ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਨਵੀਂ ਦਿੱਲੀ ਵਿੱਚ ਆਯੋਜਿਤ ਦੂਜੇ ਵਿਸ਼ਵ ਸਿਹਤ ਸੰਗਠਨ ਵਿਸ਼ਵ ਰਵਾਇਤੀ ਚਿਕਿਤਸਾ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ

प्रविष्टि तिथि: 19 DEC 2025 8:10PM by PIB Chandigarh

ਡਬਲਿਊਐੱਚਓ ਦੇ ਡਾਇਰੈਕਟਰ ਜਨਰਲ ਸਾਡੇ ਤੁਲਸੀ ਭਾਈ, ਡਾ. ਟੇਡ੍ਰੋਸ, ਕੇਂਦਰੀ ਸਿਹਤ ਵਿੱਚ ਮੇਰੇ ਸਾਥੀ ਮੰਤਰੀ ਜੇ.ਪੀ. ਨੱਡਾ ਜੀ, ਆਯੁਸ਼ ਰਾਜ ਮੰਤਰੀ ਪ੍ਰਤਾਪਰਾਓ ਜਾਧਵ ਜੀ, ਇਸ ਆਯੋਜਨ ਨਾਲ ਜੁੜੇ ਹੋਰ ਦੇਸ਼ਾਂ ਦੇ ਸਾਰੇ ਮਾਣਯੋਗ ਮੰਤਰੀ, ਵੱਖ-ਵੱਖ ਦੇਸ਼ਾਂ ਦੇ ਮਾਣਯੋਗ ਰਾਜਦੂਤ, ਸਾਰੇ ਸਤਿਕਾਰਯੋਗ ਪ੍ਰਤੀਨਿਧੀ, ਰਵਾਇਤੀ ਚਿਕਿਤਸਾ ਖੇਤਰ ਵਿੱਚ ਕੰਮ ਕਰਨ ਵਾਲੇ ਸਾਰੇ ਪਤਵੰਤੇ, ਦੇਵੀਓ ਅਤੇ ਸੱਜਣੋ!

ਅੱਜ ਦੂਜੇ ਡਬਲਿਊਐੱਚਓ ਗਲੋਬਲ ਰਵਾਇਤੀ ਚਿਕਿਤਸਾ ਸੰਮੇਲਨ ਦਾ ਸਮਾਪਤੀ ਦਿਨ ਹੈ। ਪਿਛਲੇ ਤਿੰਨ ਦਿਨਾਂ ਵਿੱਚ ਇੱਥੇ ਰਵਾਇਤੀ ਚਿਕਿਤਸਾ ਦੇ ਖੇਤਰ ਨਾਲ ਜੁੜੇ ਦੁਨੀਆ ਭਰ ਦੇ ਮਾਹਰਾਂ ਨੇ ਗੰਭੀਰ ਅਤੇ ਸਾਰਥਕ ਚਰਚਾ ਕੀਤੀ ਹੈ। ਮੈਨੂੰ ਖ਼ੁਸ਼ੀ ਹੈ ਕਿ ਭਾਰਤ ਇਸਦੇ ਲਈ ਇੱਕ ਮਜ਼ਬੂਤ ਪਲੈਟਫਾਰਮ ਦਾ ਕੰਮ ਕਰ ਰਿਹਾ ਹੈ। ਅਤੇ ਇਸ ਵਿੱਚ ਡਬਲਿਊਐੱਚਓ ਦੀ ਵੀ ਸਰਗਰਮ ਭੂਮਿਕਾ ਰਹੀ ਹੈ। ਮੈਂ ਇਸ ਸਫ਼ਲ ਆਯੋਜਨ ਲਈ ਡਬਲਿਊਐੱਚਓ ਦਾ, ਭਾਰਤ ਸਰਕਾਰ ਦੇ ਆਯੁਸ਼ ਮੰਤਰਾਲੇ ਦਾ ਅਤੇ ਇੱਥੇ ਮੌਜੂਦ ਸਾਰੇ ਭਾਗੀਦਾਰਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ।

ਸਾਥੀਓ,

ਇਹ ਸਾਡੀ ਖ਼ੁਸ਼ਕਿਸਮਤੀ ਹੈ ਅਤੇ ਭਾਰਤ ਲਈ ਮਾਣ ਦੀ ਗੱਲ ਹੈ ਕਿ ਡਬਲਿਊਐੱਚਓ ਗਲੋਬਲ ਸੈਂਟਰ ਫਾਰ ਟ੍ਰੈਡੀਸ਼ਨਲ ਮੈਡੀਸਨ ਭਾਰਤ ਦੇ ਜਾਮਨਗਰ ਵਿੱਚ ਸਥਾਪਿਤ ਹੋਇਆ ਹੈ। 2022 ਵਿੱਚ ਰਵਾਇਤੀ ਚਿਕਿਤਸਾ ਦੇ ਪਹਿਲੇ ਸੰਮੇਲਨ ਵਿੱਚ, ਦੁਨੀਆ ਨੇ ਵੱਡੇ ਭਰੋਸੇ ਦੇ ਨਾਲ ਸਾਨੂੰ ਇਹ ਜ਼ਿੰਮੇਵਾਰੀ ਸੌਂਪੀ ਸੀ। ਸਾਡੇ ਸਾਰਿਆਂ ਲਈ ਇਹ ਖ਼ੁਸੀ ਦੀ ਗੱਲ ਹੈ ਕਿ ਇਸ ਗਲੋਬਲ ਸੈਂਟਰ ਦੀ ਪ੍ਰਸਿੱਧੀ ਅਤੇ ਪ੍ਰਭਾਵ ਸਥਾਨਕ ਤੋਂ ਲੈ ਕੇ ਦੁਨੀਆ ਤੱਕ ਫੈਲ ਰਿਹਾ ਹੈ। ਇਸ ਸੰਮੇਲਨ ਦੀ ਸਫ਼ਲਤਾ ਇਸਦਾ ਸਭ ਤੋਂ ਵੱਡਾ ਉਦਾਹਰਣ ਹੈ। ਇਸ ਸੰਮੇਲਨ ਵਿੱਚ ਰਵਾਇਤੀ ਗਿਆਨ ਅਤੇ ਆਧੁਨਿਕ ਅਭਿਆਸਾਂ ਦਾ ਸੰਗਮ ਹੋ ਰਿਹਾ ਹੈ। ਇੱਥੇ ਕਈ ਨਵੀਂਆਂ ਪਹਿਲਕਦਮੀਆਂ ਵੀ ਸ਼ੁਰੂ ਹੋਈਆਂ ਹਨ, ਜੋ ਡਾਕਟਰੀ ਵਿਗਿਆਨ ਅਤੇ ਸੰਪੂਰਨ ਸਿਹਤ ਦੇ ਭਵਿੱਖ ਨੂੰ ਬਦਲ ਸਕਦੀਆਂ ਹਨ। ਸੰਮੇਲਨ ਵਿੱਚ ਵੱਖ-ਵੱਖ ਦੇਸ਼ਾਂ ਦੇ ਸਿਹਤ ਮੰਤਰੀਆਂ ਅਤੇ ਪ੍ਰਤੀਨਿਧੀਆਂ ਦਰਮਿਆਨ ਵਿਸਤਾਰ ਨਾਲ ਸੰਵਾਦ ਵੀ ਹੋਇਆ ਹੈ। ਇਸ ਸੰਵਾਦ ਨੇ ਸਾਂਝੀ ਖੋਜ ਨੂੰ ਹੁਲਾਰਾ ਦੇਣ, ਨਿਯਮਾਂ ਨੂੰ ਸਰਲ ਬਣਾਉਣ ਅਤੇ ਸਿਖਲਾਈ ਅਤੇ ਗਿਆਨ ਸਾਂਝਾ ਕਰਨ ਲਈ ਨਵੇਂ ਰਸਤੇ ਖੋਲ੍ਹੇ ਹਨ। ਇਹ ਸਹਿਯੋਗ ਅੱਗੇ ਚੱਲ ਕੇ ਰਵਾਇਤੀ ਦਵਾਈ ਨੂੰ ਵਧੇਰੇ ਸੁਰੱਖਿਅਤ ਅਤੇ ਵਧੇਰੇ ਭਰੋਸੇਮੰਦ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ।

ਸਾਥੀਓ,

ਇਸ ਸੰਮੇਲਨ ਵਿੱਚ ਕਈ ਅਹਿਮ ਵਿਸ਼ਿਆਂ 'ਤੇ ਸਹਿਮਤੀ ਬਣਾਉਣਾ ਸਾਡੀ ਮਜ਼ਬੂਤ ਸਾਂਝੇਦਾਰੀ ਦਾ ਪ੍ਰਤੀਬਿੰਬ ਹੈ। ਖੋਜ ਨੂੰ ਮਜ਼ਬੂਤ ਕਰਨਾ, ਰਵਾਇਤੀ ਦਵਾਈ ਦੇ ਖੇਤਰ ਵਿੱਚ ਡਿਜੀਟਲ ਟੈਕਨਾਲੋਜੀ ਦੀ ਵਰਤੋਂ ਵਧਾਉਣਾ, ਅਜਿਹੇ ਰੈਗੂਲੇਟਰੀ ਫ੍ਰੇਮਵਰਕ ਤਿਆਰ ਕਰਨਾ ਜਿਨ੍ਹਾਂ 'ਤੇ ਪੂਰੀ ਦੁਨੀਆ ਭਰੋਸਾ ਕਰ ਸਕੇ। ਅਜਿਹੇ ਮੁੱਦੇ ਰਵਾਇਤੀ ਮੈਡੀਸਨ ਨੂੰ ਬਹੁਤ ਸਸ਼ਕਤ ਕਰਨਗੇ। ਇੱਥੇ ਆਯੋਜਿਤ ਐਕਸਪੋ ਵਿੱਚ ਡਿਜੀਟਲ ਹੈਲਥ ਤਕਨਾਲੋਜੀ, ਏਆਈ-ਅਧਾਰਿਤ ਟੂਲਸ, ਰਿਸਰਚ ਇਨੋਵੇਸ਼ਨ ਅਤੇ ਆਧੁਨਿਕ ਵੈੱਲਨੈਸ ਇਨਫ੍ਰਾਸਟ੍ਰਕਚਰ, ਇਨ੍ਹਾਂ ਸਭ ਦੇ ਜ਼ਰੀਏ ਸਾਨੂੰ ਟ੍ਰੇਡਿਸ਼ਨ ਅਤੇ ਟੈਕਨੋਲੋਜੀ ਦਾ ਇੱਕ ਨਵਾਂ ਸਹਿਯੋਗ ਵੀ ਦੇਖਣ ਨੂੰ ਮਿਲਿਆ ਹੈ। ਜਦੋਂ ਇਹ ਇਕੱਠੇ ਹੁੰਦੇ ਹਨ, ਤਾਂ ਗਲੋਬਲ ਹੈਲਥ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਦੀ ਸਮਰੱਥਾ ਹੋਰ ਵਧ ਜਾਂਦੀ ਹੈ। ਇਸ ਲਈ, ਇਸ ਸੰਮੇਲਨ ਦੀ ਸਫ਼ਲਤਾ ਗਲੋਬਲ ਨਜ਼ਰੀਏ ਤੋਂ ਬਹੁਤ ਵੀ ਅਹਿਮ ਹੈ।

ਸਾਥੀਓ,

ਰਵਾਇਤੀ ਚਿਕਿਤਸਾ ਪ੍ਰਣਾਲੀ ਦਾ ਇੱਕ ਅਹਿਮ ਹਿੱਸਾ ਯੋਗ ਵੀ ਹੈ। ਯੋਗ ਨੇ ਪੂਰੀ ਦੁਨੀਆ ਨੂੰ ਸਿਹਤ, ਸੰਤੁਲਨ ਅਤੇ ਸਦਭਾਵਨਾ ਦਾ ਰਸਤਾ ਦਿਖਾਇਆ ਹੈ। ਭਾਰਤ ਦੇ ਯਤਨਾਂ ਅਤੇ 175 ਤੋਂ ਵੱਧ ਦੇਸ਼ਾਂ ਦੇ ਸਹਿਯੋਗ ਨਾਲ ਸੰਯੁਕਤ ਰਾਸ਼ਟਰ ਵੱਲੋਂ 21 ਜੂਨ ਨੂੰ ਯੋਗ ਦਿਵਸ ਐਲਾਨਿਆ ਗਿਆ ਸੀ। ਬੀਤੇ ਸਾਲਾਂ ਵਿੱਚ ਅਸੀਂ ਯੋਗ ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਪਹੁੰਚਦੇ ਦੇਖਿਆ ਹੈ। ਮੈਂ ਯੋਗ ਦੇ ਪ੍ਰਚਾਰ ਅਤੇ ਵਿਕਾਸ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਹਰ ਵਿਅਕਤੀ ਦੀ ਸ਼ਲਾਘਾ ਕਰਦਾ ਹਾਂ। ਅੱਜ ਅਜਿਹੀਆਂ ਕੁਝ ਚੋਣਵੀਆਂ ਸ਼ਖ਼ਸੀਅਤਾਂ ਨੂੰ ਪੀਐੱਮ ਪੁਰਸਕਾਰ ਦਿੱਤਾ ਗਿਆ ਹੈ। ਉੱਘੇ ਜਿਊਰੀ ਮੈਂਬਰਾਂ ਨੇ ਇੱਕ ਤੀਬਰ ਚੋਣ ਪ੍ਰਕਿਰਿਆ ਜ਼ਰੀਏ ਇਨ੍ਹਾਂ ਪੁਰਸਕਾਰ ਜੇਤੂਆਂ ਦੀ ਚੋਣ ਕੀਤੀ ਹੈ। ਇਹ ਸਾਰੇ ਜੇਤੂ ਯੋਗ ਦੇ ਪ੍ਰਤੀ ਸਮਰਪਣ, ਅਨੁਸ਼ਾਸਨ ਅਤੇ ਜੀਵਨ ਭਰ ਦੀ ਵਚਨਬੱਧਤਾ ਦੇ ਪ੍ਰਤੀਕ ਹਨ। ਉਨ੍ਹਾਂ ਦੀ ਜ਼ਿੰਦਗੀ ਹਰ ਕਿਸੇ ਲਈ ਪ੍ਰੇਰਨਾ ਹੈ। ਮੈਂ ਸਾਰੇ ਸਤਿਕਾਰਯੋਗ ਜੇਤੂਆਂ ਨੂੰ ਦਿਲੋਂ ਵਧਾਈ ਦਿੰਦਾ ਹਾਂ, ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।

ਸਾਥੀਓ,

ਮੈਨੂੰ ਇਹ ਜਾਣ ਕੇ ਵੀ ਚੰਗਾ ਲੱਗਿਆ ਕਿ ਇਸ ਸੰਮੇਲਨ ਦੇ ਨਤੀਜੇ ਨੂੰ ਸਥਾਈ ਰੂਪ ਦੇਣ ਲਈ ਇੱਕ ਅਹਿਮ ਕਦਮ ਚੁੱਕਿਆ ਗਿਆ ਹੈ। ਟ੍ਰੈਡੀਸ਼ਨਲ ਮੈਡੀਸਨ ਗਲੋਬਲ ਲਾਇਬ੍ਰੇਰੀ ਵਜੋਂ ਇੱਕ ਅਜਿਹਾ ਗਲੋਬਲ ਪਲੈਟਫਾਰਮ ਸ਼ੁਰੂ ਕੀਤਾ ਗਿਆ ਹੈ, ਜੋ ਰਵਾਇਤੀ ਮੈਡੀਸਨ ਨਾਲ ਜੁੜੇ ਵਿਗਿਆਨਕ ਡੇਟਾ ਅਤੇ ਪੌਲਿਸੀ ਡਾਕਿਊਮੈਂਟਸ ਨੂੰ ਇੱਕ ਜਗ੍ਹਾ ਸੁਰੱਖਿਅਤ ਕਰੇਗਾ। ਇਸ ਨਾਲ ਫਾਇਦੇਮੰਦ ਜਾਣਕਾਰੀ ਹਰ ਦੇਸ਼ ਤੱਕ ਬਰਾਬਰ ਤੌਰ ’ਤੇ ਪਹੁੰਚਣ ਦਾ ਰਸਤਾ ਸੌਖਾ ਹੋਵੇਗਾ। ਇਸ ਲਾਇਬ੍ਰੇਰੀ ਦਾ ਐਲਾਨ ਭਾਰਤ ਦੀ ਜੀ20 ਪ੍ਰਧਾਨਗੀ ਦੌਰਾਨ ਪਹਿਲੇ ਡਬਲਿਊਐੱਚਓ ਗਲੋਬਲ ਸੰਮੇਲਨ ਵਿੱਚ ਕੀਤਾ ਗਿਆ ਸੀ। ਅੱਜ ਇਹ ਸੰਕਲਪ ਸਾਕਾਰ ਹੋ ਗਿਆ ਹੈ।

ਸਾਥੀਓ,

ਇੱਥੇ ਵੱਖ-ਵੱਖ ਦੇਸ਼ਾਂ ਦੇ ਸਿਹਤ ਮੰਤਰੀਆਂ ਨੇ ਗਲੋਬਲ ਸਾਂਝੇਦਾਰੀ ਦੀ ਇੱਕ ਸ਼ਾਨਦਾਰ ਮਿਸਾਲ ਪੇਸ਼ ਕੀਤੀ ਹੈ। ਇੱਕ ਸਾਂਝੇਦਾਰ ਵਜੋਂ ਆਪਣੇ ਮਿਆਰਾਂ, ਸੁਰੱਖਿਆ ਅਤੇ ਨਿਵੇਸ਼ ਵਰਗੇ ਮੁੱਦਿਆਂ 'ਤੇ ਚਰਚਾ ਕੀਤੀ ਹੈ। ਇਸ ਸੰਵਾਦ ਨਾਲ ਜੋ ਦਿੱਲੀ ਐਲਾਨਨਾਮਾ ਇਸਦਾ ਰਸਤਾ ਬਣਿਆ ਹੈ, ਉਹ ਆਉਣ ਵਾਲੇ ਸਾਲਾਂ ਲਈ ਇੱਕ ਸਾਂਝੇ ਰੋਡਮੈਪ ਦੀ ਤਰ੍ਹਾਂ ਕੰਮ ਕਰੇਗਾ। ਮੈਂ ਇਸ ਸਾਂਝੇ ਯਤਨ ਲਈ ਵੱਖ-ਵੱਖ ਦੇਸ਼ਾਂ ਦੇ ਮਾਣਯੋਗ ਮੰਤਰੀਆਂ ਦੀ ਸ਼ਲਾਘਾ ਕਰਦਾ ਹਾਂ, ਉਨ੍ਹਾਂ ਦੇ ਸਹਿਯੋਗ ਲਈ ਮੈਂ ਧੰਨਵਾਦ ਪ੍ਰਗਟ ਕਰਦਾ ਹਾਂ।

ਸਾਥੀਓ,

ਅੱਜ ਦਿੱਲੀ ਵਿੱਚ ਡਬਲਿਊਐੱਚਓ ਦੇ ਦੱਖਣ-ਪੂਰਬੀ ਏਸ਼ੀਆ ਖੇਤਰੀ ਦਫ਼ਤਰ ਦਾ ਉਦਘਾਟਨ ਵੀ ਕੀਤਾ ਗਿਆ ਹੈ। ਇਹ ਭਾਰਤ ਵੱਲੋਂ ਇੱਕ ਨਿਮਰ ਤੋਹਫ਼ਾ ਹੈ। ਇਹ ਇੱਕ ਅਜਿਹਾ ਗਲੋਬਲ ਹੱਬ ਹੈ, ਜਿੱਥੋਂ ਰਿਸਰਚ, ਰੈਗੁਲੇਸ਼ਨ ਅਤੇ ਸਮਰੱਥਾ ਨਿਰਮਾਣ ਨੂੰ ਹੁਲਾਰਾ ਮਿਲੇਗਾ।

ਸਾਥੀਓ,

ਭਾਰਤ ਦੁਨੀਆ ਭਰ ਵਿੱਚ ਇਲਾਜ ਦੀਆਂ ਸਾਂਝੇਦਾਰੀਆਂ 'ਤੇ ਵੀ ਜ਼ੋਰ ਦੇ ਰਿਹਾ ਹੈ। ਮੈਂ ਤੁਹਾਡੇ ਨਾਲ ਦੋ ਅਹਿਮ ਸਹਿਯੋਗ ਸਾਂਝੇ ਕਰਨਾ ਚਾਹੁੰਦਾ ਹਾਂ। ਪਹਿਲਾ, ਅਸੀਂ ਬਿਮਸਟੈਕ ਦੇਸ਼ਾਂ, ਯਾਨੀ ਦੱਖਣੀ ਅਤੇ ਦੱਖਣ-ਪੂਰਬੀ ਏਸ਼ੀਆ ਵਿੱਚ ਸਾਡੇ ਗੁਆਂਢੀ ਦੇਸ਼ਾਂ ਲਈ ਇੱਕ ਸੈਂਟਰ ਆਫ਼ ਐਕਸੀਲੈਂਸ ਸਥਾਪਿਤ ਕਰ ਰਹੇ ਹਾਂ। ਦੂਜਾ, ਅਸੀਂ ਜਪਾਨ ਦੇ ਨਾਲ ਇੱਕ ਸਹਿਯੋਗ ਸ਼ੁਰੂ ਕੀਤਾ ਹੈ। ਇਹ ਵਿਗਿਆਨ, ਰਵਾਇਤੀ ਅਭਿਆਸਾਂ ਅਤੇ ਤੰਦਰੁਸਤੀ ਨੂੰ ਇਕੱਠਾ ਜੋੜਨ ਦਾ ਯਤਨ ਹੈ।

ਸਾਥੀਓ,

ਇਸ ਵਾਰ ਇਸ ਸੰਮੇਲਨ ਦਾ ਵਿਸ਼ਾ ਹੈ – ‘Restoring Balance: The Science and Practice of Health and Well-being’, Restoring Balance, ਇਹ ਸੰਪੂਰਨ ਸਿਹਤ ਦਾ ਬੁਨਿਆਦੀ ਵਿਚਾਰ ਰਿਹਾ ਹੈ। ਤੁਸੀਂ ਸਾਰੇ ਮਾਹਰ ਚੰਗੀ ਤਰ੍ਹਾਂ ਜਾਣਦੇ ਹੋ, ਆਯੁਰਵੇਦ ਵਿੱਚ ਸੰਤੁਲਨ, ਯਾਨੀ ਸੰਤੁਲਨ ਨੂੰ ਸਿਹਤ ਦਾ ਸਮਾਨਾਰਥੀ ਕਿਹਾ ਗਿਆ ਹੈ। ਜਿਸ ਦੇ ਸਰੀਰ ਵਿੱਚ ਇਹ ਸੰਤੁਲਨ ਬਣਿਆ ਰਹਿੰਦਾ ਹੈ, ਉਹੀ ਸਿਹਤਮੰਦ ਹੈ, ਉਹੀ ਹੈਲਥੀ ਹੈ। ਅੱਜ-ਕੱਲ੍ਹ ਅਸੀਂ ਦੇਖ ਰਹੇ ਹਾਂ, ਡਾਇਬੀਟੀਜ਼, ਹਾਰਟ ਅਟੈਕ, ਡਿਪਰੈਸ਼ਨ ਤੋਂ ਲੈ ਕੇ ਕੈਂਸਰ ਤੱਕ ਜ਼ਿਆਦਾਤਰ ਬਿਮਾਰੀਆਂ ਦੇ ਪਿਛੋਕੜ ਵਿੱਚ ਜੀਵਨ-ਸ਼ੈਲੀ ਅਤੇ ਅਸੰਤੁਲਨ ਇੱਕ ਪ੍ਰਮੁੱਖ ਕਾਰਨ ਨਜ਼ਰ ਆ ਰਿਹਾ ਹੈ। ਕੰਮ-ਜੀਵਨ ਅਸੰਤੁਲਨ, ਖ਼ੁਰਾਕ ਅਸੰਤੁਲਨ, ਨੀਂਦ ਅਸੰਤੁਲਨ, ਅੰਤੜੀਆਂ ਦੇ ਮਾਈਕ੍ਰੋਬਾਇਓਮ ਅਸੰਤੁਲਨ, ਕੈਲੋਰੀ ਅਸੰਤੁਲਨ, ਭਾਵਨਾਤਮਕ ਅਸੰਤੁਲਨ, ਅੱਜ ਕਿੰਨੀਆਂ ਹੀ ਵਿਸ਼ਵ-ਵਿਆਪੀ ਸਿਹਤ ਚੁਣੌਤੀਆਂ, ਅਸੰਤੁਲਨ ਕਾਰਨ ਪੈਦਾ ਹੋ ਰਹੀਆਂ ਹਨ। ਅਧਿਐਨ ਵੀ ਇਹੀ ਸਾਬਤ ਕਰ ਰਹੇ ਹਨ, ਡੇਟਾ ਵੀ ਇਹੀ ਦੱਸ ਰਿਹਾ ਹੈ ਕਿ ਤੁਸੀਂ ਸਾਰੇ ਸਿਹਤ ਮਾਹਰ ਇਨ੍ਹਾਂ ਗੱਲਾਂ ਨੂੰ ਕਿਤੇ ਬਿਹਤਰ ਸਮਝਦੇ ਹੋ। ਪਰ ਮੈਂ ਇਸ ਗੱਲ 'ਤੇ ਜ਼ਰੂਰ ਜ਼ੋਰ ਦੇਵਾਂਗਾ ਕਿ ‘Restoring Balance’ ਅੱਜ ਇਹ ਸਿਰਫ਼ ਇੱਕ ਗਲੋਬਲ ਕੰਮ ਹੀ ਨਹੀਂ ਹੈ, ਸਗੋਂ ਇਹ ਇੱਕ ਗਲੋਬਲ ਅਰਜੈਂਸੀ ਵੀ ਹੈ। ਇਸ ਨੂੰ ਅਡਰੈੱਸ ਕਰਨ ਲਈ ਸਾਨੂੰ ਹੋਰ ਤੇਜ਼ ਗਤੀ ਨਾਲ ਕਦਮ ਚੁੱਕਣੇ ਹੋਣਗੇ।

ਸਾਥੀਓ,

21ਵੀਂ ਸਦੀ ਦੇ ਇਸ ਸਮੇਂ ਵਿੱਚ ਜ਼ਿੰਦਗੀ ਦੇ ਸੰਤੁਲਨ ਨੂੰ ਬਣਾਈ ਰੱਖਣ ਦੀ ਚੁਣੌਤੀ ਹੋਰ ਵੀ ਵੱਡੀ ਹੋਣ ਵਾਲੀ ਹੈ। ਤਕਨਾਲੋਜੀ ਦੇ ਨਵੇਂ ਯੁੱਗ ਦੀ ਦਸਤਕ ਏਆਈ ਅਤੇ ਰੋਬੋਟਿਕਸ ਦੇ ਰੂਪ ਵਿੱਚ ਮਨੁੱਖੀ ਇਤਿਹਾਸ ਦਾ ਸਭ ਤੋਂ ਵੱਡਾ ਬਦਲਾਅ ਆਉਣ ਵਾਲੇ ਸਾਲਾਂ ਵਿੱਚ ਜ਼ਿੰਦਗੀ ਜਿਊਣ ਦੇ ਸਾਡੇ ਤਰੀਕੇ, ਬੇਮਿਸਾਲ ਤਰੀਕਿਆਂ ਨਾਲ ਬਦਲਣ ਵਾਲੇ ਹਨ। ਇਸ ਲਈ, ਸਾਨੂੰ ਇਹ ਵੀ ਧਿਆਨ ਰੱਖਣਾ ਹੋਵੇਗਾ, ਜੀਵਨ-ਸ਼ੈਲੀ ਵਿੱਚ ਅਚਾਨਕ ਤੋਂ ਆ ਰਹੇ ਇੰਨੇ ਵੱਡੇ ਬਦਲਾਅ ਸਰੀਰਕ ਮਿਹਨਤ ਤੋਂ ਬਿਨਾਂ ਸਰੋਤਾਂ ਅਤੇ ਸਹੂਲਤਾਂ ਦੀ ਉਪਲਬਧਤਾ, ਇਸ ਨਾਲ ਮਨੁੱਖੀ ਸਰੀਰਾਂ ਲਈ ਅਣਕਿਆਸੀਆਂ ਚੁਣੌਤੀਆਂ ਪੈਦਾ ਹੋਣ ਜਾ ਰਹੀਆਂ ਹਨ। ਇਸ ਲਈ, ਰਵਾਇਤੀ ਸਿਹਤ ਸੰਭਾਲ ਵਿੱਚ ਅਸੀਂ ਸਿਰਫ਼ ਵਰਤਮਾਨ ਦੀਆਂ ਜ਼ਰੂਰਤਾਂ 'ਤੇ ਹੀ ਫੋਕਸ ਨਹੀਂ ਕਰਨਾ ਹੈ। ਸਾਡੀ ਸਾਂਝੀ ਜ਼ਿੰਮੇਵਾਰੀ ਭਵਿੱਖ ਨੂੰ ਲੈ ਕੇ ਵੀ ਹੈ।

ਸਾਥੀਓ,

ਜਦੋਂ ਰਵਾਇਤੀ ਦਵਾਈ ਦੀ ਗੱਲ ਹੁੰਦੀ ਹੈ, ਤਾਂ ਇੱਕ ਸਵਾਲ ਕੁਦਰਤੀ ਤੌਰ 'ਤੇ ਸਾਹਮਣੇ ਆਉਂਦਾ ਹੈ। ਇਹ ਸਵਾਲ ਸੁਰੱਖਿਆ ਅਤੇ ਸਬੂਤਾਂ ਨਾਲ ਜੁੜਿਆ ਹੈ। ਭਾਰਤ ਅੱਜ ਇਸ ਦਿਸ਼ਾ ਵਿੱਚ ਵੀ ਲਗਾਤਾਰ ਕੰਮ ਕਰ ਰਿਹਾ ਹੈ। ਇੱਥੇ ਇਸ ਸੰਮੇਲਨ ਵਿੱਚ ਤੁਸੀਂ ਸਾਰਿਆਂ ਨੇ ਅਸ਼ਵਗੰਧਾ ਦੀ ਉਦਾਹਰਣ ਦੇਖੀ ਹੈ। ਸਦੀਆਂ ਤੋਂ ਇਸਦੀ ਵਰਤੋਂ ਸਾਡੀਆਂ ਰਵਾਇਤੀ ਡਾਕਟਰੀ ਪ੍ਰਣਾਲੀਆਂ ਵਿੱਚ ਹੁੰਦੀ ਰਹੀ ਹੈ। ਕੋਵਿਡ-19 ਦੌਰਾਨ ਇਸਦੀ ਗਲੋਬਲ ਮੰਗ ਤੇਜ਼ੀ ਨਾਲ ਵਧੀ ਅਤੇ ਕਈ ਦੇਸ਼ਾਂ ਵਿੱਚ ਇਸਦੀ ਵਰਤੋਂ ਹੋਣ ਲੱਗੀ। ਭਾਰਤ ਆਪਣੀ ਖੋਜ ਅਤੇ ਸਬੂਤ-ਅਧਾਰਿਤ ਪ੍ਰਮਾਣਿਕਤਾ ਜ਼ਰੀਏ ਅਸ਼ਵਗੰਧਾ ਨੂੰ ਪ੍ਰਮਾਣਿਕ ਤੌਰ ’ਤੇ ਅੱਗੇ ਵਧਾ ਰਿਹਾ ਹੈ। ਇਸ ਸੰਮੇਲਨ ਦੌਰਾਨ ਵੀ ਅਸ਼ਵਗੰਧਾ 'ਤੇ ਇੱਕ ਖ਼ਾਸ ਗਲੋਬਲ ਚਰਚਾ ਦਾ ਆਯੋਜਨ ਕੀਤਾ ਗਿਆ। ਇਸ ਵਿੱਚ, ਅੰਤਰਰਾਸ਼ਟਰੀ ਮਾਹਰਾਂ ਨੇ ਇਸਦੀ ਸੁਰੱਖਿਆ, ਗੁਣਵੱਤਾ ਅਤੇ ਵਰਤੋਂ ਬਾਰੇ ਡੂੰਘਾਈ ਨਾਲ ਚਰਚਾ ਕੀਤੀ। ਭਾਰਤ ਅਜਿਹੀਆਂ ਸਮੇਂ ਸਿਰ ਪਰਖੀਆਂ ਗਈਆਂ ਜੜੀਆਂ-ਬੂਟੀਆਂ ਨੂੰ ਵਿਸ਼ਵ-ਵਿਆਪੀ ਜਨਤਕ ਸਿਹਤ ਦਾ ਹਿੱਸਾ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੋ ਕੇ ਕੰਮ ਕਰ ਰਿਹਾ ਹੈ।

ਸਾਥੀਓ,

ਰਵਾਇਤੀ ਮੈਡੀਸਨ ਨੂੰ ਲੈ ਕੇ ਇੱਕ ਧਾਰਨਾ ਸੀ ਕਿ ਇਸਦੀ ਭੂਮਿਕਾ ਸਿਰਫ਼ ਤੰਦਰੁਸਤੀ ਜਾਂ ਜੀਵਨ-ਸ਼ੈਲੀ ਤੱਕ ਸੀਮਤ ਹੈ। ਪਰ ਅੱਜ ਇਹ ਧਾਰਨਾ ਤੇਜ਼ੀ ਨਾਲ ਬਦਲ ਰਹੀ ਹੈ। ਨਾਜ਼ੁਕ ਹਾਲਤਾਂ ਵਿੱਚ ਵੀ ਰਵਾਇਤੀ ਦਵਾਈ ਪ੍ਰਭਾਵਸ਼ਾਲੀ ਭੂਮਿਕਾ ਨਿਭਾ ਸਕਦੀ ਹੈ। ਇਸੇ ਸੋਚ ਨਾਲ ਭਾਰਤ ਇਸ ਖੇਤਰ ਵਿੱਚ ਅੱਗੇ ਵਧ ਰਿਹਾ ਹੈ। ਮੈਨੂੰ ਇਹ ਦੱਸਦੇ ਹੋਏ ਖ਼ੁਸ਼ੀ ਹੋ ਰਹੀ ਹੈ ਕਿ ਆਯੁਸ਼ ਮੰਤਰਾਲੇ ਅਤੇ ਡਬਲਿਊਐੱਚਓ-ਰਵਾਇਤੀ ਮੈਡੀਸਨ ਕੇਂਦਰ ਨੇ ਨਵੀਂ ਪਹਿਲਕਦਮੀ ਕੀਤੀ ਹੈ। ਦੋਵਾਂ ਨੇ, ਭਾਰਤ ਵਿੱਚ ਏਕੀਕ੍ਰਿਤ ਕੈਂਸਰ ਦੇਖਭਾਲ ਨੂੰ ਮਜ਼ਬੂਤ ਕਰਨ ਲਈ ਇੱਕ ਸਾਂਝਾ ਯਤਨ ਕੀਤਾ ਹੈ। ਇਸਦੇ ਤਹਿਤ ਰਵਾਇਤੀ ਚਿਕਿਤਸਾ ਪ੍ਰਣਾਲੀਆਂ ਨੂੰ ਆਧੁਨਿਕ ਕੈਂਸਰ ਇਲਾਜਾਂ ਨਾਲ ਜੋੜਨ ਦਾ ਯਤਨ ਹੋਵੇਗਾ। ਇਸ ਪਹਿਲਕਦਮੀ ਨਾਲ ਸਬੂਤ-ਅਧਾਰਿਤ ਦਿਸ਼ਾ-ਨਿਰਦੇਸ਼ ਤਿਆਰ ਕਰਨ ਵਿੱਚ ਵੀ ਮਦਦ ਮਿਲੇਗੀ। ਭਾਰਤ ਵਿੱਚ ਕਈ ਅਹਿਮ ਅਦਾਰੇ ਸਿਹਤ ਨਾਲ ਜੁੜੇ ਅਜਿਹੇ ਹੀ ਗੰਭੀਰ ਵਿਸ਼ਿਆਂ ’ਤੇ ਕਲੀਨਿਕਲ ਅਧਿਐਨ ਕਰ ਰਹੇ ਹਨ। ਇਨ੍ਹਾਂ ਵਿੱਚ ਅਨੀਮੀਆ, ਗਠੀਆ ਅਤੇ ਡਾਇਬੀਟੀਜ਼ ਜਿਹੇ ਵਿਸ਼ੇ ਵੀ ਸ਼ਾਮਿਲ ਹਨ। ਭਾਰਤ ਵਿੱਚ ਬਹੁਤ ਸਾਰੇ ਸਟਾਰਟ-ਅੱਪਸ ਵੀ ਇਸ ਖੇਤਰ ਵਿੱਚ ਅੱਗੇ ਆਏ ਹਨ। ਪ੍ਰਾਚੀਨ ਰਵਾਇਤਾਂ ਦੇ ਨਾਲ ਨੌਜਵਾਨ ਤਾਕਤ ਜੁੜ ਰਹੀ ਹੈ। ਇਨ੍ਹਾਂ ਸਾਰੇ ਯਤਨਾਂ ਨਾਲ ਰਵਾਇਤੀ ਮੈਡੀਸਨ ਇੱਕ ਨਵੀਂਆਂ ਉਚਾਈਆਂ ਵੱਲ ਵਧਦੀਆਂ ਦਿਖ ਰਹੀਆਂ ਹਨ।

ਸਾਥੀਓ,

ਅੱਜ ਰਵਾਇਤੀ ਚਿਕਿਤਸਾ ਇੱਕ ਨਿਰਣਾਇਕ ਮੋੜ 'ਤੇ ਖੜ੍ਹੀ ਹੈ। ਦੁਨੀਆ ਦੀ ਵੱਡੀ ਆਬਾਦੀ ਲੰਬੇ ਸਮੇਂ ਤੋਂ ਇਸਦਾ ਸਹਿਯੋਗ ਲੈਂਦੀ ਆਈ ਹੈ। ਪਰ ਫਿਰ ਵੀ ਰਵਾਇਤੀ ਚਿਕਿਤਸਾ ਨੂੰ ਉਹ ਜਗ੍ਹਾ ਨਹੀਂ ਮਿਲ ਸਕੀ ਸੀ, ਜਿੰਨੀ ਉਸ ਵਿੱਚ ਸਮਰੱਥਾ ਹੈ। ਇਸ ਲਈ, ਸਾਨੂੰ ਵਿਗਿਆਨ ਦੇ ਜ਼ਰੀਏ ਭਰੋਸਾ ਜਿੱਤਣਾ ਹੋਵੇਗਾ। ਸਾਨੂੰ ਇਸਦੀ ਪਹੁੰਚ ਨੂੰ ਹੋਰ ਵੱਡਾ ਬਣਾਉਣਾ ਹੋਵੇਗਾ। ਇਹ ਜ਼ਿੰਮੇਵਾਰੀ ਕਿਸੇ ਇੱਕ ਦੇਸ਼ ਦੀ ਨਹੀਂ ਹੈ; ਇਹ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਪਿਛਲੇ ਤਿੰਨ ਦਿਨਾਂ ਵਿੱਚ ਇਸ ਸੰਮੇਲਨ ਵਿੱਚ ਜੋ ਭਾਗੀਦਾਰੀ, ਜੋ ਸੰਵਾਦ ਅਤੇ ਜੋ ਵਚਨਬੱਧਤਾ ਦੇਖਣ ਨੂੰ ਮਿਲੀ ਹੈ, ਉਸ ਨਾਲ ਇਹ ਯਕੀਨ ਹੋਰ ਡੂੰਘਾ ਹੋਇਆ ਹੈ ਕਿ ਦੁਨੀਆ ਇਸ ਦਿਸ਼ਾ ਵਿੱਚ ਇਕੱਠੇ ਅੱਗੇ ਵਧਣ ਲਈ ਤਿਆਰ ਹੈ। ਆਓ, ਆਪਾਂ ਸੰਕਲਪ ਲਈਏ ਕਿ ਰਵਾਇਤੀ ਚਿਕਿਤਸਾ ਨੂੰ ਭਰੋਸੇ, ਸਤਿਕਾਰ ਅਤੇ ਜ਼ਿੰਮੇਵਾਰੀ ਨਾਲ ਮਿਲ ਕੇ ਅੱਗੇ ਵਧਾਵਾਂਗੇ। ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਇਸ ਸੰਮੇਲਨ ਦੀ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਬਹੁਤ-ਬਹੁਤ ਧੰਨਵਾਦ।

************

ਐੱਮਜੇਪੀਐੱਸ/ ਐੱਸਐੱਸ/ ਏਕੇ/ ਆਰਕੇ


(रिलीज़ आईडी: 2207260) आगंतुक पटल : 2
इस विज्ञप्ति को इन भाषाओं में पढ़ें: English , Urdu , हिन्दी , Marathi , Manipuri , Assamese , Bengali , Gujarati , Telugu , Kannada