ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਸ਼੍ਰੀ ਵਲਾਦੀਮੀਰ ਪੁਤਿਨ ਦੇ ਨਾਲ ਭਾਰਤ-ਰੂਸ ਵਪਾਰ ਫੋਰਮ ਨੂੰ ਸੰਬੋਧਨ ਕੀਤਾ


ਕਿਸੇ ਵੀ ਸਾਂਝੇਦਾਰੀ ਦੀ ਨੀਂਹ, ਭਾਵੇਂ ਵਪਾਰ ਹੋਵੇ ਜਾਂ ਕੂਟਨੀਤੀ, ਆਪਸੀ ਵਿਸ਼ਵਾਸ ਹੀ ਹੁੰਦੀ ਹੈ; ਭਾਰਤ-ਰੂਸ ਸਬੰਧਾਂ ਦੀ ਸਭ ਤੋਂ ਵੱਡੀ ਤਾਕਤ ਇਸੇ ਵਿਸ਼ਵਾਸ ਵਿੱਚ ਸ਼ਾਮਲ ਹੈ; ਇਹੀ ਵਿਸ਼ਵਾਸ ਸੰਯੁਕਤ ਯਤਨਾਂ ਦੀ ਦਿਸ਼ਾ ਅਤੇ ਗਤੀ ਪ੍ਰਦਾਨ ਕਰਦਾ ਹੈ ਅਤੇ ਨਵੇਂ ਸੁਪਨਿਆਂ ਅਤੇ ਇੱਛਾਵਾਂ ਨੂੰ ਪ੍ਰੇਰਿਤ ਕਰਨ ਦਾ ਕੰਮ ਕਰਦਾ ਹੈ: ਪ੍ਰਧਾਨ ਮੰਤਰੀ

ਭਾਰਤ ਅਤੇ ਰੂਸ ਦਰਮਿਆਨ 2030 ਦੇ ਲਈ ਨਿਰਧਾਰਤ 100 ਬਿਲੀਅਨ ਡਾਲਰ ਦੇ ਵਪਾਰ ਦਾ ਟੀਚਾ ਸਮੇਂ ਤੋਂ ਪਹਿਲਾਂ ਪੂਰਾ ਹੋ ਜਾਵੇਗਾ: ਪ੍ਰਧਾਨ ਮੰਤਰੀ

ਰਿਫੌਰਮ, ਪਰਫੌਰਮ ਅਤੇ ਟ੍ਰਾਂਸਫੌਰਮ ਦੇ ਸਿਧਾਂਤ ਤੋਂ ਪ੍ਰੇਰਿਤ ਹੋ ਕੇ, ਭਾਰਤ ਵਿਸ਼ਵ ਦੀ ਤੀਜੀ ਸਭ ਤੋਂ ਵੱਡੀ ਅਰਥ-ਵਿਵਸਥਾ ਬਣਨ ਦੇ ਰਾਹ ’ਤੇ ਹੈ: ਪ੍ਰਧਾਨ ਮੰਤਰੀ

प्रविष्टि तिथि: 05 DEC 2025 8:00PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਸ਼੍ਰੀ ਵਲਾਦੀਮੀਰ ਪੁਤਿਨ ਦੇ ਨਾਲ ਕੱਲ੍ਹ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਭਾਰਤ-ਰੂਸ ਵਪਾਰ ਫੋਰਮ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਪੁਤਿਨ, ਭਾਰਤ ਅਤੇ ਵਿਦੇਸ਼ਾਂ ਦੇ ਨੇਤਾਵਾਂ ਅਤੇ ਸਾਰੇ ਵਿਸ਼ੇਸ਼ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਭਾਰਤ-ਰੂਸ ਵਪਾਰ ਫੋਰਮ ਰਾਸ਼ਟਰਪਤੀ ਪੁਤਿਨ ਦੀ ਇੱਕ ਮਹੱਤਵਪੂਰਨ ਪਹਿਲਕਦਮੀ ਨੂੰ ਦਰਸਾਉਂਦਾ ਹੈ। ਉਹ ਇਸ ਸਮਾਗਮ ਵਿੱਚ ਹਿੱਸਾ ਲੈਣ ਲਈ ਇੱਕ ਵੱਡਾ ਵਫ਼ਦ ਲੈ ਕੇ ਆਏ ਹਨ। ਉਨ੍ਹਾਂ ਨੇ ਸਾਰੇ ਮੌਜੂਦ ਲੋਕਾਂ ਦਾ ਨਿੱਘਾ ਸਵਾਗਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਰਮਿਆਨ ਸ਼ਾਮਲ ਹੋਣਾ ਪ੍ਰਧਾਨ ਮੰਤਰੀ ਲਈ ਬਹੁਤ ਖ਼ੁਸ਼ੀ ਦਾ ਪਲ ਹੈ। ਸ਼੍ਰੀ ਮੋਦੀ ਨੇ ਆਪਣੇ ਦੋਸਤ ਰਾਸ਼ਟਰਪਤੀ ਪੁਤਿਨ ਦਾ ਫੋਰਮ ਵਿੱਚ ਸ਼ਾਮਲ ਹੋਣ ਅਤੇ ਆਪਣੇ ਕੀਮਤੀ ਵਿਚਾਰ ਸਾਂਝੇ ਕਰਨ ਲਈ ਡੂੰਘਾ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਵਪਾਰ ਲਈ ਸਰਲ ਅਤੇ ਭਰੋਸੇਮੰਦ ਵਿਧੀਆਂ ਬਣਾਈਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ ਅਤੇ ਯੂਰੇਸ਼ੀਅਨ ਆਰਥਿਕ ਯੂਨੀਅਨ ਦਰਮਿਆਨ ਇੱਕ ਮੁਫ਼ਤ ਵਪਾਰ ਸਮਝੌਤੇ 'ਤੇ ਚਰਚਾ ਸ਼ੁਰੂ ਹੋ ਗਈ ਹੈ।

ਸ਼੍ਰੀ ਮੋਦੀ ਨੇ ਕਿਹਾ ਕਿ ਜਿਵੇਂ ਕਿ ਕੇਂਦਰੀ ਮੰਤਰੀ ਸ਼੍ਰੀ ਪੀਊਸ਼ ਗੋਇਲ ਨੇ ਕਿਹਾ ਅਤੇ ਰਾਸ਼ਟਰਪਤੀ ਪੁਤਿਨ ਨੇ ਭਵਿੱਖ ਦੀਆਂ ਸੰਭਾਵਨਾਵਾਂ ਬਾਰੇ ਦੱਸਿਆ ਕਿ ਭਾਰਤ ਅਤੇ ਰੂਸ ਥੋੜ੍ਹੇ ਸਮੇਂ ਵਿੱਚ ਬਹੁਤ ਹੀ ਅਭਿਲਾਸ਼ੀ ਟੀਚੇ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਸਾਂਝੇਦਾਰੀ ਦੀ ਨੀਂਹ, ਭਾਵੇਂ ਉਹ ਵਪਾਰ ਹੋਵੇ ਜਾਂ ਕੂਟਨੀਤੀ, ਆਪਸੀ ਵਿਸ਼ਵਾਸ ਹੈ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ-ਰੂਸ ਸਬੰਧਾਂ ਦੀ ਸਭ ਤੋਂ ਵੱਡੀ ਤਾਕਤ ਇਸੇ ਵਿਸ਼ਵਾਸ ਵਿੱਚ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਵਿਸ਼ਵਾਸ ਸਾਂਝੇ ਯਤਨਾਂ ਨੂੰ ਦਿਸ਼ਾ ਅਤੇ ਗਤੀ ਪ੍ਰਦਾਨ ਕਰਦਾ ਹੈ ਅਤੇ ਨਵੇਂ ਸੁਪਨਿਆਂ ਅਤੇ ਇੱਛਾਵਾਂ ਨੂੰ ਪ੍ਰੇਰਿਤ ਕਰਦਾ ਹੈ। ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਪਿਛਲੇ ਸਾਲ, ਰਾਸ਼ਟਰਪਤੀ ਪੁਤਿਨ ਅਤੇ ਉਨ੍ਹਾਂ ਨੇ 2030 ਤੱਕ ਦੁਵੱਲੇ ਵਪਾਰ ਵਿੱਚ 100 ਬਿਲੀਅਨ ਡਾਲਰ ਦੇ ਟੀਚੇ ਨੂੰ ਪਾਰ ਕਰਨ ਦਾ ਵਾਅਦਾ ਕੀਤਾ ਸੀ। ਹਾਲਾਂਕਿ, ਉਨ੍ਹਾਂ ਨੇ ਕਿਹਾ ਕਿ ਰਾਸ਼ਟਰਪਤੀ ਪੁਤਿਨ ਨਾਲ ਉਨ੍ਹਾਂ ਦੀ ਹਾਲੀਆ ਚਰਚਾ ਅਤੇ ਮਜ਼ਬੂਤ ​​ਸੰਭਾਵਨਾਵਾਂ ਨੂੰ ਦੇਖਦੇ ਹੋਏ ਇਹ ਸਪਸ਼ਟ ਹੈ ਕਿ 2030 ਲੰਮਾ ਇੰਤਜ਼ਾਰ ਨਹੀਂ ਕਰਨਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਭਾਰਤ ਅਤੇ ਰੂਸ ਇਸ ਟੀਚੇ ਨੂੰ ਸਮੇਂ ਤੋਂ ਪਹਿਲਾਂ ਪ੍ਰਾਪਤ ਕਰਨ ਲਈ ਦ੍ਰਿੜ੍ਹਤਾ ਨਾਲ ਅੱਗੇ ਵਧ ਰਹੇ ਹਨ ਅਤੇ ਉਨ੍ਹਾਂ ਦਾ ਵਿਸ਼ਵਾਸ ਹੋਰ ਵੀ ਮਜ਼ਬੂਤ ​​ਹੋ ਰਿਹਾ ਹੈ। ਸ਼੍ਰੀ ਮੋਦੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਟੈਰਿਫ ਅਤੇ ਗ਼ੈਰ-ਟੈਰਿਫ ਰੁਕਾਵਟਾਂ ਨੂੰ ਘਟਾਇਆ ਜਾ ਰਿਹਾ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਨ੍ਹਾਂ ਯਤਨਾਂ ਦੀ ਅਸਲ ਤਾਕਤ ਕਾਰੋਬਾਰੀ ਨੇਤਾਵਾਂ ਵਿੱਚ ਹੈ ਅਤੇ ਉਨ੍ਹਾਂ ਦੀ ਊਰਜਾ, ਨਵੀਨਤਾ ਅਤੇ ਤਾਂਘ ਹੀ ਭਾਰਤ ਅਤੇ ਰੂਸ ਦੇ ਸਾਂਝੇ ਭਵਿੱਖ ਨੂੰ ਆਕਾਰ ਦਿੰਦੀ ਹੈ।

ਪਿਛਲੇ ਗਿਆਰਾਂ ਸਾਲਾਂ ਦੌਰਾਨ ਭਾਰਤ ਵਿੱਚ ਦੇਖੀ ਗਈ ਬੇਮਿਸਾਲ ਗਤੀ ਅਤੇ ਵਿਆਪਕ ਤਬਦੀਲੀ ਬਾਰੇ ਚਰਚਾ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਰਿਫੌਰਮ, ਪਰਫੌਰਮ ਅਤੇ ਟ੍ਰਾਂਸਫੌਰਮ ਦੇ ਸਿਧਾਂਤ ਦੀ ਪਾਲਣਾ ਕਰਦੇ ਹੋਏ, ਭਾਰਤ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥ-ਵਿਵਸਥਾ ਬਣਨ ਦੇ ਰਾਹ 'ਤੇ ਹੈ। ਉਨ੍ਹਾਂ ਨੇ ਕਿਹਾ ਕਿ ਸੁਧਾਰ ਵੱਲ ਇਸ ਗਿਆਰਾਂ ਸਾਲਾਂ ਦੇ ਸਫ਼ਰ ਵਿੱਚ, ਭਾਰਤ ਨਾ ਤਾਂ ਥੱਕਿਆ ਹੈ ਅਤੇ ਨਾ ਹੀ ਰੁਕਿਆ ਹੈ; ਸਗੋਂ, ਇਸ ਦਾ ਸੰਕਲਪ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ​​ਹੋਇਆ ਹੈ ਅਤੇ ਇਹ ਪੂਰੇ ਵਿਸ਼ਵਾਸ ਅਤੇ ਗਤੀ ਨਾਲ ਆਪਣੇ ਟੀਚਿਆਂ ਵੱਲ ਅੱਗੇ ਵਧ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਗਲੀ ਪੀੜ੍ਹੀ ਦੇ ਜੀਐੱਸਟੀ ਸੁਧਾਰ ਕਾਰੋਬਾਰ ਕਰਨ ਦੀ ਸੌਖ ਨੂੰ ਉਤਸ਼ਾਹਿਤ ਕਰਨ ਲਈ ਲਾਗੂ ਕੀਤੇ ਗਏ ਹਨ ਅਤੇ ਪਾਲਣਾ ਵਿੱਚ ਛੂਟ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਰੱਖਿਆ ਅਤੇ ਪੁਲਾੜ ਖੇਤਰ ਨਿੱਜੀ ਖੇਤਰ ਲਈ ਖੋਲ੍ਹੇ ਗਏ ਹਨ, ਜਿਸ ਨਾਲ ਨਵੇਂ ਮੌਕੇ ਪੈਦਾ ਹੋਏ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਿਵਲੀਅਨ ਪਰਮਾਣੂ ਖੇਤਰ ਵਿੱਚ ਸੰਭਾਵਨਾਵਾਂ ਦੇ ਨਵੇਂ ਦਰਵਾਜ਼ੇ ਖੁੱਲ੍ਹ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸਿਰਫ਼ ਪ੍ਰਸ਼ਾਸਕੀ ਸੁਧਾਰ ਨਹੀਂ ਹਨ, ਸਗੋਂ ਮਾਨਸਿਕਤਾ ਵਿੱਚ ਸੁਧਾਰ ਹਨ, ਜੋ ਇੱਕ ਹੀ ਸੰਕਲਪ- ਵਿਕਸਿਤ ਭਾਰਤ ਤੋਂ ਪ੍ਰੇਰਿਤ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਦੋ ਦਿਨਾਂ ਵਿੱਚ ਬਹੁਤ ਲਾਭਦਾਇਕ ਅਤੇ ਅਰਥਪੂਰਨ ਚਰਚਾਵਾਂ ਹੋਈਆਂ ਹਨ। ਉਨ੍ਹਾਂ ਨੇ ਇਸ ਗੱਲ 'ਤੇ ਖ਼ੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਮੀਟਿੰਗ ਵਿੱਚ ਭਾਰਤ-ਰੂਸ ਸਹਿਯੋਗ ਦੇ ਸਾਰੇ ਖੇਤਰਾਂ ਦੀ ਨੁਮਾਇੰਦਗੀ ਕੀਤੀ ਗਈ। ਉਨ੍ਹਾਂ ਨੇ ਭਾਗੀਦਾਰਾਂ ਦੇ ਸੁਝਾਵਾਂ ਅਤੇ ਯਤਨਾਂ ਦੀ ਨਿੱਘੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਸਹਿਯੋਗ ਨੂੰ ਹੋਰ ਮਜ਼ਬੂਤ ​​ਕਰਨ ਲਈ ਬਹੁਤ ਸਾਰੇ ਵਿਚਾਰ ਪੇਸ਼ ਕੀਤੇ ਗਏ ਹਨ। ਸ੍ਰੀ ਮੋਦੀ ਨੇ ਕਿਹਾ ਕਿ ਲੌਜਿਸਟਿਕਸ ਅਤੇ ਕਨੈਕਟੀਵਿਟੀ ਦੇ ਖੇਤਰ ਵਿੱਚ, ਰਾਸ਼ਟਰਪਤੀ ਪੁਤਿਨ ਅਤੇ ਉਨ੍ਹਾਂ ਨੇ ਕਨੈਕਟੀਵਿਟੀ ਦੀ ਪੂਰੀ ਸੰਭਾਵਨਾ ਨੂੰ ਸਾਕਾਰ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਅਤੇ ਚੇਨਈ-ਵਲਾਦੀਵੋਸਤੋਕ ਕੌਰੀਡੋਰ ਸਮੇਤ ਆਈਐੱਨਐੱਸਟੀਸੀ ਅਤੇ ਉੱਤਰੀ ਸਮੁੰਦਰੀ ਰੂਟ ਵਰਗੇ ਪ੍ਰੋਜੈਕਟਾਂ ਨੂੰ ਅੱਗੇ ਵਧਾਉਣ ਲਈ ਵਚਨਬੱਧਤਾ ਪ੍ਰਗਟਾਈ। ਇਨ੍ਹਾਂ ਪ੍ਰੋਜੈਕਟਾਂ ਦੇ ਜਲਦੀ ਹੀ ਅੱਗੇ ਵਧਣ ਦੀ ਉਮੀਦ ਹੈ ਜਿਸ ਨਾਲ ਯਾਤਰਾ ਦਾ ਸਮਾਂ, ਲਾਗਤਾਂ ਘਟਣਗੀਆਂ ਅਤੇ ਵਪਾਰ ਲਈ ਨਵੇਂ ਬਾਜ਼ਾਰ ਖੁੱਲ੍ਹਣਗੇ। ਉਨ੍ਹਾਂ ਨੇ ਕਿਹਾ ਕਿ ਡਿਜੀਟਲ ਤਕਨਾਲੋਜੀ ਦੀ ਸ਼ਕਤੀ ਰਾਹੀਂ, ਕਸਟਮ, ਲੌਜਿਸਟਿਕਸ ਅਤੇ ਰੈਗੂਲੇਟਰੀ ਪ੍ਰਣਾਲੀਆਂ ਨੂੰ ਇੱਕ ਵਰਚੁਅਲ ਵਪਾਰ ਕੋਰੀਡੋਰ ਰਾਹੀਂ ਜੋੜਿਆ ਜਾ ਸਕਦਾ ਹੈ, ਜੋ ਕਸਟਮ ਕਲੀਅਰੈਂਸ ਨੂੰ ਤੇਜ਼ ਕਰੇਗਾ, ਕਾਗਜ਼ੀ ਕਾਰਵਾਈ ਨੂੰ ਘਟਾਏਗਾ ਅਤੇ ਸਾਮਾਨ ਦੀ ਆਵਾਜਾਈ ਨੂੰ ਹੋਰ ਵੀ ਸੁਚਾਰੂ ਬਣਾਏਗਾ।

ਸ਼੍ਰੀ ਮੋਦੀ ਨੇ ਦੱਸਿਆ ਕਿ ਸਮੁੰਦਰੀ ਉਤਪਾਦਾਂ ਦੇ ਖੇਤਰ ਵਿੱਚ, ਰੂਸ ਨੇ ਹਾਲ ਹੀ ਵਿੱਚ ਡੇਅਰੀ ਅਤੇ ਸਮੁੰਦਰੀ ਉਤਪਾਦਾਂ ਦੇ ਨਿਰਯਾਤ ਲਈ ਯੋਗ ਭਾਰਤੀ ਕੰਪਨੀਆਂ ਦੀ ਸੂਚੀ ਦਾ ਵਿਸਥਾਰ ਕੀਤਾ ਹੈ, ਜਿਸ ਨਾਲ ਭਾਰਤੀ ਨਿਰਯਾਤਕਾਂ ਲਈ ਨਵੇਂ ਮੌਕੇ ਪੈਦਾ ਹੋਏ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੇ ਉੱਚ-ਗੁਣਵੱਤਾ ਵਾਲੇ ਸਮੁੰਦਰੀ ਉਤਪਾਦਾਂ, ਮੁੱਲ-ਵਰਧਿਤ ਸਮੁੰਦਰੀ ਭੋਜਨ ਅਤੇ ਪ੍ਰੋਸੈੱਸਡ ਭੋਜਨ ਦੀ ਵਿਸ਼ਵ-ਵਿਆਪੀ ਮੰਗ ਮਜ਼ਬੂਤ ​​ਹੈ ਅਤੇ ਕੋਲਡ ਚੇਨ ਲੌਜਿਸਟਿਕਸ, ਡੂੰਘੇ ਸਮੁੰਦਰੀ ਮੱਛੀ ਫੜਨ ਅਤੇ ਮੱਛੀ ਫੜਨ ਵਾਲੇ ਬੰਦਰਗਾਹਾਂ ਦੇ ਆਧੁਨਿਕੀਕਰਨ ਵਿੱਚ ਸਾਂਝੇ ਉੱਦਮ ਅਤੇ ਤਕਨੀਕੀ ਭਾਈਵਾਲੀ ਰੂਸ ਦੀ ਘਰੇਲੂ ਮੰਗ ਨੂੰ ਪੂਰਾ ਕਰ ਸਕਦੀ ਹੈ ਅਤੇ ਨਾਲ ਹੀ ਭਾਰਤੀ ਉਤਪਾਦਾਂ ਲਈ ਨਵੇਂ ਬਾਜ਼ਾਰ ਵੀ ਖੋਲ੍ਹ ਸਕਦੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਟੋਮੋਬਾਈਲ ਖੇਤਰ ਵਿੱਚ ਭਾਰਤ ਅੱਜ ਕਿਫਾਇਤੀ ਅਤੇ ਕੁਸ਼ਲ ਈਵੀ ਦੋ-ਪਹੀਆ ਵਾਹਨਾਂ ਅਤੇ ਸੀਐੱਨਜੀ-ਅਧਾਰਿਤ ਗਤੀਸ਼ੀਲਤਾ ਨਾਲ ਜੁੜੇ ਹੱਲਾਂ ਵਿੱਚ ਵਿਸ਼ਵ ਵਿੱਚ ਮੋਹਰੀ ਹੈ, ਜਦੋਂ ਕਿ ਰੂਸ ਉੱਨਤ ਸਮੱਗਰੀ ਦਾ ਇੱਕ ਪ੍ਰਮੁੱਖ ਉਤਪਾਦਕ ਹੈ ਅਤੇ ਦੋਵੇਂ ਦੇਸ਼ ਈਵੀ ਨਿਰਮਾਣ, ਆਟੋਮੋਟਿਵ ਹਿੱਸਿਆਂ ਅਤੇ ਸਾਂਝੀ ਗਤੀਸ਼ੀਲਤਾ ਵਿੱਚ ਸਹਿਯੋਗ ਕਰ ਸਕਦੇ ਹਨ, ਜਿਸ ਨਾਲ ਘਰੇਲੂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ ਅਤੇ ਵਿਕਾਸਸ਼ੀਲ ਦੇਸ਼ਾਂ, ਖ਼ਾਸ ਕਰਕੇ ਅਫਰੀਕਾ ਦੇ ਵਿਕਾਸ ਵਿੱਚ ਯੋਗਦਾਨ ਦਿੱਤਾ ਜਾ ਸਕੇ।

ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਫਾਰਮਾ ਸੈਕਟਰ ਵਿੱਚ ਭਾਰਤ ਦੁਨੀਆ ਭਰ ਵਿੱਚ ਕਿਫਾਇਤੀ ਕੀਮਤਾਂ 'ਤੇ ਉੱਚਤਮ ਗੁਣਵੱਤਾ ਵਾਲੀਆਂ ਦਵਾਈਆਂ ਪ੍ਰਦਾਨ ਕਰਦਾ ਹੈ, ਜਿਸ ਨਾਲ ਭਾਰਤ ਨੂੰ "ਫਾਰਮੇਸੀ ਆਫ ਦਿ ਵਰਲਡ" ਭਾਵ ਦੁਨੀਆ ਦੀ ਫਾਰਮੇਸੀ ਦਾ ਖਿਤਾਬ ਮਿਲਿਆ ਹੈ ਅਤੇ ਦੋਵੇਂ ਦੇਸ਼ ਸਾਂਝੇ ਤੌਰ ’ਤੇ ਟੀਕਿਆਂ ਦੇ ਵਿਕਾਸ, ਕੈਂਸਰ ਦੇ ਇਲਾਜ, ਰੇਡੀਓ-ਫਾਰਮਾਸਿਊਟੀਕਲ ਅਤੇ ਏਪੀਆਈ ਸਪਲਾਈ ਚੇਨਾਂ ਵਿੱਚ ਸਹਿਯੋਗ ਕਰ ਸਕਦੇ ਹਨ, ਜਿਸ ਨਾਲ ਸਿਹਤ ਸੁਰੱਖਿਆ ਵਧੇਗੀ ਅਤੇ ਨਵੇਂ ਉਦਯੋਗਾਂ ਨੂੰ ਹੁਲਾਰਾ ਮਿਲੇਗਾ।

ਟੈਕਸਟਾਈਲ ਉਦਯੋਗ ਬਾਰੇ ਗੱਲ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਵਿੱਚ ਕੁਦਰਤੀ ਰੇਸ਼ਿਆਂ ਤੋਂ ਲੈ ਕੇ ਤਕਨੀਕੀ ਟੈਕਸਟਾਈਲ ਤੱਕ ਵਿਸ਼ਾਲ ਸੰਭਾਵਨਾਵਾਂ ਹਨ ਅਤੇ ਇਹ ਆਪਣੇ ਡਿਜ਼ਾਈਨ, ਦਸਤਕਾਰੀ ਅਤੇ ਕਾਰਪੇਟਾਂ ਲਈ ਵਿਸ਼ਵ ਪੱਧਰ 'ਤੇ ਮਾਨਤਾ ਪ੍ਰਾਪਤ ਹੈ। ਰੂਸ ਪੌਲੀਮਰ ਅਤੇ ਸਿੰਥੈਟਿਕ ਕੱਚੇ ਮਾਲ ਦਾ ਇੱਕ ਪ੍ਰਮੁੱਖ ਉਤਪਾਦਕ ਹੈ, ਜਿਸ ਨਾਲ ਦੋਵੇਂ ਦੇਸ਼ ਇੱਕ ਮਜ਼ਬੂਤ ​​ਟੈਕਸਟਾਈਲ ਮੁੱਲ ਲੜੀ ਬਣਾ ਸਕਦੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਖਾਦਾਂ, ਸਿਰੇਮਿਕਸ, ਸੀਮੇਂਟ ਨਿਰਮਾਣ ਅਤੇ ਇਲੈਕਟ੍ਰੌਨਿਕਸ ਦੇ ਖੇਤਰ ਵਿੱਚ ਵੀ ਸਹਿਯੋਗ ਲਈ ਬਰਾਬਰ ਮੌਕੇ ਮੌਜੂਦ ਹਨ।

ਸਾਰੇ ਖੇਤਰਾਂ ਵਿੱਚ ਸਹਿਯੋਗ ਵਧਾਉਣ ਵਿੱਚ ਕਿਰਤ ਗਤੀਸ਼ੀਲਤਾ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ "ਦੁਨੀਆ ਦੇ ਹੁਨਰ ਕੇਂਦਰ" ਵਜੋਂ ਉੱਭਰ ਰਿਹਾ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਤਕਨਾਲੋਜੀ, ਇੰਜੀਨੀਅਰਿੰਗ, ਸਿਹਤ ਸੰਭਾਲ, ਨਿਰਮਾਣ ਅਤੇ ਲੌਜਿਸਟਿਕਸ ਵਿੱਚ ਭਾਰਤ ਦੀ ਨੌਜਵਾਨ ਪ੍ਰਤਿਭਾ ਵਿੱਚ ਵਿਸ਼ਵ-ਵਿਆਪੀ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਸਮਰੱਥਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਰੂਸ ਦੀਆਂ ਜਨਸੰਖਿਆ ਅਤੇ ਆਰਥਿਕ ਤਰਜੀਹਾਂ ਨੂੰ ਦੇਖਦੇ ਹੋਏ, ਇਹ ਸਾਂਝੇਦਾਰੀ ਦੋਵਾਂ ਦੇਸ਼ਾਂ ਲਈ ਬਹੁਤ ਲਾਭਦਾਇਕ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤੀ ਪ੍ਰਤਿਭਾਵਾਂ ਨੂੰ ਰੂਸੀ ਭਾਸ਼ਾ ਅਤੇ ਨਰਮ (ਸੋਫਟ) ਹੁਨਰ ਵਿੱਚ ਸਿਖਲਾਈ ਦੇ ਕੇ, ਰੂਸ ਦੇ ਲਈ ਤਿਆਰ ਕਾਰਜਬਲ ਨੂੰ ਸਾਂਝੇ ਤੌਰ 'ਤੇ ਵਿਕਸਿਤ ਕੀਤਾ ਜਾ ਸਕਦਾ ਹੈ, ਜਿਸ ਨਾਲ ਦੋਵਾਂ ਦੇਸ਼ਾਂ ਦੀ ਸਾਂਝੀ ਖ਼ੁਸ਼ਹਾਲੀ ਵਿੱਚ ਤੇਜ਼ੀ ਆਵੇਗੀ।

ਦੋਵਾਂ ਦੇਸ਼ਾਂ ਦੇ ਨਾਗਰਿਕਾਂ ਲਈ ਟੂਰਿਸਟ ਵੀਜ਼ਾ ਸਬੰਧੀ ਲਏ ਗਏ ਮਹੱਤਵਪੂਰਨ ਫੈਸਲਿਆਂ 'ਤੇ ਚਰਚਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਸੈਰ-ਸਪਾਟੇ ਨੂੰ ਹੁਲਾਰਾ ਮਿਲੇਗਾ, ਟੂਰ ਆਪਰੇਟਰਾਂ ਲਈ ਨਵੇਂ ਵਪਾਰਕ ਮੌਕੇ ਪੈਦਾ ਹੋਣਗੇ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਖੁੱਲ੍ਹਣਗੇ।

ਇਹ ਦੱਸਦੇ ਹੋਏ ਕਿ ਭਾਰਤ ਅਤੇ ਰੂਸ ਸਹਿ-ਨਵੀਨਤਾ, ਸਹਿ-ਉਤਪਾਦਨ ਅਤੇ ਸਹਿ-ਸਿਰਜਣਾ ਦੀ ਇੱਕ ਨਵੀਂ ਯਾਤਰਾ 'ਤੇ ਇਕੱਠੇ ਚੱਲ ਰਹੇ ਹਨ, ਸ਼੍ਰੀ ਮੋਦੀ ਨੇ ਕਿਹਾ ਕਿ ਟੀਚਾ ਨਾ ਸਿਰਫ ਦੁਵੱਲੇ ਵਪਾਰ ਨੂੰ ਵਧਾਉਣਾ ਹੈ, ਬਲਕਿ ਵਿਸ਼ਵ ਚੁਣੌਤੀਆਂ ਦੇ ਟਿਕਾਊ ਹੱਲ ਤਿਆਰ ਕਰਕੇ ਮਨੁੱਖਤਾ ਦੀ ਭਲਾਈ ਨੂੰ ਯਕੀਨੀ ਬਣਾਉਣਾ ਵੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਇਸ ਯਾਤਰਾ 'ਤੇ ਰੂਸ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਉਨ੍ਹਾਂ ਨੇ ਐਲਾਨ ਕੀਤਾ, "ਆਓ ਭਾਰਤ ਵਿੱਚ ਨਿਰਮਾਣ ਕਰੀਏ, ਭਾਰਤ ਨਾਲ ਭਾਈਵਾਲੀ ਕਰੀਏ ਅਤੇ ਮਿਲ ਕੇ ਦੁਨੀਆ ਲਈ ਨਿਰਮਾਣ ਕਰੀਏ।" ਉਨ੍ਹਾਂ ਨੇ ਰਾਸ਼ਟਰਪਤੀ ਪੁਤਿਨ ਅਤੇ ਸਾਰੇ ਭਾਗੀਦਾਰਾਂ ਦਾ ਧੰਨਵਾਦ ਕੀਤਾ ਅਤੇ ਧੰਨਵਾਦ ਦੇ ਮਤੇ ਨਾਲ ਆਪਣਾ ਭਾਸ਼ਣ ਸਮਾਪਤ ਕੀਤਾ।

*** *** *** *** 

ਐੱਮਜੇਪੀਐੱਸ/ਐੱਸਆਰ


(रिलीज़ आईडी: 2200965) आगंतुक पटल : 3
इस विज्ञप्ति को इन भाषाओं में पढ़ें: Malayalam , English , Urdu , हिन्दी , Marathi , Manipuri , Bengali , Assamese , Gujarati , Odia , Telugu , Kannada