਦਾ ਹਾਂ ਕਿ ਭਾਰਤ, ਜਰਮਨੀ ਨਾਲ ਸਹਿਯੋਗ ਨੂੰ ਸਥਿਰ ਨੀਤੀਆਂ, ਆਪਸੀ ਭਰੋਸੇ ਅਤੇ ਲੰਬੇ ਸਮੇਂ ਦੇ ਵਿਜ਼ਨ ਨਾਲ ਅੱਗੇ ਵਧਾਏਗਾ। ਮੇਰਾ ਸੰਦੇਸ਼ ਸੰਖੇਪ ਵਿੱਚ ਇਹੀ ਹੈ, ਭਾਰਤ ਤਿਆਰ ਹੈ, ਇੱਛੁਕ ਹੈ ਅਤੇ ਸਮਰੱਥ ਹੈ। ਆਓ ਅਸੀਂ ਮਿਲ ਕੇ ਨਵੀਨਤਾ ਕਰੀਏ, ਨਿਵੇਸ਼ ਕਰੀਏ ਅਤੇ ਵਿਕਾਸ ਕਰੀਏ। ਨਾ ਸਿਰਫ਼ ਭਾਰਤ ਅਤੇ ਜਰਮਨੀ ਲਈ, ਸਗੋਂ ਵਿਸ਼ਵ-ਵਿਆਪੀ ਭਵਿੱਖ ਲਈ ਟਿਕਾਊ ਹੱਲ ਤਿਆਰ ਕਰੀਏ।
ਡਾਂਕੇ ਸ਼ੋਨ।
ਬਹੁਤ-ਬਹੁਤ ਧੰਨਵਾਦ।
*********
ਐੱਮਜੇਪੀਐੱਸ/ਐੱਸਟੀ
(रिलीज़ आईडी: 2214596)
आगंतुक पटल : 3