ਪ੍ਰਧਾਨ ਮੰਤਰੀ ਦਫਤਰ
ਵੰਦੇ ਮਾਤਰਮ ਦੇ 150 ਸਾਲ ਪੂਰੇ ਹੋਣ 'ਤੇ ਵਿਸ਼ੇਸ਼ ਚਰਚਾ ਦੌਰਾਨ ਲੋਕ ਸਭਾ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
प्रविष्टि तिथि:
08 DEC 2025 4:30PM by PIB Chandigarh
ਸਤਿਕਾਰਯੋਗ ਸਪੀਕਰ ਸਰ,
ਮੈਂ ਤੁਹਾਡਾ ਅਤੇ ਸਦਨ ਦੇ ਸਾਰੇ ਸਤਿਕਾਰਯੋਗ ਮੈਂਬਰਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਕਿ ਅਸੀਂ ਇਸ ਮਹੱਤਵਪੂਰਨ ਮੌਕੇ 'ਤੇ ਇੱਕ ਸਮੂਹਿਕ ਚਰਚਾ ਦਾ ਰਾਹ ਚੁਣਿਆ ਹੈ, ਜਿਸ ਮੰਤਰ ਨੇ, ਜਿਸ ਨਾਅਰੇ ਨੇ ਦੇਸ਼ ਦੀ ਆਜ਼ਾਦੀ ਦੇ ਅੰਦੋਲਨ ਨੂੰ ਊਰਜਾ ਦਿੱਤੀ ਸੀ, ਪ੍ਰੇਰਨਾ ਦਿੱਤੀ ਸੀ, ਕੁਰਬਾਨੀ ਅਤੇ ਤਪੱਸਿਆ ਦਾ ਰਾਹ ਦਿਖਾਇਆ ਸੀ, ਉਸ ਵੰਦੇ ਮਾਤਰਮ ਨੂੰ ਮੁੜ ਯਾਦ ਕਰਨਾ, ਇਸ ਸਦਨ ਵਿੱਚ ਸਾਡਾ ਸਭ ਦਾ ਇਹ ਬਹੁਤ ਵੱਡਾ ਸੁਭਾਗ ਹੈ। ਅਤੇ ਸਾਡੇ ਲਈ ਮਾਣ ਦੀ ਗੱਲ ਹੈ ਕਿ ਵੰਦੇ ਮਾਤਰਮ ਦੇ 150 ਸਾਲ, ਅਸੀਂ ਇਸ ਇਤਿਹਾਸਕ ਮੌਕੇ ਦੇ ਗਵਾਹ ਬਣ ਰਹੇ ਹਾਂ। ਇੱਕ ਅਜਿਹਾ ਸਮਾਂ ਜੋ ਸਾਡੇ ਸਾਹਮਣੇ ਇਤਿਹਾਸ ਦੀਆਂ ਅਣਗਿਣਤ ਘਟਨਾਵਾਂ ਨੂੰ ਆਪਣੇ ਸਾਹਮਣੇ ਲੈ ਕੇ ਆਉਂਦਾ ਹੈ। ਇਹ ਚਰਚਾ ਸਦਨ ਦੀ ਵਚਨਬੱਧਤਾ ਨੂੰ ਤਾਂ ਪ੍ਰਗਟ ਕਰੇਗੀ ਹੀ, ਪਰ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਵੀ, ਦਰ ਪੀੜ੍ਹੀ ਦੇ ਲਈ ਵੀ ਇਹ ਸਿੱਖਿਆ ਦਾ ਸਰੋਤ ਬਣ ਸਕਦੀ ਹੈ, ਜੇਕਰ ਅਸੀਂ ਸਾਰੇ ਮਿਲ ਕੇ ਇਸ ਦੀ ਸਮਝਦਾਰੀ ਨਾਲ ਵਰਤੋਂ ਕਰੀਏ ਤਾਂ।
ਸਤਿਕਾਰਯੋਗ ਸਪੀਕਰ ਜੀ,
ਇਹ ਇੱਕ ਅਜਿਹਾ ਸਮਾਂ ਹੈ, ਜਦੋਂ ਇਤਿਹਾਸ ਦੇ ਕਈ ਪ੍ਰੇਰਕ ਅਧਿਆਇ ਫਿਰ ਤੋਂ ਸਾਡੇ ਸਾਹਮਣੇ ਉਜਾਗਰ ਹੋਏ ਹਨ। ਹੁਣੇ-ਹੁਣੇ ਅਸੀਂ ਸਾਡੇ ਸੰਵਿਧਾਨ ਦੇ 75 ਸਾਲ ਮਾਣ ਨਾਲ ਮਨਾਏ ਹਨ। ਅੱਜ ਦੇਸ਼ ਸਰਦਾਰ ਵੱਲਭ ਭਾਈ ਪਟੇਲ ਦੀ ਅਤੇ ਭਗਵਾਨ ਬਿਰਸਾ ਮੁੰਡਾ ਦੀ 150ਵੀਂ ਜਯੰਤੀ ਵੀ ਮਨਾ ਰਿਹਾ ਹੈ ਅਤੇ ਹੁਣੇ-ਹੁਣੇ ਅਸੀਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਵੀ ਮਨਾਇਆ ਹੈ ਅਤੇ ਅੱਜ ਅਸੀਂ ਵੰਦੇ ਮਾਤਰਮ ਦੇ 150 ਸਾਲ ਪੂਰੇ ਹੋਣ ’ਤੇ ਸਦਨ ਦੀ ਇੱਕ ਸਮੂਹਿਕ ਊਰਜਾ ਨੂੰ ਮਹਿਸੂਸ ਕਰਨ ਦਾ ਯਤਨ ਕਰ ਰਹੇ ਹਾਂ। ਵੰਦੇ ਮਾਤਰਮ 150 ਸਾਲ ਦੀ ਇਹ ਯਾਤਰਾ ਕਈ ਪੜਾਵਾਂ ’ਚੋਂ ਲੰਘੀ ਹੈ।
ਪਰ ਸਤਿਕਾਰਯੋਗ ਸਪੀਕਰ ਜੀ,
ਵੰਦੇ ਮਾਤਰਮ ਦੇ ਜਦੋਂ 50 ਸਾਲ ਹੋਏ, ਓਦੋਂ ਦੇਸ਼ ਗ਼ੁਲਾਮੀ ਵਿੱਚ ਜਿਊਣ ਲਈ ਮਜਬੂਰ ਸੀ ਅਤੇ ਵੰਦੇ ਮਾਤਰਮ ਦੇ 100 ਸਾਲ ਹੋਏ, ਓਦੋਂ ਦੇਸ਼ ਐਮਰਜੈਂਸੀ ਦੀਆਂ ਜ਼ੰਜੀਰਾਂ ਵਿੱਚ ਜਕੜਿਆ ਹੋਇਆ ਸੀ। ਜਦੋਂ ਵੰਦੇ ਮਾਤਰਮ 100 ਸਾਲ ਦਾ ਸਭ ਤੋਂ ਉੱਤਮ ਪੁਰਬ ਸੀ, ਓਦੋਂ ਭਾਰਤ ਦੇ ਸੰਵਿਧਾਨ ਦਾ ਗਲ਼ਾ ਘੋਟ ਦਿੱਤਾ ਗਿਆ ਸੀ। ਜਦੋਂ ਵੰਦੇ ਮਾਤਰਮ 100 ਸਾਲ ਦਾ ਹੋਇਆ, ਓਦੋਂ ਦੇਸ਼ ਭਗਤੀ ਦੇ ਲਈ ਜਿਊਣ-ਮਰਨ ਵਾਲੇ ਲੋਕਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਬੰਦ ਕਰ ਦਿੱਤਾ ਗਿਆ ਸੀ। ਜਿਸ ਵੰਦੇ ਮਾਤਰਮ ਦੇ ਗੀਤ ਨੇ ਦੇਸ਼ ਨੂੰ ਆਜ਼ਾਦੀ ਦੀ ਊਰਜਾ ਦਿੱਤੀ ਸੀ, ਉਸ ਦੇ ਜਦੋਂ 100 ਸਾਲ ਹੋਏ, ਤਾਂ ਬਦਕਿਸਮਤੀ ਨਾਲ ਇੱਕ ਕਾਲਾ ਕਾਲਖੰਡ ਸਾਡੇ ਇਤਿਹਾਸ ਵਿੱਚ ਉਜਾਗਰ ਹੋ ਗਿਆ। ਅਸੀਂ ਲੋਕਤੰਤਰ ਦੇ (ਅਸਪਸ਼ਟ) ਗਿਰੋਹ ਵਿੱਚ ਸੀ।
ਸਤਿਕਾਰਯੋਗ ਸਪੀਕਰ ਜੀ,
150 ਸਾਲ ਉਸ ਮਹਾਨ ਅਧਿਆਇ ਨੂੰ, ਉਸ ਮਾਣ ਨੂੰ ਮੁੜ-ਸਥਾਪਿਤ ਕਰਨ ਦਾ ਮੌਕਾ ਹੈ ਅਤੇ ਮੈਂ ਮੰਨਦਾ ਹਾਂ, ਸਦਨ ਨੂੰ ਵੀ ਅਤੇ ਦੇਸ਼ ਨੂੰ ਵੀ ਇਸ ਮੌਕੇ ਨੂੰ ਜਾਣ ਨਹੀਂ ਦੇਣਾ ਚਾਹੀਦਾ ਹੈ। ਇਹੀ ਵੰਦੇ ਮਾਤਰਮ ਹੈ, ਜਿਸ ਨੇ 1947 ਵਿੱਚ ਦੇਸ਼ ਨੂੰ ਆਜ਼ਾਦੀ ਦਿਵਾਈ। ਸੁਤੰਤਰਤਾ ਸੰਗਰਾਮ ਦੀ ਭਾਵਨਾਤਮਕ ਅਗਵਾਈ ਇਸ ਵੰਦੇ ਮਾਤਰਮ ਦੇ ਨਾਅਰੇ ਵਿੱਚ ਸੀ।
ਸਤਿਕਾਰਯੋਗ ਸਪੀਕਰ ਜੀ,
ਤੁਹਾਡੇ ਸਾਹਮਣੇ ਅੱਜ ਜਦੋਂ ਮੈਂ ਵੰਦੇ ਮਾਤਰਮ 150 ’ਤੇ ਚਰਚਾ ਦੀ ਸ਼ੁਰੂਆਤ ਲਈ ਖੜ੍ਹਾ ਹੋਇਆ ਹਾਂ। ਇੱਥੇ ਕੋਈ ਪੱਖ ਪਾਰਟੀ ਨਹੀਂ ਹੈ, ਕਿਉਂਕਿ ਅਸੀਂ ਸਾਰੇ ਇੱਥੇ ਜੋ ਬੈਠੇ ਹਾਂ, ਦਰਅਸਲ ਸਾਡੇ ਲਈ ਕਰਜ਼ ਸਵੀਕਾਰ ਕਰਨ ਦਾ ਮੌਕਾ ਹੈ ਕਿ ਜਿਸ ਵੰਦੇ ਮਾਤਰਮ ਦੇ ਕਾਰਨ ਟੀਚਾ-ਮੁਖੀ ਲੋਕ ਆਜ਼ਾਦੀ ਦਾ ਅੰਦੋਲਨ ਚਲਾ ਰਹੇ ਸਨ ਅਤੇ ਉਸੇ ਦਾ ਨਤੀਜਾ ਹੈ ਕਿ ਅੱਜ ਅਸੀਂ ਸਾਰੇ ਇੱਥੇ ਬੈਠੇ ਹਾਂ ਅਤੇ ਇਸ ਲਈ ਸਾਡੇ ਸਾਰੇ ਸਾਂਸਦਾਂ ਦੇ ਲਈ, ਸਾਡੇ ਸਾਰੇ ਲੋਕ-ਨੁਮਾਇੰਦਿਆਂ ਦੇ ਲਈ ਵੰਦੇ ਮਾਤਰਮ ਦਾ ਕਰਜ਼ ਸਵੀਕਾਰ ਕਰਨ ਦਾ ਇਹ ਤਿਉਹਾਰ ਹੈ। ਅਤੇ ਇਸ ਤੋਂ ਅਸੀਂ ਪ੍ਰੇਰਨਾ ਲੈ ਕੇ ਵੰਦੇ ਮਾਤਰਮ ਦੀ ਜਿਸ ਭਾਵਨਾ ਨੇ ਦੇਸ਼ ਦੀ ਆਜ਼ਾਦੀ ਦੀ ਜੰਗ ਲੜੀ, ਉੱਤਰ, ਦੱਖਣ, ਪੂਰਬ, ਪੱਛਮ ਪੂਰਾ ਦੇਸ਼ ਇੱਕ ਆਵਾਜ਼ ਵਿੱਚ ਵੰਦੇ ਮਾਤਰਮ ਬੋਲ ਕੇ ਅੱਗੇ ਵਧਿਆ, ਫਿਰ ਤੋਂ ਇੱਕ ਵਾਰ ਮੌਕਾ ਹੈ ਕਿ ਆਓ, ਅਸੀਂ ਸਾਰੇ ਮਿਲ ਕੇ ਚੱਲੀਏ, ਦੇਸ਼ ਨੂੰ ਨਾਲ ਲੈ ਕੇ ਚੱਲੀਏ, ਆਜ਼ਾਦੀ ਦੇ ਪ੍ਰੇਮੀਆਂ ਨੇ ਜੋ ਸੁਪਨੇ ਦੇਖੇ ਸਨ, ਉਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਵੰਦੇ ਮਾਤਰਮ 150 ਸਾਡੀ ਸਭ ਦੀ ਪ੍ਰੇਰਨਾ ਬਣੇ, ਸਾਡੀ ਸਭ ਦੀ ਊਰਜਾ ਬਣੇ ਅਤੇ ਦੇਸ਼ ਆਤਮ-ਨਿਰਭਰ ਬਣੇ, ਅਸੀਂ 2047 ਵਿੱਚ ਵਿਕਸਿਤ ਭਾਰਤ ਬਣਾ ਕੇ ਰਹੀਏ, ਇਸ ਸੰਕਲਪ ਨੂੰ ਦੁਹਰਾਉਣ ਦੇ ਲਈ ਇਹ ਵੰਦੇ ਮਾਤਰਮ ਸਾਡੇ ਲਈ ਇੱਕ ਬਹੁਤ ਵੱਡਾ ਮੌਕਾ ਹੈ।
ਸਤਿਕਾਰਯੋਗ ਸਪੀਕਰ ਜੀ,
ਦਾਦਾ ਸਿਹਤ ਤਾਂ ਠੀਕ ਹੈ ਨਾ! ਨਹੀਂ ਕਦੇ-ਕਦੇ ਇਸ ਉਮਰ ਵਿੱਚ ਹੋ ਜਾਂਦਾ ਹੈ।
ਸਤਿਕਾਰਯੋਗ ਸਪੀਕਰ ਜੀ,
ਵੰਦੇ ਮਾਤਰਮ ਦੀ ਇਸ ਯਾਤਰਾ ਦੀ ਸ਼ੁਰੂਆਤ ਬੰਕਿਮ ਚੰਦਰ ਜੀ ਨੇ 1857 ਵਿੱਚ ਕੀਤੀ ਸੀ ਅਤੇ ਗੀਤ ਅਜਿਹੇ ਸਮੇਂ ਲਿਖਿਆ ਗਿਆ ਸੀ, ਜਦੋਂ 1857 ਦੇ ਸੁਤੰਤਰਤਾ ਸੰਗਰਾਮ ਤੋਂ ਬਾਅਦ ਬ੍ਰਿਟਿਸ਼ ਸਾਮਰਾਜ ਘਬਰਾਇਆ ਹੋਇਆ ਸੀ। ਭਾਰਤ ਦੇ ਕਈ ਤਰ੍ਹਾਂ ਦੇ ਦਬਾਅ ਪਾ ਰਹੇ ਸਨ, ਕਈ ਤਰ੍ਹਾਂ ਦੇ ਅੱਤਿਆਚਾਰ ਕਰ ਰਹੇ ਸਨ ਅਤੇ ਭਾਰਤ ਦੇ ਲੋਕਾਂ ਨੂੰ ਮਜਬੂਰ ਕੀਤਾ ਜਾ ਰਿਹਾ ਸੀ। ਅੰਗਰੇਜ਼ਾਂ ਵੱਲੋਂ ਉਸ ਸਮੇਂ ਉਨ੍ਹਾਂ ਦਾ ਜੋ ਰਾਸ਼ਟਰੀ ਗੀਤ ਸੀ, ਗੋਡ ਸੇਵ ਦਿ ਕੁਈਨ (God Save The Queen), ਇਸ ਨੂੰ ਭਾਰਤ ਵਿੱਚ ਘਰ-ਘਰ ਪਹੁੰਚਾਉਣ ਦੀ ਇੱਕ ਸਾਜ਼ਸ਼ ਚੱਲ ਰਹੀ ਸੀ। ਅਜਿਹੇ ਸਮੇਂ ਬੰਕਿਮ ਦਾ ਨੇ ਚੁਣੌਤੀ ਦਿੱਤੀ ਅਤੇ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਅਤੇ ਉਸ ਵਿੱਚੋਂ ਵੰਦੇ ਮਾਤਰਮ ਦਾ ਜਨਮ ਹੋਇਆ। ਇਸ ਦੇ ਕੁਝ ਸਾਲ ਬਾਅਦ, 1882 ਵਿੱਚ ਜਦੋਂ ਉਨ੍ਹਾਂ ਨੇ ਆਨੰਦ ਮਠ ਲਿਖਿਆ, ਤਾਂ ਉਸ ਗੀਤ ਨੂੰ ਉਸ ਵਿੱਚ ਸ਼ਾਮਲ ਕੀਤਾ ਗਿਆ।
ਸਤਿਕਾਰਯੋਗ ਸਪੀਕਰ ਜੀ,
ਵੰਦੇ ਮਾਤਰਮ ਨੇ ਉਸ ਵਿਚਾਰ ਨੂੰ ਮੁੜ-ਸੁਰਜੀਤ ਕੀਤਾ ਸੀ, ਜੋ ਹਜ਼ਾਰਾਂ ਵਰ੍ਹਿਆਂ ਤੋਂ ਭਾਰਤ ਦੇ ਵਜੂਦ ਵਿੱਚ ਵੱਸਿਆ ਸੀ। ਉਸੇ ਭਾਵ ਨੂੰ, ਉਸੇ ਸੰਸਕਾਰਾਂ ਨੂੰ, ਉਸੇ ਸਭਿਆਚਾਰ ਨੂੰ, ਉਸੇ ਪਰੰਪਰਾ ਨੂੰ ਉਨ੍ਹਾਂ ਨੇ ਬਹੁਤ ਹੀ ਉੱਤਮ ਸ਼ਬਦਾਂ ਵਿੱਚ, ਉੱਤਮ ਭਾਵ ਦੇ ਨਾਲ, ਵੰਦੇ ਮਾਤਰਮ ਦੇ ਰੂਪ ਵਿੱਚ ਸਾਨੂੰ ਸਭ ਨੂੰ ਬਹੁਤ ਵੱਡੀ ਸੌਗਾਤ ਦਿੱਤੀ ਸੀ। ਵੰਦੇ ਮਾਤਰਮ, ਇਹ ਸਿਰਫ਼ ਰਾਜਨੀਤਕ ਆਜ਼ਾਦੀ ਦੀ ਲੜਾਈ ਦਾ ਮੰਤਰ ਨਹੀਂ ਸੀ, ਜਾਂ ਸਿਰਫ਼ ਅੰਗਰੇਜ਼ਾਂ ਦੇ ਚਲੇ ਜਾਣ ਦੀ ਕਾਰਵਾਈ ਦਾ ਸੱਦਾ ਨਹੀਂ ਸੀ ਅਤੇ ਸਾਨੂੰ ਆਪਣੇ ਰਸਤੇ ’ਤੇ ਖੜ੍ਹੇ ਹੋਣ, ਆਪਣੇ ਰਾਹ ’ਤੇ ਚੱਲਣ, ਸਿਰਫ਼ ਇੰਨੇ ਤੱਕ ਵੰਦੇ ਮਾਤਰਮ ਪ੍ਰੇਰਿਤ ਨਹੀਂ ਕਰਦਾ ਸੀ, ਉਹ ਉਸ ਤੋਂ ਕਿੱਤੇ ਅੱਗੇ ਸੀ। ਆਜ਼ਾਦੀ ਦੀ ਲੜਾਈ ਇਸ ਮਾਤ ਭੂਮੀ ਨੂੰ ਮੁਕਤ ਕਰਵਾਉਣ ਦੀ ਵੀ ਜੰਗ ਸੀ। ਆਪਣੀ ਮਾਂ ਭਾਰਤੀ ਨੂੰ ਉਨ੍ਹਾਂ ਜ਼ੰਜੀਰਾਂ ਤੋਂ ਮੁਕਤੀ ਦਿਵਾਉਣ ਦੀ ਇੱਕ ਪਵਿੱਤਰ ਜੰਗ ਸੀ ਅਤੇ ਵੰਦੇ ਮਾਤਰਮ ਦਾ ਪਿਛੋਕੜ ਅਸੀਂ ਦੇਖੀਏ, ਉਸ ਦੇ ਸੰਸਕਾਰ ਦੇਖੀਏ, ਤਾਂ ਸਾਡੇ ਇੱਥੇ ਵੇਦ ਕਾਲ ਤੋਂ ਇੱਕ ਗੱਲ ਵਾਰ-ਵਾਰ ਸਾਡੇ ਸਾਹਮਣੇ ਆਈ ਹੈ। ਜਦੋਂ ਵੰਦੇ ਮਾਤਰਮ ਕਹਿੰਦੇ ਹਾਂ, ਤਾਂ ਉਹੀ ਵੇਦ ਕਾਲ ਦੀ ਗੱਲ ਸਾਨੂੰ ਯਾਦ ਆਉਂਦੀ ਹੈ। ਵੇਦ ਕਾਲ ਤੋਂ ਕਿਹਾ ਗਿਆ ਹੈ “ਮਾਤਾ ਭੂਮੀ: ਪੁਤ੍ਰੋऽਹਂ ਪ੍ਰਥਿਵਯਾ: (माता भूमिः पुत्रोऽहं पृथिव्याः)” ਭਾਵ ਇਹ ਭੂਮੀ ਮੇਰੀ ਮਾਤਾ ਹੈ ਅਤੇ ਮੈਂ ਪ੍ਰਿਥਵੀ ਦਾ ਪੁੱਤਰ ਹਾਂ।
ਸਤਿਕਾਰਯੋਗ ਸਪੀਕਰ ਜੀ,
ਇਹ ਉਹ ਵਿਚਾਰ ਹੈ, ਜਿਸ ਨੂੰ ਪ੍ਰਭੂ ਸ਼੍ਰੀ ਰਾਮ ਨੇ ਵੀ ਲੰਕਾ ਦੀ ਸ਼ਾਨ ਨੂੰ ਛੱਡਦੇ ਹੋਏ ਕਿਹਾ ਸੀ “ਜਨਨੀ ਜਨਮਭੂਮਿਸ਼ਚ ਸਵਰਗਦਪਿ ਗਰੀਯਸੀ।” (जननी जन्मभूमिश्च स्वर्गादपि गरीयसी) ਵੰਦੇ ਮਾਤਰਮ, ਇਹੀ ਮਹਾਨ ਸਭਿਆਚਾਰਕ ਪਰੰਪਰਾ ਦਾ ਇੱਕ ਆਧੁਨਿਕ ਅਵਤਾਰ ਹੈ।
ਸਤਿਕਾਰਯੋਗ ਸਪੀਕਰ ਜੀ,
ਬੰਕਿਮ ਦਾ ਨੇ ਜਦੋਂ ਵੰਦੇ ਮਾਤਰਮ ਦੀ ਰਚਨਾ ਕੀਤੀ, ਤਾਂ ਸੁਭਾਵਿਕ ਹੀ ਉਹ ਸੁਤੰਤਰਤਾ ਅੰਦੋਲਨ ਦੀ ਆਵਾਜ਼ ਬਣ ਗਿਆ। ਪੂਰਬ ਤੋਂ ਪੱਛਮ, ਉੱਤਰ ਤੋਂ ਦੱਖਣ ਵੰਦੇ ਮਾਤਰਮ ਹਰ ਭਾਰਤੀ ਦਾ ਸੰਕਲਪ ਬਣ ਗਿਆ। ਇਸ ਲਈ ਵੰਦੇ ਮਾਤਰਮ ਦੀ ਪ੍ਰਸ਼ੰਸਾ ਵਿੱਚ ਲਿਖਿਆ ਗਿਆ ਸੀ:
“मातृभूमि स्वतंत्रता की वेदिका पर मोदमय, मातृभूमि स्वतंत्रता की वेदिका पर मोदमय, स्वार्थ का बलिदान है, ये शब्द हैं वंदेमातरम, है सजीवन मंत्र भी, यह विश्व विजयी मंत्र भी, शक्ति का आह्वान है, यह शब्द वंदे मातरम। उष्ण शोणित से लिखो, वक्तस्थलि को चीरकर वीर का अभिमान है, यह शब्द वंदे मातरम।”
(ਮਾਤ ਭੂਮੀ ਦੀ ਆਜ਼ਾਦੀ ਦੀ ਵੇਦੀ 'ਤੇ, ਇਹ ਸਵਾਰਥ ਦਾ ਬਲੀਦਾਨ ਹੈ, ਇਹ ਸ਼ਬਦ ਹਨ ਵੰਦੇ ਮਾਤਰਮ, ਇਹ ਜੀਵਨ ਦਾ ਮੰਤਰ ਹੈ, ਇਹ ਵਿਸ਼ਵ ਜਿੱਤ ਦਾ ਮੰਤਰ ਹੈ, ਇਹ ਸ਼ਕਤੀ ਦੀ ਪੁਕਾਰ ਹੈ, ਇਹ ਸ਼ਬਦ ਹਨ ਵੰਦੇ ਮਾਤਰਮ। ਗਰਮ ਲਹੂ ਨਾਲ ਲਿਖੋ, ਛਾਤੀ ਚੀਰ ਦਿਓ, ਇਹ ਬਹਾਦਰਾਂ ਦੀ ਸ਼ਾਨ ਹੈ, ਇਹ ਸ਼ਬਦ ਹਨ ਵੰਦੇ ਮਾਤਰਮ ।”)
ਸਤਿਕਾਰਯੋਗ ਸਪੀਕਰ ਜੀ,
ਕੁਝ ਦਿਨ ਪਹਿਲਾਂ, ਜਦੋਂ ਵੰਦੇ ਮਾਤਰਮ 150 ਦੀ ਸ਼ੁਰੂਆਤ ਹੋ ਰਹੀ ਸੀ, ਤਾਂ ਮੈਂ ਉਸ ਆਯੋਜਨ ਵਿੱਚ ਕਿਹਾ ਸੀ ਵੰਦੇ ਮਾਤਰਮ ਹਜ਼ਾਰਾਂ ਵਰ੍ਹੇ ਦੀ ਸਭਿਆਚਾਰਕ ਊਰਜਾ ਵੀ ਸੀ। ਉਸ ਵਿੱਚ ਆਜ਼ਾਦੀ ਦਾ ਜਜ਼ਬਾ ਵੀ ਸੀ ਅਤੇ ਆਜ਼ਾਦ ਭਾਰਤ ਦਾ ਵਿਜ਼ਨ ਵੀ ਸੀ। ਅੰਗਰੇਜ਼ਾਂ ਦੇ ਉਸ ਦੌਰ ਵਿੱਚ ਇੱਕ ਫੈਸ਼ਨ ਹੋ ਗਿਆ ਸੀ, ਭਾਰਤ ਨੂੰ ਕਮਜ਼ੋਰ, ਬੇਕਾਰ, ਆਲਸੀ, ਨਿਸ਼ਕਿਰਿਆ ਇਸ ਤਰ੍ਹਾਂ ਭਾਰਤ ਨੂੰ ਜਿੰਨਾ ਨੀਵਾਂ ਦਿਖਾ ਸਕੋ, ਅਜਿਹਾ ਇੱਕ ਫੈਸ਼ਨ ਬਣ ਗਿਆ ਸੀ ਅਤੇ ਉਸ ਵਿੱਚ ਸਾਡੇ ਇੱਥੇ ਵੀ ਜਿਨ੍ਹਾਂ ਨੇ ਤਿਆਰ ਕੀਤੇ ਸਨ, ਉਹ ਲੋਕ ਵੀ ਉਹੀ ਭਾਸ਼ਾ ਬੋਲਦੇ ਸਨ। ਓਦੋਂ ਬੰਕਿਮ ਦਾ ਨੇ ਉਸ ਹੀਣ ਭਾਵਨਾ ਨੂੰ ਵੀ ਝੰਜੋੜਨ ਲਈ ਅਤੇ ਸਮਰੱਥਾ ਨਾਲ ਜਾਣੂ ਕਰਵਾਉਣ ਲਈ, ਵੰਦੇ ਮਾਤਰਮ ਦੇ ਭਾਰਤ ਦੇ ਸ਼ਕਤੀਸ਼ਾਲੀ ਰੂਪ ਨੂੰ ਪ੍ਰਗਟ ਕਰਦੇ ਹੋਏ, ਤੁਸੀਂ ਲਿਖਿਆ ਸੀ ਤਵਂ ਹਿ ਦੁਰਗਾ ਦਸ਼ਪ੍ਰਹਰਣਧਾਰਿਣੀ, ਕਮਲਾ ਕਮਲਦਲਵਿਹਾਰਿਣੀ, ਵਾਣੀ ਵਿਦਾਦਯਿਨੀ। ਨਮਾਮਿ ਤਵਾਂ ਨਮਾਮਿ ਕਮਲਾਮ, ਅਮਲਾਮ ਅਤੁਲਾਂ ਸੁਜਲਾਂ ਸੁਫਲਾਂ ਮਾਤਰਮ।। ਵੰਦੇ ਮਾਤਰਮ।। (त्वं हि दुर्गा दशप्रहरणधारिणी,कमला कमलदलविहारिणी, वाणी विद्यादायिनी। नमामि त्वां नमामि कमलाम्, अमलाम् अतुलां सुजलां सुफलां मातरम्॥ वन्दे मातरम्॥) ਭਾਵ ਭਾਰਤ ਮਾਤਾ ਗਿਆਨ ਅਤੇ ਖ਼ੁਸ਼ਹਾਲੀ ਦੀ ਦੇਵੀ ਵੀ ਹਨ ਅਤੇ ਦੁਸ਼ਮਣਾਂ ਦੇ ਸਾਹਮਏ ਹਥਿਆਰ ਚੁੱਕਣ ਵਾਲੀ ਚੰਡੀ ਵੀ ਹਨ।
ਸਪੀਕਰ ਜੀ,
ਇਹ ਸ਼ਬਦ, ਇਹ ਭਾਵ, ਇਹ ਪ੍ਰੇਰਨਾ, ਗ਼ੁਲਾਮੀ ਦੀ ਨਿਰਾਸ਼ਾ ਵਿੱਚ ਸਾਨੂੰ ਭਾਰਤੀਆਂ ਨੂੰ ਉਤਸ਼ਾਹਿਤ ਕਰਨ ਵਾਲੇ ਸਨ। ਇਨ੍ਹਾਂ ਵਾਕਾਂ ਨੇ ਓਦੋਂ ਕਰੋੜਾਂ ਦੇਸ਼ ਵਾਸੀਆਂ ਨੂੰ ਇਹ ਅਹਿਸਾਸ ਕਰਵਾਇਆ ਕਿ ਲੜਾਈ ਕਿਸੇ ਜ਼ਮੀਨ ਦੇ ਟੁਕੜੇ ਦੇ ਲਈ ਨਹੀਂ ਹੈ, ਇਹ ਲੜਾਈ ਸਿਰਫ਼ ਸੱਤਾ ਦੇ ਤਖ਼ਤ ’ਤੇ ਕਬਜ਼ਾ ਕਰਨ ਦੇ ਲਈ ਨਹੀਂ ਹੈ, ਇਹ ਗ਼ੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤ ਕਰਕੇ ਹਜ਼ਾਰਾਂ ਸਾਲਾਂ ਦੀਆਂ ਜੋ ਮਹਾਨ ਪਰੰਪਰਾਵਾਂ ਸਨ, ਮਹਾਨ ਸਭਿਆਚਾਰ, ਜੋ ਸ਼ਾਨਦਾਰ ਇਤਿਹਾਸ ਸੀ, ਉਸ ਨੂੰ ਫਿਰ ਤੋਂ ਮੁੜ-ਸੁਰਜੀਤ ਕਰਵਾਉਣ ਦਾ ਸੰਕਲਪ ਇਸ ਵਿੱਚ ਹੈ।
ਸਤਿਕਾਰਯੋਗ ਸਪੀਕਰ ਜੀ,
ਵੰਦੇ ਮਾਤਰਮ, ਇਸ ਦਾ ਜੋ ਜਨ-ਜਨ ਨਾਲ ਸਬੰਧ ਸੀ, ਇਹ ਸਾਡੇ ਸੁਤੰਤਰਤਾ ਸੰਗਰਾਮ ਦੀ ਇੱਕ ਲੰਬੀ ਗਾਥਾ ਨੂੰ ਪ੍ਰਗਟ ਕਰਦਾ ਹੈ।
ਸਤਿਕਾਰਯੋਗ ਸਪੀਕਰ ਜੀ,
ਜਦੋਂ ਵੀ ਜਿਵੇਂ ਕਿਸੇ ਨਦੀ ਦੀ ਚਰਚਾ ਹੁੰਦੀ ਹੈ, ਭਾਵੇਂ ਸਿੰਧੂ ਹੋਵੇ, ਸਰਸਵਤੀ ਹੋਵੇ, ਕਾਵੇਰੀ ਹੋਵੇ, ਗੋਦਾਵਰੀ ਹੋਵੇ, ਗੰਗਾ ਹੋਵੇ, ਯਮੁਨਾ ਹੋਵੇ, ਉਸ ਨਦੀ ਦੇ ਨਾਲ ਇੱਕ ਸਭਿਆਚਾਰਕ ਧਾਰਾ ਪ੍ਰਵਾਹ, ਇੱਕ ਵਿਕਾਸ ਯਾਤਰਾ ਦਾ ਧਾਰਾ ਪ੍ਰਵਾਹ, ਇੱਕ ਜਨ-ਜੀਵਨ ਦੀ ਯਾਤਰਾ ਦਾ ਪ੍ਰਵਾਹ, ਉਸ ਦੇ ਨਾਲ ਜੁੜ ਜਾਂਦਾ ਹੈ। ਪਰ ਕੀ ਕਦੇ ਕਿਸੇ ਨੇ ਸੋਚਿਆ ਹੈ ਕਿ ਆਜ਼ਾਦੀ ਜੰਗ ਦੇ ਹਰ ਪੜਾਅ, ਉਹ ਪੂਰੀ ਯਾਤਰਾ ਵੰਦੇ ਮਾਤਰਮ ਦੀਆਂ ਭਾਵਨਾਵਾਂ ਤੋਂ ਲੰਘਦਾ ਸੀ। ਉਸ ਦੇ ਕੰਢਿਆਂ ’ਤੇ ਵਧੀ-ਫੁਲੀ ਹੁੰਦੀ ਸੀ, ਅਜਿਹੀ ਭਾਵਨਾਤਮ ਕਵਿਤਾ ਸ਼ਾਇਦ ਦੁਨੀਆ ਵਿੱਚ ਕਦੇ ਉਪਲਬਧ ਨਹੀਂ ਹੋਵੇਗੀ।
ਸਤਿਕਾਰਯੋਗ ਸਪੀਕਰ ਜੀ,
ਅੰਗਰੇਜ਼ ਸਮਝ ਚੁੱਕੇ ਸਨ ਕਿ 1857 ਤੋਂ ਬਾਅਦ ਲੰਬੇ ਸਮੇਂ ਤੱਕ ਭਾਰਤ ਵਿੱਚ ਟਿਕਣਾ ਉਨ੍ਹਾਂ ਦੇ ਲਈ ਮੁਸ਼ਕਿਲ ਲਗ ਰਿਹਾ ਸੀ ਅਤੇ ਜਿਸ ਤਰ੍ਹਾਂ ਨਾਲ ਉਹ ਆਪਣੇ ਸੁਪਨੇ ਲੈ ਕੇ ਆਏ ਸੀ, ਓਦੋਂ ਉਨ੍ਹਾਂ ਨੂੰ ਲੱਗਿਆ ਕਿ ਜਦੋਂ ਤੱਕ ਭਾਰਤ ਨੂੰ ਵੰਡਾਂਗੇ ਨਹੀਂ, ਜਦੋਂ ਤੱਕ ਭਾਰਤ ਨੂੰ ਟੁਕੜਿਆਂ ਵਿੱਚ ਨਹੀਂ ਵੰਡਾਂਗੇ, ਭਾਰਤ ਵਿੱਚ ਹੀ ਲੋਕਾਂ ਨੂੰ ਇੱਕ-ਦੂਜੇ ਨਾਲ ਲੜਾਉਂਦੇ ਨਹੀਂ, ਓਦੋਂ ਤੱਕ ਇੱਥੇ ਰਾਜ ਕਰਨਾ ਮੁਸ਼ਕਿਲ ਹੈ ਅਤੇ ਅੰਗਰੇਜ਼ਾਂ ਨੇ ਵੰਡੋ ਅਤੇ ਰਾਜ ਕਰੋ, ਇਸ ਰਸਤੇ ਨੂੰ ਚੁਣਿਆ ਅਤੇ ਉਨ੍ਹਾਂ ਨੇ ਬੰਗਾਲ ਦਾ ਜੋ ਸਮਰੱਥ ਹੈ, ਉਹ ਪੂਰੇ ਦੇਸ਼ ਦੀ ਸ਼ਕਤੀ ਦਾ ਇੱਕ ਤਰ੍ਹਾਂ ਨਾਲ ਕੇਂਦਰ ਬਿੰਦੂ ਹੈ। ਅਤੇ ਇਸ ਲਈ ਅੰਗਰੇਜ਼ਾਂ ਨੇ ਸਭ ਤੋਂ ਪਹਿਲਾਂ ਬੰਗਾਲ ਦੇ ਟੁਕੜੇ ਕਰਨ ਦੀ ਦਿਸ਼ਾ ਵਿੱਚ ਕੰਮ ਕੀਤਾ। ਅਤੇ ਅੰਗਰੇਜ਼ਾਂ ਦਾ ਮੰਨਣਾ ਸੀ ਕਿ ਇੱਕ ਵਾਰ ਬੰਗਾਲ ਟੁੱਟ ਗਿਆ, ਤਾਂ ਇਹ ਦੇਸ਼ ਵੀ ਟੁੱਟ ਜਾਵੇਗਾ ਅਤੇ ਉਹ ਦਿਨ-ਰਾਤ ਰਾਜ ਕਰਦੇ ਰਹਿਣਗੇ, ਇਹ ਉਨ੍ਹਾਂ ਦੀ ਸੋਚ ਸੀ। 1905 ਵਿੱਚ ਅੰਗਰੇਜ਼ਾਂ ਨੇ ਬੰਗਾਲ ਦੀ ਵੰਡ ਕੀਤੀ, ਪਰ ਜਦੋਂ ਅੰਗਰੇਜ਼ਾਂ ਨੇ 1905 ਵਿੱਚ ਇਹ ਪਾਪ ਕੀਤਾ, ਤਾਂ ਵੰਦੇ ਮਾਤਰਮ ਚਟਾਨ ਵਾਂਗ ਖੜ੍ਹਾ ਰਿਹਾ। ਬੰਗਾਲ ਦੀ ਏਕਤਾ ਦੇ ਲਈ ਵੰਦੇ ਮਾਤਰਮ ਗਲੀ-ਗਲੀ ਦਾ ਨਾਅਰਾ ਬਣ ਗਿਆ ਸੀ ਅਤੇ ਉਹੀ ਨਾਅਰਾ ਪ੍ਰੇਰਨਾ ਦਿੰਦਾ ਸੀ। ਅੰਗਰੇਜ਼ਾਂ ਨੇ ਬੰਗਾਲ ਵੰਡ ਦੇ ਨਾਲ ਹੀ ਭਾਰਤ ਨੂੰ ਕਮਜ਼ੋਰ ਕਰਨ ਦੇ ਬੀਜ ਹੋਰ ਵੱਧ ਬੀਜਣ ਦੀ ਦਿਸ਼ਾ ਫੜ ਲਈ ਸੀ, ਪਰ ਵੰਦੇ ਮਾਤਰਮ ਇੱਕ ਆਵਾਜ਼, ਇੱਕ ਸੂਤਰ ਦੇ ਰੂਪ ਵਿੱਚ ਅੰਗਰੇਜ਼ਾਂ ਦੇ ਲਈ ਚੁਣੌਤੀ ਬਣਦਾ ਗਿਆ ਅਤੇ ਦੇਸ਼ ਦੇ ਲਈ ਚਟਾਨ ਬਣਦਾ ਗਿਆ।
ਸਤਿਕਾਰਯੋਗ ਸਪੀਕਰ ਜੀ,
ਬੰਗਾਲ ਦੀ ਵੰਡ ਤਾਂ ਹੋਈ, ਪਰ ਇੱਕ ਬਹੁਤ ਵੱਡਾ ਸਵਦੇਸ਼ੀ ਅੰਦੋਲਨ ਖੜ੍ਹਾ ਹੋਇਆ ਅਤੇ ਓਦੋਂ ਵੰਦੇ ਮਾਤਰਮ ਹਰ ਪਾਸੇ ਗੂੰਜ ਰਿਹਾ ਸੀ। ਅੰਗਰੇਜ਼ ਸਮਝ ਗਏ ਸਨ ਕਿ ਬੰਗਾਲ ਦੀ ਧਰਤੀ ਤੋਂ ਨਿਕਲਿਆ, ਬੰਕਿਮ ਦਾ, ਦਾ ਇਹ ਭਾਵ ਸੂਤਰ, ਬੰਕਿਤ ਬਾਬੂ ਬੋਲੇ ਚੰਗਾ ਥੈਂਕ ਯੂ ਥੈਂਕ ਯੂ ਥੈਂਕ ਯੂ ਤੁਹਾਡੀਆਂ ਭਾਵਨਾਵਾਂ ਦਾ ਮੈਂ ਆਦਰ ਕਰਦਾ ਹਾਂ। ਬੰਕਿਮ ਬਾਬੂ ਨੇ, ਬੰਕਿਮ ਬਾਬੂ ਨੇ ਥੈਂਕ ਯੂ ਦਾਦਾ ਥੈਂਕ ਯੂ, ਤੁਹਾਨੂੰ ਤਾਂ ਦਾਦਾ ਕਹਿ ਸਕਦਾ ਹਾਂ ਨਾ, ਨਹੀਂ ਤਾਂ ਉਸ ਵਿੱਚ ਵੀ ਤੁਹਾਨੂੰ ਇਤਰਾਜ਼ ਹੋ ਜਾਵੇਗਾ। ਬੰਕਿਮ ਬਾਬੂ ਨੇ ਇਹ ਜੋ ਭਾਵ ਵਿਸ਼ਵ ਤਿਆਰ ਕੀਤਾ ਸੀ, ਉਨ੍ਹਾਂ ਦੇ ਭਾਵ ਗੀਤ ਵੱਲੋਂ, ਉਨ੍ਹਾਂ ਨੇ ਅੰਗਰੇਜ਼ਾਂ ਨੂੰ ਹਿਲਾ ਦਿੱਤਾ ਅਤੇ ਅੰਗਰੇਜ਼ਾਂ ਦੀ ਦੇਖੋ ਕਿੰਨੀ ਕਮਜ਼ੋਰੀ ਹੋਵੇਗੀ ਅਤੇ ਇਸ ਗੀਤ ਦੀ ਤਾਕਤ ਕਿੰਨੀ ਹੋਵੇਗੀ, ਅੰਗਰੇਜ਼ਾਂ ਨੇ ਉਸ ਨੂੰ ਕਾਨੂੰਨੀ ਤੌਰ ’ਤੇ ਰੋਕ ਲਗਾਉਣ ਦੇ ਲਈ ਮਜਬੂਰ ਹੋਣਾ ਪਿਆ ਸੀ। ਗਾਉਣ ’ਤੇ ਸਜ਼ਾ, ਛਾਪਣ ’ਤੇ ਸਜ਼ਾ, ਇੰਨਾ ਹੀ ਨਹੀਂ, ਵੰਦੇ ਮਾਤਰਮ ਸ਼ਬਦ ਬੋਲਣ ’ਤੇ ਵੀ ਸਜ਼ਾ, ਇੰਨੇ ਸਖਤ ਕਾਨੂੰਨ ਲਾਗੂ ਕਰ ਦਿੱਤੇ ਗਏ ਸਨ। ਸਾਡੇ ਦੇਸ਼ ਦੀ ਆਜ਼ਾਦੀ ਦੇ ਅੰਦੋਲਨ ਵਿੱਚ ਸੈਂਕੜੇ ਮਹਿਲਾਵਾਂ ਨੇ ਅਗਵਾਈ ਕੀਤੀ, ਮਹਿਲਾਵਾਂ ਨੇ ਯੋਗਦਾਨ ਦਿੱਤਾ। ਇੱਕ ਘਟਨਾ ਦਾ ਮੈਂ ਜ਼ਿਕਰ ਕਰਨਾ ਚਾਹੁੰਦਾ ਹਾਂ, ਬਾਰੀਸਾਲ, ਬਾਰੀਸਾਲ ਵਿੱਚ ਵੰਦੇ ਮਾਤਰਮ ਗਾਉਣ ’ਤੇ ਸਭ ਤੋਂ ਵੱਧ ਜ਼ੁਲਮ ਹੋਏ ਸਨ।
ਉਹ ਬਾਰੀਸਾਲ ਅੱਜ ਭਾਰਤ ਦਾ ਹਿੱਸਾ ਨਹੀਂ ਰਿਹਾ ਹੈ ਅਤੇ ਉਸ ਸਮੇਂ ਬਾਰੀਸਾਲ ਦੀਆ ਸਾਡੀਆਂ ਮਾਵਾਂ, ਭੈਣਾਂ, ਬੱਚੇ ਮੈਦਾਨ ’ਤੇ ਉੱਤਰੇ ਸਨ, ਵੰਦੇ ਮਾਤਰਮ ਦੇ ਸਵੈਮਾਣ ਦੇ ਲਈ, ਇਸ ਰੋਕ ਦੇ ਵਿਰੋਧ ਵਿੱਚ ਲੜਾਈ ਦੇ ਮੈਦਾਨ ਵਿੱਚ ਉੱਤਰੇ ਸਨ ਅਤੇ ਓਦੋਂ ਬਾਰੀਸਾਲ ਦੀ ਇਸ ਬਹਾਦਰ ਮਹਿਲਾ ਸ਼੍ਰੀਮਤੀ ਸਰੋਜਨੀ ਘੋਸ਼, ਜਿਨ੍ਹਾਂ ਨੇ ਉਸ ਜ਼ਮਾਨੇ ਵਿੱਚ ਉੱਥੇ ਦੀਆਂ ਭਾਵਨਾਵਾਂ ਨੂੰ ਦੇਖੋ ਅਤੇ ਉਨ੍ਹਾਂ ਨੇ ਕਿਹਾ ਸੀ ਕਿ ਵੰਦੇ ਮਾਤਰਮ ਇਹ ਜੋ ਰੋਕ ਲਗਾਈ ਹੈ, ਜਦੋਂ ਤੱਕ ਇਹ ਰੋਕ ਨਹੀਂ ਹਟਦੀ ਹੈ, ਮੈਂ ਆਪਣੀਆਂ ਚੂੜੀਆਂ ਜੋ ਪਾਉਂਦੀ ਹਾਂ, ਉਹ ਕੱਢ ਦੇਵਾਂਗੀ। ਭਾਰਤ ਵਿੱਚ ਉਹ ਇੱਕ ਜ਼ਮਾਨਾ ਸੀ, ਚੂੜੀ ਕੱਢਣਾ ਯਾਨੀ ਮਹਿਲਾ ਦੇ ਜੀਵਨ ਦੀ ਇੱਕ ਬਹੁਤ ਵੱਡੀ ਘਟਨਾ ਹੋਇਆ ਕਰਦੀ ਸੀ, ਪਰ ਉਨ੍ਹਾਂ ਦੇ ਲਈ ਵੰਦੇ ਮਾਤਰਮ ਇਹ ਭਾਵਨਾ ਸੀ, ਉਨ੍ਹਾਂ ਨੇ ਆਪਣੀਆਂ ਸੋਨੇ ਦੀਆਂ ਚੂੜੀਆਂ, ਜਦ ਤੱਕ ਵੰਦੇ ਮਾਤਰਮ ਰੋਕ ਨਹੀਂ ਹਟੇਗਾ, ਮੈਂ ਮੁੜ ਨਹੀਂ ਪਾਵਾਂਗੀ, ਅਜਿਹੀ ਵੱਡਾ ਵਰਤ ਲੈ ਲਿਆ ਸੀ।
ਸਾਡੇ ਦੇਸ਼ ਦੇ ਬੱਚੇ ਵੀ ਪਿੱਛੇ ਨਹੀਂ ਰਹੇ ਸਨ, ਉਨ੍ਹਾਂ ਨੂੰ ਕੋਰੜੇ ਦੀ ਸਜ਼ਾ ਹੁੰਦੀ ਸੀ, ਛੋਟੀ-ਛੋਟੀ ਉਮਰ ਵਿੱਚ ਉਨ੍ਹਾਂ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਜਾਂਦਾ ਸੀ ਅਤੇ ਉਨ੍ਹਾਂ ਦਿਨਾਂ ਵਿੱਚ ਖ਼ਾਸ ਕਰਕੇ ਬੰਗਾਲ ਦੀਆਂ ਗਲੀਆਂ ਵਿੱਚ ਲਗਾਤਾਰ ਵੰਦੇ ਮਾਤਰਮ ਦੇ ਲਈ ਪ੍ਰਭਾਤ ਫੇਰੀਆਂ ਨਿਕਲਦੀਆਂ ਸਨ। ਅੰਗਰੇਜ਼ਾਂ ਦੇ ਨੱਕ ਵਿੱਚ ਦਮ ਕਰ ਦਿੱਤਾ ਸੀ ਅਤੇ ਉਸ ਸਮੇਂ ਇੱਕ ਗੀਤ ਗੂੰਜਦਾ ਸੀ ਬੰਗਾਲ ਮੇਂ ਜਾਏ ਜਾਬੇ ਜੀਵੋਨੋ ਚੋਲੇ, ਜਾਏ ਜਾਬੇ ਜੀਵੋਨੋ ਚੋਲੇ, ਜੋਗੋਤੋ ਮਾਝੇ ਤੋਮਾਰ ਕਾਂਧੇ ਵੰਦੇ ਮਾਤਰਮ ਬੋਲੇ (बंगाल में जाए जाबे जीवोनो चोले, जाए जाबे जीवोनो चोले, जोगोतो माझे तोमार काँधे वन्दे मातरम बोले) (ਬਾਂਗਲ਼ਾ ਵਿੱਚ) ਭਾਵ ਹੇ ਮਾਂ ਸੰਸਾਰ ਵਿੱਚ ਤੁਹਾਡਾ ਕੰਮ ਕਰਦੇ ਅਤੇ ਵੰਦੇ ਮਾਤਰਮ ਕਹਿੰਦੇ ਜੀਵਨ ਵੀ ਚਲਿਆ ਜਾਵੇ, ਤਾਂ ਉਹ ਜੀਵਨ ਵੀ ਧੰਨ ਹੈ, ਇਹ ਬੰਗਾਲ ਦੀ ਗਲੀਆਂ ਵਿੱਚ ਬੱਚੇ ਕਹਿ ਰਹੇ ਸਨ। ਇਹ ਗੀਤ ਉਨ੍ਹਾਂ ਬੱਚਿਆਂ ਦੇ ਹਿੰਮਤ ਦੀ ਆਵਾਜ਼ ਸੀ ਅਤੇ ਉਨ੍ਹਾਂ ਬੱਚਿਆਂ ਦੀ ਹਿੰਮਤ ਨੇ ਦੇਸ਼ ਨੂੰ ਹਿੰਮਤ ਦਿੱਤੀ ਸੀ। ਬੰਗਾਲ ਦੀਆਂ ਗਲੀਆਂ ਤੋਂ ਨਿਕਲੀ ਆਵਾਜ਼ ਦੇਸ਼ ਦੀ ਆਵਾਜ਼ ਬਣ ਗਈ ਸੀ।
1905 ਵਿੱਚ ਹਰਿਤਪੁਰ ਦੇ ਇੱਕ ਪਿੰਡ ਵਿੱਚ ਬਹੁਤ ਛੋਟੀ-ਛੋਟੀ ਉਮਰ ਦੇ ਬੱਚੇ, ਜਦੋਂ ਵੰਦੇ ਮਾਤਰਮ ਦੇ ਨਾਅਰੇ ਲਗਾ ਰਹੇ ਸਨ, ਅੰਗਰੇਜ਼ਾਂ ਨੇ ਬੇਰਹਿਮੀ ਨਾਲ ਉਨ੍ਹਾਂ ’ਤੇ ਕੋਰੜੇ ਮਾਰੇ ਸਨ। ਹਰ ਇੱਕ ਤਰ੍ਹਾਂ ਨਾਲ ਜੀਵਨ ਅਤੇ ਮੌਤ ਦੇ ਵਿੱਚ ਲੜਾਈ ਲੜਨ ਦੇ ਲਈ ਮਜਬੂਰ ਕਰ ਦਿੱਤਾ ਸੀ। ਇੰਨਾ ਅੱਤਿਆਚਾਰ ਹੋਇਆ ਸੀ। 1906 ਵਿੱਚ ਨਾਗਪੁਰ ਵਿੱਚ ਨੀਲ ਸਿਟੀ ਹਾਈ ਸਕੂਲ ਦੇ ਉਨ੍ਹਾਂ ਬੱਚਿਆਂ ’ਤੇ ਵੀ ਅੰਗਰੇਜ਼ਾਂ ਨੇ ਅਜਿਹੇ ਹੀ ਜ਼ੁਲਮ ਕੀਤੇ ਸਨ। ਗੁਨਾਹ ਇਹੀ ਸੀ ਕਿ ਉਹ ਇੱਕ ਆਵਾਜ਼ ਨਾਲ ਵੰਦੇ ਮਾਤਰਮ ਬੋਲ ਕੇ ਖੜ੍ਹੇ ਹੋ ਗਏ ਸੀ। ਉਨ੍ਹਾਂ ਨੇ ਵੰਦੇ ਮਾਤਰਮ ਦੇ ਲਈ, ਮੰਤਰ ਦੀ ਮਹੱਤਤਾ ਆਪਣੀ ਤਾਕਤ ਨਾਲ ਸਿੱਧ ਕਰਨ ਦਾ ਯਤਨ ਕੀਤਾ ਸੀ। ਸਾਡੇ ਜਾਂਬਾਜ਼ ਪੁੱਤਰ ਬਿਨਾਂ ਕਿਸੇ ਡਰ ਦੇ ਫ਼ਾਂਸੀ ਦੇ ਤਖਤੇ ’ਤੇ ਚੜ੍ਹਦੇ ਸਨ ਅਤੇ ਆਖ਼ਰੀ ਸਾਹ ਤੱਕ ਵੰਦੇ ਮਾਤਰਮ ਵੰਦੇ ਮਾਤਰਮ ਵੰਦੇ ਮਾਤਰਮ , ਇਹੀ ਉਨ੍ਹਾਂ ਦਾ ਭਾਵ ਨਾਅਰਾ ਰਹਿੰਦਾ ਸੀ।
ਖੁਦੀਰਾਮ ਬੋਸ, ਮਦਨਲਾਲ ਢੀਂਗਰਾ, ਰਾਮ ਪ੍ਰਸਾਦ ਬਿਸਮਿਲ, ਅਸ਼ਫਾਕਉੱਲਾ ਖ਼ਾਨ, ਰੋਸ਼ਨ ਸਿੰਘ, ਰਾਜੇਂਦਰਨਾਥ ਲਾਹਿੜੀ, ਰਾਮਕ੍ਰਿਸ਼ਣ ਵਿਸ਼ਵਾਸ ਅਣਗਿਣਤ ਜਿਨ੍ਹਾਂ ਨੇ ਵੰਦੇ ਮਾਤਰਮ ਕਹਿੰਦੇ-ਕਹਿੰਦੇ ਫ਼ਾਂਸੀ ਦੇ ਫੰਦੇ ਨੂੰ ਆਪਣੇ ਗਲੇ ’ਤੇ ਲਗਾਇਆ ਸੀ। ਪਰ ਦੇਖੋ ਇਹ ਕਈ ਜੇਲ੍ਹਾਂ ਵਿੱਚ ਹੁੰਦਾ ਸੀ, ਵੱਖ-ਵੱਖ ਇਲਾਕਿਆਂ ਵਿੱਚ ਹੁੰਦਾ ਸੀ। ਪ੍ਰਕਿਰਿਆ ਕਰਨ ਵਾਲੇ ਚਿਹਰੇ ਅਲੱਗ ਸਨ, ਲੋਕ ਅਲੱਗ ਸਨ। ਜਿਨ੍ਹਾਂ ’ਤੇ ਜ਼ੁਲਮ ਹੋ ਰਿਹਾ ਸੀ, ਉਨ੍ਹਾਂ ਦੀ ਭਾਸ਼ਾ ਵੀ ਅਲੱਗ ਸੀ, ਪਰ ਏਕ ਭਾਰਤ, ਸ਼੍ਰੇਸ਼ਠ ਭਾਰਤ, ਇਨ੍ਹਾਂ ਸਭ ਦਾ ਮੰਤਰ ਇੱਕ ਹੀ ਸੀ, ਵੰਦੇ ਮਾਤਰਮ। ਚਟਗਾਂਓ ਦੀ ਸਵਰਾਜ ਕ੍ਰਾਂਤੀ ਜਿਨ੍ਹਾਂ ਨੌਜਵਾਨਾਂ ਨੇ ਅੰਗਰੇਜ਼ਾਂ ਨੂੰ ਚੁਣੌਤੀ ਦਿੱਤੀ, ਉਹ ਵੀ ਇਤਿਹਾਸ ਦੇ ਚਮਕਦੇ ਹੋਏ ਨਾਮ ਹਨ। ਹਰਗੋਪਾਲ ਕੌਲ, ਪੁਲਿਨ ਵਿਕਾਸ਼ ਘੋਸ਼, ਤ੍ਰਿਪੁਰ ਸੇਨ ਇਨ੍ਹਾਂ ਸਭ ਨੇ ਦੇਸ਼ ਦੇ ਲਈ ਆਪਣੀ ਕੁਰਬਾਨੀ ਦਿੱਤੀ। ਮਾਸਟਰ ਸੂਰਯ ਸੇਨ ਨੂੰ 1934 ਵਿੱਚ ਜਦੋਂ ਫ਼ਾਂਸੀ ਦਿੱਤੀ ਗਈ, ਓਦੋਂ ਉਨ੍ਹਾਂ ਨੇ ਆਪਣੇ ਸਾਥੀਆਂ ਨੂੰ ਇੱਕ ਪੱਤਰ ਲਿਖਿਆ ਅਤੇ ਪੱਤਰ ਵਿੱਚ ਇੱਕ ਹੀ ਸ਼ਬਦ ਦੀ ਗੂੰਜ ਸੀ ਅਤੇ ਉਹ ਸ਼ਬਦ ਸੀ ਵੰਦੇ ਮਾਤਰਮ।
ਸਤਿਕਾਰਯੋਗ ਸਪੀਕਰ ਜੀ,
ਸਾਨੂੰ ਦੇਸ਼ਵਾਸੀਆਂ ਨੂੰ ਮਾਣ ਹੋਣਾ ਚਾਹੀਦਾ ਹੈ, ਦੁਨੀਆ ਦੇ ਇਤਿਹਾਸ ਵਿੱਚ ਕਿਤੇ ਵੀ ਅਜਿਹੀ ਕੋਈ ਕਵਿਤਾ ਨਹੀਂ ਹੋ ਸਕਦੀ, ਕੋਈ ਭਾਵ ਗੀਤ ਨਹੀਂ ਹੋ ਸਕਦਾ, ਜੋ ਸਦੀਆਂ ਤੱਕ ਇੱਕ ਟੀਚੇ ਦੇ ਲਈ ਕੋਟਿ-ਕੋਟਿ ਜਨਾਂ ਨੂੰ ਪ੍ਰੇਰਿਤ ਕਰਦਾ ਹੋਵੇ ਅਤੇ ਜੀਵਨ ਕੁਰਬਾਨ ਕਰਨ ਦੇ ਲਈ ਨਿਕਲ ਪਏ ਹੋਣ, ਦੁਨੀਆ ਵਿੱਚ ਅਜਿਹਾ ਕੋਈ ਭਾਵ ਗੀਤ ਨਹੀਂ ਹੋ ਸਕਦਾ, ਜੋ ਵੰਦੇ ਮਾਤਰਮ ਹੈ। ਪੂਰੇ ਵਿਸ਼ਵ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਗ਼ੁਲਾਮੀ ਦੇ ਕਾਲਖੰਡ ਵਿੱਚ ਵੀ ਅਜਿਹੇ ਲੋਕ ਸਾਡੇ ਇੱਥੇ ਪੈਦਾ ਹੁੰਦੇ ਸਨ, ਜੋ ਇਸ ਤਰ੍ਹਾਂ ਦੇ ਭਾਵ ਗੀਤ ਦੀ ਰਚਨਾ ਕਰ ਸਕਦੇ ਸਨ। ਇਹ ਵਿਸ਼ਵ ਦੇ ਲਈ ਅਜੂਬਾ ਹੈ, ਸਾਨੂੰ ਮਾਣ ਨਾਲ ਕਹਿਣਾ ਚਾਹੀਦਾ ਹੈ, ਤਾਂ ਦੁਨੀਆ ਵੀ ਮਨਾਉਣਾ ਸ਼ੁਰੂ ਕਰੇਗੀ। ਇਹ ਸਾਡੀ ਸੁਤੰਤਰਤਾ ਦਾ ਮੰਤਰ ਸੀ, ਇਹ ਕੁਰਬਾਨੀ ਦਾ ਮੰਤਰ ਸੀ, ਇਹ ਊਰਜਾ ਦਾ ਮੰਤਰ ਸੀ, ਇਹ ਪਵਿੱਤਰਤਾ ਦਾ ਮੰਤਰ ਸੀ, ਇਹ ਸਮਰਪਣ ਦਾ ਮੰਤਰ ਸੀ, ਇਹ ਤਿਆਗ ਅਤੇ ਤਪੱਸਿਆ ਦਾ ਮੰਤਰ ਸੀ, ਸੰਕਟਾਂ ਨੂੰ ਸਹਿਣ ਦਾ ਸਮਰੱਥ ਦੇਣ ਦਾ ਇਹ ਮੰਤਰ ਸੀ ਅਤੇ ਉਹ ਮੰਤਰ ਵੰਦੇ ਮਾਤਰਮ ਸੀ। ਅਤੇ ਇਸ ਲਈ ਗੁਰੂਦੇਵ ਰਵਿੰਦਰਨਾਥ ਟੈਗੋਰ ਨੇ ਲਿਖਿਆ ਸੀ, ਉਨ੍ਹਾਂ ਨੇ ਲਿਖਿਆ ਸੀ, ਏਕ ਕਾਰਯੇ ਸੋਂਪਿਯਾਛਿ ਸਹਸ੍ਰ ਜੀਵਨ- ਵੰਦੇ ਮਾਤਰਮ (ਬਾਂਗਲ਼ਾ ਵਿੱਚ) ਭਾਵ ਇੱਕ ਸੂਤਰ ਵਿੱਚ ਬੱਝੇ ਹੋਏ ਹਜ਼ਾਰਾਂ ਮਨ, ਇੱਕ ਹੀ ਕਾਰਜ ਵਿੱਚ ਸਮਰਪਿਤ ਹਜ਼ਾਰਾਂ ਜੀਵਨ, ਵੰਦੇ ਮਾਤਰਮ। ਇਹ ਰਵਿੰਦਰਨਾਥ ਟੈਗੋਰ ਜੀ ਨੇ ਲਿਖਿਆ ਸੀ।
ਸਤਿਕਾਰਯੋਗ ਸਪੀਕਰ ਜੀ,
ਉਸੇ ਸਮੇਂ ਵਿੱਚ ਵੰਦੇ ਮਾਤਰਮ ਦੀ ਰਿਕਾਰਡਿੰਗ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਪਹੁੰਚੀ ਅਤੇ ਲੰਦਨ ਵਿੱਚ ਜੋ ਕ੍ਰਾਂਤੀਕਾਰੀਆਂ ਦੀ ਇੱਕ ਤਰ੍ਹਾਂ ਨਾਲ ਤੀਰਥ ਭੂਮੀ ਬਣ ਗਿਆ ਸੀ, ਉਹ ਲੰਦਨ ਦਾ ਇੰਡੀਆ ਹਾਊਸ ਵੀਰ ਸਾਵਰਕਰ ਜੀ ਨੇ ਉੱਥੇ ਵੰਦੇ ਮਾਤਰਮ ਗੀਤ ਗਾਇਆ ਅਤੇ ਉੱਥੇ ਉਹ ਗੀਤ ਵਾਰ-ਵਾਰ ਗੂੰਜਦਾ ਸੀ। ਦੇਸ਼ ਦੇ ਲਈ ਜਿਊਣ-ਮਰਨ ਵਾਲਿਆਂ ਦੇ ਲਈ ਉਹ ਇੱਕ ਬਹੁਤ ਵੱਡਾ ਪ੍ਰੇਰਨਾ ਦਾ ਮੌਕਾ ਰਹਿੰਦਾ ਸੀ। ਉਸੇ ਸਮੇਂ ਵਿਪਿਨ ਚੰਦਰ ਪਾਲ ਅਤੇ ਮਹਾਰਿਸ਼ੀ ਅਰਵਿੰਦ ਘੋਸ਼, ਉਨ੍ਹਾਂ ਨੇ ਅਖ਼ਬਾਰ ਕੱਢਣ, ਉਸ ਅਖ਼ਬਾਰ ਦਾ ਨਾਂ ਵੀ ਉਨ੍ਹਾਂ ਨੇ ਵੰਦੇ ਮਾਤਰਮ ਰੱਖਿਆ। ਯਾਨੀ ਹਰ ਮੋੜ ’ਤੇ ਅੰਗਰੇਜ਼ਾਂ ਦੀ ਨੀਂਦ ਹਰਾਮ ਕਰਨ ਦੇ ਲਈ ਵੰਦੇ ਮਾਤਰਮ ਬਹੁਤ ਹੋ ਜਾਂਦਾ ਸੀ ਅਤੇ ਇਸ ਲਈ ਉਨ੍ਹਾਂ ਨੇ ਇਸ ਨਾਂ ਨੂੰ ਰੱਖਿਆ। ਅੰਗਰੇਜ਼ਾਂ ਨੇ ਅਖਬਾਰਾਂ ’ਤੇ ਰੋਕ ਲਗਾ ਦਿੱਤੀ, ਤਾਂ ਮੈਡਮ ਭੀਕਾਜੀ ਕਾਮਾ ਨੇ ਪੈਰਿਸ ਵਿੱਚ ਇੱਕ ਅਖ਼ਬਾਰ ਕੱਢਿਆ ਅਤੇ ਉਸ ਦਾ ਨਾਂ ਉਨ੍ਹਾਂ ਨੇ ਵੰਦੇ ਮਾਤਰਮ ਰੱਖਿਆ!
ਸਤਿਕਾਰਯੋਗ ਸਪੀਕਰ ਜੀ,
ਵੰਦੇ ਮਾਤਰਮ ਨੇ ਭਾਰਤ ਨੂੰ ਆਤਮ-ਨਿਰਭਰਤਾ ਦਾ ਰਸਤਾ ਵੀ ਦਿਖਾਇਆ। ਉਸ ਸਮੇਂ ਮਾਚਿਸ ਦੀ ਡੱਬੀ, ਮੈਚ ਬੌਕਸ, ਉੱਥੋਂ ਲੈ ਕੇ ਵੱਡੇ-ਵੱਡੇ ਸ਼ਿਪ ਉਸ ’ਤੇ ਵੀ ਵੰਦੇ ਮਾਤਰਮ ਲਿਖਣ ਦੀ ਪਰੰਪਰਾ ਬਣ ਗਈ ਅਤੇ ਬਾਹਰੀ ਕੰਪਨੀਆਂ ਨੂੰ ਚੁਣੌਤੀ ਦੇਣ ਦਾ ਇੱਕ ਮਾਧਿਅਮ ਬਣ ਗਿਆ, ਸਵਦੇਸ਼ੀ ਦਾ ਇੱਕ ਮੰਤਰ ਬਣ ਗਿਆ। ਆਜ਼ਾਦੀ ਦਾ ਮੰਤਰ ਸਵਦੇਸ਼ੀ ਦੇ ਮੰਤਰ ਦੀ ਤਰ੍ਹਾਂ ਵਿਸਥਾਰ ਹੁੰਦਾ ਗਿਆ।
ਸਤਿਕਾਰਯੋਗ ਸਪੀਕਰ ਜੀ,
ਮੈਂ ਇੱਕ ਹੋਰ ਘਟਨਾ ਦਾ ਜ਼ਿਕਰ ਵੀ ਕਰਨਾ ਚਾਹੁੰਦਾ ਹਾਂ। 1907 ਵਿੱਚ ਜਦੋਂ ਵੀ.ਓ. ਚਿਦੰਬਰਮ ਪਿਲੱਈ, ਉਨ੍ਹਾਂ ਨੇ ਸਵਦੇਸ਼ੀ ਕੰਪਨੀ ਦਾ ਜਹਾਜ਼ ਬਣਾਇਆ, ਤਾਂ ਉਸ ’ਤੇ ਵੀ ਲਿਖਿਆ ਸੀ ਵੰਦੇ ਮਾਤਰਮ। ਰਾਸ਼ਟਰਕਵੀ ਸੁਬ੍ਰਮਣਯਮ ਭਾਰਤੀ ਨੇ ਵੰਦੇ ਮਾਤਰਮ ਨੂੰ ਤਾਮਿਲ ਵਿੱਚ ਅਨੁਵਾਦ ਕੀਤਾ, ਪ੍ਰਸ਼ੰਸਾ ਗੀਤ ਲਿਖੇ। ਉਨ੍ਹਾਂ ਦੇ ਕਈ ਤਾਮਿਲ ਦੇਸ਼ ਭਗਤੀ ਗੀਤਾਂ ਵਿੱਚ ਵੰਦੇ ਮਾਤਰਮ ਦੀ ਸ਼ਰਧਾ ਸਾਫ-ਸਾਫ ਨਜ਼ਰ ਆਉਂਦੀ ਹੈ। ਸ਼ਾਇਦ ਸਾਰੇ ਲੋਕਾਂ ਨੂੰ ਲਗਦਾ ਹੈ, ਤਾਮਿਲਨਾਡੂ ਦੇ ਲੋਕਾਂ ਨੂੰ ਪਤਾ ਹੋਵੇ, ਪਰ ਸਾਰੇ ਲੋਕਾਂ ਨੂੰ ਇਹ ਗੱਲ ਪਤਾ ਨਾ ਹੋਵੇ ਕਿ ਭਾਰਤ ਦਾ ਝੰਡਾ ਗੀਤ ਵੀ ਸੁਬ੍ਰਮਣਯਮ ਭਾਰਤੀ ਨੇ ਹੀ ਲਿਖਿਆ ਸੀ। ਉਸ ਝੰਡੇ ਗੀਤ ਦਾ ਜ਼ਿਕਰ ਜਿਸ ’ਤੇ ਵੰਦੇ ਮਾਤਰਮ ਲਿਖਿਆ ਹੋਇਆ ਸੀ, ਤਾਮਿਲ ਵਿੱਚ ਇਸ ਝੰਡੇ ਗੀਤ ਦਾ ਸਿਰਲੇਖ ਸੀ। ਥਈਨ ਮਨੀਕੋਡੀ ਪਰੀਰ, ਥਜ਼ੰਡੁ ਪਨੀਨਤੁ ਪੁਕਾਜ਼ਂਥਿਡਾ ਵਰੀਰ! (Thayin manikodi pareer, thazhndu panintu Pukazhnthida Vareer!) (ਤਾਮਿਲ ਵਿੱਚ) ਭਾਵ ਯਾਨੀ, ਦੇਸ਼ ਭਗਤੋ ਦਰਸ਼ਨ ਕਰ ਲਓ, ਸਤਿਕਾਰ ਕਰ ਲਓ, ਮੇਰੀ ਮਾਂ ਦੇ ਬ੍ਰਹਮ ਝੰਡੇ ਨੂੰ ਪ੍ਰਣਾਮ ਕਰੋ।
ਸਤਿਕਾਰਯੋਗ ਸਪੀਕਰ ਸਰ,
ਮੈਂ ਅੱਜ ਇਸ ਸਦਨ ਵਿੱਚ ਵੰਦੇ ਮਾਤਰਮ ’ਤੇ ਮਹਾਤਮਾ ਗਾਂਧੀ ਦੀਆਂ ਭਾਵਨਾਵਾਂ ਕੀ ਸਨ, ਉਹ ਵੀ ਰੱਖਣਾ ਚਾਹੁੰਦਾ ਹਾਂ। ਦੱਖਣ ਅਫ਼ਰੀਕਾ ਤੋਂ ਪ੍ਰਕਾਸ਼ਿਤ ਇੱਕ ਹਫਤਾਵਾਰ ਪੱਤ੍ਰਿਕਾ ਨਿਕਲਦੀ ਸੀ, ਇੰਡੀਅਨ ਓਪੀਨੀਅਨ ਅਤੇ ਇਸ ਇੰਡੀਅਨ ਓਪੀਨੀਅਨ ਵਿੱਚ ਮਹਾਤਮਾ ਗਾਂਧੀ ਨੇ 2 ਦਸੰਬਰ, 1905 ਨੂੰ ਜੋ ਲਿਖਿਆ ਸੀ, ਉਸ ਦਾ ਮੈਂ ਜ਼ਿਕਰ ਕਰ ਰਿਹਾ ਹਾਂ। ਉਨ੍ਹਾਂ ਨੇ ਲਿਖਿਆ ਸੀ, ਮਹਾਤਮਾ ਗਾਂਧੀ ਨੇ ਲਿਖਿਆ ਸੀ, “ਗੀਤ ਵੰਦੇ ਮਾਤਰਮ ਜਿਸ ਨੂੰ ਬੰਕਿਮ ਚੰਦਰ ਨੇ ਰਚਿਆ ਹੈ, ਪੂਰੇ ਬੰਗਾਲ ਵਿੱਚ ਬਹੁਤ ਮਸ਼ਹੂਰ ਹੋ ਗਿਆ ਹੈ, ਸਵਦੇਸ਼ੀ ਅੰਦੋਲਨ ਦੌਰਾਨ ਬੰਗਾਲ ਵਿੱਚ ਵਿਸ਼ਾਲ ਸਭਾਵਾਂ ਹੋਈਆਂ, ਜਿੱਥੇ ਲੱਖਾਂ ਲੋਕ ਇਕੱਠੇ ਹੋਏ ਅਤੇ ਬੰਕਿਮ ਦਾ ਇਹ ਗੀਤ ਗਾਇਆ।” ਗਾਂਧੀ ਜੀ ਅੱਗੇ ਲਿਖਦੇ ਹਨ, ਇਹ ਬਹੁਤ ਮਹੱਤਵਪੂਰਨ ਹੈ, ਉਹ ਲਿਖਦੇ ਹਨ ਇਹ 1905 ਦੀ ਗੱਲ ਹੈ। ਉਨ੍ਹਾਂ ਨੇ ਲਿਖਿਆ, “ਇਹ ਗੀਤ ਇੰਨਾ ਮਸ਼ਹੂਰ ਹੋ ਗਿਆ ਹੈ, ਜਿਵੇਂ ਇਹ ਸਾਡਾ ਨੈਸ਼ਨਲ ਐਂਥਮ ਬਣ ਗਿਆ ਹੈ। ਇਸ ਦੀਆਂ ਭਾਵਨਾਵਾਂ ਮਹਾਨ ਹਨ ਅਤੇ ਇਹ ਹੋਰ ਰਾਸ਼ਟਰਾਂ ਦੇ ਗੀਤਾਂ ਤੋਂ ਵੱਧ ਮਿੱਠਾ ਹੈ। ਇਸ ਦਾ ਸਿਰਫ਼ ਇੱਕ ਉਦੇਸ਼ ਸਾਡੇ ਵਿੱਚ ਦੇਸ਼ ਭਗਤੀ ਦੀ ਭਾਵਨਾ ਜਗਾਉਣਾ ਹੈ। ਇਹ ਭਾਰਤ ਨੂੰ ਮਾਂ ਦੇ ਰੂਪ ਵਿੱਚ ਦੇਖਦਾ ਹੈ ਅਤੇ ਉਸ ਦੀ ਪ੍ਰਸ਼ੰਸਾ ਕਰਦਾ ਹੈ।”
ਸਪੀਕਰ ਜੀ,
ਜੋ ਵੰਦੇ ਮਾਤਰਮ 1905 ਵਿੱਚ ਮਹਾਤਮਾ ਗਾਂਧੀ ਨੂੰ ਨੈਸ਼ਨਲ ਐਂਥਮ ਦੇ ਰੂਪ ਵਿੱਚ ਦਿਖਦਾ ਸੀ, ਦੇਸ਼ ਦੇ ਹਰ ਕੋਨੇ ਵਿੱਚ, ਹਰ ਵਿਅਕਤੀ ਦੇ ਜੀਵਨ ਵਿੱਚ, ਜੋ ਵੀ ਦੇਸ਼ ਦੇ ਲਈ ਜਿਊਂਦਾ-ਜਾਗਦਾ, ਜਿਸ ਦੇਸ਼ ਦੇ ਲਈ ਜਾਗਦਾ ਸੀ, ਉਨ੍ਹਾਂ ਸਭ ਦੇ ਲਈ ਵੰਦੇ ਮਾਤਰਮ ਦੀ ਤਾਕਤ ਬਹੁਤ ਵੱਡੀ ਸੀ। ਵੰਦੇ ਮਾਤਰਮ ਇੰਨਾ ਮਹਾਨ ਸੀ, ਜਿਸ ਦੀ ਭਾਵਨਾ ਇੰਨੀ ਮਹਾਨ ਸੀ, ਤਾਂ ਫਿਰ ਪਿਛਲੀ ਸਦੀ ਵਿੱਚ ਇਸ ਦੇ ਨਾਲ ਇੰਨੀ ਵੱਡਾ ਬੇਇਨਸਾਫੀ ਕਿਉਂ ਹੋਈ? ਵੰਦੇ ਮਾਤਰਮ ਦੇ ਨਾਲ ਵਿਸ਼ਵਾਸਘਾਤ ਕਿਉਂ ਹੋਇਆ? ਇਹ ਬੇਇਨਸਾਫੀ ਕਿਉਂ ਹੋਈ? ਉਹ ਕਿਹੜੀ ਤਾਕਤ ਸੀ, ਜਿਸ ਦੀ ਇੱਛਾ ਖ਼ੁਦ ਸਤਿਕਾਰਯੋਗ ਬਾਪੂ ਦੀਆਂ ਭਾਵਨਾਵਾਂ ’ਤੇ ਵੀ ਭਾਰੀ ਪੈ ਗਈ? ਜਿਸ ਨੇ ਵੰਦੇ ਮਾਤਰਮ ਜਿਹੀ ਪਵਿੱਤਰ ਭਾਵਨਾ ਨੂੰ ਵੀ ਵਿਵਾਦਾਂ ਵਿੱਚ ਘਸੀਟ ਦਿੱਤਾ। ਮੈਂ ਸਮਝਦਾ ਹਾਂ ਕਿ ਅੱਜ ਜਦੋਂ ਅਸੀਂ ਵੰਦੇ ਮਾਤਰਮ ਦੇ 150 ਸਾਲ ਦਾ ਤਿਉਹਾਰ ਮਨਾ ਰਹੇ ਹਾਂ, ਇਹ ਚਰਚਾ ਕਰ ਰਹੇ ਹਾਂ, ਤਾਂ ਸਾਨੂੰ ਉਨ੍ਹਾਂ ਸਥਿਤੀਆਂ ਨੂੰ ਵੀ ਸਾਡੀ ਨਵੀਂ ਪੀੜ੍ਹੀ ਨੂੰ ਜ਼ਰੂਰ ਦੱਸਣਾ ਸਾਡਾ ਫ਼ਰਜ਼ ਹੈ। ਜਿਸ ਦੀ ਵਜ੍ਹਾ ਨਾਲ ਵੰਦੇ ਮਾਤਰਮ ਦੇ ਨਾਲ ਵਿਸ਼ਵਾਸਘਾਤ ਕੀਤਾ ਗਿਆ। ਵੰਦੇ ਮਾਤਰਮ ਦੇ ਪ੍ਰਤੀ ਮੁਸਲਿਮ ਲੀਗ ਦੇ ਵਿਰੋਧ ਦੀ ਰਾਜਨੀਤੀ ਤੇਜ਼ ਹੁੰਦੀ ਜਾ ਰਹੀ ਸੀ।
ਮੁਹੰਮਦ ਅਲੀ ਜਿਨਾਹ ਨੇ ਲਖਨਊ ਤੋਂ 15 ਅਕਤੂਬਰ, 1937 ਨੂੰ ਵੰਦੇ ਮਾਤਰਮ ਦੇ ਖ਼ਿਲਾਫ਼ ਦਾ ਨਾਅਰਾ ਬੁਲੰਦ ਕੀਤਾ। ਫਿਰ ਕਾਂਗਰਸ ਦੇ ਤਤਕਾਲੀ ਪ੍ਰਧਾਨ ਜਵਾਹਰਲਾਲ ਨਹਿਰੂ ਨੂੰ ਆਪਣਾ ਤਖਤ ਹਿਲਦਾ ਦਿਖਿਆ। ਬਾਵਜੂਦ ਇਸ ਦੇ ਕਿ ਨਹਿਰੂ ਜੀ ਮੁਸਲਿਮ ਲੀਗ ਦੇ ਅਧਾਰਹੀਣ ਬਿਆਨਾਂ ਨੂੰ ਤਗੜਾ ਜਵਾਬ ਦਿੰਦੇ, ਕਰਾਰਾ ਜਵਾਬ ਦਿੰਦੇ, ਮੁਸਲਿਮ ਲੀਗ ਦੇ ਬਿਆਨਾਂ ਦੀ ਨਿੰਦਾ ਕਰਦੇ ਅਤੇ ਵੰਦੇ ਮਾਤਰਮ ਦੇ ਪ੍ਰਤੀ ਖ਼ੁਦ ਦੀ ਵੀ ਅਤੇ ਕਾਂਗਰਸ ਪਾਰਟੀ ਦੀ ਵੀ ਨਿਸ਼ਠਾ ਨੂੰ ਪ੍ਰਗਟ ਕਰਦੇ, ਪਰ ਉਲਟਾ ਹੋਇਆ। ਉਹ ਅਜਿਹਾ ਕਿਉਂ ਕਰ ਰਹੇ ਹਨ, ਉਹ ਤਾਂ ਪੁੱਛਿਆ ਹੀ ਨਹੀਂ, ਨਾ ਜਾਣਿਆ, ਪਰ ਉਨ੍ਹਾਂ ਨੇ ਵੰਦੇ ਮਾਤਰਮ ਦੀ ਹੀ ਪੜਤਾਲ ਸ਼ੁਰੂ ਕਰ ਦਿੱਤੀ। ਜਿਨਾਹ ਦੇ ਵਿਰੋਧ ਦੇ ਪੰਜ ਦਿਨ ਬਾਅਦ ਹੀ 20 ਅਕਤੂਬਰ ਨੂੰ ਨਹਿਰੂ ਜੀ ਨੇ ਨੇਤਾਜੀ ਸੁਭਾਸ਼ ਬਾਬੂ ਨੂੰ ਚਿੱਠੀ ਲਿਖੀ। ਉਸ ਚਿੱਠੀ ਵਿੱਚ ਜਿਨਾਹ ਦੀ ਭਾਵਨਾ ਨਾਲ ਨਹਿਰੂ ਜੀ ਆਪਣੀ ਸਹਿਮਤੀ ਜਤਾਉਂਦੇ ਹੋਏ ਕਿ ਵੰਦੇ ਮਾਤਰਮ ਵੀ ਇਹ ਜੋ ਉਨ੍ਹਾਂ ਨੇ ਸੁਭਾਸ਼ ਬਾਬੂ ਨੂੰ ਲਿਖਿਆ ਹੈ, ਵੰਦੇ ਮਾਤਰਮ ਦੀ ਆਨੰਦ ਮਠ ਵਾਲੀ ਪਿਛੋਕੜ ਭੂਮੀ ਮੁਸਲਮਾਨਾਂ ਨੂੰ ਪਰੇਸ਼ਾਨ ਕਰ ਸਕਦੀ ਹੈ। ਮੈਂ ਨਹਿਰੂ ਜੀ ਦਾ ਕੋਟ ਪੜ੍ਹਦਾ ਹਾਂ, ਨਹਿਰੂ ਜੀ ਕਹਿੰਦੇ ਹਨ “ਮੈਂ ਵੰਦੇ ਮਾਤਰਮ ਗੀਤ ਦਾ ਪਿਛੋਕੜ ਪੜ੍ਹਿਆ ਹੈ।” ਨਹਿਰੂ ਜੀ ਫਿਰ ਲਿਖਦੇ ਹਨ, “ਮੈਨੂੰ ਲਗਦਾ ਹੈ ਕਿ ਇਹ ਜੋ ਬੈਕਗ੍ਰਾਊਂਡ ਹੈ, ਇਸ ਨਾਲ ਮੁਸਲਿਮ ਭੜਕਣਗੇ।”
ਸਾਥੀਓ,
ਇਸ ਦੇ ਬਾਅਦ ਕਾਂਗਰਸ ਵੱਲੋਂ ਬਿਆਨ ਆਇਆ ਕਿ 26 ਅਕਤੂਬਰ ਤੋਂ ਕਾਂਗਰਸ ਕਾਰਜ ਕਮੇਟੀ ਦੀ ਇੱਕ ਮੀਟਿੰਗ ਕੋਲਕਾਤਾ ਵਿੱਚ ਹੋਵੇਗੀ, ਜਿਸ ਵਿੱਚ ਵੰਦੇ ਮਾਤਰਮ ਦੀ ਵਰਤੋਂ ਦੀ ਸਮੀਖਿਆ ਕੀਤੀ ਜਾਵੇਗੀ। ਬੰਕਿਮ ਬਾਬੂ ਦਾ ਬੰਗਾਲ, ਬੰਕਿਮ ਬਾਬੂ ਦਾ ਕੋਲਕਾਤਾ ਅਤੇ ਉਸ ਨੂੰ ਚੁਣਿਆ ਗਿਆ ਅਤੇ ਉੱਥੇ ਸਮੀਖਿਆ ਕਰਨਾ ਤੈਅ ਕੀਤਾ। ਪੂਰਾ ਦੇਸ਼ ਹੈਰਾਨ ਸੀ, ਪੂਰੇ ਦੇਸ਼ ਵਿੱਚ ਦੇਸ਼ ਭਗਤਾਂ ਨੇ ਇਸ ਪ੍ਰਸਤਾਵ ਦੇ ਵਿਰੋਧ ਵਿੱਚ ਦੇਸ਼ ਦੇ ਕੋਨੇ-ਕੋਨੇ ਵਿੱਚ ਪ੍ਰਭਾਤ ਫੇਰੀਆਂ ਕੱਢੀਆਂ, ਵੰਦੇ ਮਾਤਰਮ ਗੀਤ ਗਾਇਆ ਪਰ ਦੇਸ਼ ਦੀ ਬਦਕਿਸਮਤੀ ਕਿ 26 ਅਕਤੂਬਰ ਨੂੰ ਕਾਂਗਰਸ ਨੇ ਵੰਦੇ ਮਾਤਰਮ ’ਤੇ ਸਮਝੌਤਾ ਕਰ ਲਿਆ। ਵੰਦੇ ਮਾਤਰਮ ਦਾ ਸਮਝੌਤਾ ਕਰਨ ਦੇ ਫੈਸਲੇ ਵਿੱਚ ਵੰਦੇ ਮਾਤਰਮ ਦੇ ਟੁਕੜੇ ਕਰ ਦਿੱਤੇ। ਉਸ ਫੈਸਲੇ ਦੇ ਪਿੱਛੇ ਨਕਾਬ ਇਹ ਪਹਿਨਾਇਆ ਗਿਆ, ਚੋਲ਼ਾ ਇਹ ਪਹਿਨਾਇਆ ਗਿਆ, ਇਹ ਤਾਂ ਸਮਾਜਿਕ ਸਦਭਾਵ ਦਾ ਕੰਮ ਹੈ। ਪਰ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਕਾਂਗਰਸ ਨੇ ਮੁਸਲਿਮ ਲੀਗ ਦੇ ਸਾਹਮਣੇ ਗੋਡੇ ਟੇਕ ਦਿੱਤੇ ਅਤੇ ਮੁਸਲਿਮ ਲੀਗ ਦੇ ਦਬਾਅ ਵਿੱਚ ਕੀਤਾ ਅਤੇ ਕਾਂਗਰਸ ਦਾ ਇਹ ਤੁਸ਼ਟੀਕਰਨ ਦੀ ਰਾਜਨੀਤੀ ਨੂੰ ਅੱਗੇ ਵਧਾਉਣ ਦਾ ਇੱਕ ਤਰੀਕਾ ਸੀ।
ਸਤਿਕਾਰਯੋਗ ਸਪੀਕਰ ਜੀ,
ਤੁਸ਼ਟੀਕਰਨ ਦੀ ਰਾਜਨੀਤੀ ਦੇ ਦਬਾਅ ਵਿੱਚ ਕਾਂਗਰਸ ਵੰਦੇ ਮਾਤਰਮ ਦੀ ਵੰਡ ਲਈ ਝੁਕੀ, ਇਸ ਲਈ ਕਾਂਗਰਸ ਨੂੰ ਇੱਕ ਦਿਨ ਭਾਰਤ ਦੀ ਵੰਡ ਦੇ ਲਈ ਝੁਕਣਾ ਪਿਆ। ਮੈਨੂੰ ਲਗਦਾ ਹੈ, ਕਾਂਗਰਸ ਨੇ ਆਊਟਸੋਰਸ ਕਰ ਦਿੱਤਾ ਹੈ। ਬਦਕਿਸਮਤੀ ਨਾਲ ਕਾਂਗਰਸ ਦੀਆਂ ਨੀਤੀਆਂ ਅਜਿਹੀਆਂ ਹੀ ਹਨ ਅਤੇ ਇੰਨਾ ਹੀ ਨਹੀਂ ਆਈਐੱਨਸੀ ਚਲਦੇ-ਚਲਦੇ ਐੱਮਐੱਮਸੀ ਹੋ ਗਿਆ ਹੈ। ਅੱਜ ਵੀ ਕਾਂਗਰਸ ਅਤੇ ਉਸ ਦੇ ਸਾਥੀ ਅਤੇ ਜਿਨ੍ਹਾਂ-ਜਿਨ੍ਹਾਂ ਦੇ ਨਾਂ ਦੇ ਨਾਲ ਕਾਂਗਰਸ ਜੁੜਿਆ ਹੋਇਆ ਹੈ ਸਭ, ਵੰਦੇ ਮਾਤਰਮ ’ਤੇ ਵਿਵਾਦ ਖੜ੍ਹਾ ਕਰਨ ਦੀ ਕੋਸ਼ਿਸ਼ ਕਰਦੇ ਹਨ।
ਸਤਿਕਾਰਯੋਗ ਸਪੀਕਰ ਸਰ,
ਕਿਸੇ ਵੀ ਰਾਸ਼ਟਰ ਦਾ ਚਰਿੱਤਰ ਉਸ ਦੀ ਜੀਵਨ-ਸ਼ਕਤੀ ਉਸ ਦੇ ਚੰਗੇ ਕਾਲਖੰਡ ਤੋਂ ਜ਼ਿਆਦਾ, ਜਦੋਂ ਚੁਣੌਤੀਆਂ ਦਾ ਕਾਲਖੰਡ ਹੁੰਦਾ ਹੈ, ਜਦੋਂ ਸੰਕਟਾਂ ਦਾ ਕਾਲਖੰਡ ਹੁੰਦਾ ਹੈ, ਓਦੋਂ ਪ੍ਰਗਟ ਹੁੰਦੀ ਹੈ, ਉਜਾਗਰ ਹੁੰਦੀ ਹੈ ਅਤੇ ਸੱਚੇ ਅਰਥ ਵਿੱਚ ਸੰਕਟ ਨਾਲ ਕੱਸੀ ਜਾਂਦੀ ਹੈ। ਜਦੋਂ ਸੰਕਟ ਦਾ ਕਾਲ ਆਉਂਦਾ ਹੈ, ਓਦੋਂ ਹੀ ਇਹ ਸਿੱਧ ਹੁੰਦਾ ਹੈ ਕਿ ਅਸੀਂ ਕਿੰਨੇ ਦ੍ਰਿੜ੍ਹ ਹਾਂ, ਕਿੰਨੇ ਮਜ਼ਬੂਤ ਹਾਂ, ਕਿੰਨੇ ਸਮਰੱਥਾਵਾਨ ਹਾਂ। 1947 ਵਿੱਚ ਦੇਸ਼ ਆਜ਼ਾਦ ਹੋਣ ਤੋਂ ਬਾਅਦ ਦੇਸ਼ ਦੀਆਂ ਚੁਣੌਤੀਆਂ ਬਦਲੀਆਂ, ਦੇਸ਼ ਦੀਆਂ ਪਹਿਲਾਂ ਬਦਲੀਆਂ, ਪਰ ਦੇਸ਼ ਦਾ ਚਰਿੱਤਰ, ਦੇਸ਼ ਦੀ ਜੀਵਨ-ਸ਼ਕਤੀ, ਉਹੀ ਰਹੀ, ਉਹੀ ਪ੍ਰੇਰਨਾ ਮਿਲਦੀ ਰਹੀ। ਭਾਰਤ ’ਤੇ ਜਦੋਂ-ਜਦੋਂ ਸੰਕਟ ਆਏ, ਦੇਸ਼ ਹਰ ਵਾਰ ਵੰਦੇ ਮਾਤਰਮ ਦੀ ਭਾਵਨਾ ਦੇ ਨਾਲ ਅੱਗੇ ਵਧਿਆ। ਦਰਮਿਆਨ ਦਾ ਕਾਲਖੰਡ ਕਿਵੇਂ ਗਿਆ, ਛੱਡੋ ਰਹਿਣ ਦੇਵੋ।
ਪਰ ਅੱਜ ਵੀ 15 ਅਗਸਤ, 26 ਜਨਵਰੀ ਦੀ ਜਦੋਂ ਗੱਲ ਆਉਂਦੀ ਹੈ, ਹਰ ਘਰ ਤਿਰੰਗਾ ਦੀ ਗੱਲ ਆਉਂਦੀ ਹੈ, ਚਾਰੋਂ ਪਾਸੇ ਉਹ ਭਾਵ ਦਿਖਦਾ ਹੈ। ਤਿਰੰਗੇ ਝੰਡੇ ਲਹਿਰਾਉਂਦੇ ਹਨ। ਇੱਕ ਜ਼ਮਾਨਾ ਸੀ, ਜਦੋਂ ਦੇਸ਼ ਵਿੱਚ ਖੁਰਾਕ ਦਾ ਸੰਕਟ ਆਇਆ, ਉਹੀ ਵੰਦੇ ਮਾਤਰਮ ਦਾ ਭਾਵ ਸੀ, ਮੇਰੇ ਦੇਸ਼ ਦੇ ਕਿਸਾਨਾਂ ਦੇ ਅੰਨ ਦੇ ਭੰਡਾਰ ਭਰ ਦਿੱਤੇ ਅਤੇ ਉਸ ਦੇ ਪਿੱਛੇ ਭਾਵ ਉਹੀ ਹੈ ਵੰਦੇ ਮਾਤਰਮ। ਜਦੋਂ ਦੇਸ਼ ਦੀ ਆਜ਼ਾਦੀ ਨੂੰ ਕੁਚਲਨ ਦੀ ਕੋਸ਼ਿਸ਼ ਹੋਈ, ਸੰਵਿਧਾਨ ਦੀ ਪਿੱਠ ’ਤੇ ਛੁਰਾ ਮਾਰ ਦਿੱਤਾ ਗਿਆ, ਐਮਰਜੈਂਸੀ ਥੋਪ ਦਿੱਤੀ ਗਈ, ਇਹੀ ਵੰਦੇ ਮਾਤਰਮ ਦੀ ਤਾਕਤ ਸੀ ਕਿ ਦੇਸ਼ ਖੜ੍ਹਾ ਹੋਇਆ ਅਤੇ ਹਰਾ ਕੇ ਰਿਹਾ। ਦੇਸ਼ ’ਤੇ ਜਦੋਂ ਵੀ ਯੁੱਧ ਥੋਪੇ ਗਏ, ਦੇਸ਼ ਨੂੰ ਜਦੋਂ ਵੀ ਸੰਘਰਸ਼ ਦੀ ਨੌਬਤ ਆਈ, ਇਹ ਵਦੇ ਮਾਤਰਮ ਦਾ ਭਾਵ ਸੀ, ਦੇਸ਼ ਦਾ ਜਵਾਨ ਹੱਦਾਂ ’ਤੇ ਅੜ ਗਿਆ ਅਤੇ ਮਾਂ ਭਾਰਤੀ ਦਾ ਝੰਡਾ ਲਹਿਰਾਉਂਦਾ ਰਿਹਾ, ਜਿੱਤ ਪ੍ਰਾਪਤ ਕਰਦਾ ਰਿਹਾ। ਕੋਰੋਨਾ ਜਿਹਾ ਆਲਮੀ ਮਹਾਸੰਕਟ ਆਇਆ, ਇਹੀ ਦੇਸ਼ ਉਸੇ ਭਾਵ ਨਾਲ ਖੜ੍ਹਾ ਹੋਇਆ, ਉਸ ਨੂੰ ਵੀ ਹਰਾ ਕੇ ਅੱਗੇ ਵਧਿਆ।
ਸਤਿਕਾਰਯੋਗ ਸਪੀਕਰ ਜੀ,
ਇਹ ਰਾਸ਼ਟਰ ਦੀ ਸ਼ਕਤੀ ਹੈ, ਇਹ ਰਾਸ਼ਟਰ ਨੂੰ ਭਾਵਨਾਵਾਂ ਨਾਲ ਜੋੜਨ ਵਾਲਾ ਸਮਰੱਥਾਵਾਨ ਇੱਕ ਊਰਜਾ ਪ੍ਰਵਾਹ ਹੈ। ਇਹ ਚੇਤਨਾ ਪ੍ਰਵਾਹ ਹੈ, ਇਹ ਸਭਿਆਚਾਰ ਦੀ ਨਿਰੰਤਰ ਪ੍ਰਵਾਹ ਦਾ ਪ੍ਰਤੀਬਿੰਬ ਹੈ, ਉਸ ਦਾ ਪ੍ਰਗਟੀਕਰਨ ਹੈ। ਇਹ ਵੰਦੇ ਮਾਤਰਮ ਸਾਡੇ ਲਈ ਸਿਰਫ ਯਾਦ ਕਰਨ ਦਾ ਕਾਲ ਨਹੀਂ ਹੈ, ਇੱਕ ਨਵੀਂ ਊਰਜਾ, ਨਵੀਂ ਪ੍ਰੇਰਨਾ ਲੈਣ ਦਾ ਕਾਲ ਬਣ ਜਾਵੇ ਅਤੇ ਅਸੀਂ ਉਸ ਦੇ ਪ੍ਰਤੀ ਸਮਰਪਿਤ ਹੁੰਦੇ ਚੱਲੀਏ ਅਤੇ ਮੈਂ ਪਹਿਲਾਂ ਕਿਹਾ ਸਾਡੇ ਲੋਕਾਂ ’ਤੇ ਤਾਂ ਕਰਜ਼ ਹੈ ਵੰਦੇ ਮਾਤਰਮ ਦਾ, ਉਹੀ ਵੰਦੇ ਮਾਰਤਮ ਹੈ, ਜਿਸ ਨੇ ਉਹ ਰਸਤਾ ਬਣਾਇਆ, ਜਿਸ ਰਸਤੇ ਨਾਲ ਅਸੀਂ ਉੱਥੇ ਪਹੁੰਚੇ ਹਾਂ ਅਤੇ ਇਸ ਲਈ ਸਾਡਾ ਕਰਜ਼ ਬਣਦਾ ਹੈ। ਭਾਰਤ ਹਰ ਚੁਣੌਤੀਆਂ ਨੂੰ ਪਾਰ ਕਰਨ ਵਿੱਚ ਸਮਰੱਥ ਹੈ। ਵੰਦੇ ਮਾਤਰਮ ਦੇ ਭਾਵ ਦੀ ਉਹ ਤਾਕਤ ਹੈ। ਵੰਦੇ ਮਾਤਰਮ ਇਹ ਸਿਰਫ ਗੀਤ ਜਾਂ ਭਾਵ ਗੀਤ ਨਹੀਂ, ਉਹ ਸਾਡੇ ਲਈ ਪ੍ਰੇਰਨਾ ਹੈ, ਰਾਸ਼ਟਰ ਦੇ ਪ੍ਰਤੀ ਫ਼ਰਜ਼ਾਂ ਦੇ ਲਈ ਸਾਨੂੰ ਝੰਜੋੜਨ ਵਾਲਾ ਕੰਮ ਹੈ ਅਤੇ ਇਸ ਲਈ ਸਾਨੂੰ ਨਿਰੰਤਰ ਉਸ ਨੂੰ ਕਰਦੇ ਰਹਿਣਾ ਹੋਵੇਗਾ। ਅਸੀਂ ਆਤਮ-ਨਿਰਭਰ ਭਾਰਤ ਦਾ ਸੁਪਨਾ ਲੈ ਕੇ ਚਲ ਰਹੇ ਹਾਂ, ਉਸ ਨੂੰ ਪੂਰਾ ਕਰਨਾ ਹੈ। ਵੰਦੇ ਮਾਤਰਮ ਸਾਡੀ ਪ੍ਰੇਰਨਾ ਹੈ।
ਅਸੀਂ ਸਵਦੇਸ਼ੀ ਅੰਦੋਲਨ ਨੂੰ ਤਾਕਤ ਦੇਣਾ ਚਾਹੁੰਦੇ ਹਾਂ, ਸਮਾਂ ਬਦਲਿਆ ਹੋਵੇਗਾ, ਰੂਪ ਬਦਲੇ ਹੋਣਗੇ, ਪਰ ਸਤਿਕਾਰਯੋਗ ਗਾਂਧੀ ਨੇ ਜੋ ਭਾਵ ਪ੍ਰਗਟ ਕੀਤਾ ਸੀ, ਉਸ ਭਾਵ ਦੀ ਤਾਕਤ ਅੱਜ ਵੀ ਮੌਜੂਦ ਹੈ ਅਤੇ ਵੰਦੇ ਮਾਤਰਮ ਸਾਨੂੰ ਜੋੜਦਾ ਹੈ। ਦੇਸ਼ ਦੇ ਮਹਾਪੁਰਖਾਂ ਦਾ ਸੁਪਨਾ ਸੀ ਸੁਤੰਤਰ ਭਾਰਤ ਦਾ, ਦੇਸ਼ ਦੀ ਅੱਜ ਦੀ ਪੀੜ੍ਹੀ ਦਾ ਸੁਪਨਾ ਹੈ ਸਮ੍ਰਿੱਧ ਭਾਰਤ ਦਾ, ਆਜ਼ਾਦ ਭਾਰਤ ਦੇ ਸੁਪਨੇ ਨੂੰ ਸੰਜੋਇਆ ਸੀ ਵੰਦੇ ਭਾਰਤ ਦੀ ਭਾਵਨਾ ਨੇ, ਵੰਦੇ ਭਾਰਤ ਦੀ ਭਾਵਨਾ ਨੇ, ਸਮ੍ਰਿੱਧ ਭਾਰਤ ਦੇ ਸੁਪਨੇ ਨੂੰ ਸੰਜੋਵੇਗਾ ਵੰਦੇ ਮਾਤਰਮ ਦੀ ਭਾਵਨਾ, ਉਸੇ ਭਾਵਨਾਵਾਂ ਨੂੰ ਲੈ ਕੇ ਸਾਨੂੰ ਅੱਗੇ ਚਲਣਾ ਹੈ। ਅਤੇ ਸਾਨੂੰ ਆਤਮ-ਨਿਰਭਰ ਭਾਰਤ ਬਣਾਉਣਾ, 2047 ਵਿੱਚ ਦੇਸ਼ ਵਿਕਸਿਤ ਭਾਰਤ ਬਣ ਕੇ ਰਹੇ। ਜੇਕਰ ਆਜ਼ਾਦੀ ਦੇ 50 ਸਾਲ ਪਹਿਲਾਂ ਕੋਈ ਆਜ਼ਾਦ ਭਾਰਤ ਦਾ ਸੁਪਨਾ ਦੇਖ ਸਕਦਾ ਸੀ, ਤਾਂ 25 ਸਾਲ ਪਹਿਲਾਂ ਅਸੀਂ ਵੀ ਤਾਂ ਸਮ੍ਰਿੱਧ ਭਾਰਤ ਦਾ ਸੁਪਨਾ ਦੇਖ ਸਕਦੇ ਹਾਂ, ਵਿਕਸਿਤ ਭਾਰਤ ਦਾ ਸੁਪਨਾ ਦੇਖ ਸਕਦੇ ਹਾਂ ਅਤੇ ਉਸ ਸੁਪਨੇ ਦੇ ਲਈ ਆਪਣੇ ਆਪ ਨੂੰ ਖਪਾ ਵੀ ਸਕਦੇ ਹਾਂ।
ਇਸੇ ਮੰਤਰ ਅਤੇ ਇਸੇ ਸੰਕਲਪ ਦੇ ਨਾਲ ਵੰਦੇ ਮਾਤਰਮ ਸਾਨੂੰ ਪ੍ਰੇਰਨਾ ਦਿੰਦਾ ਰਹੇ, ਵੰਦੇ ਮਾਤਰਮ ਦਾ ਅਸੀਂ ਕਰਜ਼ ਸਵੀਕਾਰ ਕਰੀਏ, ਵੰਦੇ ਮਾਤਰਮ ਦੀਆਂ ਭਾਵਨਾਵਾਂ ਨੂੰ ਲੈ ਕੇ ਚੱਲੀਏ, ਦੇਸ਼ ਵਾਸੀਆਂ ਨੂੰ ਨਾਲ ਲੈ ਕੇ ਚੱਲੀਏ, ਅਸੀਂ ਸਾਰੇ ਮਿਲ ਕੇ ਚੱਲੀਏ, ਇਸ ਸੁਪਨੇ ਨੂੰ ਪੂਰਾ ਕਰੀਏ, ਇਸ ਇੱਕ ਭਾਵ ਦੇ ਨਾਲ ਇਸ ਚਰਚਾ ਦੀ ਅੱਜ ਸ਼ੁਰੂਆਤ ਹੋ ਰਹੀ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਦੋਵੇਂ ਸਦਨਾਂ ਵਿੱਚ ਦੇਸ਼ ਦੇ ਅੰਦਰ ਉਹ ਭਾਵ ਭਰਨ ਵਾਲਾ ਕਾਰਨ ਬਣੇਗਾ, ਦੇਸ਼ ਨੂੰ ਪ੍ਰੇਰਿਤ ਕਰਨ ਵਾਲਾ ਕਾਰਨ ਬਣੇਗਾ, ਦੇਸ਼ ਦੀ ਨਵੀਂ ਪੀੜ੍ਹੀ ਨੂੰ ਊਰਜਾ ਦੇਣ ਦਾ ਕਾਰਨ ਬਣੇਗਾ, ਇਨ੍ਹਾਂ ਸ਼ਬਦਾਂ ਦੇ ਨਾਲ ਤੁਸੀਂ ਮੈਨੂੰ ਮੌਕਾ ਦਿੱਤਾ, ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਬਹੁਤ-ਬਹੁਤ ਧੰਨਵਾਦ!
ਵੰਦੇ ਮਾਤਰਮ!
ਵੰਦੇ ਮਾਤਰਮ!
ਵੰਦੇ ਮਾਤਰਮ!
***************
ਐੱਮਜੇਪੀਐੱਸ/ਐੱਸਟੀ/ਐੱਸਐੱਸ/ਏਕੇ/ਆਰਕੇ/ਡੀਕੇ
(रिलीज़ आईडी: 2201419)
आगंतुक पटल : 7
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Bengali
,
Assamese
,
Manipuri
,
Gujarati
,
Odia
,
Telugu
,
Kannada
,
Malayalam