ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਕੱਲ੍ਹ ਰਾਸ਼ਟਰੀ ਪੱਧਰ ’ਤੇ ‘ਵੀਰ ਬਾਲ ਦਿਵਸ’ ਮਨਾਏਗਾ ਅਤੇ ‘ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ’ ਪ੍ਰਦਾਨ ਕੀਤੇ ਜਾਣਗੇ
ਰਾਸ਼ਟਰਪਤੀ ਵੱਲੋਂ ‘ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ’ ਪ੍ਰਦਾਨ ਕੀਤੇ ਜਾਣਗੇ
ਵੱਖ-ਵੱਖ ਖੇਤਰਾਂ ਵਿੱਚ ਵਿਲੱਖਣ ਪ੍ਰਾਪਤੀਆਂ ਹਾਸਲ ਕਰਨ ਵਾਲੇ 18 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 20 ਬੱਚਿਆਂ ਦੀ ਚੋਣ ‘ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ’ ਦੇ ਲਈ ਕੀਤੀ ਗਈ ਹੈ
ਵੀਰ ਬਾਲ ਦਿਵਸ ’ਤੇ ਰਾਸ਼ਟਰੀ ਪੱਧਰ ਦੇ ਸਮਾਗਮ ਵਿੱਚ ਪ੍ਰਧਾਨ ਮੰਤਰੀ ਮੌਜੂਦ ਰਹਿਣਗੇ
ਸਮਾਗਮ ਵਿੱਚ ਭਾਰਤ ਦੇ ਨੌਜਵਾਨ ਨਾਇਕਾਂ ਦੀ ਹਿੰਮਤ, ਬਲੀਦਾਨ ਅਤੇ ਬੇਮਿਸਾਲ ਕਦਰਾਂ-ਕੀਮਤਾਂ ਨੂੰ ਯਾਦ ਕੀਤਾ ਜਾਵੇਗਾ
ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਵਾਗਤੀ ਭਾਸ਼ਣ ਦੇਣਗੇ
Posted On:
25 DEC 2025 10:07AM by PIB Chandigarh
ਭਾਰਤ ਸਰਕਾਰ ਦਾ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਕੱਲ੍ਹ (26 ਦਸੰਬਰ 2025) ਨੂੰ ਰਾਸ਼ਟਰੀ ਪੱਧਰ ’ਤੇ ਵੀਰ ਬਾਲ ਦਿਵਸ ਮਨਾਏਗਾ। ਇਸ ਮੌਕੇ ’ਤੇ ਭਾਰਤ ਦੇ ਨੌਜਵਾਨ ਨਾਇਕਾਂ ਦੀ ਹਿੰਮਤ, ਬਲੀਦਾਨ ਅਤੇ ਬੇਮਿਸਾਲ ਕਦਰਾਂ-ਕੀਮਤਾਂ ਨੂੰ ਯਾਦ ਕੀਤਾ ਜਾਵੇਗਾ। ਇਸੇ ਦਿਨ ਵੱਖ-ਵੱਖ ਖੇਤਰਾਂ ਵਿੱਚ ਵਿਲੱਖਣ ਪ੍ਰਾਪਤੀਆਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ (ਪੀਐੱਮਆਰਬੀਪੀ) ਪ੍ਰਦਾਨ ਕੀਤੇ ਜਾਣਗੇ।
ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਭਾਰਤ ਸਰਕਾਰ ਵੱਲੋਂ ਹਰ ਸਾਲ ਬੱਚਿਆਂ ਨੂੰ ਪ੍ਰਦਾਨ ਕੀਤਾ ਜਾਣ ਵਾਲਾ ਇੱਕ ਉੱਘਾ ਰਾਸ਼ਟਰੀ ਸਨਮਾਨ ਹੈ। ਇਹ ਪੁਰਸਕਾਰ ਬਹਾਦਰੀ, ਕਲਾ ਅਤੇ ਸਭਿਆਚਾਰ, ਵਾਤਾਵਰਨ, ਸਮਾਜਿਕ ਸੇਵਾ, ਵਿਗਿਆਨ ਅਤੇ ਟੈਕਨਾਲੋਜੀ ਅਤੇ ਖੇਡਾਂ ਦੇ ਖੇਤਰਾਂ ਵਿੱਚ ਅਸਾਧਾਰਨ ਵਿਸ਼ੇਸ਼ਤਾ ਲਈ ਦਿੱਤਾ ਜਾਂਦਾ ਹੈ। ਸਾਲ 2025 ਵਿੱਚ 18 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ 20 ਬੱਚਿਆਂ ਦੀ ਇਸ ਸਨਮਾਨ ਲਈ ਚੋਣ ਕੀਤੀ ਗਈ ਹੈ। ਇਹ ਪੁਰਸਕਾਰ ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਵੱਲੋਂ 26 ਦਸੰਬਰ, 2025 ਨੂੰ ਸਵੇਰੇ 10 ਵਜੇ, ਵਿਗਿਆਨ ਭਵਨ, ਨਵੀਂ ਦਿੱਲੀ ਵਿੱਚ ਆਯੋਜਿਤ ਇੱਕ ਖ਼ਾਸ ਸਮਾਗਮ ਵਿੱਚ ਪ੍ਰਦਾਨ ਕੀਤੇ ਜਾਣਗੇ।
ਵੀਰ ਬਾਲ ਦਿਵਸ 2025 ਦਾ ਰਾਸ਼ਟਰੀ ਪੱਧਰ ਦਾ ਸਮਾਗਮ 26 ਦਸੰਬਰ, 202 ਨੂੰ ਭਾਰਤ ਮੰਡਪਮ, ਨਵੀਂ ਦਿੱਲੀ ਵਿੱਚ ਆਯੋਜਿਤ ਕੀਤਾ ਜਾਵੇਗਾ। ਇਸ ਰਾਸ਼ਟਰੀ ਆਯੋਜਨ ਦੇ ਮੌਕੇ ’ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਮੌਜੂਦਗੀ ਵੀ ਰਹੇਗੀ, ਜੋ ਬੱਚਿਆਂ ਅਤੇ ਨੌਜਵਾਨਾਂ ਨੂੰ ਸੰਬੋਧਨ ਕਰਨਗੇ ਅਤੇ ਰਾਸ਼ਟਰ ਨਿਰਮਾਣ ਵਿੱਚ ਨੌਜਵਾਨ ਨਾਗਰਿਕਾਂ ਦੀ ਭੂਮਿਕਾ ਨੂੰ ਉਜਾਗਰ ਕਰਨਗੇ। ਇਹ ਪ੍ਰੋਗਰਾਮ ਬਹਾਦਰੀ, ਦ੍ਰਿੜ੍ਹਤਾ ਅਤੇ ਨਿਰਸਵਾਰਥ ਸੇਵਾ ਦੀਆਂ ਪ੍ਰੇਰਕ ਕਹਾਣੀਆਂ ਨੂੰ ਪੇਸ਼ ਕਰੇਗਾ, ਜਿਸ ਨਾਲ ਬੱਚਿਆਂ ਅਤੇ ਨੌਜਵਾਨਾਂ ਨੂੰ ਪ੍ਰੇਰਨਾ ਮਿਲੇਗੀ ਅਤੇ ਵਿਕਸਿਤ ਭਾਰਤ @2047 ਦੇ ਮੁਤਾਬਿਕ ਸਸ਼ਕਤ ਅਤੇ ਜ਼ਿੰਮੇਵਾਰ ਨਾਗਰਿਕਾਂ ਦੇ ਨਿਰਮਾਣ ਪ੍ਰਤੀ ਭਾਰਤ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਜਾਵੇਗਾ। ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਅੰਨਪੂਰਣਾ ਦੇਵੀ ਸਵਾਗਤੀ ਭਾਸ਼ਣ ਦੇਣਗੇ।
ਇਸ ਸਮਾਗਮ ਵਿੱਚ ਦੇਸ਼ ਭਰ ਦੇ ਸਕੂਲੀ ਬੱਚੇ, ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਪ੍ਰਾਪਤ ਕਰਨ ਵਾਲੇ ਅਤੇ ਹੋਰ ਪਤਵੰਤੇ ਵਿਅਕਤੀ ਹਿੱਸਾ ਲੈਣਗੇ। ਭਾਰਤ ਦੀ ਖ਼ੁਸ਼ਹਾਲ ਸਭਿਅਤਾ ਵਿਰਾਸਤ ਅਤੇ ਬਹਾਦਰੀ ਦੀ ਭਾਵਨਾ ਨੂੰ ਪ੍ਰਦਰਸ਼ਿਤ ਕਰਨ ਵਾਲੀਆਂ ਸਭਿਆਚਾਰਕ ਪੇਸ਼ਕਾਰੀਆਂ ਸਮਾਗਮ ਦਾ ਪ੍ਰਮੁੱਖ ਹਿੱਸਾ ਹੋਣਗੀਆਂ।
ਵੀਰ ਬਾਲ ਦਿਵਸ 2025 ਦੇ ਇਸ ਰਾਸ਼ਟਰੀ ਪੱਧਰ ਦੇ ਸਮਾਗਮ ਦਾ 26 ਦਸੰਬਰ, 2025 ਨੂੰ ਦੁਪਹਿਰ 12:30 ਵਜੇ ਤੋਂ ਐੱਨਆਈਸੀ ਵੈੱਬਕਾਸਟ, ਡੀਡੀ ਨਿਊਜ਼ ਅਤੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੇ ਯੂਟਿਊਬ ਚੈਨਲ ’ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ, ਜਿਸ ਨਾਲ ਦੇਸ਼ ਭਰ ਵਿੱਚ ਵਿਆਪਕ ਭਾਗੀਦਾਰੀ ਯਕੀਨੀ ਹੋ ਸਕੇਗੀ।
**********
ਐੱਸਐੱਸ/ ਪੀਸੀ
(Release ID: 2208758)
ਵਿਜ਼ੀਟਰ ਕਾਊਂਟਰ : 33