ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੂਜੇ ਡਬਲਿਊਐੱਚਓ ਵਿਸ਼ਵ ਰਵਾਇਤੀ ਚਿਕਿਤਸਾ ਸੰਮੇਲਨ ਦੇ ਸਮਾਪਤੀ ਸਮਾਗਮ ਨੂੰ ਸੰਬੋਧਨ ਕੀਤਾ
ਇਹ ਭਾਰਤ ਲਈ ਵੱਡੇ ਭਾਗਾਂ ਵਾਲੀ ਅਤੇ ਮਾਣ ਵਾਲੀ ਗੱਲ ਹੈ ਕਿ ਡਬਲਿਊਐੱਚਓ ਦਾ ਵਿਸ਼ਵ ਰਵਾਇਤੀ ਚਿਕਿਤਸਾ ਕੇਂਦਰ ਜਾਮਨਗਰ ਵਿੱਚ ਸਥਾਪਿਤ ਕੀਤਾ ਗਿਆ ਹੈ: ਪ੍ਰਧਾਨ ਮੰਤਰੀ
ਯੋਗ ਨੇ ਪੂਰੀ ਦੁਨੀਆ ਵਿੱਚ ਮਨੁੱਖਤਾ ਨੂੰ ਸਿਹਤ, ਸੰਤੁਲਨ ਅਤੇ ਤਾਲਮੇਲ ਵਾਲਾ ਜੀਵਨ ਜਿਊਣ ਦਾ ਰਾਹ ਦਿਖਾਇਆ ਹੈ: ਪ੍ਰਧਾਨ ਮੰਤਰੀ
ਭਾਰਤ ਦੀ ਪਹਿਲ ਅਤੇ 175 ਤੋਂ ਵੱਧ ਦੇਸ਼ਾਂ ਦੇ ਸਹਿਯੋਗ ਸਦਕਾ ਸੰਯੁਕਤ ਰਾਸ਼ਟਰ ਨੇ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਐਲਾਨਿਆ; ਬੀਤੇ ਵਰ੍ਹਿਆਂ ਵਿੱਚ ਯੋਗ ਦੁਨੀਆ ਭਰ ਵਿੱਚ ਫੈਲ ਗਿਆ ਅਤੇ ਦੁਨੀਆ ਦੇ ਹਰ ਕੋਨੇ ਵਿੱਚ ਜੀਵਨ ਨਾਲ ਜੁੜ ਗਿਆ ਹੈ: ਪ੍ਰਧਾਨ ਮੰਤਰੀ
ਦਿੱਲੀ ਵਿੱਚ ਡਬਲਿਊਐੱਚਓ ਦੇ ਦੱਖਣ-ਪੂਰਬੀ ਏਸ਼ੀਆ ਖੇਤਰੀ ਦਫ਼ਤਰ ਦਾ ਉਦਘਾਟਨ ਇੱਕ ਹੋਰ ਅਹਿਮ ਪ੍ਰਾਪਤੀ ਹੈ; ਭਾਰਤ ਵੱਲੋਂ ਇੱਕ ਨਿਮਾਣੇ ਤੋਹਫ਼ੇ ਵਜੋਂ ਪੇਸ਼ ਕੀਤਾ ਗਿਆ ਇਹ ਵਿਸ਼ਵ ਪੱਧਰੀ ਕੇਂਦਰ ਖੋਜ ਨੂੰ ਹੁਲਾਰਾ ਦੇਵੇਗਾ, ਨਿਯਮਾਂ ਨੂੰ ਮਜ਼ਬੂਤ ਕਰੇਗਾ ਤੇ ਸਮਰੱਥਾ ਨਿਰਮਾਣ ਨੂੰ ਉਤਸ਼ਾਹਿਤ ਕਰੇਗਾ: ਪ੍ਰਧਾਨ ਮੰਤਰੀ
ਆਯੁਰਵੇਦ ਸਿਖਾਉਂਦਾ ਹੈ ਕਿ ਸੰਤੁਲਨ ਹੀ ਸਿਹਤ ਦਾ ਅਸਲ ਤੱਤ ਹੈ, ਜਦੋਂ ਸਰੀਰ ਇਸ ਸੰਤੁਲਨ ਨੂੰ ਕਾਇਮ ਰੱਖਦਾ ਹੈ, ਉਦੋਂ ਹੀ ਵਿਅਕਤੀ ਨੂੰ ਅਸਲ ਵਿੱਚ ਤੰਦਰੁਸਤ ਮੰਨਿਆ ਜਾ ਸਕਦਾ ਹੈ: ਪ੍ਰਧਾਨ ਮੰਤਰੀ
ਸੰਤੁਲਨ ਕਾਇਮ ਰੱਖਣਾ ਹੁਣ ਸਿਰਫ਼ ਵਿਸ਼ਵ ਪੱਧਰੀ ਚਿੰਤਾ ਨਹੀਂ ਰਹਿ ਗਈ—ਇਹ ਵਿਸ਼ਵ ਪੱਧਰੀ ਐਮਰਜੈਂਸੀ ਬਣ ਚੁੱਕੀ ਹੈ ਅਤੇ ਇਸ ਨਾਲ ਨਜਿੱਠਣ ਲਈ ਸਾਨੂੰ ਤੇਜ਼ ਗਤੀ ਅਤੇ ਪੱਕੇ ਇਰਾਦੇ ਨਾਲ ਕੰਮ ਕਰਨਾ ਪਵੇਗਾ: ਪ੍ਰਧਾਨ ਮੰਤਰੀ
ਸਰੀਰਕ ਮੁਸ਼ੱਕਤ ਤੋਂ ਬਿਨਾਂ ਸਾਧਨਾਂ ਅਤੇ ਸਹੂਲਤਾਂ ਦੀ ਵਧਦੀ ਉਪਲਬਧਤਾ ਮਨੁੱਖੀ ਸਿਹਤ ਲਈ ਅਣਕਿਆਸੀਆਂ ਚੁਣੌਤੀਆਂ ਪੈਦਾ ਕਰ ਰਹੀ ਹੈ: ਪ੍ਰਧਾਨ ਮੰਤਰੀ
ਰਵਾਇਤੀ ਸਿਹਤ ਸੰਭਾਲ ਨੂੰ ਫੌਰੀ ਲੋੜਾਂ ਤੋਂ ਅੱਗੇ ਦੇਖਣਾ ਪਵੇਗਾ, ਭਵਿੱਖ ਦੀ ਤਿਆਰੀ ਕਰਨਾ ਵੀ ਸਾਡੀ ਸਾਂਝੀ ਜ਼ਿੰਮੇਵਾਰੀ ਹੈ: ਪ੍ਰਧਾਨ ਮੰਤਰੀ
प्रविष्टि तिथि:
19 DEC 2025 7:07PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ 'ਭਾਰਤ ਮੰਡਪਮ' ਵਿੱਚ ਦੂਜੇ ਡਬਲਿਊਐੱਚਓ ਵਿਸ਼ਵ ਰਵਾਇਤੀ ਚਿਕਿਤਸਾ ਸੰਮੇਲਨ ਦੇ ਸਮਾਪਤੀ ਸਮਾਗਮ ਨੂੰ ਸੰਬੋਧਨ ਕੀਤਾ। ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਤਿੰਨ ਦਿਨਾਂ ਵਿੱਚ ਰਵਾਇਤੀ ਚਿਕਿਤਸਾ ਦੇ ਖੇਤਰ ਨਾਲ ਜੁੜੇ ਦੁਨੀਆ ਭਰ ਦੇ ਮਾਹਿਰਾਂ ਨੇ ਗੰਭੀਰ ਅਤੇ ਸਾਰਥਕ ਚਰਚਾ ਕੀਤੀ ਹੈ। ਉਨ੍ਹਾਂ ਨੇ ਇਸ ਗੱਲ 'ਤੇ ਖ਼ੁਸ਼ੀ ਜ਼ਾਹਰ ਕੀਤੀ ਕਿ ਇਸ ਮਕਸਦ ਲਈ ਭਾਰਤ ਮਜ਼ਬੂਤ ਮੰਚ ਵਜੋਂ ਕੰਮ ਕਰ ਰਿਹਾ ਹੈ ਅਤੇ ਇਸ ਪ੍ਰਕਿਰਿਆ ਵਿੱਚ ਡਬਲਿਊਐੱਚਓ ਦੀ ਸਰਗਰਮ ਭੂਮਿਕਾ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਸਫਲਤਾਪੂਰਵਕ ਸੰਮੇਲਨ ਕਰਵਾਉਣ ਲਈ ਡਬਲਿਊਐੱਚਓ, ਆਯੁਸ਼ ਮੰਤਰਾਲਾ, ਭਾਰਤ ਸਰਕਾਰ ਅਤੇ ਸਾਰੇ ਹਾਜ਼ਰ ਪ੍ਰਤੀਨਿਧੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਪ੍ਰਧਾਨ ਮੰਤਰੀ ਨੇ ਕਿਹਾ, “ਇਹ ਭਾਰਤ ਲਈ ਵੱਡੇ ਭਾਗਾਂ ਵਾਲੀ ਅਤੇ ਮਾਣ ਵਾਲੀ ਗੱਲ ਹੈ ਕਿ ਡਬਲਿਊਐੱਚਓ ਦਾ ਵਿਸ਼ਵ ਰਵਾਇਤੀ ਚਿਕਿਤਸਾ ਕੇਂਦਰ ਜਾਮਨਗਰ ਵਿੱਚ ਸਥਾਪਿਤ ਕੀਤਾ ਗਿਆ ਹੈ।” ਉਨ੍ਹਾਂ ਯਾਦ ਕੀਤਾ ਕਿ 2022 ਵਿੱਚ ਪਹਿਲੇ ਰਵਾਇਤੀ ਚਿਕਿਤਸਾ ਸੰਮੇਲਨ ਦੌਰਾਨ ਦੁਨੀਆ ਨੇ ਵੱਡਾ ਭਰੋਸਾ ਪ੍ਰਗਟਾਉਂਦਿਆਂ ਭਾਰਤ ਨੂੰ ਇਹ ਜ਼ਿੰਮੇਵਾਰੀ ਸੌਂਪੀ ਸੀ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਸਾਰਿਆਂ ਲਈ ਖ਼ੁਸ਼ੀ ਦੀ ਗੱਲ ਹੈ ਕਿ ਕੇਂਦਰ ਦਾ ਮਾਣ ਅਤੇ ਪ੍ਰਭਾਵ ਵਿਸ਼ਵ ਪੱਧਰ 'ਤੇ ਵਧ ਰਿਹਾ ਹੈ ਅਤੇ ਇਸ ਸੰਮੇਲਨ ਦੀ ਸਫਲਤਾ ਇਸ ਦੀ ਸਭ ਤੋਂ ਵੱਡੀ ਮਿਸਾਲ ਹੈ। ਉਨ੍ਹਾਂ ਕਿਹਾ ਕਿ ਸੰਮੇਲਨ ਵਿੱਚ ਰਵਾਇਤੀ ਗਿਆਨ ਅਤੇ ਆਧੁਨਿਕ ਤਰੀਕਿਆਂ ਦਾ ਸੁਮੇਲ ਹੋ ਰਿਹਾ ਹੈ ਅਤੇ ਇੱਥੇ ਕਈ ਨਵੀਂਆਂ ਪਹਿਲਕਦਮੀਆਂ ਸ਼ੁਰੂ ਕੀਤੀਆਂ ਗਈਆਂ ਹਨ, ਜੋ ਮੈਡੀਕਲ ਸਾਇੰਸ ਅਤੇ ਸਮੁੱਚੀ ਸਿਹਤ ਦੇ ਭਵਿੱਖ ਨੂੰ ਬਦਲ ਸਕਦੀਆਂ ਹਨ। ਉਨ੍ਹਾਂ ਜ਼ੋਰ ਦਿੱਤਾ ਕਿ ਸੰਮੇਲਨ ਨੇ ਸਿਹਤ ਮੰਤਰੀਆਂ ਅਤੇ ਵੱਖ-ਵੱਖ ਦੇਸ਼ਾਂ ਦੇ ਨੁਮਾਇੰਦਿਆਂ ਵਿਚਾਲੇ ਗੱਲਬਾਤ ਨੂੰ ਹੁਲਾਰਾ ਦਿੱਤਾ ਹੈ, ਜਿਸ ਨੇ ਸਾਂਝੀ ਖੋਜ ਉਤਸ਼ਾਹਿਤ ਕਰਨ, ਨਿਯਮ ਸਰਲ ਬਣਾਉਣ ਅਤੇ ਸਿਖਲਾਈ ਦਾ ਪੱਧਰ ਉੱਚਾ ਚੁੱਕਣ ਤੇ ਗਿਆਨ ਸਾਂਝਾ ਕਰਨ ਲਈ ਨਵੇਂ ਰਾਹ ਖੋਲ੍ਹੇ ਹਨ। ਪ੍ਰਧਾਨ ਮੰਤਰੀ ਨੇ ਉਭਾਰਿਆ ਕਿ ਇਸ ਤਰ੍ਹਾਂ ਦਾ ਸਹਿਯੋਗ ਭਵਿੱਖ ਵਿੱਚ ਰਵਾਇਤੀ ਚਿਕਿਤਸਾ ਨੂੰ ਜ਼ਿਆਦਾ ਸੁਰੱਖਿਅਤ ਅਤੇ ਭਰੋਸੇਮੰਦ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ।
ਸ਼੍ਰੀ ਮੋਦੀ ਨੇ ਕਿਹਾ ਕਿ ਸੰਮੇਲਨ ਦੌਰਾਨ ਕਈ ਅਹਿਮ ਮੁੱਦਿਆਂ 'ਤੇ ਬਣੀ ਆਮ ਸਹਿਮਤੀ, ਆਲਮੀ ਭਾਈਵਾਲੀ ਦੀ ਤਾਕਤ ਦਰਸਾਉਂਦੀ ਹੈ। ਖੋਜ ਮਜ਼ਬੂਤ ਕਰਨਾ, ਰਵਾਇਤੀ ਚਿਕਿਤਸਾ ਦੇ ਖੇਤਰ ਵਿੱਚ ਡਿਜੀਟਲ ਤਕਨੀਕ ਦੀ ਵਰਤੋਂ ਵਧਾਉਣਾ ਅਤੇ ਅਜਿਹੇ ਰੈਗੂਲੇਟਰੀ ਢਾਂਚੇ ਬਣਾਉਣਾ, ਜਿਨ੍ਹਾਂ 'ਤੇ ਪੂਰੀ ਦੁਨੀਆ ਵਿੱਚ ਭਰੋਸਾ ਕੀਤਾ ਜਾ ਸਕੇ, ਰਵਾਇਤੀ ਚਿਕਿਤਸਾ ਨੂੰ ਬਹੁਤ ਮਜ਼ਬੂਤ ਬਣਾਏਗਾ। ਉਨ੍ਹਾਂ ਜ਼ਿਕਰ ਕੀਤਾ ਕਿ ਐਕਸਪੋ ਵਿੱਚ ਡਿਜੀਟਲ ਸਿਹਤ ਤਕਨੀਕ, ਏਆਈ-ਆਧਾਰਿਤ ਉਪਕਰਨ, ਖੋਜ ਨਵੀਨਤਾ ਅਤੇ ਆਧੁਨਿਕ ਸਿਹਤ ਢਾਂਚਾ ਪ੍ਰਦਰਸ਼ਿਤ ਕੀਤੇ ਗਏ, ਜੋ ਪਰੰਪਰਾ ਅਤੇ ਤਕਨੀਕ ਦੇ ਨਵੇਂ ਸਹਿਯੋਗ ਨੂੰ ਦਰਸਾਉਂਦੇ ਹਨ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਜਦੋਂ ਪਰੰਪਰਾ ਅਤੇ ਤਕਨੀਕ ਇਕਜੁੱਟ ਹੁੰਦੀਆਂ ਹਨ, ਤਾਂ ਵਿਸ਼ਵ ਸਿਹਤ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੀ ਸਮਰੱਥਾ ਕਾਫ਼ੀ ਵੱਧ ਜਾਂਦੀ ਹੈ, ਇਸ ਲਈ ਇਹ ਸੰਮੇਲਨ ਆਲਮੀ ਨਜ਼ਰੀਏ ਤੋਂ ਬਹੁਤ ਮਹੱਤਵਪੂਰਨ ਹੈ।
ਪ੍ਰਧਾਨ ਮੰਤਰੀ ਨੇ ਕਿਹਾ, “ਯੋਗ ਰਵਾਇਤੀ ਚਿਕਿਤਸਾ ਪ੍ਰਣਾਲੀ ਦਾ ਅਟੁੱਟ ਅੰਗ ਹੈ ਅਤੇ ਇਸ ਨੇ ਪੂਰੀ ਦੁਨੀਆ ਨੂੰ ਸਿਹਤ, ਸੰਤੁਲਨ ਅਤੇ ਤਾਲਮੇਲ ਦਾ ਰਾਹ ਦਿਖਾਇਆ ਹੈ।” ਉਨ੍ਹਾਂ ਯਾਦ ਦੁਆਇਆ ਕਿ ਭਾਰਤ ਦੀਆਂ ਕੋਸ਼ਿਸ਼ਾਂ ਅਤੇ 175 ਤੋਂ ਵੱਧ ਦੇਸ਼ਾਂ ਦੇ ਸਮਰਥਨ ਨਾਲ ਸੰਯੁਕਤ ਰਾਸ਼ਟਰ ਨੇ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਐਲਾਨਿਆ। ਸ਼੍ਰੀ ਮੋਦੀ ਨੇ ਜ਼ਿਕਰ ਕੀਤਾ ਕਿ ਹਾਲ ਦੇ ਵਰ੍ਹਿਆਂ ਵਿੱਚ ਯੋਗ ਦੁਨੀਆ ਦੇ ਹਰ ਕੋਨੇ ਤੱਕ ਪਹੁੰਚ ਗਿਆ ਹੈ। ਉਨ੍ਹਾਂ ਹਰ ਉਸ ਵਿਅਕਤੀ ਦੀ ਸ਼ਲਾਘਾ ਕੀਤੀ, ਜਿਸ ਨੇ ਯੋਗ ਦੇ ਪ੍ਰਚਾਰ ਅਤੇ ਵਿਕਾਸ ਵਿੱਚ ਅਹਿਮ ਯੋਗਦਾਨ ਪਾਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਅੱਜ ਕੁਝ ਨਾਮਵਰ ਸ਼ਖ਼ਸੀਅਤਾਂ ਨੂੰ ਪ੍ਰਧਾਨ ਮੰਤਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ, ਜਿਨ੍ਹਾਂ ਨੂੰ ਇੱਕ ਵੱਕਾਰੀ ਜਿਊਰੀ ਵੱਲੋਂ ਸਖ਼ਤ ਪ੍ਰਕਿਰਿਆ ਰਾਹੀਂ ਚੁਣਿਆ ਗਿਆ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਪੁਰਸਕਾਰ ਜੇਤੂ ਯੋਗ ਪ੍ਰਤੀ ਸਮਰਪਣ, ਅਨੁਸ਼ਾਸਨ ਅਤੇ ਉਮਰ ਭਰ ਦੀ ਵਚਨਬੱਧਤਾ ਦੇ ਪ੍ਰਤੀਕ ਹਨ ਅਤੇ ਉਨ੍ਹਾਂ ਦਾ ਜੀਵਨ ਸਾਰਿਆਂ ਲਈ ਪ੍ਰੇਰਨਾ ਦਾ ਸਰੋਤ ਹੈ। ਪ੍ਰਧਾਨ ਮੰਤਰੀ ਨੇ ਸ਼ੁਭਕਾਮਨਾਵਾਂ ਅਤੇ ਵਧਾਈ ਦਿੰਦਿਆਂ ਸਨਮਾਨਿਤ ਪੁਰਸਕਾਰ ਜੇਤੂਆਂ ਦੀ ਸ਼ਲਾਘਾ ਕੀਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਦੇਖ ਕੇ ਖ਼ੁਸ਼ੀ ਹੋਈ ਕਿ ਇਸ ਸੰਮੇਲਨ ਦੇ ਨਤੀਜਿਆਂ ਨੂੰ ਪੱਕੇ ਤੌਰ 'ਤੇ ਲਾਗੂ ਕਰਨ ਲਈ ਕਈ ਮਹੱਤਵਪੂਰਨ ਕਦਮ ਚੁੱਕੇ ਗਏ ਹਨ। ਉਨ੍ਹਾਂ ਨੇ 'ਰਵਾਇਤੀ ਚਿਕਿਤਸਾ ਗਲੋਬਲ ਲਾਇਬ੍ਰੇਰੀ' ਦੀ ਸ਼ੁਰੂਆਤ ਨੂੰ ਆਲਮੀ ਮੰਚ ਵਜੋਂ ਉਭਾਰਿਆ, ਜੋ ਰਵਾਇਤੀ ਚਿਕਿਤਸਾ ਨਾਲ ਸਬੰਧਤ ਵਿਗਿਆਨਕ ਡੇਟਾ ਅਤੇ ਨੀਤੀਗਤ ਦਸਤਾਵੇਜ਼ਾਂ ਨੂੰ ਇੱਕ ਹੀ ਥਾਂ 'ਤੇ ਸੰਭਾਲੇਗਾ। ਸ਼੍ਰੀ ਮੋਦੀ ਨੇ ਜ਼ੋਰ ਦਿੱਤਾ ਕਿ ਇਹ ਪਹਿਲ ਉਪਯੋਗੀ ਜਾਣਕਾਰੀ ਨੂੰ ਬਰਾਬਰ ਰੂਪ ਵਿੱਚ ਹਰ ਦੇਸ਼ ਤੱਕ ਪਹੁੰਚਾਉਣਾ ਆਸਾਨ ਬਣਾਏਗੀ। ਉਨ੍ਹਾਂ ਯਾਦ ਦੁਆਇਆ ਕਿ ਇਸ ਲਾਇਬ੍ਰੇਰੀ ਦਾ ਐਲਾਨ ਭਾਰਤ ਦੀ ਜੀ-20 ਪ੍ਰਧਾਨਗੀ ਦੌਰਾਨ ਪਹਿਲੇ ਡਬਲਿਊਐੱਚਓ ਗਲੋਬਲ ਸੰਮੇਲਨ ਵਿੱਚ ਕੀਤਾ ਗਿਆ ਸੀ ਅਤੇ ਅੱਜ ਉਹ ਵਚਨਬੱਧਤਾ ਸਾਕਾਰ ਹੋ ਗਈ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਵੱਖ-ਵੱਖ ਦੇਸ਼ਾਂ ਦੇ ਸਿਹਤ ਮੰਤਰੀਆਂ ਨੇ ਆਲਮੀ ਭਾਈਵਾਲੀ ਦੀ ਸ਼ਾਨਦਾਰ ਮਿਸਾਲ ਪੇਸ਼ ਕੀਤੀ ਹੈ, ਭਾਈਵਾਲਾਂ ਦੀ ਮਿਆਰ, ਸੁਰੱਖਿਆ ਅਤੇ ਨਿਵੇਸ਼ ਵਰਗੇ ਮੁੱਦਿਆਂ 'ਤੇ ਚਰਚਾ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਗੱਲਬਾਤ ਨੇ 'ਦਿੱਲੀ ਘੋਸ਼ਣਾ' ਦਾ ਰਾਹ ਪੱਧਰਾ ਕੀਤਾ ਹੈ, ਜੋ ਆਉਣ ਵਾਲੇ ਸਾਲਾਂ ਲਈ ਸਾਂਝੇ ਰੋਡਮੈਪ ਵਜੋਂ ਕੰਮ ਕਰੇਗਾ। ਸ਼੍ਰੀ ਮੋਦੀ ਨੇ ਵੱਖ-ਵੱਖ ਦੇਸ਼ਾਂ ਦੇ ਵਿਸ਼ੇਸ਼ ਮੰਤਰੀਆਂ ਦੀਆਂ ਸਾਂਝੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ।
ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਅੱਜ ਦਿੱਲੀ ਵਿੱਚ ਡਬਲਿਊਐੱਚਓ ਦੇ ਦੱਖਣ-ਪੂਰਬੀ ਏਸ਼ੀਆ ਖੇਤਰੀ ਦਫ਼ਤਰ ਦਾ ਉਦਘਾਟਨ ਵੀ ਕੀਤਾ ਗਿਆ, ਇਸ ਨੂੰ ਭਾਰਤ ਦਾ ਨਿਮਾਣਾ ਤੋਹਫ਼ਾ ਦੱਸਿਆ। ਉਨ੍ਹਾਂ ਜ਼ੋਰ ਦਿੱਤਾ ਕਿ ਇਹ ਦਫ਼ਤਰ ਖੋਜ, ਨਿਯਮਾਂ ਅਤੇ ਸਮਰੱਥਾ ਨਿਰਮਾਣ ਨੂੰ ਹੁਲਾਰਾ ਦੇਣ ਲਈ ਵਿਸ਼ਵ ਪੱਧਰੀ ਕੇਂਦਰ ਵਜੋਂ ਕੰਮ ਕਰੇਗਾ।
ਪ੍ਰਧਾਨ ਮੰਤਰੀ ਮੋਦੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਭਾਰਤ ਦੁਨੀਆ ਭਰ ਵਿੱਚ ਇਲਾਜ ਸਬੰਧੀ ਭਾਈਵਾਲੀਆਂ 'ਤੇ ਧਿਆਨ ਕੇਂਦਰਿਤ ਕਰ ਰਿਹਾ ਹੈ। ਉਨ੍ਹਾਂ ਨੇ ਦੋ ਅਹਿਮ ਸਹਿਯੋਗਾਂ ਨੂੰ ਸਾਂਝਾ ਕੀਤਾ, ਪਹਿਲਾ ਬਿਮਸਟੈਕ ਦੇਸ਼ਾਂ ਲਈ ਉੱਤਮਤਾ ਕੇਂਦਰ ਦੀ ਸਥਾਪਨਾ ਹੈ, ਜੋ ਦੱਖਣ ਅਤੇ ਦੱਖਣ-ਪੂਰਬੀ ਏਸ਼ੀਆ ਨੂੰ ਕਵਰ ਕਰਦਾ ਹੈ, ਅਤੇ ਦੂਜਾ ਜਪਾਨ ਨਾਲ ਸਹਿਯੋਗ ਹੈ, ਜਿਸ ਦਾ ਉਦੇਸ਼ ਵਿਗਿਆਨ, ਰਵਾਇਤੀ ਤਰੀਕਿਆਂ ਅਤੇ ਸਿਹਤ ਨੂੰ ਇਕਜੁੱਟ ਕਰਨਾ ਹੈ।
ਪ੍ਰਧਾਨ ਮੰਤਰੀ ਨੇ ਇਸ ਸੰਮੇਲਨ ਦੇ ਵਿਸ਼ੇ, 'ਸੰਤੁਲਨ ਕਾਇਮ ਕਰਨਾ: ਸਿਹਤ ਅਤੇ ਤੰਦਰੁਸਤੀ ਦਾ ਵਿਗਿਆਨ ਅਤੇ ਅਭਿਆਸ,' ਨੂੰ ਉਭਾਰਦਿਆਂ ਕਿਹਾ ਕਿ ਇਹ ਸਮੁੱਚੀ ਸਿਹਤ ਦਾ ਮੁੱਢਲਾ ਵਿਚਾਰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਆਯੁਰਵੇਦ ਵਿੱਚ ਸੰਤੁਲਨ ਨੂੰ ਸਿਹਤ ਦੇ ਬਰਾਬਰ ਮੰਨਿਆ ਜਾਂਦਾ ਹੈ ਅਤੇ ਸਿਰਫ਼ ਉਹੀ ਲੋਕ ਸੱਚਮੁੱਚ ਤੰਦਰੁਸਤ ਹੁੰਦੇ ਹਨ, ਜਿਨ੍ਹਾਂ ਦੇ ਸਰੀਰ ਇਸ ਸੰਤੁਲਨ ਨੂੰ ਕਾਇਮ ਰੱਖਦੇ ਹਨ। ਉਨ੍ਹਾਂ ਨੇ ਇਹ ਵੀ ਇਸ਼ਾਰਾ ਕੀਤਾ ਕਿ ਅੱਜ ਸ਼ੂਗਰ, ਦਿਲ ਦਾ ਦੌਰਾ ਤੇ ਡਿਪਰੈਸ਼ਨ ਤੋਂ ਲੈ ਕੇ ਕੈਂਸਰ ਵਰਗੀਆਂ ਬਿਮਾਰੀਆਂ ਦਾ ਮੂਲ ਕਾਰਨ ਅਕਸਰ ਜੀਵਨ-ਸ਼ੈਲੀ ਅਤੇ ਅਸੰਤੁਲਨ ਹਨ, ਜਿਸ ਵਿੱਚ ਕੰਮ-ਕਾਜ ਤੇ ਜੀਵਨ ਦਾ ਅਸੰਤੁਲਨ, ਖੁਰਾਕੀ ਅਸੰਤੁਲਨ, ਨੀਂਦ ਦਾ ਅਸੰਤੁਲਨ, ਅੰਤੜੀਆਂ ਦੇ ਮਾਈਕ੍ਰੋਬਾਇਓਮ ਦਾ ਅਸੰਤੁਲਨ, ਕੈਲੋਰੀ ਅਸੰਤੁਲਨ ਅਤੇ ਭਾਵਨਾਤਮਕ ਅਸੰਤੁਲਨ ਸ਼ਾਮਲ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਈ ਆਲਮੀ ਸਿਹਤ ਚੁਣੌਤੀਆਂ ਇਨ੍ਹਾਂ ਅਸੰਤੁਲਨਾਂ ਤੋਂ ਪੈਦਾ ਹੋ ਰਹੀਆਂ ਹਨ ਅਤੇ ਅਧਿਐਨ ਤੇ ਡੇਟਾ ਇਸ ਦੀ ਪੁਸ਼ਟੀ ਕਰ ਰਹੇ ਹਨ। ਸਿਹਤ ਮਾਹਿਰ ਇਸ ਨੂੰ ਹੋਰ ਵੀ ਬਿਹਤਰ ਸਮਝਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਤੁਲਨ ਬਣਾਉਣਾ ਸਿਰਫ਼ ਵਿਸ਼ਵ-ਵਿਆਪੀ ਚਿੰਤਾ ਨਹੀਂ ਸਗੋਂ ਇੱਕ ਆਲਮੀ ਐਮਰਜੈਂਸੀ ਹੈ। ਉਨ੍ਹਾਂ ਨੇ ਇਸ ਨਾਲ ਨਜਿੱਠਣ ਲਈ ਤੇਜ਼ ਕਦਮ ਚੁੱਕਣ ਦਾ ਸੱਦਾ ਦਿੱਤਾ।
21ਵੀਂ ਸਦੀ ਵਿੱਚ ਜੀਵਨ ਵਿੱਚ ਸੰਤੁਲਨ ਬਣਾਈ ਰੱਖਣ ਦੀ ਚੁਣੌਤੀ ਹੋਰ ਵੀ ਵੱਡੀ ਹੋਣ ਵਾਲੀ ਹੈ, ਇਸ ਗੱਲ ਨੂੰ ਉਭਾਰਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਏਆਈ ਅਤੇ ਰੋਬੋਟਿਕਸ ਦੇ ਨਾਲ ਨਵੇਂ ਤਕਨੀਕੀ ਯੁੱਗ ਦਾ ਆਗਾਜ਼ ਮਨੁੱਖੀ ਇਤਿਹਾਸ ਵਿੱਚ ਸਭ ਤੋਂ ਵੱਡਾ ਬਦਲਾਅ ਪੇਸ਼ ਕਰਦਾ ਹੈ ਅਤੇ ਆਉਣ ਵਾਲੇ ਸਾਲਾਂ ਵਿੱਚ ਜੀਵਨ-ਸ਼ੈਲੀ ਅਨੋਖੇ ਢੰਗਾਂ ਨਾਲ ਬਦਲ ਜਾਵੇਗੀ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਜੀਵਨ ਸ਼ੈਲੀ ਵਿੱਚ ਅਜਿਹੇ ਅਚਾਨਕ ਬਦਲਾਅ ਅਤੇ ਸਰੀਰਕ ਮੁਸ਼ੱਕਤ ਤੋਂ ਬਿਨਾਂ ਸਾਧਨਾਂ ਤੇ ਸਹੂਲਤਾਂ ਦੀ ਉਪਲਬਧਤਾ, ਮਨੁੱਖੀ ਸਰੀਰ ਲਈ ਅਣਕਿਆਸੀਆਂ ਚੁਣੌਤੀਆਂ ਪੈਦਾ ਕਰੇਗੀ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਰਵਾਇਤੀ ਸਿਹਤ ਸੰਭਾਲ ਨੂੰ ਸਿਰਫ਼ ਅਜੋਕੇ ਸਮੇਂ ਦੀਆਂ ਲੋੜਾਂ ਦਾ ਹੀ ਨਹੀਂ ਸਗੋਂ ਭਵਿੱਖ ਦੀਆਂ ਜ਼ਿੰਮੇਵਾਰੀਆਂ ਦਾ ਵੀ ਹੱਲ ਕਰਨਾ ਚਾਹੀਦਾ ਹੈ, ਜੋ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਰਵਾਇਤੀ ਚਿਕਿਤਸਾ 'ਤੇ ਚਰਚਾ ਹੁੰਦੀ ਹੈ, ਤਾਂ ਸੁਭਾਵਿਕ ਤੌਰ 'ਤੇ ਸੁਰੱਖਿਆ ਅਤੇ ਸਬੂਤਾਂ ਨਾਲ ਸਬੰਧਤ ਸਵਾਲ ਉੱਠਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਇਸ ਦਿਸ਼ਾ ਵਿੱਚ ਲਗਾਤਾਰ ਕੰਮ ਕਰ ਰਿਹਾ ਹੈ। ਉਨ੍ਹਾਂ ਜ਼ਿਕਰ ਕੀਤਾ ਕਿ ਇਸ ਸੰਮੇਲਨ ਦੌਰਾਨ ਅਸ਼ਵਗੰਧਾ ਦੀ ਮਿਸਾਲ ਪੇਸ਼ ਕੀਤੀ ਗਈ। ਉਨ੍ਹਾਂ ਜ਼ੋਰ ਦਿੱਤਾ ਕਿ ਸਦੀਆਂ ਤੋਂ ਅਸ਼ਵਗੰਧਾ ਭਾਰਤ ਦੀਆਂ ਰਵਾਇਤੀ ਚਿਕਿਤਸਾ ਪ੍ਰਣਾਲੀਆਂ ਵਿੱਚ ਵਰਤੀ ਜਾ ਰਹੀ ਹੈ। ਸ਼੍ਰੀ ਮੋਦੀ ਨੇ ਇਹ ਵੀ ਕਿਹਾ ਕਿ ਕੋਵਿਡ-19 ਦੌਰਾਨ ਇਸ ਦੀ ਆਲਮੀ ਮੰਗ ਤੇਜ਼ੀ ਨਾਲ ਵਧ ਗਈ ਅਤੇ ਇਸ ਦੀ ਕਈ ਦੇਸ਼ਾਂ ਵਿੱਚ ਵਰਤੋਂ ਸ਼ੁਰੂ ਹੋ ਗਈ। ਉਨ੍ਹਾਂ ਕਿਹਾ ਕਿ ਭਾਰਤ ਆਪਣੀ ਖੋਜ ਅਤੇ ਸਬੂਤ ਆਧਾਰਿਤ ਪੁਸ਼ਟੀ ਰਾਹੀਂ, ਅਸ਼ਵਗੰਧਾ ਨੂੰ ਭਰੋਸੇਯੋਗ ਢੰਗ ਨਾਲ ਅੱਗੇ ਵਧਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸੰਮੇਲਨ ਵਿੱਚ ਅਸ਼ਵਗੰਧਾ 'ਤੇ ਵਿਸ਼ੇਸ਼ ਆਲਮੀ ਚਰਚਾ ਕਰਵਾਈ ਗਈ। ਉਨ੍ਹਾਂ ਜ਼ਿਕਰ ਕੀਤਾ ਕਿ ਅੰਤਰਰਾਸ਼ਟਰੀ ਮਾਹਿਰਾਂ ਨੇ ਇਸ ਦੀ ਸੁਰੱਖਿਆ, ਗੁਣਵੱਤਾ ਅਤੇ ਵਰਤੋਂ 'ਤੇ ਡੂੰਘੀ ਵਿਚਾਰ-ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਭਰੋਸਾ ਜਤਾਇਆ ਕਿ ਭਾਰਤ ਪੂਰੀ ਤਰ੍ਹਾਂ ਵਚਨਬੱਧ ਹੈ ਕਿ ਅਜਿਹੀਆਂ ਸਮੇਂ ਦੀ ਕਸੌਟੀ 'ਤੇ ਖਰੀਆਂ ਉਤਰੀਆਂ ਜੜੀ-ਬੂਟੀਆਂ ਨੂੰ ਵਿਸ਼ਵ ਜਨਤਕ ਸਿਹਤ ਦਾ ਹਿੱਸਾ ਬਣਾਇਆ ਜਾਵੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਸਮੇਂ ਅਜਿਹੀ ਧਾਰਨਾ ਸੀ ਕਿ ਰਵਾਇਤੀ ਚਿਕਿਤਸਾ ਸਿਰਫ਼ ਸਿਹਤ ਜਾਂ ਜੀਵਨ ਸ਼ੈਲੀ ਤੱਕ ਹੀ ਸੀਮਤ ਹੈ, ਪਰ ਅੱਜ ਇਹ ਧਾਰਨਾ ਤੇਜ਼ੀ ਨਾਲ ਬਦਲ ਰਹੀ ਹੈ। ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਰਵਾਇਤੀ ਚਿਕਿਤਸਾ ਗੰਭੀਰ ਹਾਲਾਤ ਵਿੱਚ ਵੀ ਅਸਰਦਾਰ ਭੂਮਿਕਾ ਨਿਭਾ ਸਕਦੀ ਹੈ ਅਤੇ ਭਾਰਤ ਇਸ ਦ੍ਰਿਸ਼ਟੀਕੋਣ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਖ਼ੁਸ਼ੀ ਜਤਾਈ ਕਿ ਆਯੁਸ਼ ਮੰਤਰਾਲਾ ਅਤੇ ਵਿਸ਼ਵ ਸਿਹਤ ਸੰਗਠਨ-ਰਵਾਇਤੀ ਚਿਕਿਤਸਾ ਕੇਂਦਰ ਨੇ ਨਵੀਂ ਪਹਿਲ ਸ਼ੁਰੂ ਕੀਤੀ ਹੈ। ਉਨ੍ਹਾਂ ਜ਼ਿਕਰ ਕੀਤਾ ਕਿ ਦੋਵਾਂ ਨੇ ਭਾਰਤ ਵਿੱਚ ਸਮੁੱਚੀ ਕੈਂਸਰ ਦੇਖਭਾਲ ਨੂੰ ਮਜ਼ਬੂਤ ਕਰਨ ਲਈ ਸਾਂਝੇ ਯਤਨ ਕੀਤੇ ਹਨ, ਜਿਸ ਤਹਿਤ ਰਵਾਇਤੀ ਚਿਕਿਤਸਾ ਪ੍ਰਣਾਲੀਆਂ ਨੂੰ ਆਧੁਨਿਕ ਕੈਂਸਰ ਇਲਾਜ ਨਾਲ ਜੋੜਿਆ ਜਾਵੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਪਹਿਲ ਸਬੂਤ-ਆਧਾਰਿਤ ਦਿਸ਼ਾ-ਨਿਰਦੇਸ਼ ਤਿਆਰ ਕਰਨ ਵਿੱਚ ਵੀ ਮਦਦ ਕਰੇਗੀ। ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਭਾਰਤ ਵਿੱਚ ਕਈ ਮਹੱਤਵਪੂਰਨ ਸੰਸਥਾਵਾਂ ਗੰਭੀਰ ਸਿਹਤ ਸਮੱਸਿਆਵਾਂ ਜਿਵੇਂ ਕਿ ਅਨੀਮੀਆ (ਖੂਨ ਦੀ ਕਮੀ), ਗਠੀਆ ਅਤੇ ਸ਼ੂਗਰ 'ਤੇ ਕਲੀਨੀਕਲ ਅਧਿਐਨ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਕਈ ਸਟਾਰਟ-ਅੱਪਸ ਨੇ ਵੀ ਇਸ ਖੇਤਰ ਵਿੱਚ ਕਦਮ ਰੱਖਿਆ ਹੈ, ਜਿਨ੍ਹਾਂ ਵਿੱਚ ਨੌਜਵਾਨ ਊਰਜਾ ਪ੍ਰਾਚੀਨ ਪਰੰਪਰਾ ਨਾਲ ਜੁੜ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੀਆਂ ਕੋਸ਼ਿਸ਼ਾਂ ਰਾਹੀਂ ਰਵਾਇਤੀ ਚਿਕਿਤਸਾ ਸਪਸ਼ਟ ਤੌਰ 'ਤੇ ਨਵੀਆਂ ਬੁਲੰਦੀਆਂ ਤੱਕ ਪਹੁੰਚ ਰਹੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਰਵਾਇਤੀ ਚਿਕਿਤਸਾ ਇੱਕ ਫ਼ੈਸਲਾਕੁਨ ਮੋੜ 'ਤੇ ਖੜ੍ਹੀ ਹੈ। ਉਨ੍ਹਾਂ ਇਸ ਗੱਲ 'ਤੇ ਰੋਸ਼ਨੀ ਪਾਈ ਕਿ ਦੁਨੀਆ ਦੀ ਵੱਡੀ ਆਬਾਦੀ ਲੰਮੇ ਸਮੇਂ ਤੋਂ ਇਸ 'ਤੇ ਨਿਰਭਰ ਰਹੀ ਹੈ, ਪਰ ਅਥਾਹ ਸੰਭਾਵਨਾਵਾਂ ਦੇ ਬਾਵਜੂਦ ਰਵਾਇਤੀ ਚਿਕਿਤਸਾ ਨੂੰ ਉਹ ਥਾਂ ਨਹੀਂ ਮਿਲ ਸਕੀ ਜਿਸ ਦੀ ਉਹ ਅਸਲ ਵਿੱਚ ਹੱਕਦਾਰ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਰੋਸਾ ਵਿਗਿਆਨ ਰਾਹੀਂ ਹਾਸਲ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਦੀ ਪਹੁੰਚ ਨੂੰ ਹੋਰ ਵਧੇਰੇ ਵਿਆਪਕ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਜ਼ਿੰਮੇਵਾਰੀ ਕਿਸੇ ਇੱਕ ਰਾਸ਼ਟਰ ਦੀ ਨਹੀਂ, ਸਗੋਂ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ। ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਇਸ ਸੰਮੇਲਨ ਦੇ ਪਿਛਲੇ ਤਿੰਨ ਦਿਨਾਂ ਵਿੱਚ ਹੋਈ ਭਾਗੀਦਾਰੀ, ਗੱਲਬਾਤ ਅਤੇ ਵਚਨਬੱਧਤਾ ਨੇ ਇਹ ਭਰੋਸਾ ਹੋਰ ਮਜ਼ਬੂਤ ਕਰ ਦਿੱਤਾ ਹੈ ਕਿ ਦੁਨੀਆ ਇਸ ਦਿਸ਼ਾ ਵਿੱਚ ਇਕੱਠੇ ਮਿਲ ਕੇ ਅੱਗੇ ਵਧਣ ਲਈ ਤਿਆਰ ਹੈ। ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਰਵਾਇਤੀ ਚਿਕਿਤਸਾ ਨੂੰ ਭਰੋਸੇ, ਸਤਿਕਾਰ ਅਤੇ ਜ਼ਿੰਮੇਵਾਰੀ ਨਾਲ ਅੱਗੇ ਵਧਾਉਣ ਦਾ ਪ੍ਰਣ ਲੈਣ। ਉਨ੍ਹਾਂ ਇੱਕ ਵਾਰ ਫਿਰ ਸੰਮੇਲਨ ਦੀ ਸਫਲਤਾ 'ਤੇ ਸਾਰਿਆਂ ਨੂੰ ਵਧਾਈ ਦਿੱਤੀ।
ਇਸ ਸਮਾਗਮ ਵਿੱਚ ਡਬਲਿਊਐੱਚਓ ਦੇ ਡਾਇਰੈਕਟਰ ਜਨਰਲ ਡਾ. ਟੈਡਰੋਸ ਅਧਨੋਮ ਘੇਬਰੇਯੇਸਸ, ਕੇਂਦਰੀ ਮੰਤਰੀ ਸ਼੍ਰੀ ਜੇ.ਪੀ. ਨੱਡਾ, ਸ਼੍ਰੀ ਪ੍ਰਤਾਪਰਾਓ ਜਾਧਵ ਅਤੇ ਹੋਰ ਪਤਵੰਤੇ ਹਾਜ਼ਰ ਸਨ।
ਪਿਛੋਕੜ
ਦੂਜਾ ਡਬਲਿਊਐੱਚਓ ਗਲੋਬਲ ਰਵਾਇਤੀ ਚਿਕਿਤਸਾ ਸੰਮੇਲਨ ਭਾਰਤ ਦੀ ਵਧਦੀ ਅਗਵਾਈ ਅਤੇ ਆਲਮੀ, ਵਿਗਿਆਨ-ਆਧਾਰਿਤ ਤੇ ਲੋਕ-ਪੱਖੀ ਰਵਾਇਤੀ ਚਿਕਿਤਸਾ ਏਜੰਡੇ ਨੂੰ ਆਕਾਰ ਦੇਣ ਵਿੱਚ ਕੀਤੇ ਜਾ ਰਹੇ ਮੋਹਰੀ ਯਤਨਾਂ ਨੂੰ ਉਭਾਰਦਾ ਹੈ।
ਪ੍ਰਧਾਨ ਮੰਤਰੀ ਨੇ ਰਵਾਇਤੀ ਚਿਕਿਤਸਾ ਅਤੇ ਭਾਰਤੀ ਗਿਆਨ ਪ੍ਰਣਾਲੀ ਨੂੰ ਖੋਜ, ਮਿਆਰੀਕਰਨ ਅਤੇ ਆਲਮੀ ਸਹਿਯੋਗ ਰਾਹੀਂ ਮੁੱਖ ਧਾਰਾ ਵਿੱਚ ਲਿਆਉਣ 'ਤੇ ਲਗਾਤਾਰ ਜ਼ੋਰ ਦਿੱਤਾ ਹੈ। ਇਸ ਦ੍ਰਿਸ਼ਟੀਕੋਣ ਅਨੁਸਾਰ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨੇ ਕਈ ਮਹੱਤਵਪੂਰਨ ਆਯੁਸ਼ ਪਹਿਲਕਦਮੀਆਂ ਦੀ ਸ਼ੁਰੂਆਤ ਕੀਤੀ, ਜਿਨ੍ਹਾਂ ਵਿੱਚ 'ਮੇਰਾ ਆਯੁਸ਼ ਏਕੀਕ੍ਰਿਤ ਸੇਵਾ ਪੋਰਟਲ' ਸ਼ਾਮਲ ਹੈ, ਜੋ ਆਯੁਸ਼ ਖੇਤਰ ਲਈ ਪ੍ਰਮੁੱਖ ਡਿਜੀਟਲ ਪੋਰਟਲ ਹੈ। ਉਨ੍ਹਾਂ ਨੇ 'ਆਯੁਸ਼ ਚਿੰਨ੍ਹ' ਦਾ ਵੀ ਉਦਘਾਟਨ ਕੀਤਾ, ਜਿਸ ਦੀ ਕਲਪਨਾ ਆਯੁਸ਼ ਉਤਪਾਦਾਂ ਅਤੇ ਸੇਵਾਵਾਂ ਦੀ ਗੁਣਵੱਤਾ ਦੇ ਆਲਮੀ ਮਿਆਰ ਵਜੋਂ ਕੀਤੀ ਗਈ ਹੈ।
ਇਸ ਮੌਕੇ ਪ੍ਰਧਾਨ ਮੰਤਰੀ ਨੇ ਯੋਗ ਵਿੱਚ ਸਿਖਲਾਈ 'ਤੇ ਡਬਲਿਊਐੱਚਓ ਦੀ ਤਕਨੀਕੀ ਰਿਪੋਰਟ ਅਤੇ ਕਿਤਾਬ "ਜੜ੍ਹਾਂ ਤੋਂ ਆਲਮੀ ਪਹੁੰਚ ਤੱਕ: ਆਯੁਸ਼ ਵਿੱਚ ਬਦਲਾਅ ਦੇ 11 ਸਾਲ" ਜਾਰੀ ਕੀਤੀ। ਉਨ੍ਹਾਂ ਨੇ ਅਸ਼ਵਗੰਧਾ 'ਤੇ ਯਾਦਗਾਰੀ ਡਾਕ ਟਿਕਟ ਵੀ ਜਾਰੀ ਕੀਤੀ, ਜੋ ਭਾਰਤ ਦੀ ਰਵਾਇਤੀ ਔਸ਼ਧੀ ਵਿਰਾਸਤ ਦੀ ਆਲਮੀ ਗੂੰਜ ਦਾ ਪ੍ਰਤੀਕ ਹੈ।
ਪ੍ਰਧਾਨ ਮੰਤਰੀ ਨੇ ਦਿੱਲੀ ਵਿੱਚ ਨਵੇਂ ਡਬਲਿਊਐੱਚਓ-ਦੱਖਣ ਪੂਰਬੀ ਏਸ਼ੀਆ ਖੇਤਰੀ ਦਫ਼ਤਰ ਕੰਪਲੈਕਸ ਦਾ ਵੀ ਉਦਘਾਟਨ ਕੀਤਾ, ਜਿਸ ਵਿੱਚ ਡਬਲਿਊਐੱਚਓ ਦਾ ਭਾਰਤ ਦਫ਼ਤਰ ਵੀ ਹੋਵੇਗਾ, ਜੋ ਵਿਸ਼ਵ ਸਿਹਤ ਸੰਗਠਨ ਨਾਲ ਭਾਰਤ ਦੀ ਭਾਈਵਾਲੀ ਦੀ ਅਹਿਮ ਪ੍ਰਾਪਤੀ ਨੂੰ ਉਭਾਰਦਾ ਹੈ।
ਪ੍ਰਧਾਨ ਮੰਤਰੀ ਨੇ ਸਾਲ 2021–2025 ਲਈ ਯੋਗ ਦੇ ਪ੍ਰਚਾਰ ਅਤੇ ਵਿਕਾਸ ਵਿੱਚ ਸ਼ਾਨਦਾਰ ਯੋਗਦਾਨ ਲਈ ਪ੍ਰਧਾਨ ਮੰਤਰੀ ਪੁਰਸਕਾਰ ਦੇ ਜੇਤੂਆਂ ਦਾ ਸਨਮਾਨ ਕੀਤਾ। ਇਹ ਪੁਰਸਕਾਰ ਯੋਗ ਅਤੇ ਇਸ ਦੇ ਆਲਮੀ ਪ੍ਰਚਾਰ ਪ੍ਰਤੀ ਜੇਤੂਆਂ ਦੇ ਲਗਾਤਾਰ ਸਮਰਪਣ ਨੂੰ ਮਾਨਤਾ ਦਿੰਦੇ ਹਨ। ਇਹ ਪੁਰਸਕਾਰ ਸੰਤੁਲਨ, ਤੰਦਰੁਸਤੀ ਅਤੇ ਤਾਲਮੇਲ ਦੇ ਸਦੀਵੀ ਅਭਿਆਸ ਵਜੋਂ ਯੋਗ ਦੀ ਪੁਸ਼ਟੀ ਕਰਦੇ ਹਨ, ਜਿਸ ਨਾਲ ਸਿਹਤਮੰਦ ਅਤੇ ਮਜ਼ਬੂਤ ਭਾਰਤ ਵਿੱਚ ਯੋਗਦਾਨ ਮਿਲਦਾ ਹੈ।
ਪ੍ਰਧਾਨ ਮੰਤਰੀ ਨੇ 'ਰਵਾਇਤੀ ਔਸ਼ਧੀ ਖੋਜ ਸਥਾਨ' ਪ੍ਰਦਰਸ਼ਨੀ ਦਾ ਵੀ ਦੌਰਾ ਕੀਤਾ, ਜੋ ਭਾਰਤ ਅਤੇ ਦੁਨੀਆ ਭਰ ਦੇ ਰਵਾਇਤੀ ਔਸ਼ਧੀ ਗਿਆਨ ਪ੍ਰਣਾਲੀਆਂ ਦੀ ਵਿਭਿੰਨਤਾ, ਡੂੰਘਾਈ ਅਤੇ ਸਮਕਾਲੀ ਪ੍ਰਸੰਗਿਕਤਾ ਨੂੰ ਪ੍ਰਦਰਸ਼ਿਤ ਕਰਦੀ ਹੈ।
ਵਿਸ਼ਵ ਸਿਹਤ ਸੰਗਠਨ ਅਤੇ ਭਾਰਤ ਸਰਕਾਰ ਦੇ ਆਯੁਸ਼ ਮੰਤਰਾਲੇ ਵੱਲੋਂ ਸਾਂਝੇ ਤੌਰ 'ਤੇ ਇਹ ਸੰਮੇਲਨ 17 ਤੋਂ 19 ਦਸੰਬਰ 2025 ਤੱਕ ‘ਸੰਤੁਲਨ ਕਾਇਮ ਕਰਨਾ: ਸਿਹਤ ਅਤੇ ਤੰਦਰੁਸਤੀ ਦਾ ਵਿਗਿਆਨ ਅਤੇ ਅਭਿਆਸ’ ਵਿਸ਼ੇ ਤਹਿਤ ਭਾਰਤ ਮੰਡਪਮ, ਨਵੀਂ ਦਿੱਲੀ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਸੰਮੇਲਨ ਵਿੱਚ ਆਲਮੀ ਆਗੂਆਂ, ਨੀਤੀ ਘਾੜਿਆਂ, ਵਿਗਿਆਨੀਆਂ, ਡਾਕਟਰਾਂ, ਸਥਾਨਕ ਗਿਆਨ ਧਾਰਕਾਂ ਅਤੇ ਸਿਵਲ ਸੁਸਾਇਟੀ ਦੇ ਨੁਮਾਇੰਦਿਆਂ ਵਿਚਾਲੇ ਬਰਾਬਰ, ਟਿਕਾਊ ਅਤੇ ਸਬੂਤ-ਆਧਾਰਿਤ ਸਿਹਤ ਪ੍ਰਣਾਲੀ ਨੂੰ ਅੱਗੇ ਵਧਾਉਣ 'ਤੇ ਡੂੰਘੀ ਚਰਚਾ ਹੋਈ।
https://x.com/narendramodi/status/2001996854406648136
https://x.com/PMOIndia/status/2001997778357203074
https://x.com/PMOIndia/status/2001998388334920144
https://x.com/PMOIndia/status/2001998720678998218
https://x.com/PMOIndia/status/2001999467835519262
https://x.com/PMOIndia/status/2002000490092249512
https://x.com/PMOIndia/status/2002001153844973968
https://www.youtube.com/watch?v=Q5UJXQ9H__g
***
ਐੱਮਜੇਪੀਐੱਸ/ਐੱਸਆਰ
(रिलीज़ आईडी: 2207267)
आगंतुक पटल : 3
इस विज्ञप्ति को इन भाषाओं में पढ़ें:
Telugu
,
English
,
Urdu
,
हिन्दी
,
Marathi
,
Manipuri
,
Bengali
,
Assamese
,
Gujarati
,
Odia
,
Kannada
,
Malayalam
,
Malayalam