ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜੀ20 ਸਿਖਰ ਸੰਮੇਲਨ 2025 ਦੌਰਾਨ ਇਟਲੀ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

प्रविष्टि तिथि: 23 NOV 2025 9:44PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦੱਖਣੀ ਅਫ਼ਰੀਕਾ ਦੇ ਜੋਹੈੱਨਸਬਰਗ ਵਿੱਚ ਆਯੋਜਿਤ ਜੀ20 ਸਿਖਰ ਸੰਮੇਲਨ ਦੌਰਾਨ ਇਟਲੀ ਦੀ ਪ੍ਰਧਾਨ ਮੰਤਰੀ ਸੁਸ਼੍ਰੀ ਜੌਰਜੀਆ ਮੇਲੋਨੀ ਨਾਲ ਮੁਲਾਕਾਤ ਕੀਤੀ। ਦੋਵਾਂ ਆਗੂਆਂ ਦੀ ਇਸ ਸਾਲ ਜੂਨ ਵਿੱਚ ਕੈਨੇਡਾ ਦੇ ਕਨਾਨਾਸਕਿਸ ਵਿੱਚ ਹੋਏ ਜੀ7 ਸਿਖਰ ਸੰਮੇਲਨ ਦੌਰਾਨ ਵੀ ਸੰਖੇਪ ਗੱਲਬਾਤ ਹੋਈ ਸੀ।

ਪ੍ਰਧਾਨ ਮੰਤਰੀ ਮੇਲੋਨੀ ਨੇ ਦਿੱਲੀ ਵਿੱਚ ਹੋਏ ਅੱਤਵਾਦੀ ਹਮਲੇ 'ਤੇ ਭਾਰਤ ਨਾਲ ਇੱਕਜੁੱਟਤਾ ਪ੍ਰਗਟ ਕੀਤੀ ਅਤੇ ਅੱਤਵਾਦ ਦਾ ਮੁਕਾਬਲਾ ਕਰਨ ਲਈ ਮਿਲ ਕੇ ਕੰਮ ਕਰਨ ਲਈ ਇਟਲੀ ਦੀ ਮਜ਼ਬੂਤ ​​ਵਚਨਬੱਧਤਾ ਨੂੰ ਦੁਹਰਾਇਆ। ਇਸ ਸੰਦਰਭ ਵਿੱਚ, ਦੋਵਾਂ ਆਗੂਆਂ ਨੇ " ਅੱਤਵਾਦ ਦੀ ਵਿੱਤ ਵਿਵਸਥਾ ਦਾ ਮੁਕਾਬਲਾ ਕਰਨ ਲਈ ਭਾਰਤ-ਇਟਲੀ ਦੀ ਸਾਂਝੀ ਪਹਿਲ" ਨੂੰ ਅਪਣਾਇਆ। ਇਸ ਪਹਿਲਕਦਮੀ ਦਾ ਉਦੇਸ਼ ਅੱਤਵਾਦ ਵਿਰੁੱਧ ਦੁਵੱਲੇ ਸਹਿਯੋਗ ਨੂੰ ਮਜ਼ਬੂਤ ​​ਕਰਨਾ ਅਤੇ ਫਾਇਨੈਂਸ਼ੀਅਲ ਐਕਸ਼ਨ ਟਾਸਕ ਫੋਰਸ (ਐੱਫਏਟੀਐੱਫ) ਅਤੇ ਗਲੋਬਲ ਕਾਊਂਟਰ-ਟੈਰੇਰਿਜ਼ਮ ਫੋਰਮ (ਜੀਸੀਟੀਐੱਫ) ਵਰਗੇ ਬਹੁਪੱਖੀ ਮੰਚਾਂ ਵਿੱਚ ਭਾਈਵਾਲੀ ਨੂੰ ਵਧਾਉਣਾ ਹੈ।

ਦੋਵਾਂ ਆਗੂਆਂ ਨੇ ਵਪਾਰ ਅਤੇ ਨਿਵੇਸ਼, ਰੱਖਿਆ, ਸੁਰੱਖਿਆ, ਪੁਲਾੜ, ਵਿਗਿਆਨ ਅਤੇ ਤਕਨਾਲੋਜੀ, ਸਿੱਖਿਆ ਅਤੇ ਜਨ ਤੋਂ ਜਨ ਸੰਪਰਕ ਵਰਗੇ ਖੇਤਰਾਂ ਵਿੱਚ ਦੁਵੱਲੀ ਰਣਨੀਤਕ ਭਾਈਵਾਲੀ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਇਸ 'ਤੇ ਸੰਤੁਸ਼ਟੀ ਪ੍ਰਗਟ ਕੀਤੀ। ਦੋਵਾਂ ਆਗੂਆਂ ਨੇ ਸੰਯੁਕਤ ਰਣਨੀਤਕ ਕਾਰਜ ਯੋਜਨਾ 2025-29 ਦੀ ਪ੍ਰਗਤੀ 'ਤੇ ਵੀ ਸੰਤੁਸ਼ਟੀ ਪ੍ਰਗਟ ਕੀਤੀ।

ਆਗੂਆਂ ਨੇ ਇਸ ਸਾਲ ਨਵੀਂ ਦਿੱਲੀ ਅਤੇ ਬ੍ਰੇਸ਼ੀਆ ਵਿੱਚ ਆਯੋਜਿਤ ਦੋ ਵਪਾਰਕ ਫੋਰਮਾਂ ਦਾ ਸਵਾਗਤ ਕੀਤਾ, ਜਿਨ੍ਹਾਂ ਵਿੱਚ ਦੋਵਾਂ ਦੇਸ਼ਾਂ ਦੀਆਂ ਉਦਯੋਗ ਇਕਾਈਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਨੇ ਵਪਾਰ, ਤਕਨਾਲੋਜੀ, ਨਵੀਨਤਾ ਅਤੇ ਨਿਵੇਸ਼ ਭਾਈਵਾਲੀ ਨੂੰ ਵਧਾਉਣ ਲਈ ਚੱਲ ਰਹੇ ਯਤਨਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਦਾ ਉਦੇਸ਼ ਦੋਵਾਂ ਅਰਥ-ਵਿਵਸਥਾਵਾਂ ਦੀ ਮੁਕਾਬਲੇਬਾਜ਼ੀ ਨੂੰ ਵਧਾਉਣਾ ਅਤੇ ਮਜ਼ਬੂਤ ​​ਸਪਲਾਈ ਲੜੀ ਬਣਾਉਣਾ ਹੈ।

ਆਗੂਆਂ ਨੇ ਭਾਰਤ ਵਿੱਚ ਇਤਾਲਵੀ ਪੁਲਾੜ ਵਫ਼ਦ ਦੇ ਹਾਲੀਆ ਦੌਰੇ ਦੀ ਸ਼ਲਾਘਾ ਕੀਤੀ, ਜੋ ਇਸ ਖੇਤਰ ਵਿੱਚ ਸਰਕਾਰੀ ਅਤੇ ਨਿੱਜੀ ਖੇਤਰ ਦੋਵਾਂ ਪੱਧਰਾਂ 'ਤੇ ਸਹਿਯੋਗ ਨੂੰ ਵਧਾਵੇਗਾ।

ਪ੍ਰਧਾਨ ਮੰਤਰੀ ਮੇਲੋਨੀ ਨੇ ਭਾਰਤ-ਈਯੂ ਮੁਕਤ ਵਪਾਰ ਸਮਝੌਤੇ ਨੂੰ ਆਪਸੀ ਤੌਰ ’ਤੇ ਲਾਭਕਾਰੀ ਢੰਗ ਨਾਲ ਜਲਦੀ ਪੂਰਾ ਕਰਨ ਅਤੇ 2026 ਵਿੱਚ ਭਾਰਤ ਵੱਲੋਂ ਆਯੋਜਿਤ ਕੀਤੇ ਜਾਣ ਵਾਲੇ ਏਆਈ ਇੰਪੈਕਟ ਸਿਖਰ ਸੰਮੇਲਨ ਦੀ ਸਫਲਤਾ ਲਈ ਇਟਲੀ ਦੇ ਮਜ਼ਬੂਤ ​​ਸਮਰਥਨ ਨੂੰ ਦੁਹਰਾਇਆ।

ਇਹ ਮੁਲਾਕਾਤ ਦੋਵਾਂ ਦੇਸ਼ਾਂ ਦਰਮਿਆਨ ਉੱਚ-ਪੱਧਰੀ ਨਿਯਮਿਤ ਗੱਲਬਾਤ ਦੀ ਪਰੰਪਰਾ ਨੂੰ ਹੋਰ ਮਜ਼ਬੂਤ ​​ਕਰਦੀ ਹੈ। ਦੋਵਾਂ ਆਗੂਆਂ ਨੇ ਲੋਕਤੰਤਰ, ਕਾਨੂੰਨ ਦੇ ਰਾਜ ਅਤੇ ਟਿਕਾਊ ਵਿਕਾਸ ਜਿਹੀਆਂ ਸਾਂਝੀਆਂ ਕਦਰਾਂ-ਕੀਮਤਾਂ ਨੂੰ ਅੱਗੇ ਵਧਾਉਣ ਲਈ ਗਲੋਬਲ ਅਤੇ ਬਹੁ-ਪੱਖੀ ਮੰਚਾਂ ’ਤੇ ਮਿਲ ਕੇ ਕੰਮ ਜਾਰੀ ਰੱਖਣ ਦੀ ਉਮੀਦ ਪ੍ਰਗਟ ਕੀਤੀ। 

************

ਐੱਮਜੇਪੀਐੱਸ/ਐੱਸਆਰ/ਏਕੇ


(रिलीज़ आईडी: 2193941) आगंतुक पटल : 5
इस विज्ञप्ति को इन भाषाओं में पढ़ें: Malayalam , Kannada , Assamese , Gujarati , English , Urdu , Marathi , हिन्दी , Bengali , Manipuri , Odia , Tamil