ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਵਾਰਾਣਸੀ ਤੋਂ ਚਾਰ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨਾਂ ਨੂੰ ਹਰੀ ਝੰਡੀ ਦੇਣ ਮੌਕੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Posted On: 08 NOV 2025 11:20AM by PIB Chandigarh

ਹਰ-ਹਰ ਮਹਾਦੇਵ!

 

ਨਮ: ਪਾਰਵਤੀ ਪਤਯੇ!

 

ਹਰ-ਹਰ ਮਹਾਦੇਵ!

 

ਉੱਤਰ ਪ੍ਰਦੇਸ਼ ਦੇ ਊਰਜਾਵਾਨ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਾਥੀ ਅਤੇ ਵਿਕਸਿਤ ਭਾਰਤ ਦੀ ਮਜ਼ਬੂਤ ਨੀਂਹ ਰੱਖਣ ਲਈ ਜੋ ਤਕਨਾਲੋਜੀ ਦੇ ਖੇਤਰ ਵਿੱਚ ਅੱਜ ਬਹੁਤ ਵਧੀਆ ਕੰਮ ਹੋ ਰਿਹਾ ਹੈ, ਉਸ ਦੀ ਅਗਵਾਈ ਕਰਨ ਵਾਲੇ ਭਾਈ ਅਸ਼ਵਨੀ ਵੈਸ਼ਣਵ ਜੀ, ਤਕਨਾਲੋਜੀ ਰਾਹੀਂ ਸਾਡੇ ਨਾਲ ਇਸ ਪ੍ਰੋਗਰਾਮ ਵਿੱਚ ਜੁੜੇ ਏਰਨਾਕੁਲਮ ਤੋਂ ਕੇਰਲ ਦੇ ਰਾਜਪਾਲ ਸ਼੍ਰੀ ਰਾਜੇਂਦਰ ਅਰਲੇਕਰ ਜੀ, ਕੇਂਦਰ ਵਿੱਚ ਮੇਰੇ ਸਾਥੀ ਸੁਰੇਸ਼ ਗੋਪੀ ਜੀ, ਜੌਰਜ ਕੁਰੀਅਨ ਜੀ, ਕੇਰਲ ਦੇ ਇਸ ਪ੍ਰੋਗਰਾਮ ਵਿੱਚ ਮੌਜੂਦ ਹੋਰ ਸਾਰੇ ਮੰਤਰੀ, ਜਨ-ਪ੍ਰਤੀਨਿਧੀ, ਫ਼ਿਰੋਜ਼ਪੁਰ ਤੋਂ ਜੁੜੇ ਕੇਂਦਰ ਵਿੱਚ ਮੇਰੇ ਸਾਥੀ, ਪੰਜਾਬ ਦੇ ਨੇਤਾ ਰਵਨੀਤ ਸਿੰਘ ਬਿੱਟੂ ਜੀ, ਉੱਥੇ ਮੌਜੂਦ ਸਾਰੇ ਜਨ-ਪ੍ਰਤੀਨਿਧੀ, ਲਖਨਊ ਤੋਂ ਜੁੜੇ ਯੂਪੀ ਦੇ ਡਿਪਟੀ ਸੀਐੱਮ ਬ੍ਰਜੇਸ਼ ਪਾਠਕ ਜੀ, ਹੋਰ ਪਤਵੰਤੇ ਸੱਜਣੋ ਅਤੇ ਇੱਥੇ ਮੌਜੂਦ ਕਾਸ਼ੀ ਦੇ ਮੇਰੇ ਪਰਿਵਾਰਕ ਮੈਂਬਰੋ।

 

ਬਾਬਾ ਵਿਸ਼ਵਨਾਥ ਦੀ ਇਸ ਪਵਿੱਤਰ ਨਗਰੀ ਵਿੱਚ ਤੁਹਾਡੇ ਸਾਰਿਆਂ ਨੂੰ ਕਾਸ਼ੀ ਦੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਮੇਰਾ ਪ੍ਰਣਾਮ! ਮੈਂ ਦੇਖਿਆ, ਦੇਵ ਦੀਪਾਵਲੀ 'ਤੇ ਕਿੰਨਾ ਸ਼ਾਨਦਾਰ ਪ੍ਰੋਗਰਾਮ ਹੋਇਆ, ਹੁਣ ਅੱਜ ਦਾ ਦਿਨ ਵੀ ਬੜਾ ਸ਼ੁਭ ਹੈ, ਮੈਂ ਇਸ ਵਿਕਾਸ ਪਰਵ ਦੀਆਂ ਤੁਹਾਨੂੰ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ!

 

ਸਾਥੀਓ,

 

ਦੁਨੀਆ ਭਰ ਦੇ ਵਿਕਸਿਤ ਦੇਸ਼ਾਂ ਵਿੱਚ ਆਰਥਿਕ ਵਿਕਾਸ ਦਾ ਬਹੁਤ ਵੱਡਾ ਕਾਰਨ ਉੱਥੋਂ ਦਾ ਬੁਨਿਆਦੀ ਢਾਂਚਾ ਰਿਹਾ ਹੈ। ਜਿਨ੍ਹਾਂ ਵੀ ਦੇਸ਼ਾਂ ਵਿੱਚ ਵੱਡੀ ਤਰੱਕੀ, ਵੱਡਾ ਵਿਕਾਸ ਹੋਇਆ ਹੈ, ਉਨ੍ਹਾਂ ਦੇ ਅੱਗੇ ਵਧਣ ਪਿੱਛੇ ਬਹੁਤ ਵੱਡੀ ਸ਼ਕਤੀ ਉੱਥੋਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਦੀ ਹੈ। ਹੁਣ ਮੰਨ ਲਓ ਕੋਈ ਇਲਾਕਾ ਹੈ, ਲੰਬੇ ਸਮੇਂ ਤੋਂ ਉੱਥੇ ਰੇਲ ਨਹੀਂ ਜਾ ਰਹੀ, ਰੇਲ ਦੀ ਪਟੜੀ ਨਹੀਂ ਹੈ, ਟ੍ਰੇਨ ਨਹੀਂ ਆਉਂਦੀ, ਸਟੇਸ਼ਨ ਨਹੀਂ ਹੈ। ਪਰ ਜਿਵੇਂ ਹੀ ਉੱਥੇ ਪਟੜੀ ਲੱਗ ਜਾਵੇਗੀ, ਸਟੇਸ਼ਨ ਬਣ ਜਾਵੇਗਾ, ਉਸ ਨਗਰ ਦਾ ਆਪਣੇ ਆਪ ਵਿਕਾਸ ਸ਼ੁਰੂ ਹੋ ਜਾਂਦਾ ਹੈ। ਕਿਸੇ ਪਿੰਡ ਵਿੱਚ ਸਾਲਾਂ ਤੋਂ ਸੜਕ ਹੀ ਨਹੀਂ ਹੈ, ਕੋਈ ਰਸਤਾ ਹੀ ਨਹੀਂ, ਕੱਚੇ ਮਿੱਟੀ ਦੇ ਰਸਤੇ 'ਤੇ ਲੋਕ ਆਉਂਦੇ-ਜਾਂਦੇ ਰਹਿੰਦੇ ਹਨ। ਪਰ ਜਿਵੇਂ ਹੀ ਛੋਟਾ ਜਿਹਾ ਰੋਡ ਬਣ ਜਾਂਦਾ ਹੈ, ਕਿਸਾਨਾਂ ਦੀ ਆਵਾਜਾਈ, ਕਿਸਾਨਾਂ ਦਾ ਮਾਲ ਉੱਥੋਂ ਬਾਜ਼ਾਰ ਵਿੱਚ ਜਾਣਾ ਸ਼ੁਰੂ ਹੋ ਜਾਂਦਾ ਹੈ। ਮਤਲਬ ਬੁਨਿਆਦੀ ਢਾਂਚਾ ਭਾਵ, ਵੱਡੇ-ਵੱਡੇ ਪੁਲ, ਵੱਡੇ-ਵੱਡੇ ਹਾਈਵੇਜ਼, ਇੰਨਾ ਹੀ ਨਹੀਂ ਹੁੰਦਾ। ਕਿਤੇ ਵੀ, ਜਦੋਂ ਅਜਿਹੀਆਂ ਵਿਵਸਥਾਵਾਂ ਵਿਕਸਿਤ ਹੁੰਦੀਆਂ ਹਨ ਤਾਂ ਉਸ ਖੇਤਰ ਦਾ ਵਿਕਾਸ ਸ਼ੁਰੂ ਹੋ ਜਾਂਦਾ ਹੈ। ਜਿਵੇਂ ਸਾਡਾ ਪਿੰਡ ਦਾ ਤਜਰਬਾ ਹੈ, ਜਿਵੇਂ ਸਾਡੇ ਕਸਬੇ ਦਾ ਤਜਰਬਾ ਹੈ, ਜਿਵੇਂ ਸਾਡੇ ਛੋਟੇ ਨਗਰ ਦਾ ਤਜਰਬਾ ਹੈ। ਓਵੇਂ ਹੀ ਪੂਰੇ ਦੇਸ਼ ਦਾ ਵੀ ਹੁੰਦਾ ਹੈ। ਕਿੰਨੇ ਏਅਰਪੋਰਟ ਬਣੇ, ਕਿੰਨੀਆਂ ਵੰਦੇ ਭਾਰਤ ਟ੍ਰੇਨਾਂ ਚੱਲ ਰਹੀਆਂ ਹਨ, ਦੁਨੀਆ ਦੇ ਕਿੰਨੇ ਦੇਸ਼ਾਂ ਤੋਂ ਹਵਾਈ ਜਹਾਜ਼ ਆਉਂਦੇ ਹਨ, ਇਹ ਸਾਰੀਆਂ ਗੱਲਾਂ ਵਿਕਾਸ ਨਾਲ ਜੁੜ ਚੁੱਕੀਆਂ ਹਨ। ਅਤੇ ਅੱਜ ਭਾਰਤ ਵੀ ਬਹੁਤ ਤੇਜ਼ ਗਤੀ ਨਾਲ ਇਸੇ ਰਸਤੇ 'ਤੇ ਚੱਲ ਰਿਹਾ ਹੈ। ਇਸੇ ਲੜੀ ਵਿੱਚ, ਅੱਜ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਨਵੀਂਆਂ ਵੰਦੇ ਭਾਰਤ ਟ੍ਰੇਨਾਂ ਦੀ ਸ਼ੁਰੂਆਤ ਹੋ ਰਹੀ ਹੈ। ਕਾਸ਼ੀ ਤੋਂ ਖਜੁਰਾਹੋ ਵੰਦੇ ਭਾਰਤ ਤੋਂ ਇਲਾਵਾ, ਫ਼ਿਰੋਜ਼ਪੁਰ-ਦਿੱਲੀ ਵੰਦੇ ਭਾਰਤ, ਲਖਨਊ-ਸਹਾਰਨਪੁਰ ਵੰਦੇ ਭਾਰਤ ਅਤੇ ਏਰਨਾਕੁਲਮ-ਬੰਗਲੂਰੂ ਵੰਦੇ ਭਾਰਤ, ਇਸ ਨੂੰ ਵੀ ਹਰੀ ਝੰਡੀ ਦਿਖਾਈ ਗਈ ਹੈ। ਇਨ੍ਹਾਂ ਚਾਰ ਨਵੀਂਆਂ ਟ੍ਰੇਨਾਂ ਦੇ ਨਾਲ ਹੀ, ਹੁਣ ਦੇਸ਼ ਵਿੱਚ ਇੱਕ ਸੌ ਸੱਠ ਤੋਂ ਵੱਧ ਨਵੀਂਆਂ ਵੰਦੇ ਭਾਰਤ ਟ੍ਰੇਨਾਂ ਦਾ ਸੰਚਾਲਨ ਹੋਣ ਲੱਗਾ ਹੈ। ਮੈਂ ਕਾਸ਼ੀ ਵਾਸੀਆਂ ਨੂੰ, ਸਾਰੇ ਦੇਸ਼ ਵਾਸੀਆਂ ਨੂੰ ਇਨ੍ਹਾਂ ਟ੍ਰੇਨਾਂ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ।

 

ਸਾਥੀਓ,

 

ਅੱਜ ਵੰਦੇ ਭਾਰਤ, ਨਮੋ ਭਾਰਤ ਅਤੇ ਅੰਮ੍ਰਿਤ ਭਾਰਤ ਵਰਗੀਆਂ ਟ੍ਰੇਨਾਂ ਭਾਰਤੀ ਰੇਲਵੇ ਦੀ ਅਗਲੀ ਪੀੜ੍ਹੀ ਦੀ ਨੀਂਹ ਤਿਆਰ ਕਰ ਰਹੀਆਂ ਹਨ। ਇਹ ਭਾਰਤੀ ਰੇਲਵੇ ਨੂੰ ਬਦਲਣ ਦਾ ਅਭਿਆਨ ਹੈ। ਵੰਦੇ ਭਾਰਤ ਭਾਰਤੀਆਂ ਦੀ, ਭਾਰਤੀਆਂ ਵੱਲੋਂ, ਭਾਰਤੀਆਂ ਲਈ ਬਣਾਈ ਹੋਈ ਟ੍ਰੇਨ ਹੈ, ਜਿਸ 'ਤੇ ਹਰ ਭਾਰਤੀ ਨੂੰ ਮਾਣ ਹੈ। ਨਹੀਂ ਤਾਂ ਪਹਿਲਾਂ ਅਸੀਂ ਤਾਂ, ਕੀ ਇਹ ਅਸੀਂ ਕਰ ਸਕਦੇ ਹਾਂ? ਇਹ ਤਾਂ ਵਿਦੇਸ਼ ਵਿੱਚ ਹੋ ਸਕਦਾ ਹੈ, ਕੀ ਸਾਡੇ ਇੱਥੇ ਹੋਵੇਗਾ? ਹੋਣ ਲੱਗਾ ਕਿ, ਨਹੀਂ ਹੋਣ ਲੱਗਾ? ਸਾਡੇ ਦੇਸ਼ ਵਿੱਚ ਬਣ ਰਿਹਾ ਹੈ, ਕਿ ਨਹੀਂ ਬਣ ਰਿਹਾ? ਸਾਡੇ ਦੇਸ਼ ਦੇ ਲੋਕ ਬਣਾ ਰਹੇ ਹਨ, ਕਿ ਨਹੀਂ ਬਣਾ ਰਹੇ? ਇਹ ਸਾਡੇ ਦੇਸ਼ ਦੀ ਤਾਕਤ ਹੈ। ਅਤੇ ਹੁਣ ਤਾਂ ਵਿਦੇਸ਼ੀ ਯਾਤਰੀ ਵੀ ਵੰਦੇ ਭਾਰਤ ਨੂੰ ਦੇਖ ਕੇ ਹੈਰਾਨ ਹੁੰਦੇ ਹਨ। ਅੱਜ ਜਿਸ ਤਰ੍ਹਾਂ ਭਾਰਤ ਨੇ ਵਿਕਸਿਤ ਭਾਰਤ ਲਈ ਆਪਣੇ ਸਾਧਨਾਂ ਨੂੰ ਸਭ ਤੋਂ ਵਧੀਆ ਬਣਾਉਣ ਦਾ ਅਭਿਆਨ ਸ਼ੁਰੂ ਕੀਤਾ ਹੈ, ਇਹ ਟ੍ਰੇਨਾਂ ਉਸ ਵਿੱਚ ਮੀਲ ਦਾ ਪੱਥਰ ਬਣਨ ਜਾ ਰਹੀਆਂ ਹਨ।

 

ਸਾਥੀਓ,

 

ਸਾਡੇ ਭਾਰਤ ਵਿੱਚ ਸਦੀਆਂ ਤੋਂ ਤੀਰਥ ਯਾਤਰਾਵਾਂ ਨੂੰ ਦੇਸ਼ ਦੀ ਚੇਤਨਾ ਦਾ ਮਾਧਿਅਮ ਕਿਹਾ ਗਿਆ ਹੈ। ਇਹ ਯਾਤਰਾਵਾਂ ਸਿਰਫ਼ ਦੇਵ-ਦਰਸ਼ਨ ਦਾ ਮਾਰਗ ਨਹੀਂ ਹਨ, ਸਗੋਂ ਭਾਰਤ ਦੀ ਆਤਮਾ ਨੂੰ ਜੋੜਨ ਵਾਲੀ ਪਵਿੱਤਰ ਪਰੰਪਰਾ ਹਨ। ਪ੍ਰਯਾਗਰਾਜ, ਅਯੁੱਧਿਆ, ਹਰਿਦੁਆਰ, ਚਿਤਰਕੂਟ, ਕੁਰੂਕਸ਼ੇਤਰ, ਅਜਿਹੇ ਅਣਗਿਣਤ ਤੀਰਥ ਖੇਤਰ ਸਾਡੀ ਅਧਿਆਤਮਿਕ ਧਾਰਾ ਦੇ ਕੇਂਦਰ ਹਨ। ਅੱਜ ਜਦੋਂ ਇਹ ਪਵਿੱਤਰ ਧਾਮ ਵੰਦੇ ਭਾਰਤ ਦੇ ਨੈੱਟਵਰਕ ਨਾਲ ਜੁੜ ਰਹੇ ਹਨ ਤਾਂ ਇੱਕ ਤਰ੍ਹਾਂ ਨਾਲ ਭਾਰਤ ਦੀ ਸੰਸਕ੍ਰਿਤੀ, ਆਸਥਾ ਅਤੇ ਵਿਕਾਸ ਦੀ ਯਾਤਰਾ ਨੂੰ ਜੋੜਨ ਦਾ ਵੀ ਕੰਮ ਹੋਇਆ ਹੈ। ਇਹ ਭਾਰਤ ਦੀ ਵਿਰਾਸਤ ਦੇ ਸ਼ਹਿਰਾਂ ਨੂੰ ਦੇਸ਼ ਦੇ ਵਿਕਾਸ ਦਾ ਪ੍ਰਤੀਕ ਬਣਾਉਣ ਵੱਲ ਇੱਕ ਅਹਿਮ ਕਦਮ ਹੈ।

 

ਸਾਥੀਓ,

 

ਇਨ੍ਹਾਂ ਯਾਤਰਾਵਾਂ ਦਾ ਇੱਕ ਆਰਥਿਕ ਪਹਿਲੂ ਵੀ ਹੁੰਦਾ ਹੈ, ਜਿਸ ਦੀ ਓਨੀ ਚਰਚਾ ਨਹੀਂ ਹੁੰਦੀ। ਬੀਤੇ 11 ਸਾਲਾਂ ਵਿੱਚ ਯੂਪੀ ਵਿੱਚ ਹੋਏ ਵਿਕਾਸ ਕਾਰਜਾਂ ਨੇ ਤੀਰਥ-ਯਾਤਰਾ ਨੂੰ ਇੱਕ ਨਵੇਂ ਪੱਧਰ 'ਤੇ ਪਹੁੰਚਾ ਦਿੱਤਾ ਹੈ। ਪਿਛਲੇ ਸਾਲ ਬਾਬਾ ਵਿਸ਼ਵਨਾਥ ਦੇ ਦਰਸ਼ਨ ਲਈ 11 ਕਰੋੜ ਸ਼ਰਧਾਲੂ ਕਾਸ਼ੀ ਆਏ ਸਨ। ਅਯੁੱਧਿਆ ਵਿੱਚ ਰਾਮ ਮੰਦਰ ਦੇ ਨਿਰਮਾਣ ਤੋਂ ਬਾਅਦ 6 ਕਰੋੜ ਤੋਂ ਵੱਧ ਲੋਕ ਰਾਮਲੱਲ੍ਹਾ ਦੇ ਦਰਸ਼ਨ ਕਰ ਚੁੱਕੇ ਹਨ। ਯੂਪੀ ਦੀ ਅਰਥ-ਵਿਵਸਥਾ ਨੂੰ ਇਨ੍ਹਾਂ ਸ਼ਰਧਾਲੂਆਂ ਨੇ ਹਜ਼ਾਰਾਂ ਕਰੋੜ ਰੁਪਏ ਦਾ ਲਾਭ ਪਹੁੰਚਾਇਆ ਹੈ। ਇਨ੍ਹਾਂ ਨੇ ਯੂਪੀ ਦੇ ਹੋਟਲਾਂ, ਵਪਾਰੀਆਂ, ਟ੍ਰਾਂਸਪੋਰਟ ਕੰਪਨੀਆਂ, ਸਥਾਨਕ ਕਲਾਕਾਰਾਂ, ਕਿਸ਼ਤੀ ਚਲਾਉਣ ਵਾਲਿਆਂ ਨੂੰ ਨਿਰੰਤਰ ਕਮਾਈ ਦਾ ਮੌਕਾ ਦਿੱਤਾ ਹੈ। ਇਸ ਕਰਕੇ ਹੁਣ ਬਨਾਰਸ ਦੇ ਸੈਂਕੜੇ ਨੌਜਵਾਨ ਹੁਣ ਟ੍ਰਾਂਸਪੋਰਟ ਤੋਂ ਲੈ ਕੇ ਬਨਾਰਸੀ ਸਾੜੀਆਂ ਤੱਕ, ਹਰ ਚੀਜ਼ ਵਿੱਚ ਨਵੇਂ-ਨਵੇਂ ਵਪਾਰਾਂ ਨੂੰ ਸ਼ੁਰੂ ਕਰ ਰਹੇ ਹਨ। ਇਨ੍ਹਾਂ ਸਭ ਕਾਰਨਾਂ ਕਰਕੇ ਯੂਪੀ ਵਿੱਚ, ਕਾਸ਼ੀ ਵਿੱਚ ਖ਼ੁਸ਼ਹਾਲੀ ਦਾ ਦਰਵਾਜ਼ਾ ਖੁੱਲ੍ਹ ਰਿਹਾ ਹੈ।

 

ਸਾਥੀਓ,

 

ਵਿਕਸਿਤ ਕਾਸ਼ੀ ਤੋਂ ਵਿਕਸਿਤ ਭਾਰਤ ਦਾ ਮੰਤਰ ਪੂਰਾ ਕਰਨ ਲਈ ਅਸੀਂ ਲਗਾਤਾਰ ਇੱਥੇ ਵੀ ਬੁਨਿਆਦੀ ਢਾਂਚੇ ਦੇ ਕਈ ਕੰਮ ਕਰ ਰਹੇ ਹਾਂ। ਅੱਜ ਕਾਸ਼ੀ ਵਿੱਚ ਚੰਗੇ ਹਸਪਤਾਲ, ਚੰਗੀਆਂ ਸੜਕਾਂ, ਗੈਸ ਪਾਈਪਲਾਈਨ ਤੋਂ ਲੈ ਕੇ ਇੰਟਰਨੈੱਟ ਕਨੈਕਟੀਵਿਟੀ ਦੀਆਂ ਵਿਵਸਥਾਵਾਂ ਦਾ ਲਗਾਤਾਰ ਵਿਸਤਾਰ ਵੀ ਹੋ ਰਿਹਾ ਹੈ, ਵਿਕਾਸ ਵੀ ਹੋ ਰਿਹਾ ਹੈ ਅਤੇ ਗੁਣਵੱਤਾ ਵਿੱਚ ਸੁਧਾਰ ਵੀ ਹੋ ਰਿਹਾ ਹੈ। ਰੋਪ-ਵੇਅ 'ਤੇ ਤੇਜ਼ੀ ਨਾਲ ਕੰਮ ਹੋ ਰਿਹਾ ਹੈ। ਗੰਜਾਰੀ ਅਤੇ ਸਿਗਰਾ ਸਟੇਡੀਅਮ ਵਰਗਾ ਖੇਡਾਂ ਦਾ ਬੁਨਿਆਦੀ ਢਾਂਚਾ ਵੀ ਹੁਣ ਸਾਡੇ ਕੋਲ ਹੈ। ਸਾਡੀ ਕੋਸ਼ਿਸ਼ ਹੈ ਕਿ ਬਨਾਰਸ ਆਉਣਾ, ਬਨਾਰਸ ਵਿੱਚ ਰਹਿਣਾ ਅਤੇ ਬਨਾਰਸ ਦੀਆਂ ਸਹੂਲਤਾਂ ਨੂੰ ਜਿਊਂਣਾ ਸਭ ਲਈ ਇੱਕ ਖ਼ਾਸ ਤਜਰਬਾ ਬਣੇ।

 

ਸਾਥੀਓ,

 

ਸਾਡੀ ਸਰਕਾਰ ਦੀ ਕੋਸ਼ਿਸ਼ ਕਾਸ਼ੀ ਵਿੱਚ ਸਿਹਤ ਸੇਵਾਵਾਂ ਵਿੱਚ ਲਗਾਤਾਰ ਸੁਧਾਰ ਦੀ ਵੀ ਹੈ। 10-11 ਸਾਲ ਪਹਿਲਾਂ ਸਥਿਤੀ ਇਹ ਸੀ ਕਿ ਗੰਭੀਰ ਬਿਮਾਰੀ ਦਾ ਇਲਾਜ ਕਰਵਾਉਣਾ ਹੋਵੇ, ਤਾਂ ਲੋਕਾਂ ਕੋਲ ਸਿਰਫ਼ ਬੀਐੱਚਯੂ ਹੀ ਹੁੰਦਾ ਸੀ ਅਤੇ ਮਰੀਜ਼ਾਂ ਦੀ ਗਿਣਤੀ ਇੰਨੀ ਜ਼ਿਆਦਾ ਹੁੰਦੀ ਸੀ ਕਿ ਪੂਰੀ-ਪੂਰੀ ਰਾਤ ਖੜ੍ਹੇ ਰਹਿਣ ਤੋਂ ਬਾਅਦ ਵੀ ਉਨ੍ਹਾਂ ਦਾ ਇਲਾਜ ਨਹੀਂ ਹੁੰਦਾ ਸੀ। ਕੈਂਸਰ ਵਰਗੀ ਗੰਭੀਰ ਬਿਮਾਰੀ ਹੋਣ 'ਤੇ ਇਲਾਜ ਲਈ ਲੋਕ ਜ਼ਮੀਨ ਅਤੇ ਖੇਤ ਵੇਚ ਕੇ ਮੁੰਬਈ ਜਾਂਦੇ ਸਨ। ਅੱਜ ਕਾਸ਼ੀ ਦੇ ਲੋਕਾਂ ਦੀਆਂ ਇਨ੍ਹਾਂ ਸਾਰੀਆਂ ਚਿੰਤਾਵਾਂ ਨੂੰ ਸਾਡੀ ਸਰਕਾਰ ਨੇ ਘੱਟ ਕਰਨ ਦਾ ਕੰਮ ਕੀਤਾ ਹੈ। ਕੈਂਸਰ ਲਈ ਮਹਾਮਨਾ ਕੈਂਸਰ ਹਸਪਤਾਲ, ਅੱਖਾਂ ਦੇ ਇਲਾਜ ਲਈ ਸ਼ੰਕਰ ਨੇਤਰਾਲਯ, ਬੀਐੱਚਯੂ ਵਿੱਚ ਬਣਿਆ ਅਤਿ-ਆਧੁਨਿਕ ਟ੍ਰੌਮਾ ਸੈਂਟਰ ਅਤੇ ਸ਼ਤਾਬਦੀ ਚਿਕਿਤਸਾਲਯ, ਪਾਂਡੇਪੁਰ ਵਿੱਚ ਬਣਿਆ ਮੰਡਲੀ ਹਸਪਤਾਲ, ਇਹ ਸਾਰੇ ਹਸਪਤਾਲ ਅੱਜ ਕਾਸ਼ੀ, ਪੂਰਵਾਂਚਲ ਸਮੇਤ ਆਸ-ਪਾਸ ਦੇ ਸੂਬਿਆਂ ਲਈ ਵੀ ਵਰਦਾਨ ਬਣੇ ਹਨ। ਇਨ੍ਹਾਂ ਹਸਪਤਾਲਾਂ ਵਿੱਚ ਆਯੁਸ਼ਮਾਨ ਭਾਰਤ ਅਤੇ ਜਨ-ਔਸ਼ਧੀ ਕੇਂਦਰ ਕਰਕੇ ਅੱਜ ਗ਼ਰੀਬਾਂ ਦੇ, ਲੱਖਾਂ ਲੋਕਾਂ ਦੇ ਕਰੋੜਾਂ ਰੁਪਇਆਂ ਦੀ ਬੱਚਤ ਹੋ ਰਹੀ ਹੈ। ਇੱਕ ਪਾਸੇ ਇਸ ਨਾਲ ਲੋਕਾਂ ਦੀ ਚਿੰਤਾ ਖ਼ਤਮ ਹੋਈ ਹੈ, ਦੂਜੇ ਪਾਸੇ ਕਾਸ਼ੀ ਇਸ ਪੂਰੇ ਖੇਤਰ ਦੀ ਸਿਹਤ ਰਾਜਧਾਨੀ ਵਜੋਂ ਜਾਣਿਆ ਜਾਣ ਲੱਗਾ ਹੈ।

 

ਸਾਥੀਓ,

 

ਅਸੀਂ ਕਾਸ਼ੀ ਦੇ ਵਿਕਾਸ ਦੀ ਇਹ ਗਤੀ, ਇਹ ਊਰਜਾ ਬਣਾਈ ਰੱਖਣੀ ਹੈ, ਤਾਂ ਜੋ ਸ਼ਾਨਦਾਰ ਕਾਸ਼ੀ ਤੇਜ਼ੀ ਨਾਲ ਖ਼ੁਸ਼ਹਾਲ ਕਾਸ਼ੀ ਵੀ ਹੋਵੇ, ਅਤੇ ਪੂਰੀ ਦੁਨੀਆ ਤੋਂ ਜੋ ਵੀ ਕਾਸ਼ੀ ਆਵੇ, ਉਹ ਬਾਬਾ ਵਿਸ਼ਵਨਾਥ ਦੀ ਇਸ ਨਗਰੀ ਵਿੱਚ ਸਾਰਿਆਂ ਨੂੰ ਇੱਕ ਵੱਖਰੀ ਊਰਜਾ, ਇੱਕ ਵੱਖਰਾ ਉਤਸ਼ਾਹ ਅਤੇ ਵੱਖਰਾ ਅਨੰਦ ਮਿਲ ਸਕੇ।

 

ਸਾਥੀਓ,

 

ਹੁਣੇ ਮੈਂ ਵੰਦੇ ਭਾਰਤ ਟ੍ਰੇਨ ਦੇ ਅੰਦਰ ਕੁਝ ਵਿਦਿਆਰਥੀਆਂ ਨਾਲ ਗੱਲ ਕਰ ਰਿਹਾ ਸੀ। ਮੈਂ ਅਸ਼ਵਨੀ ਜੀ ਨੂੰ ਵਧਾਈ ਦਿੰਦਾ ਹਾਂ, ਉਨ੍ਹਾਂ ਨੇ ਚੰਗੀ ਪਰੰਪਰਾ ਸ਼ੁਰੂ ਕੀਤੀ ਹੈ, ਜਿੱਥੇ ਵੰਦੇ ਭਾਰਤ ਟ੍ਰੇਨ ਦਾ ਸ਼ੁਭ-ਆਰੰਭ ਹੁੰਦਾ ਹੈ, ਉਸ ਥਾਂ 'ਤੇ ਬੱਚਿਆਂ ਦੇ ਵੱਖ-ਵੱਖ ਵਿਸ਼ਿਆਂ 'ਤੇ ਮੁਕਾਬਲੇ ਹੁੰਦੇ ਹਨ, ਵਿਕਾਸ ਸਬੰਧੀ, ਵੰਦੇ ਭਾਰਤ ਸਬੰਧੀ, ਵੱਖ-ਵੱਖ ਵਿਕਸਿਤ ਭਾਰਤ ਦੀ ਕਲਪਨਾ ਦੇ ਚਿੱਤਰਾਂ ਸਬੰਧੀ, ਕਵਿਤਾਵਾਂ ਨੂੰ ਲੈ ਕੇ ਅਤੇ ਮੈਂ ਅੱਜ ਕਿਉਂਕਿ ਬੱਚਿਆਂ ਨੂੰ ਜ਼ਿਆਦਾ ਸਮਾਂ ਨਹੀਂ ਮਿਲਿਆ ਸੀ, ਪਰ ਦੋ-ਚਾਰ ਦਿਨਾਂ ਦੇ ਅੰਦਰ-ਅੰਦਰ ਉਨ੍ਹਾਂ ਦੀ ਜੋ ਕਲਪਨਾ ਸ਼ਕਤੀ ਸੀ, ਉਨ੍ਹਾਂ ਨੇ ਵਿਕਸਿਤ ਕਾਸ਼ੀ ਦੇ ਜੋ ਚਿੱਤਰ ਬਣਾਏ ਸਨ, ਵਿਕਸਿਤ ਭਾਰਤ ਦੇ ਜੋ ਚਿੱਤਰ ਬਣਾਏ ਸਨ, ਸੁਰੱਖਿਅਤ ਭਾਰਤ ਦੇ ਜੋ ਚਿੱਤਰ ਬਣਾਏ ਸਨ, ਜੋ ਕਵਿਤਾਵਾਂ ਸੁਣਨ ਨੂੰ ਮਿਲੀਆਂ ਮੈਨੂੰ, 12-12, 14-14 ਸਾਲ ਤੱਕ ਦੇ ਬੇਟੇ-ਬੇਟੀਆਂ ਇੰਨੀਆਂ ਵਧੀਆ ਕਵਿਤਾਵਾਂ ਸੁਣਾ ਰਹੇ ਸਨ, ਕਾਸ਼ੀ ਦੇ ਸੰਸਦ ਮੈਂਬਰ ਹੋਣ ਦੇ ਨਾਤੇ ਮੈਨੂੰ ਇੰਨਾ ਮਾਣ ਹੋਇਆ, ਇੰਨਾ ਮਾਣ ਹੋਇਆ, ਕਿ ਮੇਰੀ ਕਾਸ਼ੀ ਵਿੱਚ ਅਜਿਹੇ ਹੋਣਹਾਰ ਬੱਚੇ ਹਨ। ਮੈਂ ਅਜੇ ਇੱਥੇ ਕੁਝ ਬੱਚਿਆਂ ਨੂੰ ਮਿਲਿਆ, ਇੱਕ ਬੱਚੇ ਨੂੰ ਮਿਲਿਆ, ਉਸ ਨੂੰ ਤਾਂ ਹੱਥ ਦੀ ਵੀ ਤਕਲੀਫ਼ ਹੈ, ਪਰ ਜੋ ਚਿੱਤਰ ਉਸ ਨੇ ਬਣਾਇਆ ਹੈ, ਇਹ ਵਾਕਈ ਬਹੁਤ ਹੀ ਮੇਰੇ ਲਈ ਖ਼ੁਸ਼ੀ ਦਾ ਵਿਸ਼ਾ ਹੈ। ਭਾਵ, ਮੈਂ ਇੱਥੋਂ ਦੇ ਸਕੂਲਾਂ ਦੇ ਅਧਿਆਪਕਾਂ ਨੂੰ ਵੀ ਦਿਲੋਂ ਵਧਾਈ ਦਿੰਦਾ ਹਾਂ ਕਿ ਉਨ੍ਹਾਂ ਨੇ ਬੱਚਿਆਂ ਨੂੰ ਇਹ ਪ੍ਰੇਰਨਾ ਦਿੱਤੀ, ਉਨ੍ਹਾਂ ਦਾ ਮਾਰਗ ਦਰਸ਼ਨ ਕੀਤਾ। ਮੈਂ ਇਨ੍ਹਾਂ ਬਾਲਕਾਂ ਦੇ ਮਾਤਾ-ਪਿਤਾ ਨੂੰ ਵੀ ਵਧਾਈ ਦਿੰਦਾ ਹਾਂ, ਜ਼ਰੂਰ ਉਨ੍ਹਾਂ ਨੇ ਵੀ ਕੋਈ ਨਾ ਕੋਈ ਯੋਗਦਾਨ ਦਿੱਤਾ ਹੋਵੇਗਾ, ਤਾਂ ਇੰਨਾ ਸੁੰਦਰ ਪ੍ਰੋਗਰਾਮ ਉਨ੍ਹਾਂ ਨੇ ਕੀਤਾ ਹੋਵੇਗਾ। ਮੇਰੇ ਤਾਂ ਮਨ ਵਿੱਚ ਵਿਚਾਰ ਆਇਆ ਕਿ ਇੱਕ ਵਾਰ ਇੱਥੇ ਇਨ੍ਹਾਂ ਬੱਚਿਆਂ ਦਾ ਕਵੀ ਸੰਮੇਲਨ ਕਰਵਾਈਏ, ਅਤੇ ਉਸ ਵਿੱਚੋਂ 8-10 ਜੋ ਵਧੀਆ ਬੱਚੇ ਹੋਣ, ਉਨ੍ਹਾਂ ਨੂੰ ਦੇਸ਼ ਭਰ ਵਿੱਚ ਲੈ ਕੇ ਜਾਈਏ, ਉਨ੍ਹਾਂ ਤੋਂ ਕਵਿਤਾਵਾਂ ਸੁਣਵਾਈਏ। ਇੰਨਾ, ਭਾਵ ਇੰਨਾ ਪ੍ਰਭਾਵਸ਼ਾਲੀ ਸੀ, ਕਾਸ਼ੀ ਦੇ ਸੰਸਦ ਮੈਂਬਰ ਵਜੋਂ ਅੱਜ ਮੇਰੇ ਮਨ ਨੂੰ ਇੱਕ ਵਿਸ਼ੇਸ਼ ਸੁਖਦ ਤਜਰਬਾ ਹੋਇਆ, ਮੈਂ ਇਨ੍ਹਾਂ ਬੱਚਿਆਂ ਦਾ ਦਿਲੋਂ ਸਵਾਗਤ ਕਰਦਾ ਹਾਂ ਤੇ ਵਧਾਈ ਦਿੰਦਾ ਹਾਂ।

 

ਸਾਥੀਓ,

 

ਅੱਜ ਮੈਂ ਕਈ ਪ੍ਰੋਗਰਾਮਾਂ ਵਿੱਚ ਜਾਣਾ ਹੈ। ਇਸ ਲਈ ਅੱਜ ਇੱਕ ਛੋਟਾ ਜਿਹਾ ਪ੍ਰੋਗਰਾਮ ਹੀ ਰੱਖਿਆ ਸੀ। ਮੈਂ ਜਲਦੀ ਨਿਕਲਣਾ ਵੀ ਹੈ ਅਤੇ ਸਵੇਰੇ-ਸਵੇਰੇ ਇੰਨੀ ਵੱਡੀ ਗਿਣਤੀ ਵਿੱਚ ਤੁਸੀਂ ਲੋਕ ਆ ਗਏ, ਇਹ ਵੀ ਖ਼ੁਸ਼ੀ ਦੀ ਗੱਲ ਹੈ। ਇੱਕ ਵਾਰ ਫਿਰ ਅੱਜ ਦੇ ਇਸ ਸਮਾਗਮ ਲਈ ਅਤੇ ਵੰਦੇ ਭਾਰਤ ਟ੍ਰੇਨਾਂ ਲਈ ਤੁਹਾਨੂੰ ਸਾਰਿਆਂ ਨੂੰ ਮੇਰੀਆਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ। ਬਹੁਤ-ਬਹੁਤ ਧੰਨਵਾਦ!

 

ਹਰ-ਹਰ ਮਹਾਦੇਵ!

 

************

 

ਐੱਮਜੇਪੀਐੱਸ/ਐੱਸਟੀ/ਐੱਸਐੱਸ


(Release ID: 2189729) Visitor Counter : 7