ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਾਰਾਣਸੀ ਤੋਂ ਚਾਰ ਨਵੀਆਂ ਵੰਦੇ ਭਾਰਤ ਐਕਸਪ੍ਰੈਸ ਰੇਲ-ਗੱਡੀਆਂ ਨੂੰ ਹਰੀ ਝੰਡੀ ਦਿਖਾਈ
ਵੰਦੇ ਭਾਰਤ, ਨਮੋ ਭਾਰਤ ਅਤੇ ਅੰਮ੍ਰਿਤ ਭਾਰਤ ਵਰਗੀਆਂ ਰੇਲ-ਗੱਡੀਆਂ ਭਾਰਤੀ ਰੇਲਵੇ ਦੀ ਅਗਲੀ ਪੀੜ੍ਹੀ ਦੀ ਬੁਨਿਆਦ ਰੱਖਦੀਆਂ ਹਨ: ਪ੍ਰਧਾਨ ਮੰਤਰੀ
ਭਾਰਤ ਨੇ ਵਿਕਸਿਤ ਭਾਰਤ ਲਈ ਆਪਣੇ ਸਰੋਤਾਂ ਨੂੰ ਵਧਾਉਣ ਦੇ ਮਿਸ਼ਨ 'ਤੇ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਇਹ ਰੇਲ-ਗੱਡੀਆਂ ਉਸ ਯਾਤਰਾ ਵਿੱਚ ਮੀਲ ਪੱਥਰ ਸਾਬਤ ਹੋਣਗੀਆਂ: ਪ੍ਰਧਾਨ ਮੰਤਰੀ
ਪਵਿੱਤਰ ਤੀਰਥ ਸਥਾਨਾਂ ਨੂੰ ਹੁਣ ਵੰਦੇ ਭਾਰਤ ਨੈੱਟਵਰਕ ਨਾਲ ਜੋੜਿਆ ਜਾ ਰਿਹਾ ਹੈ, ਜੋ ਕਿ ਭਾਰਤ ਦੀ ਸੰਸਕ੍ਰਿਤੀ, ਵਿਸ਼ਵਾਸ ਅਤੇ ਵਿਕਾਸ ਯਾਤਰਾ ਦੇ ਸੁਮੇਲ ਨੂੰ ਦਰਸਾਉਂਦਾ ਹੈ; ਇਹ ਵਿਰਾਸਤੀ ਸ਼ਹਿਰਾਂ ਨੂੰ ਰਾਸ਼ਟਰੀ ਤਰੱਕੀ ਦੇ ਪ੍ਰਤੀਕਾਂ ਵਿੱਚ ਬਦਲਣ ਵੱਲ ਇੱਕ ਮਹੱਤਵਪੂਰਨ ਕਦਮ ਹੈ: ਪ੍ਰਧਾਨ ਮੰਤਰੀ
प्रविष्टि तिथि:
08 NOV 2025 10:15AM by PIB Chandigarh
ਭਾਰਤ ਦੇ ਆਧੁਨਿਕ ਰੇਲ ਬੁਨਿਆਦੀ ਢਾਂਚੇ ਦੇ ਵਿਸਥਾਰ ਵੱਲ ਇੱਕ ਮਹੱਤਵਪੂਰਨ ਕਦਮ ਤਹਿਤ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਵਾਰਾਣਸੀ ਤੋਂ ਚਾਰ ਨਵੀਆਂ ਵੰਦੇ ਭਾਰਤ ਐਕਸਪ੍ਰੈਸ ਰੇਲ-ਗੱਡੀਆਂ ਨੂੰ ਹਰੀ ਝੰਡੀ ਦਿਖਾਈ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਮੋਦੀ ਨੇ ਸਾਰੇ ਪਤਵੰਤਿਆਂ ਦਾ ਸਵਾਗਤ ਕੀਤਾ ਅਤੇ ਬਾਬਾ ਵਿਸ਼ਵਨਾਥ ਦੇ ਪਵਿੱਤਰ ਸ਼ਹਿਰ ਵਾਰਾਣਸੀ ਦੇ ਸਾਰੇ ਪਰਿਵਾਰਾਂ ਨੂੰ ਆਪਣੀਆਂ ਸਤਿਕਾਰ ਸਹਿਤ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਦੇਵ ਦੀਵਾਲੀ ਦੇ ਅਸਾਧਾਰਨ ਜਸ਼ਨਾਂ 'ਤੇ ਟਿੱਪਣੀ ਕੀਤੀ ਅਤੇ ਕਿਹਾ ਕਿ ਅੱਜ ਦਾ ਦਿਨ ਇੱਕ ਸ਼ੁਭ ਮੌਕਾ ਹੈ ਅਤੇ ਵਿਕਾਸ ਦੇ ਇਸ ਤਿਉਹਾਰ ਲਈ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਸ਼੍ਰੀ ਮੋਦੀ ਨੇ ਕਿਹਾ ਕਿ ਦੁਨੀਆ ਭਰ ਦੇ ਵਿਕਸਤ ਦੇਸ਼ਾਂ ਵਿੱਚ ਮਜ਼ਬੂਤ ਬੁਨਿਆਦੀ ਢਾਂਚਾ ਆਰਥਿਕ ਵਿਕਾਸ ਦਾ ਇੱਕ ਮੁੱਖ ਚਾਲਕ ਰਿਹਾ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਬੁਨਿਆਦੀ ਢਾਂਚੇ ਦੇ ਵਿਕਾਸ ਨੇ ਉਨ੍ਹਾਂ ਦੇਸ਼ਾਂ ਵਿੱਚ ਮੁੱਖ ਭੂਮਿਕਾ ਨਿਭਾਈ ਹੈ, ਜਿਨ੍ਹਾਂ ਨੇ ਮਹੱਤਵਪੂਰਨ ਤਰੱਕੀ ਅਤੇ ਵਿਕਾਸ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵੀ ਇਸ ਰਾਹ 'ਤੇ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਇਸ ਸਬੰਧ ਵਿੱਚ, ਪ੍ਰਧਾਨ ਮੰਤਰੀ ਨੇ ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਨਵੀਆਂ ਵੰਦੇ ਭਾਰਤ ਰੇਲ-ਗੱਡੀਆਂ ਦੀ ਸ਼ੁਰੂਆਤ ਦਾ ਐਲਾਨ ਕੀਤਾ। ਬਨਾਰਸ-ਖਜੂਰਾਹੋ ਵੰਦੇ ਭਾਰਤ ਤੋਂ ਇਲਾਵਾ, ਉਨ੍ਹਾਂ ਨੇ ਫ਼ਿਰੋਜ਼ਪੁਰ-ਦਿੱਲੀ ਵੰਦੇ ਭਾਰਤ, ਲਖਨਊ-ਸਹਾਰਨਪੁਰ ਵੰਦੇ ਭਾਰਤ ਅਤੇ ਏਰਨਾਕੁਲਮ-ਬੈਂਗਲੁਰੂ ਵੰਦੇ ਭਾਰਤ ਨੂੰ ਹਰੀ ਝੰਡੀ ਦਿਖਾਈ। ਇਨ੍ਹਾਂ ਚਾਰ ਨਵੀਆਂ ਰੇਲ-ਗੱਡੀਆਂ ਦੇ ਨਾਲ, ਦੇਸ਼ ਵਿੱਚ ਚੱਲ ਰਹੀਆਂ ਵੰਦੇ ਭਾਰਤ ਰੇਲ-ਗੱਡੀਆਂ ਦੀ ਕੁੱਲ ਗਿਣਤੀ ਹੁਣ 160 ਤੋਂ ਵੱਧ ਹੋ ਗਈ ਹੈ। ਪ੍ਰਧਾਨ ਮੰਤਰੀ ਨੇ ਵਾਰਾਣਸੀ ਦੇ ਲੋਕਾਂ ਅਤੇ ਭਾਰਤ ਦੇ ਸਾਰੇ ਨਾਗਰਿਕਾਂ ਨੂੰ ਇਨ੍ਹਾਂ ਰੇਲ-ਗੱਡੀਆਂ ਦੀ ਸ਼ੁਰੂਆਤ 'ਤੇ ਵਧਾਈ ਦਿੱਤੀ।
ਪ੍ਰਧਾਨ ਮੰਤਰੀ ਨੇ ਕਿਹਾ, "ਵੰਦੇ ਭਾਰਤ, ਨਮੋ ਭਾਰਤ ਅਤੇ ਅੰਮ੍ਰਿਤ ਭਾਰਤ ਵਰਗੀਆਂ ਰੇਲ-ਗੱਡੀਆਂ ਭਾਰਤੀ ਰੇਲਵੇ ਦੀ ਅਗਲੀ ਪੀੜ੍ਹੀ ਦੀ ਬੁਨਿਆਦ ਰੱਖ ਰਹੀਆਂ ਹਨ", ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਇਹ ਭਾਰਤੀ ਰੇਲਵੇ ਨੂੰ ਬਦਲਣ ਲਈ ਇੱਕ ਵਿਆਪਕ ਮੁਹਿੰਮ ਹੈ। ਉਨ੍ਹਾਂ ਨੇ ਵੰਦੇ ਭਾਰਤ ਨੂੰ ਭਾਰਤੀਆਂ ਦੀ, ਭਾਰਤੀਆਂ ਲਈ ਅਤੇ ਭਾਰਤੀਆਂ ਵੱਲੋਂ ਬਣਾਈ ਗਈ ਇੱਕ ਰੇਲ-ਗੱਡੀ ਦੱਸਿਆ - ਇੱਕ ਅਜਿਹੀ ਰੇਲ-ਗੱਡੀ ਹੈ, ਜੋ ਹਰ ਭਾਰਤੀ ਨੂੰ ਮਾਣ ਨਾਲ ਭਰ ਦਿੰਦੀ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ੀ ਯਾਤਰੀ ਵੀ ਵੰਦੇ ਭਾਰਤ ਨੂੰ ਦੇਖ ਕੇ ਹੈਰਾਨ ਹਨ। ਸ਼੍ਰੀ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਨੇ ਵਿਕਸਿਤ ਭਾਰਤ ਲਈ ਆਪਣੇ ਸਰੋਤਾਂ ਨੂੰ ਵਧਾਉਣ ਦੇ ਮਿਸ਼ਨ 'ਤੇ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਇਹ ਰੇਲ-ਗੱਡੀਆਂ ਉਸ ਯਾਤਰਾ ਵਿੱਚ ਮੀਲ ਪੱਥਰ ਬਣਨ ਲਈ ਤਿਆਰ ਹਨ।
ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਭਾਰਤ ਵਿੱਚ, ਸਦੀਆਂ ਤੋਂ ਤੀਰਥ ਯਾਤਰਾ ਨੂੰ ਰਾਸ਼ਟਰੀ ਚੇਤਨਾ ਦਾ ਮਾਧਿਅਮ ਮੰਨਿਆ ਜਾਂਦਾ ਰਿਹਾ ਹੈ, ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਯਾਤਰਾਵਾਂ ਸਿਰਫ਼ ਦੈਵੀ ਦਰਸ਼ਨਾਂ ਲਈ ਮਾਰਗ ਨਹੀਂ ਹਨ, ਸਗੋਂ ਪਵਿੱਤਰ ਪ੍ਰੰਪਰਾਵਾਂ ਹਨ ਜੋ ਭਾਰਤ ਦੀ ਆਤਮਾ ਨਾਲ ਜੁੜਦੀਆਂ ਹਨ। ਉਨ੍ਹਾਂ ਨੇ ਪ੍ਰਯਾਗਰਾਜ, ਅਯੋਧਿਆ, ਹਰਿਦੁਆਰ, ਚਿੱਤਰਕੂਟ ਅਤੇ ਕੁਰੂਕਸ਼ੇਤਰ ਨੂੰ ਰਾਸ਼ਟਰ ਦੀ ਵਿਰਾਸਤ ਦੇ ਅਧਿਆਤਮਕ ਕੇਂਦਰਾਂ ਵਜੋਂ ਦਰਸਾਇਆ। ਪ੍ਰਧਾਨ ਮੰਤਰੀ ਨੇ ਕਿਹਾ, "ਇਹ ਪਵਿੱਤਰ ਸਥਾਨ ਹੁਣ ਵੰਦੇ ਭਾਰਤ ਨੈੱਟਵਰਕ ਰਾਹੀਂ ਜੋੜੇ ਜਾ ਰਹੇ ਹਨ; ਇਹ ਭਾਰਤ ਦੀ ਸੰਸਕ੍ਰਿਤੀ, ਵਿਸ਼ਵਾਸ ਅਤੇ ਵਿਕਾਸ ਯਾਤਰਾ ਦੇ ਸੁਮੇਲ ਨੂੰ ਦਰਸਾਉਂਦਾ ਹੈ। ਇਹ ਵਿਰਾਸਤੀ ਸ਼ਹਿਰਾਂ ਨੂੰ ਰਾਸ਼ਟਰੀ ਤਰੱਕੀ ਦੇ ਪ੍ਰਤੀਕਾਂ ਵਿੱਚ ਬਦਲਣ ਵੱਲ ਇੱਕ ਮਹੱਤਵਪੂਰਨ ਕਦਮ ਹੈ।"
ਭਾਰਤ ਵਿੱਚ ਤੀਰਥ ਯਾਤਰਾ ਦੇ ਅਕਸਰ ਅਣਦੇਖੇ ਆਰਥਿਕ ਪਹਿਲੂ ਨੂੰ ਉਜਾਗਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 11 ਸਾਲਾਂ ਵਿੱਚ, ਉੱਤਰ ਪ੍ਰਦੇਸ਼ ਵਿੱਚ ਵਿਕਾਸ ਪਹਿਲੂਆਂ ਨੇ ਤੀਰਥ ਯਾਤਰਾ ਨੂੰ ਇੱਕ ਨਵੇਂ ਪੱਧਰ ਤੱਕ ਉੱਚਾ ਚੁੱਕਿਆ ਹੈ। ਪਿਛਲੇ ਸਾਲ ਹੀ, 11 ਕਰੋੜ ਸ਼ਰਧਾਲੂ ਬਾਬਾ ਵਿਸ਼ਵਨਾਥ ਦੇ ਦਰਸ਼ਨ ਲਈ ਵਾਰਾਣਸੀ ਆਏ ਸਨ। ਅਯੋਧਿਆ ਵਿੱਚ ਰਾਮ ਮੰਦਰ ਦੇ ਨਿਰਮਾਣ ਤੋਂ ਬਾਅਦ, 6 ਕਰੋੜ ਤੋਂ ਵੱਧ ਲੋਕ ਰਾਮ ਲੱਲ੍ਹਾ ਦੇ ਮੰਦਰ ਦੇ ਦਰਸ਼ਨ ਕਰ ਚੁੱਕੇ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਇਨ੍ਹਾਂ ਤੀਰਥ ਯਾਤਰੀਆਂ ਨੇ ਉੱਤਰ ਪ੍ਰਦੇਸ਼ ਦੀ ਆਰਥਿਕਤਾ ਵਿੱਚ ਹਜ਼ਾਰਾਂ ਕਰੋੜ ਰੁਪਏ ਦਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਇਸ ਆਮਦ ਨੇ ਸੂਬੇ ਭਰ ਵਿੱਚ ਹੋਟਲਾਂ, ਵਪਾਰੀਆਂ, ਟ੍ਰਾਂਸਪੋਰਟ ਕੰਪਨੀਆਂ, ਸਥਾਨਕ ਕਲਾਕਾਰਾਂ ਅਤੇ ਕਿਸ਼ਤੀ ਚਾਲਕਾਂ ਲਈ ਨਿਰੰਤਰ ਕਮਾਈ ਦੇ ਮੌਕੇ ਪ੍ਰਦਾਨ ਕੀਤੇ ਹਨ। ਨਤੀਜੇ ਵਜੋਂ, ਵਾਰਾਣਸੀ ਵਿੱਚ ਸੈਂਕੜੇ ਨੌਜਵਾਨ ਹੁਣ ਆਵਾਜਾਈ ਸੇਵਾਵਾਂ ਤੋਂ ਲੈ ਕੇ ਬਨਾਰਸੀ ਸਾੜੀ ਕਾਰੋਬਾਰਾਂ ਤੱਕ ਨਵੇਂ ਉੱਦਮ ਸ਼ੁਰੂ ਕਰ ਰਹੇ ਹਨ । ਉਨ੍ਹਾਂ ਪੁਸ਼ਟੀ ਕੀਤੀ ਕਿ ਇਨ੍ਹਾਂ ਵਿਕਾਸ ਨੇ ਉੱਤਰ ਪ੍ਰਦੇਸ਼ ਅਤੇ ਵਾਰਾਣਸੀ ਵਿੱਚ ਖ਼ੁਸ਼ਹਾਲੀ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਵਿਕਸਿਤ ਵਾਰਾਣਸੀ ਰਾਹੀਂ ਇੱਕ ਵਿਕਸਿਤ ਭਾਰਤ ਦੇ ਮੰਤਰ ਨੂੰ ਅਮਲੀ ਰੂਪ ਦੇਣ ਲਈ, ਸ਼ਹਿਰ ਵਿੱਚ ਨਿਰੰਤਰ ਬੁਨਿਆਦੀ ਢਾਂਚੇ ਦਾ ਵਿਕਾਸ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਵਾਰਾਣਸੀ ਵਿੱਚ ਗੁਣਵੱਤਾ ਭਰਪੂਰ ਹਸਪਤਾਲਾਂ, ਬਿਹਤਰ ਸੜਕਾਂ, ਗੈਸ ਪਾਈਪਲਾਈਨ ਨੈੱਟਵਰਕ ਅਤੇ ਇੰਟਰਨੈੱਟ ਕਨੈਕਟੀਵਿਟੀ ਦੀ ਸਥਾਪਨਾ, ਵਿਸਥਾਰ ਅਤੇ ਗੁਣਾਤਮਕ ਸੁਧਾਰ ਹੋ ਰਿਹਾ ਹੈ। ਉਨ੍ਹਾਂ ਜ਼ਿਕਰ ਕੀਤਾ ਕਿ ਰੋਪਵੇਅ ਪ੍ਰੋਜੈਕਟ 'ਤੇ ਤੇਜ਼ੀ ਨਾਲ ਪ੍ਰਗਤੀ ਹੋ ਰਹੀ ਹੈ, ਅਤੇ ਗੰਜਰੀ ਅਤੇ ਸਿਗਰਾ ਸਟੇਡੀਅਮ ਵਰਗੇ ਖੇਡ ਬੁਨਿਆਦੀ ਢਾਂਚੇ ਵੀ ਸਥਾਪਤ ਕੀਤੇ ਗਏ ਹਨ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਟੀਚਾ ਬਨਾਰਸ ਦੀ ਯਾਤਰਾ, ਰਹਿਣ-ਸਹਿਣ ਅਤੇ ਮਹਿਸੂਸ ਕਰਨ ਨੂੰ ਹਰ ਕਿਸੇ ਲਈ ਇੱਕ ਖ਼ਾਸ ਤਜਰਬਾ ਬਣਾਉਣਾ ਹੈ।
ਇਹ ਜ਼ਿਕਰ ਕਰਦੇ ਹੋਏ ਕਿ ਸਰਕਾਰ ਵਾਰਾਣਸੀ ਵਿੱਚ ਸਿਹਤ ਸੰਭਾਲ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ, ਸ਼੍ਰੀ ਮੋਦੀ ਨੇ 10-11 ਸਾਲ ਪਹਿਲਾਂ ਦੀ ਸਥਿਤੀ ਨੂੰ ਯਾਦ ਕੀਤਾ, ਉਨ੍ਹਾਂ ਨੇ ਟਿੱਪਣੀ ਕੀਤੀ ਕਿ ਗੰਭੀਰ ਬਿਮਾਰੀਆਂ ਲਈ, ਬਨਾਰਸ ਹਿੰਦੂ ਯੂਨੀਵਰਸਿਟੀ (ਬੀਐੱਚਯੂ) ਇੱਕੋ ਇੱਕ ਬਦਲ ਸੀ, ਅਤੇ ਬਹੁਤ ਜ਼ਿਆਦਾ ਮਰੀਜ਼ਾਂ ਦੀ ਗਿਣਤੀ ਕਾਰਨ, ਬਹੁਤ ਸਾਰੇ ਲੋਕ ਰਾਤ ਭਰ ਉਡੀਕ ਕਰਨ ਤੋਂ ਬਾਅਦ ਵੀ ਇਲਾਜ ਹਾਸਲ ਕਰਨ ਵਿੱਚ ਅਸਮਰੱਥ ਸਨ। ਕੈਂਸਰ ਵਰਗੀਆਂ ਬਿਮਾਰੀਆਂ ਲਈ, ਲੋਕਾਂ ਨੂੰ ਮੁੰਬਈ ਵਿੱਚ ਇਲਾਜ ਕਰਵਾਉਣ ਲਈ ਜ਼ਮੀਨ ਅਤੇ ਖੇਤ ਵੇਚਣੇ ਪੈਂਦੇ ਸਨ। ਪ੍ਰਧਾਨ ਮੰਤਰੀ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਦੀ ਸਰਕਾਰ ਨੇ ਇਨ੍ਹਾਂ ਚਿੰਤਾਵਾਂ ਨੂੰ ਘਟਾਉਣ ਲਈ ਕੰਮ ਕੀਤਾ ਹੈ। ਉਨ੍ਹਾਂ ਨੇ ਕੈਂਸਰ ਦੇ ਇਲਾਜ ਲਈ ਮਹਾਮਨਾ ਕੈਂਸਰ ਹਸਪਤਾਲ, ਅੱਖਾਂ ਦੀ ਦੇਖਭਾਲ ਲਈ ਸ਼ੰਕਰ ਨੇਤਰਾਲਯਾ, ਬੀਐੱਚਯੂ ਵਿਖੇ ਉੱਨਤ ਟ੍ਰੌਮਾ ਸੈਂਟਰ ਅਤੇ ਸੇਂਟਨਰੀ ਹਸਪਤਾਲ, ਅਤੇ ਪਾਂਡੇਪੁਰ ਵਿਖੇ ਡਿਵੀਜ਼ਨਲ ਹਸਪਤਾਲ ਨੂੰ ਉਨ੍ਹਾਂ ਸੰਸਥਾਵਾਂ ਵਜੋਂ ਸੂਚੀਬੱਧ ਕੀਤਾ ਜੋ ਵਾਰਾਣਸੀ, ਪੂਰਵਾਂਚਲ ਅਤੇ ਗੁਆਂਢੀ ਸੂਬਿਆਂ ਲਈ ਵਰਦਾਨ ਬਣ ਗਈਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਹਸਪਤਾਲਾਂ ਵਿੱਚ ਆਯੁਸ਼ਮਾਨ ਭਾਰਤ ਅਤੇ ਜਨ ਔਸ਼ਧੀ ਕੇਂਦਰਾਂ ਸਦਕਾ ਲੱਖਾਂ ਗ਼ਰੀਬ ਮਰੀਜ਼ ਕਰੋੜਾਂ ਰੁਪਏ ਦੀ ਬੱਚਤ ਕਰ ਰਹੇ ਹਨ। ਇਸ ਨਾਲ ਨਾ ਸਿਰਫ਼ ਜਨਤਕ ਚਿੰਤਾ ਘੱਟ ਹੋਈ ਹੈ ਬਲਕਿ ਵਾਰਾਣਸੀ ਨੂੰ ਸਮੁੱਚੇ ਖੇਤਰ ਦੀ ਸਿਹਤ ਰਾਜਧਾਨੀ ਵਜੋਂ ਮਾਨਤਾ ਮਿਲੀ ਹੈ।
ਵਾਰਾਣਸੀ ਦੇ ਵਿਕਾਸ ਦੀ ਗਤੀ ਅਤੇ ਊਰਜਾ ਨੂੰ ਬਣਾਈ ਰੱਖਣ ਦੀ ਲੋੜ 'ਤੇ ਜ਼ੋਰ ਦਿੰਦੇ ਹੋਏ ਤਾਂ ਜੋ ਸ਼ਹਿਰ ਦੀ ਸ਼ਾਨ ਅਤੇ ਖ਼ੁਸ਼ਹਾਲੀ ਤੇਜ਼ੀ ਨਾਲ ਵਧਦੀ ਰਹੇ, ਸ਼੍ਰੀ ਮੋਦੀ ਨੇ ਇਹ ਦ੍ਰਿਸ਼ਟੀਕੋਣ ਪ੍ਰਗਟ ਕੀਤਾ ਕਿ ਦੁਨੀਆ ਭਰ ਦੇ ਹਰ ਸੈਲਾਨੀ ਨੂੰ ਬਾਬਾ ਵਿਸ਼ਵਨਾਥ ਦੇ ਪਵਿੱਤਰ ਸ਼ਹਿਰ ਵਿੱਚ ਇੱਕ ਵਿਲੱਖਣ ਊਰਜਾ, ਉਤਸ਼ਾਹ ਅਤੇ ਖ਼ੁਸ਼ੀ ਦਾ ਅਹਿਸਾਸ ਕਰਨਾ ਚਾਹੀਦਾ ਹੈ।
ਸ਼੍ਰੀ ਮੋਦੀ ਨੇ ਝੰਡੀ ਦਿਖਾਉਣ ਮੌਕੇ ਕਰਵਾਏ ਸਮਾਗਮ ਵਿੱਚ ਮੌਜੂਦ ਵਿਦਿਆਰਥੀਆਂ ਨਾਲ ਮੁਲਾਕਾਤ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਵੰਦੇ ਭਾਰਤ ਰੇਲਾਂ ਦੀ ਸ਼ੁਰੂਆਤ ਦੌਰਾਨ ਵਿਦਿਆਰਥੀਆਂ ਵਿੱਚ ਮੁਕਾਬਲੇ ਕਰਵਾਉਣ ਦੀ ਪ੍ਰਥਾ ਸ਼ੁਰੂ ਕਰਨ ਲਈ ਸ਼੍ਰੀ ਅਸ਼ਵਨੀ ਵੈਸ਼ਣਵ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਮੁਕਾਬਲੇ ਵਿੱਚ ਪੇਸ਼ ਕੀਤੀਆਂ ਗਈਆਂ ਚਿੱਤਰਕਾਰੀਆਂ ਅਤੇ ਕਵਿਤਾਵਾਂ ਲਈ ਬੱਚਿਆਂ ਦੀ ਸ਼ਲਾਘਾ ਕੀਤੀ, ਜੋ ਕਿ ਵਿਕਸਿਤ ਭਾਰਤ, ਵਿਕਸਿਤ ਕਾਸ਼ੀ, ਸੁਰੱਖਿਅਤ ਭਾਰਤ ਵਰਗੇ ਵੱਖ-ਵੱਖ ਵਿਸ਼ਿਆਂ 'ਤੇ ਅਧਾਰਤ ਸਨ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਦੀ ਸਹਾਇਤਾ, ਮਾਰਗ-ਦਰਸ਼ਨ ਅਤੇ ਉਤਸ਼ਾਹ ਲਈ ਵੀ ਪ੍ਰਸ਼ੰਸਾ ਕੀਤੀ। ਪ੍ਰਧਾਨ ਮੰਤਰੀ ਨੇ ਅੱਗੇ ਬੱਚਿਆਂ ਦੇ ਸਾਹਿਤਕ ਸੰਮੇਲਨ ਦਾ ਆਯੋਜਨ ਕਰਨ ਦਾ ਵਿਚਾਰ ਪੇਸ਼ ਕੀਤਾ ਅਤੇ ਕਿਹਾ ਕਿ 8-10 ਜੇਤੂਆਂ ਨੂੰ ਸਮੁੱਚੇ ਭਾਰਤ ਵਿੱਚ ਹੋਰ ਮੁਕਾਬਲਿਆਂ ਲਈ ਲਿਜਾਇਆ ਜਾ ਸਕਦਾ ਹੈ। ਉਨ੍ਹਾਂ ਨੇ ਵਾਰਾਣਸੀ ਤੋਂ ਸੰਸਦ ਮੈਂਬਰ ਹੋਣ 'ਤੇ ਮਾਣ ਪ੍ਰਗਟ ਕੀਤਾ, ਜਿਸ ਵਿੱਚ ਅਜਿਹੇ ਪ੍ਰਤਿਭਾਸ਼ਾਲੀ ਬੱਚੇ ਹਨ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ।
ਇਸ ਸਮਾਗਮ ਵਿੱਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ, ਕੇਂਦਰੀ ਮੰਤਰੀ ਸ਼੍ਰੀ ਅਸ਼ਵਨੀ ਵੈਸ਼ਣਵ ਸਮੇਤ ਹੋਰ ਪਤਵੰਤੇ ਮੌਜੂਦ ਸਨ। ਕੇਰਲ ਦੇ ਰਾਜਪਾਲ ਸ਼੍ਰੀ ਰਾਜੇਂਦਰ ਅਰਲੇਕਰ, ਕੇਂਦਰੀ ਮੰਤਰੀ ਸ਼੍ਰੀ ਸੁਰੇਸ਼ ਗੋਪੀ, ਸ਼੍ਰੀ ਜਾਰਜ ਕੁਰੀਅਨ, ਸ਼੍ਰੀ ਰਵਨੀਤ ਸਿੰਘ ਬਿੱਟੂ ਅਤੇ ਹੋਰ ਪਤਵੰਤੇ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਸਮਾਗਮ ਨਾਲ ਜੁੜੇ।
ਪਿਛੋਕੜ
4 ਨਵੀਆਂ ਵੰਦੇ ਭਾਰਤ ਰੇਲ-ਗੱਡੀਆਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਾ ਪ੍ਰਧਾਨ ਮੰਤਰੀ ਦੇ ਨਾਗਰਿਕਾਂ ਨੂੰ ਵਿਸ਼ਵ ਪੱਧਰੀ ਰੇਲਵੇ ਸੇਵਾਵਾਂ ਰਾਹੀਂ ਸੌਖੀ, ਤੇਜ਼ ਅਤੇ ਵਧੇਰੇ ਆਰਾਮਦਾਇਕ ਯਾਤਰਾ ਪ੍ਰਦਾਨ ਕਰਨ ਦੇ ਦ੍ਰਿਸ਼ਟੀਕੋਣ ਨੂੰ ਪੂਰਾ ਕਰਨ ਵਿੱਚ ਇੱਕ ਹੋਰ ਮੀਲ ਪੱਥਰ ਹੈ। ਨਵੀਆਂ ਵੰਦੇ ਭਾਰਤ ਐਕਸਪ੍ਰੈਸ ਰੇਲ-ਗੱਡੀਆਂ ਬਨਾਰਸ-ਖਜੂਰਾਹੋ, ਲਖਨਊ-ਸਹਾਰਨਪੁਰ, ਫ਼ਿਰੋਜ਼ਪੁਰ-ਦਿੱਲੀ ਅਤੇ ਏਰਨਾਕੁਲਮ-ਬੈਂਗਲੁਰੂ ਰੂਟਾਂ 'ਤੇ ਚੱਲਣਗੀਆਂ। ਪ੍ਰਮੁੱਖ ਸਥਾਨਾਂ ਵਿਚਕਾਰ ਯਾਤਰਾ ਦੇ ਸਮੇਂ ਨੂੰ ਕਾਫ਼ੀ ਘਟਾ ਕੇ, ਇਹ ਰੇਲ-ਗੱਡੀਆਂ ਖੇਤਰੀ ਗਤੀਸ਼ੀਲਤਾ ਨੂੰ ਵਧਾਉਣਗੀਆਂ, ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨਗੀਆਂ ਅਤੇ ਦੇਸ਼ ਭਰ ਵਿੱਚ ਆਰਥਿਕ ਗਤੀਵਿਧੀਆਂ ਦਾ ਸਮਰਥਨ ਕਰਨਗੀਆਂ।
ਬਨਾਰਸ-ਖਜੂਰਾਹੋ ਵੰਦੇ ਭਾਰਤ ਇਸ ਰੂਟ 'ਤੇ ਸਿੱਧੀ ਕਨੈਕਟੀਵਿਟੀ ਸਥਾਪਤ ਕਰੇਗੀ ਅਤੇ ਮੌਜੂਦਾ ਸਮੇਂ ਵਿੱਚ ਚੱਲ ਰਹੀਆਂ ਵਿਸ਼ੇਸ਼ ਰੇਲ-ਗੱਡੀਆਂ ਦੇ ਮੁਕਾਬਲੇ ਲਗਭਗ 2 ਘੰਟੇ 40 ਮਿੰਟ ਦੀ ਬੱਚਤ ਕਰੇਗੀ। ਬਨਾਰਸ-ਖਜੂਰਾਹੋ ਵੰਦੇ ਭਾਰਤ ਐਕਸਪ੍ਰੈਸ ਭਾਰਤ ਦੇ ਕੁਝ ਸਭ ਤੋਂ ਸਤਿਕਾਰਤ ਧਾਰਮਿਕ ਅਤੇ ਸਭਿਆਚਾਰਕ ਸਥਾਨਾਂ ਨੂੰ ਜੋੜੇਗੀ, ਜਿਨ੍ਹਾਂ ਵਿੱਚ ਵਾਰਾਣਸੀ, ਪ੍ਰਯਾਗਰਾਜ, ਚਿੱਤਰਕੂਟ ਅਤੇ ਖਜੂਰਾਹੋ ਸ਼ਾਮਲ ਹਨ। ਇਹ ਲਿੰਕ ਨਾ ਸਿਰਫ਼ ਧਾਰਮਿਕ ਅਤੇ ਸੱਭਿਆਚਾਰਕ ਸੈਰ-ਸਪਾਟੇ ਨੂੰ ਮਜ਼ਬੂਤ ਕਰੇਗਾ ਬਲਕਿ ਤੀਰਥ ਯਾਤਰੀਆਂ ਅਤੇ ਯਾਤਰੀਆਂ ਨੂੰ ਯੂਨੈਸਕੋ ਵਿਸ਼ਵ ਵਿਰਾਸਤ ਸਥਾਨ ਖਜੂਰਾਹੋ ਤੱਕ ਇੱਕ ਤੇਜ਼, ਆਧੁਨਿਕ ਅਤੇ ਆਰਾਮਦਾਇਕ ਯਾਤਰਾ ਵੀ ਪ੍ਰਦਾਨ ਕਰੇਗਾ।
ਲਖਨਊ-ਸਹਾਰਨਪੁਰ ਵੰਦੇ ਭਾਰਤ ਯਾਤਰਾ ਨੂੰ ਲਗਭਗ 7 ਘੰਟੇ 45 ਮਿੰਟ ਵਿੱਚ ਪੂਰਾ ਕਰੇਗੀ, ਜਿਸ ਨਾਲ ਲਗਭਗ 1 ਘੰਟੇ ਦਾ ਯਾਤਰਾ ਸਮਾਂ ਬਚੇਗਾ। ਲਖਨਊ-ਸਹਾਰਨਪੁਰ ਵੰਦੇ ਭਾਰਤ ਐਕਸਪ੍ਰੈਸ ਲਖਨਊ, ਸੀਤਾਪੁਰ, ਸ਼ਾਹਜਹਾਂਪੁਰ, ਬਰੇਲੀ, ਮੁਰਾਦਾਬਾਦ, ਬਿਜਨੌਰ ਅਤੇ ਸਹਾਰਨਪੁਰ ਦੇ ਯਾਤਰੀਆਂ ਨੂੰ ਬਹੁਤ ਲਾਭ ਪਹੁੰਚਾਏਗੀ ਅਤੇ ਨਾਲ ਹੀ ਰੁੜਕੀ ਰਾਹੀਂ ਪਵਿੱਤਰ ਸ਼ਹਿਰ ਹਰਿਦੁਆਰ ਤੱਕ ਪਹੁੰਚ ਵਿੱਚ ਵੀ ਸੁਧਾਰ ਕਰੇਗੀ। ਮੱਧ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਸੁਚਾਰੂ ਅਤੇ ਤੇਜ਼ ਇੰਟਰਸਿਟੀ ਯਾਤਰਾ ਨੂੰ ਯਕੀਨੀ ਬਣਾ ਕੇ, ਇਹ ਸੇਵਾ ਸੰਪਰਕ ਵਧਾਉਣ ਅਤੇ ਖੇਤਰੀ ਵਿਕਾਸ ਵਿੱਚ ਮੁੱਖ ਭੂਮਿਕਾ ਨਿਭਾਏਗੀ।
ਫ਼ਿਰੋਜ਼ਪੁਰ-ਦਿੱਲੀ ਵੰਦੇ ਭਾਰਤ ਇਸ ਰੂਟ 'ਤੇ ਸਭ ਤੋਂ ਤੇਜ਼ ਰੇਲ-ਗੱਡੀ ਹੋਵੇਗੀ, ਜੋ ਯਾਤਰਾ ਨੂੰ ਸਿਰਫ਼ 6 ਘੰਟੇ 40 ਮਿੰਟਾਂ ਵਿੱਚ ਪੂਰਾ ਕਰੇਗੀ। ਫ਼ਿਰੋਜ਼ਪੁਰ-ਦਿੱਲੀ ਵੰਦੇ ਭਾਰਤ ਐਕਸਪ੍ਰੈਸ ਰਾਸ਼ਟਰੀ ਰਾਜਧਾਨੀ ਅਤੇ ਪੰਜਾਬ ਦੇ ਮੁੱਖ ਸ਼ਹਿਰਾਂ, ਜਿਸ ਵਿੱਚ ਫ਼ਿਰੋਜ਼ਪੁਰ, ਬਠਿੰਡਾ ਅਤੇ ਪਟਿਆਲਾ ਸ਼ਾਮਲ ਹਨ, ਵਿਚਕਾਰ ਸੰਪਰਕ ਨੂੰ ਮਜ਼ਬੂਤ ਕਰੇਗੀ। ਇਸ ਰੇਲ-ਗੱਡੀ ਨਾਲ ਵਪਾਰ, ਸੈਰ-ਸਪਾਟਾ ਅਤੇ ਰੁਜ਼ਗਾਰ ਦੇ ਮੌਕਿਆਂ ਨੂੰ ਹੁਲਾਰਾ ਮਿਲਣ ਦੀ ਉਮੀਦ ਹੈ, ਜਿਸ ਨਾਲ ਸਰਹੱਦੀ ਖੇਤਰਾਂ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਯੋਗਦਾਨ ਪਵੇਗਾ ਅਤੇ ਰਾਸ਼ਟਰੀ ਬਜ਼ਾਰਾਂ ਨਾਲ ਵਧੇਰੇ ਏਕੀਕਰਨ ਹੋਵੇਗਾ।
ਦੱਖਣੀ ਭਾਰਤ ਵਿੱਚ, ਏਰਨਾਕੁਲਮ-ਬੈਂਗਲੁਰੂ ਵੰਦੇ ਭਾਰਤ ਯਾਤਰਾ ਦੇ ਸਮੇਂ ਨੂੰ 2 ਘੰਟਿਆਂ ਤੋਂ ਵੱਧ ਘਟਾ ਦੇਵੇਗੀ ਅਤੇ ਯਾਤਰਾ ਨੂੰ 8 ਘੰਟੇ 40 ਮਿੰਟ ਵਿੱਚ ਪੂਰਾ ਕਰੇਗੀ। ਏਰਨਾਕੁਲਮ-ਬੈਂਗਲੁਰੂ ਵੰਦੇ ਭਾਰਤ ਐਕਸਪ੍ਰੈਸ ਪ੍ਰਮੁੱਖ ਆਈਟੀ ਅਤੇ ਵਪਾਰਕ ਹੱਬਾਂ ਨੂੰ ਜੋੜੇਗੀ, ਪੇਸ਼ਾਵਰਾਂ, ਵਿਦਿਆਰਥੀਆਂ ਅਤੇ ਸੈਲਾਨੀਆਂ ਨੂੰ ਇੱਕ ਤੇਜ਼ ਅਤੇ ਵਧੇਰੇ ਆਰਾਮਦਾਇਕ ਯਾਤਰਾ ਬਦਲ ਪ੍ਰਦਾਨ ਕਰੇਗੀ। ਇਹ ਰੂਟ ਕੇਰਲਾ, ਤਾਮਿਲਨਾਡੂ ਅਤੇ ਕਰਨਾਟਕ ਵਿਚਕਾਰ ਵਧੇਰੇ ਆਰਥਿਕ ਗਤੀਵਿਧੀ ਅਤੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰੇਗਾ ਅਤੇ ਖੇਤਰੀ ਵਿਕਾਸ ਅਤੇ ਸਹਿਯੋਗ ਦਾ ਸਮਰਥਨ ਕਰੇਗਾ।
****
ਐੱਮਜੇਪੀਐੱਸ/ਐੱਸਆਰ
(रिलीज़ आईडी: 2189083)
आगंतुक पटल : 9
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam