ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪੀਐੱਮ ਨੇ ਪ੍ਰਗਤੀ ਦੀ 50ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ


ਪਿਛਲੇ ਦਹਾਕੇ ਵਿੱਚ, ਪ੍ਰਗਤੀ ਦੀ ਅਗਵਾਈ ਵਾਲੇ ਈਕੋਸਿਸਟਮ ਨੇ 85 ਲੱਖ ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਪੂਰਾ ਕਰਨ ਵਿੱਚ ਮਦਦ ਕੀਤੀ:ਪ੍ਰਧਾਨ ਮੰਤਰੀ

ਪ੍ਰਗਤੀ ਦੇ ਅਗਲੇ ਪੜਾਅ ਲਈ ਪ੍ਰਧਾਨ ਮੰਤਰੀ ਦਾ ਮੰਤਰ: ਸਰਲ ਬਣਾਉਣ ਲਈ ਸੁਧਾਰ ਕਰੋ, ਸੰਪੂਰਨਤਾ ਲਈ ਕੰਮ ਕਰੋ, ਪ੍ਰਭਾਵ ਪਾਉਣ ਲਈ ਬਦਲਾਅ ਕਰੋ

ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਗਤੀ, ਸੁਧਾਰਾਂ ਦੀ ਗਤੀ ਨੂੰ ਬਣਾਈ ਰੱਖਣਾ ਅਤੇ ਨਤੀਜਿਆਂ ਨੂੰ ਯਕੀਨੀ ਬਣਾਉਣਾ ਜ਼ਰੂਰੀ ਹੈ

ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰੀ ਹਿੱਤ ਵਿੱਚ ਲੰਬੇ ਸਮੇਂ ਤੋਂ ਲਟਕ ਰਹੇ ਪ੍ਰੋਜੈਕਟ ਪੂਰੇ ਕੀਤੇ ਗਏ ਹਨ

ਪ੍ਰਗਤੀ ਸਹਿਕਾਰੀ ਸੰਘਵਾਦ ਦੀ ਉਦਾਹਰਣ ਦਿੰਦੀ ਹੈ ਅਤੇ ਸਾਈਲੋ-ਅਧਾਰਤ ਕਾਰਜਸ਼ੀਲਤਾ ਨੂੰ ਤੋੜਦੀ ਹੈ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਨੇ ਸੂਬਿਆਂ ਨੂੰ ਖ਼ਾਸ ਕਰਕੇ ਸੋਸ਼ਲ ਸੈਕਟਰ ਲਈ ਮੁੱਖ ਸਕੱਤਰ ਪੱਧਰ ’ਤੇ ਪ੍ਰਗਤੀ ਵਰਗੀਆਂ ਵਿਧੀਆਂ ਨੂੰ ਸੰਸਥਾਗਤ ਬਣਾਉਣ ਲਈ ਉਤਸ਼ਾਹਿਤ ਕੀਤਾ

50ਵੀਂ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨੇ ਪੰਜ ਸੂਬਿਆਂ ਵਿੱਚ ਫੈਲੇ ਪੰਜ ਮਹੱਤਵਪੂਰਨ ਬੁਨਿਆਦੀ ਢਾਂਚਿਆਂ ਦੇ ਪ੍ਰੋਜੈਕਟਾਂ ਦਾ ਜਾਇਜ਼ਾ ਲਿਆ, ਜਿਨ੍ਹਾਂ ਦੀ ਕੁੱਲ ਲਾਗਤ 40,000 ਕਰੋੜ ਰੁਪਏ ਤੋਂ ਵੱਧ ਹੈ

ਪੀਐੱਮ ਸ਼੍ਰੀ ਸਕੂਲਾਂ ਨੂੰ ਸੂਬਾ ਸਰਕਾਰਾਂ ਦੇ ਹੋਰ ਸਕੂਲਾਂ ਲਈ ਮਾਪਦੰਡ ਬਣਾਉਣ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ: ਪ੍ਰਧਾਨ ਮੰਤਰੀ

प्रविष्टि तिथि: 31 DEC 2025 8:11PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪ੍ਰਗਤੀ ਦੀ 50ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ। ਪ੍ਰਗਤੀ ਸਰਗਰਮ ਸ਼ਾਸਨ ਅਤੇ ਸਮੇਂ ’ਤੇ ਲਾਗੂਕਰਨ ਲਈ ਆਈਸੀਟੀ-ਸਮਰੱਥ ਮਲਟੀ-ਮਾਡਲ ਪਲੇਟਫ਼ਾਰਮ ਹੈ। ਇਹ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸਹਿਯੋਗੀ, ਨਤੀਜਾ-ਮੁਖੀ ਸ਼ਾਸਨ ਦੀ ਇੱਕ ਦਹਾਕੇ ਲੰਬੀ ਯਾਤਰਾ ਵਿੱਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਹੈ। ਇਹ ਮੀਲ ਦਾ ਪੱਥਰ ਦਰਸਾਉਂਦਾ ਹੈ ਕਿ ਕਿਵੇਂ ਤਕਨਾਲੋਜੀ-ਸਮਰੱਥ ਲੀਡਰਸ਼ਿਪ, ਅਸਲ-ਸਮੇਂ ਦੀ ਨਿਗਰਾਨੀ ਅਤੇ  ਕੇਂਦਰ-ਰਾਜ ਦੇ ਲਗਾਤਾਰ ਸਹਿਯੋਗ ਨੇ ਰਾਸ਼ਟਰੀ ਤਰਜੀਹਾਂ ਨੂੰ ਜ਼ਮੀਨੀ ਪੱਧਰ 'ਤੇ ਮਾਪਣਯੋਗ ਨਤੀਜਿਆਂ ਵਿੱਚ ਬਦਲਿਆ ਹੈ।

50ਵੀਂ ਪ੍ਰਗਤੀ ਵਿੱਚ ਕੀਤੀ ਗਈ ਸਮੀਖਿਆ

ਪ੍ਰਧਾਨ ਮੰਤਰੀ ਨੇ ਮੀਟਿੰਗ ਦੌਰਾਨ ਸੜਕ, ਰੇਲਵੇ, ਬਿਜਲੀ, ਜਲ ਸਰੋਤ ਅਤੇ ਕੋਲਾ ਸਮੇਤ ਵੱਖ-ਵੱਖ ਖੇਤਰਾਂ ਦੀਆਂ ਪੰਜ ਮਹੱਤਵਪੂਰਨ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਜਾਇਜ਼ਾ ਲਿਆ। ਇਹ ਪ੍ਰੋਜੈਕਟ 5 ਸੂਬਿਆਂ ਵਿੱਚ ਫੈਲੇ ਹੋਏ ਹਨ, ਜਿਨ੍ਹਾਂ ਦੀ ਕੁੱਲ ਲਾਗਤ 40,000 ਕਰੋੜ ਰੁਪਏ ਤੋਂ ਵੱਧ ਹੈ।

ਪੀਐੱਮ ਸ਼੍ਰੀ ਯੋਜਨਾ ਦੀ ਸਮੀਖਿਆ ਦੌਰਾਨ, ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪੀਐੱਮ ਸ਼੍ਰੀ ਯੋਜਨਾ ਨੂੰ ਸੰਪੂਰਨ ਅਤੇ ਭਵਿੱਖ ਲਈ ਤਿਆਰ ਸਕੂਲੀ ਸਿੱਖਿਆ ਲਈ ਇੱਕ ਰਾਸ਼ਟਰੀ ਬੈਂਚਮਾਰਕ ਬਣਾਉਣਾ ਚਾਹੀਦਾ ਹੈ ਅਤੇ ਕਿਹਾ ਕਿ ਲਾਗੂ ਕਰਨਾ ਬੁਨਿਆਦੀ ਢਾਂਚੇ ਦੇ ਕੇਂਦ੍ਰਿਤ ਹੋਣ ਦੀ ਬਜਾਏ ਨਤੀਜਾ-ਮੁਖੀ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਸਾਰੇ ਮੁੱਖ ਸਕੱਤਰਾਂ ਨੂੰ ਪੀਐੱਮ ਸ਼੍ਰੀ  ਯੋਜਨਾ ਦੀ ਨੇੜਿਓਂ ਨਿਗਰਾਨੀ ਕਰਨ ਨੂੰ ਕਿਹਾ। ਉਨ੍ਹਾਂ ਅੱਗੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪੀਐੱਮ ਸ਼੍ਰੀ  ਸਕੂਲਾਂ ਨੂੰ ਸੂਬਾ ਸਰਕਾਰ ਦੇ ਹੋਰ ਸਕੂਲਾਂ ਲਈ ਬੈਂਚਮਾਰਕ ਬਣਾਉਣ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨੂੰ ਪੀਐੱਮ ਸ਼੍ਰੀ  ਸਕੂਲਾਂ ਦੇ ਪ੍ਰਦਰਸ਼ਨ ਦਾ ਮੁਲਾਂਕਣ ਕਰਨ ਲਈ ਖੇਤਰ ਦਾ ਦੌਰਾ ਕਰਨਾ ਚਾਹੀਦਾ ਹੈ।

ਇਸ ਵਿਸ਼ੇਸ਼ ਮੌਕੇ 'ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਪ੍ਰਾਪਤੀ ਨੂੰ ਪਿਛਲੇ ਇੱਕ ਦਹਾਕੇ ਵਿੱਚ ਭਾਰਤ ਵਿੱਚ ਸ਼ਾਸਨ ਦੇ ਸੱਭਿਆਚਾਰ ਵਿੱਚ ਆਏ ਡੂੰਘੇ ਬਦਲਾਅ ਦਾ ਪ੍ਰਤੀਕ ਦੱਸਿਆ। ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ ਕਿ ਜਦੋਂ ਫ਼ੈਸਲੇ ਸਮੇਂ ਸਿਰ ਹੁੰਦੇ ਹਨ, ਤਾਲਮੇਲ ਪ੍ਰਭਾਵਸ਼ਾਲੀ ਹੁੰਦਾ ਹੈ ਅਤੇ ਜਵਾਬਦੇਹੀ ਤੈਅ ਹੁੰਦੀ ਹੈ, ਤਾਂ ਸਰਕਾਰੀ ਕੰਮ ਦੀ ਗਤੀ ਆਪਣੇ ਆਪ ਵਧ ਜਾਂਦੀ ਹੈ ਅਤੇ ਇਸ ਦਾ ਅਸਰ ਸਿੱਧਾ ਨਾਗਰਿਕਾਂ ਦੇ ਜੀਵਨ ਵਿੱਚ ਦਿਖਾਈ ਦਿੰਦਾ ਹੈ।

ਪ੍ਰਗਤੀ ਦੀ ਸ਼ੁਰੂਆਤ

ਇਸ ਪਹੁੰਚ ਦੀ ਸ਼ੁਰੂਆਤ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਜਰਾਤ ਦੇ ਮੁੱਖ ਮੰਤਰੀ ਦੇ ਤੌਰ ’ਤੇ ਉਨ੍ਹਾਂ ਨੇ ਅਨੁਸ਼ਾਸਨ, ਪਾਰਦਰਸ਼ਤਾ ਅਤੇ ਸਮੇਂ ਸਿਰ ਕਾਰਵਾਈ ਨਾਲ ਜਨਤਕ ਸ਼ਿਕਾਇਤਾਂ ਨੂੰ ਸਮਝਣ ਅਤੇ ਹੱਲ ਕਰਨ ਲਈ ਤਕਨਾਲੋਜੀ-ਅਧਾਰਿਤ SWAGAT ਪਲੇਟਫ਼ਾਰਮ (ਤਕਨਾਲੋਜੀ ਦੀ ਵਰਤੋਂ ਰਾਹੀਂ ਸ਼ਿਕਾਇਤਾਂ 'ਤੇ ਰਾਜ ਵਿਆਪਕ ਧਿਆਨ) ਦੀ ਸ਼ੁਰੂਆਤ ਕੀਤੀ ਸੀ।

ਉਸ ਹੀ ਤਜਰਬੇ ਦੇ ਅਧਾਰ 'ਤੇ ਕੇਂਦਰ ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਨੇ ਪ੍ਰਗਤੀ ਰਾਹੀਂ ਉਸ ਹੀ ਭਾਵਨਾ ਨੂੰ ਰਾਸ਼ਟਰੀ ਪੱਧਰ 'ਤੇ ਵਧਾਇਆ, ਜਿਸ ਨਾਲ ਵੱਡੇ ਪ੍ਰੋਜੈਕਟਾਂ, ਵੱਡੇ ਪ੍ਰੋਗਰਾਮਾਂ ਅਤੇ ਸ਼ਿਕਾਇਤ ਹੱਲ ਨੂੰ ਸਮੀਖਿਆ, ਹੱਲ ਅਤੇ ਫਾਲੋ-ਅੱਪ ਲਈ ਇੱਕ ਏਕੀਕ੍ਰਿਤ ਪਲੇਟਫ਼ਾਰਮ 'ਤੇ ਲਿਆਇਆ ਗਿਆ।

ਪੈਮਾਨਾ ਅਤੇ ਪ੍ਰਭਾਵ

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਕੁਝ ਵਰ੍ਹਿਆਂ ਵਿੱਚ ਪ੍ਰਗਤੀ ਦੀ ਅਗਵਾਈ ਵਾਲੇ ਈਕੋਸਿਸਟਮ ਨੇ 85 ਲੱਖ ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਨੂੰ ਪੂਰਾ ਕਰਨ ਵਿੱਚ ਤੇਜ਼ੀ ਲਿਆਉਣ ਵਿੱਚ ਮਦਦ ਕੀਤੀ ਹੈ ਅਤੇ ਪ੍ਰਮੁੱਖ ਭਲਾਈ ਪ੍ਰੋਗਰਾਮਾਂ ਨੂੰ ਵੱਡੇ ਪੈਮਾਨੇ ’ਤੇ ਜ਼ਮੀਨੀ ਪੱਧਰ 'ਤੇ ਲਾਗੂ ਕਰਨ ਵਿੱਚ ਸਹਾਇਤਾ ਕੀਤੀ ਹੈ।

2014 ਤੋਂ ਪ੍ਰਗਤੀ ਅਧੀਨ 377 ਪ੍ਰੋਜੈਕਟਾਂ ਦੀ ਸਮੀਖਿਆ ਕੀਤੀ ਗਈ ਹੈ ਅਤੇ ਇਨ੍ਹਾਂ ਪ੍ਰੋਜੈਕਟਾਂ ਵਿੱਚ, 3,162 ਪਛਾਣੀਆਂ ਗਈਆਂ ਸਮੱਸਿਆਵਾਂ ਵਿੱਚੋਂ 2,958—ਭਾਵ ਲਗਭਗ 94 ਫ਼ੀਸਦੀ— ਨੂੰ ਹੱਲ ਕੀਤਾ ਗਿਆ ਹੈ, ਜਿਸ ਨਾਲ ਦੇਰੀ, ਲਾਗਤ ਵਿੱਚ ਵਾਧਾ ਅਤੇ ਤਾਲਮੇਲ ਦੀਆਂ ਅਸਫਲਤਾਵਾਂ ਵਿੱਚ ਕਾਫ਼ੀ ਕਮੀ ਆਈ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਵੇਂ-ਜਿਵੇਂ ਭਾਰਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ, ਪ੍ਰਗਤੀ ਦੀ ਸਾਰਥਕਤਾ ਹੋਰ ਵਧੀ ਹੈ। ਉਨ੍ਹਾਂ ਕਿਹਾ ਕਿ ਸੁਧਾਰ ਦੀ ਗਤੀ ਨੂੰ ਬਣਾਏ ਰੱਖਣ ਅਤੇ ਡਿਲੀਵਰੀ ਯਕੀਨੀ ਬਣਾਉਣ ਲਈ ਪ੍ਰਗਤੀ ਜ਼ਰੂਰੀ ਹੈ।

 

ਲੰਬੇ ਸਮੇਂ ਤੋਂ ਲਟਕ ਰਹੇ ਪ੍ਰੋਜੈਕਟਾਂ ਨੂੰ ਸ਼ੁਰੂ ਕਰਨਾ

ਪ੍ਰਧਾਨ ਮੰਤਰੀ ਨੇ ਕਿਹਾ ਕਿ 2014 ਤੋਂ ਸਰਕਾਰ ਨੇ ਡਿਲੀਵਰੀ ਅਤੇ ਜਵਾਬਦੇਹੀ ਨੂੰ ਸੰਸਥਾਗਤ ਬਣਾਉਣ ਦਾ ਕੰਮ ਕੀਤਾ ਹੈ, ਜਿਸ ਨਾਲ ਇੱਕ ਅਜਿਹੀ ਪ੍ਰਣਾਲੀ ਬਣੀ ਹੈ, ਜਿੱਥੇ ਕੰਮ ਨਿਰੰਤਰ ਫਾਲੋ-ਅਪ ਨਾਲ ਕੀਤਾ ਜਾਂਦਾ ਹੈ ਅਤੇ ਨਿਰਧਾਰਿਤ ਸਮਾਂ ਸੀਮਾ ਅਤੇ ਬਜਟ ਦੇ ਅੰਦਰ ਪੂਰਾ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੋ ਪ੍ਰੋਜੈਕਟ ਪਹਿਲਾਂ ਸ਼ੁਰੂ ਕੀਤੇ ਗਏ ਸਨ ਪਰ ਅਧੂਰੇ ਰਹਿ ਗਏ ਸਨ ਜਾਂ ਭੁਲਾ ਦਿੱਤੇ ਗਏ ਸਨ, ਉਨ੍ਹਾਂ ਨੂੰ ਰਾਸ਼ਟਰੀ ਹਿੱਤ ਵਿੱਚ ਮੁੜ ਸ਼ੁਰੂ ਕੀਤਾ ਗਿਆ ਹੈ ਅਤੇ ਪੂਰਾ ਕੀਤਾ ਗਿਆ ਹੈ।

ਪ੍ਰਗਤੀ ਪਲੇਟਫ਼ਾਰਮ ਦੇ ਤਹਿਤ ਸ਼ੁਰੂ ਕੀਤੇ ਜਾਣ ਤੋਂ ਬਾਅਦ, ਕਈ ਪ੍ਰੋਜੈਕਟ ਜੋ ਦਹਾਕਿਆਂ ਤੋਂ ਰੁਕੇ ਹੋਏ ਸਨ, ਉਨ੍ਹਾਂ ਨੂੰ ਪੂਰਾ ਕੀਤਾ ਗਿਆ ਜਾਂ ਉਨ੍ਹਾਂ ਵਿੱਚ ਤੇਜ਼ੀ ਨਾਲ ਕੰਮ ਸ਼ੁਰੂ ਕੀਤਾ ਗਿਆ। ਇਨ੍ਹਾਂ ਵਿੱਚ ਅਸਾਮ ਵਿੱਚ ਬੋਗੀਬੀਲ ਰੇਲ-ਕਮ-ਰੋਡ ਬ੍ਰਿਜ ਸ਼ਾਮਲ ਹੈ, ਜਿਸ ਦੀ ਕਲਪਨਾ ਪਹਿਲੀ ਵਾਰ 1997 ਵਿੱਚ ਕੀਤੀ ਗਈ ਸੀ; ਜੰਮੂ-ਉਧਮਪੁਰ-ਸ੍ਰੀਨਗਰ-ਬਾਰਾਮੂਲਾ ਰੇਲ ਲਿੰਕ, ਜਿਸ 'ਤੇ ਕੰਮ 1995 ਵਿੱਚ ਸ਼ੁਰੂ ਹੋਇਆ ਸੀ; ਨਵੀਂ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡਾ, ਜਿਸ ਦੀ ਯੋਜਨਾ 1997 ਵਿੱਚ ਬਣਾਈ ਗਈ ਸੀ; ਭੀਲਾਈ ਸਟੀਲ ਪਲਾਂਟ ਦਾ ਆਧੁਨਿਕੀਕਰਨ ਅਤੇ ਵਿਸਥਾਰ, ਜਿਸ ਨੂੰ 2007 ਵਿੱਚ ਮਨਜ਼ੂਰੀ ਮਿਲੀ ਸੀ; ਅਤੇ ਗਾਡਰਵਾਰਾ ਅਤੇ ਲਾਰਾ (LARA ) ਸੁਪਰ ਥਰਮਲ ਪਾਵਰ ਪ੍ਰੋਜੈਕਟ, ਜਿਨ੍ਹਾਂ ਨੂੰ ਕ੍ਰਮਵਾਰ 2008 ਅਤੇ 2009 ਵਿੱਚ ਮਨਜ਼ੂਰੀ ਮਿਲੀ ਸੀ। ਇਹ ਨਤੀਜੇ ਲਗਾਤਾਰ ਉੱਚ-ਪੱਧਰੀ ਨਿਗਰਾਨੀ ਅਤੇ ਅੰਤਰ-ਸਰਕਾਰੀ ਤਾਲਮੇਲ ਦੇ ਪ੍ਰਭਾਵ ਨੂੰ ਦਰਸਾਉਂਦੇ ਹਨ।

ਸਾਈਲੋਸ ਤੋਂ ਟੀਮ ਇੰਡੀਆ ਤੱਕ

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪ੍ਰੋਜੈਕਟ ਸਿਰਫ਼ ਇਰਾਦੇ ਦੀ ਘਾਟ ਕਾਰਨ ਅਸਫਲ ਨਹੀਂ ਹੁੰਦੇ - ਕਈ ਪ੍ਰੋਜੈਕਟ ਤਾਲਮੇਲ ਦੀ ਘਾਟ ਅਤੇ ਸਾਈਲੋ-ਅਧਾਰਿਤ ਕੰਮ ਕਾਰਨ ਅਸਫਲ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪ੍ਰਗਤੀ ਨੇ ਸਾਰੇ ਹਿੱਸੇਦਾਰਾਂ ਨੂੰ ਇੱਕ ਹੀ ਪਲੇਟਫ਼ਾਰਮ 'ਤੇ ਇਕੱਠੇ ਕਰਕੇ, ਇੱਕ ਸਾਂਝੇ ਨਤੀਜੇ ਵੱਲ ਕੰਮ ਕਰਕੇ ਇਸ ਸਮੱਸਿਆ ਨੂੰ ਹੱਲ ਕਰਨ ਵਿੱਚ ਮਦਦ ਕੀਤੀ ਹੈ।

ਉਨ੍ਹਾਂ ਨੇ ਪ੍ਰਗਤੀ ਨੂੰ ਸਹਿਕਾਰੀ ਸੰਘਵਾਦ ਦਾ ਇੱਕ ਪ੍ਰਭਾਵਸ਼ਾਲੀ ਮਾਡਲ ਦੱਸਿਆ, ਜਿੱਥੇ ਕੇਂਦਰ ਅਤੇ ਰਾਜ ਇੱਕ ਟੀਮ ਵਜੋਂ ਕੰਮ ਕਰਦੇ ਹਨ ਅਤੇ ਮੰਤਰਾਲੇ ਅਤੇ ਵਿਭਾਗ ਸਮੱਸਿਆਵਾਂ ਨੂੰ ਹੱਲ ਕਰਨ ਲਈ ਸਾਇਲੋਸ ਤੋਂ ਅੱਗੇ ਵੱਧ ਕੇ ਸੋਚਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦੀ ਸ਼ੁਰੂਆਤ ਤੋਂ ਹੁਣ ਤੱਕ, ਭਾਰਤ ਸਰਕਾਰ ਦੇ ਲਗਭਗ 500 ਸਕੱਤਰਾਂ ਅਤੇ ਸੂਬਿਆਂ ਦੇ ਮੁੱਖ ਸਕੱਤਰਾਂ ਨੇ ਪ੍ਰਗਤੀ ਮੀਟਿੰਗਾਂ ਵਿੱਚ ਹਿੱਸਾ ਲਿਆ ਹੈ। ਉਨ੍ਹਾਂ ਨੇ ਉਨ੍ਹਾਂ ਦੀ ਭਾਗੀਦਾਰੀ, ਵਚਨਬੱਧਤਾ ਅਤੇ ਜ਼ਮੀਨੀ ਪੱਧਰ ਦੀ ਸਮਝ ਲਈ ਉਨ੍ਹਾਂ ਦਾ ਧੰਨਵਾਦ ਕੀਤਾ, ਜਿਸ ਨੇ ਪ੍ਰਗਤੀ ਨੂੰ ਇੱਕ ਸਮੀਖਿਆ ਮੰਚ ਤੋਂ ਇੱਕ ਅਸਲੀ ਸਮੱਸਿਆ-ਹੱਲ ਪਲੇਟਫ਼ਾਰਮ ਵਿੱਚ ਬਦਲਣ ਵਿੱਚ ਮਦਦ ਕੀਤੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਰਾਸ਼ਟਰੀ ਤਰਜੀਹਾਂ ਲਈ ਢੁਕਵੇਂ ਸਰੋਤ ਯਕੀਨੀ ਬਣਾਏ ਹਨ, ਜਿਸ ਨਾਲ ਸਾਰੇ ਖੇਤਰਾਂ ਵਿੱਚ ਲਗਾਤਾਰ ਨਿਵੇਸ਼ ਕੀਤਾ ਗਿਆ। ਉਨ੍ਹਾਂ ਨੇ ਹਰ ਮੰਤਰਾਲੇ ਅਤੇ ਸੂਬੇ ਨਾਲ ਯੋਜਨਾਬੰਦੀ ਤੋਂ ਲੈ ਕੇ ਲਾਗੂ ਕਰਨ ਤੱਕ ਪੂਰੀ ਚੇਨ ਨੂੰ ਮਜ਼ਬੂਤ ਕਰਨ, ਟੈਂਡਰਿੰਗ ਤੋਂ ਲੈ ਕੇ ਜ਼ਮੀਨੀ ਪੱਧਰ ’ਤੇ ਡਿਲੀਵਰੀ ਤੱਕ ਦੀ ਦੇਰੀ ਨੂੰ ਘੱਟ ਕਰਨ ਦਾ ਸੱਦਾ ਦਿੱਤਾ।

ਸੁਧਾਰ, ਪ੍ਰਦਰਸ਼ਨ, ਪਰਿਵਰਤਨ

ਇਸ ਮੌਕੇ 'ਤੇ ਪ੍ਰਧਾਨ ਮੰਤਰੀ ਨੇ ਅਗਲੇ ਪੜਾਅ ਲਈ ਸਪਸ਼ਟ ਉਮੀਦਾਂ ਸਾਂਝੀਆਂ ਕੀਤੀਆਂ ਅਤੇ  ਸੁਧਾਰ, ਪ੍ਰਦਰਸ਼ਨ ਅਤੇ ਪਰਿਵਰਤਨ ਦੇ ਆਪਣੇ ਦ੍ਰਿਸ਼ਟੀਕੋਣ ਨੂੰ ਦਰਸਾਉਂਦੇ ਹੋਏ ਕਿਹਾ, "ਆਸਾਨ ਬਣਾਉਣ ਲਈ ਸੁਧਾਰ, ਨਤੀਜੇ ਪ੍ਰਦਾਨ ਕਰਨ ਲਈ ਪ੍ਰਦਰਸ਼ਨ, ਪ੍ਰਭਾਵ ਵਿੱਚ ਪਰਿਵਰਤਨ।"

ਉਨ੍ਹਾਂ ਕਿਹਾ ਕਿ ਸੁਧਾਰ ਦਾ ਅਰਥ ਪ੍ਰਕਿਰਿਆ ਤੋਂ ਹੱਲ ਵੱਲ ਵਧਣਾ, ਪ੍ਰਕਿਰਿਆਵਾਂ ਨੂੰ ਸਰਲ ਬਣਾਉਣਾ ਅਤੇ ਜੀਵਨ ਦੀ ਸੌਖ ਅਤੇ ਕਾਰੋਬਾਰ ਕਰਨ ਦੀ ਸੌਖ ਨੂੰ ਬਿਹਤਰ ਬਣਾਉਣ ਲਈ ਪ੍ਰਣਾਲੀਆਂ ਨੂੰ ਵਧੇਰੇ ਉਪਭੋਗਤਾ-ਅਨੁਕੂਲ ਬਣਾਉਣਾ ਹੋਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਪ੍ਰਦਰਸ਼ਨ ਦਾ ਅਰਥ ਸਮੇਂ, ਲਾਗਤ ਅਤੇ ਗੁਣਵੱਤਾ 'ਤੇ ਬਰਾਬਰ ਧਿਆਨ ਕੇਂਦ੍ਰਿਤ ਕਰਨਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਤੀਜਾ-ਮੁਖੀ ਸ਼ਾਸਨ ਪ੍ਰਗਤੀ ਰਾਹੀਂ ਮਜ਼ਬੂਤ ਹੋਇਆ ਹੈ ਅਤੇ ਹੁਣ ਇਸ ਨੂੰ ਹੋਰ ਡੂੰਘਾ ਹੋਣਾ ਚਾਹੀਦਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਪਰਿਵਰਤਨ ਨੂੰ ਇਸ ਗੱਲ ਤੋਂ ਮਾਪਿਆ ਜਾਣਾ ਚਾਹੀਦਾ ਹੈ ਕਿ ਨਾਗਰਿਕ ਸਮੇਂ ਸਿਰ ਸੇਵਾਵਾਂ, ਸ਼ਿਕਾਇਤਾਂ ਦੇ ਤੇਜ਼ੀ ਨਾਲ ਹੱਲ ਅਤੇ ਜੀਵਨ ਦੀ ਬਿਹਤਰ ਸੁਗਮਤਾ ਬਾਰੇ ਅਸਲ ਵਿੱਚ ਕਿਵੇਂ ਮਹਿਸੂਸ ਕਰਦੇ ਹਨ।

ਪ੍ਰਗਤੀ ਅਤੇ ਵਿਕਸਿਤ ਭਾਰਤ @ 2047 ਦੀ ਯਾਤਰਾ

ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਸਿਤ ਭਾਰਤ @2047 ਇੱਕ ਰਾਸ਼ਟਰੀ ਸੰਕਲਪ ਅਤੇ ਸਮਾਂਬੱਧ ਟੀਚਾ ਦੋਵੇਂ ਹਨ ਅਤੇ ਪ੍ਰਗਤੀ ਇਸ ਨੂੰ ਪ੍ਰਾਪਤ ਕਰਨ ਲਈ ਇੱਕ ਸ਼ਕਤੀਸ਼ਾਲੀ ਮਾਧਿਅਮ ਹੈ। ਉਨ੍ਹਾਂ ਨੇ ਸੂਬਿਆਂ ਨੂੰ ਖ਼ਾਸ ਕਰਕੇ ਸਮਾਜਿਕ ਖੇਤਰ ਲਈ ਮੁੱਖ ਸਕੱਤਰ ਪੱਧਰ ’ਤੇ ਪ੍ਰਗਤੀ ਵਰਗੀਆਂ ਵਿਧੀਆਂ ਨੂੰ ਸੰਸਥਾਗਤ ਬਣਾਉਣ ਲਈ ਉਤਸ਼ਾਹਿਤ ਕੀਤਾ।

ਪ੍ਰਗਤੀ ਨੂੰ ਅਗਲੇ ਪੱਧਰ 'ਤੇ ਲੈ ਜਾਣ ਲਈ ਪ੍ਰਧਾਨ ਮੰਤਰੀ ਨੇ ਪ੍ਰੋਜੈਕਟ ਜੀਵਨ ਚੱਕਰ ਦੇ ਹਰੇਕ ਪੜਾਅ ਵਿੱਚ ਤਕਨਾਲੋਜੀ ਦੀ ਵਰਤੋਂ 'ਤੇ ਜ਼ੋਰ ਦਿੱਤਾ।

ਪ੍ਰਧਾਨ ਮੰਤਰੀ ਨੇ ਇਹ ਕਹਿੰਦੇ ਹੋਏ ਗੱਲ ਖ਼ਤਮ ਕੀਤੀ ਕਿ ਪ੍ਰਗਤੀ@50 ਸਿਰਫ਼ ਇੱਕ ਮੀਲ ਦਾ ਪੱਥਰ ਨਹੀਂ ਹੈ, ਇਹ ਇੱਕ ਵਚਨਬੱਧਤਾ ਹੈ। ਨਾਗਰਿਕਾਂ ਲਈ ਤੇਜ਼ ਐਗਜ਼ੀਕਿਊਸ਼ਨ, ਉੱਚ ਗੁਣਵੱਤਾ ਅਤੇ ਮਾਪਣਯੋਗ ਨਤੀਜਿਆਂ ਨੂੰ ਯਕੀਨੀ ਬਣਾਉਣ ਲਈ ਆਉਣ ਵਾਲੇ ਵਰ੍ਹਿਆਂ ਵਿੱਚ ਪ੍ਰਗਤੀ ਨੂੰ ਹੋਰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ।

ਕੈਬਨਿਟ ਸਕੱਤਰ ਵੱਲੋਂ ਪ੍ਰੇਜੇਂਟੇਸ਼ਨ

50ਵੇਂ ਪ੍ਰਗਤੀ ਮੀਲ ਦੇ ਪੱਥਰ ਦੇ ਮੌਕੇ 'ਤੇ ਕੈਬਨਿਟ ਸਕੱਤਰ ਨੇ ਇੱਕ ਸੰਖੇਪ ਪ੍ਰੇਜੇਂਟੇਸ਼ਨ ਦਿੱਤੀ, ਜਿਸ ਵਿੱਚ ਪ੍ਰਗਤੀ ਦੀਆਂ ਮੁੱਖ ਪ੍ਰਾਪਤੀਆਂ ਨੂੰ ਉਜਾਗਰ ਕੀਤਾ ਗਿਆ ਅਤੇ ਦੱਸਿਆ ਗਿਆ ਕਿ ਇਸ ਨੇ ਭਾਰਤ ਦੇ ਨਿਗਰਾਨੀ ਅਤੇ ਤਾਲਮੇਲ ਈਕੋਸਿਸਟਮ ਨੂੰ ਕਿਵੇਂ ਨਵਾਂ ਆਕਾਰ ਦਿੱਤਾ ਹੈ, ਅੰਤਰ-ਮੰਤਰਾਲਾ ਅਤੇ ਕੇਂਦਰ-ਰਾਜ ਫਾਲੋ-ਥਰੂ ਨੂੰ ਮਜ਼ਬੂਤ ਕੀਤਾ ਹੈ ਅਤੇ  ਸਮੇਂ ਸਿਰ ਪੂਰਾ ਕਰਨ ਦੇ ਸਭਿਆਚਾਰ ਨੂੰ ਹੁਲਾਰਾ ਦਿੱਤਾ ਹੈ, ਜਿਸ ਦੇ ਨਤੀਜੇ ਵਜੋਂ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਲਾਗੂ ਕੀਤਾ ਗਿਆ ਹੈ, ਯੋਜਨਾਵਾਂ ਅਤੇ ਪ੍ਰੋਗਰਾਮਾਂ ਦੀ ਆਖ਼ਰੀ-ਮੀਲ ਡਿਲੀਵਰੀ ਵਿੱਚ ਸੁਧਾਰ ਹੋਇਆ ਅਤੇ ਜਨਤਕ ਸ਼ਿਕਾਇਤਾਂ ਦਾ ਗੁਣਵੱਤਾਪੂਰਨ ਹੱਲ ਹੋਇਆ ਹੈ।

************

ਐੱਮਜੇਪੀਐੱਸ/ਐੱਸਆਰ


(रिलीज़ आईडी: 2210479) आगंतुक पटल : 4
इस विज्ञप्ति को इन भाषाओं में पढ़ें: Bengali , English , Urdu , Marathi , हिन्दी , Manipuri , Gujarati , Odia , Telugu